ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੇਂਦਰ ਵੱਲੋਂ ਸਪਾਂਸਰਡ ਯੋਜਨਾ ਰਾਸ਼ਟਰੀ ਆਯੁਸ਼ ਮਿਸ਼ਨ ਨੂੰ 1 ਅਪ੍ਰੈਲ, 2017 ਤੋਂ 31 ਮਾਰਚ, 2020 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਉੱਤੇ 3 ਸਾਲ ਦੌਰਾਨ 2400 ਕਰੋੜ ਰੁਪਏ ਦਾ ਲਾਗਤ ਖਰਚਾ ਆਵੇਗਾ। ਮਿਸ਼ਨ ਦੀ ਸ਼ੁਰੂਆਤ ਸਤੰਬਰ, 2014 ਵਿੱਚ ਕੀਤੀ ਗਈ ਸੀ।
ਵਿਸ਼ੇਸ਼ਤਾਵਾਂ
ਰਾਸ਼ਟਰੀ ਆਯੁਸ਼ ਮਿਸ਼ਨ ਨੂੰ ਆਯੁਸ਼ ਮੰਤਰਾਲਾ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਸਸਤੀਆਂ ਆਯੁਸ਼ ਸੇਵਾਵਾਂ ਮੁਹੱਈਆ ਕਰਵਾਉਣਾ ਹੈ ਜੋ ਸਭ ਦੀ ਪਹੁੰਚ ਵਿੱਚ ਹੋਣ। ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ –
* ਆਯੁਸ਼ ਹਸਪਤਾਲਾਂ ਅਤੇ ਡਿਸਪੈਂਸਰੀਆਂ ਦਾ ਦਰਜਾ ਵਧਾਉਣਾ।
* ਮੁਢਲੇ ਸਿਹਤ ਕੇਂਦਰਾਂ, ਭਾਈਚਾਰਕ ਸਿਹਤ ਕੇਂਦਰਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਯੁਸ਼ ਸਹੂਲਤਾਂ।
* ਆਯੁਸ਼ ਵਿੱਦਿਅਕ ਅਦਾਰਿਆਂ, ਸੂਬਾ ਸਰਕਾਰ, ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਯੋਪੈਥੀ ਫਾਰਮੇਸੀਆਂ ਦਾ ਦਰਜਾ ਵਧਾਉਣ ਰਾਹੀਂ ਸੂਬਾ ਪੱਧਰੀ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਨਾ।
* ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਯੋਪੈਥੀ ਇਨਫੋਰਸਮੈਂਟ ਪ੍ਰਣਾਲੀ ਅਤੇ ਦਵਾਈ ਜਾਂਚ ਲੈਬਾਰਟਰੀਆਂ।
* ਬਿਹਤਰ ਖੇਤੀ ਤੌਰ -ਤਰੀਕਿਆਂ ਨੂੰ ਅਪਣਾਅ ਕੇ ਜੜੀ ਬੂਟੀਆਂ ਦੀ ਖੇਤੀ ਨੂੰ ਹਮਾਇਤ ਤਾਂ ਕਿ ਇਨ੍ਹਾਂ ਦੇ ਭੰਡਾਰਨ ਅਤੇ ਵੰਡ ਢਾਂਚੇ ਦੇ ਵਿਕਾਸ ਅਤੇ ਕੱਚੇ ਮਾਲ ਦੀ ਲਗਾਤਾਰ ਸਪਲਾਈ ਜਾਰੀ ਰਹਿ ਸਕੇ।
ਰਾਸ਼ਟਰੀ ਆਯੁਸ਼ ਮਿਸ਼ਨ ਦੇਸ਼ ਵਿੱਚ ਅਤੇ ਖਾਸ ਤੌਰ ਤੇ ਕਮਜ਼ੋਰ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਆਯੁਸ਼ ਸਿਹਤ ਸੇਵਾਵਾਂ / ਸਿੱਖਿਆ ਮੁਹੱਈਆ ਕਰਵਾ ਕੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਯਤਨਾਂ ਨੂੰ ਹਮਾਇਤ ਦੇ ਰਿਹਾ ਹੈ ਤਾਂ ਕਿ ਸਿਹਤ ਸੇਵਾਵਾਂ ਦੇ ਪਾੜੇ ਨੂੰ ਦੂਰ ਕੀਤਾ ਜਾ ਸਕੇ। ਮਿਸ਼ਨ ਅਧੀਨ ਇਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਲਾਨਾ ਯੋਜਨਾਵਾਂ ਲਈ ਵਧੇਰੇ ਸੋਮਿਆਂ ਨੂੰ ਪੂਰਾ ਕਰਨ ਲਈ ਪ੍ਰਬੰਧ ਵੀ ਕੀਤੇ ਜਾਂਦੇ ਹਨ।
ਮਿਸ਼ਨ ਦੇ ਸੰਭਾਵਿਤ ਨਤੀਜੇ ਇਸ ਤਰ੍ਹਾਂ ਹਨ —
(1) ਆਯੁਸ਼ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਿਹਤ ਸਹੂਲਤਾਂ ਦੀ ਗਿਣਤੀ ਵਧਾਉਣ ਅਤੇ ਦਵਾਈਆਂ ਅਤੇ ਟ੍ਰੇਂਡ ਕਿਰਤ ਸ਼ਕਤੀ ਦੀ ਬਿਹਤਰ ਉਪਲਬਧਤਾ ਰਾਹੀਂ ਆਯੁਸ਼ ਸਿਹਤ ਸੇਵਾਵਾਂ ਤੱਕ ਬਿਹਤਰ ਪਹੁੰਚ।
(2) ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਆਯੁਸ਼ ਸਿੱਖਿਆ ਸੰਸਥਾਨਾਂ ਦੀ ਗਿਣਤੀ ਵਧਾ ਕੇ ਆਯੁਸ਼ ਸਿੱਖਿਆ ਵਿੱਚ ਸੁਧਾਰ।
(3) ਸਖਤ ਇਨਫੋਰਸਮੈਂਟ ਪ੍ਰਣਾਲੀ ਨਾਲ ਲੈਸ ਬਿਹਤਰ ਫਾਰਮੇਸੀਆਂ ਅਤੇ ਦਵਾਈ ਜਾਂਚ ਲੈਬਾਰਟਰੀਆਂ ਦੀ ਗਿਣਤੀ ਵਧਾ ਕੇ ਬਿਹਤਰ ਆਯੁਸ਼ ਦਵਾਈਆਂ ਦੀ ਉਪਲਬਧਤਾ ਵਿੱਚ ਵਾਧਾ।
(4) ਪ੍ਰਤੀਰੋਧਕ ਸਿਹਤ ਸੇਵਾ ਪ੍ਰਣਾਲੀਆਂ ਦੇ ਰੂਪ ਵਿੱਚ ਯੋਗ ਅਤੇ ਕੁਦਰਤੀ ਇਲਾਜ ਨੂੰ ਅਪਣਾਉਣ ਲਈ ਜਾਗਰੂਕਤਾ ਪੈਦਾ ਕਰਨਾ।
(5) ਜੜ੍ਹੀ ਬੂਟੀਆਂ ਦੇ ਕੱਚੇ ਮਾਲ ਦੀ ਵੱਧਦੀ ਘਰੇਲੂ ਮੰਗ ਨੂੰ ਪੂਰਾ ਕਰਨਾ ਅਤੇ ਬਰਾਮਦਾਂ ਵਧਾਉਣਾ।
ਪਿਛੋਕੜ
ਰਾਸ਼ਟਰੀ ਆਯੁਸ਼ ਮਿਸ਼ਨ ਦਾ ਉਦੇਸ਼ ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਯੋਪੈਥੀ ਵਰਗੀ ਪ੍ਰਾਚੀਨ ਭਾਰਤੀ ਇਲਾਜ ਵਿਰਾਸਤ ਨੂੰ ਮਜ਼ਬੂਤ ਬਣਾਉਣਾ ਹੈ। ਇਹ ਸਿਹਤ ਸਹੂਲਤ ਦੇ ਖੇਤਰ ਵਿੱਚ ਅਪਾਰ ਗਿਆਨ ਦਾ ਭੰਡਾਰ ਹੈ। ਭਾਰਤ ਦੀਆਂ ਦਵਾਈ ਪ੍ਰਣਾਲੀਆਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸਭ ਦੀ ਪਹੁੰਚ ਵਿੱਚ ਹਨ। ਉਨ੍ਹਾਂ ਵਿੱਚ ਵੰਨ-ਸੁਵੰਨਤਾ ਮੌਜੂਦ ਹੈ। ਇਹ ਦਵਾਈਆਂ ਸਸਤੀਆਂ ਹਨ ਅਤੇ ਆਮ ਜਨਤਾ ਦੇ ਵੱਡੇ ਵਰਗ ਵਿੱਚ ਇਨ੍ਹਾਂ ਦੀ ਪ੍ਰਵਾਨਗੀ ਹੈ। ਤੁਲਨਾਤਮਕ ਤੌਰ ਤੇ ਇਹ ਦਵਾਈਆਂ ਘੱਟ ਖਰਚੀਲੀਆਂ ਹਨ ਅਤੇ ਦੇਸ਼ ਵਾਸੀਆਂ ਦੇ ਇੱਕ ਵੱਡੇ ਵਰਗ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹਨ।
*****
AKT/VBA/SH