Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

27.08.2017 ਨੂੰ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ‘ਤੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਮੂਲ-ਪਾਠ


ਮੇਰੇ ਪਿਆਰੇ ਦੇਸ਼ ਵਾਸੀਓ, ਸਤਿਕਾਰ ਸਹਿਤ ਨਮਸਕਾਰ! ਇੱਕ ਪਾਸੇ ਦੇਸ਼ ਤਿਓਹਾਰਾਂ ਵਿੱਚ ਰੁੱਝਿਆ ਹੋਇਆ ਹੈ ਅਤੇ ਦੂਜੇ ਪਾਸੇ ਹਿੰਦੁਸਤਾਨ ਦੇ ਕਿਸੇ ਕੋਨੇ ਤੋਂ ਜਦੋਂ ਹਿੰਸਾ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਦੇਸ਼ ਦੀ ਚਿੰਤਾ ਹੋਣੀ ਬੜੀ ਸੁਭਾਵਿਕ ਹੈ। ਇਹ ਸਾਡਾ ਦੇਸ਼ ਬੁੱਧ ਅਤੇ ਗਾਂਧੀ ਦਾ ਦੇਸ਼ ਹੈ। ਦੇਸ਼ ਦੀ ਏਕਤਾ ਲਈ ਜੀਅ-ਜਾਨ ਲਗਾ ਦੇਣ ਵਾਲੇ ਸਰਦਾਰ ਪਟੇਲ ਦਾ ਦੇਸ਼ ਹੈ। ਸਦੀਆਂ ਤੋਂ ਸਾਡੇ ਪੂਰਵਜਾਂ ਨੇ ਜਨਤਕ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ, ਅਹਿੰਸਾ ਨੂੰ, ਸਾਰਿਆਂ ਦੇ ਸਤਿਕਾਰ ਨੂੰ ਸਵੀਕਾਰ ਕੀਤਾ ਹੈ। ਸਾਡੀ ਸੋਚ ਵਿੱਚ ਭਰਿਆ ਹੋਇਆ ਹੈ। ‘ਅਹਿੰਸਾ ਪਰਮੋ ਧਰਮ’ ਇਹ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਕਹਿੰਦੇ ਆਏ ਹਾਂ, ਮੈਂ ਲਾਲ ਕਿਲੇ ਤੋਂ ਵੀ ਕਿਹਾ ਸੀ ਕਿ ਆਸਥਾ ਦੇ ਨਾਂ ’ਤੇ ਹਿੰਸਾ ਬਰਦਾਸ਼ਤ ਨਹੀਂ ਹੋਵੇਗੀ, ਚਾਹੇ ਉਹ ਸੰਪ੍ਰਦਾਇੱਕ ਆਸਥਾ ਹੋਵੇ, ਚਾਹੇ ਉਹ ਰਾਜਨੀਤਿਕ ਵਿਚਾਰਧਾਰਾਵਾਂ ਦੇ ਪ੍ਰਤੀ ਆਸਥਾ ਹੋਵੇ, ਚਾਹੇ ਉਹ ਵਿਅਕਤੀ ਦੇ ਪ੍ਰਤੀ ਆਸਥਾ ਹੋਵੇ, ਚਾਹੇ ਉਹ ਪ੍ਰੰਪਰਾਵਾਂ ਦੇ ਪ੍ਰਤੀ ਆਸਥਾ ਹੋਵੇ। ਆਸਥਾ ਦੇ ਨਾਂ ’ਤੇ ਕਾਨੂੰਨ ਹੱਥ ਵਿੱਚ ਲੈਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਡਾ. ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਜੋ ਸੰਵਿਧਾਨ ਦਿੱਤਾ ਹੈ, ਉਸ ਵਿੱਚ ਹਰੇਕ ਵਿਅਕਤੀ ਨੂੰ ਨਿਆਂ ਪ੍ਰਾਪਤ ਕਰਨ ਦੀ ਹਰ ਪ੍ਰਕਾਰ ਦੀ ਵਿਵਸਥਾ ਹੈ। ਮੈਂ ਦੇਸ਼ ਵਾਸੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਕਾਨੂੰਨ ਹੱਥ ਵਿੱਚ ਲੈਣ ਵਾਲੇ, ਹਿੰਸਾ ਦੇ ਰਾਹ ’ਤੇ ਦਮਨ ਕਰਨ ਵਾਲੇ ਕਿਸੇ ਨੂੰ ਵੀ ਚਾਹੇ ਉਹ ਵਿਅਕਤੀ ਹੋਵੇ ਜਾਂ ਸਮੂਹ ਹੋਵੇ ਨਾ ਇਹ ਦੇਸ਼ ਕਦੇ ਬਰਦਾਸ਼ਤ ਕਰੇਗਾ ਤੇ ਨਾ ਹੀ ਕੋਈ ਸਰਕਾਰ ਬਰਦਾਸ਼ਤ ਕਰੇਗੀ। ਹਰ ਕਿਸੇ ਨੂੰ ਕਾਨੂੰਨ ਦੇ ਸਾਹਮਣੇ ਝੁਕਣਾ ਹੋਵੇਗਾ। ਕਾਨੂੰਨ ਜਵਾਬਦੇਹੀ ਤੈਅ ਕਰੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਰਹੇਗਾ।

ਸਾਡਾ ਦੇਸ਼ ਵੰਨਸੁਵੰਨਤਾ ਨਾਲ ਭਰਿਆ ਹੋਇਆ ਹੈ ਅਤੇ ਇਹ ਵੰਨਸੁਵੰਨਤਾ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਇੱਥੋਂ ਤੱਕ ਹੀ ਸੀਮਿਤ ਨਹੀਂ ਹਨ। ਜੀਵਨ ਦੇ ਹਰ ਵਿਹਾਰ ਵਿੱਚ ਸਾਨੂੰ ਵੰਨਸੁਵੰਨਤਾ ਨਜ਼ਰ ਆਉਦੀ ਹੈ। ਇੱਥੋਂ ਤੱਕ ਕਿ ਸਾਡੇ ਤਿਓਹਾਰ ਵੀ ਵੰਨਸੁਵੰਨਤਾ ਨਾਲ ਭਰੇ ਹੋਏ ਹਨ ਅਤੇ ਹਜ਼ਾਰਾਂ ਸਾਲ ਪੁਰਾਣੀ ਸਾਡੀ ਸੱਭਿਆਚਾਰਕ ਵਿਰਾਸਤ ਹੋਣ ਦੇ ਕਾਰਣ ਸਾਂਸਕ੍ਰਿਤਕ ਪ੍ਰੰਪਰਾਵਾਂ ਵੇਖੀਏ, ਸਮਾਜਿਕ ਪ੍ਰੰਪਰਾਵਾਂ ਵੇਖੀਏ, ਇਤਿਹਾਸਕ ਘਟਨਾਵਾਂ ਵੇਖੀਏ ਤਾਂ ਸ਼ਾਇਦ ਹੀ 365 ਦਿਨਾਂ ਵਿੱਚੋਂ ਕੋਈ ਦਿਨ ਬਚਦਾ ਹੋਵੇਗਾ, ਜਿਹੜਾ ਸਾਡੇ ਇੱਥੇ ਕਿਸੇ ਤਿਓਹਾਰ ਨਾਲ ਨਾ ਜੁੜਿਆ ਹੋਵੇ। ਹੁਣ ਇਹ ਵੀ ਤੁਸੀਂ ਵੇਖਿਆ ਹੋਵੇਗਾ ਕਿ ਸਾਡੇ ਸਾਰੇ ਤਿਓਹਾਰ ਕੁਦਰਤ ਦੇ ਅਨੁਸਾਰ ਚਲਦੇ ਹਨ। ਕੁਦਰਤ ਦੇ ਨਾਲ ਸਿੱਧਾ-ਸਿੱਧਾ ਸਬੰਧ ਆਉਂਦਾ ਹੈ। ਸਾਡੇ ਬਹੁਤ ਸਾਰੇ ਤਿਓਹਾਰ ਤਾਂ ਸਿੱਧੇ ਹੀ ਕਿਸਾਨਾਂ ਨਾਲ ਜੁੜੇ ਹੋਏ ਹੁੰਦੇ ਹਨ। ਮਛੇਰਿਆਂ ਨਾਲ ਜੁੜੇ ਹੋਏ ਹੁੰਦੇ ਹਨ।

ਅੱਜ ਮੈਂ ਤਿਓਹਾਰਾਂ ਦੀ ਗੱਲ ਕਰ ਰਿਹਾ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਮਿੱਛਾਮੀ ਦੁੱਕੜਮ ਕਹਿਣਾ ਚਾਹਾਂਗਾ। ਜੈਨ ਸਮਾਜ ਵਿੱਚ ਕੱਲ ਸੰਵਤਸਰੀ ਦਾ ਤਿਓਹਾਰ ਮਨਾਇਆ ਗਿਆ। ਜੈਨ ਸਮਾਜ ਵਿੱਚ ਭਾਦੋਂ ਮਹੀਨੇ ’ਚ ਪਰਿਯੂਸ਼ਨ ਤਿਓਹਾਰ ਮਨਾਇਆ ਜਾਂਦਾ ਹੈ। ਪਰਿਯੂਸ਼ਨ ਤਿਓਹਾਰ ਦੇ ਆਖਰੀ ਦਿਨ ਸੰਵਤਸਰੀ ਦਾ ਦਿਨ ਹੁੰਦਾ ਹੈ। ਇਹ ਸਚਮੁੱਚ ਹੀ ਆਪਣੇ ਆਪ ਵਿੱਚ ਇੱਕ ਅਨੋਖੀ ਰੀਤ ਹੈ। ਸੰਵਤਸਰੀ ਦਾ ਤਿਓਹਾਰ ਖ਼ਿਮਾ, ਅਹਿੰਸਾ ਅਤੇ ਮਿੱਤਰਤਾ ਦਾ ਪ੍ਰਤੀਕ ਹੈ। ਇਸ ਨੂੰ ਇੱਕ ਤਰ੍ਹਾਂ ਨਾਲ ਖ਼ਿਮਾਵਾਣੀ ਪਰਵ ਵੀ ਕਿਹਾ ਜਾਂਦਾ ਹੈ। ਇਸ ਦਿਨ ਇੱਕ -ਦੂਜੇ ਨੂੰ ਮਿੱਛਾਮੀ ਦੁੱਕੜਮ ਕਹਿਣ ਦੀ ਰੀਤ ਹੈ। ਉਜ ਵੀ ਸਾਡੇ ਸ਼ਾਸਤਰ੍ਹਾਂ ਵਿੱਚ ‘क्षमा वीरस्य भूषणम्’ ਯਾਨੀ ਖ਼ਿਮਾ ਬਹਾਦਰਾਂ ਦਾ ਗਹਿਣਾ ਹੈ। ਖ਼ਿਮਾ ਕਰਨ ਵਾਲਾ ਬਹਾਦਰ ਹੁੰਦਾ ਹੈ। ਇਹ ਚਰਚਾ ਤਾਂ ਅਸੀਂ ਸੁਣਦੇ ਹੀ ਆਏ ਹਾਂ ਅਤੇ ਮਹਾਤਮਾ ਗਾਂਧੀ ਤਾਂ ਸਦਾ ਹੀ ਕਿਹਾ ਕਰਦੇ ਸਨ, ਖ਼ਿਮਾ ਕਰਨਾ ਤਾਂ ਤਾਕਤਵਰ ਵਿਅਕਤੀ ਦੀ ਵਿਸ਼ੇਸ਼ਤਾ ਹੁੰਦੀ ਹੈ।

ਸ਼ੇਕਸਪੀਅਰ ਨੇ ਆਪਣੇ ਨਾਟਕ “The Merchant of Venice” ਵਿੱਚ ਖ਼ਿਮਾ ਕਰਨ ਦੇ ਮਹੱਤਵ ਨੂੰ ਦੱਸਦਿਆਂ ਲਿਖਿਆ ਸੀ “Mercy is twice blest, It blesseth him that gives and him that takes,” ਭਾਵ ਖ਼ਿਮਾ ਕਰਨ ਵਾਲਾ ਅਤੇ ਜਿਸ ਨੂੰ ਖ਼ਿਮਾ ਕੀਤਾ ਗਿਆ, ਦੋਹਾਂ ਨੂੰ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਇਨ੍ਹੀਂ ਦਿਨੀਂ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਗਣੇਸ਼ ਚਤੁਰਥੀ ਦੀਆਂ ਧੁੰਮਾਂ ਪਈਆਂ ਹੋਈਆਂ ਹਨ ਅਤੇ ਜਦ ਗਣੇਸ਼ ਚਤੁਰਥੀ ਦੀ ਗੱਲ ਆਉਦੀ ਹੈ ਤਾਂ ਜਨਤਕ ਗਣੇਸ਼ ਉਤਸਵ ਦੀ ਗੱਲ ਸੁਭਾਵਿਕ ਹੈ। ਬਾਲ ਗੰਗਾਧਰ ਲੋਕਮਾਨਯ ਤਿਲਕ ਨੇ 125 ਸਾਲ ਪਹਿਲਾਂ ਇਸ ਪ੍ਰੰਪਰਾ ਨੂੰ ਜਨਮ ਦਿੱਤਾ ਅਤੇ ਪਿਛਲੇ 125 ਸਾਲ ਆਜ਼ਾਦੀ ਤੋਂ ਪਹਿਲਾਂ ਉਹ ਆਜ਼ਾਦੀ ਦੇ ਅੰਦੋਲਨ ਦਾ ਪ੍ਰਤੀਕ ਬਣ ਗਏ ਸਨ ਅਤੇ ਆਜਾਦੀ ਤੋਂ ਬਾਅਦ ਉਹ ਸਮਾਜ ਸਿੱਖਿਆ, ਸਮਾਜਿਕ ਚੇਤਨਾ ਜਗਾਉਣ ਦੇ ਪ੍ਰਤੀਕ ਬਣ ਗਏ। ਗਣੇਸ਼ ਚਤੁਰਥੀ ਦਾ ਉਤਸਵ 10 ਦਿਨਾਂ ਤੱਕ ਚੱਲਦਾ ਹੈ। ਇਸ ਮਹਾਉਤਸਵ ਨੂੰ ਏਕਤਾ, ਬਰਾਬਰੀ ਤੇ ਸੁੱਚਤਾ ਦਾ ਪ੍ਰਤੀਕ ਕਿਹਾ ਜਾਂਦਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਗਣੇਸ਼ ਉਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਇਨ੍ਹੀਂ ਦਿਨੀਂ ਕੇਰਲ ’ਚ ਓਣਮ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਭਾਰਤ ਦੇ ਰੰਗ-ਬਰੰਗੇ ਤਿਓਹਾਰਾਂ ਵਿੱਚੋਂ ਇੱਕ ਓਣਮ ਕੇਰਲ ਦਾ ਇੱਕ ਪ੍ਰਮੁੱਖ ਤਿਓਹਾਰ ਹੈ। ਇਹ ਤਿਓਹਾਰ ਆਪਣੇ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਲਈ ਜਾਣਿਆ ਜਾਂਦਾ ਹੈ। ਓਣਮ ਦਾ ਤਿਓਹਾਰ ਕੇਰਲ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਦਿਹਾੜਾ ਸਮਾਜ ’ਚ ਪ੍ਰੇਮ-ਭਾਈਚਾਰੇ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਲੋਕਾਂ ਦੇ ਮਨ ’ਚ ਇੱਕ ਨਵੀਂ ਉਮੰਗ, ਨਵੀਂ ਉਮੀਦ, ਨਵਾਂ ਵਿਸ਼ਵਾਸ ਜਗਾਉਦਾ ਹੈ ਅਤੇ ਹੁਣ ਤਾਂ ਸਾਡੇ ਇਹ ਤਿਓਹਾਰ ਵੀ ਟੂਰਿਜ਼ਮ ਦੀ ਖਿੱਚ ਦਾ ਕਾਰਣ ਬਣਦੇ ਜਾ ਰਹੇ ਹਨ ਅਤੇ ਮੈਂ ਦੇਸ਼ ਵਾਸੀਆਂ ਨੂੰ ਕਹਾਂਗਾ ਕਿ ਜਿਵੇਂ ਗੁਜਰਾਤ ’ਚ ਨਰਾਤਿਆਂ ਦਾ ਉਤਸਵ ਜਾਂ ਬੰਗਾਲ ’ਚ ਦੁਰਗਾ ਉਤਸਵ ਇੱਕ ਤਰ੍ਹਾਂ ਨਾਲ ਟੂਰਿਜ਼ਮ ਦੀ ਖਿੱਚ ਬਣ ਚੁੱਕੇ ਹਨ। ਸਾਡੇ ਹੋਰ ਤਿਓਹਾਰ ਵੀ ਵਿਦੇਸ਼ੀਆਂ ਦੀ ਖਿੱਚ ਦਾ ਇੱਕ ਮੌਕਾ ਹਨ। ਇਸ ਦਿਸ਼ਾ ’ਚ ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਸੋਚਣਾ ਚਾਹੀਦਾ ਹੈ।

ਇਨ੍ਹਾਂ ਤਿਓਹਾਰਾਂ ਦੀ ਲੜੀ ’ਚ ਕੁਝ ਦਿਨ ਬਾਅਦ ਹੀ ਦੇਸ਼ ਭਰ ਵਿੱਚ ਈਦ-ਉਲ-ਜੁਹਾ ਦਾ ਤਿਓਹਾਰ ਵੀ ਮਨਾਇਆ ਜਾਵੇਗਾ। ਸਾਰੇ ਦੇਸ਼ ਵਾਸੀਆਂ ਨੂੰ ਈਦ-ਉਲ-ਜੁਹਾ ਦੀਆਂ ਬਹੁਤ-ਬਹੁਤ ਮੁਬਾਰਕਾਂ, ਬਹੁਤ ਸ਼ੁਭਕਾਮਨਾਵਾਂ। ਤਿਓਹਾਰ ਸਾਡੇ ਲਈ ਆਸਥਾ ਅਤੇ ਵਿਸ਼ਵਾਸ ਦੇ ਪ੍ਰਤੀਕ ਤਾਂ ਹੈ ਹੀ ਨੇ, ਅਸੀਂ ਨਵੇਂ ਭਾਰਤ ਵਿੱਚ ਤਿਓਹਾਰਾਂ ਨੂੰ ਸਵੱਛਤਾ ਦਾ ਪ੍ਰਤੀਕ ਵੀ ਬਣਾਉਣਾ ਹੈ। ਪਰਿਵਾਰਕ ਜੀਵਨ ਵਿੱਚ ਤਿਓਹਾਰ ਅਤੇ ਸਵੱਛਤਾ ਆਪਸ ’ਚ ਜੁੜੇ ਹੋਏ ਹਨ। ਤਿਓਹਾਰ ਦੀ ਤਿਆਰੀ ਦਾ ਮਤਲਬ ਹੈ ਸਾਫ-ਸਫਾਈ, ਇਹ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਪਰ ਇਸ ਨੂੰ ਸਮਾਜਿਕ ਸੁਭਾਅ ਬਣਾਉਣਾ ਵੀ ਜ਼ਰੂਰੀ ਹੈ। ਜਨਤਕ ਰੂਪ ਵਿੱਚ ਸਵੱਛਤਾ ਦੀ ਬੇਨਤੀ ਸਿਰਫ ਘਰ ’ਚ ਹੀ ਨਹੀਂ, ਸਾਡੇ ਪੂਰੇ ਪਿੰਡ ਵਿੱਚ, ਪੂਰੇ ਨਗਰ ਵਿੱਚ, ਸਾਡੇ ਰਾਜ ਵਿੱਚ, ਸਾਡੇ ਦੇਸ਼ ’ਚ ਸਵੱਛਤਾ ਇਨਾਂ ਤਿਓਹਾਰਾਂ ਦੇ ਨਾਲ ਇੱਕ ਅਟੁੱਟ ਹਿੱਸਾ ਬਣਨਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਆਧੁਨਿਕ ਹੋਣ ਦੀਆਂ ਪਰਿਭਾਸ਼ਾਵਾਂ ਬਦਲਦੀਆਂ ਜਾ ਰਹੀਆਂ ਹਨ। ਇਨ੍ਹੀਂ ਦਿਨੀਂ ਇੱਕ ਨਵੀਂ dimension ਇੱਕ ਨਵਾਂ parameter, ਤੁਸੀਂ ਕਿੰਨੇ ਸੰਸਕਾਰੀ ਹੋ, ਕਿੰਨੇ ਆਧੁਨਿਕ ਹੋ, ਤੁਹਾਡਾ thought-process ਕਿੰਨਾ modern ਹੈ। ਇਹ ਸਭ ਕੁਝ ਜਾਨਣ ਵਿੱਚ ਇੱਕ ਤਰਾਜ਼ੂ ਵੀ ਕੰਮ ਆਉਣ ਲੱਗਾ ਹੈ ਅਤੇ ਉਹ ਹੈ environment ਦੇ ਪ੍ਰਤੀ ਤੁਸੀਂ ਕਿੰਨੇ ਜਾਗਰੂਕ ਹੋ। ਤੁਹਾਡੀਆਂ ਆਪਣੀਆਂ ਗਤੀਵਿਧੀਆਂ ’ਚ eco-friendly, environment-friendly ਵਿਹਾਰ ਹੈ ਕਿ ਉਸ ਦੇ ਖਿਲਾਫ਼ ਹੋ। ਸਮਾਜ ’ਚ ਜੇਕਰ ਇਸ ਦੇ ਖਿਲਾਫ਼ ਹੈ ਤਾਂ ਅੱਜ ਬੁਰਾ ਮੰਨਿਆ ਜਾਂਦਾ ਹੈ ਅਤੇ ਉਸ ਦਾ ਨਤੀਜਾ ਅੱਜ ਮੈਂ ਵੇਖ ਰਿਹਾ ਹਾਂ ਕਿ ਇਨ੍ਹੀਂ ਦਿਨੀਂ ਇਸ ਗਣੇਸ਼ ਉਤਸਵ ’ਚ ਵੀ eco-friendly ਗਣਪਤੀ ਜਿਵੇਂ ਇੱਕ ਵੱਡੀ ਮੁਹਿੰਮ ਖੜੀ ਹੋ ਗਈ ਹੈ। ਜੇਕਰ ਤੁਸੀਂ You Tube ’ਤੇ ਜਾ ਕੇ ਵੇਖੋ ਹਰ ਘਰ ਵਿੱਚ ਬੱਚੇ ਗਣੇਸ਼ ਜੀ ਬਣਾ ਰਹੇ ਹਨ, ਮਿੱਟੀ ਲਿਆ ਕੇ ਗਣੇਸ਼ ਜੀ ਬਣਾ ਰਹੇ ਹਨ, ਉਸ ਨੂੰ ਰੰਗ ਕਰ ਰਹੇ ਹਨ, ਕੋਈ vegetable ਦੇ colour ਲਾ ਰਹੇ ਹਨ, ਕੋਈ ਕਾਗਜ਼ ਦੇ ਟੁਕੜੇ ਜੋੜ ਰਿਹਾ ਹੈ। ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਹਰ ਪਰਿਵਾਰ ’ਚ ਹੋ ਰਹੇ ਹਨ। ਇੱਕ ਤਰ੍ਹਾਂ ਨਾਲ environment consciousness ਦੀ ਏਨੀ ਵਿਆਪਕ ਸਿੱਖਿਆ ਇਸ ਗਣੇਸ਼ ਉਤਸਵ ’ਚ ਵੇਖਣ ਨੂੰ ਮਿਲੀ ਹੈ, ਸ਼ਾਇਦ ਹੀ ਕਦੇ ਪਹਿਲਾਂ ਵੇਖਣ ਨੂੰ ਮਿਲੀ ਹੋਵੇ। Media house ਵੀ ਬਹੁਤ ਵੱਡੀ ਮਾਤਰਾ ’ਚ eco friendly ਗਣੇਸ਼ ਦੀਆਂ ਮੂਰਤੀਆਂ ਲਈ ਲੋਕਾਂ ਨੂੰ ਸਿਖਲਾਈ ਦੇ ਰਹੇ ਹਨ, ਪ੍ਰੇਰਿਤ ਕਰ ਰਹੇ ਹਨ, guide ਕਰ ਰਹੇ ਹਨ। ਵੇਖੋ ਕਿੰਨੀ ਵੱਡੀ ਤਬਦੀਲੀ ਆਈ ਹੈ ਅਤੇ ਇਹ ਚੰਗੀ ਤਬਦੀਲੀ ਹੈ ਅਤੇ ਜਿਵੇਂ ਮੈਂ ਕਿਹਾ ਸਾਡਾ ਦੇਸ਼ ਕਰੋੜਾਂ-ਕਰੋੜਾਂ ਤੇਜੱਸਵੀ ਦਿਮਾਗਾਂ ਨਾਲ ਭਰਿਆ ਹੋਇਆ ਹੈ ਅਤੇ ਬਹੁਤ ਚੰਗਾ ਲੱਗਦਾ ਹੈ, ਜਦ ਕੋਈ ਨਵੇਂ-ਨਵੇਂ innovation ਜਾਣਦੇ ਹਨ। ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਸੱਜਣ ਹਨ ਜੋ ਖੁਦ engineer ਹਨ। ਉਨਾਂ ਨੇ ਇੱਕ ਖ਼ਾਸ ਤਰ੍ਹਾਂ ਨਾਲ ਮਿੱਟੀ ਇਕੱਠੀ ਕਰਕੇ ਉਸ ਦਾ combination ਕਰਕੇ ਗਣੇਸ਼ ਜੀ ਬਣਾਉਣ ਦੀ training ਲੋਕਾਂ ਨੂੰ ਦਿੱਤੀ ਅਤੇ ਉਹ ਇੱਕ ਛੋਟੀ ਜਿਹੀ ਬਾਲਟੀ ’ਚ, ਪਾਣੀ ਵਿੱਚ ਗਣੇਸ਼ ਵਿਸਰਜਨ ਹੁੰਦਾ ਹੈ ਤਾਂ ਉਸੇ ਵਿੱਚ ਰੱਖਦੇ ਹਨ ਅਤੇ ਉਹ ਪਾਣੀ ’ਚ ਤੁਰੰਤ dilute ਹੋ ਜਾਂਦੀ ਹੈ ਅਤੇ ਉਹ ਇੱਥੇ ਹੀ ਨਹੀਂ ਰੁਕੇ, ਉਸ ਵਿੱਚ ਇੱਕ ਤੁਲਸੀ ਦਾ ਪੌਦਾ ਬੀਜ ਦਿੱਤਾ, ਹੋਰ ਪੌਦੇ ਬੀਜ ਦਿੱਤੇ। ਤਿੰਨ ਵਰੇ ਪਹਿਲਾਂ ਜਦੋਂ ਸਵੱਛਤਾ ਦੀ ਮੁਹਿੰਮ ਆਰੰਭ ਕੀਤੀ ਸੀ, 2 ਅਕਤੂਬਰ ਨੂੰ ਉਸ ਦੇ 3 ਸਾਲ ਹੋ ਜਾਣਗੇ ਅਤੇ ਉਸ ਦੇ ਹਾਂ-ਪੱਖੀ ਨਤੀਜੇ ਨਜ਼ਰ ਆ ਰਹੇ ਹਨ। ਸ਼ੌਚਾਲਿਆਂ ਦੀ coverage 39% ਤੋਂ ਤਕਰੀਬਨ 67% ਤੱਕ ਪਹੁੰਚੀ ਹੈ। 2 ਲੱਖ 30 ਹਜ਼ਾਰ ਤੋਂ ਵੀ ਜ਼ਿਆਦਾ ਪਿੰਡ ਖੁੱਲੇ ਵਿੱਚ ਸ਼ੌਚ ਤੋਂ ਆਪਣੇ ਆਪ ਨੂੰ ਮੁਕਤ ਐਲਾਨ ਚੁੱਕੇ ਹਨ।

ਪਿਛਲੇ ਦਿਨੀਂ ਗੁਜਰਾਤ ’ਚ ਭਿਆਨਕ ਹੜ੍ਹ ਆਏ, ਕਾਫੀ ਲੋਕ ਆਪਣੀ ਜਾਨ ਗੁਆ ਬੈਠੇ ਪਰ ਹੜ੍ਹਾਂ ਤੋਂ ਬਾਅਦ ਜਦ ਪਾਣੀ ਘੱਟ ਹੋਇਆ ਤਾਂ ਹਰ ਜਗਾ ਬਹੁਤ ਗੰਦਗੀ ਫੈਲ ਗਈ ਸੀ। ਅਜਿਹੇ ਵਕਤ ਵਿੱਚ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ਦੇ ਧਾਨੇਰਾ ’ਚ ਜਮੀਅਤ-ਓਲੇਮਾ-ਏ-ਹਿੰਦ ਦੇ ਕਾਰਜਕਰਤਾਵਾਂ ਨੇ ਹੜ੍ਹ ਪ੍ਰਭਾਵਿਤ 22 ਮੰਦਰਾਂ ਅਤੇ 3 ਮਸਜਿਦਾਂ ਦੀ ਪੜਾਅਵਾਰ ਤਰੀਕੇ ਨਾਲ ਸਾਫ-ਸਫਾਈ ਕੀਤੀ, ਆਪਣਾ ਪਸੀਨਾ ਵਹਾਇਆ, ਸਭ ਲੋਕ ਨਿਕਲ ਪਏ। ਸਵੱਛਤਾ ਲਈ ਏਕਤਾ ਦੀ ਉੱਤਮ ਮਿਸਾਲ ਹਰ ਕਿਸੇ ਨੂੰ ਪ੍ਰੇਰਣਾ ਦੇਣ ਵਾਲਾ ਅਜਿਹਾ ਉਦਾਹਰਣ ਜਮੀਅਤ-ਓਲੇਮਾ-ਏ-ਹਿੰਦ ਦੇ ਸਾਰੇ ਕਾਰਜਕਰਤਾਵਾਂ ਨੇ ਦਿੱਤਾ। ਸਵੱਛਤਾ ਲਈ ਸਮਰਪਣ ਭਾਵਨਾ ਨਾਲ ਕੀਤੀ ਗਈ ਕੋਸ਼ਿਸ਼ ਜੇਕਰ ਇਹ ਸਾਡਾ ਪੱਕਾ ਸੁਭਾਅ ਬਣ ਜਾਏ ਤਾਂ ਸਾਡਾ ਦੇਸ਼ ਕਿਤੇ ਦਾ ਕਿਤੇ ਪਹੁੰਚ ਸਕਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਇੱਕ ਵਾਰ ਫਿਰ 2 ਅਕਤੂਬਰ ਗਾਂਧੀ ਜਯੰਤੀ ਤੋਂ 15-20 ਦਿਨ ਪਹਿਲਾਂ ਹੀ ‘ਸਵੱਛਤਾ ਹੀ ਸੇਵਾ’ ਜਿਵੇਂ ਪਹਿਲਾਂ ਕਹਿੰਦੇ ਸੀ ‘ਜਲ ਸੇਵਾ ਹੀ ਪ੍ਰਭੂ ਸੇਵਾ’ ਸਵੱਛਤਾ ਹੀ ਸੇਵਾ ਦੀ ਇੱਕ ਮੁਹਿੰਮ ਚਲਾਈਏ, ਪੂਰੇ ਦੇਸ਼ ’ਚ ਸਵੱਛਤਾ ਲਈ ਮਾਹੌਲ ਬਣਾਈਏ। ਜਿਹੋ ਜਿਹਾ ਮੌਕਾ ਮਿਲੇ, ਜਿੱਥੇ ਵੀ ਮੌਕਾ ਮਿਲੇ, ਅਸੀਂ ਮੌਕਾ ਲੱਭੀਏ ਪਰ ਅਸੀਂ ਸਾਰੇ ਜੁੜੀਏ। ਇਸ ਨੂੰ ਇੱਕ ਤਰ੍ਹਾਂ ਨਾਲ ਦਿਵਾਲੀ ਦੀ ਤਿਆਰੀ ਮੰਨ ਲਈਏ, ਇਸ ਨੂੰ ਇੱਕ ਤਰ੍ਹਾਂ ਨਾਲ ਨਰਾਤਿਆਂ ਦੀ ਤਿਆਰੀ ਮੰਨ ਲਈਏ, ਦੁਰਗਾ ਪੂਜਾ ਦੀ ਤਿਆਰੀ ਮੰਨ ਲਈਏ, ਕਾਰਸੇਵਾ ਕਰੀਏ। ਛੁੱਟੀ ਵਾਲੇ ਦਿਨ ਜਾਂ ਐਤਵਾਰ ਨੂੰ ਇਕੱਠਿਆਂ ਹੋ ਕੇ ਇਕੱਠਿਆਂ ਕੰਮ ਕਰੀਏ। ਆਂਢ-ਗੁਆਂਢ ਦੀਆਂ ਬਸਤੀਆਂ ’ਚ ਜਾਈਏ, ਨੇੜਲੇ ਪਿੰਡਾਂ ’ਚ ਜਾਈਏ ਪਰ ਇਸ ਨੂੰ ਇੱਕ ਅੰਦੋਲਨ ਦੇ ਰੂਪ ’ਚ ਕਰੀਏ। ਮੈਂ ਸਾਰੇ NGOs ਨੂੰ, ਸਕੂਲਾਂ ਨੂੰ, colleges ਨੂੰ, ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਗਵਾਈ ਨੂੰ, ਸਰਕਾਰ ਦੇ ਅਫ਼ਸਰਾਂ ਨੂੰ, ਕੁਲੈਕਟਰਾਂ ਨੂੰ, ਸਰਪੰਚਾਂ ਨੂੰ, ਹਰ ਕਿਸੇ ਨੂੰ ਬੇਨਤੀ ਕਰਦਾ ਹਾਂ ਕਿ 2 ਅਕਤੂਬਰ ਮਹਾਤਮਾ ਗਾਂਧੀ ਦੀ ਜਨਮ ਜਯੰਤੀ ਤੋਂ ਪਹਿਲਾਂ ਹੀ 15 ਦਿਨ ਅਸੀਂ ਇੱਕ ਅਜਿਹਾ ਸਵੱਛਤਾ ਦਾ ਵਾਤਾਵਰਣ ਬਣਾਈਏ, ਅਜਿਹੀ ਸਵੱਛਤਾ ਖੜੀ ਕਰ ਦਈਏ ਕਿ 2 ਅਕਤੂਬਰ ਸੱਚਮੁਚ ਗਾਂਧੀ ਜੀ ਦੇ ਸੁਪਨਿਆਂ ਵਾਲੀ 2 ਅਕਤੂਬਰ ਹੋ ਜਾਏ। ਪੇਅਜਲ ਅਤੇ ਸਵੱਛਤਾ ਮੰਤਰਾਲੇ MyGov.in . ਉੱਪਰ ਇੱਕ section ਬਣਾਇਆ ਹੈ। ਜਿੱਥੇ ਸ਼ੌਚਾਲਿਆ ਨਿਰਮਾਣ ਤੋਂ ਬਾਅਦ ਤੁਸੀਂ ਆਪਣਾ ਨਾਮ ਅਤੇ ਉਸ ਪਰਿਵਾਰ ਦਾ ਨਾਮ ਦਰਜ ਕਰਾ ਸਕਦੇ ਹੋ, ਜਿਸ ਦੀ ਤੁਸੀਂ ਮਦਦ ਕੀਤੀ ਹੈ। ਮੇਰੇ ਦੇ ਮਿੱਤਰ ਕੁਝ ਰਚਨਾਤਮਕ ਮੁਹਿੰਮ ਚਲਾ ਸਕਦੇ ਹਨ ਅਤੇ virtual world ਦਾ ਧਰਾਤਲ ’ਤੇ ਕੰਮ ਹੋਵੇ, ਉਸ ਦੀ ਪ੍ਰੇਰਣਾ ਬਣ ਸਕਦੇ ਹਨ। ‘ਸਵੱਛ-ਸੰਕਲਪ ਤੋਂ ਸਵੱਛ-ਸਿੱਧੀ’ ਪ੍ਰਤੀਯੋਗਤਾ, ਪੇਅਜਲ ਤੇ ਸਵੱਛਤਾ ਮੰਤਰਾਲੇ ਵੱਲੋਂ ਇਹ ਮੁਹਿੰਮ ਜਿਸ ਵਿੱਚ ਨਿਬੰਧ ਮੁਕਾਬਲਾ ਹੈ, ਲਘੂ ਫ਼ਿਲਮ ਬਣਾਉਣ ਦਾ ਮੁਕਾਬਲਾ ਹੈ, ਚਿੱਤਰਕਲਾ ਪ੍ਰਤੀਯੋਗਤਾ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿੱਚ ਤੁਸੀਂ ਵੱਖ-ਵੱਖ ਭਾਸ਼ਾਵਾਂ ’ਚ ਨਿਬੰਧ ਲਿਖ ਸਕਦੇ ਹੋ ਅਤੇ ਉਸ ਵਿੱਚ ਕੋਈ ਉਮਰ ਦੀ ਸੀਮਾ ਨਹੀਂ ਹੈ। ਕੋਈ age limit ਨਹੀਂ ਹੈ, ਤੁਸੀਂ short film ਬਣਾ ਸਕਦੇ ਹੋ, ਆਪਣੇ mobile ਨਾਲ ਬਣਾ ਸਕਦੇ ਹੋ, 2-3 ਮਿੰਟ ਦੀ ਫ਼ਿਲਮ ਬਣਾ ਸਕਦੇ ਹੋ, ਜੋ ਸਵੱਛਤਾ ਲਈ ਪ੍ਰੇਰਣਾ ਦੇਵੇ। ਉਹ ਕਿਸੇ ਵੀ language ’ਚ ਹੋ ਸਕਦੀ ਹੈ। ਉਹ silent ਵੀ ਹੋ ਸਕਦੀ ਹੈ ਜੋ ਲੋਕ ਪ੍ਰਤੀਯੋਗਤਾ ’ਚ ਹਿੱਸਾ ਲੈਣਗੇ, ਉਨਾਂ ਵਿੱਚੋਂ best ਤਿੰਨ ਲੋਕ ਚੁਣੇ ਜਾਣਗੇ। district level ਉੱਪਰ ਤਿੰਨ state level ਹੋਣਗੇ, ਉੱਪਰ ਤਿੰਨ ਹੋਣਗੇ, ਉਨਾਂ ਨੂੰ ਇਨਾਮ ਦਿੱਤਾ ਜਾਵੇਗਾ। ਮੈਂ ਹਰ ਕਿਸੇ ਨੂੰ ਸੱਦਾ ਦਿੰਦਾ ਹਾਂ ਕਿ ਆਓ ਸਵੱਛਤਾ ਦੀ ਇਸ ਮੁਹਿੰਮ ਨਾਲ ਇਸ ਰੂਪ ਵਿੱਚ ਤੁਸੀਂ ਜੁੜੋ।

ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਇਸ ਵਾਰ 2 ਅਕਤੂਬਰ ਗਾਂਧੀ ਜਯੰਤੀ ਨੂੰ ‘ਸਵੱਛ 2 ਅਕਤੂਬਰ’ ਬਣਾਉਣ ਦਾ ਸੰਕਲਪ ਕਰੀਏ ਅਤੇ ਇਸ ਦੇ ਲਈ 15 ਸਤੰਬਰ ਤੋਂ ਹੀ ‘ਸਵੱਛਤਾ ਹੀ ਸੇਵਾ’ ਇਸ ਮੰਤਰ ਨੂੰ ਘਰ-ਘਰ ਪਹੁੰਚਾਈਏ। ਸਵੱਛਤਾ ਲਈ ਕੋਈ ਨਾ ਕੋਈ ਕਦਮ ਚੁੱਕੀਏ। ਖੁਦ ਮਿਹਨਤ ਕਰਕੇ ਇਸ ਵਿੱਚ ਹਿੱਸੇਦਾਰ ਬਣੀਏ। ਤੁਸੀਂ ਵੇਖਿਓ ਗਾਂਧੀ ਜਯੰਤੀ ਦੀ ਇਹ 2 ਅਕਤੂਬਰ ਕਿਵੇਂ ਚਮਕੇਗੀ। ਤੁਸੀਂ ਕਲਪਨਾ ਕਰ ਸਕਦੇ ਹੋ ਕਿ 15 ਦਿਨ ਦੀ ਸਫਾਈ ਦੀ ਇਸ ਮੁਹਿੰਮ ਤੋਂ ਬਾਅਦ, ‘ਸਵੱਛਤਾ ਹੀ ਸੇਵਾ’ ਤੋਂ ਬਾਅਦ 2 ਅਕਤੂਬਰ ਨੂੰ ਜਦੋਂ ਅਸੀਂ ਗਾਂਧੀ ਜਯੰਤੀ ਮਨਾਵਾਂਗੇ ਤਾਂ ਪੂਜਨੀਕ ਬਾਪੂ ਨੂੰ ਸ਼ਰਧਾਂਜਲੀ ਦੇਣ ਦਾ ਸਾਡੇ ਅੰਦਰ ਇੱਕ ਕਿੰਨਾ ਪਵਿੱਤਰ ਆਨੰਦ ਪੈਦਾ ਹੋਵੇਗਾ।

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਅੱਜ ਵਿਸ਼ੇਸ਼ ਤੌਰ ’ਤੇ ਤੁਹਾਡਾ ਸਾਰਿਆਂ ਦਾ ਰਿਣ ਸਵੀਕਾਰ ਕਰਨਾ ਚਾਹੁੰਦਾ ਹਾਂ, ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦ ਪ੍ਰਗਟ ਕਰਨਾ ਚਾਹੁੰਦਾ ਹਾਂ। ਇਸ ਲਈ ਨਹੀਂ ਕਿ ਇੰਨੇ ਲੰਬੇ ਅਰਸੇ ਤੱਕ ਤੁਸੀਂ ‘ਮਨ ਕੀ ਬਾਤ’ ਨਾਲ ਜੁੜੇ ਹੋਏ ਹੋ, ਮੈਂ ਇਸ ਲਈ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਰਿਣ ਸਵੀਕਾਰ ਕਰਨਾ ਚਾਹੁੰਦਾ ਹਾਂ, ਕਿਉਂਕਿ ‘ਮਨ ਕੀ ਬਾਤ’ ਦੇ ਇਸ ਪ੍ਰੋਗਰਾਮ ਦੇ ਨਾਲ ਦੇਸ਼ ਦੇ ਹਰ ਕੋਨੇ ਤੋਂ ਲੱਖਾਂ ਲੋਕ ਜੁੜ ਜਾਂਦੇ ਹਨ। ਸੁਣਨ ਵਾਲਿਆਂ ਦੀ ਗਿਣਤੀ ਤਾਂ ਕਰੋੜਾਂ ਵਿੱਚ ਹੈ ਪਰ ਲੱਖਾਂ ਲੋਕ ਮੈਨੂੰ ਕਦੀ ਚਿੱਠੀ ਲਿਖਦੇ ਹਨ, ਕਦੀ message ਭੇਜਦੇ ਹਨ, ਕਦੀ ਫ਼ੋਨ ’ਤੇ ਸੰਦੇਸ਼ ਆਉਂਦਾ ਹੈ, ਮੇਰੇ ਲਈ ਇਹ ਇੱਕ ਬਹੁਤ ਵੱਡਾ ਖ਼ਜ਼ਾਨਾ ਹੈ। ਦੇਸ਼ ਦੇ ਜਨ-ਜਨ ਦੇ ਮਨ ਦੀ ਗੱਲ ਜਾਨਣ ਲਈ ਇਹ ਮੇਰੇ ਲਈ ਇੱਕ ਬਹੁਤ ਵੱਡਾ ਮੌਕਾ ਬਣ ਗਿਆ ਹੈ। ਤੁਸੀਂ ਜਿੰਨਾ ‘ਮਨ ਕੀ ਬਾਤ’ ਦੀ ਉਡੀਕ ਕਰਦੇ ਹੋ, ਉਸ ਤੋਂ ਜ਼ਿਆਦਾ ਮੈਂ ਤੁਹਾਡੇ ਸੁਨੇਹਿਆਂ ਦੀ ਉਡੀਕ ਕਰਦਾ ਹਾਂ। ਮੈਂ ਉਤਸੁਕ ਰਹਿੰਦਾ ਹਾਂ, ਕਿਉਂਕਿ ਤੁਹਾਡੀ ਹਰ ਗੱਲ ਤੋਂ ਮੈਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਮੈਂ ਜੋ ਕਰ ਰਿਹਾ ਹਾਂ ਉਸ ਨੂੰ ਕਸੌਟੀ ਉੱਪਰ ਪਰਖਣ ਦਾ ਮੌਕਾ ਮਿਲ ਜਾਂਦਾ ਹੈ। ਬਹੁਤ ਸਾਰੀਆਂ ਗੱਲਾਂ ਨੂੰ ਸੋਚਣ ਲਈ ਤੁਹਾਡੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਮੇਰੇ ਕੰਮ ਆਉਂਦੀਆਂ ਹਨ ਅਤੇ ਇਸ ਲਈ ਮੈਂ ਤੁਹਾਡੇ ਇਸ ਯੋਗਦਾਨ ਲਈ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ, ਤੁਹਾਡਾ ਰਿਣ ਸਵੀਕਾਰ ਕਰਦਾ ਹਾਂ ਅਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਤੁਹਾਡੀਆਂ ਗੱਲਾਂ ਨੂੰ ਮੈਂ ਖ਼ੁਦ ਵੇਖਾਂ, ਸੁਣਾਂ, ਪੜ੍ਹਾਂ, ਸਮਝਾਂ ਅਤੇ ਏਦਾਂ ਦੀਆਂ ਗੱਲਾਂ ਆਉਂਦੀਆਂ ਹਨ। ਹੁਣ ਵੇਖੋ ਹੁਣ ਇਸ phone call ਤੋਂ ਤੁਸੀਂ ਵੀ ਆਪਣੇ ਆਪ ਨੂੰ co-relate ਕਰਦੇ ਹੋਵੋਗੇ। ਤੁਹਾਨੂੰ ਵੀ ਲੱਗਦਾ ਹੋਵੇਗਾ ਹਾਂ ਯਾਰ ਤੁਸੀਂ ਵੀ ਕਦੀ ਅਜਿਹੀ ਗਲਤੀ ਕੀਤੀ ਹੈ। ਕਦੇ-ਕਦੇ ਤਾਂ ਕੁਝ ਚੀਜ਼ਾਂ ਸਾਡੀ ਆਦਤ ਦਾ ਅਜਿਹਾ ਹਿੱਸਾ ਬਣ ਜਾਂਦੀਆਂ ਹਨ ਕਿ ਸਾਨੂੰ ਲਗਦਾ ਹੀ ਨਹੀਂ ਕਿ ਅਸੀਂ ਗਲਤ ਕਰ ਰਹੇ ਹਾਂ।

‘‘ਪ੍ਰਧਾਨ ਮੰਤਰੀ ਜੀ ਮੈਂ ਪੂਣੇ ਤੋਂ ਅਪਰਨਾ ਬੋਲ ਰਹੀ ਹਾਂ, ਮੈਂ ਆਪਣੀ ਸਹੇਲੀ ਬਾਰੇ ਦੱਸਣਾ ਚਾਹੁੰਦੀ ਹਾਂ, ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਮੈਂ ਉਸ ਦੀ ਇੱਕ ਆਦਤ ਵੇਖ ਕੇ ਹੈਰਾਨ ਹੋ ਜਾਂਦੀ ਹਾਂ, ਇੱਕ ਵਾਰ ਮੈਂ ਉਸ ਨਾਲ ਸ਼ਾਪਿੰਗ ਕਰਨ ਮਾਲ ਗਈ ਸੀ, ਇੱਕ ਸਾੜੀ ਉੱਪਰ ਉਸ ਨੇ ਦੋ ਹਜ਼ਾਰ ਰੁਪਏ ਬੜੇ ਆਰਾਮ ਨਾਲ ਖਰਚ ਦਿੱਤੇ ਅਤੇ ਪੀਜ਼ੇ ਉੱਪਰ 450 ਰੁਪਏ, ਜਦ ਕਿ ਮਾਲ ਤੱਕ ਜਾਣ ਲਈ ਜੋ ਆਟੋ ਲਿਆ ਸੀ, ਉਸ ਆਟੋ ਵਾਲੇ ਨਾਲ ਬਹੁਤ ਦੇਰ ਤੱਕ ਪੰਜ ਰੁਪਏ ਲਈ ਮੁੱਲ-ਭਾਅ ਕਰਦੀ ਰਹੀ। ਵਾਪਸ ਆਉਂਦਿਆਂ ਰਾਹ ’ਚ ਸਬਜ਼ੀ ਖਰੀਦੀ ਅਤੇ ਹਰ ਸਬਜ਼ੀ ਲਈ ਫਿਰ ਤੋਂ ਮੁੱਲ-ਭਾਅ ਕਰਕੇ 4-5 ਰੁਪਏ ਬਚਾਏ। ਮੈਨੂੰ ਬਹੁਤ ਬੁਰਾ ਲੱਗਦਾ ਹੈ, ਅਸੀਂ ਵੱਡੀਆਂ-ਵੱਡੀਆਂ ਥਾਵਾਂ ’ਤੇ ਇੱਕ ਵਾਰ ਵੀ ਬਿਨਾਂ ਪੁੱਛਿਆਂ ਵੱਡੇ-ਵੱਡੇ ਭੁਗਤਾਨ ਕਰ ਦਿੰਦੇ ਹਾਂ ਅਤੇ ਸਾਡੇ ਮਿਹਨਤਕਸ਼ ਭਰਾ-ਭੈਣਾਂ ਨਾਲ ਥੋੜ੍ਹੇ ਜਿਹੇ ਰੁਪਈਆਂ ਲਈ ਝਗੜਾ ਕਰਦੇ ਹਾਂ, ਉਨਾਂ ਉੱਪਰ ਬੇਵਿਸਾਹੀ ਕਰਦੇ ਹਾਂ, ਤੁਸੀਂ ਆਪਣੀ ‘ਮਨ ਕੀ ਬਾਤ’ ’ਚ ਇਸ ਬਾਰੇ ਜ਼ਰੂਰ ਦੱਸੋ।’’

ਹੁਣ ਇਹ phone call ਸੁਣਨ ਤੋਂ ਬਾਅਦ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਹੈਰਾਨ ਵੀ ਹੋ ਗਏ ਹੋਵੋਗੇ, ਚੌਕੰਨੇ ਵੀ ਹੋ ਗਏ ਹੋਵੋਗੇ ਅਤੇ ਹੋ ਸਕਦਾ ਹੈ ਕਿ ਅਗਾਂਹ ਤੋਂ ਅਜਿਹੀ ਗਲਤੀ ਨਾ ਕਰਨ ਦੀ ਮਨ ਵਿੱਚ ਠਾਨ ਵੀ ਲਈ ਹੋਵੇ, ਕੀ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਸਾਡੇ ਘਰ ਦੇ ਆਲੇ-ਦੁਆਲੇ ਕੋਈ ਸਮਾਨ ਵੇਚਣ ਵੀ ਆਉਂਦਾ ਹੈ, ਕੋਈ ਫੇਰੀ ਲਾਉਣ ਵਾਲਾ ਆਉਂਦਾ ਹੈ, ਕਿਸੇ ਛੋਟੇ ਦੁਕਾਨਦਾਰ ਤੋਂ ਸਬਜ਼ੀ ਵੇਚਣ ਵਾਲਿਆਂ ਨਾਲ ਸਾਡਾ ਸੰਪਰਕ ਹੁੰਦਾ ਹੈ, ਕਦੀ ਆਟੋ-ਰਿਕਸ਼ਾ ਵਾਲੇ ਨਾਲ ਸੰਪਰਕ ਹੁੰਦਾ ਹੈ, ਜਦ ਵੀ ਸਾਡਾ ਕਿਸੇ ਮਿਹਨਤਕਸ਼ ਵਿਅਕਤੀ ਨਾਲ ਸੰਪਰਕ ਹੁੰਦਾ ਹੈ ਤਾਂ ਅਸੀਂ ਉਸ ਨਾਲ ਮੁੱਲ ਬਾਰੇ ਤੋਲ-ਮੋਲ ਕਰਨ ਲੱਗ ਜਾਂਦੇ ਹਾਂ, ਮੁੱਲ-ਭਾਅ ਕਰਨ ਲੱਗ ਜਾਂਦੇ ਹਾਂ, ਏਨਾ ਹੀ ਨਹੀਂ ਦੋ ਰੁਪਈਏ ਘੱਟ ਕਰੋ, ਪੰਜ ਰੁਪਈਏ ਘੱਟ ਕਰੋ ਅਤੇ ਅਸੀਂ ਲੋਕ ਹੀ ਜਦੋਂ ਕਿਸੇ ਵੱਡੇ restaurant ’ਚ ਖਾਣਾ ਖਾਣ ਜਾਂਦੇ ਹਾਂ ਤਾਂ ਬਿਲ ਵਿੱਚ ਕੀ ਲਿਖਿਆ ਹੈ, ਇਹ ਵੇਖਦੇ ਵੀ ਨਹੀਂ, ਇੱਕ ਦਮ ਪੈਸੇ ਦੇ ਦਿੰਦੇ ਹਾਂ। ਏਨਾ ਹੀ ਨਹੀਂ showroom ’ਚ ਸਾੜੀ ਖਰੀਦਣ ਜਾਈਏ, ਕੋਈ ਮੁੱਲ-ਭਾਅ ਨਹੀਂ ਕਰਦੇ ਪਰ ਜੇਕਰ ਕਿਸੇ ਗ਼ਰੀਬ ਨਾਲ ਸੰਪਰਕ ਹੋ ਜਾਵੇ ਤਾਂ ਮੁੱਲ-ਭਾਅ ਕੀਤੇ ਬਿਨਾਂ ਨਹੀਂ ਰਹਿੰਦੇ। ਗ਼ਰੀਬ ਦੇ ਮਨ ’ਚ ਕੀ ਹੁੰਦਾ ਹੋਵੇਗਾ, ਇਹ ਕਦੀ ਤੁਸੀਂ ਸੋਚਿਆ ਹੈ? ਉਸ ਦੇ ਲਈ ਸਵਾਲ ਦੋ ਰੁਪਏ, ਪੰਜ ਰੁਪਏ ਦਾ ਨਹੀਂ, ਉਸ ਦੇ ਦਿਲ ’ਤੇ ਸੱਟ ਵੱਜਦੀ ਹੈ ਕਿ ਤੁਸੀਂ ਉਸ ਦੇ ਗ਼ਰੀਬ ਹੋਣ ਕਰਕੇ ਉਸ ਦੀ ਇਮਾਨਦਾਰੀ ਉੱਪਰ ਸ਼ੱਕ ਕੀਤਾ ਹੈ। ਦੋ ਰੁਪਏ, ਪੰਜ ਰੁਪਏ ਨਾਲ ਤੁਹਾਡੀ ਜ਼ਿੰਦਗੀ ’ਚ ਕੋਈ ਫ਼ਰਕ ਨਹੀਂ ਪੈਂਦਾ ਪਰ ਤੁਹਾਡੀ ਇਹ ਛੋਟੀ ਜਿਹੀ ਆਦਤ ਨਾਲ ਉਸ ਦੇ ਮਨ ਨੂੰ ਕਿੰਨਾ ਡੂੰਘਾ ਧੱਕਾ ਲੱਗਦਾ ਹੈ, ਕਦੀ ਇਹ ਸੋਚਿਆ ਹੈ? ਮੈਡਮ ਮੈਂ ਤੁਹਾਡਾ ਆਭਾਰੀ ਹਾਂ, ਤੁਸੀਂ ਏਨਾ ਦਿਲ ਨੂੰ ਛੂਹ ਲੈਣ ਵਾਲੀ phone call ਕਰਕੇ ਇੱਕ message ਮੈਨੂੰ ਦਿੱਤਾ। ਮੈਨੂੰ ਯਕੀਨ ਹੈ ਕਿ ਮੇਰੇ ਦੇਸ਼ ਵਾਸੀ ਵੀ ਗ਼ਰੀਬ ਦੇ ਨਾਲ ਜੋ ਅਜਿਹਾ ਵਰਤਾਓ ਕਰਨ ਦੀ ਆਦਤ ਹੋਵੇਗੀ, ਉਸ ਨੂੰ ਉਹ ਜ਼ਰੂਰ ਛੱਡ ਦੇਣਗੇ।

ਮੇਰੇ ਪਿਆਰੇ ਨੌਜਵਾਨ ਸਾਥੀਓ, 29 ਅਗਸਤ ਨੂੰ ਪੂਰਾ ਦੇਸ਼ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਇਹ ਮਹਾਨ hockey player ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦਾ ਜਨਮ ਦਿਵਸ ਹੈ, ਹਾਕੀ ਦੇ ਲਈ ਉਨਾਂ ਦਾ ਯੋਗਦਾਨ ਬੇਮਿਸਾਲ ਸੀ। ਮੈਂ ਇਸ ਗੱਲ ਨੂੰ ਇਸ ਲਈ ਯਾਦ ਕਰ ਰਿਹਾ ਹਾਂ ਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਖੇਡਾਂ ਨਾਲ ਜੁੜੇ। ਖੇਡਾਂ ਸਾਡੇ ਜੀਵਨ ਦਾ ਹਿੱਸਾ ਬਣਨ। ਜੇਕਰ ਸਾਡਾ ਦੇਸ਼ ਦੁਨੀਆ ਦਾ ਨੌਜਵਾਨ ਦੇਸ਼ ਹੈ ਤਾਂ ਸਾਡੀ ਇਹ ਜਵਾਨੀ ਖੇਡ ਦੇ ਮੈਦਾਨ ਵਿੱਚ ਵੀ ਨਜ਼ਰ ਆਉਣੀ ਚਾਹੀਦੀ ਹੈ। Sports ਭਾਵ physical fitness, mental alertness, personality enhancement ਮੈਂ ਸਮਝਦਾ ਹਾਂ ਕਿ ਇਸ ਤੋਂ ਜ਼ਿਆਦਾ ਕੀ ਚਾਹੀਦਾ ਹੈ? ਖੇਡ ਇੱਕ ਤਰ੍ਹਾਂ ਨਾਲ ਦਿਲਾਂ ਦੇ ਮੇਲ ਦੀ ਇੱਕ ਬਹੁਤ ਵੱਡੀ ਜੜੀ-ਬੂਟੀ ਹੈ। ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਖੇਡ ਜਗਤ ਵਿੱਚ ਅੱਗੇ ਆਏ ਅਤੇ ਅੱਜ computer ਦੇ ਯੁਗ ਵਿੱਚ ਤਾਂ ਮੈਂ ਚੇਤੇ ਵੀ ਕਰਵਾਉਣਾ ਚਾਹਾਂਗਾ ਕਿ playing field, play-station – ਤੋਂ ਜ਼ਿਆਦਾ ਮਹੱਤਵਪੂਰਨ ਹੈ। computer ’ਤੇ FIFA ਖੇਡੋ ਪਰ ਬਾਅਦ ’ਚ ਮੈਦਾਨ ਵਿੱਚ ਵੀ ਤਾਂ ਕਦੀ football ਨਾਲ ਕਰਤੱਬ ਕਰਕੇ ਦਿਖਾਓ। computer ’ਤੇ cricket ਖੇਡਦੇ ਹੋਵੋਗੇ ਪਰ ਖੁੱਲੇ ਮੈਦਾਨ ’ਚ ਅਸਮਾਨ ਦੇ ਹੇਠਾਂ cricket ਖੇਡਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਇੱਕ ਵੇਲਾ ਸੀ, ਜਦ ਪਰਿਵਾਰ ਦੇ ਬੱਚੇ ਬਾਹਰ ਜਾਂਦੇ ਸਨ ਤਾਂ ਮਾਂ ਪਹਿਲਾਂ ਪੁੱਛਦੀ ਸੀ ਕਿ ਤੁਸੀਂ ਵਾਪਸ ਕਦੋਂ ਆਓਗੇ, ਅੱਜ ਹਾਲਤ ਇਹ ਹੋ ਗਈ ਹੈ ਕਿ ਬੱਚੇ ਘਰ ਆਉਂਦਿਆਂ ਹੀ ਇੱਕ ਕੋਨੇ ਵਿੱਚ ਜਾਂ ਤਾਂ cartoon film ਵੇਖਣ ਲਗ ਜਾਂਦੇ ਹਨ ਜਾਂ mobile game ਨਾਲ ਚਿੰਬੜ ਜਾਂਦੇ ਹਨ ਅਤੇ ਮਾਂ ਨੂੰ ਚੀਕ ਕੇ ਕਹਿਣਾ ਪੈਂਦਾ ਹੈ ਕਿ ਤੂੰ ਬਾਹਰ ਕਦੋਂ ਜਾਏਂਗਾ, ਵੇਲੇ-ਵੇਲੇ ਦੀ ਗੱਲ ਹੈ। ਉਹ ਵੀ ਇੱਕ ਜ਼ਮਾਨਾ ਸੀ, ਜਦ ਮਾਂ-ਪੁੱਤ ਨੂੰ ਕਿਹਾ ਕਰਦੀ ਸੀ ਕਿ ਤੂੰ ਕਦ ਆਵੇਂਗਾ ਅਤੇ ਅੱਜ ਇਹ ਹਾਲ ਹੈ ਕਿ ਮਾਂ ਨੂੰ ਕਹਿਣਾ ਪੈਂਦਾ ਹੈ ਕਿ ਬੇਟਾ ਤੂੰ ਬਾਹਰ ਕਦ ਜਾਏਂਗਾ।

ਨੌਜਵਾਨ ਦੋਸਤੋ, ਖੇਡ ਮੰਤਰਾਲੇ ਨੇ ਖੇਡ ਪ੍ਰਤਿਭਾ ਦੀ ਖੋਜ ਅਤੇ ਉਸ ਨੂੰ ਨਿਖਾਰਨ ਲਈ ਇੱਕ Sports Talent Search Portal ਤਿਆਰ ਕੀਤਾ ਹੈ, ਜਿੱਥੇ ਪੂਰੇ ਦੇਸ਼ ਤੋਂ ਕੋਈ ਵੀ ਬੱਚਾ, ਜਿਸ ਨੇ ਖੇਡਾਂ ਦੇ ਖੇਤਰ ’ਚ ਕੁਝ ਉਪਲੱਬਧੀ ਹਾਸਲ ਕੀਤੀ ਹੈ, ਉਨਾਂ ਵਿੱਚ Talent ਹੋਵੇ, ਉਹ ਇਸ Portal ਉੱਪਰ ਆਪਣਾ Bio-Data ਜਾਂ video upload ਕਰ ਸਕਦੇ ਹਨ। Selected emerging players ਨੂੰ ਖੇਡ ਮੰਤਰਾਲਾ training ਦੇਵੇਗਾ ਅਤੇ ਮੰਤਰਾਲਾ ਕੱਲ ਹੀ ਇਸ Portal ਨੂੰ launch ਕਰਨ ਵਾਲਾ ਹੈ। ਸਾਡੇ ਨੌਜਵਾਨਾਂ ਲਈ ਤਾਂ ਖੁਸ਼ੀ ਦੀ ਖ਼ਬਰ ਹੈ ਕਿ ਭਾਰਤ ਵਿੱਚ 6 ਤੋਂ 28 ਅਕਤੂਬਰ ਤੱਕ FIFA Under 17 World Cup ਦਾ ਆਯੋਜਨ ਹੋਣ ਜਾ ਰਿਹਾ ਹੈ। ਦੁਨੀਆ ਭਰ ਤੋਂ 24 ਟੀਮਾਂ ਭਾਰਤ ਨੂੰ ਆਪਣਾ ਘਰ ਬਣਾਉਣ ਜਾ ਰਹੀਆਂ ਹਨ।

ਆਓ, ਦੁਨੀਆ ਭਰ ਤੋਂ ਆਉਣ ਵਾਲੇ ਸਾਡੇ ਨੌਜਵਾਨ ਮਹਿਮਾਨਾਂ ਦਾ, ਖੇਡ ਉਤਸਵ ਦਾ ਸਵਾਗਤ ਕਰੀਏ, ਖੇਡ ਨੂੰ enjoy ਕਰੀਏ, ਦੇਸ਼ ’ਚ ਇੱਕ ਮਾਹੌਲ ਬਣਾਈਏ। ਅੱਜ ਜਦ ਮੈਂ ਖੇਡਾਂ ਦੀ ਗੱਲ ਕਰ ਰਿਹਾ ਹਾਂ ਤਾਂ ਪਿਛਲੇ ਹਫ਼ਤੇ ਮੇਰੇ ਮਨ ਨੂੰ ਬਹੁਤ ਹੀ ਛੂਹ ਲੈਣ ਵਾਲੀ ਇੱਕ ਘਟਨਾ ਵਾਪਰੀ, ਦੇਸ਼ ਵਾਸੀਆਂ ਦੇ ਨਾਲ share ਕਰਨਾ ਚਾਹੁੰਦਾ ਹਾਂ। ਮੈਨੂੰ ਬਹੁਤ ਹੀ ਛੋਟੀ ਉਮਰ ਦੀਆਂ ਕੁਝ ਬੇਟੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਉਨਾਂ ਵਿੱਚੋਂ ਕੁਝ ਬੇਟੀਆਂ ਤਾਂ ਹਿਮਾਲਿਆ ’ਚ ਪੈਦਾ ਹੋਈਆਂ ਸਨ, ਸਮੁੰਦਰ ਨਾਲ ਜਿਨਾਂ ਦਾ ਕੋਈ ਨਾਤਾ ਵੀ ਨਹੀਂ ਸੀ, ਅਜਿਹੀਆਂ ਸਾਡੇ ਦੇਸ਼ ਦੀਆਂ 6 ਬੇਟੀਆਂ ਜੋ Navy ’ਚ ਕੰਮ ਕਰਦੀਆਂ ਹਨ। ਉਨਾਂ ਦਾ ਜਜ਼ਬਾ, ਉਨਾਂ ਦਾ ਹੌਸਲਾ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦੇਣ ਵਾਲਾ ਹੈ। ਇਹ 6 ਬੇਟੀਆਂ ਇੱਕ ਛੋਟੀ ਜਿਹੀ boat ਲੈ ਕੇ INS Tarini (ਤਾਰਿਣੀ) ਉਸ ਨੂੰ ਲੈ ਕੇ ਸਮੁੰਦਰ ਪਾਰ ਕਰਨ ਲਈ ਨਿਕਲ ਪੈਣਗੀਆਂ। ਇਸ ਮੁਹਿੰਮ ਨੂੰ ਨਾਮ ਦਿੱਤਾ ਗਿਆ ਹੈ ‘ਨਾਵਿਕਾ ਸਾਗਰ ਪਰਿਕਰਮਾ’ ਅਤੇ ਉਹ ਪੂਰੀ ਦੁਨੀਆ ਦਾ ਭ੍ਰਮਣ ਕਰਕੇ ਮਹੀਨਿਆਂ ਬਾਅਦ, ਕਈ ਮਹੀਨਿਆਂ ਬਾਅਦ ਭਾਰਤ ਵਾਪਸ ਆਉਣਗੀਆਂ। ਤਕਰੀਬਨ ਇਕੱਠਿਆਂ 40-40 ਦਿਨ ਪਾਣੀ ’ਚ ਬਿਤਾਉਣਗੀਆਂ। ਕਦੀ-ਕਦੀ 30-30 ਦਿਨ ਪਾਣੀ ’ਚ ਬਿਤਾਉਣਗੀਆਂ। ਸਮੁੰਦਰ ਦੀਆਂ ਲਹਿਰਾਂ ਵਿੱਚ ਦਲੇਰੀ ਨਾਲ ਸਾਡੀਆਂ ਇਹ 6 ਬੇਟੀਆਂ ਅਤੇ ਇਹ ਵਿਸ਼ਵ ਵਿੱਚ ਪਹਿਲੀ ਘਟਨਾ ਹੋ ਰਹੀ ਹੈ, ਕਿਹੜਾ ਹਿੰਦੁਸਤਾਨੀ ਹੋਵੇਗਾ, ਜਿਸ ਨੂੰ ਸਾਡੀਆਂ ਇਨਾਂ ਬੇਟੀਆਂ ਉੱਪਰ ਮਾਣ ਨਾ ਹੋਵੇ। ਮੈਂ ਇਨਾਂ ਬੇਟੀਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਉਨਾਂ ਨੂੰ ਕਿਹਾ ਹੈ ਕਿ ਉਹ ਪੂਰੇ ਦੇਸ਼ ਨਾਲ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ। ਮੈਂ ਵੀ NarendraModi App ਉੱਪਰ ਉਨਾਂ ਦੇ ਤਜ਼ਰਬਿਆਂ ਲਈ ਇੱਕ ਅਲੱਗ ਇੰਤਜ਼ਾਮ ਕਰਾਂਗਾ ਤਾਂ ਕਿ ਤੁਸੀਂ ਉਸ ਨੂੰ ਜ਼ਰੂਰ ਪੜ੍ਹ ਸਕੋ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਸਾਹਸ ਦੀ ਗਾਥਾ ਹੈ। ਸਵੈ-ਅਨੁਭਵ ਦੀ ਗਾਥਾ ਹੋਵੇਗੀ ਅਤੇ ਮੈਨੂੰ ਇਨਾਂ ਬੇਟੀਆਂ ਦੀਆਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਖੁਸ਼ੀ ਹੋਵੇਗੀ। ਮੇਰੇ ਵੱਲੋਂ ਇਨਾਂ ਬੇਟੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਆਸ਼ੀਰਵਾਦ।

ਮੇਰੇ ਪਿਆਰੇ ਦੇਸ਼ ਵਾਸੀਓ, 5 ਸਤੰਬਰ ਨੂੰ ਅਸੀਂ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ। ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਵਸ ਹੈ। ਉਹ ਰਾਸ਼ਟਰਪਤੀ ਸਨ ਪਰ ਜੀਵਨ ਭਰ ਆਪਣੇ ਆਪ ਨੂੰ ਇੱਕ ਅਧਿਆਪਕ ਦੇ ਰੂਪ ਵਿੱਚ ਹੀ ਪੇਸ਼ ਕਰਦੇ ਰਹੇ। ਉਹ ਹਮੇਸ਼ਾ ਅਧਿਆਪਕ ਦੇ ਰੂਪ ਵਿੱਚ ਹੀ ਜੀਣਾ ਪਸੰਦ ਕਰਦੇ ਸਨ। ਉਹ ਸਿੱਖਿਆ ਪ੍ਰਤੀ ਸਮਰਪਿਤ ਸਨ। ਉਹ ਅਧਿਐਨ ਕਰਨ ਵਾਲੇ ਇੱਕ ਰਾਜਨੀਤਿਕ, ਭਾਰਤ ਦੇ ਰਾਸ਼ਟਰਪਤੀ ਪਰ ਹਰ ਪਲ ਇੱਕ ਜਿਊਂਦੇ ਜਾਗਦੇ ਅਧਿਆਪਕ ਸਨ। ਮੈਂ ਉਨਾਂ ਨੂੰ ਨਮਨ ਕਰਦਾ ਹਾਂ।

ਮਹਾਨ ਵਿਗਿਆਨਕ ਅਲਬਰਟ ਆਇਨਸਟਾਈਨ ਨੇ ਕਿਹਾ ਸੀ ਕਿ It is the supreme art of the teacher to awaken joy in creative expression and knowledge ਆਪਣੇ ਵਿਦਿਆਰਥੀਆਂ ’ਚ ਸਿਰਜਣਾਤਮਕ ਭਾਵ ਅਤੇ ਗਿਆਨ ਦਾ ਆਨੰਦ ਜਗਾਉਣਾ ਹੀ ਇੱਕ ਅਧਿਆਪਕ ਦਾ ਸਭ ਤੋਂ ਮਹੱਤਵਪੂਰਨ ਗੁਣ ਹੈ। ਇਸ ਵਾਰ ਜਦ ਅਸੀਂ ਅਧਿਆਪਕ ਦਿਵਸ ਮਨਾਈਏ। ਕੀ ਅਸੀਂ ਸਾਰੇ ਮਿਲ ਕੇ ਇੱਕ ਸੰਕਲਪ ਕਰ ਸਕਦੇ ਹਾਂ? ਇੱਕ mission mode ’ਚ ਇੱਕ ਮੁਹਿੰਮ ਚਲਾ ਸਕਦੇ ਹਾਂ? “ Teach to Transform, Educate to Empower, Learn to Lead ਇਸ ਸੰਕਲਪ ਦੇ ਨਾਲ ਕੀ ਅਸੀਂ ਇਸ ਗੱਲ ਨੂੰ ਅੱਗੇ ਵਧਾ ਸਕਦੇ ਹਾਂ? ਹਰ ਕਿਸੇ ਨੂੰ ਪੰਜ ਸਾਲ ਲਈ ਕਿਸੇ ਸੰਕਲਪ ਨਾਲ ਬੰਨ੍ਹੋਂ, ਉਸ ਨੂੰ ਸਿੱਧ ਕਰਨ ਦਾ ਰਾਹ ਵਿਖਾਓ ਅਤੇ ਪੰਜ ਸਾਲ ’ਚ ਉਹ ਉਸ ਸੰਕਲਪ ਨੂੰ ਪ੍ਰਾਪਤ ਕਰ ਲਵੇ। ਜੀਵਨ ’ਚ ਸਫਲ ਹੋਣ ਦਾ ਆਨੰਦ ਪ੍ਰਾਪਤ ਕਰੇ। ਅਜਿਹਾ ਮਾਹੌਲ ਸਾਡੇ ਸਕੂਲ, ਸਾਡੇ ਕਾਲਜ, ਸਾਡੇ ਅਧਿਆਪਕ, ਸਾਡੀਆਂ ਸਿੱਖਿਆ ਸੰਸਥਾਵਾਂ ਇਹ ਕਰ ਸਕਦੀਆਂ ਹਨ ਅਤੇ ਆਪਣੇ ਦੇਸ਼ ’ਚ ਜਦ ਅਸੀਂ transformation ਦੀ ਗੱਲ ਕਰਦੇ ਹਾਂ ਤਾਂ ਜਿਵੇਂ ਪਰਿਵਾਰ ਵਿੱਚ ਮਾਂ ਦੀ ਯਾਦ ਆਉਦੀ ਹੈ, ਉਵੇਂ ਹੀ ਸਮਾਜ ਵਿੱਚ ਅਧਿਆਪਕ ਦੀ ਯਾਦ ਆਉਦੀ ਹੈ। transformation ਵਿੱਚ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਹਰ ਅਧਿਆਪਕ ਦੇ ਜੀਵਨ ਵਿੱਚ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਹਨ, ਜਿਸ ਦੀਆਂ ਸਹਿਜ ਕੋਸ਼ਿਸ਼ਾਂ ਨਾਲ ਜ਼ਿੰਦਗੀ ਦੀ transformation ਵਿੱਚ ਸਫਲਤਾ ਮਿਲੀ ਹੋਵੇਗੀ। ਜੇਕਰ ਅਸੀਂ ਸਮੂਹਿਕ ਰੂਪ ਵਿੱਚ ਯਤਨ ਕਰੀਏ ਤਾਂ ਰਾਸ਼ਟਰ ਦੇ transformation ’ਚ ਅਸੀਂ ਬਹੁਤ ਵੱਡੀ ਭੂਮਿਕਾ ਨਿਭਾਵਾਂਗੇ। ਆਓ, teach to transform ਇਸ ਮੰਤਰ ਨੂੰ ਲੈ ਕੇ ਨਿਕਲ ਪਈਏ।

‘ਪ੍ਰਣਾਮ ਪ੍ਰਧਾਨ ਮੰਤਰੀ ਜੀ, ਮੇਰਾ ਨਾਮ ਡਾ. ਅਨੱਨਿਆ ਅਵਸਥੀ ਹੈ, ਮੈਂ ਮੁੰਬਈ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ Harvard University ਦੇ India Research Centre ਲਈ ਕੰਮ ਕਰਦੀ ਹਾਂ, ਇੱਕ researcher ਦੇ ਤੌਰ ’ਤੇ ਮੇਰੀ ਖ਼ਾਸ ਰੁਚੀ ਰਹੀ ਹੈ। ਵਿੱਤੀ ਸਮਾਵੇਸ਼ ਵਿੱਚ ਜਿਸ ਨੂੰ ਅਸੀਂ financial inclusion ਇਸ ਨਾਲ related social schemes ਨੂੰ ਲੈ ਕੇ ਅਤੇ ਮੇਰਾ ਤੁਹਾਨੂੰ ਪ੍ਰਸ਼ਨ ਇਹ ਹੈ ਕਿ 2014 ’ਚ ਜੋ ‘ਜਨ-ਧਨ ਯੋਜਨਾ’ launch ਹੋਈ, ਕੀ ਤੁਸੀਂ ਕਹਿ ਸਕਦੇ ਹੋ, ਕੀ ਅੰਕੜੇ ਦਰਸਾਉਦੇ ਹਨ ਕਿ ਅੱਜ 3 ਵਰਿਆਂ ਬਾਅਦ ਭਾਰਤ ਵਰਸ਼ financially ਜ਼ਿਆਦਾ secure ਹੈ ਜਾਂ ਜ਼ਿਆਦਾ ਸਸ਼ਕਤ ਹੈ ਅਤੇ ਕੀ ਇਹ ਸਸ਼ਕਤੀਕਰਨ ਅਤੇ ਸਹੂਲਤਾਂ ਸਾਡੀਆਂ ਔਰਤਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਪਿੰਡਾਂ ਅਤੇ ਕਸਬਿਆਂ ਨੂੰ ਪ੍ਰਾਪਤ ਹੋਈਆਂ ਹਨ? ਧੰਨਵਾਦ।’

ਮੇਰੇ ਪਿਆਰੇ ਦੇਸ਼ ਵਾਸੀਓ, ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ financial inclusion, ਇਹ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆ ’ਚ ਆਰਥਿਕ ਜਗਤ ਦੇ ਮਾਹਿਰਾਂ ਦੀ ਚਰਚਾ ਦਾ ਵਿਸ਼ਾ ਰਿਹਾ ਹੈ। 28 ਅਗਸਤ 2014 ਨੂੰ ਮਨ ਵਿੱਚ ਇੱਕ ਸੁਪਨਾ ਲੈ ਕੇ ਇਸ ਮੁਹਿੰਮ ਨੂੰ ਆਰੰਭ ਕੀਤਾ ਸੀ। ਕੱਲ 28 ਅਗਸਤ ਨੂੰ ਇਸ ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਦੀ ਮੁਹਿੰਮ ਦੇ 3 ਸਾਲ ਪੂਰੇ ਹੋਣ ਜਾ ਰਹੇ ਹਨ। 30 ਕਰੋੜ ਨਵੇਂ ਪਰਿਵਾਰਾਂ ਨੂੰ ਇਸ ਨਾਲ ਜੋੜਿਆ ਹੈ , bank account ਖੋਲਿਆ ਹੈ। ਇਹ ਨੰਬਰ ਦੁਨੀਆ ਦੇ ਕਈ ਦੇਸ਼ਾਂ ਦੀ ਅਬਾਦੀ ਤੋਂ ਵੀ ਵੱਧ ਹੈ। ਅੱਜ ਮੈਨੂੰ ਇੱਕ ਬਹੁਤ ਵੱਡੀ ਤਸੱਲੀ ਹੈ ਕਿ 3 ਸਾਲ ਦੇ ਅੰਦਰ-ਅੰਦਰ ਸਮਾਜ ਦੇ ਉਸ ਅਖੀਰਲੇ ਸਿਰੇ ’ਤੇ ਬੈਠਾ ਹੋਇਆ ਮੇਰਾ ਗ਼ਰੀਬ ਭਰਾ ਦੇਸ਼ ਦੀ ਅਰਥਵਿਵਸਥਾ ਦੀ ਮੂਲ ਧਾਰਾ ਦਾ ਹਿੱਸਾ ਬਣਿਆ ਹੈ। ਉਸ ਦੀ ਆਦਤ ਬਦਲੀ ਹੈ। ਉਹ ਬੈਂਕ ’ਚ ਆਉਣ-ਜਾਣ ਲੱਗਾ ਹੈ। ਉਹ ਪੈਸਿਆਂ ਦੀ ਬੱਚਤ ਕਰਨ ਲੱਗ ਪਿਆ ਹੈ। ਉਹ ਪੈਸਿਆਂ ਦੀ ਸੁਰੱਖਿਆ ਮਹਿਸੂਸ ਕਰ ਰਿਹਾ ਹੈ। ਕਦੀ ਪੈਸੇ ਹੱਥ ’ਚ ਰਹਿੰਦੇ ਹਨ, ਕਦੀ ਜੇਬ ’ਚ। ਘਰ ਵਿੱਚ ਹਨ ਤਾਂ ਫਾਲਤੂ ਖਰਚ ਕਰਨ ਨੂੰ ਮਨ ਕਰਦਾ ਹੈ। ਹੁਣ ਇੱਕ ਸਬਰ ਦਾ ਮਾਹੌਲ ਬਣਿਆ ਹੈ ਅਤੇ ਹੌਲ਼ੀ-ਹੌਲ਼ੀ ਉਸ ਨੂੰ ਵੀ ਲੱਗਣ ਲੱਗ ਪਿਆ ਹੈ ਕਿ ਪੈਸੇ ਕਿਧਰੇ ਬੱਚਿਆਂ ਦੇ ਕੰਮ ਆਉਣਗੇ। ਆਉਣ ਵਾਲੇ ਦਿਨਾਂ ’ਚ ਕੋਈ ਚੰਗਾ ਕੰਮ ਕਰਨਾ ਹੈ ਤਾਂ ਪੈਸੇ ਕੰਮ ਆਉਣਗੇ। ਏਨਾ ਹੀ ਨਹੀਂ, ਜੋ ਗ਼ਰੀਬ ਆਪਣੀ ਜੇਬ ’ਚ RuPay Card ਵੇਖਦਾ ਹੈ ਤਾਂ ਆਪਣੇ ਆਪ ਨੂੰ ਅਮੀਰਾਂ ਦੇ ਬਰਾਬਰ ਸਮਝਦਾ ਹੈ ਕਿ ਉਸ ਦੀ ਜੇਬ ਵਿੱਚ ਵੀ credit card ਹੈ ਅਤੇ ਮੇਰੀ ਜੇਬ ਵਿੱਚ ਹੀ ਇਹ RuPay Card ਹੈ। ਉਹ ਇੱਕ ਸਨਮਾਨ ਦੀ ਭਾਵਨਾ ਮਹਿਸੂਸ ਕਰਦਾ ਹੈ। ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ’ਚ ਸਾਡੇ ਗ਼ਰੀਬਾਂ ਵੱਲੋਂ ਤਕਰੀਬਨ 65 ਹਜ਼ਾਰ ਕਰੋੜ ਰੁਪਈਆ ਬੈਂਕਾਂ ’ਚ ਜਮਾਂ ਹੋਇਆ ਹੈ। ਇੱਕ ਤਰ੍ਹਾਂ ਨਾਲ ਇਹ ਗ਼ਰੀਬਾਂ ਦੀ ਬੱਚਤ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਉਨਾਂ ਦੀ ਤਾਕਤ ਹੈ ਅਤੇ ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਦੇ ਨਾਲ ਜਿਸ ਦਾ ਅਕਾਊਂਟ ਖੁੱਲ੍ਹਿਆ, ਉਸ ਨੂੰ ਇੰਸ਼ੋਰੈਂਸ ਦਾ ਵੀ ਲਾਭ ਮਿਲਿਆ ਹੈ। ‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ’ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ – ਇੱਕ ਰੁਪਈਆ, ਤੀਹ ਰੁਪਏ ਬਹੁਤ ਮਾਮੂਲੀ ਜਿਹਾ ਪ੍ਰੀਮੀਅਮ ਅੱਜ ਉਹ ਗ਼ਰੀਬਾਂ ਦੀ ਜ਼ਿੰਦਗੀ ’ਚ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ। ਕਈ ਪਰਿਵਾਰਾਂ ਵਿੱਚ ਇੱਕ ਰੁਪਈਏ ਦੇ ਬੀਮੇ ਨਾਲ, ਜਦ ਗ਼ਰੀਬ ਆਦਮੀ ਉੱਪਰ ਕਸ਼ਟ ਆਇਆ, ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ, ਕੁਝ ਹੀ ਦਿਨਾਂ ਵਿੱਚ ਉਸ ਨੂੰ 2 ਲੱਖ ਰੁਪਈਏ ਮਿਲ ਗਏ। ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ‘ਸਟਾਰਟ ਅੱਪ ਯੋਜਨਾ’ ‘ਸਟੈਂਡ ਅੱਪ ਯੋਜਨਾ’ ਦਲਿਤ ਹੋਵੇ, ਆਦਿਵਾਸੀ ਹੋਵੇ, ਔਰਤ ਹੋਵੇ, ਪੜ੍ਹ-ਲਿਖ ਕੇ ਨਿਕਲਿਆ ਹੋਇਆ ਨੌਜਵਾਨ ਹੋਵੇ, ਆਪਣੇ ਪੈਰਾਂ ’ਤੇ ਖਲੋ ਕੇ ਕੁਝ ਕਰਨ ਦਾ ਇਰਾਦਾ ਰੱਖਣ ਵਾਲੇ ਨੌਜਵਾਨ ਹੋਣ, ਕਰੋੜਾਂ-ਕਰੋੜਾਂ ਨੌਜਵਾਨਾਂ ਨੂੰ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ਤੋਂ ਬੈਂਕਾਂ ਤੋਂ ਬਿਨਾਂ ਕਿਸੇ ਗਾਰੰਟੀ ਦੇ ਪੈਸੇ ਮਿਲੇ ਅਤੇ ਉਹ ਖੁਦ ਆਪਣੇ ਪੈਰਾਂ ਉੱਪਰ ਖੜੇ ਹੋਏ। ਏਨਾ ਹੀ ਨਹੀਂ, ਹਰ ਕਿਸੇ ਨੇ ਇੱਕ -ਅੱਧ, ਇੱਕ -ਅੱਧ ਦੋ ਨੂੰ ਰੋਜ਼ਗਾਰ ਦੇਣ ਦੀ ਸਫ਼ਲ ਕੋਸ਼ਿਸ਼ ਵੀ ਕੀਤੀ ਹੈ, ਪਿਛਲੇ ਦਿਨੀਂ ਬੈਂਕਾਂ ਦੇ ਲੋਕ ਮੈਨੂੰ ਮਿਲੇ ਸਨ, ‘ਜਨ-ਧਨ ਯੋਜਨਾ’ ਕਾਰਣ, ਇੰਸ਼ੋਰੈਂਸ ਦੇ ਕਾਰਣ, RuPay Card ਦੇ ਕਾਰਣ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਕਾਰਣ ਆਮ ਲੋਕਾਂ ਨੂੰ ਕੀ ਲਾਭ ਹੋਇਆ ਹੈ, ਇਸ ਦਾ ਉਨਾਂ ਨੇ ਸਰਵੇ ਕਰਵਾਇਆ ਅਤੇ ਬੜੀਆਂ ਪ੍ਰੇਰਣਾ ਦੇਣ ਵਾਲੀਆਂ ਘਟਨਾਵਾਂ ਵੇਖਣ ਵਿੱਚ ਆਈਆਂ। ਅੱਜ ਏਨਾ ਸਮਾਂ ਨਹੀਂ ਹੈ ਪਰ ਮੈਂ ਬੈਂਕ ਦੇ ਲੋਕਾਂ ਨੂੰ ਜ਼ਰੂਰ ਕਹਾਂਗਾ ਕਿ ਅਜਿਹੀਆਂ ਘਟਨਾਵਾਂ ਨੂੰ ਉਹ MyGov.in ਉੱਪਰ ਅੱਪਲੋਡ ਕਰਨ। ਲੋਕ ਪੜ੍ਹਨ, ਲੋਕਾਂ ਨੂੰ ਉਸ ਤੋਂ ਪ੍ਰੇਰਣਾ ਮਿਲੇਗੀ ਕਿ ਕਿਵੇਂ ਕੋਈ ਯੋਜਨਾ ਵਿਅਕਤੀ ਦੇ ਜੀਵਨ ਵਿੱਚ transformation ਲਿਆਉਂਦੀ ਹੈ, ਕਿਵੇਂ ਨਵੀਂ ਊਰਜਾ ਭਰਦੀ ਹੈ, ਕਿਵੇਂ ਨਵਾਂ ਵਿਸ਼ਵਾਸ ਭਰਦਾ ਹੈ, ਇਸ ਦੀਆਂ ਸੈਂਕੜੇ ਮਿਸਾਲਾਂ ਮੇਰੇ ਸਾਹਮਣੇ ਆਈਆਂ ਹਨ। ਤੁਹਾਡੇ ਤੱਕ ਪਹੁੰਚਾਉਣ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਅਤੇ ਅਜਿਹੀਆਂ ਪ੍ਰੇਰਣਾ ਦੇਣ ਵਾਲੀਆਂ ਘਟਨਾਵਾਂ ਹਨ ਕਿ ਮੀਡੀਆ ਦੇ ਲੋਕ ਵੀ ਇਸ ਦਾ ਪੂਰਾ ਫਾਇਦਾ ਲੈ ਸਕਦੇ ਹਨ। ਉਹ ਵੀ ਅਜਿਹੇ ਲੋਕਾਂ ਨਾਲ ਇੰਟਰਵਿਊ ਕਰਕੇ ਨਵੀਂ ਪੀੜ੍ਹੀ ਨੂੰ ਨਵੀਂ ਪ੍ਰੇਰਣਾ ਦੇ ਸਕਦੇ ਹਨ।

ਮੇਰੇ ਪਿਆਰੇ ਦੇਸ਼ ਵਾਸੀਓ, ਇੱਕ ਵਾਰ ਫੇਰ ਤੁਹਾਨੂੰ ਮਿੱਛਾਮੀ ਦੁੱਕੜਮ। ਬਹੁਤ-ਬਹੁਤ ਧੰਨਵਾਦ ।

******

AKT/NT