ਕੇਂਦਰੀ ਮੰਤਰੀ ਮੰਡਲ ਦੀ ਅੱਜ ਇਥੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇੰਡੀਅਨ ਰੇਲਵੇਜ਼ ਮੈਡੀਕਲ ਸਰਵਿਸ ਦੇ ਡਾਕਟਰਾਂ ਦੀ ਰਿਟਾਇਰਮੈਂਟ ਦੀ ਉਮਰ ਵਧਾ ਕੇ 65 ਸਾਲ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ।
ਮੰਤਰੀ ਮੰਡਲ ਨੇ ਉੱਚ ਵਿੱਦਿਆ ਵਿਭਾਗ ਅਧੀਨ ਕੰਮ ਕਰਦੀਆਂ ਕੇਂਦਰੀ ਯੂਨੀਵਰਸਿਟੀਆਂ ਅਤੇ ਆਈ ਆਈ ਟੀਜ਼ (ਖੁਦਮੁਖਤਿਆਰ ਸੰਸਥਾਵਾਂ) ਅਤੇ ਜਹਾਜ਼ਰਾਨੀ ਮੰਤਰਾਲੇ ਅਧੀਨ ਕੰਮ ਕਰਦੇ ਮੇਜ਼ਰ ਪੋਰਟ ਟਰਸਟਾਂ (ਖੁਦਮੁਖਤਿਆਰ ਸੰਸਥਾਵਾਂ) ਦੇ ਡਾਕਟਰਾਂ ਦੀ ਉਮਰ ਵੀ ਵਧਾ ਕੇ 65 ਸਾਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੱਖ ਵੱਖ ਮੰਤਰਾਲਿਆਂ / ਵਿਭਾਗਾਂ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ [ਆਯੁਸ਼ ਮੰਤਰਾਲਾ (ਆਯੁਸ਼ ਡਾਕਟਰਾਂ), ਰੱਖਿਆ ਵਿਭਾਗ (ਡਾਇਰੈਕਟੋਰੇਟ ਜਨਰਲ ਆਵ੍ ਆਰਮਡ ਫੋਰਸਿਜ਼ ਮੈਡੀਕਲ ਸਰਵਿਸ ਅਧੀਨ ਕੰਮ ਕਰਦੇ ਸਿਵਲੀਅਨ ਡਾਕਟਰਾਂ), ਰੱਖਿਆ ਉਤਪਾਦਨ ਵਿਭਾਗ (ਇੰਡੀਅਨ ਔਰਡੀਨੈਂਸ ਫੈਕਟਰੀਆਂ ਸਿਹਤ ਸੇਵਾਵਾਂ ਦੇ ਮੈਡੀਕਲ ਅਫਸਰਾਂ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੰਮ ਕਰਦੇ ਡੈਂਟਲ ਡਾਕਟਰਾਂ, ਰੇਲਵੇ ਮੰਤਰਾਲੇ ਅਧੀਨ ਕੰਮ ਕਰਦੇ ਡੈਂਟਲ ਡਾਕਟਰਾਂ ਅਤ ਉੱਚ ਵਿੱਦਿਆ ਵਿਭਾਗ ਵਿੱਚ ਉੱਚ ਵਿੱਦਿਅਕ ਸੰਸਥਾਵਾਂ ਅਤੇ ਤਕਨੀਕੀ ਸੰਸਥਾਵਾਂ ਅਧੀਨ ਕੰਮ ਕਰਦੇ ਡਾਕਟਰਾਂ ਦੀ ਰਿਟਾਇਰਮੈਂਟ ਦੀ ਉਮਰ ਵੀ ਵਧਾ ਕੇ 65 ਸਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।]
ਕੇਂਦਰੀ ਮੰਤਰੀ ਮੰਡਲ ਨੇ ਵੱਖ ਵੱਖ ਮੰਤਰਾਲਿਆਂ / ਵਿਭਾਗਾਂ / ਸੰਗਠਨਾਂ ਨੂੰ ਅਧਿਕਾਰ ਪ੍ਰਦਾਨ ਕੀਤਾ ਹੈ ਕਿ ਉਹ ਪ੍ਰਸ਼ਾਸਕੀ ਅਹੁਦਿਆਂ ਉੱਤੇ ਤੈਨਾਤ ਡਾਕਟਰਾਂ ਦੀ ਉਮਰ ਬਾਰੇ ਫੈਸਲਾ ਲੋੜ ਅਨੁਸਾਰ ਲੈਣ।
ਇਸ ਫੈਸਲੇ ਨਾਲ ਮਰੀਜ਼ਾਂ ਦੀ ਵਧੀਆ ਸਾਂਭ ਸੰਭਾਲ ਹੋ ਸਕੇਗੀ, ਮੈਡੀਕਲ ਕਾਲਜਾਂ ਵਿੱਚ ਢੁਕਵੀਆਂ ਸਰਗਰਮੀਆਂ ਜਾਰੀ ਰਹਿ ਸਕਣਗੀਆਂ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ।
ਇਸ ਫੈਸਲੇ ਨਾਲ ਵੱਖ-ਵੱਖ ਮੰਤਰਾਲਿਆਂ / ਵਿਭਾਗਾਂ ਦੇ 1445 ਡਾਕਟਰਾਂ ਨੂੰ ਲਾਭ ਪਹੁੰਚੇਗਾ।
ਇਸ ਫੈਸਲੇ ਦਾ ਕੋਈ ਵੱਡਾ ਵਿੱਤੀ ਪ੍ਰਭਾਵ ਨਹੀਂ ਪਵੇਗਾ ਕਿਉੰਕਿ ਇਸ ਵੇਲੇ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਮੌਜੂਦਾ ਉਮੀਦਵਾਰ ਹੀ ਪ੍ਰਵਾਨਤ ਅਸਾਮੀਆਂ ਅਧੀਨ ਕੰਮ ਜਾਰੀ ਰੱਖ ਸਕਣਗੇ।
ਪਿਛੋਕੜ
* ਕੇਂਦਰੀ ਸਿਹਤ ਸੇਵਾਵਾਂ ਵਿੱਚ ਡਾਕਟਰਾਂ ਦੀ ਰਿਟਾਇਰਮੈੰਟ ਦੀ ਉਮਰ 31 ਮਈ, 2016 ਤੋਂ ਵਧਾ ਕੇ 65 ਸਾਲ ਕੀਤੀ ਗਈ ਸੀ।
* ਕੇਂਦਰੀ ਸਿਹਤ ਸੇਵਾਵਾਂ ਨੂੰ ਛੱਡ ਕੇ ਕੇਂਦਰ ਸਰਕਾਰ ਦੇ ਹੋਰ ਡਾਕਟਰੀ ਸਿਸਟਮਾਂ ਦੇ ਡਾਕਟਰਾਂ ਨੇ ਸੀਐੱਚਐੱਸ ਦੇ ਬਰਾਬਰ ਰਿਟਾਇਰਮੈਂਟ ਉਮਰ ਕਰਨ ਅਤੇ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਅਜਿਹੇ ਫੈਸਲੇ ਦੀ ਮੰਗ ਕੀਤੀ ਸੀ।
*****
AKT/VBA/SH