ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਨੌਜਵਾਨਾਂ ਨੇ ਕੱਟੜਤਾ ਦਾ
ਸਫਲਤਾਪੂਰਵਕ ਵਿਰੋਧ ਕੀਤਾ ਹੈ
ਮੁਸਲਿਮ ਉਲੇਮਾਂ, ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਦੇ ਵਫ਼ਦ ਨੇ
ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਕੇਂਦਰ ਸਰਕਾਰ ਵੱਲੋਂ ਸਮੁੱਚੇ ਵਿਕਾਸ, ਸਮਾਜਕ ਆਰਥਕ ਅਤੇ ਘੱਟ ਗਿਣਤੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਸਿੱਖਿਆ ਪੱਖੋਂ ਸਸ਼ਕਤ ਕਰਨ ਲਈ ਚੁੱਕੇ ਕਦਮਾਂ ਲਈ ਵਧਾਈ ਦਿੱਤੀ।
ਵਫ਼ਦ ਨੇ ਭਾਰਤ ਤੋਂ ਹੱਜ ਯਾਤਰੀਆਂ ਦੀ ਸੰਖਿਆ ਵਧਾਉਣ ਦੇ ਸਾਊਦੀ ਅਰਬ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਭਾਰਤ ਵੱਲੋਂ ਇਸ ਨੂੰ ਸਫਲਤਾਪੂਰਵਕ ਅਪਣਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਵਫ਼ਦ ਨੇ ਇੱਕ ਸੁਰ ਵਿੱਚ ਤਹਿ ਦਿਲ ਤੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ਼ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਸਮਰਥਨ ਕੀਤਾ। ਵਫ਼ਦ ਨੇ ਇਸ ਗੱਲੋਂ ਸਹਿਮਤੀ ਪ੍ਰਗਟਾਈ ਕਿ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਨਾਲ ਘੱਟ ਗਿਣਤੀਆਂ ਸਮੇਤ ਗ਼ਰੀਬ ਲੋਕਾਂ ਨੂੰ ਫਾਇਦਾ ਹੋਏਗਾ।
ਵਫ਼ਦ ਨੇ ਸਮੁੱਚੀ ਦੁਨੀਆ ਦੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੇ ਉਪਰਾਲਿਆਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ।
ਵਫ਼ਦ ਦੇ ਮੈਂਬਰਾਂ ਨੇ ਸਵੱਛ ਭਾਰਤ ਪ੍ਰਤੀ ਪ੍ਰਧਾਨ ਮੰਤਰੀ ਵੱਲੋਂ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਕੱਟੜਤਾ ਦਾ ਸਫਲਤਾਪੂਰਵਕ ਵਿਰੋਧ ਕੀਤਾ ਹੈ ਜਿਸ ਨੇ ਅੱਜ ਦੁਨੀਆ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਦੀ ਸਾਂਝੀ ਵਿਰਾਸਤ ਦਾ ਇਹ ਸਿਹਰਾ ਲੰਬੇ ਸਮੇਂ ਤੱਕ ਜਾਣਾ ਚਾਹੀਦਾ ਹੈ, ਅਤੇ ਉਨ੍ਹਾਂ ਅੱਗੇ ਕਿਹਾ ਕਿ ਹੁਣ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੱਭਿਆਚਾਰ, ਪਰੰਪਰਾਵਾਂ ਅਤੇ ਸਮਾਜਕ ਤਾਣਾ ਬਾਣਾ ਦਹਿਸ਼ਤਗਰਦਾਂ ਦੇ ਨਾਪਾਕ ਇਰਾਦਿਆਂ ਜਾਂ ਇਸ ਦੇ ਪ੍ਰਯੋਜਕਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਏਗਾ। ਪ੍ਰਧਾਨ ਮੰਤਰੀ ਨੇ ਸਿੱਖਿਆ ਅਤੇ ਹੁਨਰ ਵਿਕਾਸ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਹੜੀ ਕਿ ਲਾਹੇਵੰਦ ਰੋਜ਼ਗਾਰ ਅਤੇ ਗ਼ਰੀਬੀ ਤੋਂ ਉੱਪਰ ਉੱਠਣ ਦੀ ਕੁੰਜੀ ਹੈ।
ਭਾਰਤ ਤੋਂ ਹੱਜ ਯਾਤਰੀਆਂ ਦੀ ਸੰਖਿਆ ਵਧਾਉਣ ਦੇ ਫੈਸਲੇ ਲਈ ਸਾਊਦੀ ਅਰਬ ਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ‘ਤੇ ਜ਼ੋਰ ਦਿੱਤਾ ਕਿ ਭਾਰਤੀ ਮੁਸਲਮਾਨਾਂ ਦੀ ਵਿਦੇਸ਼ ਵਿੱਚ ਸਕਾਰਾਤਮਕ ਤਸਵੀਰ ਹੈ।
ਵਫ਼ਦ ਦੇ ਮੈਂਬਰਾਂ ਵਿੱਚ ਇਮਾਮ ਉਮਰ ਇਲਿਆਸੀ (ਭਾਰਤ ਦੇ ਮੁੱਖ ਇਮਾਮ, ਮਸਜਿਦਾਂ ਦਾ ਅਖਿਲ ਭਾਰਤੀ ਸੰਗਠਨ), ਲੈਫਟੀਨੈਂਟ ਜਨਰਲ (ਸੇਵਾਮੁਕਤ) ਜ਼ੈਮਰੁਦੀਨ ਸ਼ਾਹ (ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ ਕੁਲਪਤੀ), ਐੱਮਵਾਈ ਇਕਬਾਲ (ਸੁਪਰੀਮ ਕੋਰਟ ਦੇ ਸਾਬਕਾ ਜੱਜ), ਤਲਤ ਅਹਿਮਦ (ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਉਪ ਕੁਲਪਤੀ) ਅਤੇ ਸ਼ਾਹਿਦ ਸਦੀਕੀ (ਉਰਦੂ ਪੱਤਰਕਾਰ) ਸ਼ਾਮਲ ਸਨ।
ਇਸ ਮੌਕੇ ‘ਤੇ ਘੱਟ ਗਿਣਤੀ ਮਾਮਲਿਆਂ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਮੁਖਤਿਆਰ ਅੱਬਾਸ ਨਕਵੀ ਅਤੇ ਵਿਦੇਸ਼ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਐੱਮ.ਜੇ. ਅਕਬਰ ਵੀ ਮੌਜੂਦ ਸਨ।
ਏਕੇਟੀ/ਏਕੇ