Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਰਲਡ ਫੂਡ ਇੰਡੀਆ 2017 ਵਿਖੇ ਪ੍ਰਧਾਨ ਮੰਤਰੀ ਦਾ ਸੰਬੋਧਨ

ਵਰਲਡ ਫੂਡ ਇੰਡੀਆ 2017 ਵਿਖੇ ਪ੍ਰਧਾਨ ਮੰਤਰੀ ਦਾ ਸੰਬੋਧਨ

ਵਰਲਡ ਫੂਡ ਇੰਡੀਆ 2017 ਵਿਖੇ ਪ੍ਰਧਾਨ ਮੰਤਰੀ ਦਾ ਸੰਬੋਧਨ

ਵਰਲਡ ਫੂਡ ਇੰਡੀਆ 2017 ਵਿਖੇ ਪ੍ਰਧਾਨ ਮੰਤਰੀ ਦਾ ਸੰਬੋਧਨ


ਪ੍ਰਤਿਸ਼ਠਿਤ ਹਸਤੀਓ,

ਵਪਾਰ ਅਤੇ ਸਨਅਤ ਦੇ ਮੋਹਰੀਓ,

ਭੈਣੋ ਅਤੇ ਭਰਾਵੋ,

ਵਿਸ਼ਵ ਆਗੂਆਂ ਅਤੇ ਖੁਰਾਕ ਪ੍ਰੋਸੈਸਿੰਗ ਸਨਅਤ ਵਿਚ ਫੈਸਲਾ ਲੈਣ ਵਾਲਿਆਂ ਦੇ ਇਸ ਵਿਸ਼ਾਲ ਇਕੱਠ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਤੁਹਾਡਾ ਸਭ ਦਾ ਇਸ ਵਰਲਡ ਫੂਡ ਇੰਡੀਆ 2017 ਵਿਚ ਸਵਾਗਤ ਕਰਦਾ ਹਾਂ।

ਇਹ ਸਮਾਰੋਹ ਤੁਹਾਨੂੰ ਉਨ੍ਹਾਂ ਮੌਕਿਆਂ ਦੀ ਇਕ ਝਲਕ ਵਿਖਾਏਗਾ ਜੋ ਕਿ ਭਾਰਤ ਵਿਚ ਤੁਹਾਡੀ ਇੰਤਜ਼ਾਰ ਵਿਚ ਹਨ। ਇਹ ਮੇਲਾ ਖੁਰਾਕ ਪ੍ਰੋਸੈਸਿੰਗ ਖੇਤਰ ਵਿਚ ਸਾਡੀ ਸਮਰੱਥਾ ਤੁਹਾਡੇ ਅੱਗੇ ਰੱਖੇਗਾ। ਇਹ ਵੱਖ ਵੱਖ ਭਾਈਵਾਲਾਂ ਨੂੰ ਆਪਸ ਵਿਚ ਜੋੜਨ ਲਈ ਇਕ ਪਲੇਟਫਾਰਮ ਵਜੋਂ ਕੰਮ ਕਰੇਗਾ ਅਤੇ ਆਪਸੀ ਖੁਸ਼ਹਾਲੀ ਲਈ ਸਹਿਯੋਗ ਵਧਾਵੇਗਾ। ਇਹ ਤੁਹਾਨੂੰ ਕਈ ਬਹੁਤ ਸ਼ਾਨਦਾਰ ਰਸੋਈ ਪ੍ਰਬੰਧਾਂ ਤੋਂ ਜਾਣੂ ਕਰਵਾਏਗਾ ਜਿਨ੍ਹਾਂ ਸਦਕਾ ਵਿਸ਼ਵ ਭਰ ਵਿਚ ਜ਼ਾਇਕਾ ਵਧਿਆ ਹੈ।

ਭੈਣੋ ਅਤੇ ਭਰਾਵੋ,

ਖੇਤੀ ਖੇਤਰ ਵਿਚ ਭਾਰਤ ਦੀ ਤਾਕਤ ਬਹੁਤ ਜ਼ਿਆਦਾ ਅਤੇ ਵਿਭਿੰਨਤਾ ਭਰਪੂਰ ਹੈ। ਭਾਰਤ ਦੁਨੀਆ ਵਿਚ ਦੂਜੇ ਨੰਬਰ ਦਾ ਵੱਡਾ ਵਾਹੀਯੋਗ ਖੇਤਰ ਹੈ ਅਤੇ ਇਥੇ 127 ਵਿਭਿੰਨ ਖੇਤੀ ਮੌਸਮਾਂ ਨਾਲ ਸੰਬੰਧਤ ਖੇਤਰ ਹਨ, ਇਹ ਸਾਨੂੰ ਬਹੁਤ ਸਾਰੀਆਂ ਫਸਲਾਂ ਜਿਵੇਂ ਕਿ ਕੇਲਾ, ਅੰਬ, ਅਮਰੂਦ, ਪਪੀਤੇ ਅਤੇ ਭਿੰਡੀ ਵਿਚ ਵਿਸ਼ਵ ਲੀਡਰਸ਼ਿਪ ਪ੍ਰਦਾਨ ਕਰਦਾ ਹੈ। ਅਸੀਂ ਵਿਸ਼ਵ ਵਿਚ ਚਾਵਲ, ਕਣਕ, ਮੱਛੀ, ਫਲਾਂ, ਅਤੇ ਸਬਜ਼ੀਆਂ ਦੇ ਉਤਪਾਦਨ ਵਿਚ ਦੂਸਰੇ ਨੰਬਰ ਉੱਤੇ ਹਾਂ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਵੀ ਹੈ। ਸਾਡੇ ਬਾਗਬਾਨੀ ਖੇਤਰ ਨੇ ਪਿਛਲੇ 10 ਸਾਲ ਵਿਚ ਔਸਤਨ 5.5 ਫੀਸਦੀ ਦੀ ਵਾਧਾ ਦਰ ਦਰਸਾਈ ਹੈ।

ਸਦੀਆਂ ਤੋਂ ਭਾਰਤ ਨੇ ਦੂਰ ਦੁਰਾਡੇ ਤੋਂ ਆਉਣ ਵਾਲੇ ਉਨ੍ਹਾਂ ਵਪਾਰੀਆਂ ਦਾ ਸਵਾਗਤ ਕੀਤਾ ਹੈ ਜੋ ਕਿ ਇਥੇ ਵੱਖ ਵੱਖ ਮਸਾਲਿਆਂ ਦੀ ਖੋਜ ਵਿਚ ਆਉਂਦੇ ਹਨ। ਉਨ੍ਹਾਂ ਦਾ ਆਗਮਨ ਨਾਲ ਅਕਸਰ ਸਾਡੇ ਇਤਿਹਾਸ ਨੂੰ ਦਿਸ਼ਾ ਮਿਲਦੀ ਹੈ। ਯੂਰਪ ਅਤੇ ਦੱਖਣ ਪੂਰਬੀ ਏਸ਼ੀਆ ਨਾਲ ਸਾਡੇ ਮਸਾਲਿਆਂ ਦੇ ਰਸਤੇ ਜੋ ਵਪਾਰਕ ਸੰਬੰਧ ਬਣੇ ਹਨ ਉਨ੍ਹਾਂ ਤੋਂ ਸਾਰੇ ਜਾਣੂ ਹਨ। ਇਥੋਂ ਤੱਕ ਕਿ ਕ੍ਰਿਸਟੋਫਰ ਕੋਲੰਬਸ ਵੀ ਭਾਰਤੀ ਮਸਾਲਿਆਂ ਪ੍ਰਤੀ ਆਕਰਸ਼ਿਤ ਹੋਇਆ ਸੀ ਅਤੇ ਅਮਰੀਕਾ ਪਹੁੰਚ ਗਿਆ ਸੀ, ਕਿਉਂਕਿ ਉਹ ਭਾਰਤ ਲਈ ਇਕ ਬਦਲਵੇਂ ਸਮੰਦਰੀ ਮਾਰਗ ਦੀ ਭਾਲ ਕਰ ਰਿਹਾ ਸੀ।

ਭਾਰਤ ਵਿਚ ਖੁਰਾਕ ਪ੍ਰੋਸੈਸਿੰਗ ਜੀਣ ਦਾ ਇਕ ਢੰਗ ਹੈ। ਇਸ ਨੂੰ ਸਦੀਆਂ ਤੋਂ ਅਪਣਾਇਆ ਜਾ ਰਿਹਾ ਹੈ। ਸਾਦੀਆਂ , ਘਰੇਲੂ ਤਕਨੀਕਾਂ, ਜਿਵੇਂ ਕਿ ਖਮੀਰ ਬਣਾਉਣ ਵਗੈਰਾ ਦੀ ਤਕਨੀਕ ਨਾਲ ਕਈ ਪ੍ਰਸਿੱਧ ਅਚਾਰ, ਪਾਪੜ, ਚਟਨੀਆਂ ਮੁਰੱਬੇ ਵਗੈਰਾ ਬਣੇ ਹਨ ਜੋ ਕਿ ਦੁਨੀਆ ਭਰ ਵਿਚ ਆਮ ਲੋਕਾਂ ਵਲੋਂ ਹੀ ਨਹੀਂ ਸਗੋਂ ਉੱਚ ਵਰਗ ਵਲੋਂ ਵੀ ਪਸੰਦ ਕੀਤੇ ਜਾਂਦੇ ਹਨ।

ਭੈਣੋ ਅਤੇ ਭਰਾਵੋ,

ਹੁਣ ਅਸੀਂ ਕੁਝ ਪਲ ਲਈ ਵੱਡੀ ਤਸਵੀਰ ਵੱਲ ਵਧੀਏ।

ਭਾਰਤ ਇਸ ਵੇਲੇ ਦੁਨੀਆ ਦੀਆਂ ਤੇਜ਼ੀ ਨਾਲ ਵੱਧ ਰਹੀਆਂ ਆਰਥਿਕਤਾਵਾਂ ਵਿਚੋਂ ਇੱਕ ਹੈ। ਵਸਤਾਂ ਅਤੇ ਸੇਵਾਵਾਂ ਟੈਕਸ ਭਾਵ ਜੀ ਐਸ ਟੀ ਨੇ ਦੇਸ਼ ਵਿਚੋਂ ਟੈਕਸਾਂ ਦੀ ਬਹੁਤਾਤ ਨੂੰ ਖਤਮ ਕਰ ਦਿੱਤਾ ਹੈ। ਕਾਰੋਬਾਰ ਨੂੰ ਸੁਖਾਲਾ ਬਣਾਉਣ ਦੀ ਵਿਸ਼ਵ ਰੈਂਕਿੰਗ ਵਿਚ ਭਾਰਤ ਨੂੰ 30 ਦਰਜੇ ਦਾ ਉਛਾਲ ਮਿਲਿਆ ਹੈ। ਇਸ ਸਾਲ ਇਹ ਕਿਸੇ ਦੇਸ਼ ਲਈ ਆਇਆ ਸਭ ਤੋਂ ਵੱਡਾ ਉਛਾਲ ਹੈ। 2014 ਵਿਚ ਅਸੀਂ 142 ਨੰਬਰ ਉੱਤੇ ਸੀ ਜਦਕਿ 2017 ਵਿੱਚ ਸਾਡੀ ਰੈਂਕਿੰਗ 100 ਉੱਤੇ ਆ ਗਈ ਹੈ।
ਗ੍ਰੀਨਫੀਲਡ ਨਿਵੇਸ਼ ਦੀ ਰੈੰਕਿੰਗ ਵਿੱਚ ਭਾਰਤ ਸਭ ਤੋਂ ਪਹਿਲੇ ਨੰਬਰ ਉੱਤੇ ਸੀ। ਗਲੋਬਲ ਇਨੋਵੇਸ਼ਨ ਇੰਡੈਕਸ, ਗਲੋਬਲ ਲੋਜਿਸਟਿਕਸ ਇੰਡੈਕਸ ਅਤੇ ਵਿਸ਼ਵ ਮੁਕਾਬਲੇਬਾਜ਼ੀ ਇੰਡੈਕਸ ਵਿੱਚ ਭਾਰਤ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।
ਭਾਰਤ ਵਿੱਚ ਨਵਾਂ ਵਪਾਰ ਸ਼ੁਰੂ ਕਰਨਾ ਹੁਣ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਹੈ। ਵੱਖ ਵੱਖ ਏਜੰਸੀਆਂ ਤੋਂ ਕਲੀਅਰੈਂਸ ਲੈਣ ਦੀ ਪ੍ਰਣਾਲੀ ਨੂੰ ਸੁਖਾਲਾ ਕਰ ਦਿੱਤਾ ਗਿਆ ਹੈ। ਪੁਰਾਣੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਸ਼ਰਤਾਂ ਪੂਰੀਆਂ ਕਰਨ ਦਾ ਬੋਝ ਘਟਾ ਦਿੱਤਾ ਗਿਆ ਹੈ।

ਹੁਣ ਮੈਂ ਵਿਸ਼ੇਸ਼ ਤੌਰ ਤੇ ਖੁਰਾਕ ਪ੍ਰੋਸੈਸਿੰਗ ਵੱਲ ਆਉਂਦਾ ਹਾਂ। ਸਰਕਾਰ ਨੇ ਕਈ ਤਬਦੀਲੀ ਸਬੰਧੀ ਪਹਿਲਕਦਮੀਆਂ ਹੱਥ ਵਿੱਚ ਲਈਆਂ ਹਨ। ਭਾਰਤ ਇਸ ਖੇਤਰ ਵਿੱਚ ਹੁਣ ਸਭ ਤੋਂ ਵੱਧ ਪਹਿਲ ਵਾਲਾ ਨਿਵੇਸ਼ ਖੇਤਰ ਬਣ ਗਿਆ ਹੈ। ਸਾਡੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਵਿੱਚ ਵੀ ਇਹ ਇੱਕ ਪਹਿਲ ਵਾਲਾ ਖੇਤਰ ਹੈ। ਵਪਾਰ ਲਈ ਹੁਣ 100% ਐਫ ਡੀ ਆਈ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਇਸ ਵਿੱਚ ਈ-ਕਾਮਰਸ, ਭਾਰਤ ਵਿੱਚ ਖੁਰਾਕ ਉਤਪਾਦਾਂ ਦਾ ਨਿਰਮਾਣ ਵੀ ਸ਼ਾਮਲ ਹੈ। ਇਕ ਇਕਹਿਰੀ ਖਿੜਕੀ ਵਾਲਾ ਸੈੱਲ ਵਿਦੇਸ਼ੀ ਨਿਵੇਸ਼ਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕਈ ਆਕਰਸ਼ਿਤ ਵਿੱਤੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਖੁਰਾਕ ਅਤੇ ਖੇਤੀ ਆਧਾਰਿਤ ਪ੍ਰੋਸੈਸਿੰਗ ਯੂਨਿਟਾਂ ਲਈ ਕਰਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਕੋਲਡ ਚੇਨਜ਼ ਨੂੰ ਵੀ ਕਰਜ਼ੇ ਦੀ ਪਹਿਲ ਵਾਲੇ ਖੇਤਰ ਵਿੱਚ ਲੈ ਆਂਦਾ ਗਿਆ ਹੈ ਜਿਸ ਨਾਲ ਉਨ੍ਹਾਂ ਲਈ ਕਰਜ਼ਾ ਲੈਣਾ ਆਸਾਨ ਹੋ ਗਿਆ ਹੈ।

ਇੱਕ ਅਨੋਖਾ ਪੋਰਟਲ ‘ਨਿਵੇਸ਼ ਬੰਧੂ’ — ਜਾਂ ‘ ਇਨਵੈਸਟਰਜ਼ ਫਰੈਂਡ’ ਵੀ ਹੁਣੇ ਜਿਹੇ ਹੀ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਅਤੇ ਖੁਰਾਕ ਪ੍ਰੋਸੈਸਿੰਗ ਖੇਤਰ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਹੈ। ਇਸ ਵਿੱਚ ਸਥਾਨਕ ਪੱਧਰ ਤੱਕ ਦੇ ਸੋਮਿਆਂ ਅਤੇ ਪ੍ਰੋਸੈਸਿੰਗ ਲੋੜਾਂ ਤੱਕ ਦਾ ਜ਼ਿਕਰ ਕੀਤਾ ਗਿਆ ਹੈ। ਇਹ ਕਿਸਾਨਾਂ, ਪ੍ਰੋਸੈਸਰਾਂ, ਵਪਾਰੀਆਂ ਅਤੇ ਲਾਜਿਸਟਿਕ ਆਪ੍ਰੇਟਰਾਂ ਲਈ ਇੱਕ ਵਪਾਰਕ ਨੈੱਟਵਰਕਿੰਗ ਪਲੇਟਫਾਰਮ ਵਜੋਂ ਵੀ ਕੰਮ ਕਰੇਗਾ।

ਦੋਸਤੋ,

ਵੈਲਿਯੂ ਚੇਨ ਦੇ ਕਈ ਖੇਤਰਾਂ ਵਿੱਚ ਨਿੱਜੀ ਖੇਤਰ ਦੀ ਭਾਈਵਾਲੀ ਵੀ ਵਧ ਰਹੀ ਹੈ। ਪਰ ਅਜੇ ਕਾਂਟਰੈਕਟ ਫਾਰਮਿੰਗ, ਕੱਚੇ ਸਮਾਨ ਦੀ ਸੋਰਸਿੰਗ ਅਤੇ ਖੇਤੀ ਸੰਪਰਕ ਕਾਇਮ ਕਰਨ ਲਈ ਵਧੇਰੇ ਨਿਵੇਸ਼ ਦੀ ਲੋੜ ਹੈ। ਭਾਰਤ ਵਿੱਚ ਕਈ ਕੌਮਾਂਤਰੀ ਕੰਪਨੀਆਂ ਨੇ ਕਾਂਟਰੈਕਟ ਫਾਰਮਿੰਗ ਪਹਿਲਕਦਮੀਆਂ ਵੱਲ ਕਦਮ ਵਧਾਇਆ ਹੈ। ਇਹ ਵਿਸ਼ਵ ਸੁਪਰ ਮਾਰਕੀਟ ਚੇਨਾਂ ਲਈ ਇੱਕ ਸਪੱਸ਼ਟ ਮੌਕਾ ਹੈ ਕਿ ਉਹ ਭਾਰਤ ਨੂੰ ਇੱਕ ਪ੍ਰਮੁੱਖ ਆਊਟਸੋਰਸਿੰਗ ਧੁਰਾ ਮੰਨਣ।
ਇੱਕ ਪਾਸੇ ਕਟਾਈ ਤੋਂ ਬਾਅਦ ਦੇ ਪ੍ਰਬੰਧਾਂ, ਜਿਵੇਂ ਕਿ ਪ੍ਰਾਇਮਰੀ ਪ੍ਰੋਸੈਸਿੰਗ ਅਤੇ ਸਟੋਰੇਜ, ਸਾਂਭ ਸੰਭਾਲ ਢਾਂਚਾ, ਕੋਲਡ ਚੇਨ ਅਤੇ ਰੈਫ੍ਰੀਜਰੇਟਿਡ ਟ੍ਰਾਂਸਪੋਰਟੇਸ਼ਨ ਲਈ ਕਾਫੀ ਮੌਕੇ ਹਨ, ਉਥੇ ਦੂਜੇ ਪਾਸੇ ਖੁਰਾਕ ਪ੍ਰੋਸੈਸਿੰਗ ਅਤੇ ਆਰਗੈਨਿਕ ਅਤੇ ਫੋਰਟੀਫਾਈਡ ਫੂਡਜ਼ ਵਗੈਰਾ ਵਿਚ ਵੀ ਭਾਰੀ ਸਮਰੱਥਾ ਮੌਜੂਦ ਹੈ।

ਵੱਧ ਰਹੇ ਸ਼ਹਿਰੀਕਰਣ ਅਤੇ ਵੱਧ ਰਹੇ ਦਰਮਿਆਨੇ ਦਰਜੇ ਦੇ ਲੋਕਾਂ ਕਾਰਣ ਪ੍ਰੋਸੈਸਡ ਫੂਡ ਦੀ ਮੰਗ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਸ ਸਬੰਧ ਵਿੱਚ ਮੈਂ ਸਿਰਫ ਇੱਕ ਹੀ ਅੰਕੜਾ ਸਾਂਝਾ ਕਰਨਾ ਚਾਹੁੰਦਾ ਹਾਂ। ਭਾਰਤ ਵਿੱਚ ਰੋਜ਼ਾਨਾ ਗੱਡੀਆਂ ਵਿੱਚ ਸਫਰ ਕਰਨ ਵਾਲੇ 10 ਲੱਖ ਤੋਂ ਵੱਧ ਲੋਕ ਗੱਡੀਆਂ ਵਿੱਚ ਹੀ ਖਾਣਾ ਖਾਂਦੇ ਹਨ। ਇਨ੍ਹਾਂ ਵਿੱਚੋਂ ਹਰ ਕੋਈ ਖੁਰਾਕ ਪ੍ਰੋਸੈਸਿੰਗ ਸਨਅਤ ਦਾ ਇੱਕ ਸੰਭਾਵੀ ਗਾਹਕ ਹੈ। ਅਜਿਹੇ ਹੀ ਹੋਰ ਮੌਕਿਆਂ ਨੂੰ ਤਲਾਸ਼ੇ ਜਾਣ ਦੀ ਲੋੜ ਹੈ।

ਭੈਣੋ ਅਤੇ ਭਰਾਵੋ,

ਜ਼ਿੰਦਗੀ ਜਿਊਣ ਦੇ ਢੰਗ ਕਾਰਣ ਪੈਦਾ ਹੋ ਰਹੀਆਂ ਬਿਮਾਰੀਆਂ ਵਿਸ਼ਵ ਭਰ ਵਿੱਚ ਖੁਰਾਕ ਖਪਤ ਦੇ ਢੰਗ ਅਤੇ ਕੁਆਲਟੀ ਬਾਰੇ ਜਾਗਰੂਕਤਾ ਵਧਾ ਰਹੀਆਂ ਹਨ। ਬਨਾਵਟੀ ਰੰਗਾਂ, ਰਸਾਇਣਾਂ ਅਤੇ ਵਸਤਾਂ ਨੂੰ ਸੰਭਾਲਣ ਵਾਲੇ ਪ੍ਰੀਜ਼ਰਵੇਟਿਵ ਪ੍ਰਤੀ ਰੁਝਾਨ ਘਟ ਰਿਹਾ ਹੈ। ਭਾਰਤ ਇਸ ਦਾ ਹੱਲ ਮੁਹੱਈਆ ਕਰਵਾ ਸਕਦਾ ਹੈ ਅਤੇ ਸਫਲ ਭਾਈਵਾਲੀ ਪੇਸ਼ ਕਰ ਸਕਦਾ ਹੈ।
ਰਵਾਇਤੀ ਭਾਰਤੀ ਖਾਣੇ ਦੀ ਆਧੁਨਿਕ ਤਕਨਾਲੋਜੀ, ਪ੍ਰੋਸੈਸਿੰਗ ਅਤੇ ਪੈਕੇਜਿੰਗ ਨਾਲ ਜੋ ਸੁਮੇਲ ਹੋਵੇਗਾ ਉਹ ਦੁਨੀਆ ਨੂੰ ਸਿਹਤ ਦੇ ਲਾਭਾਂ ਤੋਂ ਜਾਣੂ ਕਰਵਾਏਗਾ ਅਤੇ ਭਾਰਤੀ ਖੁਰਾਕੀ ਵਸਤਾਂ ਜਿਵੇਂ ਕਿ ਅਦਰਕ, ਹਲਦੀ ਅਤੇ ਤੁਲਸੀ ਵਗੈਰਾ ਦੇ ਲਾਭਾਂ ਦੀ ਦੁਨੀਆ ਨਾਲ ਪਛਾਣ ਕਰਵਾ ਸਕੇਗਾ। ਸਿਹਤਮੰਦ, ਪੌਸ਼ਟਿਕ ਅਤੇ ਸਵਾਦੀ ਪ੍ਰੋਸੈਸਡ ਫੂਡਜ਼, ਸਿਹਤ ਸੰਭਾਲ ਦੇ ਅਹਿਤਿਆਤੀ ਕਦਮਾਂ ਨੂੰ ਅਪਣਾਏੇ ਜਾਣ ਨਾਲ ਭਾਰਤ ਆਰਥਿਕ ਤੌਰ ਤੇ ਸਸਤੇ ਖਾਣੇ ਪੇਸ਼ ਕਰ ਸਕੇਗਾ।

ਫੂਡ ਸੇਫਟੀ ਐੰਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਵੱਲੋਂ ਇਹ ਯਕੀਨੀ ਬਣਾਉਣ ਦੇ ਯਤਨ ਹੋ ਰਹੇ ਹਨ ਕਿ ਭਾਰਤ ਵਿੱਚ ਜੋ ਪ੍ਰੋਸੈਸਡ ਖਾਣਾ ਤਿਆਰ ਹੋ ਰਿਹਾ ਹੈ, ਉਹ ਵਿਸ਼ਵ ਮਿਆਰ ਉੱਤੇ ਪੂਰਾ ਉਤਰੇ।

ਭੈਣੋ ਅਤੇ ਭਰਾਵੋ,

ਕਿਸਾਨ, ਜਿਨ੍ਹਾਂ ਨੂੰ ਕਿ ਅਸੀਂ ਸਨਮਾਨ ਵਜੋਂ ਆਪਣੇ ‘ਅੰਨ-ਦਾਤਾ’ ਕਹਿੰਦੇ ਹਾਂ ਖੁਰਾਕ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੇਂਦਰ ਵਿੱਚ ਹਨ। ਅਸੀਂ 5 ਸਾਲ ਦੇ ਸਮੇਂ ਵਿੱਚ ਕਿਸਾਨਾਂ ਦੀ ਆਮਦਨ ਨੂੰ ਦੁਗਣੀ ਕਰਨ ਦਾ ਟੀਚਾ ਰੱਖਿਆ ਹੈ। ਬੀਤੇ ਦਿਨੀਂ ਅਸੀਂ ਇੱਕ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ‘ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ’ ਸ਼ੁਰੂ ਕੀਤਾ ਹੈ ਜਿਸ ਦਾ ਉਦੇਸ਼ ਵਿਸ਼ਵ ਪੱਧਰ ਦਾ ਖੁਰਾਕ ਪ੍ਰੋਸੈਸਿੰਗ ਢਾਂਚਾ ਖੜਾ ਕਰਨਾ ਹੈ। ਇਸ ਵਿੱਚ ਤਕਰੀਬਨ 5 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਹੋਣ ਦੀ ਆਸ ਹੈ, 2 ਮਿਲੀਅਨ ਕਿਸਾਨਾਂ ਨੂੰ ਲਾਭ ਪਹੁੰਚੇਗਾ ਅਤੇ ਅਗਲੇ 3 ਸਾਲਾਂ ਵਿੱਚ ਅੱਧਾ ਮਿਲੀਅਨ ਨੌਕਰੀਆਂ ਪੈਦਾ ਹੋਣਗੀਆਂ।

ਇਸ ਸਕੀਮ ਦਾ ਮੁੱਖ ਹਿੱਸਾ ਮੇਗਾ ਫੂਡ ਪਾਰਕਾਂ ਦੀ ਕਾਇਮੀ ਹੈ। ਇਨ੍ਹਾਂ ਖੁਰਾਕ ਪਾਰਕਾਂ ਰਾਹੀਂ ਅਸੀਂ ਐਗਰੋ ਪ੍ਰੋਸੈਸਿੰਗ ਕਲਸਟਰਾਂ ਨੂੰ ਪ੍ਰਮੁੱਖ ਉਤਪਾਦਨ ਕੇਂਦਰਾਂ ਨਾਲ ਜੋੜਨਾ ਚਾਹੁੰਦੇ ਹਾਂ। ਇਸ ਨਾਲ ਆਲੂ, ਅਨਾਨਾਸ, ਸੰਤਰੇ ਅਤੇ ਸੇਬਾਂ ਦੀਆਂ ਫਸਲਾਂ ਵਿੱਚ ਚੰਗੇ ਮੌਕੇ ਪੈਦਾ ਹੋਣਗੇ। ਕਿਸਾਨਾਂ ਦੇ ਗਰੁੱਪਾਂ ਨੂੰ ਇਨ੍ਹਾਂ ਪਾਰਕਾਂ ਵਿੱਚ ਅਜਿਹੇ ਯੂਨਿਟ ਕਾਇਮ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਇਕ ਤਾਂ ਚੀਜ਼ਾਂ ਜ਼ਾਇਆ ਨਹੀਂ ਹੋਣਗੀਆਂ, ਆਵਾਜਾਈ ਦਾ ਖਰਚਾ ਘਟੇਗਾ ਅਤੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਵੇਲੇ 9 ਅਜਿਹੇ ਪਾਰਕ ਪਹਿਲਾਂ ਹੀ ਚੱਲ ਰਹੇ ਹਨ ਅਤੇ 30 ਹੋਰ ਪਾਰਕ ਸ਼ੁਰੂ ਹੋਣ ਦੇ ਪ੍ਰਬੰਧ ਹੋ ਰਹੇ ਹਨ।

ਵਸਤਾਂ ਦੀ ਡਲਿਵਰੀ ਦੇ ਆਖਰੀ ਪੜਾਅ ਨੂੰ ਸੁਧਾਰਨ ਲਈ ਅਸੀਂ ਡਿਜੀਟਲ ਤਕਨਾਲੋਜੀ ਦੀ ਮਦਦ ਨਾਲ ਪ੍ਰਬੰਧਨ ਵਿਚ ਸੁਧਾਰ ਲਿਆ ਰਹੇ ਹਾਂ। ਅਸੀਂ ਇਕ ਮਿੱਥੇ ਸਮੇਂ ਵਿਚ ਆਪਣੇ ਪਿੰਡਾਂ ਨੂੰ ਬਰਾਡਬੈਂਡ ਸੰਪਰਕ ਨਾਲ ਜੋੜਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਜ਼ਮੀਨੀ ਰਿਕਾਰਡ ਨੂੰ ਕੰਪਿਊਟਰ ਨਾਲ ਜੋੜਨ ਦਾ ਪ੍ਰਬੰਧ ਕਰ ਰਹੇ ਹਾਂ ਅਤੇ ਲੋਕਾਂ ਨੂੰ ਮੋਬਾਈਲ ਉੱਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਦੇਣ ਦਾ ਪ੍ਰਬੰਧ ਕਰ ਰਹੇ ਹਾਂ। ਇਨ੍ਹਾਂ ਸਾਰੇ ਕਦਮਾਂ ਨਾਲ ਸੂਚਨਾ, ਗਿਆਨ ਅਤੇ ਮੁਹਾਰਤ ਨੂੰ ਕਿਸਾਨਾਂ ਤੱਕ ਤਬਦੀਲ ਕਰਨ ਵਿੱਚ ਮਦਦ ਮਿਲੇਗੀ। ਈ-ਨਾਮ ਨਾਂ ਦੀ ਕੌਮੀ ਖੇਤੀ ਈ-ਮਾਰਕੀਟ ਰਾਹੀਂ ਅਸੀਂ ਖੇਤੀ ਮਾਰਕੀਟਾਂ ਨੂੰ ਕੌਮੀ ਪੱਧਰ ਉੱਤੇ ਜੋੜ ਰਹੇ ਹਾਂ ਜਿਸ ਨਾਲ ਕਿਸਾਨਾਂ ਨੂੰ ਮੁਕਾਬਲੇ ਦੀ ਕੀਮਤ ਉੱਤੇ ਫਸਲ ਵੇਚਣ ਅਤੇ ਆਪਣੀ ਪਸੰਦ ਅਨੁਸਾਰ ਫ਼ਸਲ ਵੇਚਣ ਦੀ ਸਹੂਲਤ ਮਿਲੇਗੀ।

ਸਹਿਕਾਰਤਾ ਅਤੇ ਸਹਿਕਾਰੀ ਸੰਘਵਾਦ ਦੀ ਸਹੀ ਭਾਵਨਾ ਵਿਚ ਸਾਡੀਆਂ ਸੂਬਾ ਸਰਕਾਰਾਂ ਢੰਗਾਂ ਤਰੀਕਿਆਂ ਨੂੰ ਆਸਾਨ ਬਣਾਉਣ ਵਿੱਚ ਕੇਂਦਰ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੀਆਂ ਹਨ। ਕਈ ਸੂਬਿਆਂ ਨੇ ਬੜੀਆਂ ਦਿਲਖਿੱਚਵੀਆਂ ਖੁਰਾਕ ਪ੍ਰੋਸੈਸਿੰਗ ਨੀਤੀਆਂ ਤਿਆਰ ਕੀਤੀਆਂ ਹਨ ਤਾਂ ਕਿ ਇਸ ਖੇਤਰ ਵਿੱਚ ਨਿਵੇਸ਼ ਨੂੰ ਖਿੱਚਿਆ ਜਾ ਸਕੇ। ਮੈਂ ਦੇਸ਼ ਦੇ ਹਰ ਸੂਬੇ ਨੂੰ ਬੇਨਤੀ ਕਰਦਾ ਹਾਂ ਕਿ ਉਹ ਇੱਕ ਵਿਸ਼ੇਸ਼ ਖੁਰਾਕ ਉਤਪਾਦ ਵਿੱਚ ਆਪਣੀ ਮੁਹਾਰਤ ਹਾਸਿਲ ਕਰਨ। ਇਸ ਤਰ੍ਹਾਂ ਹਰ ਜ਼ਿਲ੍ਹਾ, ਉਤਪਾਦਨ ਲਈ ਕਿਸੇ ਵਿਸ਼ੇਸ਼ ਉਤਪਾਦ ਦੀ ਚੋਣ ਕਰ ਸਕਦਾ ਹੈ ਅਤੇ ਨਾਲ ਹੀ ਕਿਸੇ ਵਿਸ਼ੇਸ਼ ਵਸਤੂ ਵਿੱਚ ਮੁਹਾਰਤ ਹਾਸਿਲ ਕਰ ਸਕਦਾ ਹੈ।

ਭੈਣੋ ਅਤੇ ਭਰਾਵੋ,

ਅੱਜ ਸਾਡਾ ਮਜ਼ਬੂਤ ਖੇਤੀ ਆਧਾਰ ਸਾਨੂੰ ਖੁਰਾਕ ਪ੍ਰੋਸੈਸਿੰਗ ਖੇਤਰ ਕਾਇਮ ਕਰਨ ਲਈ ਇਕ ਮਜ਼ਬੂਤ ਅਧਾਰ ਮੁਹੱਈਆ ਕਰ ਸਕਦਾ ਹੈ। ਸਾਡਾ ਵਿਸ਼ਾਲ ਖਪਤਕਾਰੀ ਅਧਾਰ, ਵੱਧ ਰਹੀ ਆਮਦਨ, ਅਨੁਕੂਲ ਨਿਵੇਸ਼ ਮਾਹੌਲ ਅਤੇ ਕਾਰੋਬਾਰ ਨੂੰ ਅਸਾਨ ਬਣਾਉਣ ਪ੍ਰਤੀ ਸਰਕਾਰ ਦਾ ਸਮਰਪਣ ਵਿਸ਼ਵ ਖੁਰਾਕ ਪ੍ਰੋਸੈਸਿੰਗ ਭਾਈਚਾਰੇ ਲਈ ਵਧੀਆ ਮਾਹੌਲ ਸਿਰਜ ਸਕਦਾ ਹੈ।

ਭਾਰਤ ਵਿਚ ਖੁਰਾਕ ਸਨਅਤ ਦਾ ਹਰ ਉਪ ਖੇਤਰ ਬਹੁਤ ਸਾਰੇ ਮੌਕੇ ਪੇਸ਼ ਕਰ ਰਿਹਾ ਹੈ। ਮੈਂ ਤੁਹਾਨੂੰ ਇਸ ਬਾਰੇ ਕੁਝ ਉਦਾਹਰਣਾਂ ਦਿੰਦਾ ਹਾਂ।

ਡੇਅਰੀ ਖੇਤਰ ਪੇਂਡੂ ਆਰਥਿਕਤਾ ਲਈ ਇੱਕ ਅਹਿਮ ਖੇਤਰ ਵਜੋਂ ਉਭਰਿਆ ਹੈ। ਅਸੀਂ ਦੁੱਧ ਉੱਤੇ ਆਧਾਰਿਤ ਬਹੁ-ਪੱਖੀ ਉਤਪਾਦਾਂ ਦੇ ਨਿਰਮਾਣ ਦਾ ਪੱਧਰ ਵਧਾ ਕੇ ਇਸ ਨੂੰ ਅਗਲੇ ਪੱਧਰ ਤੱਕ ਲਿਜਾਣ ਦਾ ਟੀਚਾ ਮਿੱਥਿਆ ਹੈ।

ਸ਼ਹਿਦ ਮਨੁੱਖਤਾ ਲਈ ਇੱਕ ਕੁਦਰਤੀ ਤੋਹਫਾ ਹੈ। ਇਹ ਕਈ ਹੋਰ ਬਹੁ-ਕੀਮਤੀ ਉੱਪ ਉਤਪਾਦਾਂ ਦਾ ਪ੍ਰਬੰਧ ਕਰਦਾ ਹੈ ਜਿਵੇਂ ਕਿ ਬੀ-ਵੈਕਸ। ਇਸ ਵਿੱਚ ਖੇਤੀ ਆਮਦਨ ਵਧਾਉਣ ਦੀ ਕਾਫੀ ਸਮਰੱਥਾ ਮੌਜੂਦ ਹੈ। ਇਸ ਵੇਲੇ ਸ਼ਹਿਦ ਦੇ ਨਿਰਮਾਣ ਅਤੇ ਬਰਾਮਦ ਵਿੱਚ ਅਸੀਂ ਦੁਨੀਆ ਵਿੱਚ ਛੇਵੇਂ ਨੰਬਰ ਤੇ ਹਾਂ। ਹੁਣ ਭਾਰਤ ਇਸ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ।

ਵਿਸ਼ਵ ਦੇ ਕੁੱਲ ਮੱਛੀ ਉਤਪਾਦਨ ਵਿੱਚ ਭਾਰਤ 6% ਹਿੱਸਾ ਪਾਉਂਦਾ ਹੈ। ਝੀਂਗਾ ਮੱਛੀ ਦੀ ਬਰਾਮਦ ਵਿੱਚ ਭਾਰਤ ਇਸ ਵੇਲੇ ਵਿਸ਼ਵ ਵਿੱਚ ਦੂਜੇ ਨੰਬਰ ਉੱਤੇ ਹੈ। ਭਾਰਤ 95 ਦੇ ਕਰੀਬ ਦੇਸ਼ਾਂ ਨੂੰ ਮੱਛੀ ਅਤੇ ਮੱਛੀ ਉਤਪਾਦ ਬਰਾਮਦ ਕਰਦਾ ਹੈ। ਸਮੁੰਦਰੀ ਆਰਥਿਕਤਾ ਵਿੱਚ ਅਸੀਂ ਨੀਲੀ ਕ੍ਰਾਂਤੀ ਰਾਹੀਂ ਇੱਕ ਵੱਡੀ ਪੁਲਾਂਘ ਪੁੱਟਣ ਲਈ ਤਿਆਰ ਬੈਠੇ ਹਾਂ। ਸਾਡਾ ਟੀਚਾ ਨਾ ਵਰਤੇ ਗਏ ਖੇਤਰਾਂ ਦੇ ਵਿਕਾਸ ਵੱਲ ਧਿਆਨ ਦੇਣਾ ਹੈ ਜਿਵੇਂ ਕਿ ਟ੍ਰਾਊਟ ਫਾਰਮਿੰਗ ਅਤੇ ਓਮਾਮੈਂਟਲ ਫਿਸ਼ਰੀਜ਼। ਅਸੀਂ ਪਰਲ ਫਾਰਮਿੰਗ ਵਰਗੇ ਖੇਤਰ ਵਿੱਚ ਸੰਭਾਵਨਾ ਖੋਜਣ ਦੇ ਚਾਹਵਾਨ ਹਾਂ।

ਸਾਡਾ ਨਿਰੰਤਰ ਵਿਕਾਸ ਦਾ ਜੋ ਟੀਚਾ ਹੈ ਉਸ ਵਿੱਚ ਆਰਗੈਨਿਕ ਖੇਤੀ ਉੱਤੇ ਵਧੇਰੇ ਜ਼ੋਰ ਹੈ। ਉੱਤਰੀ- ਪੂਰਬੀ ਭਾਰਤ ਵਿੱਚ ਸਥਿਤ ਸਿੱਕਮ ਸੂਬਾ ਪਹਿਲਾ ਆਰਗੈਨਿਕ ਸੂਬਾ ਬਣ ਗਿਆ ਹੈ। ਪੂਰਾ ਉੱਤਰ ਪੂਰਬੀ ਭਾਰਤ ਆਰਗੈਨਿਕ ਉਤਪਾਦਾਂ ਲਈ ਢਾਂਚਾ ਤਿਆਰ ਕਰਨ ਲਈ ਮੌਕੇ ਪ੍ਰਦਾਨ ਕਰ ਰਿਹਾ ਹੈ।

ਦੋਸਤੋ,

ਭਾਰਤੀ ਮੰਡੀਆਂ ਵਿੱਚ ਸਫ਼ਲਤਾ ਹਾਸਲ ਕਰਨ ਲਈ ਭਾਰਤੀ ਖੁਰਾਕ ਆਦਤਾਂ ਅਤੇ ਸਵਾਦਾਂ ਨੂੰ ਪਛਾਣਨਾ ਇੱਕ ਵੱਡੀ ਲੋੜ ਹੈ। ਮੈਂ ਤੁਹਾਨੂੰ ਇਸ ਬਾਰੇ ਸਿਰਫ਼ ਇੱਕ ਉਦਾਹਰਣ ਦਿੰਦਾ ਹਾਂ ਜੋ ਕਿ ਦੁੱਧ ਆਧਾਰਿਤ ਉਤਪਾਦਾਂ ਅਤੇ ਫਲਾਂ ਦੇ ਜੂਸਾਂ ਤੇ ਆਧਾਰਿਤ ਡਰਿੰਕਸ ਬਾਰੇ ਹੈ। ਇਹ ਉਤਪਾਦ ਭਾਰਤੀ ਖੁਰਾਕ ਆਦਤਾਂ ਦਾ ਇੱਕ ਅਹਿਮ ਹਿੱਸਾ ਹਨ। ਇਸੇ ਕਾਰਣ ਮੈਂ ਕੋਲਡ ਡਰਿੰਕਸ ਬਣਾਉਣ ਵਾਲਿਆਂ ਨੂੰ ਸੁਝਾਅ ਦੇ ਰਿਹਾ ਹਾਂ ਕਿ ਉਹ ਆਪਣੇ ਉਤਪਾਦਾਂ ਵਿੱਚ 5% ਫਰੂਟ ਜੂਸ ਮਿਲਾਉਣ।

ਖੁਰਾਕ ਪ੍ਰੋਸੈਸਿੰਗ ਪੌਸ਼ਟਿਕ ਸੁਰੱਖਿਆ ਦਾ ਇੱਕ ਹੱਲ ਹੈ। ਉਦਾਹਰਣ ਵਜੋਂ ਸਾਡੇ ਮੋਟੇ ਅਨਾਜਾਂ ਵਿੱਚ ਕਾਫੀ ਪੌਸ਼ਟਿਕਤਾ ਮੌਜੂਦ ਹੁੰਦੀ ਹੈ। ਉਹ ਵਿਰੋਧੀ ਖੇਤੀ ਹਾਲਤਾਂ ਦਾ ਵੀ ਮੁਕਾਬਲਾ ਕਰ ਲੈਂਦੇ ਹਨ। ਉਨ੍ਹਾਂ ਨੂੰ ਪੌਸ਼ਟਿਕਤਾ ਭਰਪੂਰ ਅਤੇ ਮੌਸਮ ਆਧਾਰਿਤ ਸਮਾਰਟ ਫਸਲਾਂ ਦਾ ਨਾਂ ਦਿੱਤਾ ਜਾ ਸਕਦਾ ਹੈ। ਕੀ ਅਸੀਂ ਇਨ੍ਹਾਂ ਉੱਤੇ ਆਧਾਰਿਤ ਕੋਈ ਅਦਾਰਾ ਸ਼ੁਰੂ ਨਹੀਂ ਕਰ ਸਕਦੇ? ਇਸ ਨਾਲ ਕੁਝ ਗਰੀਬ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਸਾਡਾ ਪੌਸ਼ਟਿਕਤਾ ਦਾ ਪੱਧਰ ਵੀ ਵਧੇਗਾ। ਅਜਿਹੇ ਉਤਪਾਦ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾ ਸਕਦੇ ਹਨ।

ਕੀ ਅਸੀਂ ਆਪਣੀ ਸਮਰੱਥਾ ਨੂੰ ਵਿਸ਼ਵ ਦੀਆਂ ਲੋੜਾਂ ਨਾਲ ਜੋੜ ਸਕਦੇ ਹਾਂ? ਕੀ ਅਸੀਂ ਆਪਣੀਆਂ ਰਵਾਇਤਾਂ ਨੂੰ ਮਨੱਖਤਾ ਦੇ ਭਵਿੱਖ ਨਾਲ ਜੋੜ ਸਕਦੇ ਹਾਂ? ਕੀ ਅਸੀਂ ਭਾਰਤੀ ਕਿਸਾਨਾਂ ਨੂੰ ਵਿਸ਼ਵ ਭਰ ਦੀਆਂ ਮੰਡੀਆਂ ਨਾਲ ਜੋੜ ਸਕਦੇ ਹਾਂ? ਇਹ ਕੁਝ ਸਵਾਲ ਹਨ ਜੋ ਮੈਂ ਤੁਹਾਡੇ ਉੱਤੇ ਛੱਡ ਰਿਹਾ ਹਾਂ।

ਮੈਨੂੰ ਪੂਰਾ ਭਰੋਸਾ ਹੈ ਕਿ ਵਰਲਡ ਫੂਡ ਇੰਡੀਆ ਇਸ ਦਿਸ਼ਾ ਵਿੱਚ ਕੁਝ ਠੋਸ ਕਦਮ ਚੁੱਕਣ ਵਿੱਚ ਸਾਡੀ ਮਦਦ ਕਰੇਗਾ। ਇਸ ਨਾਲ ਸਾਡੇ ਅਮੀਰ ਵਿਰਸੇ ਉੱਤੇ ਨਜ਼ਰ ਪੈ ਸਕੇਗੀ ਅਤੇ ਖੁਰਾਕ ਪ੍ਰੋਸੈਸਿੰਗ ਸਬੰਧੀ ਸਾਡੇ ਵਿਰਸੇ ਦੀ ਸਿਆਣਪ ਵੱਲ ਲੋਕਾਂ ਦਾ ਧਿਆਨ ਜਾਵੇਗਾ।

ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਡਾਕ ਵਿਭਾਗ ਇਸ ਮੌਕੇ ਉੱਤੇ 24 ਯਾਦਗਾਰੀ ਟਿਕਟਾਂ ਦਾ ਇੱਕ ਸੈਟ ਜਾਰੀ ਕਰ ਰਿਹਾ ਹੈ ਜਿਸ ਵਿੱਚ ਸਾਡੇ ਖਾਣੇ ਦੀ ਵਿਭਿੰਨਤਾ ਦਰਸਾਈ ਗਈ ਹੈ।

ਭੈਣੋ ਅਤੇ ਭਰਾਵੋ,

ਮੈਂ ਤੁਹਾਡੇ ਵਿਚੋਂ ਹਰ ਇੱਕ ਨੂੰ ਖੁਰਾਕ ਪ੍ਰੋਸੈਸਿੰਗ ਖੇਤਰ ਵਿੱਚ ਭਾਰਤ ਦੀ ਯਾਤਰਾ ਦਾ ਹਿੱਸਾ ਬਣਨ ਦਾ ਸੱਦਾ ਦੇ ਰਿਹਾ ਹਾਂ। ਮੈਂ ਯਕੀਨ ਦਿਵਾਉਂਦਾ ਹਾਂ ਕਿ ਜਿਥੇ ਵੀ ਲੋੜ ਹੋਵੇਗੀ, ਮੈਂ ਦਿਲੋਂ ਮਦਦ ਦੇਵਾਂਗਾ।

ਆਓ, ਭਾਰਤ ਵਿੱਚ ਨਿਵੇਸ਼ ਕਰੋ।

ਉਹ ਜਗ੍ਹਾ ਜੋ ਖੇਤ ਤੋਂ ਰਸੋਈ ਤੱਕ ਅਣਗਿਣਤ ਮੌਕੇ ਮੁਹੱਈਆ ਕਰਵਾਉਂਦੀ ਹੈ।

ਉਹ ਜਗ੍ਹਾ ਜੋ ਕਿ ਉਤਪਾਦ ਕਰਦੀ ਹੈ, ਪ੍ਰੋਸੈਸ ਕਰਦੀ ਹੈ ਅਤੇ ਖੁਸ਼ਹਾਲ ਹੈ।

ਭਾਰਤ ਲਈ ਅਤੇ ਪੂਰੀ ਦੁਨੀਆ ਲਈ।

ਧੰਨਵਾਦ।

AKT/AK