Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦਾ ਜਵਾਬ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਸੰਸਦ ਨੂੰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਪ੍ਰਸਤਾਵ ‘ਤੇ ਜਵਾਬ ਦਿੱਤਾ। 

ਪ੍ਰਧਾਨ ਮੰਤਰੀ ਨੇ ਸਦਨ ਨੂੰ ਆਪਣੇ ਸੰਬੋਧਨ ਦੀ ਸ਼ੁਰੂਆਤ ਸੇਂਗੋਲ ਦਾ ਜ਼ਿਕਰ ਕਰਕੇ ਕੀਤੀ, ਜਿਸ ਨੇ ਮਾਣ ਅਤੇ ਸਨਮਾਨ ਨਾਲ ਜਲੂਸ ਦੀ ਅਗਵਾਈ ਕੀਤੀ ਜਦੋਂ ਰਾਸ਼ਟਰਪਤੀ ਜੀ ਨਵੇਂ ਸੰਸਦ ਭਵਨ ਪਹੁੰਚੇ ਅਤੇ ਸਾਰੇ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਅਨੁਸਰਣ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਇਹ ਵਿਰਾਸਤ ਸਦਨ ਦੀ ਸ਼ਾਨ ਨੂੰ ਕਈ ਗੁਣਾ ਵਧਾਉਂਦੀ ਹੈ ਅਤੇ ਕਿਹਾ ਕਿ 75ਵਾਂ ਗਣਤੰਤਰ ਦਿਵਸ, ਨਵਾਂ ਸੰਸਦ ਭਵਨ ਅਤੇ ਸੇਂਗੋਲ ਦਾ ਆਗਮਨ ਬਹੁਤ ਪ੍ਰਭਾਵਸ਼ਾਲੀ ਘਟਨਾ ਸੀ। ਉਨ੍ਹਾਂ ਨੇ ਸਦਨ ਦੇ ਮੈਂਬਰਾਂ ਦਾ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਪ੍ਰਸਤਾਵ ਲਈ ਆਪਣੇ ਵਿਚਾਰਾਂ ਅਤੇ ਸੁਝਾਵਾਂ ਦਾ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਰਾਸ਼ਟਰਪਤੀ ਦਾ ਸੰਬੋਧਨ ਤੱਥਾਂ ‘ਤੇ ਅਧਾਰਿਤ ਇੱਕ ਵਿਸ਼ਾਲ ਦਸਤਾਵੇਜ਼ ਹੈ ਜਿਸ ਨੇ ਭਾਰਤ ਦੀ ਤਰੱਕੀ ਦੀ ਗਤੀ ਅਤੇ ਸਕੇਲ ਦਾ ਸੰਕੇਤ ਦਿੱਤਾ ਹੈ ਅਤੇ ਇਸ ਤੱਥ ਵੱਲ ਵੀ ਧਿਆਨ ਦਿਵਾਇਆ ਹੈ ਕਿ ਰਾਸ਼ਟਰ ਤਾਂ ਹੀ ਤੇਜ਼ੀ ਨਾਲ ਵਿਕਸਿਤ ਹੋਵੇਗਾ ਜੇਕਰ ਨਾਰੀ ਸ਼ਕਤੀ, ਯੁਵਾ ਸ਼ਕਤੀ, ਗਰੀਬ ਅਤੇ ਅੰਨ ਦਾਤਾ ਦੇ ਚਾਰ ਥੰਮ੍ਹਾਂ ਨੂੰ ਵਿਕਸਿਤ ਅਤੇ ਮਜ਼ਬੂਤ ​​ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸੰਬੋਧਨ ਇਨ੍ਹਾਂ ਚਾਰ ਥੰਮ੍ਹਾਂ ਨੂੰ ਮਜ਼ਬੂਤ ​​ਕਰਕੇ ਰਾਸ਼ਟਰ ਨੂੰ ਵਿਕਸਿਤ ਭਾਰਤ ਬਣਨ ਦਾ ਰਾਹ ਰੋਸ਼ਨ ਕਰਦਾ ਹੈ। 

ਮਜ਼ਬੂਤ ​​ਵਿਰੋਧੀ ਧਿਰ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਸ਼ਵਾਦੀ ਰਾਜਨੀਤੀ ਭਾਰਤ ਦੇ ਲੋਕਤੰਤਰ ਲਈ ਚਿੰਤਾ ਦਾ ਕਾਰਨ ਹੈ। ਵੰਸ਼ਵਾਦੀ ਰਾਜਨੀਤੀ ਦੇ ਅਰਥਾਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸਮਝਾਇਆ ਕਿ ਇੱਕ ਰਾਜਨੀਤਕ ਪਾਰਟੀ ਜੋ ਇੱਕ ਪਰਿਵਾਰ ਦੁਆਰਾ ਚਲਾਈ ਜਾਂਦੀ ਹੈ, ਆਪਣੇ ਮੈਂਬਰਾਂ ਨੂੰ ਪਹਿਲ ਦਿੰਦੀ ਹੈ, ਅਤੇ ਜਿੱਥੇ ਸਾਰੇ ਫ਼ੈਸਲੇ ਪਰਿਵਾਰ ਦੇ ਮੈਂਬਰਾਂ ਦੁਆਰਾ ਲਏ ਜਾਂਦੇ ਹਨ, ਉਸ ਨੂੰ ਵੰਸ਼ਵਾਦੀ ਰਾਜਨੀਤੀ ਮੰਨਿਆ ਜਾਂਦਾ ਹੈ ਨਾ ਕਿ ਇੱਕ ਪਰਿਵਾਰ ਦੇ ਇੱਕ ਤੋਂ ਅਧਿਕ ਮੈਂਬਰ ਜੋ ਲੋਕਾਂ ਦੇ ਸਮਰਥਨ ਦੇ ਬਲ ‘ਤੇ ਰਾਜਨੀਤੀ ‘ਚ ਅੱਗੇ ਵਧ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਲੋਕਤੰਤਰ ਲਈ ਵੰਸ਼ਵਾਦੀ ਰਾਜਨੀਤੀ ਦੇ ਖ਼ਤਰਿਆਂ ਵੱਲ ਧਿਆਨ ਦਿਵਾਉਂਦਿਆਂ ਕਿਹਾ “ਮੈਂ ਰਾਜਨੀਤੀ ਵਿੱਚ ਉਨ੍ਹਾਂ ਸਾਰੇ ਨੌਜਵਾਨਾਂ ਦਾ ਸੁਆਗਤ ਕਰਦਾ ਹਾਂ ਜੋ ਇੱਥੇ ਦੇਸ਼ ਦੀ ਸੇਵਾ ਕਰਨ ਲਈ ਆਏ ਹਨ।” ਉਨ੍ਹਾਂ ਨੇ ਰਾਜਨੀਤੀ ਵਿੱਚ ਇੱਕ ਸੱਭਿਆਚਾਰ ਦੇ ਉੱਭਰਨ ‘ਤੇ ਅਫਸੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਦੇਸ਼ ਵਿੱਚ ਜੋ ਵਿਕਾਸ ਹੋ ਰਿਹਾ ਹੈ, ਉਹ ਕਿਸੇ ਇੱਕ ਵਿਅਕਤੀ ਦਾ ਨਹੀਂ ਬਲਕਿ ਹਰ ਨਾਗਰਿਕ ਦਾ ਹੈ।

ਭਾਰਤ ਦੀ ਮਜ਼ਬੂਤ ​​ਅਰਥਵਿਵਸਥਾ ‘ਤੇ ਟਿੱਪਣੀ ਕਰਦੇ ਹੋਏ, ਜਿਸ ਦੀ ਅੱਜ ਦੁਨੀਆ ਭਰ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਦੀ ਗਰੰਟੀ ਹੈ ਕਿ ਮੌਜੂਦਾ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ”। ਉਨ੍ਹਾਂ ਕਿਹਾ ਕਿ ਜੀ20 ਸਮਿਟ ਦੀ ਸਫ਼ਲਤਾ ਨਾਲ ਭਾਰਤ ਪ੍ਰਤੀ ਦੁਨੀਆ ਦੇ ਨਜ਼ਰੀਏ ਅਤੇ ਰਾਏ ਦਾ ਸਾਰ ਲਿਆ ਜਾ ਸਕਦਾ ਹੈ।  

ਦੇਸ਼ ਨੂੰ ਸਮ੍ਰਿੱਧੀ ਵੱਲ ਲਿਜਾਣ ਵਿੱਚ ਸਰਕਾਰ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀ ਸਰਕਾਰ ਦੁਆਰਾ 2014 ਵਿੱਚ ਸਦਨ ਵਿੱਚ ਪੇਸ਼ ਕੀਤੇ ਗਏ ਅੰਤਰਿਮ ਬਜਟ ਅਤੇ ਤਤਕਾਲੀ ਵਿੱਤ ਮੰਤਰੀ ਦੇ ਬਿਆਨ ਵੱਲ ਧਿਆਨ ਦਿਵਾਇਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇ ਵਿੱਤ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਸੀ ਕਿ ਭਾਰਤ ਜੀਡੀਪੀ ਆਕਾਰ ਦੇ ਹਿਸਾਬ ਨਾਲ 11ਵੀਂ ਸਭ ਤੋਂ ਬੜੀ ਅਰਥਵਿਵਸਥਾ ਹੈ, ਜਦਕਿ ਅੱਜ ਦੇਸ਼ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਤਤਕਾਲੀ ਵਿੱਤ ਮੰਤਰੀ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਗਲੇ 3 ਦਹਾਕਿਆਂ ਵਿੱਚ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ। “ਅੱਜ”, ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੌਜੂਦਾ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ।” 

ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਪੂਰੀ ਦੁਨੀਆ ਸਰਕਾਰ ਦੇ ਕੰਮ ਦੀ ਗਤੀ ਦੇ ਨਾਲ-ਨਾਲ ਉਸਦੇ ਬੜੇ ਲਕਸ਼ਾਂ ਅਤੇ ਸਾਹਸ ਨੂੰ ਦੇਖ ਰਹੀ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਮੌਜੂਦਾ ਸਰਕਾਰ ਨੇ ਗ੍ਰਾਮੀਣ ਗ਼ਰੀਬਾਂ ਲਈ 4 ਕਰੋੜ ਅਤੇ ਸ਼ਹਿਰੀ ਗ਼ਰੀਬਾਂ ਲਈ 80 ਲੱਖ ਪੱਕੇ ਘਰ ਬਣਾਏ ਹਨ। ਪਿਛਲੇ 10 ਵਰ੍ਹਿਆਂ ਵਿੱਚ, 40,000 ਕਿਲੋਮੀਟਰ ਰੇਲਵੇ ਲਾਈਨਾਂ ਦਾ ਬਿਜਲੀਕਰਣ ਕੀਤਾ ਗਿਆ, 17 ਕਰੋੜ ਅਤਿਰਿਕਤ ਗੈਸ ਕਨੈਕਸ਼ਨ ਦਿੱਤੇ ਗਏ, ਅਤੇ ਸੈਨੀਟੇਸ਼ਨ ਕਵਰੇਜ 40 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਤੱਕ ਪਹੁੰਚਾਈ ਗਈ। 

ਭਲਾਈ ਪ੍ਰਤੀ ਪਿਛਲੀਆਂ ਸਰਕਾਰਾਂ ਦੀ ਅੱਧਖੜ੍ਹੀ ਪਹੁੰਚ ਅਤੇ ਭਾਰਤ ਦੇ ਲੋਕਾਂ ਵਿੱਚ ਵਿਸ਼ਵਾਸ ਦੀ ਘਾਟ ‘ਤੇ ਅਫਸੋਸ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤੀ ਨਾਗਰਿਕਾਂ ਦੀਆਂ ਸ਼ਕਤੀਆਂ ਅਤੇ ਸਮਰੱਥਾਵਾਂ ਵਿੱਚ ਵਰਤਮਾਨ ਸਰਕਾਰ ਦੇ ਵਿਸ਼ਵਾਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਟਿੱਪਣੀ ਕੀਤੀ, “ਪਹਿਲੇ ਕਾਰਜਕਾਲ ਵਿੱਚ ਅਸੀਂ ਪਿਛਲੀਆਂ ਸਰਕਾਰਾਂ ਦੇ ਟੋਏ ਭਰਦੇ ਰਹੇ, ਦੂਸਰੇ ਕਾਰਜਕਾਲ ਵਿੱਚ ਅਸੀਂ ਇੱਕ ਨਵੇਂ ਭਾਰਤ ਦੀ ਨੀਂਹ ਰੱਖੀ, ਤੀਸਰੇ ਕਾਰਜਕਾਲ ਵਿੱਚ ਅਸੀਂ ਵਿਕਸਿਤ ਭਾਰਤ ਦੇ ਵਿਕਾਸ ਨੂੰ ਗਤੀ ਦੇਵਾਂਗੇ।” ਪ੍ਰਧਾਨ ਮੰਤਰੀ ਨੇ ਪਹਿਲੇ ਕਾਰਜਕਾਲ ਦੀਆਂ ਯੋਜਨਾਵਾਂ ਨੂੰ ਸੂਚੀਬੱਧ ਕੀਤਾ ਅਤੇ ਸਵੱਛ ਭਾਰਤ, ਉੱਜਵਲਾ, ਆਯੁਸ਼ਮਾਨ ਭਾਰਤ, ਬੇਟੀ ਬਚਾਓ, ਬੇਟੀ ਪੜ੍ਹਾਓ, ਸੁਗਮਿਯਾ ਭਾਰਤ, ਡਿਜੀਟਲ ਇੰਡੀਆ ਅਤੇ ਜੀਐੱਸਟੀ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਨੇ ਦੂਸਰੀ ਅਵਧੀ ਵਿੱਚ ਧਾਰਾ 370 ਨੂੰ ਖ਼ਤਮ ਕਰਨਾ, ਨਾਰੀ ਸ਼ਕਤੀ ਵੰਦਨ ਅਧਿਨਿਯਮ ਪਾਸ ਕਰਨਾ, ਭਾਰਤੀ ਨਿਆਇ ਸੰਹਿਤਾ ਨੂੰ ਅਪਣਾਏ ਜਾਣ, 40,000 ਤੋਂ ਵੱਧ ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਵੰਦੇ ਭਾਰਤ ਅਤੇ ਨਮੋ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਨੂੰ ਦੇਖਿਆ ਹੈ। ਉਨ੍ਹਾਂ ਕਿਹਾ “ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ, ਲੋਕਾਂ ਨੇ ਲੰਬੇ ਸਮੇਂ ਤੋਂ ਅਟਕੇ ਹੋਏ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਹੁੰਦੇ ਦੇਖਿਆ ਹੈ।” ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਹਰੇਕ ਨੂੰ ਬੁਨਿਆਦੀ ਸੁਵਿਧਾਵਾਂ ਉਪਲਬਧ ਕਰਵਾਉਣ ਪ੍ਰਤੀ ਸਰਕਾਰ ਦੇ ਸਮਰਪਣ ਅਤੇ ਦ੍ਰਿੜ੍ਹ ਸੰਕਲਪ ਨੂੰ ਦਰਸਾਇਆ ਹੈ। ਰਾਮ ਮੰਦਿਰ ਦੀ ਪਵਿੱਤਰਤਾ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਯੁੱਧਿਆ ਵਿੱਚ ਰਾਮ ਮੰਦਿਰ ਭਾਰਤ ਦੀ ਮਹਾਨ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਊਰਜਾ ਦਿੰਦਾ ਰਹੇਗਾ।”  

ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਦਾ ਤੀਸਰਾ ਕਾਰਜਕਾਲ ਬੜੇ ਫ਼ੈਸਲਿਆਂ ‘ਤੇ ਕੇਂਦ੍ਰਿਤ ਹੋਵੇਗਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਰਕਾਰ ਦਾ ਤੀਸਰਾ ਕਾਰਜਕਾਲ ਅਗਲੇ 1000 ਵਰ੍ਹਿਆਂ ਲਈ ਦੇਸ਼ ਦੀ ਨੀਂਹ ਰੱਖੇਗਾ।” ਦੇਸ਼ ਦੇ 140 ਕਰੋੜ ਨਾਗਰਿਕਾਂ ਦੀ ਸਮਰੱਥਾ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਦੁਹਰਾਇਆ ਕਿ ਗਰੀਬ ਗ਼ਰੀਬੀ ਨੂੰ ਹਰਾ ਸਕਦਾ ਹੈ ਜੇਕਰ ਉਨ੍ਹਾਂ ਨੂੰ ਸਹੀ ਸੰਸਾਧਨ ਅਤੇ ਸਵੈ-ਮਾਣ ਪ੍ਰਦਾਨ ਕੀਤਾ ਜਾਂਦਾ ਹੈ। ਸ਼੍ਰੀ ਮੋਦੀ ਨੇ 50 ਕਰੋੜ ਗ਼ਰੀਬਾਂ ਦੇ ਆਪਣੇ ਬੈਂਕ ਖਾਤੇ, 4 ਕਰੋੜ ਦੇ ਕੋਲ ਆਪਣੇ ਘਰ, 11 ਕਰੋੜ ਦੇ ਕੋਲ ਟੂਟੀ ਜ਼ਰੀਏ ਪਾਣੀ ਦੇ ਕਨੈਕਸ਼ਨ, 55 ਕਰੋੜ ਦੇ ਕੋਲ ਆਯੁਸ਼ਮਾਨ ਕਾਰਡ ਅਤੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਪ੍ਰਾਪਤ ਹੋਣ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ, ਉਨ੍ਹਾਂ ਸਟ੍ਰੀਟ ਵਿਕਰੇਤਾਵਾਂ, ਜੋ ਹੁਣ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਵਿਆਜ ਮੁਕਤ ਕਰਜ਼ੇ ਪ੍ਰਾਪਤ ਕਰਦੇ ਹਨ, ਕਾਰੀਗਰਾਂ ਅਤੇ ਦਸਤਕਾਰੀਆਂ ਲਈ ਵਿਸ਼ਵਕਰਮਾ ਯੋਜਨਾ, ਖਾਸ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹਾਂ ਲਈ ਪ੍ਰਧਾਨ ਮੰਤਰੀ ਜਨ-ਮਨ ਯੋਜਨਾ, ਸਰਹੱਦੀ ਖੇਤਰਾਂ ਦੇ ਵਿਕਾਸ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ, ਮਿਲਟਸ ਦੇ ਉਤਪਾਦਨ ‘ਤੇ ਧਿਆਨ ਕੇਂਦਰਤ ਕਰਨ, ਵੋਕਲ ਫੌਰ ਲੋਕਲ ਅਤੇ ਖਾਦੀ ਸੈਕਟਰ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ “ਮੋਦੀ ਨੂੰ ਉਨ੍ਹਾਂ ਲੋਕਾਂ ਦੀ ਚਿੰਤਾ ਹੈ, ਜਿਨ੍ਹਾਂ ਦੀ ਕਦੇ ਕਿਸੇ ਨੂੰ ਚਿੰਤਾ ਨਹੀਂ ਸੀ।”

ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਵੱਲ ਵੀ ਧਿਆਨ ਦਿਵਾਇਆ ਅਤੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੁਆਰਾ ਮਹਾਨ ਸ਼ਖਸੀਅਤ ਦਾ ਕਿਵੇਂ ਨਿਰਾਦਰ ਕੀਤਾ ਗਿਆ ਸੀ। ਉਨ੍ਹਾਂ ਨੇ 1970 ਦੇ ਦਹਾਕੇ ਵਿੱਚ ਜਦੋਂ ਸ਼੍ਰੀ ਠਾਕੁਰ ਬਿਹਾਰ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਸਰਕਾਰ ਦਾ ਤਖਤਾ ਪਲਟਣ ਦੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ। 

ਪ੍ਰਧਾਨ ਮੰਤਰੀ ਨੇ ਭਾਰਤ ਦੀ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੇ ਯੋਗਦਾਨ ਨੂੰ ਉਜਾਗਰ ਕੀਤਾ। ਇੱਕ ਗੌਰਵਸ਼ਾਲੀ ਪ੍ਰਧਾਨ ਮੰਤਰੀ ਨੇ ਕਿਹਾ “ਹੁਣ ਭਾਰਤ ਵਿੱਚ ਅਜਿਹਾ ਕੋਈ ਸੈਕਟਰ ਨਹੀਂ ਹੈ ਜਿੱਥੇ ਦੇਸ਼ ਦੀਆਂ ਬੇਟੀਆਂ ਲਈ ਦਰਵਾਜ਼ੇ ਬੰਦ ਹੋਣ। ਉਹ ਲੜਾਕੂ ਜਹਾਜ਼ ਵੀ ਉਡਾ ਰਹੀਆਂ ਹਨ ਅਤੇ ਸਰਹੱਦਾਂ ਨੂੰ ਸੁਰੱਖਿਅਤ ਰੱਖ ਰਹੀਆਂ ਹਨ।” ਉਨ੍ਹਾਂ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਦੀਆਂ ਸਮਰੱਥਾਵਾਂ ਵਿੱਚ ਵਿਸ਼ਵਾਸ ਪ੍ਰਗਟਾਇਆ ਜਿਨ੍ਹਾਂ ਦੇ 10 ਕਰੋੜ ਤੋਂ ਅਧਿਕ ਮੈਂਬਰ ਹਨ ਅਤੇ ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦਿੰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ 3 ਕਰੋੜ ਲੱਖਪਤੀ ਦੀਦੀਆਂ ਬਣ ਜਾਣਗੀਆਂ। ਉਨ੍ਹਾਂ ਨੇ ਸੋਚ ਵਿੱਚ ਆਈ ਤਬਦੀਲੀ ‘ਤੇ ਖੁਸ਼ੀ ਪ੍ਰਗਟਾਈ ਜਿੱਥੇ ਇੱਕ ਲੜਕੀ ਦੇ ਜਨਮ ਦਾ ਜਸ਼ਨ ਮਨਾਇਆ ਜਾਂਦਾ ਹੈ ਅਤੇ ਮਹਿਲਾਵਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਲਈ ਸਰਕਾਰ ਦੁਆਰਾ ਕੀਤੇ ਗਏ ਉਪਰਾਲਿਆਂ ਬਾਰੇ ਵਿਸਤਾਰ ਨਾਲ ਦੱਸਿਆ।

ਕਿਸਾਨ ਭਲਾਈ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਲਾਨਾ ਖੇਤੀ ਬਜਟ 25,000 ਕਰੋੜ ਰੁਪਏ ਤੋਂ ਵਧਾ ਕੇ ਹੁਣ 1.25 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਕਿਸਾਨਾਂ ਨੂੰ 2,80,000 ਕਰੋੜ ਰੁਪਏ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ 30,000 ਰੁਪਏ ਦੇ ਪ੍ਰੀਮੀਅਮ ‘ਤੇ 1,50,000 ਕਰੋੜ ਰੁਪਏ, ਮੱਛੀ ਪਾਲਣ ਅਤੇ ਪਸ਼ੂ ਪਾਲਣ ਲਈ ਸਮਰਪਿਤ ਮੰਤਰਾਲੇ ਦੇ ਗਠਨ ਅਤੇ ਮੱਛੀ ਅਤੇ ਪਸ਼ੂ ਪਾਲਕਾਂ ਲਈ ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡ ਦੇਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪਸ਼ੂਆਂ ਦੀ ਜਾਨ ਬਚਾਉਣ ਲਈ ਪੈਰਾਂ ਅਤੇ ਮੂੰਹ ਦੀਆਂ ਬਿਮਾਰੀਆਂ ਲਈ 50 ਕਰੋੜ ਟੀਕੇ ਲਗਾਉਣ ਦਾ ਵੀ ਜ਼ਿਕਰ ਕੀਤਾ। 

ਭਾਰਤ ਦੇ ਨੌਜਵਾਨਾਂ ਲਈ ਪੈਦਾ ਹੋਏ ਮੌਕਿਆਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਟਾਰਟਅੱਪ ਯੁੱਗ, ਯੂਨੀਕੋਰਨ, ਡਿਜੀਟਲ ਨਿਰਮਾਤਾਵਾਂ ਦੇ ਉਭਾਰ ਅਤੇ ਗਿਫਟ ਅਰਥਵਿਵਸਥਾ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਅੱਜ ਭਾਰਤ ਦੁਨੀਆ ਦੀ ਮੋਹਰੀ ਡਿਜੀਟਲ ਅਰਥਵਿਵਸਥਾ ਹੈ ਅਤੇ ਇਹ ਭਾਰਤ ਦੇ ਨੌਜਵਾਨਾਂ ਲਈ ਕਈ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਭਾਰਤ ਵਿੱਚ ਮੋਬਾਈਲ ਮੈਨੂਫੈਕਚਰਿੰਗ ਅਤੇ ਸਸਤੇ ਡੇਟਾ ਦੀ ਉਪਲਬਧਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਭਾਰਤ ਦੇ ਟੂਰਿਜ਼ਮ ਸੈਕਟਰ ਅਤੇ ਹਵਾਬਾਜ਼ੀ ਖੇਤਰ ਵਿੱਚ ਹੋਏ ਵਾਧੇ ਨੂੰ ਵੀ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਦੀ ਪਹੁੰਚ ‘ਤੇ ਜ਼ੋਰ ਦਿੱਤਾ। 

ਪ੍ਰਧਾਨ ਮੰਤਰੀ ਮੋਦੀ ਨੇ ਸਦਨ ਨੂੰ ਦੱਸਿਆ ਕਿ ਦੇਸ਼ ਦਾ ਬੁਨਿਆਦੀ ਢਾਂਚਾ ਬਜਟ 2014 ਤੋਂ ਪਹਿਲਾਂ ਦੇ 10 ਵਰ੍ਹਿਆਂ ਵਿੱਚ 12 ਲੱਖ ਕਰੋੜ ਤੋਂ ਵਧ ਕੇ ਪਿਛਲੇ 10 ਵਰ੍ਹਿਆਂ ਵਿੱਚ 44 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਸਹੀ ਪ੍ਰਣਾਲੀਆਂ ਅਤੇ ਆਰਥਿਕ ਨੀਤੀਆਂ ਵਿਕਸਿਤ ਕਰਕੇ ਦੇਸ਼ ਨੂੰ ਦੁਨੀਆ ਦਾ ਰਿਸਰਚ ਅਤੇ ਇਨੋਵੇਸ਼ਨ ਦਾ ਕੇਂਦਰ ਬਣਾਉਣ ਲਈ ਉਤਸ਼ਾਹਿਤ ਕਰਨ ਦਾ ਵੀ ਜ਼ਿਕਰ ਕੀਤਾ। ਊਰਜਾ ਖੇਤਰ ਵਿੱਚ ਰਾਸ਼ਟਰ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਅਤੇ ਸੈਮੀਕੰਡਕਟਰ ਖੇਤਰਾਂ ਵਿੱਚ ਨਿਵੇਸ਼ ਦੀ ਅਗਵਾਈ ਕਰਨ ਦੀ ਗੱਲ ਕਹੀ। 

ਪ੍ਰਧਾਨ ਮੰਤਰੀ ਨੇ ਮਹਿੰਗਾਈ ‘ਤੇ ਵੀ ਗੱਲ ਕੀਤੀ ਅਤੇ 1974 ਵਿੱਚ 30 ਫੀਸਦੀ ਮਹਿੰਗਾਈ ਦਰ ਨੂੰ ਯਾਦ ਕੀਤਾ। ਉਨ੍ਹਾਂ ਦੋ ਯੁੱਧਾਂ ਅਤੇ ਕੋਰੋਨਵਾਇਰਸ ਮਹਾਮਾਰੀ ਦੇ ਦੌਰਾਨ ਦੇਸ਼ ਵਿੱਚ ਮਹਿੰਗਾਈ ਨੂੰ ਰੋਕਣ ਲਈ ਅੱਜ ਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸਮਿਆਂ ਨੂੰ ਯਾਦ ਕੀਤਾ ਜਦੋਂ ਸਦਨ ਵਿੱਚ ਚਰਚਾ ਦੇਸ਼ ਵਿੱਚ ਘੁਟਾਲਿਆਂ ਦੇ ਦੁਆਲੇ ਘੁੰਮਦੀ ਸੀ। ਉਨ੍ਹਾਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਪੀਐੱਮਐੱਲਏ ਅਧੀਨ ਕੇਸਾਂ ਦੇ ਦੁੱਗਣੇ ਹੋਣ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਜ਼ਬਤੀਆਂ ਵਿੱਚ 5,000 ਕਰੋੜ ਰੁਪਏ ਤੋਂ ਵੱਧ ਕੇ 1 ਲੱਖ ਕਰੋੜ ਰੁਪਏ ਤੱਕ ਹੋਣ ਦਾ ਜ਼ਿਕਰ ਕੀਤਾ। ਪ੍ਰਤੱਖ ਲਾਭ ਟਰਾਂਸਫਰ ਦੁਆਰਾ 30 ਲੱਖ ਕਰੋੜ ਰੁਪਏ ਤੋਂ ਵੱਧ ਦੀ ਵੰਡ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ, “ਜਬਤ ਕੀਤਾ ਗਿਆ ਸਾਰਾ ਪੈਸਾ ਗ਼ਰੀਬਾਂ ਦੀ ਭਲਾਈ ਲਈ ਵਰਤਿਆ ਗਿਆ ਹੈ।”

ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਨਾਲ ਅੰਤ ਤੱਕ ਲੜਨ ਦਾ ਅਹਿਦ ਲਿਆ ਅਤੇ ਕਿਹਾ, “ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਵਾਪਸੀ ਕਰਨੀ ਪਵੇਗੀ।” ਦੇਸ਼ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ  ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਦੁਨੀਆ ਆਤੰਕਵਾਦ ਪ੍ਰਤੀ ਭਾਰਤ ਦੀ ਜ਼ੀਰੋ ਟੋਲਰੈਂਸ ਦੀ ਨੀਤੀ ਦੀ ਪਾਲਣਾ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਵੱਖਵਾਦ ਦੀ ਵਿਚਾਰਧਾਰਾ ਦੀ ਨਿੰਦਾ ਕਰਦੇ ਹੋਏ ਭਾਰਤ ਦੇ ਰੱਖਿਆ ਬਲਾਂ ਦੀ ਸਮਰੱਥਾ ‘ਤੇ ਮਾਣ ਅਤੇ ਭਰੋਸਾ ਪ੍ਰਗਟਾਇਆ। ਉਨ੍ਹਾਂ ਜੰਮੂ ਅਤੇ ਕਸ਼ਮੀਰ ਵਿੱਚ ਹੋ ਰਹੇ ਵਿਕਾਸ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਸਦਨ ਦੇ ਮੈਂਬਰਾਂ ਨੂੰ ਦੇਸ਼ ਦੇ ਵਿਕਾਸ ਲਈ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਆਉਣ ਦੀ ਤਾਕੀਦ ਕੀਤੀ। ਉਨ੍ਹਾਂ ਅੰਤ ਵਿੱਚ ਕਿਹਾ, “ਮੈਂ ਮਾਂ ਭਾਰਤੀ ਅਤੇ ਇਸਦੇ 140 ਕਰੋੜ ਨਾਗਰਿਕਾਂ ਦੇ ਵਿਕਾਸ ਵਿੱਚ ਤੁਹਾਡਾ ਸਮਰਥਨ ਚਾਹੁੰਦਾ ਹਾਂ।” 

 

 

 

 

 

 

 

 

 

 

 

 *******

 

ਡੀਐੱਸ/ਟੀਐੱਸ