Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਰਲਡ ਗਾਇਤ੍ਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯਗਯ (Ashwamedha Yagya) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ ਪਾਠ

ਵਰਲਡ ਗਾਇਤ੍ਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯਗਯ (Ashwamedha Yagya) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ ਪਾਠ


ਗਾਇਤ੍ਰੀ ਪਰਿਵਾਰ ਦੇ ਸਾਰੇ ਉਪਾਸਕ, ਸਾਰੇ ਸਮਾਜਸੇਵੀ

ਉਪਸਥਿਤ ਸਾਧਕ ਸਾਥੀਓ,

 

ਦੇਵੀਓ ਅਤੇ ਸੱਜਣੋਂ,

ਗਾਇਤ੍ਰੀ ਪਰਿਵਾਰ ਦਾ ਕੋਈ ਵੀ ਆਯੋਜਨ ਇੰਨੀ ਪਵਿੱਤਰਤਾ ਨਾਲ ਜੁੜਿਆ ਹੁੰਦਾ ਹੈ, ਕਿ ਉਸ ਵਿੱਚ ਸ਼ਾਮਲ ਹੋਣਾ ਆਪਣੇ ਆਪ ਵਿੱਚ ਸੁਭਾਗ ਦੀ ਗੱਲ ਹੁੰਦੀ ਹੈ।

ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਦੇਵ ਸੰਸਕ੍ਰਿਤੀ ਯੂਨੀਵਰਸਿਟੀ ਦੁਆਰਾ ਆਯੋਜਿਤ ਅਸ਼ਵਮੇਧ ਯਗਯ ਦਾ ਹਿੱਸਾ ਬਣ ਰਿਹਾ ਹਾਂ। ਜਦੋਂ ਮੈਨੂੰ ਗਾਇਤ੍ਰੀ ਪਰਿਵਾਰ ਦੀ ਤਰਫ਼ ਤੋਂ ਇਸ ਅਸ਼ਵਮੇਧ ਯਗਯ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ, ਤਾਂ ਸਮੇਂ ਦੀ ਕਮੀ ਦੇ ਨਾਲ ਹੀ ਮੇਰੇ ਸਾਹਮਣੇ ਇੱਕ ਦੁਵਿਧਾ ਵੀ ਸੀ।

 

ਵੀਡੀਓ ਦੇ ਮਾਧਿਅਮ ਨਾਲ ਵੀ ਇਸ ਪ੍ਰੋਗਰਾਮ ਨਾਲ ਜੁੜਨ ‘ਤੇ ਇੱਕ ਸਮੱਸਿਆ ਇਹ ਸੀ ਕਿ ਆਮ ਮਾਨਵੀ, ਅਸ਼ਵਮੇਧ ਯਗਯ ਨੂੰ ਸੱਤਾ ਦੇ ਵਿਸਤਾਰ ਨਾਲ ਜੋੜ ਕੇ ਦੇਖਦਾ ਹੈ।

ਅੱਜ ਕੱਲ੍ਹ ਚੋਣਾਂ ਦੇ ਇਨ੍ਹਾਂ ਦਿਨਾਂ ਵਿੱਚ ਸੁਭਾਵਿਕ ਹੈ ਕਿ ਅਸ਼ਵਮੇਧ ਯਗਯ ਦੇ ਕੁਝ ਹੋਰ ਵੀ ਮਤਲਬ ਕੱਢੇ ਜਾਂਦੇ।

 

ਲੇਕਿਨ ਫਿਰ ਮੈਂ ਦੇਖਿਆ ਕਿ ਇਹ ਅਸ਼ਵਮੇਧ ਯਗਯ, ਆਚਾਰਿਆ ਸ਼੍ਰੀਰਾਮ ਸ਼ਰਮਾ ਦੀਆਂ ਭਾਵਨਾਵਾਂ ਨੂੰ ਅੱਗੇ ਵਧਾ ਰਿਹਾ ਹੈ, ਅਸ਼ਵਮੇਧ ਯਗਯ ਦੇ ਇੱਕ ਨਵੇਂ ਅਰਥ ਨੂੰ ਪ੍ਰਤੀਸਥਾਪਿਤ ਕਰ ਰਿਹਾ ਹੈ, ਤਾਂ ਮੇਰੀ ਸਾਰੀ ਦੁਵਿਧਾ ਦੂਰ ਹੋ ਗਈ।

ਅੱਜ ਗਾਇਤ੍ਰੀ ਪਰਿਵਾਰ ਦਾ ਅਸ਼ਵਮੇਧ ਯਗਯ, ਸਮਾਜਿਕ ਸੰਕਲਪ ਦਾ ਇੱਕ ਮਹਾ-ਅਭਿਯਾਨ ਬਣ ਚੁੱਕਿਆ ਹੈ। ਇਸ ਅਭਿਯਾਨ ਨਾਲ ਜੋ ਲੱਖਾਂ ਯੁਵਾ ਨਸ਼ੇ ਦੀ ਕੈਦ ਤੋਂ ਬਚਣਗੇ, ਉਨ੍ਹਾਂ ਦੀ ਉਹ ਅਸੀਮ ਊਰਜਾ ਰਾਸ਼ਟਰ ਨਿਰਮਾਣ ਦੇ ਕੰਮ ਵਿੱਚ ਆਵੇਗੀ। ਯੁਵਾ ਹੀ ਸਾਡੇ ਰਾਸ਼ਟਰ ਦਾ ਭਵਿੱਖ ਹਨ। ਨੌਜਵਾਨਾਂ ਦਾ ਨਿਰਮਾਣ ਹੀ ਰਾਸ਼ਟਰ ਦੇ ਭਵਿੱਖ ਦਾ ਨਿਰਮਾਣ ਹੈ। ਉਨ੍ਹਾਂ ਦੇ ਮੌਢਿਆਂ ‘ਤੇ ਹੀ ਇਸ ਅੰਮ੍ਰਿਤਕਾਲ ਵਿੱਚ ਭਾਰਤ ਨੂੰ ਵਿਕਸਿਤ ਬਣਾਉਣ ਦੀ ਜ਼ਿੰਮੇਦਾਰੀ ਹੈ।

 

ਮੈਂ ਇਸ ਯਗਯ ਦੇ ਲਈ ਗਾਇਤ੍ਰੀ ਪਰਿਵਾਰ ਨੂੰ ਦਿਲ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਤਾਂ ਖ਼ੁਦ ਵੀ ਗਾਇਤ੍ਰੀ ਪਰਿਵਾਰ ਦੇ ਸੈਂਕੜੋਂ ਮੈਂਬਰਾਂ ਨੂੰ ਵਿਅਕਤੀਗਤ ਤੌਰ ‘ਤੇ ਜਾਣਦਾ ਹਾਂ। ਆਪ ਸਭ ਭਗਤੀ ਭਾਵ ਨਾਲ, ਸਮਾਜ ਨੂੰ ਸਸ਼ਕਤ ਕਰਨ ਵਿੱਚ ਜੁਟੇ ਹਨ। ਸ਼੍ਰੀਰਾਮ ਸ਼ਰਮਾ ਜੀ ਦੇ ਤਰਕ, ਉਨ੍ਹਾਂ ਦੇ ਤੱਥ, ਬੁਰਾਈਆਂ ਦੇ ਖ਼ਿਲਾਫ਼ ਲੜਣ ਦਾ ਉਨ੍ਹਾਂ ਦਾ ਸਾਹਸ, ਵਿਅਕਤੀਗਤ ਜੀਵਨ ਦੀ ਸ਼ੁਚਿਤਾ, ਸਭ ਨੂੰ ਪ੍ਰੇਰਿਤ ਕਰਨ ਵਾਲੀ ਰਹੀ ਹੈ। ਤੁਸੀਂ ਜਿਸ ਤਰ੍ਹਾਂ ਆਚਾਰਿਆ ਸ਼੍ਰੀਰਾਮ ਸ਼ਰਮਾ ਜੀ ਅਤੇ ਮਾਤਾ ਭਗਵਤੀ ਜੀ ਦੇ ਸੰਕਲਪਾਂ ਨੂੰ ਅੱਗੇ ਵਧਾ ਰਹੇ ਹੋ, ਇਹ ਵਾਸਤਵ ਵਿੱਚ ਸ਼ਲਾਘਾਯੋਗ ਹੈ।

 

ਸਾਥੀਓ,

ਨਸ਼ਾ ਇੱਕ ਅਜਿਹੀ ਲਤ ਹੁੰਦੀ ਹੈ ਜਿਸ ‘ਤੇ ਕਾਬੂ ਨਹੀਂ ਪਾਇਆ ਗਿਆ ਤਾਂ ਉਹ ਉਸ ਵਿਅਕਤੀ ਦਾ ਪੂਰਾ ਜੀਵਨ ਤਬਾਹ ਕਰ ਦਿੰਦੀ ਹੈ। ਇਸ ਨਾਲ ਸਮਾਜ ਦਾ, ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਹੀ ਸਾਡੀ ਸਰਕਾਰ ਨੇ 3-4 ਸਾਲ ਪਹਿਲਾਂ ਇੱਕ ਰਾਸ਼ਟਰਵਿਆਪੀ ਨਸ਼ਾ ਮੁਕਤ ਭਾਰਤ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। ਮੈਂ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵੀ ਇਸ ਵਿਸ਼ੇ ਨੂੰ ਉਠਾਉਂਦਾ ਰਿਹਾ ਹਾਂ। ਹੁਣ ਤੱਕ ਭਾਰਤ ਸਰਕਾਰ ਦੇ ਇਸ ਅਭਿਯਾਨ ਨਾਲ 11 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਹਨ। ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਾਈਕ ਰੈਲੀਆਂ ਕੱਢੀਆਂ ਗਈਆਂ ਹਨ, ਸ਼ਪਥ ਪ੍ਰੋਗਰਾਮ ਹੋਏ ਹਨ, ਨੁਕੜ ਨਾਟਕ ਹੋਏ ਹਨ।

 

ਸਰਕਾਰ ਦੇ ਨਾਲ ਇਸ ਅਭਿਯਾਨ ਨਾਲ ਸਮਾਜਿਕ ਸੰਗਠਨਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਜੋੜਿਆ ਗਿਆ ਹੈ। ਗਾਇਤ੍ਰੀ ਪਰਿਵਾਰ ਤਾਂ ਖ਼ੁਦ ਇਸ ਅਭਿਯਾਨ ਵਿੱਚ ਸਰਕਾਰ ਦੇ ਨਾਲ ਸਹਿਭਾਗੀ ਹੈ। ਕੋਸ਼ਿਸ਼ ਇਹੀ ਹੈ ਕਿ ਨਸ਼ੇ ਦੇ ਖ਼ਿਲਾਫ਼ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚੇ। ਅਸੀਂ ਦੇਖਿਆ ਹੈ, ਅਗਰ ਕਿਤੇ ਸੁੱਕੀ ਘਾਹ ਦੇ ਢੇਰ ਵਿੱਚ ਅੱਗ ਲਗੀ ਹੋਵੇ ਤਾਂ ਕੋਈ ਉਸ ਤੇ ਪਾਣੀ ਸਿੱਟਦਾ ਹੈ, ਕੋਈ ਮਿੱਟੀ ਸਿੱਟਦਾ ਹੈ। ਜ਼ਿਆਦਾ ਸਮਝਦਾਰ ਵਿਅਕਤੀ, ਸੁੱਕੀ ਘਾਹ ਦੇ ਉਸ ਢੇਰ ਵਿੱਚ, ਅੱਗ ਤੋਂ ਬਚੀ ਘਾਹ ਨੂੰ ਦੂਰ ਹਟਾਉਣ ਦਾ ਪ੍ਰਯਤਨ ਕਰਦਾ ਹੈ। ਅੱਜ ਦੇ ਇਸ ਸਮੇਂ ਵਿੱਚ ਗਾਇਤ੍ਰੀ ਪਰਿਵਾਰ ਦਾ ਇਹ ਅਸ਼ਵਮੇਧ ਯਗਯ, ਇਸੇ ਭਾਵਨਾ ਨੂੰ ਸਮਰਪਿਤ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਵੀ ਹੈ ਅਤੇ ਜਿਨ੍ਹਾਂ ਨੂੰ ਨਸ਼ੇ ਦੀ ਲਤ ਲਗ ਚੁੱਕੀ ਹੈ, ਉਨ੍ਹਾਂ ਨੂੰ ਨਸ਼ੇ ਦੇ ਗਿਰਫ਼ਤ ਤੋਂ ਛੁਡਾਉਣਾ ਵੀ ਹੈ।

 

ਸਾਥੀਓ,

ਅਸੀਂ ਆਪਣੇ ਦੇਸ਼ ਦੇ ਯੁਵਾ ਨੂੰ ਜਿੰਨਾ ਜ਼ਿਆਦਾ ਵੱਡੇ ਲਕਸ਼ਾਂ ਨਾਲ ਜੋੜਾਂਗੇ, ਓਨਾ ਹੀ ਉਹ ਛੋਟੀਆਂ-ਛੋਟੀਆਂ ਗਲਤੀਆਂ ਤੋਂ ਬਚਣਗੇ। ਅੱਜ ਦੇਸ਼ ਵਿਕਸਿਤ ਭਾਰਤ ਦੇ ਲਕਸ਼ ਤੇ ਕੰਮ ਕਰ ਰਿਹਾ ਹੈ, ਅੱਜ ਦੇਸ਼ ਆਤਮਨਿਰਭਰ ਹੋਣ ਦੇ ਲਕਸ਼ ਤੇ ਕੰਮ ਕਰ ਰਿਹਾ ਹੈ। ਤੁਸੀਂ ਦੇਖਿਆ ਹੈ, ਭਾਰਤ ਦੀ ਪ੍ਰਧਾਨਗੀ ਵਿੱਚ G-20 ਸਮਿਟ ਦਾ ਆਯੋਜਨ ‘One Earth, One Family, One Future’ ਦੀ ਥੀਮ ਤੇ ਹੋਇਆ ਹੈ। ਅੱਜ ਦੁਨੀਆ ‘One sun, one world, one grid’ ਜਿਹੇ ਸਾਂਝਾ ਪ੍ਰੋਜੈਕਟਸ ਤੇ ਕੰਮ ਕਰਨ ਦੇ ਲਈ ਤਿਆਰ ਹੋਈ ਹੈ। ‘One world, one health’ ਜਿਹੇ ਮਿਸ਼ਨ ਅੱਜ ਸਾਡੀ ਸਾਂਝੀ ਮਨੁੱਖੀ ਸੰਵੇਦਨਾਵਾਂ ਅਤੇ ਸੰਕਲਪਾਂ ਦੇ ਗਵਾਹ ਬਣ ਰਹੇ ਹਨ। ਅਜਿਹੇ ਰਾਸ਼ਟਰੀ ਅਤੇ ਆਲਮੀ ਅਭਿਯਾਨਾਂ ਵਿੱਚ ਅਸੀਂ ਜਿੰਨਾ ਜ਼ਿਆਦਾ ਦੇਸ਼ ਦੇ ਨੌਜਵਾਨਾਂ ਨੂੰ ਜੋੜਾਂਗੇ, ਓਨਾ ਹੀ ਯੁਵਾ ਕਿਸੇ ਗਲਤ ਰਸਤੇ ਤੇ ਚਲਣ ਤੋਂ ਬਚਣਗੇ।

 

ਅੱਜ ਸਰਕਾਰ ਸਪੋਰਟਸ ਨੂੰ ਇੰਨਾ ਹੁਲਾਰਾ ਦੇ ਰਹੀ ਹੈ…ਅੱਜ ਸਰਕਾਰ ਸਾਇੰਸ ਐਂਡ ਰਿਸਰਚ ਨੂੰ ਇੰਨਾ ਹੁਲਾਰਾ ਦੇ ਰਹੀ ਹੈ…ਤੁਸੀਂ ਦੇਖਿਆ ਹੈ ਕਿ ਚੰਦਰਯਾਨ ਦੀ ਸਫ਼ਲਤਾ ਨੇ ਕਿਵੇਂ ਨੌਜਵਾਨਾਂ ਵਿੱਚ ਟੈਕਨੋਲੋਜੀ ਦੇ ਲਈ ਨਵਾਂ ਕ੍ਰੇਜ ਪੈਦਾ ਕਰ ਦਿੱਤਾ ਹੈ…ਅਜਿਹੇ ਹਰ ਪ੍ਰਯਤਨ, ਅਜਿਹੇ ਹਰ ਅਭਿਯਾਨ, ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਊਰਜਾ ਸਹੀ ਦਿਸ਼ਾ ਵਿੱਚ ਲਗਾਉਣ ਦੇ ਲਈ ਪ੍ਰੇਰਿਤ ਕਰਦੇ ਹਨ। ਫਿਟ ਇੰਡੀਆ ਮੂਵਮੈਂਟ ਹੋਵੇ…ਖੇਲੋ ਇੰਡੀਆ ਪ੍ਰਤੀਯੋਗਿਤਾ ਹੋਵੇ…ਇਹ ਪ੍ਰਯਤਨ, ਇਹ ਅਭਿਯਾਨ, ਦੇਸ਼ ਦੇ ਯੁਵਾ ਨੂੰ ਮੋਟੀਵੇਟ ਕਰਦੇ ਹਨ। ਅਤੇ ਇੱਕ ਮੋਟੀਵੇਟਿਡ ਯੁਵਾ, ਨਸ਼ੇ ਦੀ ਤਰਫ਼ ਨਹੀਂ ਮੁੜ ਸਕਦਾ। ਦੇਸ਼ ਦੀ ਯੁਵਾ ਸ਼ਕਤੀ ਦਾ ਪੂਰਾ ਲਾਭ ਉਠਾਉਣ ਦੇ ਲਈ ਸਰਕਾਰ ਨੇ ਵੀ ਮੇਰਾ ਯੁਵਾ ਭਾਰਤ ਨਾਮ ਨਾਲ ਬਹੁਤ ਵੱਡਾ ਸੰਗਠਨ ਬਣਾਇਆ ਹੈ। ਸਿਰਫ਼ 3 ਮਹੀਨੇ ਵਿੱਚ ਹੀ ਇਸ ਸੰਗਠਨ ਨਾਲ ਕਰੀਬ-ਕਰੀਬ ਡੇਢ ਕਰੋੜ ਯੁਵਾ ਜੁੜ ਚੁੱਕੇ ਹਨ। ਇਸ ਨਾਲ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰਨ ਵਿੱਚ ਯੁਵਾ ਸ਼ਕਤੀ ਦਾ ਸਹੀ ਉਪਯੋਗ ਹੋ ਪਾਵੇਗਾ।

 

ਸਾਥੀਓ,

ਦੇਸ਼ ਨੂੰ ਨਸ਼ੇ ਦੀ ਇਸ ਸਮੱਸਿਆ ਤੋਂ ਮੁਕਤੀ ਦਿਲਵਾਉਣ ਵਿੱਚ ਬਹੁਤ ਵੱਡੀ ਭੂਮਿਕਾ…ਪਰਿਵਾਰ ਦੀ ਵੀ ਹੈ, ਸਾਡੇ ਪਰਿਵਾਰਕ ਕਦਰਾਂ-ਕੀਮਤਾਂ ਦੀ ਵੀ ਹੈ। ਅਸੀਂ ਨਸ਼ਾ ਮੁਕਤੀ ਨੂੰ ਟੁਕੜਿਆਂ ਵਿੱਚ ਨਹੀਂ ਦੇਖ ਸਕਦੇ। ਜਦੋਂ ਇੱਕ ਸੰਸਥਾ ਦੇ ਤੌਰ ਤੇ ਪਰਿਵਾਰ ਕਮਜ਼ੋਰ ਪੈਂਦਾ ਹੈ, ਜਦੋਂ ਪਰਿਵਾਰ ਦੀ ਕਦਰਾਂ-ਕੀਮਤਾਂ ਵਿੱਚ ਗਿਰਾਵਟ ਆਉਂਦੀ ਹੈ, ਤਾਂ ਇਸ ਦਾ ਪ੍ਰਭਾਵ ਹਰ ਤਰਫ਼ ਨਜ਼ਰ ਆਉਂਦਾ ਹੈ। ਜਦੋਂ ਪਰਿਵਾਰ ਦੀ ਸਮੂਹਿਕ ਭਾਵਨਾ ਵਿੱਚ ਕਮੀ ਆਉਂਦੀ ਹੈ…ਜਦੋਂ ਪਰਿਵਾਰ ਦੇ ਲੋਕ ਕਈ-ਕਈ ਦਿਨਾਂ ਤੱਕ ਇੱਕ ਦੂਸਰੇ ਦੇ ਨਾਲ ਮਿਲਦੇ ਨਹੀਂ ਹਨ, ਨਾਲ ਬੈਠਦੇ ਨਹੀਂ ਹਨ…ਜਦੋਂ ਉਹ ਆਪਣਾ ਸੁਖ-ਦੁਖ ਨਹੀਂ ਵੰਡਦੇ…ਤਾਂ ਇਸ ਤਰ੍ਹਾਂ ਦੇ ਖਤਰੇ ਹੋਰ ਵਧ ਜਾਂਦੇ ਹਨ। ਪਰਿਵਾਰ ਦਾ ਹਰ ਮੈਂਬਰ ਆਪਣੇ-ਆਪਣੇ ਮੋਬਾਇਲ ਵਿੱਚ ਹੀ ਜੁਟਿਆ ਰਹੇਗਾ ਤਾਂ ਫਿਰ ਉਸ ਦੀ ਆਪਣੀ ਦੁਨੀਆ ਬਹੁਤ ਛੋਟੀ ਹੁੰਦੀ ਚਲੀ ਜਾਵੇਗੀ। ਇਸ ਲਈ ਦੇਸ਼ ਨੂੰ ਨਸ਼ਾਮੁਕਤ ਬਣਾਉਣ ਦੇ ਲਈ ਇੱਕ ਸੰਸਥਾ ਦੇ ਤੌਰ ਤੇ ਪਰਿਵਾਰ ਦਾ ਮਜ਼ਬੂਤ ਹੋਣਾ, ਓਨਾ ਹੀ ਜ਼ਰੂਰੀ ਹੈ।

 

ਸਾਥੀਓ,

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਮੇਂ ਮੈਂ ਕਿਹਾ ਸੀ ਕਿ ਹੁਣ ਭਾਰਤ ਦੀ ਇੱਕ ਹਜ਼ਾਰ ਵਰ੍ਹਿਆਂ ਦੀ ਨਵੀਂ ਯਾਤਰਾ ਸ਼ੁਰੂ ਹੋ ਰਹੀ ਹੈ। ਅੱਜ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਅਸੀਂ ਉਸ ਨਵੇਂ ਯੁਗ ਦੀ ਆਹਟ ਦੇਖ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ, ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ ਦੇ ਇਸ ਮਹਾਅਭਿਯਾਨ ਵਿੱਚ ਅਸੀਂ ਜ਼ਰੂਰ ਸਫ਼ਲ ਹੋਵਾਂਗੇ। ਇਸੇ ਸੰਕਲਪ ਦੇ ਨਾਲ, ਇੱਕ ਵਾਰ ਫਿਰ ਗਾਇਤ੍ਰੀ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਆਪ ਸਭ ਦਾ ਬਹੁਤ ਬਹੁਤ ਧੰਨਵਾਦ!

***

ਡੀਐੱਸ