Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਰੀਸ਼ਸ ਵਿੱਚ ਸੁਪ੍ਰੀਮ ਕੋਰਟ ਦੇ ਨਵੇਂ ਭਵਨ ਦੇ ਉਦਘਾਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮਾਰੀਸ਼ਸ ਗਣਰਾਜ ਦੇ ਪ੍ਰਧਾਨ ਮੰਤਰੀ, ਮਾਣਯੋਗ ਪ੍ਰਵਿੰਦ ਕੁਮਾਰ ਜਗਨਨਾਥ ਜੀ,  ਸੀਨੀਅਰ ਮੰਤਰੀ ਅਤੇ ਮਾਰੀਸ਼ਸ  ਦੇ ਪਤਵੰਤਿਓ,  ਵਿਸ਼ੇਸ਼ ਮਹਿਮਾਨੋ,  ਨਮਸਕਾਰ,  ਬੋਨਜੌਰ।

ਤੁਹਾਨੂੰ ਸਾਰਿਆਂ ਨੂੰ ਮੇਰੀ ਹਾਰਦਿਕ ਵਧਾਈ।  ਸਭ ਤੋਂ ਪਹਿਲਾਂ ਮੈਂ ਮਾਰੀਸ਼ਸ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਨੂੰ ਕੋਵਿਡ-19 ਵੈਸ਼ਵਿਕ ਮਹਾਮਾਰੀ  ਦੇ ਪ੍ਰਭਾਵੀ ਪ੍ਰਬੰਧਨ ਲਈ ਵਧਾਈ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਭਾਰਤ ਦਵਾਈਆਂ ਦੀ ਸਮੇਂ ‘ਤੇ ਸਪਲਾਈ ਅਤੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਤੁਹਾਡੇ ਇਸ ਯਤਨ ਵਿੱਚ ਮਦਦ ਕਰਨ ਦੇ ਸਮਰੱਥ ਹੈ।

ਮਿੱਤਰੋ,  ਅੱਜ ਅਸੀਂ ਭਾਰਤ ਅਤੇ ਮਾਰੀਸ਼ਸ  ਦਰਮਿਆਨ ਵਿਸ਼ੇਸ਼ ਮਿੱਤਰਤਾ ਵਿੱਚ ਇੱਕ ਹੋਰ ਇਤਿਹਾਸਿਕ ਘਟਨਾ ਦਾ ਉਤਸਵ ਮਨਾ ਰਹੇ ਹਾਂ।  ਰਾਜਧਾਨੀ ਪੋਰਟ ਲੁਇਸ ਵਿੱਚ ਸੁਪ੍ਰੀਮ ਕੋਰਟ ਦੇ ਨਵੇਂ ਭਵਨ ਦਾ ਨਿਰਮਾਣ ਸਾਡੇ ਸਹਿਯੋਗ ਅਤੇ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ। ਭਾਰਤ ਅਤੇ ਮਾਰੀਸ਼ਸ ਦੋਵੇਂ ਸਾਡੀਆਂ ਲੋਕਤਾਂਤਰਿਕ ਪ੍ਰਣਾਲੀਆਂ  ਦੇ ਮਹੱਤਵਪੂਰਨ ਥੰਮ੍ਹਾਂ ਦੇ ਰੂਪ ਵਿੱਚ ਆਪਣੀਆਂ ਸੁਤੰਤਰ ਨਿਆਪਾਲਿਕਾਵਾਂ ਦਾ ਸਨਮਾਨ ਕਰਦੇ ਹਨ। ਇਹ ਪ੍ਰਭਾਵਸ਼ਾਲੀ ਨਵੀਂ ਇਮਾਰਤ ਆਪਣੇ ਆਧੁਨਿਕ ਡਿਜ਼ਾਈਨ ਅਤੇ ਨਿਰਮਾਣ ਦੇ ਨਾਲ ਇਸ ਸਨਮਾਨ ਦਾ ਪ੍ਰਤੀਕ ਹੈ। ਮੈਨੂੰ ਖੁਸ਼ੀ ਹੈ ਕਿ ਇਹ ਪ੍ਰੋਜੈਕਟ ਨਿਰਧਾਰਿਤ ਸਮੇਂ ‘ਤੇ ਅਤੇ ਸ਼ੁਰੂਆਤੀ ਅਨੁਮਾਨਿਤ ਲਾਗਤ ਦੇ ਅੰਦਰ ਪੂਰਾ ਹੋਇਆ ਹੈ।

ਪ੍ਰਧਾਨ ਮੰਤਰੀ ਜਗਨਨਾਥ ਜੀ,  ਅਜੇ ਕੁਝ ਮਹੀਨੇ ਪਹਿਲਾਂ ਹੀ,  ਅਸੀਂ ਸੰਯੁਕਤ ਰੂਪ ਨਾਲ ਯੁਗਾਂਤਕਾਰੀ ਮੈਟਰੋ ਪ੍ਰੋਜੈਕਟ ਅਤੇ ਇੱਕ ਅਤਿਆਧੁਨਿਕ ਹਸਪਤਾਲ ਦਾ ਉਦਘਾਟਨ ਕੀਤਾ ਸੀ।  ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਦੋਵੇਂ ਪ੍ਰੋਜੈਕਟ ਮਾਰੀਸ਼ਸ ਦੇ ਲੋਕਾਂ ਲਈ ਉਪਯੋਗੀ ਸਾਬਤ ਹੋ ਰਹੇ ਹਨ।

ਮਿੱਤਰੋ,  ਮਾਰੀਸ਼ਸ ਵਿੱਚ ਹੀ ਮੈਂ ਪਹਿਲੀ ਵਾਰ ਭਾਰਤ  ਦੇ ਸਾਗਰ  (ਐੱਸਏਜੀਏਆਰ)  ਦ੍ਰਿਸ਼ਟੀਕੋਣ– ਇਸ ਖੇਤਰ ਵਿੱਚ ਸਭ ਦੀ ਸੁਰੱਖਿਆ ਅਤੇ ਵਿਕਾਸ-ਬਾਰੇ ਗੱਲ ਕੀਤੀ ਸੀ।  ਅਜਿਹਾ ਇਸ ਲਈ ਹੈ ਕਿਉਂਕਿ ਮਾਰੀਸ਼ਸ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੇ ਦ੍ਰਿਸ਼ਟੀਕੋਣ  ਦੇ ਕੇਂਦਰ ਵਿੱਚ ਹੈ ਅਤੇ ਅੱਜ,  ਮੈਂ ਇਸ ਵਿੱਚ ਇਹ ਜੋੜਨਾ ਚਾਹੁੰਦਾ ਹਾਂ ਕਿ ਮਾਰੀਸ਼ਸ ਭਾਰਤ ਦੀ ਵਿਕਾਸ ਸਾਂਝੇਦਾਰੀ ਦੇ ਦ੍ਰਿਸ਼ਟੀਕੋਣ  ਦੇ ਕੇਂਦਰ ਵਿੱਚ ਵੀ ਹੈ।

ਮਿੱਤਰੋ,  ਮਹਾਤਮਾ ਗਾਂਧੀ ਨੇ ਠੀਕ ਹੀ ਕਿਹਾ ਸੀ ਅਤੇ,  ਮੈਂ ਉਸ ਦਾ ਇੱਥੇ ਹਵਾਲਾ ਦਿੰਦਾ ਹਾਂ –  ਮੈਂ ਪੂਰੀ ਦੁਨੀਆ  ਦੇ ਸੰਦਰਭ ਵਿੱਚ ਸੋਚਣਾ ਚਾਹੁੰਦਾ ਹਾਂ।  ਮੇਰੀ ਦੇਸ਼ਭਗਤੀ ਵਿੱਚ ਆਮ ਤੌਰ ‘ਤੇ ਮਾਨਵ ਜਾਤੀ ਦਾ ਭਲਾ ਸ਼ਾਮਲ ਹੈ।  ਇਸ ਲਈ,  ਭਾਰਤ ਦੀ ਮੇਰੀ ਸੇਵਾ ਵਿੱਚ ਮਾਨਵਤਾ ਦੀ ਸੇਵਾ ਸ਼ਾਮਲ ਹੈ।  ਇਹ ਭਾਰਤ ਦਾ ਮਾਰਗਦਰਸ਼ਕ ਦਰਸ਼ਨ ਹੈ।  ਭਾਰਤ ਵਿਕਾਸ ਕਰਨਾ ਚਾਹੁੰਦਾ ਹੈ ਅਤੇ ਭਾਰਤ ਦੂਸਰਿਆਂ ਦੇ ਵਿਕਾਸ ਦੀਆਂ ਜ਼ਰੂਰਤਾਂ ਵਿੱਚ ਮਦਦ ਕਰਨਾ ਚਾਹੁੰਦਾ ਹੈ।

ਮਿੱਤਰੋ,  ਭਾਰਤ ਦਾ ਵਿਕਾਸ ਦਾ ਦ੍ਰਿਸ਼ਟੀਕੋਣ ਮੁੱਖ ਰੂਪ ਨਾਲ ਮਾਨਵ-ਕੇਂਦ੍ਰਿਤ ਹੈ।  ਅਸੀਂ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਾਂ।  ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਵਿਕਾਸ ਸਾਂਝੇਦਾਰੀ ਦੇ ਨਾਮ ‘ਤੇ ਰਾਸ਼ਟਰਾਂ ਨੂੰ ਨਿਰਭਰਤਾ ਭਾਗੀਦਾਰੀ ਵਿੱਚ ਧੱਕਿਆ ਗਿਆ।  ਇਸ ਨੇ ਬਸਤੀਵਾਦੀ ਅਤੇ ਸ਼ਾਹੀ ਸ਼ਾਸਨ ਨੂੰ ਜਨਮ ਦਿੱਤਾ।  ਇਸ ਨੇ ਵੈਸ਼ਵਿਕ ਸ਼ਕਤੀ ਕੇਂਦਰਾਂ ਨੂੰ ਉੱਭਰਨ ਵਿੱਚ ਮਦਦ ਕੀਤੀ ਅਤੇ,  ਇਸ ਦਾ ਨੁਕਸਾਨ ਮਾਨਵਤਾ ਨੂੰ ਉਠਾਉਣਾ ਪਿਆ।

ਮਿੱਤਰੋ,  ਭਾਰਤ ਵਿਕਾਸ ਦੀ ਜੋ ਸਾਂਝੇਦਾਰੀ ਵਧਾ ਰਿਹਾ ਹੈ ਉਸ ਵਿੱਚ ਸਨਮਾਨ,  ਵਿਵਿਧਤਾ,  ਭਵਿੱਖ ਦੀ ਚਿੰਤਾ ਅਤੇ ਨਿਰੰਤਰ ਵਿਕਾਸ ਸ਼ਾਮਲ ਹੈ।

ਮਿੱਤਰੋ,  ਵਿਕਾਸ ਸਹਿਯੋਗ ਵਿੱਚ ਭਾਰਤ ਲਈ ਸਭ ਤੋਂ ਬੁਨਿਆਦੀ ਸਿਧਾਂਤ ਆਪਣੇ ਸਹਿਯੋਗੀਆਂ ਦਾ ਸਨਮਾਨ ਕਰਨਾ ਹੈ।  ਵਿਕਾਸ ਨਾਲ ਸਬੰਧਿਤ ਸਬਕਾਂ ਨੂੰ ਸਾਂਝਾ ਕਰਨਾ ਸਾਡੀ ਇੱਕਮਾਤਰ ਪ੍ਰੇਰਣਾ ਹੈ।  ਇਹੀ ਕਾਰਨ ਹੈ ਕਿ ਸਾਡਾ ਵਿਕਾਸ ਸਹਿਯੋਗ ਬਿਨਾ ਕਿਸੇ ਸ਼ਰਤ ਦੇ ਹੁੰਦਾ ਹੈ। ਇਹ ਰਾਜਨੀਤਕ ਜਾਂ ਕਮਰਸ਼ੀਅਲ ਸੋਚਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਹੈ।

ਮਿੱਤਰੋ,  ਭਾਰਤ ਦੀਆਂ ਵਿਕਾਸ ਸਾਂਝੇਦਾਰੀਆਂ ਵਿਵਿਧਤਾਪੂਰਨ ਹਨ।  ਭਾਰਤ ਵਣਜ ਤੋਂ ਸੱਭਿਆਚਾਰ,  ਊਰਜਾ ਤੋਂ ਇੰਜੀਨੀਅਰਿੰਗ,  ਸਿਹਤ ਤੋਂ ਆਵਾਸ,  ਸੂਚਨਾ ਟੈਕਨੋਲੋਜੀ ਤੋਂ ਬੁਨਿਆਦੀ ਢਾਂਚੇ,  ਖੇਡ ਤੋਂ ਵਿਗਿਆਨ ਤੱਕ ਜਿਹੇ ਖੇਤਰਾਂ ਵਿੱਚ ਦੁਨੀਆ ਭਰ ਦੇ ਦੇਸ਼ਾਂ ਨਾਲ ਕੰਮ ਕਰ ਰਿਹਾ ਹੈ।  ਅਗਰ ਭਾਰਤ ਨੂੰ ਅਫ਼ਗ਼ਾਨਿਸਤਾਨ ਵਿੱਚ ਸੰਸਦ ਭਵਨ  ਦੇ ਨਿਰਮਾਣ ਵਿੱਚ ਮਦਦ ਕਰਨ ਲਈ ਸਨਮਾਨਿਤ ਕੀਤਾ ਜਾਂਦਾ ਹੈ,  ਤਾਂ ਨਾਈਜਰ ਵਿੱਚ ਮਹਾਤਮਾ ਗਾਂਧੀ ਕਨਵੈਂਸ਼ਨ ਸੈਂਟਰ ਬਣਾਉਣ  ਦੇ ਨਾਲ ਜੁੜਨ ‘ਤੇ ਵੀ ਇਸ ਨੂੰ ਮਾਣ ਹੈ।  ਸਾਨੂੰ ਇੱਕ ਐਮਰਜੈਂਸੀ ਅਤੇ ਟ੍ਰੌਮਾ ਹਸਪਤਾਲ  ਦੇ ਨਿਰਮਾਣ  ਦੁਆਰਾ ਨੇਪਾਲ ਵਿੱਚ ਉੱਥੋਂ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਵਿੱਚ ਖੁਸ਼ੀ ਹੋਈ ਹੈ। ਅਤੇ,  ਅਸੀਂ ਸ੍ਰੀਲੰਕਾ  ਦੇ ਸਾਰੇ ਨੌਂ ਪ੍ਰਾਂਤਾਂ ਵਿੱਚ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਨੂੰ ਸਥਾਪਿਤ ਕਰਨ  ਦੇ ਉਸ ਦੇ ਯਤਨਾਂ ਵਿੱਚ ਮਦਦ ਕਰਨ ਲਈ ਵੀ ਸਮਾਨ ਰੂਪ ਨਾਲ ਮਾਣ ਮਹਿਸੂਸ ਕਰਦੇ ਹਾਂ।

ਸਾਨੂੰ ਖੁਸ਼ੀ ਹੈ ਕਿ ਨੇਪਾਲ ਦੇ ਨਾਲ ਅਸੀਂ ਜੋ ਤੇਲ ਪਾਈਪਲਾਈਨ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਾਂ,  ਉਸ ਨਾਲ ਉੱਥੇ ਪੈਟਰੋਲੀਅਮ ਉਤਪਾਦਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਤਰ੍ਹਾਂ,  ਅਸੀਂ ਮਾਲਦੀਵ  ਦੇ ਚੌਂਤੀ ਟਾਪੂਆਂ ਵਿੱਚ ਪੇਅਜਲ ਅਤੇ ਸਵੱਛਤਾ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਕਰਨ ਲਈ ਖੁਸ਼ ਹਾਂ। ਅਸੀਂ ਸਟੇਡੀਅਮ ਅਤੇ ਹੋਰ ਸੁਵਿਧਾਵਾਂ ਦੇ ਨਿਰਮਾਣ ਵਿੱਚ ਮਦਦ ਕਰਕੇ ਅਫ਼ਗ਼ਾਨਿਸਤਾਨ ਅਤੇ ਗੁਯਾਨਾ ਜਿਹੇ ਦੇਸ਼ਾਂ ਵਿੱਚ ਕ੍ਰਿਕਟ ਨੂੰ ਮਕਬੂਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਅਸੀਂ ਯੁਵਾ ਅਫ਼ਗ਼ਾਨ ਕ੍ਰਿਕਟ ਟੀਮ ਨੂੰ ਭਾਰਤ ਵਿੱਚ ਟ੍ਰੇਨਿੰਗ ਦੇਣ ਨੂੰ ਲੈ ਕੇ ਉਤਸ਼ਾਹਿਤ ਹਾਂ। ਅਸੀਂ ਹੁਣ ਮਾਲਦੀਵ  ਦੇ ਕ੍ਰਿਕਟ ਖਿਡਾਰੀਆਂ ਦੀ ਪ੍ਰਤਿਭਾ ਨੂੰ ਵਿਕਸਿਤ ਕਰਨ ਲਈ ਇਸੇ ਤਰ੍ਹਾਂ ਨਾਲ ਮਦਦ ਕਰ ਰਹੇ ਹਾਂ।  ਅਸੀਂ ਇਸ ਨੂੰ ਅਤਿਅਧਿਕ ਮਾਣ ਦਾ ਵਿਸ਼ਾ ਮੰਨਦੇ ਹਾਂ ਕਿ ਭਾਰਤ ਸ੍ਰੀਲੰਕਾ ਵਿੱਚ ਇੱਕ ਪ੍ਰਮੁੱਖ ਆਵਾਸੀ ਪ੍ਰੋਜੈਕਟ ਵਿੱਚ ਸਭ ਤੋਂ ਅੱਗੇ ਹੈ।  ਸਾਡੀਆਂ ਵਿਕਾਸ ਸਾਂਝੇਦਾਰੀਆਂ ਵਿੱਚ ਸਾਡੇ ਸਹਿਯੋਗੀ ਰਾਸ਼ਟਰਾਂ ਦੀਆਂ ਵਿਕਾਸ ਪ੍ਰਾਥਮਿਕਤਾਵਾਂ ਦੀ ਝਲਕ ਮਿਲਦੀ ਹੈ।

ਮਿੱਤਰੋ,  ਭਾਰਤ ਤੁਹਾਡੇ ਅੱਜ ਨੂੰ ਸੰਭਾਲਣ ਵਿੱਚ ਮਦਦ ਕਰਨ ਵਿੱਚ ਨਾ ਕੇਵਲ ਮਾਣ ਮਹਿਸੂਸ ਕਰ ਰਿਹਾ ਹੈ ਬਲਕਿ ਅਸੀਂ ਤੁਹਾਡੇ ਨੌਜਵਾਨਾਂ ਲਈ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਕਰਨਾ ਆਪਣਾ ਵਿਸ਼ੇਸ਼-ਅਧਿਕਾਰ ਮੰਨਦੇ ਹਾਂ। ਇਹੀ ਕਾਰਨ ਹੈ ਕਿ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਸਾਡੇ ਵਿਕਾਸ ਸਹਿਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਨਾਲ ਸਾਡੇ ਸਹਿਯੋਗੀ ਦੇਸ਼ਾਂ ਦੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਨ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਨੂੰ ਲੈ ਕੇ ਹੋਰ ਆਸਵੰਦ ਕਰਨ ਵਿੱਚ ਮਦਦ ਮਿਲੇਗੀ।

ਮਿੱਤਰੋ,  ਭਵਿੱਖ ਨਿਰੰਤਰ ਵਿਕਾਸ ਬਾਰੇ ਹੈ।  ਮਾਨਵੀ ਜ਼ਰੂਰਤਾਂ ਅਤੇ ਆਕਾਂਖਿਆਵਾਂ ਸਾਡੇ ਪ੍ਰਾਕ੍ਰਿਤਿਕ ਪਰਿਵੇਸ਼ ਦੇ ਪ੍ਰਤੀਕੂਲ ਨਹੀਂ ਹੋ ਸਕਦੀਆਂ ਹਨ।  ਇਹੀ ਕਾਰਨ ਹੈ ਕਿ ਅਸੀਂ ਮਾਨਵ ਸਸ਼ਕਤੀਕਰਨ ਅਤੇ ਵਾਤਾਵਰਣ ਦੀ ਦੇਖਭਾਲ਼ ਦੋਹਾਂ ਵਿੱਚ ਵਿਸ਼ਵਾਸ ਕਰਦੇ ਹਾਂ।  ਇਸ ਦਰਸ਼ਨ  ਦੇ ਅਧਾਰ ‘ਤੇ,  ਭਾਰਤ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਜਿਹੇ ਨਵੇਂ ਸੰਸਥਾਨਾਂ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਹੈ।  ਸੂਰਜ ਦੀਆਂ ਕਿਰਨਾਂ ਨੂੰ ਮਾਨਵੀ ਪ੍ਰਗਤੀ ਦੀ ਯਾਤਰਾ ਨੂੰ ਉੱਜਵਲ ਕਰਨ ਦਿਓ। ਅਸੀਂ ਆਪਦਾ ਅਨੁਕੂਲ ਬੁਨਿਆਦੀ ਢਾਂਚੇ ਲਈ ਇੱਕ ਮਜ਼ਬੂਤ ਗਠਬੰਧਨ ‘ਤੇ ਵੀ ਕੰਮ ਕਰ ਰਹੇ ਹਾਂ।  ਦੋਵੇਂ ਪਹਿਲਾਂ ਟਾਪੂ ਦੇਸ਼ਾਂ ਲਈ ਵਿਸ਼ੇਸ਼ ਰੂਪ ਨਾਲ ਪ੍ਰਾਸੰਗਿਕ ਹਨ। ਜਿਸ ਤਰ੍ਹਾਂ ਨਾਲ ਵੈਸ਼ਵਿਕ ਸੁਮਦਾਇ ਨੇ ਇਨ੍ਹਾਂ ਯਤਨਾਂ ਦਾ ਸਮਰਥਨ ਕੀਤਾ ਹੈ,  ਉਹ ਪ੍ਰਸ਼ੰਸਾਯੋਗ ਹੈ।

ਮਿੱਤਰੋ,  ਜਿਨ੍ਹਾਂ ਕਦਰਾਂ-ਕੀਮਤਾਂ ਬਾਰੇ ਮੈਂ ਹੁਣੇ ਗੱਲ ਕੀਤੀ ਉਹ ਸਭ ਮਾਰੀਸ਼ਸ  ਨਾਲ ਸਾਡੀ ਵਿਸ਼ੇਸ਼ ਸਾਂਝੇਦਾਰੀ ਵਿੱਚ ਨਿਹਿਤ ਹਨ।  ਮਾਰੀਸ਼ਸ  ਨਾਲ ਅਸੀਂ ਨਾ ਕੇਵਲ ਹਿੰਦ ਮਹਾਸਾਗਰ ਨਾਲ ਜੁੜੇ ਹੋਏ ਹਾਂ ਬਲਕਿ ਸਾਡੇ ਵਿੱਚ ਰਿਸ਼ਤੇਦਾਰੀ,  ਸੱਭਿਆਚਾਰ ਅਤੇ ਭਾਸ਼ਾ ਦੀ ਇੱਕ ਸਾਝੀ ਵਿਰਾਸਤ ਵੀ ਹੈ।  ਸਾਡੀ ਦੋਸਤੀ ਅਤੀਤ ਤੋਂ ਤਾਕਤ ਲੈਂਦੀ ਹੈ ਅਤੇ ਭਵਿੱਖ  ਵੱਲ ਦੇਖਦੀ ਹੈ।  ਭਾਰਤ ਮਾਰੀਸ਼ਸ ਦੇ ਲੋਕਾਂ ਦੀਆਂ ਉਪਲੱਬਧੀਆਂ ‘ਤੇ ਮਾਣ ਕਰਦਾ ਹੈ।  ਪਵਿੱਤਰ ਆਪ੍ਰਵਾਸੀ ਘਾਟ ਲੈ ਕੇ ਇਸ ਆਧੁਨਿਕ ਭਵਨ ਦੇ ਨਿਰਮਾਣ ਤੱਕ ਮਾਰੀਸ਼ਸ ਨੇ ਆਪਣੀ ਸਖ਼ਤ ਮਿਹਨਤ ਅਤੇ ਇਨੋਵੇਸ਼ਨ  ਜ਼ਰੀਏ ਆਪਣੀ ਸਫਲਤਾ ਦਾ ਇਤਿਹਾਸ ਰਚਿਆ ਹੈ।  ਮਾਰੀਸ਼ਸ ਦੀ ਭਾਵਨਾ ਪ੍ਰੇਰਣਾਦਾਇਕ ਹੈ।  ਸਾਡੀ ਸਾਂਝੇਦਾਰੀ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਵੀ ਉੱਚੀ ਉਡਾਨ ਭਰੇਗੀ।

ਵਿਵ ਲਾਮਿਤੇ ਏਂਤਰ ਲਾਂਦ ਏ ਮੋਰੀਸ

(विव लामिते एंत्र लांद ए मोरीस)

ਭਾਰਤ ਅਤੇ ਮਾਰੀਸ਼ਸ ਮਿੱਤਰਤਾ ਅਮਰ ਰਹੇ।

ਤੁਹਾਡਾ ਬਹੁਤ-ਬਹੁਤ ਧੰਨਵਾਦ।

***

ਵੀਆਰਆਰਕੇ/ਏਪੀ/ਏਐੱਮ/ਏਕੇ