Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰੂਸ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਸਤਿਕਾਰਯੋਗ ਰਾਸ਼ਟਰਪਤੀ ਵਲਾਦੀਮੀਰ ਪੁਤਿਨ,

ਰੂਸ ਅਤੇ ਭਾਰਤੀ ਵਫ਼ਦ ਦੇ ਵਿਸ਼ੇਸ਼ ਮੈਂਬਰ ਸਾਹਿਬਾਨ,

ਮੀਡੀਆ ਦੇ ਮੈਂਬਰ ਸਹਿਬਾਨ,

ਅੱਜ ਗੋਆ ਵਿਖੇ ਭਾਰਤ ਦੇ ਪੁਰਾਣੇ ਦੋਸਤ, ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਜਿਵੇਂ ਕਿ ਰੂਸੀ ਵਿੱਚ ਕਿਹਾ ਜਾਂਦਾ ਹੈ:

ਸਤਾਰੀਯ ਦਰੁਗ ਲੁਛੇ ਨੋਵਿਖ ਦਵੁਖ (स्तारीय द्रुग लुछे नोविख़ द्वुख )

(ਮਤਲਬ: ਇੱਕ ਪੁਰਾਣਾ ਦੋਸਤ ਨਵੇਂ ਦੋ ਦੋਸਤਾਂ ਨਾਲੋਂ ਵਧੀਆ ਹੁੰਦਾ ਹੈ।)

ਸਤਿਕਾਰਯੋਗ ਪੁਤਿਨ, ਮੈਂ ਤੁਹਾਡੇ ਭਾਰਤ ਪ੍ਰਤੀ ਗਹਿਰੇ ਪਿਆਰ ਤੋਂ ਵਾਕਿਫ਼ ਹਾਂ। ਤੁਹਾਡਾ ਨਿਜੀ ਧਿਆਨ ਸਾਡੇ ਸਬੰਧਾਂ ਵਿੱਚ ਮਜ਼ਬੂਤੀ ਦਾ ਸਰੋਤ ਹੈ। ਅਤੇ ਗੁੰਝਲਦਾਰ ਅਤੇ ਬਦਲ ਰਹੇ ਵਿਸ਼ਵ ਵਿਆਪੀ ਸੰਦਰਭ ਵਿੱਚ, ਤੁਹਾਡੀ ਅਗਵਾਈ ਸਾਡੀ ਰਣਨੀਤਕ ਭਾਈਵਾਲੀ ਨੂੰ ਸਥਿਰਤਾ ਅਤੇ ਗਤੀ ਪ੍ਰਦਾਨ ਕਰਦੀ ਹੈ। ਸਾਡਾ ਸੱਚਮੁੱਚ ਵਿਸ਼ੇਸ਼ ਅਤੇ ਵਿਲੱਖਣ ਰਿਸ਼ਤਾ ਹੈ।

ਦੋਸਤੋ,

ਪਿਛਲੇ ਦੋ ਸਲਾਨਾ ਸਿਖਰ ਸੰਮੇਲਨਾਂ ਤੋਂ ਸਾਡੀ ਭਾਈਵਾਲੀ ਦਾ ਸਫਰ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਵੱਲ ਵਧ ਰਿਹਾ ਹੈ। ਰਾਸ਼ਟਰਪਤੀ ਪੁਤਿਨ ਅਤੇ ਮੈਂ ਆਪਣੇ ਸਮੁੱਚੇ ਸਬੰਧਾਂ ‘ਤੇ ਗੱਲਬਾਤ ਕਰਕੇ ਵਿਆਪਕ ਅਤੇ ਉਪਯੋਗੀ ਸਿੱਟਾ ਕੱਢਿਆ ਹੈ। ਸਾਡੀ ਮੀਟਿੰਗ ਦੇ ਉੱਚ ਲਾਭਕਾਰੀ ਨਤੀਜਿਆਂ ਨੇ ਸਪਸ਼ਟ ਰੂਪ ਵਿੱਚ ਸਾਡੀ ਰਣਨੀਤਕ ਭਾਈਵਾਲੀ ਦੀ ਵਿਸ਼ੇਸ਼ ਪ੍ਰਕਿਰਤੀ ਅਤੇ ਸਨਮਾਨ ਵਿਕਸਤ ਕੀਤਾ ਹੈ। ਉਨ੍ਹਾਂ ਆਉਣ ਵਾਲੇ ਸਾਲਾਂ ਲਈ ਰੱਖਿਆ ਅਤੇ ਆਰਥਿਕ ਸਬੰਧਾਂ ਦੀ ਡੂੰਘੀ ਨੀਂਹ ਰੱਖੀ ਹੈ। ਕਾਮੋਵ 226ਟੀ ਹੈਲੀਕਾਪਟਰਾਂ ਦੇ ਨਿਰਮਾਣ ‘ਤੇ ਸਮਝੌਤਾ, ਫ੍ਰਿਗੇਟ (frigates) ਦੇ ਨਿਰਮਾਣ ਅਤੇ ਖਰੀਦ ਅਤੇ ਹੋਰ ਰੱਖਿਆ ਪਲੇਟਫਾਰਮਾਂ ਦਾ ਨਿਰਮਾਣ ਭਾਰਤ ਦੀ ਤਕਨਾਲੋਜੀ ਅਤੇ ਸੁਰੱਖਿਆ ਤਰਜੀਹਾਂ ਨਾਲ ਤਾਲਮੇਲ ਰਾਹੀਂ ਕਰ ਰਹੇ ਹਨ। ਉਹ ਸਾਨੂੰ ਮੇਕ ਇਨ ਇੰਡੀਆ ਦੇ ਉਦੇਸ਼ ਹਾਸਲ ਕਰਨ ਵਿੱਚ ਵੀ ਮਦਦ ਕਰ ਰਹੇ ਹਨ। ਅਸੀਂ ਸਲਾਨਾ ਮਿਲਟਰੀ ਇੰਡਸਟਰੀਅਲ ਕਾਨਫਰੰਸ ‘ਤੇ ਕੰਮ ਕਰਨ ਲਈ ਵੀ ਸਹਿਮਤ ਹੋਏ ਹਾਂ ਜਿਹੜਾ ਦੋਨੋਂ ਪਾਸੇ ਹਿੱਸੇਦਾਰ ਬਣਾਉਣ ਅਤੇ ਸਹਿਯੋਗ ਕਰਨ ਵਿੱਚ ਸਹਾਇਕ ਹੋਏਗਾ। ਇਹ ਪ੍ਰੋਜੈਕਟ ਲੰਬੀ ਇਤਿਹਾਸਕ ਅਤੇ ਵੱਖ-ਵੱਖ ਪ੍ਰਕਾਰ ਦੀ ਰੱਖਿਆ ਭਾਈਵਾਲੀ ਨਾਲ ਨਵਾਂ ਅਧਿਆਏ ਸ਼ੁਰੂ ਕਰਨਗੇ ਜਿਸ ਤੋਂ ਦੋਨੋਂ ਪੱਖ ਫਾਇਦਾ ਲੈ ਸਕਦੇ ਹਨ। ਕੁਝ ਮਿੰਟ ਪਹਿਲਾਂ ਹੀ ਕੁੰਡਨਕੁਲਮ 2 (Kundankulum 2) ਨੂੰ ਸਮਰਪਿਤ ਕਰਨ ਅਤੇ ਕੁੰਡਨਕੁਲਮ 3 ਅਤੇ 4 ਦੀ ਸ਼ੁਰੂਆਤ ਦੌਰਾਨ ਅਸੀਂ ਸਿਵਲ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਭਾਰਤ-ਰੂਸ ਦੇ ਸਹਿਯੋਗ ਦੇ ਠੋਸ ਨਤੀਜੇ ਦੇਖੇ ਹਨ। ਅਤੇ ਅੱਠ ਹੋਰ ਰਿਐਕਟਰਾਂ ਦੇ ਨਿਰਮਾਣ ਦੇ ਪ੍ਰਸਤਾਵ ਨਾਲ ਸਾਡੇ ਪ੍ਰਮਾਣੂ ਊਰਜਾ ਖੇਤਰ ਵਿੱਚ ਵਿਆਪਕ ਸਹਿਯੋਗ ਦੋਨੋਂ ਪੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਭਾਰਤ ਵਿੱਚ ਸਾਡੀਆਂ ਊਰਜਾ ਸੁਰੱਖਿਆ ਸਬੰਧੀ ਜ਼ਰੂਰਤਾਂ, ਉੱਚ ਤਕਨਾਲੋਜੀ ਦੀ ਪਹੁੰਚ ਅਤੇ ਵਿਆਪਕ ਸਥਾਨੀਕਰਣ ਅਤੇ ਨਿਰਮਾਣ ਦੀਆਂ ਜ਼ਰੂਰਤਾਂ ਵਿੱਚ ਵੀ ਫਿੱਟ ਹੈ। ਪਿਛਲੇ ਸਾਲ ਮਾਸਕੋ ਵਿੱਚ ਮੈਂ ਕਿਹਾ ਸੀ ਕਿ ਅਸੀਂ ਰੂਸ ਵਿੱਚ ਹਾਈਡਰੋਕਾਰਬਨ ਖੇਤਰ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕਰਾਂਗੇ। ਪਿਛਲੇ ਇਕੱਲੇ ਸਿਰਫ ਚਾਰ ਮਹੀਨਿਆਂ ਵਿੱਚ ਸਾਡੇ ਹਾਈਡਰੋਕਾਰਬਨ ਖੇਤਰ ਵਿੱਚ ਮਜ਼ਬੂਤ ਅਤੇ ਡੂੰਘੇ ਸਬੰਧ ਸਪਸ਼ਟ ਹੋਏ ਹਨ, ਭਾਰਤੀ ਕੰਪਨੀਆਂ ਨੇ ਰੂਸ ਵਿੱਚ ਤੇਲ ਅਤੇ ਗੈਸ ਖੇਤਰ ਵਿੱਚ 5.5 ਬਿਲੀਅਨ ਅਮਰੀਕੀ ਡਾਲਰ ਦੇ ਕਰੀਬ ਨਿਵੇਸ਼ ਕੀਤਾ ਹੈ। ਅਤੇ ਰਾਸ਼ਟਰਪਤੀ ਪੁਤਿਨ ਦੇ ਸਹਿਯੋਗ ਨਾਲ ਅਸੀਂ ਆਪਣੇ ਸਬੰਧਾਂ ਦੇ ਖੇਤਰ ਨੂੰ ਅੱਗੇ ਵਧਾਉਣ ਲਈ ਤਿਆਰ ਅਤੇ ਇਛੁੱਕ ਹਾਂ। ਅਸੀਂ ਦੋਨੋਂ ਦੇਸ਼ਾਂ ਦਰਮਿਆਨ ਗੈਸ ਪਾਈਪ ਲਾਈਨ ਮਾਰਗ ‘ਤੇ ਸਾਂਝਾ ਅਧਿਐਨ ਕਰ ਰਹੇ ਹਾਂ। ਮਜ਼ਬੂਤ ਸਿਵਲ ਪ੍ਰਮਾਣੂ ਊਰਜਾ, ਐੱਲਐੱਨਜੀ ਸਰੋਤ, ਤੇਲ ਅਤੇ ਗੈਸ ਖੇਤਰ ਵਿੱਚ ਭਾਈਵਾਲੀ ਅਤੇ ਅਖੁੱਟ ਊਰਜਾ ਦੇ ਸੰਯੋਜਨ ਨਾਲ ਦੋਨੋਂ ਦੇਸ਼ਾਂ ਦੇ ਦਰਮਿਆਨ ਪ੍ਰਭਾਵਸ਼ਾਲੀ ‘ਊਰਜਾ ਬ੍ਰਿਜ’ ਦਾ ਨਿਰਮਾਣ ਕਰ ਸਕਦੇ ਹਾਂ।

ਦੋਸਤੋ,

ਭਵਿੱਖ ‘ਤੇ ਨਜ਼ਰ ਰੱਖਦੇ ਹੋਏ, ਅਸੀਂ ਸਾਇੰਸ ਅਤੇ ਤਕਨਾਲੋਜੀ ਕਮਿਸ਼ਨ ਸਥਾਪਤ ਕਰਨ ‘ਤੇ ਸਹਿਮਤ ਹੋਏ ਹਾਂ। ਇਸ ਨਾਲ ਸਾਡੇ ਸਮਾਜ ਨੂੰ ਵੱਖ ਵੱਖ ਖੇਤਰਾਂ ਵਿੱਚ ਸਾਂਝੇ ਵਿਕਾਸ ਦਾ ਲਾਭ ਅਤੇ ਅਤਿ ਆਧੁਨਿਕ ਤਕਨਾਲੋਜੀ ਦਾ ਤਬਾਦਲਾ ਅਤੇ ਵੰਡ ਦਾ ਲਾਭ ਪ੍ਰਾਪਤ ਹੋਏਗਾ। ਪਿਛਲੇ ਸਿਖਰ ਸੰਮੇਲਨ ਮੁਤਾਬਕ ਅਸੀਂ ਆਪਣੇ ਆਰਥਿਕ ਸਬੰਧਾਂ ਦੇ ਵਿਸਥਾਰ, ਵਿਭਿੰਨਤਾ ਅਤੇ ਡੂੰਘਾਈ ਨੂੰ ਜਾਰੀ ਰੱਖਾਂਗੇ। ਅੱਜ ਸਾਡੇ ਦੋਨੋਂ ਦੇਸ਼ਾਂ ਵਿਚਕਾਰ ਕਾਰੋਬਾਰ ਅਤੇ ਉਦਯੋਗ ਜ਼ਿਆਦਾ ਗਹਿਰਾਈ ਨਾਲ ਜੁੜੇ ਹੋਏ ਹਨ। ਵਪਾਰ ਅਤੇ ਨਿਵੇਸ਼ ਸਬੰਧ ਤੇਜੀ ਨਾਲ ਵਧ ਰਹੇ ਹਨ। ਅਤੇ ਰਾਸ਼ਟਰਪਤੀ ਪੁਤਿਨ ਦੇ ਸਮਰਥਨ ਨਾਲ ਸਾਨੂੰ ਯੂਰੇਸ਼ੀਅਨ ਆਰਥਿਕ ਯੂਨੀਅਨ ਮੁਕਤ ਵਪਾਰ ਸਮਝੌਤੇ (Eurasian Economic Union Free Trade Agreement) ਵਿੱਚ ਭਾਰਤ ਸਬੰਧੀ ਤੇਜੀ ਆਉਣ ਦੀ ਉਮੀਦ ਹੈ। ਗਰੀਨ ਕੌਰੀਡੋਰ ਅਤੇ ਅੰਤਰਰਾਸ਼ਟਰੀ ਉੱਤਰੀ ਦੱਖਣੀ ਆਵਾਜਾਈ ਕੌਰੀਡੋਰ ਵਪਾਰ ਸਹੂਲਤ, ਸਾਜ਼ੋ -ਸਾਮਾਨ,ਸਬੰਧ ਮਜ਼ਬੂਤ ਕਰਨ ਅਤੇ ਸਾਡੇ ਦੇਸ਼ਾਂ ਦਰਮਿਆਨ ਵਧੀਆ ਸੰਚਾਰ ਨਿਰਧਾਰਤ ਕਰਨ ਨੂੰ ਯਕੀਨੀ ਬਣਾਉਣ ਵਿੱਚ ਸੇਵਾਵਾਂ ਨਿਭਾਉਣਗੇ। ਸਾਡੀ ਕੋਸ਼ਿਸ਼ ਨੈਸ਼ਨਲ ਇਨਵੈਸਟਮੈਂਟ ਅਤੇ ਇਨਫਰਾਸਟਰਕਚਰ ਫੰਡ (National Investment and Infrastructure Fund (NIIF)) ਅਤੇ ਰਸ਼ੀਆ ਡਾਇਰੈਕਟ ਇਨਵੈਸਟਮੈਂਟ ਫੰਡ (Russia Direct Investment Fund (RDIF)) ਦਰਮਿਆਨ 1 ਬਿਲੀਅਨ ਅਮਰੀਕੀ ਡਾਲਰ ਦਾ ਇਨਵੈਸਟਮੈਂਟ ਫੰਡ ਸਥਾਪਤ ਕਰਨ ਦੀ ਹੈ, ਜਿਸ ਰਾਹੀਂ ਸਾਡੀ ਬੁਨਿਆਦੀ ਢਾਂਚੇ ਸਬੰਧੀ ਭਾਈਵਾਲੀ ਨੂੰ ਅਗਾਂਹਵਧੂ ਬਣਾਉਣ ਵਿੱਚ ਮਦਦ ਮਿਲੇਗੀ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਆਰਥਿਕ ਸਬੰਧ ਦੋਨੋਂ ਦੇਸ਼ਾਂ ਦੇ ਖੇਤਰਾਂ ਅਤੇ ਰਾਜਾਂ ਨਾਲ ਵੀ ਜੁੜਨ।

ਦੋਸਤੋ,

ਇਸ ਸਿਖਰ ਸੰਮੇਲਨ ਦੀ ਸਫਲਤਾ ਮਜ਼ਬੂਤ ਭਾਰਤ-ਰੂਸ ਰਣਨੀਤਿਕ ਭਾਈਵਾਲੀ ਵਿੱਚ ਰੋਸ਼ਨੀ ਦੀ ਤਰ੍ਹਾਂ ਚਮਕਦੀ ਹੈ। ਇਹ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਸਾਡੀ ਮਜ਼ਬੂਤ ਏਕਤਾ ਨੂੰ ਵੀ ਉਭਾਰਦਾ ਹੈ। ਰੂਸ ਦਾ ਦਹਿਸ਼ਤਗਰਦੀ ਨਾਲ ਟਾਕਰਾ ਕਰਨ ਦੀ ਲੋੜ ‘ਤੇ ਸਪਸ਼ਟ ਰੁਖ ਸਾਡੇ ਵਰਗਾ ਹੈ। ਸਰਹੱਦ ਤੋਂ ਪਾਰ ਦਹਿਸ਼ਤਗਰਦੀ ਨਾਲ ਲੜਾਈ ਸਬੰਧੀ ਸਾਡੀ ਕਾਰਵਾਈ ਨੂੰ ਰੂਸ ਵੱਲੋਂ ਸਮਝਣ ਅਤੇ ਉਸ ਦੇ ਸਮਰਥਨ ਦੀ ਅਸੀਂ ਸ਼ਲਾਘਾ ਕਰਦੇ ਹਾਂ, ਜਿਹੜੀ ਕਿ ਸਾਡੇ ਸਮੁੱਚੇ ਖੇਤਰ ਲਈ ਖਤਰਾ ਹੈ। ਅਸੀਂ ਦੋਨੋਂ ਦਹਿਸ਼ਤਗਰਦਾਂ ਨਾਲ ਸਬੰਧ ਰੱਖਣ ਅਤੇ ਉਸ ਦੇ ਸਮਰਥਕਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਲੋੜ ਨੂੰ ਮੁੜ ਦੁਹਰਾਉਂਦੇ ਹਾਂ। ਅਫ਼ਗ਼ਾਨਿਸਤਾਨ ਦੀ ਸਥਿਤੀ ਅਤੇ ਪੱਛਮੀ ਏਸ਼ੀਆ ਵਿੱਚ ਅਸ਼ਾਂਤੀ ਸਬੰਧੀ ਰਾਸ਼ਟਰਪਤੀ ਪੁਤਿਨ ਅਤੇ ਮੇਰੇ ਵਿਚਾਰ ਇੱਕ ਸਮਾਨ ਹਨ। ਵਿਸ਼ਵ ਵਿਆਪੀ ਆਰਥਿਕ ਅਤੇ ਵਿੱਤੀ ਬਾਜ਼ਾਰਾਂ ਵਿੱਚ ਅਸਥਿਰਤਾ ਨਾਲ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਸੀਂ ਮਿਲ ਕੇ ਕੰਮ ਕਰਨ ਲਈ ਸਹਿਮਤ ਹਾਂ। ਸੰਯੁਕਤ ਰਾਸ਼ਟਰ, ਬ੍ਰਿਕਸ, ਪੂਰਬੀ ਏਸ਼ੀਆ ਸਿਖਰ ਸੰਮੇਲਨ, ਜੀ-20, ਸ਼ੰਘਾਈ ਸਹਿਯੋਗ ਸੰਗਠਨ ਵਿੱਚ ਸਾਡਾ ਕਰੀਬੀ ਸਹਿਯੋਗ ਸਾਡੀ ਭਾਈਵਾਲੀ ਦੇ ਦਾਇਰੇ ਅਤੇ ਕਵਰੇਜ ਨੂੰ ਅਸਲ ਵਿੱਚ ਵਿਸ਼ਵ ਵਿਆਪੀ ਬਣਾਉਂਦਾ ਹੈ।

ਸਤਿਕਾਰਯੋਗ ਪੁਤਿਨ,

ਜਦੋਂ ਅਗਲੇ ਸਾਲ ਸਾਡੇ ਆਪਣੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਹੈ, ਭਾਰਤ ਅਤੇ ਰੂਸ ਜ਼ਸਨ ਮਨਾ ਰਹੇ ਹਨ ਅਤੇ ਆਪਣੇ ਅਤੀਤ ਦੀਆਂ ਉਪਲੱਬਧੀਆਂ ‘ਤੇ ਨਿਰਮਾਣ ਕਰ ਰਹੇ ਹਨ। ਅਸੀਂ ਇੱਕ ਆਦਰਸ਼ ਭਾਈਵਾਲੀ ‘ਤੇ ਕੰਮ ਕਰ ਰਹੇ ਹਾਂ ਜਿਹੜੀ ਸਾਡੀਆਂ ਸਾਂਝੀਆਂ ਉਮੀਦਾਂ ਅਤੇ ਇੱਕੀਵੀਂ (21ਵੀਂ) ਸਦੀ ਦੇ ਸਾਡੇ ਸਾਂਝੇ ਟੀਚਿਆਂ ਨੂੰ ਪੂਰਾ ਕਰੇਗੀ। ਸਾਡੀ ਕਰੀਬੀ ਦੋਸਤੀ ਨੇ ਸਾਡੇ ਸਬੰਧਾਂ ਨੂੰ ਸਪਸ਼ਟ ਦਿਸ਼ਾ, ਤਾਜਾ ਭਾਵਨਾ, ਗਤੀ ਅਤੇ ਅਮੀਰ ਸਮੱਗਰੀ ਦਿੱਤੀ ਹੈ। ਉੱਭਰ ਰਹੇ ਖੇਤਰੀ ਅਤੇ ਵਿਸ਼ਵਵਿਆਪੀ ਦ੍ਰਿਸ਼ ਵਿੱਚ ਇਹ ਮਜ਼ਬੂਤੀ ਅਤੇ ਗਤੀ, ਸ਼ਾਂਤੀ ਦਾ ਵਾਹਕ ਅਤੇ ਸਥਿਰਤਾ ਦਾ ਕਾਰਕ ਰਿਹਾ ਹੈ।

ਜਿਵੇਂ ਕਿ ਰੂਸੀ ਵਿੱਚ ਇੱਕ ਸ਼ਬਦ ਕਿਹਾ ਜਾਂਦਾ ਹੈ:

ਇੰਡੀਆਈ ਰੱਸੀਆ-ਰੁਕਾ ਅਬ ਰੁਕੁ ਵ ਸਵੇਤਲੋਯ ਬਦੂਸ਼ੀਯ (इंडियाई रस्सीया-रुका अब रुकु व स्वेतलोय बदूशीय)

(ਭਾਰਤ ਅਤੇ ਰੂਸ-ਸੁਨਹਿਰੇ ਭਵਿੱਖ ਲਈ ਇਕੱਠੇ।)

ਧੰਨਵਾਦ! ਤੁਹਾਡਾ ਬਹੁਤ-ਬਹੁਤ ਧੰਨਵਾਦ।

ਏਕਟੀ/ਐੱਨਟੀ