ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਅਸਾਮ ਤੇ ਮੇਘਾਲਿਆ ਰਾਜਾਂ ਅਤੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਲਾਭਾਰਥੀਆਂ ਨੂੰ ਲਾਭ ਜਾਰੀ ਕੀਤੇ ਜਾਣ ਲਈ ਡੇਟਾ ਦੀ ਆਧਾਰ ਸੀਡਿੰਗ ਦੀ ਲਾਜ਼ਮੀ ਜ਼ਰੂਰਤ ਵਿੱਚ 31 ਮਾਰਚ, 2021 ਤੱਕ ਢਿੱਲ ਦੇਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 24 ਫਰਵਰੀ, 2019 ਨੂੰ ਲਾਂਚ ਕੀਤੀ ਗਈ ਸੀ। ਕੁਝ ਨੂੰ ਛੱਡ ਕੇ, ਇਸ ਸਕੀਮ ਦਾ ਉਦੇਸ਼ ਸਾਰੇ ਜ਼ਿਮੀਂਦਾਰ ਕਿਸਾਨ ਪਰਿਵਾਰਾਂ ਨੂੰ ਕਾਸ਼ਤ ਯੋਗ ਜ਼ਮੀਨ ਦੇ ਨਾਲ ਆਮਦਨੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਸਕੀਮ ਦੇ ਤਹਿਤ, 6000 ਰੁਪਏ ਹਰ ਸਾਲ ਦੀ ਰਕਮ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਚਾਰ-ਚਾਰ ਮਹੀਨੇ ’ਤੇ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਂਦੀ ਹੈ। ਇਹ ਯੋਜਨਾ 1 ਦਸੰਬਰ, 2018 ਤੋਂ ਪ੍ਰਭਾਵੀ ਹੈ। 1 ਦਸੰਬਰ, 2019 ਤੋਂ ਅਸਾਮ ਅਤੇ ਮੇਘਾਲਿਆ ਰਾਜਾਂ ਅਤੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਾਮਲਿਆਂ ਨੂੰ ਛੱਡ ਕੇ, ਜਿਨ੍ਹਾਂ ਨੂੰ ਬੇਹੱਦ ਮਾਮੂਲੀ ਆਧਾਰ ਪਹੁੰਚ ਦੇ ਕਾਰਨ ਇਸ ਜ਼ਰੂਰਤ ਤੋਂ 31 ਮਾਰਚ, 2020 ਤੱਕ ਰਿਆਇਤ ਦਿੱਤੀ ਗਈ ਹੈ, ਲਾਭ ਦੀ ਰਕਮ ਕੇਵਲ ਪੀਐੱਮ-ਕਿਸਾਨ ਪੋਰਟਲ ’ਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਅੱਪਲੋਡ ਕੀਤੇ ਗਏ ਲਾਭਾਰਥੀਆਂ ਦੇ ਆਧਾਰ ਸੀਡੇਡ ਡੇਟਾ ਦੇ ਜ਼ਰੀਏ ਹੀ ਜਾਰੀ ਕੀਤੀ ਜਾਂਦੀ ਹੈ।
ਅਜਿਹਾ ਅਨੁਮਾਨ ਲਗਾਇਆ ਗਿਆ ਹੈ ਕਿ ਅਸਾਮ ਤੇ ਮੇਘਾਲਿਆ ਰਾਜਾਂ ਅਤੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਾਭਾਰਥੀਆਂ ਦੇ ਡੇਟਾ ਦੀ ਆਧਾਰ ਸੀਡਿੰਗ ਦੇ ਕਾਰਜ ਨੂੰ ਪੂਰਾ ਕਰਨ ਵਿੱਚ ਹਾਲੇ ਬਹੁਤ ਜ਼ਿਆਦਾ ਸਮਾਂ ਲਗੇਗਾ ਅਤੇ ਜੇਕਰ ਡੇਟਾ ਦੀ ਆਧਾਰ ਸੀਡਿੰਗ ਦੀ ਲਾਜ਼ਮੀ ਜ਼ਰੂਰਤ ਵਿੱਚ ਢਿੱਲ ਨੂੰ ਹੋਰ ਵਿਸਤਾਰ ਨਾ ਦਿੱਤਾ ਗਿਆ ਤਾਂ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਾਭਾਰਥੀ 1 ਅਪ੍ਰੈਲ, 2020 ਦੇ ਬਾਅਦ ਤੋਂ ਇਸ ਸਕੀਮ ਦਾ ਲਾਭ ਉਠਾਉਣ ਦੇ ਸਮਰੱਥ ਨਹੀਂ ਹੋ ਸਕਣਗੇ।
ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਭਾਰਥੀ ਕਿਸਾਨਾਂ ਦੀ ਕੁੱਲ ਸੰਖਿਆ, ਜਿਨ੍ਹਾਂ ਨੂੰ 8.4.2020 ਤੱਕ ਘੱਟ ਤੋਂ ਘੱਟ ਇੱਕ ਕਿਸ਼ਤ ਦਾ ਭੁਗਤਾਨ ਕੀਤਾ ਗਿਆ ਹੈ, ਅਸਾਮ ਵਿੱਚ 27,09,586 ਲਾਭਾਰਥੀ ਹਨ, ਮੇਘਾਲਿਆ ਵਿੱਚ 98,915 ਲਾਭਾਰਥੀ ਹਨ ਅਤੇ ਲੱਦਾਖ ਸਮੇਤ ਜੰਮੂ ਤੇ ਕਸ਼ਮੀਰ ਵਿੱਚ 10,01,668 ਲਾਭਾਰਥੀ ਹਨ।
*****
ਵੀਆਰਆਰਕੇ/ਐੱਸਐੱਚ