Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਸਵਰਵੇਦਾ ਮੰਦਿਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਸਵਰਵੇਦਾ ਮੰਦਿਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਸ਼੍ਰੀ ਸਤਿਗੁਰੂ ਚਰਨ ਕਮਲੇਭਯੋ ਨਮ:।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯ ਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਮਹੇਂਦਰ ਨਾਥ ਪਾਂਡੇ ਜੀ, ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਭਾਈ ਅਨਿਲ ਜੀ, ਸਤਿਗੁਰੂ ਅਚਾਰਿਆ ਪੂਜਯ ਸ਼੍ਰੀ ਸਵਤੰਤਰਦੇਵ ਜੀ ਮਹਾਰਾਜ, ਪੂਜਯ ਸ਼੍ਰੀ ਵਿਗਿਆਨਦੇਵ ਜੀ ਮਹਾਰਾਜ, ਹੋਰ ਮਹਾਨੁਭਾਵ, ਦੇਸ਼ ਭਰ ਤੋਂ ਆਏ ਸਾਰੇ ਸ਼ਰਧਾਲੂਗਣ, ਅਤੇ ਮੇਰੇ ਪਰਿਵਾਰਜਨੋਂ!

ਕਾਸ਼ੀ ਪ੍ਰਵਾਸ ਦਾ ਅੱਜ ਮੇਰਾ ਇਹ ਦੂਸਰਾ ਦਿਵਸ ਹੈ। ਹਮੇਸ਼ਾ ਦੀ ਤਰ੍ਹਾਂ, ਕਾਸ਼ੀ ਵਿੱਚ ਬੀਤਿਆ ਹਰ ਪਲ ਆਪਣੇ ਆਪ ਵਿੱਚ ਅਦਭੁਤ ਹੁੰਦਾ ਹੈ, ਅਦਭੁਤ ਅਨੁਭੂਤੀਆਂ ਨਾਲ ਭਰਿਆ ਹੁੰਦਾ ਹੈ। ਤੁਹਾਨੂੰ ਯਾਦ ਹੋਵੇਗਾ, ਦੋ ਵਰ੍ਹੇ ਪਹਿਲਾਂ ਇਸੇ ਤਰ੍ਹਾਂ ਅਸੀਂ ਅਖਿਲ ਭਾਰਤੀ ਵਿਹੰਗਮ ਯੋਗ ਸੰਸਥਾਨ ਦੇ ਸਾਲਾਨਾ ਉਤਸਵ ਵਿੱਚ ਇਕੱਠੇ ਹੋਏ ਸੀ। ਇੱਕ ਵਾਰ ਫਿਰ ਮੈਨੂੰ ਵਿਹੰਗਮ ਯੋਗ ਸੰਤ ਸਮਾਜ ਦੇ ਸ਼ਤਾਬਦੀ ਸਮਾਰੋਹ ਦੇ ਇਤਿਹਾਸਿਕ ਪ੍ਰੋਗਰਾਮ ਵਿੱਚ ਆਉਣ ਦਾ ਅਵਸਰ ਮਿਲਿਆ ਹੈ। ਵਿਹੰਗਮ ਯੋਗ ਸਾਧਨਾ ਦੀ ਇਸ ਯਾਤਰਾ ਨੇ 100 ਵਰ੍ਹਿਆਂ ਦੀ ਆਪਣੀ ਅਵਿਸਮਰਣੀਯ ਯਾਤਰਾ ਪੂਰੀ ਕੀਤੀ ਹੈ।

ਮਹਾਰਿਸ਼ੀ ਸਦਾਫਲ ਦੇਵ ਜੀ ਨੇ ਪਿਛਲੀ ਸਦੀ ਵਿੱਚ ਗਿਆਨ ਅਤੇ ਯੋਗ ਦੀ ਦਿਵਯ ਜਯੋਤੀ ਪ੍ਰਜੱਵਲਿਤ ਕੀਤੀ ਸੀ। ਇਨ੍ਹਾਂ ਸੌਂ ਵਰ੍ਹਿਆਂ ਦੀ ਯਾਤਰਾ ਵਿੱਚ ਇਸ ਦਿਵਯ ਜਯੋਤੀ ਨੇ ਦੇਸ਼-ਦੁਨੀਆ ਦੇ ਲੱਖਾਂ-ਕਰੋੜਾਂ ਲੋਕਾਂ ਦੇ ਜੀਵਨ ਨੂੰ ਪਰਿਵਰਤਿਤ ਕੀਤਾ ਹੈ। ਇਸ ਪੁਨਯ ਅਵਸਰ ‘ਤੇ ਇੱਥੇ 25 ਹਜ਼ਾਰ ਕੁੰਡੀਯ ਸਵਰਵੇਦ ਗਿਆਨ ਮਹਾਯਗ ਦਾ ਆਯੋਜਨ ਵੀ ਹੋ ਰਿਹਾ ਹੈ। ਮੈਨੂੰ ਖੁਸ਼ੀ ਹੈ, ਮੈਨੂੰ ਵਿਸ਼ਵਾਸ ਹੈ, ਇਸ ਮਹਾਯਗ ਦੀ ਹਰ ਇੱਕ ਆਹੂਤੀ ਨਾਲ ਵਿਕਸਿਤ ਭਾਰਤ ਦਾ ਸੰਕਲਪ ਹੋਰ ਸਸ਼ਕਤ ਹੋਵੇਗਾ। ਮੈਂ ਇਸ ਅਵਸਰ ‘ਤੇ ਮਹਾਰਿਸ਼ੀ ਸਦਾਫਲ ਦੇਵ ਜੀ ਨੂੰ ਸ਼ਰਧਾਪੂਰਵਕ ਨਮਨ ਕਰਦੇ ਹੋਏ ਉਨ੍ਹਾਂ ਦੇ ਪ੍ਰਤੀ ਮੇਰੇ ਹਿਰਦਯਸਥ ਭਾਵਾਂ ਨੂੰ ਪੂਰਨ ਸ਼ਰਧਾ ਨਾਲ ਸਮਰਪਿਤ ਕਰਦਾ ਹਾਂ। ਮੈਂ ਉਨ੍ਹਾਂ ਦੀ ਗੁਰੂ ਪਰੰਪਰਾ ਨੂੰ ਨਿਰੰਤਰ ਅੱਗੇ ਵਧਾਉਣ ਵਾਲੇ ਸਾਰੇ ਸੰਤਾਂ ਨੂੰ ਵੀ ਪ੍ਰਣਾਮ ਕਰਦਾ ਹਾਂ।

ਮੇਰੇ ਪਰਿਵਾਰਜਨੋਂ,

ਆਪ ਸੰਤਾਂ ਦੀ ਸੰਗਤ ਵਿੱਚ ਕਾਸ਼ੀ ਦੇ ਲੋਕਾਂ ਨੇ ਮਿਲ ਕੇ ਵਿਕਾਸ ਅਤੇ ਨਵ-ਨਿਰਮਾਣ ਦੇ ਕਿੰਨੇ ਹੀ ਨਵੇਂ ਕੀਰਤੀਮਾਨ ਘੜੇ ਹਨ।

ਸਰਕਾਰ, ਸਮਾਜ ਅਤੇ ਸੰਤਗਣ, ਸਭ ਨਾਲ ਮਿਲ ਕੇ ਕਾਸ਼ੀ ਦੇ ਕਾਇਆਕਲਪ ਦੇ ਲਈ ਕੰਮ ਕਰ ਰਹੇ ਹਨ। ਅੱਜ ਸਵਰਵੇਦ ਮੰਦਿਰ ਦਾ ਬਣ ਕੇ ਤਿਆਰ ਹੋਣਾ ਇਸੇ ਈਸ਼ਵਰੀ ਪ੍ਰੇਰਣਾ ਦੀ ਉਦਾਹਰਣ ਹੈ। ਇਹ ਮਹਾਂਮੰਦਿਰ, ਮਹਾਰਿਸ਼ੀ ਸਦਾਫਲ ਦੇਵ ਜੀ ਦੀਆਂ ਸਿੱਖਿਆਵਾਂ ਦਾ, ਉਨ੍ਹਾਂ ਦੇ ਉਪਦੇਸ਼ਾਂ ਦਾ ਪ੍ਰਤੀਕ ਹੈ। ਇਸ ਮੰਦਿਰ ਦੀ ਦਿਵਯਤਾ ਜਿੰਨੀ ਆਕਰਸ਼ਿਤ ਕਰਦੀ ਹੈ, ਇਸ ਦੀ ਭਵਯਤਾ ਸਾਨੂੰ ਉਨੀ ਹੀ ਹੈਰਾਨ ਵੀ ਕਰਦੀ ਹੈ। ਇਸ ਲਈ ਮੰਦਿਰ ਦਾ ਭ੍ਰਮਣ ਕਰਦੇ ਹੋਏ ਮੈਂ ਖੁਦ ਵੀ ਮੰਤਰ-ਮੁਗਧ ਹੋ ਗਿਆ ਸੀ।

ਸਵਰਵੇਦ ਮੰਦਿਰ ਭਾਰਤ ਦੀ ਸਮਾਜਿਕ ਅਤੇ ਅਧਿਆਤਮਕ ਸਮਰੱਥਾ ਦਾ ਇੱਕ ਆਧੁਨਿਕ ਪ੍ਰਤੀਕ ਹੈ। ਮੈਂ ਦੇਖ ਰਿਹਾ ਸੀ, ਇਸ ਦੀਆਂ ਦੀਵਾਰਾਂ ‘ਤੇ ਸਵਰਵੇਦ ਨੂੰ ਬੜੀ ਸੁੰਦਰਤਾ ਦੇ ਨਾਲ ਅੰਕਿਤ ਵੀ ਕੀਤਾ ਗਿਆ ਹੈ। ਵੇਦ, ਉਪਨਿਸ਼ਦ, ਰਾਮਾਇਣ, ਗੀਤਾ ਅਤੇ ਮਹਾਭਾਰਤ ਆਦਿ ਗ੍ਰੰਥਾਂ ਦੇ ਦਿਵਯ ਸੰਦੇਸ਼ ਵੀ ਇਸ ਵਿੱਚ ਚਿੱਤਰਾਂ ਦੇ ਜ਼ਰੀਏ ਉਕਰੇ ਗਏ ਹਨ। ਇਸ ਲਈ, ਇਹ ਮੰਦਿਰ ਇੱਕ ਤਰ੍ਹਾਂ ਨਾਲ ਆਧਿਆਤਮ, ਇਤਿਹਾਸ ਅਤੇ ਸੰਸਕ੍ਰਿਤੀ ਦੀ ਜੀਵੰਤ ਉਦਾਹਰਣ ਹੈ। ਇੱਥੇ ਹਜ਼ਾਰਾਂ ਸਾਧਕ ਇਕੱਠੇ ਵਿਹੰਗਮ ਯੋਗ ਦੀ ਸਾਧਨਾ ਕਰ ਸਕਦੇ ਹਨ। ਇਸ ਲਈ, ਇਹ ਮਹਾਂਮੰਦਿਰ ਇੱਕ ਯੋਗ ਤੀਰਥ ਵੀ ਹੈ, ਅਤੇ ਨਾਲ-ਨਾਲ ਇਹ ਗਿਆਨ ਤੀਰਥ ਵੀ ਹੈ। ਮੈਂ ਇਸ ਅਦਭੁਤ ਆਧਿਆਤਮਿਕ ਨਿਰਮਾਣ ਦੇ ਲਈ ਸਵਰਵੇਦ ਮਹਾਂਮੰਦਿਰ ਟਰੱਸਟ ਨੂੰ, ਅਤੇ ਲੱਖਾਂ-ਲੱਖ ਪੈਰੋਕਾਰਾਂ ਨੂੰ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ ‘ਤੇ ਮੈਂ ਪੂਜਯ ਸਵਾਮੀ ਸ਼੍ਰੀ ਸਵਤੰਤਰਦੇਵ ਜੀ ਅਤੇ ਪੂਜਯ ਸ਼੍ਰੀ ਵਿਗਿਆਨਦੇਵ ਜੀ ਦਾ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਨੇ ਇਸ ਅਨੁਸ਼ਠਾਨ ਨੂੰ ਪੂਰਾ ਕੀਤਾ।

ਮੇਰੇ ਪਰਿਵਾਰਜਨੋਂ,

ਭਾਰਤ ਇੱਕ ਅਜਿਹਾ ਰਾਸ਼ਟਰ ਹੈ, ਜੋ ਸਦੀਆਂ ਤੱਕ ਵਿਸ਼ਵ ਦੇ ਲਈ ਆਰਥਿਕ ਸਮ੍ਰਿੱਧੀ ਅਤੇ ਭੌਤਿਕ ਵਿਕਾਸ ਦੀ ਉਦਾਹਰਣ ਰਿਹਾ ਹੈ। ਅਸੀਂ ਪ੍ਰਗਤੀ ਦੇ ਪ੍ਰਤੀਮਾਨ ਘੜੇ ਹਨ, ਸਮ੍ਰਿੱਧੀ ਦੇ ਸੋਪਾਨ ਤੈਅ ਕੀਤੇ ਹਨ। ਭਾਰਤ ਨੇ ਕਦੇ ਭੌਤਿਕ ਉੱਨਤੀ ਨੂੰ ਭੂਗੋਲਿਕ ਵਿਸਤਾਰ ਅਤੇ ਸ਼ੋਸ਼ਣ ਦਾ ਮਾਧਿਅਮ ਨਹੀਂ ਬਣਨ ਦਿੱਤਾ। ਭੌਤਿਕ ਪ੍ਰਗਤੀ ਦੇ ਲਈ ਵੀ ਅਸੀਂ ਅਧਿਆਤਮਿਕ ਅਤੇ ਮਾਨਵੀ ਪ੍ਰਤੀਕਾਂ ਦੀ ਰਚਨਾ ਕੀਤੀ। ਅਸੀਂ ਕਾਸ਼ੀ ਜਿਹੇ ਜੀਵੰਤ ਸੱਭਿਆਚਾਰਕ ਕੇਂਦਰਾਂ ਦਾ ਆਸ਼ੀਰਵਾਦ ਲਿਆ, ਅਸੀਂ ਕੋਣਾਰਕ ਜਿਹੇ ਮੰਦਿਰ ਬਣਾਏ।

ਅਸੀਂ ਸਾਰਨਾਥ ਅਤੇ ਗਯਾ ਵਿੱਚ ਪ੍ਰੇਰਣਾਦਾਈ ਸਤੂਪਾਂ ਦਾ ਨਿਰਮਾਣ ਕੀਤਾ। ਸਾਡੇ ਇੱਥੇ ਨਾਲੰਦਾ ਅਤੇ ਤਕਸ਼ਸ਼ਿਲਾ ਜਿਹੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ! ਇਸ ਲਈ, ਭਾਰਤ ਦੀਆਂ ਇਨ੍ਹਾਂ ਆਧਿਆਤਮਿਕ ਸੰਰਚਨਾਵਾਂ ਦੇ ਆਲੇ-ਦੁਆਲੇ ਹੀ ਸਾਡੀ ਸ਼ਿਲਪ ਅਤੇ ਕਲਾ ਨੇ ਅਕਾਲਪਨੀਯ ਉੱਚਾਈਆਂ ਨੂੰ ਛੂਹਿਆ। ਇੱਥੋਂ ਤੋਂ ਗਿਆਨ ਅਤੇ ਖੋਜ ਦੇ ਨਵੇਂ ਮਾਰਗ ਖੁੱਲ੍ਹੇ, ਉੱਦਮਾਂ ਅਤੇ ਉਦਯੋਗਾਂ ਨਾਲ ਜੁੜੀਆਂ ਸੰਭਾਵਨਾਵਾਂ ਦਾ ਜਨਮ ਹੋਇਆ, ਆਸਥਾ ਦੇ ਨਾਲ-ਨਾਲ ਯੋਗ ਜਿਹੇ ਵਿਗਿਆਨ ਫਲੇ-ਫੁੱਲੇ, ਅਤੇ, ਇੱਥੋਂ ਦੀ ਪੂਰੇ ਵਿਸ਼ਵ ਦੇ ਲਈ ਮਾਨਵੀ ਕੀਮਤਾਂ ਦੀ ਅਵਿਰਲ ਧਾਰਾਵਾਂ ਵੀ ਵਹੀਆਂ।

ਭਾਈਓਂ ਅਤੇ ਭੈਣੋਂ,

ਗੁਲਾਮੀ ਦੇ ਕਾਲਖੰਡ ਵਿੱਚ ਜਿਨ੍ਹਾਂ ਅੱਤਿਆਚਾਰੀਆਂ ਨੇ ਭਾਰਤ ਨੂੰ ਕਮਜ਼ੋਰ ਕਰਨ ਦਾ ਪ੍ਰਯਾਸ ਕੀਤਾ, ਉਨ੍ਹਾਂ ਨੇ ਸਭ ਤੋਂ ਪਹਿਲਾਂ ਸਾਡੇ ਇਨ੍ਹਾਂ ਪ੍ਰਤੀਕਾਂ ਨੂੰ ਹੀ ਨਿਸ਼ਾਨਾ ਬਣਾਇਆ ਸੀ। ਆਜ਼ਾਦੀ ਤੋਂ ਬਾਅਦ ਇਨ੍ਹਾਂ ਸੱਭਿਆਚਾਰਕ ਪ੍ਰਤੀਕਾਂ ਦਾ ਪੁਨਰਨਿਰਮਾਣ ਜ਼ਰੂਰੀ ਸੀ। ਜੇਕਰ ਅਸੀਂ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਸਨਮਾਨ ਦਿੰਦੇ, ਤਾਂ ਦੇਸ਼ ਦੇ ਅੰਦਰ ਇਕਜੁੱਟਤਾ ਅਤੇ ਆਤਮ-ਸਨਮਾਨ ਦਾ ਭਾਵ ਮਜ਼ਬੂਤ ਹੁੰਦਾ। ਲੇਕਿਨ ਬਦਕਿਸਮਤੀ ਨਾਲ ਅਜਿਹਾ ਹੋਇਆ ਨਹੀਂ। ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਿਰ ਦੇ ਪੁਨਰ-ਨਿਰਮਾਣ ਤੱਕ ਦਾ ਵਿਰੋਧ ਕੀਤਾ ਗਿਆ ਸੀ। ਅਤੇ ਇਹ ਸੋਚ ਦਹਾਕਿਆਂ ਤੱਕ ਦੇਸ਼ ‘ਤੇ ਹਾਵੀ ਰਹੀ। ਇਸ ਦਾ ਨਤੀਜਾ ਇਹ ਹੋਇਆ ਕਿ ਦੇਸ਼, ਹੀਨਭਾਵਨਾ ਦੇ ਗਰਤ ਵਿੱਚ ਚਲਾ ਗਿਆ, ਆਪਣੀ ਵਿਰਾਸਤ ‘ਤੇ ਮਾਣ ਕਰਨਾ ਭੁੱਲ ਗਿਆ।

ਲੇਕਿਨ ਭਾਈਓਂ ਅਤੇ ਭੈਣੋਂ,

ਆਜ਼ਾਦੀ ਦੇ 7 ਦਹਾਕਿਆਂ ਬਾਅਦ ਅੱਜ ਸਮੇਂ ਦਾ ਚੱਕਰ ਇੱਕ ਵਾਰ ਫਿਰ ਘੁੰਮਿਆ ਹੈ। ਦੇਸ਼ ਹੁਣ ਲਾਲ ਕਿਲੇ ਤੋਂ ‘ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’ ਅਤੇ ਆਪਣੀ ‘ਵਿਰਾਸਤ ’ਤੇ ਮਾਣ’ ਦਾ ਐਲਾਨ ਕਰ ਰਿਹਾ ਹੈ। ਜੋ ਕੰਮ ਸੋਮਨਾਥ ਤੋਂ ਸ਼ੁਰੂ ਹੋਇਆ ਸੀ, ਉਹ ਹੁਣ ਇੱਕ ਅਭਿਯਾਨ ਬਣ ਗਿਆ ਹੈ। ਅੱਜ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਦੀ ਭਵਯਤਾ ਭਾਰਤ ਦੇ ਅਵਿਨਾਸ਼ੀ ਵੈਭਵ ਦੀ ਗਾਥਾ ਗਾ ਰਹੀ ਹੈ। ਅੱਜ ਮਹਾਕਾਲ ਮਹਾਲੋਕ ਸਾਡੀ ਅਮਰਤਾ ਦਾ ਪ੍ਰਮਾਣ ਦੇ ਰਿਹਾ ਹੈ। ਅੱਜ ਕੇਦਾਰਨਾਥ ਧਾਮ ਵੀ ਵਿਕਾਸ ਦੀਆਂ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਬੁੱਧ ਸਰਕਿਟ ਦਾ ਵਿਕਾਸ ਕਰਕੇ ਭਾਰਤ ਇੱਕ ਵਾਰ ਫਿਰ ਦੁਨੀਆ ਨੂੰ ਬੁੱਧ ਦੀ ਤਪੋਭੂਮੀ ‘ਤੇ ਸੱਦਾ ਦੇ ਰਿਹਾ ਹੈ। ਦੇਸ਼ ਵਿੱਚ ਰਾਮ ਸਰਕਿਟ ਦੇ ਵਿਕਾਸ ਲਈ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਅਤੇ, ਅਗਲੇ ਕੁਝ ਸਪਤਾਹ ਵਿੱਚ ਅਯੋਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਵੀ ਪੂਰਾ ਹੋਣ ਜਾ ਰਿਹਾ ਹੈ।

   

 

ਸਾਥੀਓ,

ਅਸੀਂ ਸਮੁੱਚੇ ਵਿਕਾਸ ਦੀ ਤਰਫ ਕਦਮ ਤਦ ਹੀ ਵਧਾ ਪਾਉਂਦੇ ਹਾਂ, ਜਦੋਂ ਦੇਸ਼ ਆਪਣੀਆਂ ਸਮਾਜਿਕ ਸੱਚਾਈਆਂ ਅਤੇ ਸੱਭਿਆਚਾਰਕ ਪਹਿਚਾਣ ਦਾ ਸਮਾਵੇਸ਼ ਕਰਦਾ ਹੈ। ਇਸ ਲਈ, ਅੱਜ ਸਾਡੇ ਤੀਰਥਾਂ ਦਾ ਵਿਕਾਸ ਵੀ ਹੋ ਰਿਹਾ ਹੈ, ਅਤੇ ਭਾਰਤ ਆਧੁਨਿਕ ਇਨਫ੍ਰਾਸਟ੍ਰਕਚਰ ਵਿੱਚ ਨਵੇਂ ਰਿਕਾਰਡ ਵੀ ਬਣਾ ਰਿਹਾ ਹੈ। ਅੱਜ ਦੇਸ਼ ਵਿੱਚ ਵਿਕਾਸ ਦੀ ਰਫਤਾਰ ਕੀ ਹੈ, ਇਸ ਦੀ ਝਲਕ ਤੁਹਾਨੂੰ ਇਕੱਲਾ ਬਨਾਰਸ ਹੀ ਦਿਖਾ ਦਿੰਦਾ ਹੈ। ਕਾਸ਼ੀ ਵਿਸ਼ਵਨਾਥ ਧਾਮ ਇਸ ਪਰਿਸਰ ਦਾ ਨਿਰਮਾਣ ਹੋਏ ਪਿਛਲੇ ਸਪਤਾਹ ਹੀ ਦੋ ਸਾਲ ਪੂਰੇ ਹੋਏ ਹਨ। ਇਸ ਦੇ ਬਾਅਦ ਤੋਂ ਬਨਾਰਸ ਵਿੱਚ ਰੋਜ਼ਗਾਰ ਅਤੇ ਵਪਾਰ-ਕਾਰੋਬਾਰ ਇੱਕ ਨਵੀਂ ਤੇਜ਼ੀ ਪਕੜ ਚੁੱਕਿਆ ਹੈ। ਪਹਿਲਾਂ ਏਅਰਪੋਰਟ ‘ਤੇ ਪਹੁੰਚਦੇ ਹੀ ਚਿੰਤਾ ਹੋਣ ਲਗਦੀ ਸੀ ਕਿ ਸ਼ਹਿਰ ਤੱਕ ਕਿਵੇਂ ਪਹੁੰਚਾਂਗੇ! ਟੁੱਟੀਆਂ ਸੜਕਾਂ, ਹਰ ਤਰਫ ਅਵਿਵਸਥਾ, ਇਹੀ ਬਨਾਰਸ ਦੀ ਪਹਿਚਾਣ ਸੀ।

ਲੇਕਿਨ, ਹੁਣ ਬਨਾਰਸ ਦਾ ਮਤਲਬ ਹੈ –ਵਿਕਾਸ! ਹੁਣ ਬਨਾਰਸ ਦਾ ਮਤਲਬ ਹੈ- ਆਸਥਾ ਦੇ ਨਾਲ ਆਧੁਨਿਕ ਸੁਵਿਧਾਵਾਂ!  ਹੁਣ ਬਨਾਰਸ ਦਾ ਮਤਲਬ ਹੈ- ਸਵੱਛਤਾ ਅਤੇ ਬਦਲਾਅ! ਬਨਾਰਸ ਅੱਜ ਵਿਕਾਸ ਦੇ ਵਿਲੱਖਣ ਪਥ ‘ਤੇ ਅਗ੍ਰਸਰ ਹੈ। ਵਾਰਾਣਸੀ ਵਿੱਚ ਕਨੈਕਟੀਵਿਟੀ ਵਧਾਉਣ ਦੇ ਲਈ ਪਿਛਲੇ ਲਗਭਗ 9 ਸਾਲਾਂ ਵਿੱਚ ਇਤਿਹਾਸਕ ਕਾਰਜ ਹੋਏ ਹਨ। ਵਾਰਾਣਸੀ ਤੋਂ ਸਾਰੇ ਸ਼ਹਿਰਾਂ ਨੂੰ ਜੋੜਣ ਵਾਲੀਆਂ ਸੜਕਾਂ ਜਾਂ ਤਾਂ ਚਾਰ ਲੇਨ ਦੀਆਂ ਹੋ ਗਈਆਂ ਹਨ ਜਾਂ ਫਿਰ 6 ਲੇਨ ਦੀਆਂ ਬਣਾ ਦਿੱਤੀਆਂ ਗਈਆਂ ਹਨ। ਪੂਰੀ ਤਰ੍ਹਾਂ ਨਵੀਂ ਰਿੰਗ ਰੋਡ ਵੀ ਬਣਾਈ ਗਈ ਹੈ। ਵਾਰਾਣਸੀ ਵਿੱਚ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਪੁਰਾਣੇ ਦੇ ਨਾਲ ਹੀ ਨਵੇਂ ਖੇਤਰਾਂ ਨੂੰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। 

ਬਨਾਰਸ ਵਿੱਚ ਰੇਲਵੇ ਸਟੇਸ਼ਨਾਂ ਦਾ ਵਿਕਾਸ ਹੋਵੇ, ਬਨਾਰਸ ਤੋਂ ਨਵੀਆਂ-ਨਵੀਆਂ ਟ੍ਰੇਨਾਂ ਦੀ ਸ਼ੁਰੂਆਤ ਹੋਵੇ, ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਕੰਮ ਹੋਵੇ, ਏਅਰਪੋਰਟ ‘ਤੇ ਸੁਵਿਧਾਵਾਂ ਦਾ ਵਿਸਤਾਰ ਹੋਵੇ, ਗੰਗਾਜੀ ‘ਤੇ ਘਾਟਾਂ ਦਾ ਪੁਨਰਨਿਰਮਾਣ ਹੋਵੇ, ਗੰਗਾ ਵਿੱਚ ਕਰੂਜ਼ ਚਲਾਉਣਾ ਹੋਵੇ, ਬਨਾਰਸ ਵਿੱਚ ਆਧੁਨਿਕ ਹਸਪਤਾਲਾਂ ਦਾ ਨਿਰਮਾਣ ਹੋਵੇ, ਨਵੀ ਅਤੇ ਆਧੁਨਿਕ ਡੇਅਰੀ ਦੀ ਸਥਾਪਨਾ ਹੋਵੇ, ਗੰਗਾ ਕਿਨਾਰੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਲਈ ਮਦਦ ਹੋਵੇ, ਸਾਡੀ ਸਰਕਾਰ ਇੱਥੋਂ ਦੇ ਵਿਕਾਸ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੀ ਹੈ। ਬਨਾਰਸ ਦੇ ਨੌਜਵਾਨਾਂ ਦੇ ਕੌਸ਼ਲ ਵਿਕਾਸ ਦੇ ਲਈ ਇੱਥੇ ਟ੍ਰੇਨਿੰਗ ਸੰਸਥਾਨ ਵੀ ਖੋਲ੍ਹੇ ਗਏ ਹਨ। ਸਾਂਸਦ ਰੋਜ਼ਗਾਰ ਮੇਲੇ ਦੇ ਮਾਧਿਅਮ ਨਾਲ ਵੀ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ। 

ਭਾਈਓ ਅਤੇ ਭੈਣੋਂ,

ਇਸ ਆਧੁਨਿਕ ਵਿਕਾਸ ਦਾ ਜ਼ਿਕਰ ਮੈਂ ਇੱਥੇ ਇਸ ਲਈ ਕਰ ਰਿਹਾ ਹਾਂ, ਕਿਉਂਕਿ ਸਾਡੀਆਂ ਅਧਿਆਤਮਿਕ ਯਾਤਰਾਵਾਂ ਵਿੱਚ ਸਭ ਤੋਂ ਵੱਡੀ ਪ੍ਰੇਸ਼ਾਨੀ ਇਨਫ੍ਰਾਸਟ੍ਰਕਚਰ ਦੀ ਘਾਟ ਦੀ ਵੀ ਹੁੰਦੀ ਹੈ। ਜਿਵੇਂ ਕਿ, ਬਨਾਰਸ ਆਉਣ ਵਾਲੇ ਯਾਤਰੀ ਸ਼ਹਿਰ ਤੋਂ ਬਾਹਰ ਬਣੇ ਇਸ ਸਵਰਵੇਦ ਮੰਦਿਰ ਵਿੱਚ ਜ਼ਰੂਰ ਜਾਣਾ ਚਾਹੁਣਗੇ। ਲੇਕਿਨ, ਅਗਰ ਉਨ੍ਹਾਂ ਦੇ ਲਈ ਅੱਜ ਵਰਗੀਆਂ ਸੜਕਾਂ ਨਾ ਹੁੰਦੀਆਂ ਤਾਂ ਚਾਹ ਕੇ ਵੀ ਆਪਣੀ ਇਹ ਇੱਛਾ ਪੂਰੀ ਨਹੀਂ ਕਰ ਸਕਦੇ ਸਨ। ਲੇਕਿਨ, ਹੁਣ ਸਵਰਵੇਦ ਮੰਦਿਰ ਬਨਾਰਸ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਪ੍ਰਮੁੱਖ ਸਥਾਨ ਬਣ ਕੇ ਉੱਭਰੇਗਾ। ਇਸ ਨਾਲ ਆਸ-ਪਾਸ ਦੇ ਸਾਰੇ ਪਿੰਡਾਂ ਵਿੱਚ ਕਾਰੋਬਾਰ ਅਤੇ ਰੋਜ਼ਗਾਰ ਦੇ ਅਵਸਰ ਬਨਣਗੇ, ਲੋਕਾਂ ਦੀ ਉੱਨਤੀ ਦੇ ਰਸਤੇ ਖੁੱਲਣਗੇ।

ਮੇਰੇ ਪਰਿਵਾਰਜਨੋਂ,

ਵਿਹੰਗਮ ਯੋਗ ਸੰਸਥਾਨ ਜਿੰਨਾ ਸਾਡੇ ਆਤਮਿਕ ਕਲਿਆਣ ਲਈ ਸਮਰਪਿਤ ਹੈ, ਉਨਾ ਹੀ ਸਮਾਜ ਦੀ ਸੇਵਾ ਦੇ ਲਈ ਵੀ ਸਰਗਰਮ ਰਿਹਾ ਹੈ। ਇਹੀ ਸਦਾਫਲ ਦੇਵ ਜੀ ਜੈਸੇ ਮਹਾਰਿਸ਼ੀ ਦੀ ਪਰੰਪਰਾ ਵੀ ਹੈ। ਸਦਾਫਲ ਦੇਵ ਜੀ ਯੋਗਨਿਸ਼ਠ ਸੰਤ ਹੋਣ ਦੇ ਨਾਲ ਹੀ ਆਜ਼ਾਦੀ ਦੀ ਲੜਾਈ ਲੜਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ ਵੀ ਸਨ। ਅੱਜ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਉਨ੍ਹਾਂ ਦੇ ਸੰਕਲਪਾਂ ਨੂੰ ਅੱਗੇ ਵਧਾਉਣਾ, ਉਨ੍ਹਾਂ ਦੇ ਹਰ ਇੱਕ ਪੈਰੋਕਾਰ ਦੀ ਜ਼ਿੰਮੇਦਾਰੀ ਹੈ। ਮੈਂ ਪਿਛਲੀ ਵਾਰ ਜਦੋਂ ਤੁਹਾਡੇ ਦਰਮਿਆਨ ਆਇਆ ਸੀ, ਤਾਂ ਮੈਂ ਦੇਸ਼ ਦੀਆਂ ਕੁਝ ਅਪੇਖਿਆਵਾਂ ਵੀ ਤੁਹਾਡੇ ਸਾਹਮਣੇ ਰੱਖੀਆਂ ਸਨ। ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਹਮਣੇ 9 ਸੰਕਲਪ ਰੱਖ ਰਿਹਾ ਹਾਂ, ਨੌ- ਤਾਕੀਦਾਂ ਰੱਖ ਰਿਹਾ ਹਾਂ। ਅਤੇ ਹੁਣੇ ਮੈਨੂੰ ਵਿਗਿਆਨਦੇਵ ਜੀ ਨੇ ਯਾਦ ਵੀ ਕਰਵਾਇਆ ਕਿ ਮੈਂ ਪਿਛਲੀ ਵਾਰ ਕੀ ਕਿਹਾ ਸੀ। ਮੇਰੀ ਪਹਿਲੀ ਤਾਕੀਦ ਹੈ –

ਪਹਿਲੀ- ਪਾਣੀ ਦੀ ਬੂੰਦ-ਬੂੰਦ ਬਚਾਓ ਅਤੇ ਜਲ ਸੰਭਾਲ਼ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰੋ।

ਦੂਸਰੀ- ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਪ੍ਰਤੀ ਜਾਗਰੂਕ ਕਰੋ, ਔਨਲਾਈਨ ਪੇਮੈਂਟ ਸਿਖਾਓ।

ਤੀਸਰੀ – ਆਪਣੇ ਪਿੰਡ, ਆਪਣੇ ਮੁਹੱਲੇ, ਆਪਣੇ ਸ਼ਹਿਰ ਨੂੰ ਸਵੱਛਤਾ ਵਿੱਚ ਨੰਬਰ ਵੰਨ ਬਣਾਉਣ ਦੇ ਲਈ ਕੰਮ ਕਰੋ।

ਚੌਥੀ – ਜਿੰਨਾ ਹੋ ਸਕੇ ਤੁਸੀਂ ਲੋਕਲ ਨੂੰ, ਸਥਾਨਕ ਪ੍ਰੋਡਕਟਸ ਨੂੰ ਪ੍ਰਮੋਟ ਕਰੋ, ਮੇਡ ਇਨ ਇੰਡੀਆ ਪ੍ਰੋਡਕਟਸ ਦਾ ਹੀ ਇਸਤੇਮਾਲ ਕਰੋ।

ਪੰਜਵੀਂ- ਜਿੰਨਾ ਹੋ ਸਕੇ, ਪਹਿਲਾਂ ਦੇਸ਼ ਨੂੰ ਦੇਖੋ, ਆਪਣੇ ਦੇਸ਼ ਵਿੱਚ ਘੁੰਮੋ ਅਤੇ ਅਗਰ ਦੂਸਰੇ ਦੇਸ਼ ਜਾਣਾ ਹੋਵੇ, ਤਾਂ ਜਦੋਂ ਤੱਕ ਪੂਰਾ ਦੇਸ਼ ਨਹੀਂ ਦੇਖ ਲੈਂਦੇ, ਵਿਦੇਸ਼ਾਂ ਵਿੱਚ ਜਾਣ ਦਾ ਮਨ ਨਹੀਂ ਕਰਨਾ ਚਾਹੀਦਾ। ਅਤੇ ਮੈਂ ਅਜਕੱਲ੍ਹ ਤਾਂ ਇਹ ਵੱਡੇ-ਵੱਡੇ ਧੰਨਾਸੇਠਾਂ ਨੂੰ ਵੀ ਕਹਿੰਦਾ ਰਹਿੰਦਾ ਹਾਂ ਕਿ ਵਿਦੇਸ਼ਾਂ ਵਿੱਚ ਜਾ ਕੇ ਸ਼ਾਦੀ ਕਿਉਂ ਕਰ ਰਹੇ ਹੋ ਭਈ ਤਾਂ ਮੈਂ ਕਿਹਾ ਵੈੱਡ ਇਨ ਇੰਡੀਆ, ਇੰਡੀਆ ਵਿੱਚ ਸ਼ਾਦੀ ਕਰੋ। 

ਮੈਂ ਛੇਵੀਂ ਗੱਲ ਕਹਿੰਦਾ ਹਾਂ- ਕੁਦਰਤੀ ਖੇਤੀ ਦੇ ਪ੍ਰਤੀ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਦੇ ਰਹੋ। ਮੈਂ ਇਹ ਤਾਕੀਦ ਪਿਛਲੀ ਵਾਰ ਵੀ ਤੁਹਾਨੂੰ ਕੀਤੀ ਸੀ, ਫਿਰ ਇਸ ਨੂੰ ਦੁਹਰਾ ਰਿਹਾ ਹਾਂ। ਇਹ ਧਰਤੀ ਮਾਂ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਅਭਿਯਾਨ ਹੈ। 

ਮੇਰੀ ਸੱਤਵੀਂ ਤਾਕੀਦ ਹੈ- ਮਿਲਟਸ ਨੂੰ ਸ਼੍ਰੀ-ਅੰਨ ਨੂੰ ਆਪਣੀ ਰੂਟੀਨ ਦੇ ਖਾਣੇ ਦੇ ਜੀਵਨ ਵਿੱਚ ਸ਼ਾਮਲ ਕਰੋ, ਇਸ ਦਾ ਖੂਬ ਪ੍ਰਚਾਰ-ਪ੍ਰਸਾਰ ਕਰੋ, ਸੁਪਰ ਫੂਡ ਹੈ।

ਮੇਰੀ ਅੱਠਵੀਂ ਤਾਕੀਦ ਹੈ- ਫਿਟਨੈੱਸ ਯੋਗ ਹੋਵੇ, ਸਪੋਰਟਸ ਹੋਵੇ, ਉਸ ਨੂੰ ਵੀ ਆਪਣੇ ਜੀਵਨ ਦਾ ਅਭਿੰਨ ਹਿੱਸਾ ਬਣਾਓ।

ਅਤੇ ਨੌਵੀਂ ਤਾਕੀਦ ਹੈ- ਘੱਟ ਤੋਂ ਘੱਟ ਇੱਕ ਗ਼ਰੀਬ ਪਰਿਵਾਰ ਦਾ ਸੰਬਲ ਬਣੋ, ਉਸ ਦੀ ਮਦਦ ਕਰੋ। ਇਹ ਭਾਰਤ ਵਿੱਚੋਂ ਗ਼ਰੀਬੀ ਦੂਰ ਕਰਨ ਲਈ ਜ਼ਰੂਰੀ ਹੈ। 

ਅਜਕੱਲ੍ਹ ਤੁਸੀਂ ਦੇਖ ਰਹੇ ਹੋ ਵਿਕਸਿਤ ਭਾਰਤ ਸੰਕਲਪ ਯਾਤਰਾ ਚੱਲ ਰਹੀ ਹੈ। ਮੈਂ ਕੱਲ੍ਹ ਸ਼ਾਮ ਨੂੰ ਇਸ ਨਾਲ ਜੁੜੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਹਾਂ। ਹਾਲੇ ਕੁਝ ਦੇਰ ਬਾਅਦ ਇੱਥੇ ਤੋਂ ਮੈਂ ਫਿਰ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ। ਇਸ ਯਾਤਰਾ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਜ਼ਿੰਮੇਦਾਰੀ ਤੁਹਾਡੀ ਸਾਰਿਆਂ ਦੀ ਵੀ ਹੈ, ਹਰ ਧਰਮਗੁਰੂ ਦੀ ਵੀ ਹੈ। ਮੈਂ ਚਾਹਾਂਗਾ ਕਿ ਇਹ ਸਾਰੇ ਸਾਡੇ ਨਿਜੀ ਸੰਕਲਪ ਵੀ ਬਨਣੇ ਚਾਹੀਦੇ ਹਨ। ‘ਗਾਂਓ ਵਿਸ਼ਵਸਯ ਮਾਤਰ:’ (‘गावों विश्वस्य मातरः’) ਦਾ ਜੋ ਆਦਰਸ਼ ਵਾਕ ਹੈ, ਇਹ ਸਾਡੇ ਲਈ ਆਸਥਾ ਦੇ ਨਾਲ-ਨਾਲ ਵਿਵਹਾਰ ਦਾ ਵੀ ਹਿੱਸਾ ਬਣੇਗਾ ਤਾਂ ਭਾਰਤ ਹੋਰ ਤੇਜ਼ੀ ਨਾਲ ਵਿਕਸਿਤ ਹੋਵੇਗਾ। ਇਸੇ ਭਾਵ ਦੇ ਨਾਲ, ਮੈਂ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਪੂਜਯ ਸੰਤਾਂ ਨੇ ਮੈਨੂੰ ਜੋ ਮਾਣ ਸਨਮਾਨ ਦਿੱਤਾ, ਮੈਂ ਉਨ੍ਹਾਂ ਦਾ ਵੀ ਹਿਰਦੇ ਤੋਂ ਧੰਨਵਾਦ ਕਰਦਾ ਹਾਂ! ਮੇਰੇ ਨਾਲ ਬੋਲੋ –

ਭਾਰਤ ਮਾਤਾ ਕੀ –ਜੈ।

ਭਾਰਤ ਮਾਤਾ ਕੀ –ਜੈ।

ਭਾਰਤ ਮਾਤਾ ਕੀ –ਜੈ।

 

ਧੰਨਵਾਦ।

 

************

ਡੀਐੱਸ/ਐੱਸਟੀ/ਡੀਕੇ