ਯੂਰਪੀਅਨ ਇਨਵੈਸਟਮੈਂਟ ਬੈਂਕ ਦੇ ਪ੍ਰਧਾਨ ਡਾ. ਵਰਨਰ ਹੋਯਰ (Dr. Werner Hoyer) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਬੈਂਕ ਦੇ ਸੀਨੀਅਰ ਅਧਿਕਾਰੀ ਸਨ।
ਪ੍ਰਧਾਨ ਮੰਤਰੀ ਸਾਲ ਪਹਿਲਾਂ ਈਯੂ-ਇੰਡੀਆ ਸੰਮੇਲਨ ਦੌਰਾਨ ਯੂਰਪੀਅਨ ਇਨਵੈਸਟਮੈਂਟ ਬੈਂਕ ਦੇ ਉੱਚ ਪੱਧਰੀ ਵਫ਼ਦ ਨੂੰ ਮਿਲੇ ਸਨ ਅਤੇ ਬੈਂਕ ਦਾ ਦਿੱਲੀ ਵਿਖੇ ਖੇਤਰੀ ਦਫ਼ਤਰ ਸਥਾਪਤ ਕਰਨ ਵਿੱਚ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ। ਇਸ ਦਫ਼ਤਰ ਦਾ ਅੱਜ ਉਦਘਾਟਨ ਕੀਤਾ ਗਿਆ।
ਅੱਜ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸਥਿਰਤਾ ਦੇ ਖੇਤਰ ਵਿੱਚ ਭਾਰਤ ਦੀਆਂ ਨੀਤੀਆਂ ਬਾਰੇ ਦੱਸਿਆ। ਯੂਰਪੀਅਨ ਇਨਵੈਸਟਮੈਂਟ ਬੈਂਕ ਨੇ ਲਖਨਊ ਮੈਟਰੋ ਸਮੇਤ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਊ ਪ੍ਰੋਜੈਕਟਾਂ ਲਈ ਭਾਰਤ ਵਿੱਚ ਇੱਕ ਅਰਬ ਯੂਰੋ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ ਹੈ।
ਡਾ. ਹੋਯਰ ਨੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਭਾਰਤ ਦੇ ਮਜ਼ਬੂਤ ਅਤੇ ਸਰਗਰਮ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਇਸ ਦਿਸ਼ਾ ਵਿੱਚ ਭਾਰਤ ਦੇ ਯਤਨਾਂ ਲਈ ਬੈਂਕ ਦੀ ਨਿਰੰਤਰ ਸਹਾਇਤਾ ਦਾ ਪ੍ਰਗਟਾਵਾ ਕੀਤਾ।