Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿਲਵਾਸਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਸਿਲਵਾਸਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ  ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਸਿਲਵਾਸਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ  ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਸਿਲਵਾਸਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ  ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੇਰੇ ਪਿਆਰੇ ਭਾਈਓ-ਭੈਣੋਂ।

ਅੱਜ ਪ੍ਰਧਾਨ ਸੇਵਕ ਦੇ ਤੌਰ ’ਤੇ ਮੈਂ ਫਿਰ ਇੱਕ ਵਾਰ ਤੁਹਾਡੇ ਦਰਮਿਆਨ ਹਾਂ। ਲੇਕਿਨ ਉਸ ਤੋਂ ਪਹਿਲਾਂ ਵੀ ਇਹ ਦਮਨ ਹੋਵੇ, ਦੀਵ ਹੋਵੇ, ਸਿਲਵਾਸਾ ਹੋਵੇ, ਇੱਥੋ ਦੇ ਪਿੰਡ ਹੋਣ ਇਹ ਮੇਰੇ ਲਈ ਨਵੇਂ ਨਹੀਂ ਹਨ। ਕਈ ਵਾਰ ਆਉਣ ਦਾ ਮੌਕਾ ਮਿਲਿਆ ਹੈ। ਦਾਦਰਾ ਨਗਰ ਹਵੇਲੀ ਅਤੇ ਦਮਨ ਦੀਵ ਦੀਆਂ ਸੜਕਾਂ ’ਤੇ ਕਦੇ ਸਕੂਟਰ ’ਤੇ ਘੁੰਮਣ ਦਾ ਮੌਕਾ ਮਿਲਦਾ ਸੀ। ਇੱਥੋ ਦੇ ਖਾਣ-ਪੀਣ, ਰੀਤੀ ਰਿਵਾਜ, ਇੱਥੋ ਦੀ ਨਾਗਲੀ, ਸਭ ਕੁਝ ਜਦੋਂ ਇੱਥੇ ਆਉਂਦਾ ਹਾਂ ਤਾਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਹਨ। ਤੁਹਾਡੇ ਪਿਆਰ ਨੇ ਮੈਨੂੰ ਭਾਵੁਕ ਕੀਤਾ ਹੈ।

ਸਾਥੀਓ, 2017 ਵਿੱਚ ਜਦੋਂ ਅਪ੍ਰੈਲ ਦੇ ਮਹੀਨੇ ਵਿੱਚ ਮੈਂ ਤੁਹਾਡੇ ਦਰਮਿਆਨ ਆਇਆ ਸਾਂ ਤਾਂ ਅਨੇਕ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਸੀ। ਮੈਨੂੰ ਖੁਸ਼ੀ ਹੈ ਕਿ ਇੰਨੇ ਘੱਟ ਸਮੇਂ ਵਿੱਚ ਜ਼ਿਆਦਾਤਰ ਕਾਰਜ ਪੂਰਾ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਦਾ ਅੱਜ ਲੋਕਅਰਪਣ ਕੀਤਾ ਜਾ ਰਿਹਾ ਹੈ। ਅੱਜ ਇੱਕ ਵਾਰ ਜਦੋਂ ਫਿਰ ਤੁਹਾਡੇ ਦਰਮਿਆਨ ਹਾਂ ਤਾਂ ਇੱਥੇ 1400 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਪ੍ਰੋਜੈਕਟ, ਇੱਥੋ ਦੀ connectivity, infrastructure, ਸਿਹਤ ਅਤੇ ਸਿੱਖਿਆ, ਸੈਰ-ਸਪਾਟਾ, ਸੱਭਿਆਚਾਰ, ਵਿਰਾਸਤ ਇਨ੍ਹਾਂ ਸਾਰੇ ਅਨੇਕ ਪਹਿਲੂਆਂ ਨਾਲ ਜੁੜੇ ਇੱਥੋ ਦੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਅੱਜ ਇੱਥੇ ਨਵੀਂ Industrial Policy ਅਤੇ ਨਵੀਂ IT Policy ਵੀ launch ਕੀਤੀ ਗਈ ਹੈ। ਨਵੇਂ ਵਰ੍ਹੇ ’ਤੇ ਇਨ੍ਹਾਂ ਉਪਹਾਰਾਂ ਲਈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ।

ਭਾਈਓ ਅਤੇ ਭੈਣੋਂ, ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ’ਤੇ ਚਲ ਰਹੀ ਕੇਂਦਰ ਸਰਕਾਰ ਵਿਕਾਸ ਦੀ ਪੰਚਧਾਰਾ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ। ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ, ਇਹ ਸਾਡੇ ਲਈ ਵਿਕਾਸ ਦਾ ਰਾਜਮਾਰਗ ਹੈ। ਮੈਨੂੰ ਦੇਖ ਕੇ ਵੀ ਖੁਸ਼ੀ ਹੁੰਦੀ ਹੈ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਦਮਨ, ਦੀਵ ਅਤੇ ਦਾਦਰਾ ਨਗਰ ਹਵੇਲੀ ਦਾ ਵਿਕਾਸ ਨਵੀਆਂ ਉਚਾਈਆਂ ’ਤੇ ਪਹੁੰਚ ਰਿਹਾ ਹੈ।

ਇਨ੍ਹਾਂ ਦੋਹਾਂ ਹੀ ਖੇਤਰਾਂ ਦੀ ਇੱਕ ਨਵੀਂ ਪਹਿਚਾਣ ਬਣੀ ਹੈ। ਅਨੇਕ ਵਿਸ਼ਿਆਂ ਵਿੱਚ ਇਹ ਦੋਵੇਂ ਕੇਂਦਰ ਸੰਘ ਪ੍ਰਦੇਸ਼ ਵਿਵਸਥਾਵਾਂ ਵਿੱਚ ਅਪੂਰਨਤਾ ਤੋਂ ਨਿਕਲ ਕੇ ਪੂਰਨਤਾ ਵੱਲ ਅੱਗੇ ਵਧੇ ਹਨ। ਅੱਜ ਦਮਨ, ਦੀਵ ਅਤੇ ਦਾਦਰਾ ਨਗਰ ਹਵੇਲੀ ਦੋਵੇਂ ਹੀ ਖੁਦ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਐਲਾਨ ਕਰ ਚੁੱਕੇ ਹਨ। ਅੱਜ ਦੋਹਾਂ ਹੀ ਖੇਤਰਾਂ ਦੇ ਹਰ ਘਰ ਵਿੱਚ LPG connection ਹੈ ਅਤੇ ਦੋਵੇਂ ਹੀ ਕੈਰੋਸੀਨ ਫਰੀ ਐਲਾਨ ਕੀਤੇ ਜਾ ਚੁੱਕੇ ਹਨ। ਅੱਜ ਦੋਵਾਂ ਯੂਨੀਅਨ ਟੈਰੀਟਰੀ ਦੇ ਸਾਰੇ ਘਰਾਂ ਵਿੱਚ ਬਿਜਲੀ ਕਨੈਕਸ਼ਨ ਹੈ। ਪਾਣੀ ਦਾ ਕਨੈਕਸ਼ਨ ਹੈ ਅੱਜ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਰਹਿਣ ਵਾਲੇ ਉਹ ਗ਼ਰੀਬ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਲੈਣ ਦੇ ਯੋਗ ਸਨ, ਉਨ੍ਹਾਂ ਨੂੰ ਘਰਾਂ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਅੱਜ ਦੋਹਾਂ ਹੀ ਖੇਤਰਾਂ ਦੇ ਉਹ ਲੋਕ ਜਿਨ੍ਹਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਮਿਲਣਾ ਹੈ ਨੂੰ Gold Card ਜਾਰੀ ਕੀਤੇ ਜਾ ਚੁੱਕੇ ਹਨ।

ਸਾਥੀਓ, ਜੇਕਰ ਮੈਂ ਬੀਤੇ ਤਿੰਨ ਵਰ੍ਹਿਆਂ ਦੀ ਹੀ ਗੱਲ ਕਰਾਂ ਤਾਂ ਇਨ੍ਹਾਂ ਦੋਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਰੀਬ-ਕਰੀਬ ਨੌ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਨੌ ਹਜ਼ਾਰ ਕਰੋੜ, ਤੁਸੀਂ ਕਲਪਨਾ ਕਰ ਸਕਦੇ ਹੋ ਹੁਣ ਸਾਡਾ ਖੇਤਰ ਕਿੱਥੋਂ ਤੋਂ ਕਿੱਥੇ ਪਹੁੰਚ ਰਿਹਾ ਹੈ। ਇਸ ਰਾਸ਼ੀ ਨਾਲ ਅਨੇਕ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਅਨੇਕ ਨੂੰ ਪੂਰਾ ਕੀਤਾ ਗਿਆ ਹੈ। ਇਸ ਕੜੀ ਵਿੱਚ ਅੱਜ ਇੱਥੇ ਸਿਹਤ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਤੁਹਾਡੀ ਇੱਕ ਬਹੁਤ ਪੁਰਾਣੀ ਮੰਗ ਵੀ ਪੂਰੀ ਹੋਈ ਹੈ। ਦਾਦਰਾ ਨਗਰ ਹਵੇਲੀ ਦਮਨ ਅਤੇ ਦੀਵ ਨੂੰ ਅਜ਼ਾਦੀ ਦੇ ਇੰਨੇ ਦਹਾਕਿਆਂ ਦੇ ਬਾਅਦ ਆਪਣਾ ਪਹਿਲਾ ਮੈਡੀਕਲ ਕਾਲਜ ਮਿਲਿਆ। ਅੱਜ ਤੱਕ ਦੋਹਾਂ ਕੇਂਦਰ ਸ਼ਾਸਿਤ ਰਾਜਾਂ ਨੂੰ ਸਾਲ ਵਿੱਚ ਸਿਰਫ਼ 15 ਸੀਟਾਂ ਹੀ ਅਲੱਗ-ਅਲੱਗ ਜਗ੍ਹਾ ’ਤੇ ਮਿਲਦੀਆਂ ਸਨ। ਹੁਣ ਪ੍ਰਯਤਨ ਨਾਲ 150 ਸੀਟਾਂ ਇੱਕ ਹੀ ਜਗ੍ਹਾ ’ਤੇ ਇਸ ਨਵੇਂ ਮੈਡੀਕਲ ਕਾਲਜ ਵਿੱਚ ਸ਼ੁਰੂ ਹੋ ਰਹੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅੱਗੇ ਚਲ ਕੇ ਡੇਢ ਸੌ ’ਤੇ ਹੀ ਰੁਕੇਗਾ। ਜਿਵੇਂ ਕੰਮ ਵਧੇਗਾ students ਦੀ ਗਿਣਤੀ ਵੀ ਵਧੇਗੀ।

ਭਾਈਓ ਅਤੇ ਭੈਣੋਂ, ਕੋਸ਼ਿਸ਼ ਇਹ ਵੀ ਹੋ ਰਹੀ ਹੈ ਕਿ ਬਿਨਾ ਸਮਾਂ ਗਵਾਏ ਇੱਕ ਵਿਕਲਪਿਕ ਬਿਲਡਿੰਗ ਨਾਲ ਇਸੇ ਵਰ੍ਹੇ ਤੋਂ ਹੀ ਮੈਡੀਕਲ ਕਾਲਜ ਸ਼ੁਰੂ ਕੀਤਾ ਜਾ ਸਕੇ। ਮੈਨੂੰ ਵੀ ਦੱਸਿਆ ਗਿਆ ਹੈ ਕਿ Medical Education ਨੂੰ ਹੁਲਾਰਾ ਦੇਣ ਲਈ ਸਿਲਵਾਸਾ ਵਿੱਚ ਪੈਰਾ ਮੈਡੀਕਲ ਦੀਆਂ ਕਰੀਬ ਢਾਈ ਸੌ ਅਤੇ ਦਮਨ ਵਿੱਚ ਨਰਸਿੰਗ ਦੀਆਂ 50 ਸੀਟਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਪ੍ਰਯਤਨਾ ਨਾਲ ਨੌਜਵਾਨ ਸਾਥੀਆਂ ਦਾ ਲਾਭ ਤਾਂ ਹੋਵੇਗਾ ਹੀ ਇੱਥੇ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਮਿਲੇਗੀ।

ਸਾਥੀਓ, 200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਕਾਲਜ ਦੇ ਇਲਾਵਾ Health and Wellness Centre ਦਾ ਜੋ Network ਇੱਥੇ ਬਣਾਇਆ ਜਾ ਰਿਹਾ ਹੈ, ਇਸ ਨਾਲ ਆਮ ਬਿਮਾਰੀਆਂ ਦਾ ਉੱਤਮ ਇਲਾਜ ਵੀ ਘਰ ਦੇ ਕੋਲ਼ ਹੀ ਸੰਭਵ ਹੋ ਸਕੇਗਾ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 15 ਦਰਜਨ ਅਜਿਹੇ Health and Wellness Centre ਦਾ ਵੀ ਲੋਕਅਰਪਣ ਇੱਥੇ ਕੀਤਾ ਗਿਆ ਹੈ।

ਭਾਈਓ ਅਤੇ ਭੈਣੋਂ, ਥੋੜੀ ਦੇਰ ਪਹਿਲਾਂ ਇੱਥੇ ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਉਨ੍ਹਾਂ ਦੇ ਕੁਝ ਲਾਭਾਰਥੀਆਂ ਨੂੰ ਕਾਰਡ ਦਿੱਤੇ ਗਏ ਹਨ। ਦੁਨੀਆ ਦੀ ਇਸ ਸਭ ਤੋਂ ਵੱਡੀ Health Care ਯੋਜਨਾ ਦੀ ਚਰਚਾ ਅੱਜ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ। ਲੋਕ ਇਸ ਨੂੰ Modicare ਕਹਿ ਰਹੇ ਹਨ। ਕਾਰਨ ਇਹ ਹੈ ਕਿ ਇਸ ਯੋਜਨਾ ਦੇ ਤਹਿਤ ਹਰ ਦਿਨ ਦੇਸ਼ ਵਿੱਚ ਲਗਭਗ 10 ਹਜ਼ਾਰ ਤੋਂ ਵੀ ਜ਼ਿਆਦਾ ਗ਼ਰੀਬਾਂ ਦਾ ਮੁਫ਼ਤ ਇਲਾਜ ਸੁਨਿਸ਼ਚਿਤ ਹੋ ਰਿਹਾ ਹੈ। ਹੁਣ ਇਸ ਨੂੰ 100 ਦਿਨ ਤੋਂ ਥੋੜ੍ਹਾ ਉਪਰ ਹੀ ਸਮਾਂ ਹੋਇਆ ਹੈ। ਇੰਨੇ ਘੱਟ ਸਮੇਂ ਵਿੱਚ ਲਗਭਗ ਸੱਤ ਲੱਖ ਗ਼ਰੀਬ ਮਰੀਜਾਂ ਦਾ ਹਸਪਤਾਲ ਵਿੱਚ ਇਲਾਜ ਹੋ ਚੁੱਕਿਆ ਹੈ।

ਸਾਥੀਓ, ਦਵਾਈ ਦੇ ਨਾਲ-ਨਾਲ ਪੜ੍ਹਾਈ ਦੀ ਸੁਵਿਧਾ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ ਇੱਥੇ ਸਿੱਖਿਆ ਨਾਲ ਜੁੜੇ ਨਵੇਂ ਸੰਸਥਾਨ ਤੁਹਾਨੂੰ ਸਮਰਪਿਤ ਕੀਤੇ ਗਏ ਹਨ। ਦੀਵ ਦਾ Education Hub, ਇਸ ਦੀਆਂ ਤਮਾਮ ਵਿਵਸਥਾਵਾਂ, ਇੱਥੋ ਦੇ ਨੌਜਵਾਨਾਂ ਨੂੰ ਘਰ ਦੇ ਨਾਲ ਹੀ ਚੰਗੀ ਸਿੱਖਿਆ ਉਪਲੱਬਧ ਕਰਵਾਉਣ ਵਿੱਚ ਮਦਦ ਕਰਨਗੀਆਂ।

ਭਾਈਓ ਅਤੇ ਭੈਣੋਂ, ਦਵਾਈ ਅਤੇ ਪੜ੍ਹਾਈ ਦੇ ਨਾਲ-ਨਾਲ ਸਰਕਾਰ ਇਹ ਵੀ ਸੁਨਿਸ਼ਚਿਤ ਕਰ ਰਹੀ ਹੈ ਕਿ ਕੋਈ ਵੀ ਗ਼ਰੀਬ ਬੇਘਰ ਨਾ ਰਹੇ। ਬਿਨਾ ਛੱਤ ਦੇ ਉਸ ਦੀ ਜ਼ਿੰਦਗੀ ਨਾ ਹੋਵੇ, ਉਸ ਰਹਿਣ ਲਈ ਪੱਕਾ ਘਰ ਹੋਵੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਗ਼ਰੀਬਾਂ ਨੂੰ ਆਪਣਾ ਪੱਕਾ ਘਰ ਦੇਣ ਦਾ ਇੱਕ ਵਿਆਪਕ ਅਭਿਆਨ ਦੇਸ਼ ਭਰ ਵਿੱਚ ਚਲ ਰਿਹਾ ਹੈ। ਇਸ ਸੰਕਲਪ ਵੱਲ ਇੱਕ ਕਦਮ ਹੋਰ ਵਧਾਉਂਦੇ ਹੋਏ ਦਾਦਰਾ ਨਗਰ ਹਵੇਲੀ ਅਤੇ ਦੀਵ ਦਮਨ ਵਿੱਚ ਅੱਜ ਅਨੇਕ ਘਰਾਂ ਦਾ ਲੋਕਅਰਪਣ ਕੀਤਾ ਗਿਆ ਹੈ।

ਇਸ ਦੇ ਇਲਾਵਾ ਨਵੇਂ ਘਰਾਂ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਵੀ ਥੋੜ੍ਹੀ ਦੇਰ ਪਹਿਲਾਂ ਕੀਤਾ ਗਿਆ ਹੈ। ਜਿਸ ਵਿੱਚ ਦਮਨ ਦੇ industrial area ਵਿੱਚ ਕੰਮ ਕਰਨ ਵਾਲੇ ਮਜ਼ਦੂਰ ਪਰਿਵਾਰਾਂ ਦੇ ਲਈ ਬਣਿਆ Housing Project ਵੀ ਸ਼ਾਮਲ ਹੈ। ਅੱਜ ਜਿਨ੍ਹਾਂ ਦੇ ਘਰ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਜਿਨ੍ਹਾਂ ਦੇ ਘਰ ਬਣਨੇ ਸ਼ੁਰੂ ਹੋਏ ਹਨ ਉਨ੍ਹਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਹਾਰਦਿਕ ਵਧਾਈ ਦਿੰਦਾ ਹਾਂ। ਨਵੇਂ ਸਾਲ ਵਿੱਚ ਨਵੇਂ ਘਰ ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ।

ਸਾਥੀਓ, ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਦਾਦਰਾ ਨਗਰ ਹਵੇਲੀ ਵਰਗੇ ਛੋਟੇ ਜਿਹੇ ਖੇਤਰ ਵਿੱਚ ਇੱਕ ਹਜ਼ਾਰ ਤੋਂ ਵਧੇਰੇ ਸ਼ਹਿਰੀ ਗ਼ਰੀਬਾਂ ਲਈ ਆਵਾਸ ਦੇ ਲਈ ਕੰਮ ਕੀਤਾ ਗਿਆ ਹੈ, ਬਣਾਏ ਜਾ ਚੁੱਕੇ ਹਨ। ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਜਿਸ ਕਮਿੱਟਮੈਂਟ ਦੇ ਨਾਲ ਜਿਸ ਸਪੀਡ ਅਤੇ ਸਕੇਲ ’ਤੇ ਗ਼ਰੀਬਾਂ ਦੇ ਘਰ ਬਣਾਉਣ ਦਾ ਕੰਮ ਚਲ ਰਿਹਾ ਹੈ ਉਹ ਲਾਮਿਸਾਲ ਹੈ। ਪਹਿਲਾਂ ਦੀਆਂ ਸਰਕਾਰਾਂ ਜਿੱਥੇ ਆਪਣੇ 5 ਸਾਲ ਵਿੱਚ ਸਿਰਫ਼ 25 ਲੱਖ ਘਰ ਹੀ ਬਣਵਾ ਸਕੀਆਂ ਸਨ, ਉੱਥੇ ਸਾਡੀ ਸਰਕਾਰ ਹੁਣ 5 ਸਾਲ ਵਿੱਚ ਇੱਕ ਕਰੋੜ 25 ਲੱਖ ਤੋਂ ਜ਼ਿਆਦਾ ਘਰਾਂ ਦਾ ਨਿਰਮਾਣ ਪੂਰਾ ਕਰ ਚੁੱਕੀ ਹੈ। ਕਿੱਥੇ 5 ਸਾਲ ਵਿੱਚ 25 ਲੱਖ ਅਤੇ ਕਿੱਥੇ 5 ਸਾਲ ਵਿੱਚ ਇੱਕ ਕਰੋੜ 25 ਲੱਖ ਤੋਂ ਵੀ ਜ਼ਿਆਦਾ।

ਭਾਈਓ ਅਤੇ ਭੈਣੋਂ, ਵੀ ਸਿਰਫ਼ ਚਾਰ ਦੀਵਾਰੀਆਂ ਹੀ ਨਹੀਂ, ਇਸ ਵਿੱਚ ਸੌਭਾਗਯ ਯੋਜਨਾ ਤਹਿਤ ਬਿਜਲੀ ਦਾ ਮੁਫ਼ਤ ਕਨੈਕਸ਼ਨ ਵੀ ਮਿਲਦਾ ਹੈ। ਟਾਇਲਟ ਵੀ ਹੁੰਦਾ ਹੈ। ਕਿਚਨ ਵਿੱਚ ਉੱਜਵਲਾ ਯੋਜਨਾ ਤਹਿਤ ਮੁਫ਼ਤ LPG ਗੈਸ ਕਨੈਕਸ਼ਨ ਵੀ ਦਿੱਤਾ ਜਾਂਦਾ ਹੈ। ਦਾਦਰਾ ਨਗਰ ਹਵੇਲੀ ਦੀ ਗੱਲ ਕਰਾਂ ਤਾਂ ਇੱਥੇ 13 ਹਜ਼ਾਰ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਇਸ ਤਰ੍ਹਾਂ ਦੀਆਂ ਤਮਾਮ ਸੁਵਿਧਾਵਾਂ ਗ਼ਰੀਬ ਦੇ ਆਤਮਵਿਸ਼ਵਾਸ ਨੂੰ ਵਧਾਉਣ ਵਿੱਚ ਸਹਾਇਕ ਸਿੱਧ ਹੋ ਰਹੀਆਂ ਹਨ। ਸਾਥੀਓ, ਆਮ ਵਿਅਕਤੀ ਦਾ ਜੀਵਨ ਸਰਲ ਅਤੇ ਸੁਗਮ ਹੋਵੇ ਇਸ ਦੇ ਲਈ ਦੇਸ਼ ਦੀਆਂ Smart ਵਿਵਸਥਾਵਾਂ ਦਾ ਨਿਰਮਾਣ ਹੋ ਰਿਹਾ ਹੈ। ਸਿਲਵਾਸਾ ਅਤੇ ਦੀਵ ਸ਼ਹਿਰ ਨੂੰ smart city ਬਣਾਉਣ ਦੇ ਲਈ ਅਨੇਕ ਯੋਜਨਾਵਾਂ ’ਤੇ ਕੰਮ ਚਲ ਰਿਹਾ ਹੈ। ਇੱਥੇ ਸੜਕਾ ਹੋਣ, ਗਲੀਆਂ ਹੋਣ, ਸੀਵਰ ਅਤੇ ਪਾਣੀ ਦੀ ਵਿਵਸਥਾ ਹੋਵੇ ਹਰ ਪੱਧਰ ’ਤੇ ਕੰਮ ਹੋ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ smart city ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ।

ਸਾਥੀਓ, ਸਿਲਵਾਸਾ ਤਾਂ ਇਸ ਪੂਰੇ ਖੇਤਰ ਦੀਆਂ ਆਰਥਕ ਗਤੀਵਿਧੀਆਂ ਦਾ ਊਰਜਾ ਕੇਂਦਰ ਹੈ, ਇੱਥੇ ਅਨੇਕ ਉਦਯੋਗ ਹਨ ਅਤੇ ਭਵਿੱਖ ਵਿੱਚ ਵੀ ਇੱਥ ਉਦਯੋਗਾਂ ਲਈ ਅਨੇਕ ਸੰਭਾਵਨਾਵਾਂ ਹਨ। ਸਿਲਵਾਸਾ ਨਗਰ ਨਿਗਮ ਦਾ ਭਵਨ ਹੋਵੇ, ਸੀਵੇਜ treatment plant ਹੋਵੇ, ਕਨੈਕਟੀਵਿਟੀ ਨੂੰ ਸੁਗਮ ਕਰਨ ਵਾਲੇ ਪ੍ਰੋਜੈਕਟ ਹੋਣ, ਇਹ ਵੀ ਇੱਥੇ ਦੇ ਜੀਵਨ ਨੂੰ ਅਸਾਨ ਬਣਾਉਣ ਵਾਲੇ ਹਨ।
ਸਾਥੀਓ, ਸਿਲਵਾਸਾ ਦੇ ਨਾਲ-ਨਾਲ ਦਮਨ ਅਤੇ ਦੀਵ ਵੀ ਵਿਕਾਸ ਨੂੰ ਰਫ਼ਤਾਰ ਦੇ ਰਹੇ ਹਨ। ਦਮਨ ਗੰਗਾ ’ਤੇ ਬਣੇ ਨਵੇਂ ਪੁਲ਼, ਨਵੀ ਸੀਵੇਜ ਲਾਈਨ ਅਤੇ treatment plant ਵਰਗੀਆਂ ਸੁਵਿਧਾਵਾਂ ਨਾਲ ਦਮਨ ਵਾਸੀਆਂ ਦਾ ਜੀਵਨ ਸੁਗਮ ਹੋਣ ਵਾਲਾ ਹੈ। ਉੱਥੇ ਹੀ ਮੋਤੀ ਦਮਨ ਵਿੱਚ ਬਣੀ ਸੀ ਵਾਲ ਹੁਣ ਸਾਗਰ ਦੀਆਂ ਲਹਿਰਾਂ ਤੋਂ ਤੁਹਾਡੀ ਸੁਰੱਖਿਆ ਕਰਨ ਵਾਲੀ ਹੈ। ਇਸ ਵਿੱਚ ਮਿੱਟੀ ਦੇ ਰੁੜ੍ਹਨ ਦੀ ਸਮੱਸਿਆ ਬਹੁਤ ਘੱਟ ਹੋਣ ਵਾਲੀ ਹੈ। ਸਾਥੀਓ ਪਿਛਲੀ ਵਾਰ ਜਦੋਂ ਮੈਂ ਇੱਥੇ ਆਇਆ ਸੀ ਤਾਂ ਅਨੇਕ ਆਦਿਵਾਸੀ ਪਰਿਵਾਰਾਂ ਨੂੰ ਜ਼ਮੀਨ ਦੇ ਪੱਟੇ ਵੰਡੇ ਗਏ। ਅੱਜ ਵੀ ਕੁਝ ਸਾਥੀਆਂ ਨੂੰ ਜ਼ਮੀਨ ਦੇ ਅਧਿਕਾਰ ਪੱਤਰ ਸੌਂਪਣ ਦਾ ਮੌਕਾ ਮੈਨੂੰ ਮਿਲਿਆ ਹੈ।

ਭਾਈਓ ਅਤੇ ਭੈਣੋਂ, ਜ਼ਮੀਨ ਹੋਵੇ, ਜੰਗਲ ਦੀ ਪੈਦਾਵਾਰ ਹੋਵੇ, ਪੜ੍ਹਾਈ-ਲਿਖਾਈ ਹੋਵੇ, ਖੇਡਾਂ ਨਾਲ ਜੁੜੀ ਪ੍ਰਤਿਭਾ ਹੋਵੇ, ਹਰ ਪੱਧਰ ’ਤੇ ਆਦਿਵਾਸੀਆਂ ਦੀ ਭਲਾਈ ਦੇ ਲਈ ਵਿਆਪਕ ਪ੍ਰਯਤਨ ਕੀਤੇ ਜਾ ਰਹੇ ਹਨ। ਵਲਧਨ ਯੋਜਨਾ ਤਹਿਤ ਜੋ ਜੰਗਲ ਦੀ ਉਪਜ ਹੈ ਉਸ ਵਿੱਚ value addition ਅਤੇ ਉਸ ਦੇ ਉਚਿਤ ਪ੍ਰਚਾਰ ਲਈ ਦੇਸ਼ ਭਰ ਵਿੱਚ ਸੈਂਟਰ ਬਣਾਏ ਜਾ ਰਹੇ ਹਨ। ਜੰਗਲ ਤੋਂ ਜੋ ਉਪਜ ਆਦਿਵਾਸੀ ਭਾਈ-ਭੈਣ ਇੱਕਠਾ ਕਰਦੇ ਹਨ ਉਨ੍ਹਾਂ ਦਾ ਸਹੀ ਮੁੱਲ ਮਿਲ ਸਕੇ। ਇਸ ਦੇ ਲਈ ਸਮਰਥਨ ਮੁੱਲ ਦਾ ਦਾਇਰਾ ਵਧਾਇਆ ਗਿਆ ਹੈ।v
ਸਾਥੀਓ, ਆਦਿਵਾਸੀ ਦੀ ਕਮਾਈ ਦੇ ਨਾਲ-ਨਾਲ culture ਦੀ ਸੰਭਾਲ ਲਈ ਵੀ ਗੰਭੀਰ ਪ੍ਰਯਤਨ ਹੋ ਰਹੇ ਹਨ। ਅੱਜ ਵੀ ਇੱਥੇ ਇਤਿਹਾਸ ਅਤੇ ਸੱਭਿਆਚਾਰ ਵਿਰਾਸਤ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ। cultural centre ਹੋਵੇ, ਪੁਰਾਣੇ ਕਿਲ੍ਹਿਆਂ ਦੀ ਸੰਭਾਲ ਹੋਵੇ, ਦੀਵ ਵਿੱਚ ਆਈਐੱਨਐੱਸ ਖੁਖਰੀ ਨਾਲ ਜੁੜੇ ਸਮਾਰਕ ਸਥਲ ਹੋਣ, ਇਹ ਨਿਸ਼ਚਿਤ ਤੌਰ ’ਤੇ ਸਥਾਨਕ ਸੱਭਿਆਚਾਰ ਦੀ ਸੰਭਾਲ ਅਤੇ ਉਸ ਦੇ ਪ੍ਰਚਾਰ-ਪ੍ਰਸਾਰ ਨਾਲ ਸਿੱਧ ਹੋਣ ਵਾਲੇ ਹਨ।

ਸਾਥੀਓ, ਸੱਭਿਆਚਾਰ ਅਤੇ ਗੌਰਵ, ਇਤਿਹਾਸ ਦੇ ਇਹ ਸਮਾਰਕ ਸਾਡੀਆਂ ਭਾਵਨਾਵਾਂ ਦੇ ਪਹਿਰੇਦਾਰ ਤਾਂ ਹਨ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਅਨੇਕ ਮੌਕੇ ਵੀ ਬਣਾਉਂਦੇ ਹਨ। ਇਹ ਟੂਰਿਜ਼ਮ ਨੂੰ ਤਾਕਤ ਦਿੰਦੇ ਹਨ। ਦਾਦਰਾ ਅਤੇ ਨਗਰ ਹਵੇਲੀ ਵਿੱਚ ਸੈਰ-ਸਪਾਟੇ ਲਈ ਬਹੁਤ ਸੰਭਾਵਨਾਵਾਂ ਹਨ। ਇਸ ਖੇਤਰ ਨੂੰ ਟੂਰਿਸਟ ਮੈਪ ’ਤੇ ਲਿਆਉਣ ਲਈ ਸਰਕਾਰ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਸਿਲਵਾਸਾ ਵਿੱਚ ਬਣੇ ਦਮਨ ਗੰਗਾ river front ਦੇ ਪਿੱਛੇ ਦੀ ਭਾਵਨਾ ਵੀ ਇਹੀ ਹੈ।

ਹੁਣ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਲਈ ਇੱਕ ਹੋਰ ਆਕਰਸ਼ਣ ਦਾ ਕੇਂਦਰ ਇੱਥੇ ਬਣਕੇ ਤਿਆਰ ਹੈ। ਇਸ ਦੇ ਇਲਾਵਾ ਇੱਥੇ 200 square km ਦਾ ਰਿਜ਼ਰਵ forest area ਵੀ ਹੈ। ਇਹ forest area Tourism Industry ਲਈ ਵਰਦਾਨ ਹੈ। ਮਧੂਬਨ ਡੈਮ ਦੇ catchment area ਵਿੱਚ water sports ਦੀ activity ਨੂੰ ਵਧਾਇਆ ਜਾ ਸਕਦਾ ਹੈ। ਦਾਦਰਾ ਅਤੇ ਨਗਰ ਹਵੇਲੀ ਦੀ internet connectivity ਵੀ ਬਿਹਤਰ ਹੋ ਇਸ ਦੇ ਲਈ ਇੱਥੋਂ ਦੇ ਪ੍ਰਮੁੱਖ ਟੂਰਿਸਟ ਸੈਂਟਰਾਂ ਅਤੇ ਅਹਿਮ ਜਗ੍ਹਾ ’ਤੇ ਫਰੀ ਵਾਈ-ਫਾਈ ਦੀਆਂ ਸੁਵਿਧਾਵਾਂ ਦੇਣ ਦਾ ਪ੍ਰਯਤਨ ਚਲ ਰਿਹਾ ਹੈ।

ਸਾਥੀਓ, ਟੂਰਿਜ਼ਮ ਦੇ ਨਾਲ ਪਰੰਪਰਾਗਤ ਰੋਜ਼ਗਾਰ ਦੇ ਸਾਧਨਾਂ ਅਤੇ ਸੰਸਾਧਨਾਂ ਨੂੰ ਵੀ ਮਜ਼ਬੂਤੀ ਦਿੱਤੀ ਜਾ ਰਹੀ ਹੈ। Blue revolution scheme ਦੇ ਤਹਿਤ ਮਛੇਰਿਆਂ ਦੀ ਆਮਦਨ ਵਧਾਉਣ ਲਈ ਸਰਕਾਰ ਕੰਮ ਕਰ ਰਹੀ ਹੈ। ਮਛੇਰੇ ਭਾਈ-ਭੈਣਾਂ ਦੇ ਲਈ ਮਛਲੀ ਪਕੜਨਾ ਅਸਾਨ ਹੋਵੇ, ਮਾਰਕੀਟ ਤੱਕ ਪਹੁੰਚ ਆਸਾਨ ਹੋਵੇ ਇਸ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਛੇਰਿਆਂ ਦੀਆਂ ਪਰਿਵਾਰਕ ਕਿਸ਼ਤੀਆਂ ਨੂੰ ਆਧੁਨਿਕ ਮੋਟਰ ਬੋਟਸ ਵਿੱਚ ਬਦਲਣ ਦਾ ਕੰਮ ਚਲ ਰਿਹਾ ਹੈ। ਮਛਲ਼ੀ ਦੇ ਉਤਪਾਦਨ ਤੋਂ ਲੈ ਕੇ ਵਪਾਰ ਤੱਕ ਦੀਆਂ ਵਿਵਸਥਾਵਾਂ ਨੂੰ ਬਿਹਤਰ ਬਣਾਉਣ ਲਈ ਮਛੇਰਿਆਂ ਨੂੰ ਅਸਾਨ ਅਤੇ ਸਸਤੇ ਕਰਜ਼ੇ ਦੇ ਲਈ ਇੱਕ ਵਿਸ਼ੇਸ਼ ਫੰਡ ਬਣਾਇਆ ਜਾ ਰਿਹਾ ਹੈ। ਇਸ ਫੰਡ ਦੇ ਰਾਹੀਂ ਕਰੀਬ ਸਾਢੇ ਸੱਤ ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

ਭਾਈਓ ਅਤੇ ਭੈਣੋਂ ਅੱਜ ਗਰੀਬਾਂ ਲਈ ਆਦਿਵਾਸੀਆਂ ਲਈ, ਮੱਧ ਵਰਗ ਲਈ ਜਿੰਨੀਆਂ ਵੀ ਯੋਜਨਾਵਾਂ ਚਲ ਰਹੀਆਂ ਹਨ ਉਨ੍ਹਾਂ ਦੇ ਮੂਲ ਵਿੱਚ ਸਬਕਾ ਸਾਥ, ਸਬਕਾ ਵਿਕਾਸ, ਇਹੀ ਸਾਡੀ ਪ੍ਰੇਰਨਾ ਹੈ, ਜਦੋਂ ਕਿ ਉਹ ਦਲ ਜਿਸ ਨੇ ਦਹਾਕਿਆਂ ਤੱਕ ਦੇਸ਼ ਵਿੱਚ ਸਰਕਾਰ ਚਲਾਈ, ਉਹ ਹਰ ਕੰਮ ਵਿੱਚ ਆਪਣੀਆਂ ਜਾਂ ਆਪਣੇ ਪਰਿਵਾਰ ਦੀਆਂ ਸੰਭਾਵਨਾਵਾਂ ਦੇਖਦਾ ਸੀ। ਇਹੀ ਕਾਰਨ ਹੈ ਕਿ ਉੱਥੇ ਕੰਮ ਤੋਂ ਜ਼ਿਆਦਾ ਨਾਮ ’ਤੇ ਜ਼ੋਰ ਦਿੱਤਾ ਗਿਆ ਹੈ।

ਸਾਥੀਓ, ਇਸ ਪੁਰਾਣੇ ਸਰਕਾਰੀ ਸੰਸਕਾਰਾਂ ਨੂੰ, ਆਦਤਾਂ ਨੂੰ ਅਸੀਂ ਬਦਲਿਆ ਹੈ। ਅਸੀਂ ਨਾਮ ਦੀ ਬਜਾਏ ਕੰਮ ’ਤੇ ਧਿਆਨ ਦਿੱਤਾ ਹੈ। ਅੱਜ ਸਰਕਾਰੀ ਯੋਜਨਾਵਾਂ ਦਾ ਨਾਮ ਕੀ ਹੁੰਦਾ ਹੈ ਆਯੁਸ਼ਮਾਨ ਭਾਰਤ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਜਨਧਨ ਯੋਜਨਾ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਅਜਿਹੀਆਂ ਤਮਾਮ ਯੋਜਨਾਵਾਂ ਹਨ, ਲੇਕਿਨ ਕਿਤੇ ਵੀ ਮੋਦੀ ਦਾ ਨਾਮ ਨਹੀਂ ਹੈ। ਇਹ ਦਿਸਦਾ ਹੈ ਕਿ ਸਾਡੀ ਨੀਅਤ ਜਨਤਾ ਦੇ ਵਿਕਾਸ ਦੀ ਹੈ, ਪਰਿਵਾਰ ਦੇ ਵਿਕਾਸ ਦਾ ਨਾ ਸੱਭਿਆਚਾਰ ਹੈ, ਨਾ ਸਾਡਾ ਇਰਾਦਾ ਹੈ। ਅਤੇ ਮੇਰੇ ਲਈ ਤਾਂ ਇਹ ਸਵਾ ਸੌ ਕਰੋੜ ਦੇਸ਼ਵਾਸੀ ਹੀ ਮੇਰਾ ਪਰਿਵਾਰ ਹੈ ਅਤੇ ਇਨ੍ਹਾਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਭਲਾਈ, ਇਹੀ ਮੇਰੇ ਲਈ ਕਲਿਆਣ ਦਾ ਮਾਰਗ ਹੈ।
ਸਾਥੀਓ, ਇਹੀ ਸਾਫ ਨੀਅਤ ਅਤੇ ਸਪਸ਼ਟ ਨੀਤੀ, ਇਨ੍ਹਾਂ ਨੂੰ ਜ਼ਰਾ ਖਟਕ ਰਹੀ ਹੈ। ਮੋਦੀ, ਸਰਕਾਰਾਂ ਦੇ ਪੁਰਾਣੇ ਸੰਸਕਾਰਾਂ ਨੂੰ ਕਿਉਂ ਬਦਲ ਰਿਹਾ ਹੈ, ਇਸ ਨਾਲ ਇਨ੍ਹਾਂ ਨੂੰ ਤਕਲੀਫ ਹੋ ਰਹੀ ਹੈ। ਇਨ੍ਹਾਂ ਨੂੰ ਦਿੱਕਤ ਹੈ ਕਿ ਮੋਦੀ ਭ੍ਰਿਸ਼ਟਾਚਾਰ ਦੇ ਖਿਲਾਫ਼ ਇੰਨੀ ਕਠੋਰ (ਸਖਤ) ਕਾਰਵਾਈ ਕਿਉਂ ਕਰ ਰਿਹਾ ਹੈ। ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ? , ਭ੍ਰਿਸ਼ਟਾਚਾਰ ਦੇ ਖਿਲਾਫ ਲੜਨਾ ਚਾਹੀਦਾ ਹੈ ਕਿ ਨਹੀਂ ਲੜਨਾ ਚਾਹੀਦਾ ? ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣੀ ਚਾਹੀਦੀ ਹੈ ਕਿ ਨਹੀਂ ਦਿਵਾਉਣੀ ਚਾਹੀਦੀ ? ਇਨ੍ਹਾਂ ਨੂੰ ਪਰੇਸ਼ਾਨੀ ਹੈ ਕਿ ਸੱਤਾ ਦੇ ਗਲਿਆਰਿਆਂ ਵਿੱਚ ਘੁੰਮਣ ਵਾਲੇ ਵਿਚੌਲਿਆਂ ਨੂੰ ਮੋਦੀ ਨੇ ਬਾਹਰ ਕਿਉਂ ਕੱਢ ਦਿੱਤਾ। ਇਨ੍ਹਾਂ ਨੂੰ ਗੁੱਸਾ ਆ ਰਿਹਾ ਹੈ ਕਿ ਮੋਦੀ ਗ਼ਰੀਬਾਂ ਦਾ ਅਧਿਕਾਰ ਖੋਹਣ ਵਾਲੇ, ਉਨ੍ਹਾਂ ਦੇ ਰਾਸ਼ਨ ਉਨ੍ਹਾਂ ਦੀ ਪੈਂਸ਼ਨ, ਉਨ੍ਹਾਂ ਦੇ ਮਿਲਣ ਵਾਲੇ ਹੱਕ ਨੂੰ ਦੇ ਹੜੱਪਣ ਵਾਲੇ ਵਿਚੌਲਿਆਂ ਦਲਾਲਾਂ ਨੂੰ ਬਾਹਰ ਕਿਉਂ ਕਰ ਰਿਹਾ ਹੈ। ਅਤੇ ਆਪਣੇ ਇਸੇ ਗੁੱਸੇ ਦੀ ਵਜ੍ਹਾ ਨਾਲ ਹੁਣ ਇਹ ਲੋਕ ਇਕ ਮਹਾਗਠਬੰਧਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਤ ਇਹ ਹਨ ਕਿ ਜੋ ਪਹਿਲਾਂ ਕਾਂਗਰਸ ਨੂੰ ਪਾਣੀ ਪੀ-ਪੀ ਕੇ ਕੋਸਦੇ ਸਨ, ਉਹ ਵੀ ਇੱਕ ਮੰਚ ’ਤੇ ਆ ਗਏ ਹਨ।

ਸਾਥੀਓ, ਇਹ ਮਹਾਗਠਬੰਧਨ ਸਿਰਫ਼ ਮੋਦੀ ਦੇ ਖ਼ਿਲਾਫ ਹੀ ਨਹੀਂ, ਇਹ ਦੇਸ਼ ਦੀ ਜਨਤਾ ਦੇ ਵੀ ਖਿਲਾਫ਼ ਹੈ। ਹਾਲੇ ਤਾਂ ਇਹ ਪੂਰੀ ਤਰ੍ਹਾਂ ਸਾਰੇ ਆਏ ਵੀ ਨਹੀਂ ਹਨ। ਲੇਕਿਨ ਹਿੱਸੇਦਾਰੀ ’ਤੇ ਕਿਵੇਂ ਮੁੱਲ-ਭਾਅ ਚਲ ਰਹੇ ਹਨ, ਲੇਖਾ-ਜੋਖਾ ਚਲ ਰਿਹਾ ਹੈ, ਲੈਣਦੇਣ ਚਲ ਰਿਹਾ ਹੈ ਇਹ ਵੀ ਦੇਸ਼ ਦਾ ਨੌਜਵਾਨ, ਦੇਸ਼ ਦਾ ਕਿਸਾਨ, ਦੇਸ਼ ਦੀਆਂ ਔਰਤਾਂ ਪਹਿਲੀ ਵਾਰ ਵੋਟ ਪਾਉਣ ਵਾਲਾ ਸਾਡੇ ਦੇਸ਼ ਦਾ ਯੁਵਾ ਇਨ੍ਹਾਂ ਗੱਲਾਂ ਨੂੰ ਬਹੁਤ ਬਰੀਕੀ ਨਾਲ ਦੇਖ ਰਿਹਾ ਹੈ ਅਤੇ ਇਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚ ਕੋਈ ਧੂੜ ਝੋਂਕ ਨਹੀਂ ਸਕੇਗਾ।
ਸਾਥੀਓ, ਇਨ੍ਹਾਂ ਲੋਕਾਂ ਦੀ ਦੁਨੀਆ ਮੋਦੀ ਨਾਲ ਨਫ਼ਰਤ ਤੋਂ ਸ਼ੁਰੂ ਹੁੰਦੀ ਹੈ ਅਤੇ ਮੋਦੀ ਨੂੰ ਗਾਲੀ ਦੇ ਕੇ ਸਮਾਪਤ ਹੋ ਜਾਂਦੀ ਹੈ। ਮੇਰੀ ਦੁਨੀਆ, ਮੇਰੀ ਸਵੇਰ, ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਭਲਾਈ ਦੇ ਸੰਕਲਪ ਨਾਲ ਹੁੰਦੀ ਹੈ ਅਤੇ ਦਿਨ ਭਰ ਪਸੀਨਾ ਵਹਾ ਕੇ ਜਦੋਂ ਰਾਤ ਨੂੰ ਸੌਣ ਜਾਂਦਾ ਹਾਂ, ਅੱਜ ਕਿੰਨਾ ਅੱਛਾ ਕੰਮ ਕੀਤਾ, ਇਸੇ ’ਤੇ ਲੱਗਾ ਰਹਿੰਦਾ ਹਾਂ। ਮੇਰਾ ਆਦਿ ਵੀ ਉਹੀ ਹੈ, ਮੇਰਾ ਅੰਤ ਵੀ ਉਹੀ ਹੈ।

ਇਨ੍ਹਾਂ ਦੀ ਦੁਨੀਆ ਆਪਣੇ ਪਰਿਵਾਰ ਨੂੰ ਆਪਣੇ ਭਾਈ-ਭਤੀਜਿਆਂ ਨੂੰ ਅੱਗੇ ਵਧਾਉਣ ’ਤੇ ਕੇਂਦਰਿਤ ਹੈ ਅਤੇ ਵੱਡੇ ਮਾਣ ਦੇ ਨਾਲ ਐਲਾਨ ਕੀਤਾ ਜਾ ਰਿਹਾ ਹੈ। ਭਾਈਓ-ਭੈਣੋਂ, ਮੇਰੀ ਦੁਨੀਆ ਤਾਂ ਮੇਰੇ ਸਵਾ ਸੌ ਕਰੋੜ ਦੇਸ਼ਵਾਸੀ ਅੱਗੇ ਵਧਣ, ਉਸੇ ਦੇ ਲਈ ਸਮਾਹਿਤ ਹੈ। ਇਨ੍ਹਾਂ ਦੀ ਦੁਨੀਆ ਵਿੱਚ ਭਾਰਤ ਦੇ ਵਿਕਾਸ ਦੇ ਲਈ ਵਿਜ਼ਨ ਨਹੀਂ ਹੈ। ਭਾਰਤ ਦੇ ਭਵਿੱਖ ਦੀ ਗੱਲ ਨਹੀਂ ਹੈ, ਉੱਥੇ ਮੇਰੀ ਕੋਸ਼ਿਸ਼ ਭਾਰਤ ਨੂੰ 21ਵੀਂ ਸਦੀ ਵਿੱਚ ਦੁਨੀਆ ਦਾ ਸ੍ਰੇਸ਼ਠ ਦੇਸ਼ ਬਣਾਉਣ ਦੀ ਹੈ।

ਭਾਈਓ ਅਤੇ ਭੈਣੋਂ, ਆਪਣੇ ਪਰਿਵਾਰ, ਆਪਣੀ ਸਲਤਨਤ ਨੂੰ ਬਚਾਉਣ ਦੇ ਲਈ ਇਹ ਕਿੰਨੇ ਗਠਬੰਧਨ ਬਣਾ ਲੈਣ ਆਪਣੇ ਕਰਮਾਂ ਤੋਂ ਇਹ ਨਹੀਂ ਦੌੜ ਸਕਦੇ, ਉਨ੍ਹਾਂ ਦੇ ਕੁਕਰਮ ਡਗਰ-ਡਗਰ ’ਤੇ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ, ਉਹ ਬਚ ਨਹੀਂ ਸਕਦੇ। ਸਿਰਫ਼ ਮੋਦੀ ਦਾ ਵਿਰੋਧ ਇਨ੍ਹਾਂ ਦੀ ਸਵਾਰਥ ਰਾਜਨੀਤੀ ਨੂੰ ਅਖਬਾਰਾਂ ਵਿੱਚ ਜਗ੍ਹਾ ਦੇ ਦੇਵੇਗਾ, ਮੀਡੀਆ ਵਿੱਚ ਚਮਕਦੇ ਰਹਿਣਗੇ, ਲੇਕਿਨ ਦੇਸ਼ ਦੀ ਜਨਤਾ ਦੇ ਦਿਲਾਂ ਵਿੱਚ, ਦੇਸ਼ ਨੂੰ ਤਬਾਹ ਕਰਨ ਵਾਲੇ ਕਦੇ ਵੀ ਜਗ੍ਹਾ ਨਹੀਂ ਬਣਾ ਸਕਣਗੇ।

ਭਾਈਓ-ਭੈਣੋਂ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ, ਜੋ ਲੋਕ ਜਨਤਾ ਤੋਂ ਉਖੜ ਜਾਂਦੇ ਹਨ, ਜਨਤਾ ਜਦੋਂ ਉਨ੍ਹਾਂ ਦਾ ਮਿਜਾਜ਼ ਬਦਲ ਦਿੰਦੀ ਹੈ, ਜਦੋਂ ਉਨ੍ਹਾਂ ਦੇ ਪੈਰਾਂ ਦੀ ਜ਼ਮੀਨ ਖਿਸਕਣ ਲਗਦੀ ਹੈ ਤਾਂ ਆਕੁਲ-ਵਿਆਕੁਲ ਹੋ ਜਾਂਦੇ ਹਨ। ਹੁਣੇ ਕਲਕੱਤੇ ਵਿੱਚ ਤੁਸੀਂ ਦੇਖੋ… ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਿਰਫ਼ ਇੱਕ MLA ਹੈ, ਸਿਰਫ਼ ਇੱਕ, ਕਿੰਨੇ? ਇੱਕ, ਲੇਕਿਨ ਉੱਥੇ ਬੀਜੇਪੀ ਤੋਂ ਬਚਣ ਲਈ ਪੂਰੇ ਹਿੰਦੁਸਤਾਨ ਦੇ ਸਾਰੇ ਲੋਕ ਇਕੱਠੇ ਹੋ ਗਏ ਹਨ।

ਇੱਕ MLA ਵਾਲੀ ਪਾਰਟੀ, ਉਸ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ, ਕਿਉਂਕਿ ਇਹ ਸੱਚ ਦੇ ਮਾਰਗ ’ਤੇ ਚਲਣ ਵਾਲੇ ਅਸੀਂ ਲੋਕ ਹਾਂ। ਇੱਕ MLA ਹੋਣ ਦੇ ਬਾਵਜੂਦ ਵੀ ਹਿੰਦੁਸਤਾਨ ਦੀ ਸਾਰੀ ਜਮਾਤ ਉੱਥੇ ਇਕੱਠੀ ਹੋ ਕੇ ਬਚਾਓ, ਬਚਾਓ, ਬਚਾਓ ਦੇ ਨਾਅਰੇ ਲਗਾ ਰਹੀ ਹੈ। ਮੈਂ ਪੱਛਮੀ ਬੰਗਾਲ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ, ਮੈਂ ਪੱਛਮੀ ਬੰਗਾਲ ਦੀ ਭਾਰਤੀ ਜਨਤਾ ਪਾਰਟੀ ਨੂੰ ਵਧਾਈ ਦਿੰਦਾ ਹਾਂ ਇੱਕ ਇਕੱਲੇ MLA ਨੇ, ਇੰਨੀ ਛੋਟੀ ਜਿਹੀ ਪਾਰਟੀ ਨੇ ਗਲਤ ਕੰਮ ਕਰਨ ਵਾਲਿਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ, ਉਨ੍ਹਾਂ ਦੀ ਜਮੀਨ ਖਿਸਕ ਗਈ ਹੈ, ਡਰ ਦੇ ਮਾਰੇ ਇਕੱਠੇ ਹੋ ਰਹੇ ਹਨ।

ਭਾਈਓ-ਭੈਣੋਂ ਇਹ ਲੋਕ ਤਾਨਾਸ਼ਾਹ ਹੀ ਨਹੀਂ, ਪੱਛਮੀ ਬੰਗਾਲ ਹੋਵੇ, ਕੇਰਲ ਹੋਵੇ, ਪੈਂਡੇ-ਪੈਡੇ ’ਤੇ ਜੁਲਮਸ਼ਾਹੀ ਹੈ। ਜਿਸ ਪੱਛਮੀ ਬੰਗਾਲ ਵਿੱਚ political party ਨੂੰ ਉਸ ਦੇ ਪ੍ਰੋਗਰਾਮ ਕਰਨ ਦੇ ਲਈ ਰੋਕ ਲਗਾ ਦਿੱਤੀ ਜਾਂਦੀ ਹੈ। ਹਰ ਪ੍ਰਕਾਰ ਦੀਆਂ ਲੋਕਤਾਂਤਰਿਕ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਲੋਕਤੰਤਰ ਦਾ ਗਲ ਘੱਟ ਦਿੱਤਾ ਜਾਂਦਾ ਹੋਵੇ, ਫਿਰ ਉੱਥੇ ਇਕੱਠੇ ਹੋ ਕੇ ਲੋਕਤੰਤਰ ਨੂੰ ਬਚਾਉਣ ਦੇ ਭਾਸ਼ਣ ਦਿੰਦੇ ਹਨ, ਤਦ ਮੈਨੂੰ ਇੰਨਾ ਹੀ ਕਹਿਣਾ ਹੈ ਜਦੋਂ ਪੂਰੇ ਪੱਛਮੀ ਬੰਗਾਲ ਦਾ ਚਿਤਰ ਦੇਖਦਾ ਹਾਂ ਤਾਂ ਮੈਂ ਇੰਨਾ ਹੀ ਕਹੂੰਗਾ ਕਿ ਲੋਕਤੰਤਰ ਦਾ ਗਲ ਘੁੱਟਣ ਵਾਲੀਆਂ ਪੰਚਾਇਤ ਦੀਆਂ ਚੋਣਾਂ ਵਿੱਚ ਨਾਮਜ਼ਦਗੀ ਕਰਨ ਵਾਲਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਜਦੋਂ ਲੋਕਤੰਤਰ ਬਚਾਉਣ ਦੀ ਗੱਲ ਕਰਦੇ ਹਨ, ਤਾਂ ਦੇਸ਼ ਦੇ ਮੂੰਹ ਵਿੱਚੋ ਨਿਕਲਦਾ ਹੈ ਵਾਹ, ਕਿਆ ਸੀਨ ਹੈ।

ਸਾਥੀਓ, ਇਹ ਲੜਾਈ ਸਕਾਰਾਤਮਕ ਸੋਚ ਅਤੇ ਨਕਾਰਾਤਮਕ ਰਵੱਈਏ ਦਰਮਿਆਨ ਹੈ। ਇਹ ਲੜਾਈ ਵਿਕਾਸ ਅਤੇ ਭ੍ਰਿਸ਼ਟਾਚਾਰ ਦਰਮਿਆਨ ਹੈ, ਇਹ ਲੜਾਈ ਜਨਤਾ ਅਤੇ ਮਹਾਗਠਬੰਧਨ ਦਰਮਿਆਨ ਹੈ। ਭਾਈਓ ਅਤੇ ਭੈਣੋਂ, ਸਕਾਰਾਤਮਕ ਸੋਚ ਦੇ ਨਾਲ ਸਹੀ ਪ੍ਰਯਤਨ ਹੀ ਨਵੇਂ ਭਾਰਤ ਦੇ ਨਿਰਮਾਣ ਦਾ ਰਸਤਾ ਹੈ। ਇਸੇ ਰਸਤੇ ’ਤੇ ਸਾਨੂੰ ਸਾਰਿਆਂ ਨੂੰ ਦੇਸ਼ ਦੇ ਜਨ-ਜਨ ਨੂੰ ਤੇਜ਼ ਗਤੀ ਨਾਲ ਚੱਲਣਾ ਹੈ। ਇਹ positivity ਨਵੇਂ ਵਰ੍ਹੇ ਵਿੱਚ ਸਾਡੇ ਮਨ-ਮਸਤਕ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਵਧ ਰਹੀ ਹੈ।

ਇਸੇ ਕਾਮਨਾ ਦੇ ਨਾਲ, ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੇ ਜਾਣ ਦੇ ਨਿਰਣੇ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ ਅਤੇ ਭਾਈਓ-ਭੈਣੋਂ ਤੁਸੀਂ ਦੇਖ ਰਹੇ ਹੋ ਮੈਂ ਸਵੇਰ ਤੋਂ ਚੱਲਿਆ ਹੋਇਆ ਹਾਂ। ਭਾਰਤ ਦੀ ਸੈਨਾ ਨੂੰ ‘ਮੇਕ ਇਨ ਇੰਡੀਆ’ ਦਾ ਲਾਭ ਮਿਲੇ, ਭਾਰਤ ਦੀ ਸੈਨਾ ਦੇ ਕੋਲ਼ ਮਜ਼ਬੂਤ ਟੈਂਕ ਦੇਸ਼ ਵਿੱਚ ਬਣੇ ਹੋਏ ਹੋਣ, ਕਦੇ ਸਵੇਰੇ ਜਾਕੇ ਉਨ੍ਹਾਂ ਦੀ ਚਿੰਤਾ ਕਰਦਾ ਹਾਂ ਦੇਸ਼ ਦੀ ਸੈਨਾ, ਤਾਕਤ ਵਧਾਉਣ ਦੇ ਲਈ ਤਾਂ ਅੱਜ ਹੁਣੇ ਇੱਥੇ ਦੀਵ ਦਮਨ ਵਿੱਚ ਆ ਕੇ ਇੱਥੇ ਦੀ ਜਨ ਸੁਰੱਖਿਆ ਦੇ ਲਈ, ਇੱਥੇ ਦੀ ਯੁਵਾ ਪੀੜ੍ਹੀ ਨੂੰ ਮੈਡੀਕਲ ਕਾਲਜ ਮਿਲੇ ਇਸ ਦੇ ਲਈ ਕੰਮ ਕਰ ਰਿਹਾ ਹਾਂ।

ਭਾਈਓ-ਭੈਣੋਂ, ਕਲਕੱਤੇ ਵਿੱਚ ਲੋਕ ਮਿਲ ਕੇ ਦਲ ਬਚਾਉਣ ਦਾ ਜੁਗਾੜ ਕਰ ਰਹੇ ਹਨ ਅਤੇ ਮੈਂ ਤੁਹਾਡੇ ਦਰਮਿਆਨ ਆ ਕੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਜੀ-ਜਾਨ ਨਾਲ ਲੱਗਿਆ ਹੋਇਆ ਹਾਂ, ਇਹ ਫਰਕ ਸਾਫ਼ ਹੈ, ਦੋਸਤੋ। ਇਹ ਫਰਕ ਸਾਫ਼ ਹੈ। ਉਹ ਖੁਦ ਨੂੰ ਬਚਾਉਣ ਲਈ ਸਹਾਰਾ ਲੱਭ ਰਹੇ ਹਨ, ਮੈਂ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਸਬਕਾ ਸਾਥ, ਸਬਕਾ ਵਿਕਾਸ ਲੈ ਕੇ ਚੱਲਿਆ ਹਾਂ ਅਤੇ ਅੱਜ ਇੰਨੇ ਛੋਟੇ ਜਿਹੇ ਦੀਵ ਦਮਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਆ ਕੇ ਤੁਸੀਂ ਜੋ ਅਸ਼ੀਰਵਾਦ ਦਿੱਤਾ ਹੈ, ਜੋ ਪਿਆਰ ਦਿੱਤਾ ਇਹੀ ਹਿੰਦੁਸਤਾਨ ਦਾ ਮਿਜ਼ਾਜ ਹੈ। ਇਹ ਦੀਵ ਦਮਨ, ਇਹ ਲਘੂ ਭਾਰਤ ਹੈ।

ਹਿੰਦੁਸਤਾਨ ਦਾ ਕੋਈ ਕੋਨਾ ਅਜਿਹਾ ਨਹੀਂ ਹੈ ਜਿਸ ਦੇ ਲੋਕ ਇੱਥੇ ਨਾ ਰਹਿੰਦੇ ਹੋਣ। ਮੈਂ ਹੁਣੇ ਆ ਰਿਹਾ ਸਾਂ, ਮੈਂ ਗੱਡੀ ਵਿੱਚ ਆ ਰਿਹਾ ਸਾਂ, ਲੇਕਿਨ ਦੋਵੇਂ ਪਾਸੇ ਇੱਕ ਲਘੂ ਭਾਰਤ ਮੈਂ ਦੇਖਿਆ, ਹਿੰਦੁਸਤਾਨ ਦੇ ਹਰ ਰਾਜ ਦੇ ਲੋਕ ਆਪਣੇ-ਆਪਣੇ ਪਹਿਰਾਵੇ ਦੇ ਨਾਲ ਖੜ੍ਹੇ ਹੋਏ ਸਨ, ਮੈਂ ਪੈਦਲ ਚਲ ਕੇ ਉਨ੍ਹਾਂ ਨੂੰ ਪ੍ਰਣਾਮ ਕਰਦਿਆਂ ਤੁਹਾਡੇ ਦਰਮਿਆਨ ਪਹੁੰਚ ਗਿਆ ਭਾਈਓ, ਕਿਉਂਕਿ ਅਸੀਂ ਦੇਸ਼ ਨੂੰ ਅੱਗੇ ਵਧਾਉਣਾ ਹੈ।

ਭਾਈਓ-ਭੈਣੋਂ, ਦਲ ਦੇ ਲਈ ਮਰਨ-ਮਿਟਣ ਵਾਲੇ ਬਹੁਤ ਲੋਕ ਹੋਣਗੇ, ਦੇਸ਼ ਦੇ ਲਈ ਮਰਨ-ਮਿਟਣ ਵਾਲੇ ਅਸੀਂ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਸਮਰਪਿਤ ਹਾਂ। ਤੁਹਾਡੇ ਅਸ਼ੀਰਵਾਦ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦਿਆਂ ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

***

ਅਤੁਲ ਤਿਵਾਰੀ/ਸ਼ਾਹਬਾਜ ਹਸੀਬੀ/ਤਾਰਾ