ਸਭ ਤੋਂ ਪਹਿਲਾਂ ਤੁਸੀਂ ਸਭ ਮੇਰੇ ਨਾਲ ਨਾਅਰਾ ਬੋਲੋਗੇ, ਮੈਂ ਕਹਾਂਗਾ ਸਰਦਾਰ ਪਟੇਲ, ਤੁਸੀਂ ਕਹੋਗੇ ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ, ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ, ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ, ਅਮਰ ਰਹੇ, ਅਮਰ ਰਹੇ।
ਅੱਜ ਸਮੁੱਚਾ ਦੇਸ਼ ਸਰਦਾਰ ਸਾਹਿਬ ਦੀ ਜਨਮ ਜਯੰਤੀ ਮਨਾ ਰਿਹਾ ਹੈ। ਅੱਜ ਜਿਹੜੇ ਹਿੰਦੁਸਤਾਨ ਵਿੱਚ ਅਸੀਂ ਇੱਕ ਤਿਰੰਗੇ ਝੰਡੇ ਹੇਠਾਂ ਕਸ਼ਮੀਰ ਤੋਂ ਕੰਨਿਆਕੁਮਾਰੀ, ਅਟਕ ਤੋਂ ਕਟਕ, ਹਿਮਾਲਿਆ ਤੋਂ ਲੈ ਕੇ ਸਾਗਰ ਤੱਕ ਜੋ ਇੱਕ ਹਿੰਦੁਸਤਾਨ ਵੇਖ ਰਹੇ ਹਾਂ, ਇੱਕ ਤਿਰੰਗੇ ਝੰਡੇ ਹੇਠਾਂ ਹਿੰਦੁਸਤਾਨ ਵੇਖ ਰਹੇ ਹਾਂ, ਉਸ ਦਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਨੂੰ ਜਾਂਦਾ ਹੈ। ਅੰਗਰੇਜ਼ਾਂ ਨੇ ਦੇਸ਼ ਛੱਡਦੇ ਸਮੇਂ ਅਜਿਹੀ ਸਾਜ਼ਿਸ਼ ਰਚੀ ਸੀ ਕਿ ਅੰਗਰੇਜ਼ਾਂ ਦੇ ਜਾਂਦਿਆਂ ਹੀ ਦੇਸ਼ 500 ਤੋਂ ਵੱਧ ਰਿਆਸਤਾਂ ਵਿੱਚ ਖਿੰਡ-ਪੁੰਡ ਜਾਵੇ। ਰਾਜੇ-ਰਜਵਾੜੇ ਅੰਦਰਖਾਤੇ ਲੜ ਕੇ ਮਰ ਮਿਟਣ। ਦੇਸ਼ ਵਿੱਚ ਖ਼ੂਨ ਦੀਆਂ ਨਦੀਆਂ ਵਹਿਣ, ਅਜਿਹੀ ਸਾਜ਼ਿਸ਼ ਜਾਂਦੇ-ਜਾਂਦੇ ਅੰਗਰੇਜ਼ ਰਚ ਕੇ ਗਏ ਸਨ। ਪਰ ਇਹ ਲੋਹ-ਪੁਰਸ਼ ਸਰਦਾਰ ਪਟੇਲ ਸਨ, ਜਿਨ੍ਹਾਂ ਨੇ ਅਜ਼ਾਦੀ ਦੇ ਅੰਦੋਲਨ ਵਿੱਚ ਗਾਂਧੀ ਨਾਲ ਇੱਕ ਪਰਛਾਵਾਂ ਬਣ ਕੇ, ਜਨ-ਅੰਦੋਲਨ ਜਗਾ ਕੇ, ਗਾਂਧੀ ਦੇ ਹਰ ਵਿਚਾਰ ਨੂੰ ਜਨ-ਸ਼ਕਤੀ ਪ੍ਰਦਾਨ ਕਰਨ ਦਾ ਯਤਨ ਕੀਤਾ ਸੀ। ਅਜ਼ਾਦੀ ਦੇ ਅੰਦੋਲਨ ਵਿੱਚ ਅੰਗਰੇਜ਼ਾਂ ਨੂੰ ਦਿਨ ‘ਚ ਤਾਰੇ ਦਿਖਾਉਣ ਦੀ ਤਾਕਤ ਸਰਦਾਰ ਵੱਲਭ ਭਾਈ ਪਟੇਲ ਨੇ ਦਿਖਾਈ ਸੀ। ਉੱਥੇ ਹੀ ਸਰਦਾਰ ਸਾਹਿਬ ਨੇ ਅਜ਼ਾਦੀ ਤੋਂ ਬਾਅਦ ਤੁਰੰਤ ਅੰਗਰੇਜ਼ਾਂ ਦੀ ਸੋਚ ਨੂੰ ਧਰਤੀ ਵਿੱਚ ਦਫ਼ਨਾ ਦਿੱਤਾ, ਰਾਜੇ – ਰਜਵਾੜਿਆਂ ਨੂੰ ਮਿਲਾ ਲਿਆ ਅਤੇ ਇੱਕ ਭਾਰਤ ਅੱਜ ਅਸੀਂ ਸਭ ਜੀ ਰਹੇ ਹਾਂ।
ਸਾਡੇ ਦੇਸ਼ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਹਿਮਸਾਗਰ ਟਰੇਨ ਚਲਦੀ ਹੈ, ਸਭ ਤੋਂ ਲੰਮੀ ਟਰੇਨ ਹੈ। ਹਿਮਾਲਿਆ ਦੀ ਕੁੱਖ ‘ਚੋਂ ਨਿਕਲਦੀ ਹੈ ਅਤੇ ਕੰਨਿਆਕੁਮਾਰੀ ਦੇ ਸਾਗਰ ਤੱਕ ਪੁੱਜਦੀ ਹੈ। ਜਦੋਂ ਅਸੀਂ ਇਸ ਟਰੇਨ ਵਿੱਚ ਸਫ਼ਰ ਕਰਦੇ ਹਾਂ, ਤਾਂ ਰਸਤੇ ਵਿੱਚ ਅਨੇਕ ਰਾਜ ਆਉਂਦੇ ਹਨ। ਪਰ ਨਾ ਸਾਨੂੰ ਕਿਸੇ ਰਾਜ ਦਾ ਪਰਮਿਟ ਲੈਣਾ ਪੈਂਦਾ ਹੈ, ਨਾ ਕਿਸੇ ਰਾਜ ਦਾ ਵੀਜ਼ਾ ਲੈਣਾ ਪੈਂਦਾ ਹੈ, ਨਾ ਕਿਸੇ ਰਾਜ ਨੂੰ ਟੈਕਸ ਦੇਣਾ ਪੈਂਦਾ ਹੈ, ਇੱਕ ਵਾਰ ਕਸ਼ਮੀਰ ਤੋਂ ਚਲ ਪਓ, ਕੰਨਿਆਕੁਮਾਰੀ ਤੱਕ ਬੇਰੋਕਟੋਕ ਚਲੇ ਜਾਂਦੇ ਹਾਂ। ਇਹ ਕੰਮ ਸਰਦਾਰ ਸਾਹਿਬ ਕਾਰਨ ਹੋਇਆ ਸੀ, ਤਦ ਜਾ ਕੇ ਸੰਭਵ ਹੋਇਆ ਸੀ।
ਭਰਾਵੋ, ਭੈਣੋ, ਤੁਸੀਂ ਮੈਨੂੰ ਦੱਸੋ, ਹਿੰਦੁਸਤਾਨ ਨੂੰ ਤਾਕਤਵਰ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਹਿੰਦੁਸਤਾਨ ਨੂੰ ਵਧੇਰੇ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਹਿੰਦੁਸਤਾਨ ਨੂੰ ਦੁਨੀਆ ਵਿੱਚ ਆਪਣਾ ਲੋਹਾ ਮੰਨਵਾਉਣਾ ਚਾਹੀਦਾ ਹੈ ਕਿ ਨਹੀਂ ਮਨਵਾਉਣਾ ਚਾਹੀਦਾ? ਕੀ ਦੁਨੀਆ ਭਾਰਤ ਨੂੰ ਪ੍ਰਵਾਨ ਕਰੇ, ਅਜਿਹਾ ਹਿੰਦੁਸਤਾਨ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਭਰਾਵੋ, ਭੈਣੋ ਇਹ ਸੁਪਨਾ ਸਵਾ ਸੌ ਕਰੋੜ ਹਿੰਦੁਸਤਾਨੀਆਂ ਦਾ ਹੈ। ਇੱਥੇ ਮੇਰੇ ਸਾਹਮਣੇ ਇੱਕ ਤਰ੍ਹਾਂ ਦਾ ਛੋਟਾ ਹਿੰਦੁਸਤਾਨ ਹੈ, ਹਰੇਕ ਭਾਸ਼ਾ – ਭਾਸ਼ੀ ਲੋਕ ਮੇਰੇ ਸਾਹਮਣੇ ਹਨ। ਹਰੇਕ ਦਾ ਸੁਪਨਾ ਹੈ ਕਿ ਹਿੰਦੁਸਤਾਨ ਮਜ਼ਬੂਤ ਹੋਣਾ ਚਾਹੀਦਾ ਹੈ; ਹਿੰਦੁਸਤਾਨ ਤਾਕਤਵਰ ਹੋਣਾ ਚਾਹੀਦਾ ਹੈ; ਹਿੰਦੁਸਤਾਨ ਬਲਵਾਨ ਹੋਣਾ ਚਾਹੀਦਾ ਹੈ; ਹਿੰਦੁਸਤਾਨ ਸਮਰੱਥਾਵਾਨ ਹੋਣਾ ਚਾਹੀਦਾ ਹੈ; ਹਿੰਦੁਸਤਾਨ ਖ਼ੁਸ਼ਹਾਲ ਹੋਣਾ ਚਾਹੀਦਾ ਹੈ; ਪਰ ਭਰਾਵੋ, ਭੈਣੋ ਇਹ ਸੁਪਨਾ ਪੂਰਾ ਕਰਨ ਦੀ ਪਹਿਲੀ ਸ਼ਰਤ ਹੈ ਕਿ ਹਿੰਦੁਸਤਾਨ ਵਿੱਚ ਏਕਤਾ ਹੋਣੀ ਚਾਹੀਦੀ ਹੈ। ਫਿਰਕੇ ਦੇ ਨਾਂਅ ਉੱਤੇ, ਜਾਤੀਵਾਦ ਦੇ ਜ਼ਹਿਰ ਉੱਤੇ, ਊਚ-ਨੀਚ ਦੀ ਵਿਕ੍ਰਿਤ ਮਾਨਸਿਕ ਪ੍ਰਥਾ ਉੱਤੇ, ਅਮੀਰ ਅਤੇ ਗ਼ਰੀਬ ਦੀ ਖਾਈ ਵਿਚਕਾਰ, ਪਿੰਡ ਅਤੇ ਸ਼ਹਿਰ ਦੇ ਵਿਚਕਾਰ, ਇਹ ਦੇਸ਼ ਏਕਤਾ ਦਾ ਅਨੁਭੂਤੀ ਨਹੀਂ ਕਰ ਸਕਦਾ।
ਅਤੇ ਇਸ ਲਈ ਮੇਰੇ ਪਿਆਰੇ ਭਰਾਵੋ, ਭੈਣੋ, ਸਰਦਾਰ ਪਟੇਲ ਦੀ ਜਨਮ ਜਯੰਤੀ ਉੱਤੇ ਏਕਤਾ ਦਾ ਹੀ ਸੰਦੇਸ਼ ਜਿਸ ਮਹਾਪੁਰਸ਼ ਨੇ ਆਪਣੀ ਸਮਰੱਥਾ ਨਾਲ, ਆਪਣੀ ਬੌਧਿਕ ਕੁਸ਼ਲਤਾ ਨਾਲ, ਆਪਣੀ political will ਨਾਲ ਦੇਸ਼ ਨੂੰ ਇੱਕ ਕੀਤਾ। ਹਰੇਕ ਹਿੰਦੁਸਤਾਨੀ ਨੇ ਰਾਸ਼ਟਰ-ਭਗਤੀ ਦੀ ਭਾਵਨਾ ਨਾਲ ਭਾਰਤ ਦੀ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀ। ਦੇਸ਼ ਨੂੰ ਤੋੜਨ ਲਈ, ਦੇਸ਼ ਵਿੱਚ ਬਿਖਰਾਅ ਪੈਦਾ ਕਰਨ ਲਈ, ਦੇਸ਼ ਵਿੱਚ ਅੰਤਰ-ਵਿਰੋਧ ਜਗਾਉਣ ਲਈ, ਢੇਰ ਸਾਰੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ। ਅਜਿਹੇ ਸਮੇਂ ਏਕਤਾ ਲਈ ਜਾਗਰੂਕ ਯਤਨ ਕਰਨਾ ਜ਼ਰੂਰੀ ਹੁੰਦਾ ਹੈ, ਚੌਕਸ ਰਹਿਣਾ ਜ਼ਰੂਰੀ ਹੁੰਦਾ ਹੈ। ਇਹ ਭਾਰਤ ਮਾਤਾ, ਇਸ ਭਾਰਤ ਮਾਤਾ ਦੇ ਗਲੇ ‘ਚ ਸਵਾ ਸੌ ਕਰੋੜ ਹਿੰਦੁਸਤਾਨ ਰੂਪ ਫੁੱਲਾਂ ਦੀ ਮਾਲਾ ਸਜੀ ਹੋਈ ਹੈ। ਸਵਾ ਸੌ ਕਰੋੜ ਦੇਸ਼ ਵਾਸੀ ਪੁਸ਼ਪ ਦੇ ਰੂਪ ਵਿੱਚ ਇਸ ਮਾਲਾ ਨਾਲ ਬੱਝੇ ਹੋਏ ਹਨ, ਅਤੇ ਇਹ ਸਵਾ ਸੌ ਕਰੋੜ ਫੁੱਲਾਂ ਨੂੰ ਜੋੜਨ ਵਾਲਾ ਜੋ ਧਾਗਾ ਹੈ, ਉਹ ਧਾਗਾ ਹੈ ਸਾਡੀ ਭਾਰਤੀਅਤਾ ਦੀ ਭਾਵਨਾ। ਸਾਡੀ ਭਾਰਤੀਅਤਾ ਦੀ ਭਾਵਨਾ, ਇਹ ਭਾਰਤੀਅਤਾ ਦੀ ਭਾਵਨਾ ਦਾ ਉਹ ਧਾਗਾ ਸਵਾ ਸੌ ਕਰੋੜ ਦਿਲਾਂ ਨੂੰ, ਸਵਾ ਸੌ ਕਰੋੜ ਦਿਮਾਗ਼ਾਂ ਨੂੰ, ਸਵਾ ਸੌ ਕਰੋੜ ਅਬਾਦੀ ਨੂੰ, ਮਾਂ ਭਾਰਤੀ ਦੀ ਮਾਲਾ ਦੇ ਰੂਪ ਵਿੱਚ ਪਿਰੋਂਦੇ ਹਾਂ ਅਤੇ ਇਨ੍ਹਾਂ ਸਵਾ ਸੌ ਕਰੋੜ ਫੁੱਲਾਂ ਦੀ ਮਹਿਕ, ਇਨ੍ਹਾਂ ਸਵਾ ਸੌ ਕਰੋੜ ਫੁੱਲਾਂ ਦੀ ਮਹਿਕ, ਇਹ ਮਹਿਕ ਹੈ ਸਾਡੀ ਰਾਸ਼ਟਰ-ਭਗਤੀ। ਇਹ ਰਾਸ਼ਟਰ-ਭਗਤੀ ਦੀ ਮਹਿਕ ਸਾਨੂੰ ਹਰ ਛਿਣ ਊਰਜਾ ਦਿੰਦੀ ਹੈ, ਪ੍ਰੇਰਨਾ ਦਿੰਦੀ ਹੈ, ਚੇਤਨਾ ਦਿੰਦੀ ਹੈ। ਉਸ ਨੂੰ ਵਾਰ-ਵਾਰ ਚੇਤੇ ਕਰਦਿਆਂ ਦੇਸ਼ ਵਿੱਚ ਏਕਤਾ ਅਤੇ ਅਖੰਡਤਾ ਦਾ ਮਾਹੌਲ ਬਣਾਉਣ ਲਈ ਅਸੀਂ ਸੰਕਲਪਬੱਧ ਹੋਣਾ ਹੈ।
ਮੇਰੇ ਪਿਆਰੇ ਨੌਜਵਾਨ ਸਾਥੀਓ, ਅੱਜ 31 ਅਕਤੂਬਰ, ਦਿੱਲੀ ਦੀ ਧਰਤੀ ਨੂੰ, ਦੇਸ਼ ਦੀ ਜਨਤਾ ਨੂੰ ਭਾਰਤ ਸਰਕਾਰ ਵੱਲੋ ਇੱਕ ਵਡਮੁਲਾ ਤੋਹਫ਼ਾ ਮਿਲਣ ਵਾਲਾ ਹੈ। ਹੁਣ ਤੋਂ ਕੁਝ ਹੀ ਸਮੇਂ ਬਾਅਦ ਦਿੱਲੀ ਵਿੱਚ ਸਰਦਾਰ ਸਾਹਿਬ ਦੇ ਜੀਵਨ ਉੱਤੇ ਇੱਕ Digital Museum ਦਾ ਲੋਕਾਰਪਣ ਕਰਨ ਵਾਲਾ ਹਾਂ। ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਘੱਟੋ-ਘੱਟ ਦੋ ਘੰਟੇ ਕੱਢ ਕੇ, ਘੱਟ ਤੋਂ ਘੱਟ, ਵਧੇਰੇ ਤਾਂ ਪੂਰਾ ਦਿਨ ਕੱਢ ਸਕਦੇ ਹਾਂ, ਹਫ਼ਤਾ ਕੱਢ ਸਕਦੇ ਹਾਂ। ਇੰਨੀਆਂ ਚੀਜ਼ਾਂ ਉੱਥੇ ਦੇਖਣਯੋਗ, ਸਮਝਣਯੋਗ ਅਧਿਐਨ ਕਰਨ ਯੋਗ ਹਨ। ਪ੍ਰਗਤੀ ਮੈਦਾਨ ਦੇ ਕੋਲ ਹੀ ਇਹ Permanent Digital Museum ਬਣਿਆ ਹੈ।
ਅਜ਼ਾਦੀ ਦੇ ਇੰਨੇ ਸਾਲਾਂ ਬਾਅਦ, ਸਰਦਾਰ ਸਾਹਿਬ ਦੀ ਵਿਦਾਈ ਦੇ ਇੰਨੇ ਸਾਲਾਂ ਪਿੱਛੋਂ ਅੱਜ ਦਿੱਲੀ ‘ਚ ਸਰਦਾਰ ਸਾਹਿਬ ਨੂੰ ਇਸ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਕਾਸ਼! ਇਹ ਕੰਮ 40, 50, 60 ਸਾਲ ਪਹਿਲਾਂ ਹੋ ਜਾਂਦਾ, ਪਰ ਪਤਾ ਨਹੀਂ, ਕਿਉਂ ਨਹੀਂ ਕੀਤਾ ਗਿਆ। ਨਾ ਕਰਨ ਵਾਲਿਆਂ ਦਾ ਜਵਾਬ ਇਤਿਹਾਸ ਮੰਗੇਗਾ। ਅਸੀਂ ਤਾਂ ਕੁਝ ਕਰ ਕੇ ਜਾਈਏ, ਇਸੇ ਇੱਕ ਭਾਵਨਾ ਨੂੰ ਲੈ ਕੇ ਚਲਣਾ ਚਾਹੁੰਦੇ ਸਾਂ।
ਸਰਦਾਰ ਸਾਹਿਬ ਦੇ ਏਕਤਾ ਦੇ ਮੰਤਰ ਨੂੰ ਜੀਵਨ ਦਾ ਸਹਿਜ ਹਿੱਸਾ ਬਣਾਉਣ ਲਈ, ਹਰੇਕ ਭਾਰਤੀ ਦਾ ਸਹਿਜ ਸੁਭਾਅ ਬਣਾਉਣ ਲਈ, ਅੱਜ ਮੈਂ ਉਸੇ ਪ੍ਰੋਗਰਾਮ ਵਿੱਚ ਇੱਕ ਨਵੀਂ ਯੋਜਨਾ ਲਾਂਚ ਕਰਨ ਵਾਲਾ ਹਾਂ – ‘ਏਕ ਭਾਰਤ, ਸ਼੍ਰੇਸ਼ਠ ਭਾਰਤ’। ਉਹ ਯੋਜਨਾ ਵੀ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਵਾਲੀ ਯੋਜਨਾ ਹੋਵੇਗੀ ਅਤੇ ਉਸ ਪ੍ਰਦਰਸ਼ਨੀ ਦੇ ਉਦਘਾਟਨ ਸਮੇਂ ਅੱਜ ਉਸ ਨੂੰ ਵੀ ਲਾਂਚ ਕਰਨ ਵਾਲਾ ਹਾਂ। ਮੈਂ ਫਿਰ ਇੱਕ ਵਾਰ ਸਮੁੱਚੇ ਦੇਸ਼ ਵਿੱਚ ਇਹ ਜੋ ‘Run For Unity’ ‘ਏਕਤਾ ਲਈ ਦੌੜ’ 31 ਅਕਤੂਬਰ ਤੋਂ ਸਾਰਾ ਹਫ਼ਤਾ ਹਿੰਦੁਸਤਾਨ ਦੇ ਵੱਖੋ-ਵੱਖਰੇ ਕੋਣਿਆਂ ਵਿੱਚ ਆਯੋਜਨ ਕੀਤਾ ਗਿਆ ਹੈ, ਮੇਂ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਸਰਦਾਰ ਸਾਹਿਬ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਅਸੀਂ ਜਿਹੋ ਜਿਹਾ ਹਿੰਦੁਸਤਾਨ ਬਣਾਉਣਾ ਚਾਹੁੰਦੇ ਹਾਂ, ਉਹ ਹਿੰਦੁਸਤਾਨ ਬਣਾਉਣ ਦੀ ਪਹਿਲੀ ਸ਼ਰਤ ਹੈ ਦੇਸ਼ ਦੀ ਏਕਤਾ, ਜਨ-ਜਨ ਦੀ ਏਕਤਾ, ਹਰ ਮਨ ਦੀ ਏਕਤਾ, ਹਰ ਮਨ ਦਾ ਇੱਕ ਸੰਕਲਪ, ਸਾਡੀ ਭਾਰਤ ਮਾਤਾ ਮਹਾਨ ਬਣੇ, ਉਸ ਨੂੰ ਲੈ ਕੇ ਅੱਗੇ ਵਧਣਾ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਸਭ ਨੂੰ ਇੰਨੀ ਵੱਡੀ ਗਿਣਤੀ ਵਿੱਚ, ਉਹ ਵੀ ਦੀਵਾਲੀ ਦੇ ਤਿਉਹਾਰ ਵੇਲੇ ਤੁਹਾਨੂੰ ਦੇਖ ਕੇ ਸੱਚਮੁਚ ਆਨੰਦ ਮਹਿਸੂਸ ਕਰਦਾ ਹਾਂ, ਬਹੁਤ-ਬਹੁਤ ਧੰਨਵਾਦ।
Flagged off the ‘Run for Unity.’ Role of Sardar Patel in unifying the nation is invaluable. pic.twitter.com/xlDAoHMYrs
— Narendra Modi (@narendramodi) October 31, 2016