Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਇਸੀਨਾ ਡਾਇਲੌਗ 2021 ਦੇ ਉਦਘਾਟਨੀ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

ਰਾਇਸੀਨਾ ਡਾਇਲੌਗ 2021 ਦੇ ਉਦਘਾਟਨੀ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ


ਮਹਾਮਹਿਮ!

 

ਮਿੱਤਰੋ, ਨਮਸਕਾਰ!

 

ਰਾਇਸੀਨਾ ਡਾਇਲੌਗ ਦਾ ਇਹ ਐਡੀਸ਼ਨ ਮਨੁੱਖੀ ਇਤਿਹਾਸ ਦੇ ਇੱਕ ਪਰਿਵਰਤਨਕਾਰੀ ਪਲ ’ਤੇ  ਆਯੋਜਿਤ ਹੋਇਆ ਹੈ। ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਇੱਕ ਗਲੋਬਲ ਮਹਾਮਾਰੀ  ਦੁਨੀਆ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸੇ ਤਰ੍ਹਾਂ ਦੀ ਹੀ ਪਿਛਲੀ ਗਲੋਬਲ ਮਹਾਮਾਰੀ ਇੱਕ ਸਦੀ ਪਹਿਲਾਂ ਆਈ ਸੀ। ਭਾਂਵੇਂ ਕਿ ਉਸ ਸਮੇਂ ਤੋਂ ਹੀ ਮਾਨਵਤਾ ਨੂੰ ਬਹੁਤ ਸਾਰੀਆਂ ਛੂਤ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਅੱਜ ਵਿਸ਼ਵ, ਕੋਵਿਡ -19 ਮਹਾਮਾਰੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।

 

ਸਾਡੇ ਵਿਗਿਆਨੀਆਂ, ਖੋਜਕਾਰਾਂ ਅਤੇ ਉਦਯੋਗ ਜਗਤ ਨੇ ਕੁਝ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ।

 

ਵਾਇਰਸ ਕੀ ਹੈ?

 

ਇਹ ਕਿਵੇਂ ਫੈਲਦਾ ਹੈ?

 

ਅਸੀਂ ਇਸ ਦੀ ਗਤੀ ਨੂੰ ਧੀਮੀ ਕਿਵੇਂ ਕਰ ਸਕਦੇ ਹਾਂ?

 

ਅਸੀਂ ਟੀਕਾ ਕਿਵੇਂ ਬਣਾ ਸਕਦੇ ਹਾਂ?

 

ਅਸੀਂ ਇੱਕ ਸਕੇਲ ਅਤੇ ਸਪੀਡ ਦੇ ਨਾਲ ਟੀਕਾ ਕਿਵੇਂ ਲਗਾਈਏ?

 

ਇਨ੍ਹਾਂ ਅਤੇ ਹੋਰ ਬਹੁਤ ਸਾਰੇ ਪ੍ਰਸ਼ਨਾਂ ਲਈ ਬਹੁਤ ਸਾਰੇ ਹੱਲ ਉੱਭਰ ਕੇ ਆਏ ਹਨ। ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੋਰ ਬਹੁਤ ਸਾਰੇ ਸਮਾਧਾਨ ਅਜੇ ਆਉਣੇ ਬਾਕੀ ਹਨ। ਪਰ ਗਲੋਬਲ ਚਿੰਤਕ ਅਤੇ ਲੀਡਰ ਹੋਣ ਦੇ ਨਾਤੇ ਸਾਨੂੰ ਆਪਣੇ ਆਪ ਨੂੰ ਕੁਝ ਹੋਰ ਸਵਾਲ ਪੁੱਛਣੇ ਚਾਹੀਦੇ ਹਨ।

 

ਹੁਣ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ, ਸਾਡੇ ਸਮਾਜ ਦੇ ਬਿਹਤਰੀਨ ਦਿਮਾਗ ਇਸ ਮਹਾਮਾਰੀ ਨਾਲ ਲੜਨ ਵਿੱਚ ਲੱਗੇ ਹੋਏ ਹਨ। ਵਿਸ਼ਵ ਭਰ ਦੀਆਂ  ਸਰਕਾਰਾਂ ਹਰ ਪੱਧਰ ਉੱਤੇ ਇਸ ਮਹਾਮਾਰੀ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਮਹਾਮਾਰੀ ਆਈ ਕਿਉਂ? ਕੀ ਇਹ ਇਸ ਲਈ ਆਈ, ਕਿਉਂਕਿ ਆਰਥਿਕ ਵਿਕਾਸ ਦੀ ਦੌੜ ਵਿੱਚ ਮਾਨਵਤਾ ਦੀ ਭਲਾਈ ਦੇ ਸਰੋਕਾਰ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ।

 

ਕੀ ਇਹ ਸ਼ਾਇਦ ਇਸ ਲਈ ਹੈ ਕਿ ਮੁਕਾਬਲੇ ਦੇ ਯੁਗ ਵਿੱਚ, ਸਹਿਯੋਗ ਦੀ ਭਾਵਨਾ ਨੂੰ ਭੁਲਾ ਦਿੱਤਾ ਗਿਆ ਹੈ। ਅਜਿਹੇ ਪ੍ਰਸ਼ਨਾਂ ਦਾ ਜਵਾਬ ਸਾਡੇ ਹਾਲ ਹੀ ਦੇ ਅਤੀਤ ਵਿੱਚੋਂ ਲੱਭਿਆ ਜਾ ਸਕਦਾ ਹੈ। ਦੋਸਤੋ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੀਆਂ ਭਿਆਨਿਕਤਾਵਾਂ ਨੇ ਇੱਕ ਨਵੀਂ ਵਿਸ਼ਵ ਵਿਵਸਥਾ ਨੂੰ ਉੱਭਰਨ ਲਈ ਮਜ਼ਬੂਰ ਕੀਤਾ। ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ, ਅਗਲੇ ਕੁਝ ਦਹਾਕਿਆਂ ਦੌਰਾਨ ਬਹੁਤ ਸਾਰੀਆਂ ਸੰਰਚਨਾਵਾਂ ਅਤੇ ਸੰਸਥਾਵਾਂ ਬਣੀਆਂ ਪਰ ਦੋ ਯੁੱਧਾਂ ਦੀ ਛਾਇਆ ਹੇਠ ਉਨ੍ਹਾਂ ਦਾ ਉਦੇਸ਼ ਸਿਰਫ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਸੀ ਕਿ ਤੀਸਰੇ ਵਿਸ਼ਵ ਯੁੱਧ ਨੂੰ ਕਿਵੇਂ ਰੋਕਿਆ ਜਾਵੇ?

 

ਅੱਜ, ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਪ੍ਰਸ਼ਨ ਗ਼ਲਤ ਸੀ, ਜਿਸ ਦੇ ਨਤੀਜੇ ਵਜੋਂ ਕੀਤੇ ਗਏ ਸਾਰੇ ਉਪਰਾਲੇ, ਬਿਮਾਰੀ ਦੇ ਮੂਲ ਕਾਰਨਾਂ ਨੂੰ ਧਿਆਨ ਵਿੱਚ ਰੱਖੇ ਬਿਨਾਂ ਮਰੀਜ਼ ਦਾ ਲੱਛਣਾਂ ਦੇ ਅਧਾਰ ’ਤੇ ਹੀ ਇਲਾਜ ਕਰਨ ਦੇ ਸਮਾਨ ਸਨ। ਜਾਂ ਇਸ ਨੂੰ ਵੱਖਰੇ ਢੰਗ ਨਾਲ ਦੱਸਿਆ ਜਾਵੇ ਤਾਂ ਇਹ ਸਾਰੇ ਉਪਰਾਲੇ ਪਿਛਲੇ ਯੁੱਧ ਨੂੰ ਦੁਬਾਰਾ ਨਾ ਹੋਣ ਦੇਣ ਲਈ ਹੀ ਕੀਤੇ ਗਏ ਨਾ ਕਿ ਭਵਿੱਖ ਵਾਸਤੇ। ਅਸਲ ਵਿੱਚ,  ਭਾਂਵੇਂ ਕਿ ਮਾਨਵਤਾ ਨੇ ਤੀਜੇ ਵਿਸ਼ਵ ਯੁੱਧ ਦਾ ਸਾਹਮਣਾ ਨਹੀਂ ਕੀਤਾ, ਪਰ ਹਿੰਸਾ ਦਾ ਖ਼ਤਰਾ ਲੋਕਾਂ ਦੇ ਜੀਵਨ ਵਿੱਚੋਂ ਘੱਟ ਨਹੀਂ ਹੋਇਆ ਹੈ। ਕਈ ਅਪ੍ਰਤੱਖ ਯੁੱਧਾਂ ਅਤੇ  ਆਤੰਕਵਾਦੀ ਹਮਲਿਆਂ ਦੇ ਨਾਲ, ਹਿੰਸਾ ਦੀ ਸੰਭਾਵਨਾ ਹਮੇਸ਼ਾ ਮੌਜੂਦ ਰਹੀ ਹੈ।

 

ਤਾਂ ਫਿਰ ਸਹੀ ਸਵਾਲ ਕੀ ਹੋਣਾ ਚਾਹੀਦਾ ਸੀ?

 

ਇਸ ਵਿੱਚ ਉਨ੍ਹਾਂ ਨੂੰ ਇਹ ਸਭ ਸ਼ਾਮਿਲ ਕਰਨਾ ਚਾਹੀਦਾ ਸੀ ਕਿ:

 

ਸਾਡੇ ਕੋਲ ਅਕਾਲ ਅਤੇ ਭੁੱਖਮਰੀ ਕਿਉਂ ਹੈ?

 

ਸਾਡੇ ਕੋਲ ਗ਼ਰੀਬੀ ਕਿਉਂ ਹੈ?

 

ਜਾਂ ਬਹੁਤ ਹੀ ਮੌਲਿਕ ਰੂਪ ਵਿੱਚ ਅਸੀਂ ਉਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕਿਉਂ ਸਹਿਯੋਗ ਕਿਉਂ ਨਹੀਂ ਕਰ ਸਕਦੇ ਜੋ ਸਾਰੀ ਮਾਨਵਤਾ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ?

 

ਮੈਨੂੰ ਯਕੀਨ ਹੈ ਕਿ ਜੇ ਸਾਡੀ ਸੋਚ ਅਜਿਹੀਆਂ ਲੀਹਾਂ ’ਤੇ ਚਲਦੀ, ਤਾਂ ਬਹੁਤ ਵੱਖਰੇ ਸਮਾਧਾਨ ਨਿਕਲ ਕੇ ਆਉਂਦੇ।

 

ਮਿੱਤਰੋ!

 

ਅਜੇ ਵੀ ਬਹੁਤ ਦੇਰ ਨਹੀਂ ਹੋਈ। ਆਪਣੀਆਂ ਪਿਛਲੇ ਸੱਤ ਦਹਾਕਿਆਂ ਦੀਆਂ ਗ਼ਲਤੀਆਂ ਅਤੇ ਕੋਤਾਹੀਆਂ ਨੂੰ ਭਵਿੱਖ ਦੇ ਬਾਰੇ ਵਿੱਚ ਸਾਡੀ ਸੋਚ ਉੱਤੇ ਹਾਵੀ ਹੋਣ ਦੇਣ ਦੀ ਜ਼ਰੂਰਤ ਨਹੀਂ ਹੈ। ਕੋਵਿਡ-19 ਮਹਾਮਾਰੀ ਨੇ ਸਾਨੂੰ ਆਪਣੀ ਸੋਚ ਨੂੰ ਬਦਲਣ ਅਤੇ ਵਿਸ਼ਵ ਵਿਵਸਥਾ ਨੂੰ ਨਵੇਂ ਸਿਰੇ ਤੋਂ ਵਿਵਸਥਿਤ ਕਰਨ ਦਾ ਮੌਕਾ ਦਿੱਤਾ ਹੈ। ਸਾਨੂੰ ਉਹ ਵਿਵਸਥਾਵਾਂ ਬਣਾਉਣੀਆਂ ਚਾਹੀਦੀਆਂ ਹਨ ਜੋ ਅੱਜ ਦੀਆਂ ਸਮੱਸਿਆਵਾਂ ਅਤੇ ਕੱਲ੍ਹ ਦੀਆਂ ਚੁਣੌਤੀਆਂ ਦਾ ਸਮਾਧਾਨ  ਕਰਨਗੀਆਂ। ਅਤੇ ਸਾਨੂੰ ਸਮੁੱਚੀ ਮਾਨਵਤਾ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਸਿਰਫ ਉਨ੍ਹਾਂ ਦੇ ਲਈ ਜੋ ਸਾਡੀਆਂ ਸਰਹੱਦਾਂ ਦੇ ਅੰਦਰ ਵਾਲੇ ਪਾਸੇ ਰਹਿੰਦੇ ਹਨ। ਸਮੁੱਚੀ ਮਾਨਵਤਾ ਹੀ ਸਾਡੀ ਸੋਚ ਅਤੇ ਕਾਰਜ ਦੇ ਕੇਂਦਰ ਵਿੱਚ ਹੋਣੀ ਚਾਹੀਦੀ ਹੈ।

 

ਮਿੱਤਰੋ!

 

ਇਸ ਮਹਾਮਾਰੀ ਦੇ ਦੌਰਾਨ, ਅਸੀਂ ਆਪਣੇ ਨਿਮਰ ਉਪਰਾਲਿਆਂ ਦੇ ਨਾਲ, ਆਪਣੇ ਸੀਮਿਤ ਸੰਸਾਧਨਾਂ ਦੇ ਅੰਦਰ,  ਭਾਰਤ ਵਿੱਚ ਇਸ ਗੱਲ ਨੂੰ ਲਾਗੂ ਕਰਨ ਲਈ ਕਈ ਪ੍ਰਯਤਨ ਕੀਤੇ ਹਨ। ਅਸੀਂ ਆਪਣੇ 1.3 ਬਿਲੀਅਨ ਨਾਗਰਿਕਾਂ ਨੂੰ ਮਹਾਮਾਰੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਅਸੀਂ ਦੂਜਿਆਂ ਦੇ ਮਹਾਮਾਰੀ ਨਾਲ ਨਿਪਟਣ ਸਬੰਧੀ ਪ੍ਰਯਤਨਾਂ ਵਿੱਚ ਵੀ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਗੁਆਂਢ ਵਿੱਚ, ਅਸੀਂ ਸੰਕਟ ਨਾਲ ਨਿਪਟਣ ਲਈ ਇੱਕ ਤਾਲਮੇਲ ਵਾਲੀ ਖੇਤਰੀ ਪ੍ਰਤਿਕਿਰਿਆ ਨੂੰ ਪ੍ਰੋਤਸਾਹਿਤ ਕੀਤਾ ਹੈ। ਪਿਛਲੇ ਸਾਲ ਅਸੀਂ ਡੇਢ ਸੌ ਤੋਂ ਵੱਧ ਦੇਸ਼ਾਂ ਨਾਲ ਦਵਾਈਆਂ ਅਤੇ ਸੁਰੱਖਿਆਤਮਕ ਉਪਕਰਣ ਸਾਂਝੇ ਕੀਤੇ। ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ, ਕਿ ਮਾਨਵਤਾ ਮਹਾਮਾਰੀ ਨੂੰ ਤਦ ਤੱਕ ਹਰਾ ਨਹੀਂ ਸਕੇਗੀ, ਜਦੋਂ ਤੱਕ ਅਸੀਂ ਹਰ ਜਗ੍ਹਾ, ਸਾਡੇ ਮਤਭੇਦਾਂ ਨੂੰ ਭੁਲਾ ਕੇ ਇਸ ਵਿੱਚੋਂ ਬਾਹਰ  ਆਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਹੀ ਵਜ੍ਹਾ ਹੈ ਕਿ ਇਸ ਸਾਲ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ, ਅਸੀਂ 80 ਤੋਂ ਵੱਧ ਦੇਸ਼ਾਂ ਨੂੰ ਵੈਕਸਿਨ ਸਪਲਾਈ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਸਪਲਾਈ ਮਾਮੂਲੀ ਹੈ। ਅਸੀਂ ਜਾਣਦੇ ਹਾਂ ਕਿ ਮੰਗ ਬਹੁਤ ਜ਼ਿਆਦਾ ਹੈ। ਅਸੀਂ ਜਾਣਦੇ ਹਾਂ ਕਿ ਪੂਰੀ ਮਾਨਵਤਾ ਨੂੰ ਵੈਕਸੀਨੇਟ ਕਰਨ ਵਿੱਚ ਲੰਬਾ  ਸਮਾਂ ਲੱਗੇਗਾ। ਪਰ ਨਾਲ ਹੀ ਅਸੀਂ ਇਹ ਵੀ ਜਾਣਦੇ ਹਾਂ ਕਿ ਉਮੀਦ ਮਹੱਤਵਪੂਰਨ ਹੈ। ਇਹ ਸਭ ਤੋਂ ਅਮੀਰ ਦੇਸ਼ਾਂ ਦੇ ਨਾਗਰਿਕਾਂ ਲਈ ਜਿੰਨੀ ਮਹੱਤਵਪੂਰਨ ਹੈ ਉਤਨੀ ਹੀ ਘੱਟ ਭਾਗਸ਼ਾਲੀ ਲੋਕਾਂ ਲਈ ਵੀ ਹੈ। ਅਤੇ ਇਸ ਲਈ ਅਸੀਂ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਆਪਣੇ ਅਨੁਭਵ, ਆਪਣੀ ਮੁਹਾਰਤ ਅਤੇ ਆਪਣੇ ਸੰਸਾਧਨਾਂ ਨੂੰ ਸਮੁੱਚੀ ਮਾਨਵਤਾ ਨਾਲ ਸਾਂਝਾ ਕਰਨਾ ਜਾਰੀ ਰੱਖਾਂਗੇ।

 

ਮਿੱਤਰੋ!

 

ਜਿਵੇਂ ਕਿ ਇਸ ਸਾਲ ਰਾਇਸੀਨਾ ਡਾਇਲੌਗ ਵਿੱਚ ਅਸੀਂ ਵਰਚੁਅਲ ਮਾਧਿਅਮ ਨਾਲ ਜੁੜੇ ਹਾਂ, ਮੈਂ ਤੁਹਾਨੂੰ  ਮਾਨਵ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਲਈ ਇੱਕ ਸਸ਼ਕਤ ਅਵਾਜ਼ ਵਜੋਂ ਅੱਗੇ ਆਉਣ ਦਾ ਸੱਦਾ ਦਿੰਦਾ ਹਾਂ। ਜਿਵੇਂ ਕਿ ਕਿਸੇ ਹੋਰ ਸੰਦਰਭ ਵਿੱਚ ਸਾਨੂੰ ਯੋਜਨਾ ਏ ਅਤੇ ਯੋਜਨਾ ਬੀ ਰੱਖਣ ਦੀ ਆਦਤ ਹੋ ਸਕਦੀ ਹੈ, ਪਰੰਤੂ ਇੱਥੇ ਕੋਈ ਪ੍ਰਿਥਵੀ-ਬੀ ਨਹੀਂ ਹੈ, ਸਾਡੀ ਕੇਵਲ ਇੱਕ ਹੀ ਪ੍ਰਿਥਵੀ ਹੈ। ਅਤੇ ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਿਰਫ ਇਸ ਪ੍ਰਿਥਵੀ ਦੇ  ਟਰੱਸਟੀ ਹਾਂ।

 

ਇਸੇ ਵਿਚਾਰ ਦੇ ਨਾਲ ਮੈਂ  ਵਿਦਾ ਲਵਾਂਗਾ ਅਤੇ ਅਗਲੇ ਕੁਝ ਦਿਨਾਂ ਵਿੱਚ ਬਹੁਤ ਹੀ ਉਪਯੋਗੀ ਵਿਚਾਰ ਚਰਚਾ ਦੇ ਲਈ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਮਾਪਤੀ ਤੋਂ ਪਹਿਲਾਂ, ਮੈਂ ਉਨ੍ਹਾਂ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਇਨ੍ਹਾਂ ਵਿਚਾਰ-ਚਰਚਾਵਾਂ ਵਿੱਚ ਹਿੱਸਾ ਲੈ ਰਹੇ ਹਨ। ਸੰਵਾਦ ਦੇ ਇਸ ਸੈਸ਼ਨ ਵਿੱਚ ਉਨ੍ਹਾਂ ਦੀ ਵਡਮੁੱਲੀ ਮੌਜੂਦਗੀ ਲਈ ਮਹਾਮਹਿਮ ਰਵਾਂਡਾ ਦੇ ਰਾਸ਼ਟਰਪਤੀ ਅਤੇ ਡੈੱਨਮਾਰਕ ਦੇ ਪ੍ਰਧਾਨ ਮੰਤਰੀ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਹਾਂ। ਮੈਂ ਆਪਣੇ ਦੋਸਤ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਬਾਅਦ ਵਿੱਚ ਇਸ ਸੰਵਾਦ ਵਿੱਚ ਸ਼ਾਮਲ ਹੋਣਗੇ।

 

ਅੰਤ ਵਿੱਚ, ਹੋਰਨਾਂ ਦੀ ਤਰ੍ਹਾਂ ਹੀ ਮਹੱਤਵਪੂਰਨ, ਸਾਰੇ ਆਯੋਜਕਾਂ ਦੇ ਪ੍ਰਤੀ ਮੇਰਾ ਬਹੁਤ-ਬਹੁਤ ਆਭਾਰ ਅਤੇ ਹਾਰਦਿਕ ਸ਼ੁਭਕਾਮਨਾਵਾਂ। ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਇਸ ਸਾਲ ਦੇ ਰਾਇਸੀਨਾ ਡਾਇਲੌਗ ਨੂੰ ਆਯੋਜਿਤ ਕਰਨ ਦਾ  ਸ਼ਾਨਦਾਰ ਕਾਰਜ ਕੀਤਾ ਹੈ।

 

ਤੁਹਾਡਾ ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।

 

************************

 

ਡੀਐੱਸ / ਵੀਜੇ / ਏਕੇ