Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਵਿਸ ਕਨਫੈਡਰੇਸ਼ਨ ਦੇ ਰਾਸ਼ਟਰ ਮੁਖੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈਸ ਬਿਆਨ (31 ਅਗਸਤ, 2017)

ਸਵਿਸ ਕਨਫੈਡਰੇਸ਼ਨ ਦੇ ਰਾਸ਼ਟਰ ਮੁਖੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈਸ ਬਿਆਨ (31 ਅਗਸਤ, 2017)


ਮਹਾਮਹਿਮ, ਮੈਡਮ ਰਾਸ਼ਟਰਪਤੀ ਅਤੇ ਸਤਿਕਾਰਤ ਮਹਿਮਾਨੋਂ,

ਮੀਡੀਆ ਦੇ ਮੈਂਬਰ ਸਹਿਬਾਨ, 

ਮੈਡਮ ਰਾਸ਼ਟਰਪਤੀ ਅਤੇ ਉਨਾਂ ਦੇ ਵਫ਼ਦ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

ਮਹਾਮਹਿਮ,

ਤੁਹਾਡੇ ਲਈ ਭਾਰਤ ਨਵਾਂ ਨਹੀਂ ਹੈ, ਤੁਸੀਂ ਪਹਿਲਾਂ ਵੀ ਕਈ ਵਾਰ ਭਾਰਤ ਦੀ ਯਾਤਰਾ ਕਰ ਚੁੱਕੇ ਹੋ, ਪਰ ਰਾਸ਼ਟਰਪਤੀ ਵਜੋਂ ਤੁਹਾਡੀ ਇਹ ਯਾਤਰਾ ਅਜਿਹੇ ਸਮੇਂ ’ਤੇ ਹੋ ਰਹੀ ਹੈ ਜਦੋਂ ਅਸੀਂ ਭਾਰਤ ਦੀ ਅਜ਼ਾਦੀ ਦੇ 70 ਸਾਲ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ। ਭਾਰਤ-ਸਵਿਸ ਮਿੱਤਰਤਾ ਸੰਧੀ ਅਤੇ ਸਥਾਪਤੀ ਦੇ ਸੱਤ ਦਹਾਕੇ ਪੂਰੇ ਹੋਣ ਦਾ ਵੀ ਇਹ ਸਮਾਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਇਸ ਯਾਤਰਾ ਨਾਲ ਤੁਹਾਨੂੰ ਉਸੀ ਗਰਮਜੋਸ਼ੀ ਅਤੇ ਮਹਿਮਾਨਨਿਵਾਜ਼ੀ ਦਾ ਅਨੁਭਵ ਹੋਵੇਗਾ ਜੋ ਸਾਨੂੰ 2016 ਵਿੱਚ ਆਪਣੀ ਸਵਿਟਜ਼ਰਲੈਂਡ ਯਾਤਰਾ ਦੇ ਦੌਰਾਨ ਹੋਇਆ ਸੀ।

ਮੈਨੂੰ ਇਹ ਦੇਖ ਕੇ ਹਾਰਦਿਕ ਪ੍ਰਸੰਨਤਾ ਹੁੰਦੀ ਹੈ ਕਿ ਦੋਨੋਂ ਹੀ ਪੱਖਾਂ ਦੀ ਇੱਛਾ ਸਾਰੇ ਪੱਧਰਾਂ ’ਤੇ ਗੂੜ੍ਹੇ ਸਬੰਧ ਬਣਾ ਕੇ ਰੱਖਣ ਦੀ ਹੈ।

ਦੋਸਤੋ,

ਅੱਜ ਅਸੀਂ ਦੁਵੱਲੇ, ਖੇਤਰੀ ਅਤੇ ਆਲਮੀ ਵਿਸ਼ਿਆਂ ’ਤੇ ਵਿਆਪਕ ਅਤੇ ਸਾਰਥਕ ਚਰਚਾ ਕੀਤੀ ਹੈ। ਇਸ ਯਾਤਰਾ ਨਾਲ ਸਾਡੇ ਮਜ਼ਬੂਤ ਦੁਵੱਲੇ ਸਬੰਧ ਹੋਰ ਅੱਗੇ ਵਧੇ ਹਨ।

ਭੁਗੋਲਿਕ ਪ੍ਰਸਾਰ ਅਤੇ ਨਿਸਸ਼ਤਰੀਕਰਨ ਵਰਗੇ ਵਿਸ਼ੇ ਭਾਰਤ ਅਤੇ ਸਵਿਟਜ਼ਰਲੈਂਡ ਦੋਨਾਂ ਲਈ ਹੀ ਬਹੁਤ ਮਹੱਤਵਪੂਰਨ ਹਨ। ਇਸ ਸੰਦਰਭ ਵਿੱਚ ਅਸੀਂ ਐੱਮਟੀਸੀਆਰ ਵਿੱਚ ਭਾਰਤ ਦੇ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਦੇ ਸਮਰਥਨ ਲਈ ਬਹੁਤ ਆਭਾਰੀ ਹਾਂ।

ਅਸੀਂ ਭਾਰਤ ਅਤੇ ਯੂਰਪੀਅਨ ਮੁਕਤ ਬਜ਼ਾਰ ਐਸੋਸਿਏਸ਼ਨ ਦੇ ਵਿਚਕਾਰ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ ’ਤੇ ਵੀ ਚਰਚਾ ਕੀਤੀ। ਇਸ ਸਮਝੌਤੇ ਦੇ ਪ੍ਰਾਵਧਾਨਾਂ ’ਤੇ ਪਹਿਲਾਂ ਹੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਇਹ ਬਹੁਤ ਹੀ ਸਵਾਗਤਯੋਗ ਕਦਮ ਹੈ। ਦੋਨੋਂ ਹੀ ਪੱਖਾਂ ਨੇ ਇਸ ਸਮਝੌਤੇ ਨੂੰ ਪੂਰਾ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ ਹੈ। ਅੱਜ ਦੁਨੀਆ ਦੇ ਸਾਹਮਣੇ ਵਿੱਤੀ ਲੈਣਦੇਣ ਵਿੱਚ ਪਾਰਦਰਸ਼ਤਾ ਚਿੰਤਾ ਦਾ ਇੱਕ ਗੰਭੀਰ ਵਿਸ਼ਾ ਹੈ। ਚਾਹੇ ਉਹ ਕਾਲਾ ਧਨ ਹੋਵੇ, ਘਟੀਆ ਧਨ ਹੋਵੇ, ਹਵਾਲਾ ਹੋਵੇ ਜਾਂ ਹਥਿਆਰਾਂ ਅਤੇ ਨਸ਼ਿਆਂ ਨਾਲ ਸਬੰਧਤ ਪੈਸਾ ਹੋਵੇ। ਇਸ ਆਲਮੀ ਬੁਰਾਈ ਨਾਲ ਨਿਪਟਣ ਲਈ ਸਵਿਟਜ਼ਰਲੈਂਡ ਨਾਲ ਸਾਡਾ ਸਹਿਯੋਗ ਜਾਰੀ ਹੈ।

ਪਿਛਲੇ ਸਾਲ ਅਸੀਂ ਟੈਕਸ ਨਾਲ ਜੁੜੀ ਜਾਣਕਾਰੀ ਦੇ ਸਵੈਚਾਲਿਤ ਆਦਾਨ ਪ੍ਰਦਾਨ ਲਈ ਇੱਕ ਸੰਯੁਕਤ ਐਲਾਨਨਾਮੇ ’ਤੇ ਹਸਤਾਖਰ ਕੀਤੇ ਸਨ। ਇਸ ਤਹਿਤ ਸਵਿਟਜ਼ਰਲੈਂਡ ਵਿੱਚ ਅੰਦਰੂਨੀ ਪ੍ਰਕਿਰਿਆ ਪੂਰੀ ਹੋਣ ’ਤੇ ਸੂਚਨਾ ਸਾਡੇ ਨਾਲ ਸਵੈ ਅਧਾਰ ’ਤੇ ਸਾਂਝੀ ਕੀਤੀ ਜਾਏਗੀ। ਸਿੱਧਾ ਵਿਦੇਸ਼ੀ ਨਿਵੇਸ਼ ਸਾਡੇ ਆਰਥਿਕ ਸਬੰਧਾਂ ਦਾ ਇੱਕ ਮਹੱਤਵਪੂਰਨ ਅਧਾਰ ਹੈ ਅਤੇ ਭਾਰਤ ਸਵਿਸ ਨਿਵੇਸ਼ਕਾਂ ਦਾ ਵਿਸ਼ੇਸ਼ ਰੂਪ ਨਾਲ ਸਵਾਗਤ ਕਰਦਾ ਹੈ। ਇਸ ਸਬੰਧ ਵਿੱਚ ਅਸੀਂ ਇੱਕ ਦੁਵੱਲੀ ਨਿਵੇਸ਼ ਸੰਧੀ ’ਤੇ ਗੱਲਬਾਤ ਜਾਰੀ ਰੱਖਣ ਦੀ ਲੋੜ ਮਹਿਸੂਸ ਕਰਦੇ ਹਾਂ। ਭਾਰਤ ਦੇ ਵਾਧੇ ਅਤੇ ਵਿਕਾਸ ਵਿੱਚ ਸਹਿਭਾਗੀ ਬਣਨ ਲਈ ਸਵਿਟਜ਼ਰਲੈਂਡ ਦੀਆਂ ਕੰਪਨੀਆਂ ਕੋਲ ਅਨੇਕ ਅਵਸਰ ਹਨ।

ਅੱਜ ਦੋਨੋਂ ਦੇਸ਼ਾਂ ਦੇ ਕਾਰੋਬਾਰੀ ਨੇਤਾਵਾਂ ਨਾਲ ਆਪਣੀ ਗੱਲਬਾਤ ਦੌਰਾਨ ਅਸੀਂ ਮਹਿਸੂਸ ਕੀਤਾ ਕਿ ਉਨਾਂ ਵਿੱਚ ਪਰਸਪਰ ਲਾਭ ਲਈ ਕਾਰੋਬਾਰੀ ਸਹਿਯੋਗ ਲਈ ਕਾਰੋਬਾਰ ਨੂੰ ਲਗਾਤਾਰ ਵਧਾਉਂਦੇ ਰਹਿਣ ਦੀ ਪੁਰਜ਼ੋਰ ਇੱਛਾ ਹੈ।

ਭਾਰਤੀ ਪਰੰਪਰਾਗਤ ਔਸ਼ਧੀਆਂ ਵਿਸ਼ੇਸ਼ ਕਰਕੇ ਆਯੁਰਵੇਦ, ਸਿਹਤ ਅਤੇ ਤੰਦਰੁਸਤੀ ਨੂੰ ਪ੍ਰੋਤਸਾਹਨ ਦੇਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਮੈਨੂੰ ਖੁਸ਼ੀ ਹੈ ਕਿ ਸਵਿਟਜ਼ਰਲੈਂਡ ਨੇ ਆਯੁਰਵੇਦ ਨੂੰ ਮਾਨਤਾ ਦਿੱਤੀ ਹੈ ਅਤੇ ਇਸ ਮਹੱਤਵਪੂਰਨ ਖੇਤਰ ਵਿੱਚ ਹੋਰ ਜ਼ਿਆਦਾ ਸਹਿਯੋਗ ਲਈ ਤਤਪਰ ਹੈ।

ਵੋਕੇਸ਼ਨਲ ਸਿੱਖਿਆ ਅਤੇ ਹੁਨਰ ਦੇ ਖੇਤਰ ਵਿੱਚ ਸਵਿਟਜ਼ਰਲੈਂਡ-ਭਾਰਤ ਨੇ ਲਾਭ ਉਠਾਉਣ ਲਈ ਸਕਿੱਲਸੌਨਿਕ (SkillSonics)  ਦੀ ਸਾਂਝੀ ਪਹਿਲ ਕੀਤੀ ਸੀ ਜਿਸ ਤਹਿਤ 5 ਹਜ਼ਾਰ ਤੋਂ ਜ਼ਿਆਦਾ ਭਾਰਤੀ ਲਾਭ ਉਠਾ ਚੁੱਕੇ ਹਨ। ਇਸ ਮਾਡਲ ਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਅਸੀਂ ਹੋਰ ਵੀ ਸਹਿਯੋਗ ਕਰਨ ਦੇ ਇਛੁੱਕ ਹਾਂ।

ਦੋਸਤੋ,

ਜਲਵਾਯੂ ਪਰਿਵਰਤਨ ਇੱਕ ਵੱਡੀ ਚੁਣੌਤੀ ਹੈ ਜਿਸ ਦਾ ਸਾਹਮਣਾ ਸਾਰੇ ਦੇਸ਼ ਕਰ ਰਹੇ ਹਨ। ਸਾਂਝੀਆਂ ਪਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਜ਼ਰੂਰਤ  ਅਤੇ ਇਸ ਨੂੰ ਲਾਗੂ ਕਰਨ ਦੇ ਤੌਰ ਤਰੀਕੇ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ। ਪ੍ਰਮਾਣੂ ਸਪਲਾਇਰ ਸਮੂਹ ਦਾ ਮੈਂਬਰ ਬਣਕੇ ਭਾਰਤ ਨੂੰ ਸਾਫ਼ ਊਰਜਾ ਦੀ ਵਧਦੀ ਲੋੜ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਇਸ ਸੰਦਰਭ ਵਿੱਚ ਐੱਨਐੱਸਜੀ ਦੀ ਮੈਂਬਰਸ਼ਿਪ ਲਈ ਸਵਿਟਜ਼ਰਲੈਂਡ ਦੇ ਨਿਰੰਤਰ ਸਮਰਥਨ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।

ਅੰਤਰਰਾਸ਼ਟਰੀ ਸੂਰਜੀ ਗੱਠਜੋੜ ਵਰਗੀ ਪਹਿਲ ਅਤੇ 2022 ਤੱਕ 175 ਗੀਗਾ ਵਾਟ ਅਖੁੱਟ ਊਰਜਾ ਦੇ ਟੀਚੇ ਨੂੰ ਹਾਸਲ ਕਰਨ ਦੇ ਸਾਡੇ ਉਪਰਾਲੇ ਸਾਫ ਊਰਜਾ ਅਤੇ ਹਰੇ ਭਵਿੱਖ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਮਹਾਮਹਿਮ,

ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਇਹ ਯਾਤਰਾ ਸਾਡੇ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਵਿੱਚ ਸਹਾਇਕ ਸਿੱਧ ਹੋਏਗੀ। ਅਤਿਅੰਤ ਸਾਰਥਕ ਚਰਚਾ ਲਈ ਮੈਂ ਮੈਡਮ ਰਾਸ਼ਟਰਪਤੀ ਦਾ ਧੰਨਵਾਦ ਕਰਦਾ ਹਾਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।

ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਅਤੇ ਇੱਛਾ ਰੱਖਦਾ ਹਾਂ ਕਿ ਤੁਸੀਂ ਭਾਰਤ ਦਾ ਅਰਥ ਭਰਪੂਰ ਦੌਰਾ ਕਰੋ।

ਤੁਹਾਡਾ ਬਹੁਤ ਬਹੁਤ ਧੰਨਵਾਦ!

***

AKT/SH/KT/RSB/AK