Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 94ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.10.2022)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਸੂਰਜ ਪੂਜਾ ਦਾ ਮਹਾਨ ਤਿਉਹਾਰ ਛੱਠ ਮਨਾਇਆ ਜਾ ਰਿਹਾ ਹੈ। ਛੱਠ ਤਿਉਹਾਰ ਦਾ ਹਿੱਸਾ ਬਣਨ ਲਈ ਲੱਖਾਂ ਸ਼ਰਧਾਲੂ ਆਪਣੇ ਪਿੰਡ, ਆਪਣੇ ਘਰ, ਆਪਣੇ ਪਰਿਵਾਰ ਵਿੱਚ ਪਹੁੰਚੇ ਹਨ। ਮੇਰੀ ਅਰਦਾਸ ਹੈ ਕਿ ਛੱਠ ਮਾਤਾ ਸਭ ਦੀ ਸਮ੍ਰਿੱਧੀ, ਸਭ ਦੇ ਕਲਿਆਣ ਦਾ ਅਸ਼ੀਰਵਾਦ ਦੇਵੇ।

ਸਾਥੀਓ, ਸੂਰਜ ਪੂਜਾ ਦੀ ਪਰੰਪਰਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੀ ਸੰਸਕ੍ਰਿਤੀ, ਸਾਡੀ ਆਸਥਾ ਦਾ ਕੁਦਰਤ ਨਾਲ ਕਿੰਨਾ ਗਹਿਰਾ ਰਿਸ਼ਤਾ ਹੈ। ਇਸ ਪੂਜਾ ਦੇ ਜ਼ਰੀਏ ਸਾਡੇ ਜੀਵਨ ਵਿੱਚ ਸੂਰਜ ਦੀ ਰੋਸ਼ਨੀ ਦਾ ਮਹੱਤਵ ਸਮਝਾਇਆ ਗਿਆ ਹੈ। ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਉਤਾਰ-ਚੜ੍ਹਾਅ ਜੀਵਨ ਦਾ ਅਨਿੱਖੜ੍ਹਵਾਂ ਅੰਗ ਹਨ, ਇਸ ਲਈ ਸਾਨੂੰ ਹਰ ਸਥਿਤੀ ਵਿੱਚ ਇੱਕੋ ਜਿਹਾ ਭਾਵ ਰੱਖਣਾ ਚਾਹੀਦਾ ਹੈ। ਛੱਠ ਮਾਤਾ ਦੀ ਪੂਜਾ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲਾਂ ਅਤੇ ਠੇਕੂਆ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ। ਇਸ ਦਾ ਵਰਤ ਵੀ ਕਿਸੇ ਔਖੀ ਸਾਧਨਾ ਤੋਂ ਘੱਟ ਨਹੀਂ ਹੁੰਦਾ। ਛੱਠ ਪੂਜਾ ਦੀ ਇੱਕ ਹੋਰ ਖ਼ਾਸ ਗੱਲ ਹੁੰਦੀ ਹੈ ਕਿ ਇਸ ਵਿੱਚ ਪੂਜਾ ਦੇ ਲਈ ਜਿਨ੍ਹਾਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ, ਉਸ ਨੂੰ ਸਮਾਜ ਦੇ ਵੱਖ-ਵੱਖ ਲੋਕ ਮਿਲ ਕੇ ਤਿਆਰ ਕਰਦੇ ਹਨ। ਇਸ ਵਿੱਚ ਬਾਂਸ ਦੀ ਬਣੀ ਟੋਕਰੀ ਜਾਂ ਸੁਪਲੀ ਦਾ ਇਸਤੇਮਾਲ ਹੁੰਦਾ ਹੈ। ਮਿੱਟੀ ਦੇ ਦੀਵਿਆਂ ਦਾ ਆਪਣਾ ਮਹੱਤਵ ਹੁੰਦਾ ਹੈ, ਇਸ ਦੇ ਜ਼ਰੀਏ ਛੋਲਿਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਅਤੇ ਪਤਾਸੇ ਬਣਾਉਣ ਵਾਲੇ ਛੋਟੇ ਉੱਦਮੀਆਂ ਦਾ ਸਮਾਜ ਵਿੱਚ ਮਹੱਤਵ ਸਥਾਪਿਤ ਕੀਤਾ ਗਿਆ ਹੈ। ਇਸ ਦੇ ਸਹਿਯੋਗ ਤੋਂ ਬਿਨਾ ਛੱਠ ਦੀ ਪੂਜਾ ਸੰਪੂਰਨ ਹੀ ਨਹੀਂ ਹੋ ਸਕਦੀ। ਛੱਠ ਦਾ ਤਿਉਹਾਰ ਸਾਡੇ ਜੀਵਨ ਵਿੱਚ ਸਵੱਛਤਾ ਦੇ ਮਹੱਤਵ ’ਤੇ ਵੀ ਜ਼ੋਰ ਦਿੰਦਾ ਹੈ। ਇਸ ਤਿਉਹਾਰ ਦੇ ਆਉਣ ’ਤੇ ਸਮੁਦਾਇਕ ਪੱਧਰ ’ਤੇ ਸੜਕ, ਨਦੀ, ਘਾਟ, ਪਾਣੀ ਦੇ ਵਿਭਿੰਨ ਸਰੋਤਾਂ, ਸਭ ਦੀ ਸਫਾਈ ਕੀਤੀ ਜਾਂਦੀ ਹੈ। ਛੱਠ ਦਾ ਤਿਉਹਾਰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਵੀ ਉਦਾਹਰਣ ਹੈ। ਅੱਜ ਬਿਹਾਰ ਅਤੇ ਪੁਰਵਾਂਚਲ ਦੇ ਲੋਕ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਹਨ, ਉੱਥੇ ਧੂਮਧਾਮ ਨਾਲ ਛੱਠ ਦਾ ਆਯੋਜਨ ਹੋ ਰਿਹਾ ਹੈ। ਦਿੱਲੀ, ਮੁੰਬਈ ਸਮੇਤ ਮਹਾਰਾਸ਼ਟਰ ਦੇ ਅਲੱਗ-ਅਲੱਗ ਜ਼ਿਲ੍ਹਿਆਂ ਅਤੇ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਛੱਠ ਦਾ ਵੱਡੇ ਪੱਧਰ ’ਤੇ ਆਯੋਜਨ ਹੋਣ ਲਗਿਆ ਹੈ। ਮੈਨੂੰ ਤਾਂ ਯਾਦ ਹੈ ਪਹਿਲਾਂ ਗੁਜਰਾਤ ਵਿੱਚ ਉਤਨੀ ਛੱਠ ਪੂਜਾ ਨਹੀਂ ਹੁੰਦੀ ਸੀ ਪਰ ਸਮੇਂ ਦੇ ਨਾਲ ਅੱਜ ਕਰੀਬ-ਕਰੀਬ ਪੂਰੇ ਗੁਜਰਾਤ ਵਿੱਚ ਛੱਠ ਪੂਜਾ ਦੇ ਰੰਗ ਨਜ਼ਰ ਆਉਣ ਲਗੇ ਹਨ, ਇਹ ਦੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ। ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਤੋਂ ਵੀ ਛੱਠ ਪੂਜਾ ਦੀਆਂ ਕਿੰਨੀਆਂ ਸ਼ਾਨਦਾਰ ਤਸਵੀਰਾਂ ਆਉਂਦੀਆਂ ਹਨ, ਯਾਨੀ ਭਾਰਤ ਦੀ ਵਿਸ਼ਾਲ ਵਿਰਾਸਤ ਸਾਡੀ ਆਸਥਾ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀ ਪਹਿਚਾਣ ਵਧਾ ਰਹੀ ਹੈ। ਇਸ ਮਹਾਨ ਤਿਉਹਾਰ ਵਿੱਚ ਸ਼ਾਮਲ ਹੋਣ ਵਾਲੇ ਹਰ ਸ਼ਰਧਾਵਾਨ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਅਸੀਂ ਪਵਿੱਤਰ ਛੱਠ ਪੂਜਾ ਦੀ ਗੱਲ ਕੀਤੀ, ਭਗਵਾਨ ਸੂਰਜ ਦੀ ਪੂਜਾ ਦੀ ਗੱਲ ਕੀਤੀ ਤਾਂ ਕਿਉਂ ਨਾ ਸੂਰਜ ਪੂਜਾ ਦੇ ਨਾਲ-ਨਾਲ ਅੱਜ ਅਸੀਂ ਉਨ੍ਹਾਂ ਦੇ ਵਰਦਾਨ ਦੀ ਵੀ ਚਰਚਾ ਕਰੀਏ। ਸੂਰਜ ਦੇਵਤਾ ਦਾ ਇਹ ਵਰਦਾਨ ਹੈ ‘ਸੌਰ ਊਰਜਾ’ ਅੱਜ ਇੱਕ ਅਜਿਹਾ ਵਿਸ਼ਾ ਹੈ, ਜਿਸ ਵਿੱਚ ਪੂਰੀ ਦੁਨੀਆ ਆਪਣਾ ਭਵਿੱਖ ਦੇਖ ਰਹੀ ਹੈ ਅਤੇ ਭਾਰਤ ਦੇ ਲਈ ਤਾਂ ਸੂਰਜ ਦੇਵਤਾ ਸਦੀਆਂ ਤੋਂ ਪੂਜਾ ਹੀ ਨਹੀਂ, ਜੀਵਨ ਸ਼ੈਲੀ ਦੇ ਵੀ ਕੇਂਦਰ ਵਿੱਚ ਰਹਿ ਰਹੇ ਹਨ। ਭਾਰਤ ਅੱਜ ਆਪਣੇ ਪ੍ਰੰਪਰਿਕ ਅਨੁਭਵਾਂ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਰਿਹਾ ਹੈ ਤਾਂ ਹੀ ਅੱਜ ਅਸੀਂ ਸੂਰਜ ਊਰਜਾ ਤੋਂ ਬਿਜਲੀ ਬਣਾਉਣ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿੱਚ ਸ਼ਾਮਲ ਹੋ ਗਏ ਹਾਂ। ਸੂਰਜ ਊਰਜਾ ਤੋਂ ਕਿਵੇਂ ਸਾਡੇ ਦੇ ਗ਼ਰੀਬ ਅਤੇ ਮੱਧ ਵਰਗੀਆਂ ਦੇ ਜੀਵਨ ਵਿੱਚ ਬਦਲਾਅ ਆ ਰਿਹਾ ਹੈ, ਉਹ ਵੀ ਖੋਜ ਦਾ ਵਿਸ਼ਾ ਹੈ। ਤਮਿਲ ਨਾਡੂ ਵਿੱਚ ਕਾਂਚੀਪੁਰਮ ’ਚ ਇੱਕ ਕਿਸਾਨ ਹੈ ਥਿਰੁ ਕੇ. ਏਝਿਲਨ, ਉਨ੍ਹਾਂ ਨੇ ‘ਪੀ. ਐੱਮ. ਕੁਸੁਮ ਯੋਜਨਾ’ ਦਾ ਲਾਭ ਲਿਆ ਅਤੇ ਆਪਣੇ ਖੇਤ ਵਿੱਚ 10 ਹਾਰਸ ਪਾਵਰ ਦਾ ਸੋਲਰ ਪੰਪ ਸੈੱਟ ਲਗਵਾਇਆ। ਹੁਣ ਉਨ੍ਹਾਂ ਨੂੰ ਆਪਣੇ ਖੇਤ ਦੇ ਲਈ ਬਿਜਲੀ ’ਤੇ ਕੁਝ ਖਰਚ ਨਹੀਂ ਕਰਨਾ ਪੈਂਦਾ। ਖੇਤ ਵਿੱਚ ਸਿੰਚਾਈ ਦੇ ਲਈ ਹੁਣ ਉਹ ਸਰਕਾਰ ਦੀ ਬਿਜਲੀ ਸਪਲਾਈ ’ਤੇ ਨਿਰਭਰ ਵੀ ਨਹੀਂ ਹੈ। ਇਸ ਤਰ੍ਹਾਂ ਹੀ ਰਾਜਸਥਾਨ ਦੇ ਭਰਤਪੁਰ ਵਿੱਚ ‘ਪੀ. ਐੱਮ. ਕੁਸੁਮ ਯੋਜਨਾ’ ਦੇ ਇੱਕ ਹੋਰ ਲਾਭਾਰਥੀ ਕਿਸਾਨ ਹਨ ਕਮਲ ਜੀ ਮੀਣਾ, ਕਮਲ ਜੀ ਨੇ ਖੇਤ ਵਿੱਚ ਸੋਲਰ ਪੰਪ ਲਗਵਾਇਆ, ਜਿਸ ਨਾਲ ਉਨ੍ਹਾਂ ਦੀ ਲਾਗਤ ਘੱਟ ਹੋ ਗਈ ਹੈ, ਲਾਗਤ ਘੱਟ ਹੋਈ ਤਾਂ ਆਮਦਨੀ ਵੀ ਵਧ ਗਈ। ਕਮਲ ਜੀ ਸੋਲਰ ਬਿਜਲੀ ਨਾਲ ਦੂਸਰੇ ਕਈ ਛੋਟੇ ਉਦਯੋਗਾਂ ਨੂੰ ਵੀ ਜੋੜ ਰਹੇ ਹਨ। ਉਨ੍ਹਾਂ ਦੇ ਇਲਾਕੇ ਵਿੱਚ ਲੱਕੜੀ ਦਾ ਕੰਮ ਹੈ, ਗਾਂ ਦੇ ਗੋਹੇ ਤੋਂ ਬਣਨ ਵਾਲੇ ਉਤਪਾਦ ਹਨ, ਇਸ ਵਿੱਚ ਵੀ ਸੋਲਰ ਬਿਜਲੀ ਦਾ ਇਸਤੇਮਾਲ ਹੋ ਰਿਹਾ ਹੈ, ਉਹ 10-12 ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ। ਯਾਨੀ ਕੁਸੁਮ ਯੋਜਨਾ ਨਾਲ ਕਮਲ ਜੀ ਨੇ ਜੋ ਸ਼ੁਰੂਆਤ ਕੀਤੀ, ਉਸ ਦੀ ਖੁਸ਼ਬੂ ਕਿੰਨੇ ਹੀ ਲੋਕਾਂ ਤੱਕ ਪਹੁੰਚਣ ਲਗੀ ਹੈ।

ਸਾਥੀਓ, ਕੀ ਤੁਸੀਂ ਕਦੇ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਮਹੀਨਾ ਭਰ ਬਿਜਲੀ ਦਾ ਉਪਯੋਗ ਕਰੋ ਅਤੇ ਤੁਹਾਡਾ ਬਿਜਲੀ ਦਾ ਬਿਲ ਆਉਣ ਦੀ ਬਜਾਏ ਤੁਹਾਨੂੰ ਬਿਜਲੀ ਦੇ ਪੈਸੇ ਮਿਲਣ? ਸੌਰ ਊਰਜਾ ਨੇ ਇਹ ਵੀ ਕਰ ਵਿਖਾਇਆ ਹੈ। ਤੁਸੀਂ ਕੁਝ ਦਿਨ ਪਹਿਲਾਂ ਦੇਸ਼ ਦੇ ਪਹਿਲੇ ਸੂਰਜੀ ਪਿੰਡ ਗੁਜਰਾਤ ਦੇ ਮੋਢੇਰਾ ਦੀ ਖੂਬ ਚਰਚਾ ਸੁਣੀ ਹੋਵੇਗੀ, ਮੋਢੇਰਾ ਸੂਰਜੀ ਪਿੰਡ ਦੇ ਜ਼ਿਆਦਾਤਰ ਘਰ ਸੋਲਰ ਪਾਵਰ ਤੋਂ ਬਿਜਲੀ ਪੈਦਾ ਕਰਨ ਲਗੇ ਹਨ। ਹੁਣ ਉੱਥੋਂ ਦੇ ਕਈ ਘਰਾਂ ਵਿੱਚ ਮਹੀਨੇ ਦੇ ਅਖੀਰ ’ਚ ਬਿਜਲੀ ਦਾ ਬਿਲ ਨਹੀਂ ਆ ਰਿਹਾ। ਬਲਕਿ ਬਿਜਲੀ ਤੋਂ ਕਮਾਈ ਦਾ ਚੈੱਕ ਆ ਰਿਹਾ ਹੈ। ਇਹ ਹੁੰਦਾ ਦੇਖ ਹੁਣ ਦੇਸ਼ ਦੇ ਬਹੁਤ ਸਾਰੇ ਪਿੰਡਾਂ ਦੇ ਲੋਕ ਮੈਨੂੰ ਚਿੱਠੀਆਂ ਲਿਖ ਕੇ ਕਹਿ ਰਹੇ ਹਨ ਕਿ ਉਨ੍ਹਾਂ ਦੇ ਪਿੰਡ ਨੂੰ ਵੀ ਸੂਰਜੀ ਪਿੰਡ ’ਚ ਬਦਲ ਦਿੱਤਾ ਜਾਵੇ। ਯਾਨੀ ਉਹ ਦਿਨ ਦੂਰ ਨਹੀਂ, ਜਦੋਂ ਭਾਰਤ ਵਿੱਚ ਸੂਰਜੀ ਪਿੰਡਾਂ ਦਾ ਨਿਰਮਾਣ ਬਹੁਤ ਵੱਡਾ ਜਨ-ਅੰਦੋਲਨ ਬਣੇਗਾ ਅਤੇ ਇਸ ਦੀ ਸ਼ੁਰੂਆਤ ਮੋਢੇਰਾ ਪਿੰਡ ਦੇ ਲੋਕ ਕਰ ਹੀ ਚੁੱਕੇ ਹਨ। ਆਓ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਵੀ ਮੋਢੇਰਾ ਦੇ ਲੋਕਾਂ ਨਾਲ ਮਿਲਵਾਉਂਦੇ ਹਾਂ। ਸਾਡੇ ਨਾਲ ਇਸ ਸਮੇਂ ਫੋਨ ਲਾਈਨ ’ਤੇ ਜੁੜੇ ਹਨ ਸ਼੍ਰੀਮਾਨ ਵਿਪਿਨ ਭਾਈ ਪਟੇਲ:-

ਪ੍ਰਧਾਨ ਮੰਤਰੀ ਜੀ : ਵਿਪਿਨ ਭਾਈ ਨਮਸਤੇ। ਦੇਖੋ ਹੁਣ ਤਾਂ ਮੋਢੇਰਾ ਪੂਰੇ ਦੇਸ਼ ਦੇ ਲਈ ਇੱਕ ਮਾਡਲ ਦੇ ਰੂਪ ਵਿੱਚ ਚਰਚਾ ’ਚ ਆ ਗਿਆ ਹੈ ਪਰ ਜਦੋਂ ਤੁਹਾਨੂੰ ਤੁਹਾਡੇ ਰਿਸ਼ਤੇਦਾਰ, ਜਾਣਕਾਰ ਸਭ ਗੱਲਾਂ ਪੁੱਛਦੇ ਹੋਣਗੇ ਤਾਂ ਤੁਸੀਂ ਉਨ੍ਹਾਂ ਨੂੰ ਕੀ-ਕੀ ਦੱਸਦੇ ਹੋ, ਕੀ ਫਾਇਦਾ ਹੋਇਆ?

ਵਿਪਿਨ ਜੀ : ਸਰ ਲੋਕ ਸਾਡੇ ਤੋਂ ਪੁੱਛਦੇ ਹਨ ਤਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਜੋ ਬਿਲ ਆਉਂਦਾ ਸੀ, ਬਿਜਲੀ ਬਿਲ, ਉਹ ਹੁਣ ਜ਼ੀਰੋ ਆ ਰਿਹਾ ਹੈ ਅਤੇ ਕਦੇ 70 ਰੁਪਏ ਆਉਂਦਾ ਹੈ ਪਰ ਸਾਡੇ ਪੂਰੇ ਪਿੰਡ ਵਿੱਚ ਜੋ ਆਰਥਿਕ ਸਥਿਤੀ ਹੈ, ਉਹ ਸੁਧਰ ਰਹੀ ਹੈ।

ਪ੍ਰਧਾਨ ਮੰਤਰੀ ਜੀ : ਮਤਲਬ ਇੱਕ ਤਰ੍ਹਾਂ ਨਾਲ ਪਹਿਲਾਂ ਜੋ ਬਿਜਲੀ ਬਿਲ ਦੀ ਚਿੰਤਾ ਸੀ, ਉਹ ਖ਼ਤਮ ਹੋ ਗਈ।

ਵਿਪਿਨ ਜੀ : ਹਾਂ ਸਰ! ਉਹ ਤਾਂ ਗੱਲ ਸਹੀ ਹੈ ਸਰ। ਹੁਣ ਤਾਂ ਕੋਈ ਚਿੰਤਾ ਨਹੀਂ ਹੈ ਪੂਰੇ ਪਿੰਡ ਵਿੱਚ। ਸਾਰੇ ਲੋਕਾਂ ਨੂੰ ਲਗ ਰਿਹਾ ਹੈ ਕਿ ਸਰ ਨੇ ਜੋ ਕੀਤਾ, ਉਹ ਤਾਂ ਬਹੁਤ ਚੰਗਾ ਕੀਤਾ। ਉਹ ਖੁਸ਼ ਹਨ ਸਰ। ਅਨੰਦਮਈ ਹੋ ਰਹੇ ਹਨ ਸਰ।

ਪ੍ਰਧਾਨ ਮੰਤਰੀ ਜੀ : ਹੁਣ ਆਪਣੇ ਘਰ ਵਿੱਚ ਹੀ ਖ਼ੁਦ ਹੀ ਬਿਜਲੀ ਦੇ ਕਾਰਖਾਨੇ ਦੇ ਮਾਲਕ ਬਣ ਗਏ। ਖ਼ੁਦ ਦੇ ਆਪਣੇ ਘਰ ਦੀ ਛੱਤ ’ਤੇ ਬਿਜਲੀ ਬਣ ਰਹੀ ਹੈ?

ਵਿਪਿਨ ਜੀ : ਹਾਂ ਸਰ! ਸਹੀ ਹੈ ਸਰ।

ਪ੍ਰਧਾਨ ਮੰਤਰੀ ਜੀ : ਤਾਂ ਕੀ ਇਹ ਬਦਲਾਅ ਜੋ ਆਇਆ ਹੈ, ਉਸ ਦਾ ਪਿੰਡਾਂ ਦੇ ਲੋਕਾਂ ’ਤੇ ਕੀ ਅਸਰ ਹੈ?

ਵਿਪਿਨ ਜੀ : ਸਰ ਪੂਰੇ ਪਿੰਡ ਦੇ ਲੋਕ, ਉਹ ਖੇਤੀ ਕਰ ਰਹੇ ਹਨ ਤਾਂ ਫਿਰ ਸਾਨੂੰ ਬਿਜਲੀ ਦਾ ਜੋ ਮੁਸ਼ਕਿਲ ਸੀ, ਉਸ ਤੋਂ ਮੁਕਤੀ ਮਿਲ ਗਈ ਹੈ। ਬਿਜਲੀ ਦਾ ਬਿਲ ਤਾਂ ਭਰਨਾ ਨਹੀਂ ਹੈ, ਬੇਫਿਕਰ ਹੋ ਗਏ ਹਾਂ ਸਰ।

ਪ੍ਰਧਾਨ ਮੰਤਰੀ ਜੀ : ਮਤਲਬ ਬਿਜਲੀ ਦਾ ਬਿਲ ਵੀ ਗਿਆ ਅਤੇ ਸੁਵਿਧਾ ਵਧ ਗਈ।

ਵਿਪਿਨ ਜੀ : ਮੁਸ਼ਕਿਲ ਹੀ ਖ਼ਤਮ ਹੋ ਗਈ ਅਤੇ ਸਰ ਜਦੋਂ ਤੁਸੀਂ ਇੱਥੇ ਆਏ ਸੀ ਅਤੇ ਥ੍ਰੀ-ਡੀ ਸ਼ੋਅ, ਜਿਸ ਦਾ ਇੱਥੇ ਉਦਘਾਟਨ ਕੀਤਾ ਤਾਂ ਇਸ ਤੋਂ ਬਾਅਦ ਮੋਢੇਰਾ ਪਿੰਡ ਵਿੱਚ ਚਾਰਚੰਨ ਲਗ ਗਏ ਹਨ ਸਰ ਅਤੇ ਉਹ ਜੋ ਸੈਕਟਰੀ ਆਏ ਸਨ ਸਰ…

ਪ੍ਰਧਾਨ ਮੰਤਰੀ ਜੀ : ਜੀ ਜੀ…

ਵਿਪਿਨ ਜੀ : ਤਾਂ ਉਹ ਪਿੰਡ ਮਸ਼ਹੂਰ ਹੋ ਗਿਆ ਸਰ।

ਪ੍ਰਧਾਨ ਮੰਤਰੀ ਜੀ : ਜੀ ਹਾਂ, ਯੂ. ਐੱਨ. ਦੇ ਸੈਕਟਰੀ ਜਨਰਲ, ਉਨ੍ਹਾਂ ਦੀ ਆਪਣੀ ਇੱਛਾ ਸੀ, ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਕਿ ਭਾਈ ਇੰਨਾ ਵੱਡਾ ਕੰਮ ਕੀਤਾ ਹੈ, ਮੈਂ ਉੱਥੇ ਜਾ ਕੇ ਵੇਖਣਾ ਚਾਹੁੰਦਾ ਹਾਂ। ਚਲੋ ਵਿਪਿਨ ਭਾਈ ਤੁਹਾਨੂੰ ਅਤੇ ਤੁਹਾਡੇ ਪਿੰਡ ਦੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਦੁਨੀਆ ਤੁਹਾਡੇ ਤੋਂ ਪ੍ਰੇਰਣਾ ਲਵੇ ਅਤੇ ਇਹ ਸੌਰ ਊਰਜਾ ਦਾ ਅਭਿਆਨ ਘਰ-ਘਰ ਚੱਲੇ।

ਵਿਪਿਨ ਜੀ : ਠੀਕ ਹੈ ਸਰ। ਅਸੀਂ ਸਾਰੇ ਲੋਕ ਤਾਂ ਦੱਸਾਂਗੇ ਸਰ ਕਿ ਭਾਈ ਸੋਲਰ ਲਗਵਾਓ। ਆਪਣੇ ਪੈਸੇ ਨਾਲ ਵੀ ਲਗਾਓ ਤੇ ਬਹੁਤ ਫਾਇਦਾ ਹੈ।

ਪ੍ਰਧਾਨ ਮੰਤਰੀ ਜੀ : ਹਾਂ ਲੋਕਾਂ ਨੂੰ ਸਮਝਾਓ। ਚਲੋ ਬਹੁਤ-ਬਹੁਤ ਸ਼ੁਭਕਾਮਨਾਵਾਂ, ਧੰਨਵਾਦ ਭਾਈ।

ਵਿਪਿਨ ਜੀ : ਸ਼ੁਕਰੀਆ ਸਰ, ਸ਼ੁਕਰੀਆ ਸਰ… ਮੇਰਾ ਜੀਵਨ ਧਨ ਹੋ ਗਿਆ ਤੁਹਾਡੇ ਨਾਲ ਗੱਲ ਕਰਕੇ।

ਵਿਪਿਨ ਭਰਾ ਦਾ ਬਹੁਤ-ਬਹੁਤ ਧੰਨਵਾਦ।

ਆਓ ਹੁਣ ਮੋਢੇਰਾ ਪਿੰਡ ਵਿੱਚ ਵਰਸ਼ਾ ਭੈਣ ਨਾਲ ਵੀ ਗੱਲ ਕਰਾਂਗੇ :

ਵਰਸ਼ਾ ਭੈਣ : ਹੈਲੋ ਨਮਸਤੇ ਸਰ।

ਪ੍ਰਧਾਨ ਮੰਤਰੀ ਜੀ : ਨਮਸਤੇ, ਨਮਸਤੇ ਵਰਸ਼ਾ ਭੈਣ। ਕਿਵੇਂ ਹੋ ਤੁਸੀਂ?

ਵਰਸ਼ਾ ਭੈਣ : ਅਸੀਂ ਬਹੁਤ ਵਧੀਆ ਹਾਂ ਸਰ। ਤੁਸੀਂ ਕਿਵੇਂ ਹੋ?

ਪ੍ਰਧਾਨ ਮੰਤਰੀ ਜੀ : ਮੈਂ ਬਹੁਤ ਵਧੀਆ ਹਾਂ।

ਵਰਸ਼ਾ ਭੈਣ : ਅਸੀਂ ਧਨ ਹੋ ਗਏ ਸਰ ਤੁਹਾਡੇ ਨਾਲ ਗੱਲ ਕਰਕੇ।

ਪ੍ਰਧਾਨ ਮੰਤਰੀ ਜੀ : ਅੱਛਾ ਵਰਸ਼ਾ ਭੈਣ।

ਵਰਸ਼ਾ ਭੈਣ : ਹਾਂ!

ਪ੍ਰਧਾਨ ਮੰਤਰੀ ਜੀ : ਤੁਸੀਂ ਮੋਢੇਰਾ ਵਿੱਚ, ਇੱਕ ਤਾਂ ਫ਼ੌਜੀ ਪਰਿਵਾਰ ਤੋਂ ਹੋ।

ਵਰਸ਼ਾ ਭੈਣ : ਮੈਂ ਫ਼ੌਜੀ ਪਰਿਵਾਰ ਤੋਂ ਹਾਂ ਸਰ, ਸਾਬਕਾ ਫ਼ੌਜੀ ਦੀ ਪਤਨੀ ਬੋਲ ਰਹੀ ਹਾਂ ਸਰ।

ਪ੍ਰਧਾਨ ਮੰਤਰੀ ਜੀ : ਤਾਂ ਪਹਿਲਾਂ ਹਿੰਦੋਸਤਾਨ ਵਿੱਚ ਕਿੱਥੇ-ਕਿੱਥੇ ਜਾਣ ਦਾ ਮੌਕਾ ਮਿਲਿਆ ਤੁਹਾਨੂੰ?

ਵਰਸ਼ਾ ਭੈਣ : ਮੈਨੂੰ ਰਾਜਸਥਾਨ ਵਿੱਚ, ਗਾਂਧੀ ਨਗਰ ਵਿੱਚ, ਕਚਰਾ, ਕਾਂਝੋਰ, ਜੰਮੂ ਹੈ, ਉੱਥੇ ਵੀ ਜਾਣ ਦਾ ਮੌਕਾ ਮਿਲਿਆ, ਨਾਲ ਰਹਿਣ ਦਾ। ਬਹੁਤ ਸੁਵਿਧਾਵਾਂ ਉੱਥੇ ਮਿਲ ਰਹੀਆਂ ਸੀ ਸਰ।

ਪ੍ਰਧਾਨ ਮੰਤਰੀ ਜੀ : ਇਹ ਫੌਜ ਵਿੱਚ ਹੋਣ ਦੇ ਕਾਰਨ ਤੁਸੀਂ ਹਿੰਦੀ ਵੀ ਵਧੀਆ ਬੋਲ ਰਹੇ ਹੋ।

ਵਰਸ਼ਾ ਭੈਣ : ਹਾਂ, ਹਾਂ… ਸਿੱਖੀ ਹੈ ਸਰ ਹਾਂ।

ਪ੍ਰਧਾਨ ਮੰਤਰੀ ਜੀ : ਮੈਨੂੰ ਮੋਢੇਰਾ ਵਿੱਚ ਜੋ ਏਨਾ ਵੱਡਾ ਪਰਿਵਰਤਨ ਆਇਆ, ਇਹ ਸੋਲਰ ਰੂਫ ਟੌਪ ਪਲਾਂਟ ਤੁਸੀਂ ਲਗਵਾ ਲਿਆ ਜੋ ਸ਼ੁਰੂ ਵਿੱਚ ਲੋਕ ਕਹਿ ਰਹੇ ਹੋਣਗੇ, ਉਦੋਂ ਤਾਂ ਤੁਹਾਡੇ ਮਨ ਵਿੱਚ ਆਇਆ ਹੋਵੇਗਾ, ਇਹ ਕੀ ਮਤਲਬ ਹੈ? ਕੀ ਕਰ ਰਹੇ ਹਨ? ਕੀ ਹੋਵੇਗਾ? ਏਦਾਂ ਥੋੜ੍ਹਾ ਬਿਜਲੀ ਆਉਂਦੀ ਹੈ? ਇਹ ਸਭ ਗੱਲਾਂ ਹਨ ਜੋ ਤੁਹਾਡੇ ਮਨ ਵਿੱਚ ਆਈਆਂ ਹੋਣਗੀਆਂ। ਹੁਣ ਕੀ ਅਨੁਭਵ ਹੋ ਰਿਹਾ ਹੈ। ਇਸ ਦਾ ਫਾਇਦਾ ਕੀ ਹੋਇਆ ਹੈ?

ਵਰਸ਼ਾ ਭੈਣ : ਬਹੁਤ ਸਰ… ਫਾਇਦਾ ਤਾਂ ਫਾਇਦਾ ਹੀ ਫਾਇਦਾ ਹੋਇਆ ਹੈ ਸਰ। ਸਰ ਸਾਡੇ ਪਿੰਡ ਵਿੱਚ ਤਾਂ ਰੋਜ਼ ਦੀਵਾਲੀ ਮਨਾਈ ਜਾਂਦੀ ਹੈ, ਤੁਹਾਡੀ ਵਜ੍ਹਾ ਕਰਕੇ। 24 ਘੰਟੇ ਸਾਨੂੰ ਬਿਜਲੀ ਮਿਲ ਰਹੀ ਹੈ, ਬਿਲ ਤਾਂ ਆਉਂਦਾ ਹੀ ਨਹੀਂ ਹੈ ਬਿਲਕੁਲ। ਸਾਡੇ ਘਰ ’ਚ ਅਸੀਂ ਸਾਰੀਆਂ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਲਿਆਂਦੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਅਸੀਂ ”se ਕਰ ਰਹੇ ਹਾਂ ਸਰ, ਤੁਹਾਡੀ ਵਜ੍ਹਾ ਕਰਕੇ ਸਰ। ਬਿਲ ਆਉਂਦਾ ਹੀ ਨਹੀਂ ਹੈ ਤਾਂ ਅਸੀਂ ਫਰੀ ਮਾਈਂਡ ਨਾਲ ਸਭ ਵਰਤ ਸਕਦੇ ਹਾਂ।

ਪ੍ਰਧਾਨ ਮੰਤਰੀ ਜੀ : ਇਹ ਗੱਲ ਸਹੀ ਹੈ, ਤੁਸੀਂ ਬਿਜਲੀ ਦੀ ਜ਼ਿਆਦਾਤਰ ਵਰਤੋਂ ਕਰਨ ਲਈ ਵੀ ਮਨ ਬਣਾ ਲਿਆ ਹੈ।

ਵਰਸ਼ਾ ਭੈਣ : ਬਣਾ ਲਿਆ ਹੈ ਸਰ, ਬਣਾ ਲਿਆ। ਹੁਣ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ। ਅਸੀਂ ਫਰੀ ਮਾਈਂਡ ਨਾਲ ਸਭ ਇਹ ਜੋ ਵਾਸ਼ਿੰਗ ਮਸ਼ੀਨ ਹੈ, ਏ. ਸੀ. ਹੈ ਸਭ ਚਲਾ ਸਕਦੇ ਹਾਂ ਸਰ।

ਪ੍ਰਧਾਨ ਮੰਤਰੀ ਜੀ : ਅਤੇ ਪਿੰਡ ਦੇ ਬਾਕੀ ਲੋਕ ਵੀ ਖੁਸ਼ ਹਨ, ਇਸ ਦੇ ਕਾਰਨ?

ਵਰਸ਼ਾ ਭੈਣ : ਬਹੁਤ-ਬਹੁਤ ਖੁਸ਼ ਹਨ ਸਰ।

ਪ੍ਰਧਾਨ ਮੰਤਰੀ ਜੀ : ਚੰਗਾ ਇਹ ਤੁਹਾਡੇ ਪਤੀਦੇਵ ਤਾਂ ਉੱਥੇ ਸੂਰਜ ਮੰਦਿਰ ਵਿੱਚ ਕੰਮ ਕਰਦੇ ਹਨ ਤਾਂ ਉੱਥੇ ਜੋ ਉਹ ਲਾਈਟ ਸ਼ੋਅ ਹੁੰਦਾ ਏਨਾ ਵੱਡਾ ਈਵੈਂਟ ਹੋਇਆ ਅਤੇ ਦੁਨੀਆ ਭਰ ਦੇ ਮਹਿਮਾਨ ਆ ਰਹੇ ਹਨ।

ਵਰਸ਼ਾ ਭੈਣ : ਦੁਨੀਆ ਭਰ ਦੇ ਫੋਰਨਰਸ ਆ ਸਕਦੇ ਹਨ ਪਰ ਤੁਸੀਂ ਦੁਨੀਆ ਵਿੱਚ ਪ੍ਰਸਿੱਧ ਕਰ ਦਿੱਤਾ ਹੈ ਸਾਡੇ ਪਿੰਡ ਨੂੰ।

ਪ੍ਰਧਾਨ ਮੰਤਰੀ ਜੀ : ਤਾਂ ਤੁਹਾਡੇ ਪਤੀ ਦਾ ਹੁਣ ਕੰਮ ਵਧ ਗਿਆ ਹੋਵੇਗਾ, ਏਨੇ ਮਹਿਮਾਨ ਉੱਥੇ ਮੰਦਿਰ ਵਿੱਚ ਦੇਖਣ ਲਈ ਆ ਰਹੇ ਹਨ।

ਵਰਸ਼ਾ ਭੈਣ : ਹਾਂ ਕੋਈ ਗੱਲ ਨਹੀਂ, ਜਿੰਨਾ ਵੀ ਕੰਮ ਵਧੇ ਸਰ ਕੋਈ ਗੱਲ ਨਹੀਂ। ਇਸ ਦੀ ਸਾਨੂੰ ਕੋਈ ਦਿੱਕਤ ਨਹੀਂ ਹੈ ਮੇਰੇ ਪਤੀ ਨੂੰ, ਬਸ ਤੁਸੀਂ ਵਿਕਾਸ ਕਰਦੇ ਜਾਓ ਸਾਡੇ ਪਿੰਡ ਦਾ।

ਪ੍ਰਧਾਨ ਮੰਤਰੀ ਜੀ : ਹੁਣ ਪਿੰਡ ਦਾ ਵਿਕਾਸ ਤਾਂ ਅਸੀਂ ਸਭ ਨੇ ਮਿਲ ਕੇ ਕਰਨਾ ਹੈ।

ਵਰਸ਼ਾ ਭੈਣ : ਹਾਂ ਸਰ… ਅਸੀਂ ਤੁਹਾਡੇ ਨਾਲ ਹਾਂ।

ਪ੍ਰਧਾਨ ਮੰਤਰੀ ਜੀ : ਹੋਰ ਮੈਂ ਤਾਂ ਮੋਢੇਰਾ ਦੇ ਲੋਕਾਂ ਦਾ ਧੰਨਵਾਦ ਕਰਾਂਗਾ, ਕਿਉਂਕਿ ਪਿੰਡ ਨੇ ਇਸ ਯੋਜਨਾ ਨੂੰ ਸਵੀਕਾਰ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਹੋ ਗਿਆ ਕਿ ਹਾਂ ਅਸੀਂ ਆਪਣੇ ਘਰ ਵਿੱਚ ਬਿਜਲੀ ਬਣਾ ਸਕਦੇ ਹਾਂ।

ਵਰਸ਼ਾ ਭੈਣ : 24 ਘੰਟੇ ਸਰ ਸਾਡੇ ਘਰ ਵਿੱਚ ਬਿਜਲੀ ਆਉਂਦੀ ਹੈ ਅਤੇ ਅਸੀਂ ਬਹੁਤ ਖੁਸ਼ ਹਾਂ।

ਪ੍ਰਧਾਨ ਮੰਤਰੀ ਜੀ : ਚਲੋ ਮੇਰੇ ਵੱਲੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਜੋ ਪੈਸੇ ਬਚੇ ਹਨ, ਉਨ੍ਹਾਂ ਦੀ ਬੱਚਿਆਂ ਦੀ ਭਲਾਈ ਦੇ ਲਈ ਵਰਤੋਂ ਕਰੋ। ਉਨ੍ਹਾਂ ਪੈਸਿਆਂ ਦੀ ਵਰਤੋਂ ਚੰਗੀ ਹੋਵੇ ਤਾਂ ਜੋ ਤੁਹਾਡੇ ਜੀਵਨ ਨੂੰ ਫਾਇਦਾ ਹੋਵੇ। ਮੇਰੇ ਵੱਲੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ ਅਤੇ ਸਭ ਮੋਢੇਰਾ ਵਾਲਿਆਂ ਨੂੰ ਮੇਰਾ ਨਮਸਕਾਰ।

ਸਾਥੀਓ, ਵਰਸ਼ਾ ਭੈਣ ਅਤੇ ਵਿਪਿਨ ਭਾਈ ਨੇ ਜੋ ਦੱਸਿਆ ਹੈ, ਉਹ ਪੂਰੇ ਦੇਸ਼ ਦੇ ਲਈ, ਪਿੰਡਾਂ-ਸ਼ਹਿਰਾਂ ਦੇ ਲਈ ਇੱਕ ਪ੍ਰੇਰਣਾ ਹੈ। ਮੋਢੇਰਾ ਦਾ ਇਹ ਅਨੁਭਵ ਪੂਰੇ ਦੇਸ਼ ਵਿੱਚ ਦੁਹਰਾਇਆ ਜਾ ਸਕਦਾ ਹੈ। ਸੂਰਜ ਦੀ ਸ਼ਕਤੀ ਹੁਣ ਪੈਸੇ ਵੀ ਬਚਾਵੇਗੀ ਅਤੇ ਆਮਦਨ ਵੀ ਵਧਾਵੇਗੀ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ ਇੱਕ ਸਾਥੀ ਹਨ ਮੰਜ਼ੂਰ ਅਹਿਮਦ ਲਹਰਵਾਲ। ਕਸ਼ਮੀਰ ਵਿੱਚ ਸਰਦੀਆਂ ਦੇ ਕਾਰਨ ਬਿਜਲੀ ਦਾ ਖਰਚਾ ਕਾਫੀ ਹੁੰਦਾ ਹੈ, ਇਸ ਕਾਰਨ ਮੰਜ਼ੂਰ ਜੀ ਦਾ ਬਿਜਲੀ ਦਾ ਬਿਲ ਵੀ 4000 ਰੁਪਏ ਤੋਂ ਜ਼ਿਆਦਾ ਆਉਂਦਾ ਸੀ ਪਰ ਜਦੋਂ ਤੋਂ ਮੰਜ਼ੂਰ ਜੀ ਨੇ ਆਪਣੇ ਘਰ ’ਤੇ ਸੋਲਰ ਰੂਫ ਟੌਪ ਪਲਾਂਟ ਲਗਵਾਇਆ ਹੈ, ਉਨ੍ਹਾਂ ਦਾ ਖਰਚਾ ਅੱਧੇ ਤੋਂ ਵੀ ਘੱਟ ਹੋ ਗਿਆ ਹੈ। ਏਦਾਂ ਹੀ ਓਡੀਸ਼ਾ ਦੀ ਇੱਕ ਬੇਟੀ ਕੁੰਨੀ ਦੇਓਰੀ ਸੌਰ ਊਰਜਾ ਨੂੰ ਆਪਣੇ ਨਾਲ-ਨਾਲ ਦੂਸਰੀਆਂ ਮਹਿਲਾਵਾਂ ਦੇ ਰੋਜ਼ਗਾਰ ਦਾ ਮਾਧਿਅਮ ਬਣਾ ਰਹੀ ਹੈ। ਕੁੰਨੀ ਓਡੀਸ਼ਾ ਦੇ ਕੇਂਦੂਝਰ ਜ਼ਿਲ੍ਹੇ ਦੇ ਕਰਦਾਪਾਲ ਪਿੰਡ ਵਿੱਚ ਰਹਿੰਦੀ ਹੈ। ਉਹ ਆਦਿਵਾਸੀ ਮਹਿਲਾਵਾਂ ਨੂੰ ਸੋਲਰ ਨਾਲ ਚੱਲਣ ਵਾਲੀ ਰੀਲਿੰਗ ਮਸ਼ੀਨ ’ਤੇ ਸਿਲਕ ਦੀ ਕਤਾਈ ਦੀ ਟਰੇਨਿੰਗ ਦਿੰਦੀ ਹੈ। ਸੋਲਰ ਮਸ਼ੀਨ ਦੇ ਕਾਰਨ ਇਨ੍ਹਾਂ ਆਦਿਵਾਸੀ ਮਹਿਲਾਵਾਂ ’ਤੇ ਬਿਜਲੀ ਦੇ ਬਿਲ ਦਾ ਬੋਝ ਨਹੀਂ ਪੈਂਦਾ ਅਤੇ ਉਨ੍ਹਾਂ ਦੀ ਆਮਦਨੀ ਹੋ ਰਹੀ ਹੈ। ਇਹ ਸੂਰਜ ਦੇਵਤਾ ਦੀ ਸੌਰ ਊਰਜਾ ਦਾ ਵਰਦਾਨ ਹੀ ਤਾਂ ਹੈ। ਵਰਦਾਨ ਅਤੇ ਪ੍ਰਸ਼ਾਦ ਦਾ ਜਿੰਨਾ ਵਿਸਤਾਰ ਹੋਵੇ, ਉਤਨਾ ਹੀ ਚੰਗਾ ਹੁੰਦਾ ਹੈ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਵਿੱਚ ਜੁੜੋ ਅਤੇ ਦੂਸਰਿਆਂ ਨੂੰ ਵੀ ਜੋੜੋ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ ਤੁਹਾਡੇ ਨਾਲ ਸੂਰਜ ਦੀਆਂ ਗੱਲਾਂ ਕਰ ਰਿਹਾ ਸੀ। ਹੁਣ ਮੇਰਾ ਧਿਆਨ ਸਪੇਸ ਵੱਲ ਜਾ ਰਿਹਾ ਹੈ। ਇਹ ਇਸ ਲਈ ਕਿਉਂਕਿ ਸਾਡਾ ਦੇਸ਼ ਸੋਲਰ ਸੈਕਟਰ ਦੇ ਨਾਲ ਹੀ ਸਪੇਸ ਸੈਕਟਰ ਵਿੱਚ ਵੀ ਕਮਾਲ ਕਰ ਰਿਹਾ ਹੈ। ਪੂਰੀ ਦੁਨੀਆ ਅੱਜ ਭਾਰਤ ਦੀਆਂ ਪ੍ਰਾਪਤੀਆਂ ਦੇਖ ਕੇ ਹੈਰਾਨ ਹੈ। ਇਸ ਲਈ ਮੈਂ ਸੋਚਿਆ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਇਹ ਦੱਸ ਕੇ ਮੈਂ ਉਨ੍ਹਾਂ ਦੀ ਵੀ ਖੁਸ਼ੀ ਵਧਾਵਾਂ।

ਸਾਥੀਓ, ਹੁਣ ਤੋਂ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਨੇ ਇਕੱਠੇ 36 ਸੈਟੇਲਾਈਟਸ ਨੂੰ ਅੰਤ੍ਰਿਕਸ਼ ’ਚ ਸਥਾਪਿਤ ਕੀਤਾ ਹੈ। ਦੀਵਾਲੀ ਤੋਂ ਠੀਕ ਇੱਕ ਦਿਨ ਪਹਿਲਾਂ ਮਿਲੀ ਇਹ ਸਫਲਤਾ ਇੱਕ ਤਰ੍ਹਾਂ ਨਾਲ ਇਹ ਸਾਡੇ ਨੌਜਵਾਨਾਂ ਵੱਲੋਂ ਦੇਸ਼ ਨੂੰ ਇੱਕ ਸਪੈਸ਼ਲ ਦੀਵਾਲੀ ਗਿਫਟ ਹੈ। ਇਸ ਲਾਂਚਿੰਗ ਤੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਕੱਛ ਤੋਂ ਕੋਹਿਮਾ ਤੱਕ ਪੂਰੇ ਦੇਸ਼ ’ਚ ਡਿਜੀਟਲ ਕੁਨੈਕਟੀਵਿਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਦੀ ਮਦਦ ਨਾਲ ਬਹੁਤ ਹੀ ਦੂਰ-ਦੁਰਾਡੇ ਦੇ ਇਲਾਕੇ ਵੀ ਦੇਸ਼ ਦੇ ਬਾਕੀ ਹਿੱਸਿਆਂ ਨਾਲ ਹੋਰ ਅਸਾਨੀ ਨਾਲ ਜੁੜ ਜਾਣਗੇ। ਦੇਸ਼ ਜਦੋਂ ਸਵੈ-ਨਿਰਭਰ ਹੁੰਦਾ ਹੈ ਤਾਂ ਕਿਵੇਂ ਸਫਲਤਾ ਦੀ ਨਵੀਂ ਉਚਾਈ ’ਤੇ ਪਹੁੰਚਦਾ ਹੈ, ਇਹ ਇਸ ਦਾ ਵੀ ਇੱਕ ਉਦਾਹਰਣ ਹੈ। ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਉਹ ਪੁਰਾਣਾ ਸਮਾਂ ਵੀ ਯਾਦ ਆ ਰਿਹਾ ਹੈ, ਜਦੋਂ ਭਾਰਤ ਨੂੰ ਕਿਰਿਓਜਨਿਕ ਰਾਕੇਟ ਟੈਕਨਾਲੋਜੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਪਰ ਭਾਰਤ ਦੇ ਵਿਗਿਆਨੀਆਂ ਨੇ ਨਾ ਸਿਰਫ ਸਵਦੇਸ਼ੀ ਟੈਕਨਾਲੋਜੀ ਵਿਕਸਿਤ ਕੀਤੀ, ਬਲਕਿ ਅੱਜ ਇਸ ਦੀ ਮਦਦ ਨਾਲ ਇੱਕੋ ਸਮੇਂ ਦਰਜਨਾਂ ਸੈਟੇਲਾਈਟਸ ਅੰਤ੍ਰਿਕਸ਼ ’ਚ ਭੇਜ ਰਿਹਾ ਹੈ। ਇਸ ਲਾਂਚਿੰਗ ਦੇ ਨਾਲ ਭਾਰਤ ਗਲੋਬਲ ਕਮਰਸ਼ੀਅਲ ਮਾਰਕੀਟ ਵਿੱਚ ਇੱਕ ਮਜ਼ਬੂਤ ਖਿਡਾਰੀ ਬਣ ਕੇ ਉੱਭਰਿਆ ਹੈ। ਇਸ ਨਾਲ ਅੰਤ੍ਰਿਕਸ਼ ਦੇ ਖੇਤਰ ਵਿੱਚ ਭਾਰਤ ਦੇ ਲਈ ਅਵਸਰਾਂ ਦੇ ਨਵੇਂ ਦਰਵਾਜ਼ੇ ਵੀ ਖੁੱਲ੍ਹੇ ਹਨ।

ਸਾਥੀਓ, ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਚੱਲ ਰਿਹਾ ਸਾਡਾ ਦੇਸ਼ ਸਭ ਦੇ ਯਤਨਾਂ ਨਾਲ ਹੀ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰ ਸਕਦਾ ਹੈ। ਭਾਰਤ ਵਿੱਚ ਪਹਿਲਾ ਸਪੇਸ ਸੈਕਟਰ, ਸਰਕਾਰੀ ਵਿਵਸਥਾਵਾਂ ਦੇ ਦਾਇਰੇ ਵਿੱਚ ਹੀ ਸਿਮਟਿਆ ਹੋਇਆ ਸੀ, ਜਦੋਂ ਇਹ ਸਪੇਸ ਸੈਕਟਰ ਭਾਰਤ ਦੇ ਨੌਜਵਾਨਾਂ ਲਈ, ਭਾਰਤ ਦੇ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹ ਦਿੱਤਾ ਗਿਆ, ਉਦੋਂ ਤੋਂ ਇਸ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਉਣ ਲਗੇ ਹਨ। ਭਾਰਤੀ ਇੰਡਸਟਰੀ ਅਤੇ ਸਟਾਰਟ ਅੱਪਸ ਇਸ ਖੇਤਰ ਵਿੱਚ ਨਵੇਂ-ਨਵੇਂ ਇਨਵੈਨਸ਼ਨਜ਼ ਅਤੇ ਨਵੀਆਂ-ਨਵੀਆਂ ਟੈਕਨਾਲੋਜੀਸ ਲਿਆਉਣ ਵਿੱਚ ਲਗੇ ਹੋਏ ਹਨ। ਖਾਸਕਰ ਆਈ. ਐੱਨ.-ਸਪੇਸ ਦੇ ਸਹਿਯੋਗ ਨਾਲ ਇਸ ਖੇਤਰ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਆਈ. ਐੱਨ.-ਸਪੇਸ ਦੇ ਜ਼ਰੀਏ ਗੈਰ-ਸਰਕਾਰੀ ਕੰਪਨੀਆਂ ਨੂੰ ਵੀ ਆਪਣੇ ਪੇਲੋਡਸ ਅਤੇ ਸੈਟੇਲਾਈਟ ਲਾਂਚ ਕਰਨ ਦੀ ਸੁਵਿਧਾ ਮਿਲ ਰਹੀ ਹੈ। ਮੈਂ ਜ਼ਿਆਦਾ ਤੋਂ ਜ਼ਿਆਦਾ ਸਟਾਰਟ ਅੱਪਸ ਅਤੇ 9nnovators ਨੂੰ ਬੇਨਤੀ ਕਰਾਂਗਾ ਕਿ ਉਹ ਸਪੇਸ ਸੈਕਟਰ ਵਿੱਚ ਭਾਰਤ ’ਚ ਬਣ ਰਹੇ ਇਨ੍ਹਾਂ ਵੱਡੇ ਅਵਸਰਾਂ ਦਾ ਪੂਰਾ ਲਾਭ ਉਠਾਉਣ।

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਵਿਦਿਆਰਥੀਆਂ ਦੀ ਗੱਲ ਆਵੇ, ਨੌਜਵਾਨ ਸ਼ਕਤੀ ਦੀ ਗੱਲ ਆਵੇ, ਅਗਵਾਈ ਸ਼ਕਤੀ ਦੀ ਗੱਲ ਆਵੇ ਤਾਂ ਸਾਡੇ ਮਨ ਵਿੱਚ ਘਸੀਆਂ-ਪਿਟੀਆਂ ਪੁਰਾਣੀਆਂ ਬਹੁਤ ਸਾਰੀਆਂ ਧਾਰਨਾਵਾਂ ਘਰ ਕਰ ਗਈਆਂ ਹਨ। ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦੋਂ ਸਟੂਡੈਂਟ ਪਾਵਰ ਦੀ ਗੱਲ ਹੁੰਦੀ ਹੈ ਤਾਂ ਇਸ ਨੂੰ ਵਿਦਿਆਰਥੀ ਸੰਗਠਨ ਚੋਣਾਂ ਨਾਲ ਜੋੜ ਕੇ ਇਸ ਦਾ ਦਾਇਰਾ ਸੀਮਿਤ ਕਰ ਦਿੱਤਾ ਜਾਂਦਾ ਹੈ ਪਰ ਸਟੂਡੈਂਟ ਪਾਵਰ ਦਾ ਦਾਇਰਾ ਬਹੁਤ ਵੱਡਾ ਹੈ, ਬਹੁਤ ਵਿਸ਼ਾਲ ਹੈ। ਸਟੂਡੈਂਟ ਪਾਵਰ ਭਾਰਤ ਨੂੰ ਪਾਵਰਫੁਲ ਬਣਾਉਣ ਦਾ ਅਧਾਰ ਹੈ। ਆਖਿਰ ਅੱਜ ਜੋ ਨੌਜਵਾਨ ਹਨ, ਉਹ ਹੀ ਤਾਂ ਭਾਰਤ ਨੂੰ 2047 ਤੱਕ ਲੈ ਕੇ ਜਾਣਗੇ। ਜਦੋਂ ਭਾਰਤ ਸ਼ਤਾਬਦੀ ਮਨਾਏਗਾ, ਨੌਜਵਾਨਾਂ ਦੀ ਇਹ ਸ਼ਕਤੀ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦਾ ਪਸੀਨਾ, ਉਨ੍ਹਾਂ ਦਾ ਹੁਨਰ ਭਾਰਤ ਨੂੰ ਉਸ ਉਚਾਈ ’ਤੇ ਲੈ ਕੇ ਜਾਏਗਾ, ਜਿਸ ਦਾ ਸੰਕਲਪ ਦੇਸ਼ ਅੱਜ ਲੈ ਰਿਹਾ ਹੈ। ਸਾਡੇ ਅੱਜ ਦੇ ਨੌਜਵਾਨ, ਜਿਸ ਤਰ੍ਹਾਂ ਦੇਸ਼ ਦੇ ਲਈ ਕੰਮ ਕਰ ਰਹੇ ਹਨ, ਨੇਸ਼ਨ ਬਿਲਡਿੰਗ ਵਿੱਚ ਜੁਟ ਗਏ ਹਨ, ਇਹ ਦੇਖ ਕੇ ਮੈਂ ਬਹੁਤ ਭਰੋਸੇ ਨਾਲ ਭਰਿਆ ਹੋਇਆ ਹਾਂ। ਜਿਸ ਤਰ੍ਹਾਂ ਸਾਡੇ ਨੌਜਵਾਨ ਹੈਕਾਥਾਂਸ ਵਿੱਚ ਪ੍ਰੋਬਲਮ ਸੋਲਵ ਕਰਦੇ ਹਨ। ਰਾਤ-ਰਾਤ ਭਰ ਜਾਗ ਕੇ ਘੰਟਿਆਂਬੱਧੀ ਕੰਮ ਕਰਦੇ ਹਨ, ਇਹ ਬਹੁਤ ਹੀ ਪ੍ਰੇਰਣਾ ਦੇਣ ਵਾਲਾ ਹੈ। ਬੀਤੇ ਸਾਲ ਵਿੱਚ ਹੋਈ ਇੱਕ ਹੈਕਾਥਾਂਸ ਨੇ ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਮਿਲ ਕੇ ਬਹੁਤ ਸਾਰੇ ਚੈਲੰਜਿਸ ਨੂੰ ਨੇਪਰੇ ਚਾੜਿ੍ਹਆ ਹੈ। ਦੇਸ਼ ਨੂੰ ਨਵੇਂ ਸਲਿਊਸ਼ਨ ਦਿੱਤੇ ਹਨ।

ਸਾਥੀਓ, ਤੁਹਾਨੂੰ ਯਾਦ ਹੋਵੇਗਾ ਮੈਂ ਲਾਲ ਕਿਲ੍ਹੇ ਤੋਂ ‘ਜੈ ਅਨੁਸੰਧਾਨ’ ਦਾ ਨਾਰਾ ਦਿੱਤਾ ਸੀ, ਮੈਂ ਇਸ ਦਹਾਕੇ ਨੂੰ ਭਾਰਤ ਦਾ “echade ਬਣਾਉਣ ਦੀ ਗੱਲ ਵੀ ਕੀਤੀ ਸੀ। ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲਗਿਆ, ਇਸ ਦੀ ਕਮਾਨ ਸਾਡੀ 99“s ਦੇ ਵਿਦਿਆਰਥੀਆਂ ਨੇ ਵੀ ਸੰਭਾਲ਼ ਲਈ ਹੈ। ਇਸੇ ਮਹੀਨੇ 14-15 ਅਕਤੂਬਰ ਨੂੰ ਸਾਰੇ 23 99“s ਆਪਣੇ ਇਨੋਵੇਸ਼ਨਸ ਅਤੇ ਰੀਸਰਚ ਪ੍ਰੋਜੈਕਟ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਪਹਿਲੀ ਵਾਰ ਇੱਕ ਮੰਚ ’ਤੇ ਆਏ। ਇਸ ਮੇਲੇ ਵਿੱਚ ਦੇਸ਼ ਭਰ ਤੋਂ ਚੁਣ ਕੇ ਆਏ ਵਿਦਿਆਰਥੀਆਂ ਅਤੇ ਰੀਸਰਚਰਸ, ਉਨ੍ਹਾਂ ਨੇ 75 ਤੋਂ ਵੱਧ ਬਿਹਤਰੀਨ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕੀਤਾ। ਹੈਲਥ ਕੇਅਰ, ਐਗਰੀਕਲਚਰ, ਰੋਬੋਟਿਕਸ, ਸੈਮੀਕੰਡਕਟਰਸ, 5-ਜੀ ਕਮਿਊਨੀਕੇਸ਼ਨਸ, ਅਜਿਹੀਆਂ ਢੇਰ ਸਾਰੀਆਂ ਥੀਮਸ ’ਤੇ ਇਹ ਪ੍ਰੋਜੈਕਟ ਬਣਾਏ ਗਏ ਸੀ। ਵੈਸੇ ਤਾਂ ਇਹ ਸਾਰੇ ਪ੍ਰੋਜੈਕਟ ਹੀ ਇੱਕ ਤੋਂ ਵਧ ਕੇ ਇੱਕ ਸਨ ਪਰ ਮੈਂ ਕੁਝ ਪ੍ਰੋਜੈਕਟਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਜਿਵੇਂ 99“ ਭੁਵਨੇਸ਼ਵਰ ਦੀ ਇੱਕ ਟੀਮ ਨੇ ਨਵਜਨਮੇ ਬੱਚਿਆਂ ਦੇ ਲਈ ਪੋਰਟੇਬਲ ਵੈਂਟੀਲੇਟਰ ਵਿਕਸਿਤ ਕੀਤਾ ਹੈ, ਇਹ ਬੈਟਰੀ ਨਾਲ ਚੱਲਦਾ ਹੈ ਅਤੇ ਇਸ ਦੀ ਵਰਤੋਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਅਸਾਨੀ ਨਾਲ ਕੀਤੀ ਜਾ ਸਕਦੀ ਹੈ, ਇਹ ਉਨ੍ਹਾਂ ਬੱਚਿਆਂ ਦਾ ਜੀਵਨ ਬਚਾਉਣ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਸਕਦਾ ਹੈ, ਜਿਨ੍ਹਾਂ ਦਾ ਜਨਮ ਮਿਥੇ ਸਮੇਂ ਤੋਂ ਪਹਿਲਾਂ ਹੋ ਜਾਂਦਾ ਹੈ। ਇਲੈਕਟ੍ਰਿਕ ਮੋਬਿਲਟੀ ਹੋਵੇ, ਡ੍ਰੋਨ ਟੈਕਨਾਲੋਜੀ ਹੋਵੇ, 5-ਜੀ ਹੋਵੇ ਸਾਡੇ ਬਹੁਤ ਸਾਰੇ ਵਿਦਿਆਰਥੀ ਇਸ ਨਾਲ ਜੁੜੀ ਨਵੀਂ ਟੈਕਨਾਲੋਜੀ ਵਿਕਸਿਤ ਕਰਨ ਵਿੱਚ ਜੁਟੇ ਹਨ। ਬਹੁਤ ਸਾਰੀਆਂ 99“s ਮਿਲ ਕੇ ਇੱਕ ਬਹੁਤ-ਭਾਸ਼ਾਈ ਪ੍ਰੋਜੈਕਟ ’ਤੇ ਵੀ ਕੰਮ ਕਰ ਰਹੀਆਂ ਹਨ ਜੋ ਖੇਤਰੀ ਭਾਸ਼ਾਵਾਂ ਨੂੰ ਸਿੱਖਣ ਦੇ ਤਰੀਕੇ ਨੂੰ ਅਸਾਨ ਬਣਾਉਂਦਾ ਹੈ। ਇਹ ਪ੍ਰੋਜੈਕਟ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਉਨ੍ਹਾਂ ਟੀਚਿਆਂ ਦੀ ਪ੍ਰਾਪਤੀ ਵਿੱਚ ਵੀ ਬਹੁਤ ਮਦਦ ਕਰੇਗਾ। ਤੁਹਾਨੂੰ ਇਹ ਜਾਣ ਕੇ ਵੀ ਚੰਗਾ ਲਗੇਗਾ ਕਿ 99“ ਮਦਰਾਸ ਅਤੇ 99“ ਕਾਨਪੁਰ ਨੇ ਭਾਰਤ ਦੇ ਸਵਦੇਸ਼ੀ 5-ਜੀ ਟੈਸਟ ਬੈਡ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਿਸ਼ਚਿਤ ਰੂਪ ਵਿੱਚ ਇਹ ਇੱਕ ਸ਼ਾਨਦਾਰ ਸ਼ੁਰੂਆਤ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕਈ ਹੋਰ ਯਤਨ ਦੇਖਣ ਨੂੰ ਮਿਲਣਗੇ। ਮੈਨੂੰ ਇਹ ਵੀ ਉਮੀਦ ਹੈ ਕਿ 99“s ਤੋਂ ਪ੍ਰੇਰਣਾ ਲੈ ਕੇ ਦੂਸਰੇ ਇੰਸਟੀਟਿਊਸ਼ਨਸ ਵੀ ਅਨੁਸੰਧਾਨ ਅਤੇ ਵਿਕਾਸ ਨਾਲ ਜੁੜੀਆਂ ਆਪਣੀ ਐਕਟੀਵਿਟੀਜ਼ ਵਿੱਚ ਤੇਜ਼ੀ ਲਿਆਉਣਗੇ।

ਮੇਰੇ ਪਿਆਰੇ ਦੇਸ਼ਵਾਸੀਓ, ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲਤਾ ਸਾਡੇ ਸਮਾਜ ਦੇ ਕਣ-ਕਣ ਵਿੱਚ ਸਮਾਈ ਹੈ ਅਤੇ ਇਸ ਨੂੰ ਅਸੀਂ ਆਪਣੇ ਚਾਰੇ ਪਾਸੇ ਮਹਿਸੂਸ ਕਰ ਸਕਦੇ ਹਾਂ। ਦੇਸ਼ ਵਿੱਚ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਵਾਤਾਵਰਣ ਦੀ ਰੱਖਿਆ ਦੇ ਲਈ ਆਪਣਾ ਜੀਵਨ ਖਪਾ ਦਿੰਦੇ ਹਨ।

ਕਰਨਾਟਕਾ ਦੇ ਬੈਂਗਲੂਰੂ ਵਿੱਚ ਰਹਿਣ ਵਾਲੇ ਸੁਰੇਸ਼ ਕੁਮਾਰ ਜੀ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਵਿੱਚ ਕੁਦਰਤ ਅਤੇ ਵਾਤਾਵਰਣ ਦੀ ਰੱਖਿਆ ਦੇ ਲਈ ਗਜ਼ਬ ਦਾ ਜਨੂੰਨ ਹੈ। 20 ਸਾਲ ਪਹਿਲਾਂ ਉਨ੍ਹਾਂ ਨੇ ਸ਼ਹਿਰ ਦੇ ਸਹਿਕਾਰ ਨਗਰ ਦੇ ਇੱਕ ਜੰਗਲ ਨੂੰ ਫਿਰ ਤੋਂ ਹਰਿਆ-ਭਰਿਆ ਕਰਨ ਦਾ ਬੀੜਾ ਚੁੱਕਿਆ ਸੀ। ਇਹ ਕੰਮ ਮੁਸ਼ਕਿਲਾਂ ਨਾਲ ਭਰਿਆ ਸੀ ਪਰ 20 ਸਾਲ ਪਹਿਲਾਂ ਲਗਾਏ ਗਏ ਉਹ ਪੌਦੇ ਅੱਜ 40-40 ਫੁੱਟ ਉੱਚੇ ਅਤੇ ਫੈਲੇ ਹੋਏ ਦਰੱਖਤ ਬਣ ਚੁੱਕੇ ਹਨ, ਹੁਣ ਉਨ੍ਹਾਂ ਦੀ ਸੁੰਦਰਤਾ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਇਸ ਨਾਲ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ। ਸੁਰੇਸ਼ ਕੁਮਾਰ ਜੀ ਇੱਕ ਹੋਰ ਅਦਭੁਤ ਕੰਮ ਵੀ ਕਰਦੇ ਹਨ, ਉਨ੍ਹਾਂ ਨੇ ਕੰਨੜ੍ਹਾ ਭਾਸ਼ਾ ਅਤੇ ਸੰਸਕ੍ਰਿਤ ਨੂੰ ਬੜ੍ਹਾਵਾ ਦੇਣ ਦੇ ਲਈ ਸਹਿਕਾਰ ਨਗਰ ਵਿੱਚ ਇੱਕ ਬੱਸ ਸ਼ੈਲਟਰ ਵੀ ਬਣਾਇਆ ਹੈ। ਉਹ ਸੈਂਕੜੇ ਲੋਕਾਂ ਨੂੰ ਕੰਨੜ੍ਹਾ ਵਿੱਚ ਲਿਖੀ ਬਰਾਸ ਪਲੇਟਸ ਵੀ ਭੇਂਟ ਕਰ ਚੁੱਕੇ ਹਨ। ਇਕੋਲੌਜੀ ਅਤੇ ਕਲਚਰ ਦੋਵੇਂ ਨਾਲ-ਨਾਲ ਅੱਗੇ ਵਧਣ ਅਤੇ ਵਧਣ-ਫੁਲਣ, ਸੋਚੋ ਇਹ ਕਿੰਨੀ ਵੱਡੀ ਗੱਲ ਹੈ।

ਸਾਥੀਓ, ਅੱਜ ਈਕੋ ਫਰੈਂਡਲੀ ਲਿਵਿੰਗ ਅਤੇ ਈਕੋ ਫਰੈਂਡਲੀ ਪ੍ਰੋਡੱਕਟਸ ਨੂੰ ਲੈ ਕੇ ਲੋਕਾਂ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਜਾਗਰੂਕਤਾ ਦਿਸ ਰਹੀ ਹੈ। ਮੈਨੂੰ ਤਮਿਲ ਨਾਡੂ ਦੇ ਇੱਕ ਅਜਿਹੇ ਹੀ ਦਿਲਚਸਪ ਯਤਨ ਦੇ ਬਾਰੇ ਵਿੱਚ ਜਾਨਣ ਦਾ ਮੌਕਾ ਮਿਲਿਆ। ਇਹ ਸ਼ਾਨਦਾਰ ਯਤਨ ਕੋਇੰਬਟੂਰ ਦੇ ਅਨਾਈਕੱਟੀ ਵਿੱਚ ਆਦਿਵਾਸੀ ਮਹਿਲਾਵਾਂ ਦੀ ਇੱਕ ਟੀਮ ਦਾ ਹੈ। ਇਨ੍ਹਾਂ ਮਹਿਲਾਵਾਂ ਨੇ ਨਿਰਯਾਤ ਦੇ ਲਈ 10 ਹਜ਼ਾਰ ਈਕੋ ਫਰੈਂਡਲੀ ਟੇਰਾਕੋਟਾ ਟੀ-ਕੱਪਸ ਦਾ ਨਿਰਮਾਣ ਕੀਤਾ। ਕਮਾਲ ਦੀ ਗੱਲ ਤਾਂ ਇਹ ਹੈ ਕਿ ਟੇਰਾਕੋਟਾ ਟੀ-ਕੱਪਸ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਇਨ੍ਹਾਂ ਮਹਿਲਾਵਾਂ ਨੇ ਖ਼ੁਦ ਹੀ ਚੁੱਕੀ। ਕਲੇਅ-ਮਿਕਸਿੰਗ ਤੋਂ ਲੈ ਕੇ ਫਾਈਨਲ ਪੈਕੇਜਿੰਗ ਤੱਕ ਸਾਰੇ ਕੰਮ ਖ਼ੁਦ ਕੀਤੇ। ਇਸ ਦੇ ਲਈ ਉਨ੍ਹਾਂ ਨੇ ਟਰੇਨਿੰਗ ਵੀ ਲਈ ਸੀ। ਇਸ ਅਦਭੁਤ ਯਤਨ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਘੱਟ ਹੈ।

ਸਾਥੀਓ, ਤ੍ਰਿਪੁਰਾ ਦੇ ਕੁਝ ਪਿੰਡਾਂ ਨੇ ਵੀ ਬੜੀ ਚੰਗੀ ਸਿੱਖਿਆ ਦਿੱਤੀ ਹੈ। ਤੁਸੀਂ ਲੋਕਾਂ ਨੇ ਬਾਇਓਵਿਲਿਜ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਤ੍ਰਿਪੁਰਾ ਦੇ ਕੁਝ ਪਿੰਡ ਬਾਇਓਵਿਲਿਜ-2 ਦੀ ਪੌੜੀ ਚੜ੍ਹ ਗਏ ਹਨ। ਬਾਇਓਵਿਲਿਜ-2 ਵਿੱਚ ਇਸ ਗੱਲ ’ਤੇ ਜ਼ੋਰ ਹੁੰਦਾ ਹੈ ਕਿ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਘੱਟ ਤੋਂ ਘੱਟ ਕੀਤਾ ਜਾਵੇ। ਇਸ ਵਿੱਚ ਵੱਖਰੇ ਉਪਾਅ ਨਾਲ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ’ਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ। ਸੋਲਰ ਐਨਰਜੀ, ਬਾਇਓ ਗੈਸ, ਬੀ-ਕੀਪਿੰਗ ਅਤੇ ਬਾਇਓ ਫਰਟੀਲਾਈਜ਼ਰਸ ਇਹ ਸਭ ’ਤੇ ਪੂਰਾ ਧਿਆਨ ਰਹਿੰਦਾ ਹੈ। ਕੁਲ ਮਿਲਾ ਕੇ ਜੇ ਦੇਖੀਏ ਤਾਂ ਜਲਵਾਯੂ ਪਰਿਵਰਤਨ ਦੇ ਖ਼ਿਲਾਫ਼ ਅਭਿਆਨ ਨੂੰ ਬਾਇਓਵਿਲੀਜ-2 ਬਹੁਤ ਮਜ਼ਬੂਤੀ ਦੇਣ ਵਾਲਾ ਹੈ। ਮੈਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਵਧ ਰਹੇ ਉਤਸ਼ਾਹ ਨੂੰ ਦੇਖ ਕੇ ਬਹੁਤ ਹੀ ਖੁਸ਼ ਹਾਂ। ਕੁਝ ਦਿਨ ਪਹਿਲਾਂ ਹੀ ਭਾਰਤ ਵਿੱਚ ਵਾਤਾਵਰਣ ਦੀ ਰੱਖਿਆ ਦੇ ਲਈ ਸਮਰਪਿਤ ਮਿਸ਼ਨ ਲਾਈਫ ਨੂੰ ਵੀ ਲਾਂਚ ਕੀਤਾ ਗਿਆ ਹੈ। ਮਿਸ਼ਨ ਲਾਈਫ ਦਾ ਸਿੱਧਾ ਸਿਧਾਂਤ ਹੈ, ਅਜਿਹੀ ਜੀਵਨ ਸ਼ੈਲੀ, ਅਜਿਹੇ ਲਾਈਫ ਸਟਾਈਲ ਨੂੰ ਵਧਾਉਣਾ ਜੋ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਵੇ। ਮੇਰੀ ਬੇਨਤੀ ਹੈ ਕਿ ਤੁਸੀਂ ਵੀ ਮਿਸ਼ਨ ਲਾਈਫ ਨੂੰ ਜਾਣੋ, ਉਸ ਨੂੰ ਅਪਣਾਉਣ ਦਾ ਯਤਨ ਕਰੋ।

ਸਾਥੀਓ, ਕੱਲ੍ਹ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਹੈ। ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਨਮ ਜਯੰਤੀ ਦਾ ਪਵਿੱਤਰ ਅਵਸਰ ਹੈ। ਇਸ ਦਿਨ ਦੇਸ਼ ਦੇ ਕੋਨੇ-ਕੋਨੇ ਵਿੱਚ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਦੌੜ ਦੇਸ਼ ਵਿੱਚ ਏਕਤਾ ਦੇ ਸੂਤਰ ਨੂੰ ਮਜ਼ਬੂਤ ਕਰਦੀ ਹੈ। ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ। ਹੁਣ ਤੋਂ ਕੁਝ ਦਿਨ ਪਹਿਲਾਂ ਅਜਿਹੀ ਹੀ ਭਾਵਨਾ ਸਾਡੀਆਂ ਰਾਸ਼ਟਰੀ ਖੇਡਾਂ ਦੇ ਦੌਰਾਨ ਵੀ ਵੇਖੀ ਹੈ, ‘ਜੁੜੇਗਾ ਇੰਡੀਆ ਤੋ ਜੀਤੇਗਾ ਇੰਡੀਆ’ ਇਸ ਥੀਮ ਦੇ ਨਾਲ ਰਾਸ਼ਟਰੀ ਖੇਡਾਂ ਨੇ ਜਿੱਥੇ ਏਕਤਾ ਦਾ ਮਜ਼ਬੂਤ ਸੰਦੇਸ਼ ਦਿੱਤਾ, ਉੱਥੇ ਭਾਰਤ ਦੀ ਖੇਡ ਸੰਸਕ੍ਰਿਤੀ ਨੂੰ ਵੀ ਬੜ੍ਹਾਵਾ ਦੇਣ ਦਾ ਕੰਮ ਕੀਤਾ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਰਤ ਵਿੱਚ ਰਾਸ਼ਟਰੀ ਖੇਡਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਸੀ। ਇਸ ਵਿੱਚ 36 ਖੇਡਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ 7 ਨਵੀਆਂ ਅਤੇ 2 ਸਵਦੇਸ਼ੀ ਸਪਰਧਾ ਯੋਗ ਆਸਨ ਅਤੇ ਮਲਖੰਬ ਵੀ ਸ਼ਾਮਲ ਰਹੀ। ਗੋਲਡ ਮੈਡਲ ਜਿੱਤਣ ਵਿੱਚ ਸਭ ਤੋਂ ਅੱਗੇ ਜੋ 3 ਟੀਮਾਂ ਰਹੀਆਂ, ਉਹ ਹਨ ਸਰਵਿਸੇਸ ਦੀ ਟੀਮ, ਮਹਾਰਾਸ਼ਟਰ ਅਤੇ ਹਰਿਆਣਾ ਦੀ ਟੀਮ। ਇਨ੍ਹਾਂ ਖੇਡਾਂ ਵਿੱਚ 6 ਨੈਸ਼ਨਲ ਰਿਕਾਰਡਸ ਅਤੇ ਲਗਭਗ 60 ਨੈਸ਼ਨਲ ਗੇਮਜ਼ ਰਿਕਾਰਡਸ ਵੀ ਬਣੇ। ਮੈਂ ਤਗਮਾ ਜਿੱਤਣ ਵਾਲੇ, ਨਵੇਂ ਰਿਕਾਰਡ ਬਣਾਉਣ ਵਾਲੇ, ਇਸ ਖੇਡ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਇਨ੍ਹਾਂ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਵੀ ਕਰਦਾ ਹਾਂ।

ਸਾਥੀਓ, ਮੈਂ ਉਨ੍ਹਾਂ ਸਾਰੇ ਲੋਕਾਂ ਦੀ ਵੀ ਦਿਲੋਂ ਤਾਰੀਫ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਗੁਜਰਾਤ ਵਿੱਚ ਹੋਏ ਰਾਸ਼ਟਰੀ ਖੇਡਾਂ ਦੇ ਸਫਲ ਆਯੋਜਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਤੁਸੀਂ ਵੇਖਿਆ ਹੈ ਕਿ ਗੁਜਰਾਤ ਵਿੱਚ ਤਾਂ ਰਾਸ਼ਟਰੀ ਖੇਡ ਨਰਾਤਿਆਂ ਦੇ ਦੌਰਾਨ ਹੋਏ। ਇਨ੍ਹਾਂ ਖੇਡਾਂ ਦੇ ਆਯੋਜਨ ਤੋਂ ਪਹਿਲਾਂ ਇੱਕ ਵਾਰ ਤਾਂ ਮੇਰੇ ਮਨ ਵਿੱਚ ਵੀ ਆਇਆ ਕਿ ਇਸ ਸਮੇਂ ਤਾਂ ਪੂਰਾ ਗੁਜਰਾਤ ਇਨ੍ਹਾਂ ਤਿਉਹਾਰਾਂ ਵਿੱਚ ਜੁਟਿਆ ਹੁੰਦਾ ਹੈ ਤਾਂ ਲੋਕ ਇਨ੍ਹਾਂ ਖੇਡਾਂ ਦਾ ਆਨੰਦ ਕਿਵੇਂ ਲੈ ਸਕਣਗੇ। ਇੰਨੀ ਵੱਡੀ ਵਿਵਸਥਾ ਅਤੇ ਦੂਸਰੇ ਪਾਸੇ ਨਰਾਤਿਆਂ ਦੇ ਗਰਬਾ ਦਾ ਇੰਤਜ਼ਾਮ, ਇਹ ਸਾਰੇ ਕੰਮ ਗੁਜਰਾਤ ਇਕੱਠੇ ਕਿਵੇਂ ਕਰ ਲਵੇਗਾ? ਪਰ ਗੁਜਰਾਤ ਦੇ ਲੋਕਾਂ ਨੇ ਆਪਣੀ ਮਹਿਮਾਨ-ਨਿਵਾਜ਼ੀ ਨਾਲ ਸਾਰੇ ਮਹਿਮਾਨਾਂ ਨੂੰ ਖੁਸ਼ ਕਰ ਦਿੱਤਾ। ਅਹਿਮਦਾਬਾਦ ਵਿੱਚ ਨੈਸ਼ਨਲ ਗੇਮਸ ਦੇ ਦੌਰਾਨ ਜਿਸ ਤਰ੍ਹਾਂ ਕਲਾ, ਖੇਡ ਅਤੇ ਸੰਸਕ੍ਰਿਤੀ ਦਾ ਸੰਗਮ ਹੋਇਆ, ਉਹ ਉਤਸ਼ਾਹ ਨਾਲ ਭਰ ਦੇਣ ਵਾਲਾ ਸੀ। ਖਿਡਾਰੀ ਵੀ ਦਿਨ ਵਿੱਚ ਜਿੱਥੇ ਖੇਡ ’ਚ ਹਿੱਸਾ ਲੈਂਦੇ ਸਨ, ਉੱਥੇ ਸ਼ਾਮ ਨੂੰ ਉਹ ਗਰਬਾ ਅਤੇ ਡਾਂਡੀਆ ਦੇ ਰੰਗ ਵਿੱਚ ਡੁੱਬ ਜਾਂਦੇ ਸੀ, ਉਨ੍ਹਾਂ ਨੇ ਗੁਜਰਾਤੀ ਖਾਣਾ ਅਤੇ ਨਰਾਤਿਆਂ ਦੀਆਂ ਤਸਵੀਰਾਂ ਖੂਬ ਸ਼ੇਅਰ ਕੀਤੀਆਂ। ਇਹ ਦੇਖਣਾ ਸਾਡੇ ਸਾਰਿਆਂ ਲਈ ਬਹੁਤ ਹੀ ਅਨੰਦਦਾਇਕ ਸੀ। ਆਖਿਰਕਾਰ ਇਸ ਤਰ੍ਹਾਂ ਦੀਆਂ ਖੇਡਾਂ ਨਾਲ ਭਾਰਤ ਦੀਆਂ ਵੱਖਰੀਆਂ ਸੰਸਕ੍ਰਿਤੀਆਂ ਦੇ ਬਾਰੇ ਵੀ ਪਤਾ ਲਗਦਾ ਹੈ। ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਵੀ ਉਤਨਾ ਹੀ ਮਜ਼ਬੂਤ ਕਰਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਨਵੰਬਰ ਮਹੀਨੇ ਵਿੱਚ 15 ਤਾਰੀਖ ਨੂੰ ਸਾਡਾ ਦੇਸ਼ ਜਨਜਾਤੀਯ ਗੌਰਵ ਦਿਵਸ ਮਨਾਏਗਾ। ਤੁਹਾਨੂੰ ਯਾਦ ਹੋਵੇਗਾ ਕਿ ਦੇਸ਼ ਨੇ ਪਿਛਲੇ ਸਾਲ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ ਦੇ ਦਿਨ ਆਦਿਵਾਸੀ ਵਿਰਾਸਤ ਅਤੇ ਗੌਰਵ ਨੂੰ ਸੈਲੀਬਰੇਟ ਕਰਨ ਦੇ ਲਈ ਇਹ ਸ਼ੁਰੂਆਤ ਕੀਤੀ ਸੀ। ਭਗਵਾਨ ਬਿਰਸਾ ਮੁੰਡਾ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਅੰਗ੍ਰੇਜ਼ੀ ਹਕੂਮਤ ਦੇ ਖ਼ਿਲਾਫ਼ ਲੱਖਾਂ ਲੋਕਾਂ ਨੂੰ ਇਕਜੁੱਟ ਕਰ ਦਿੱਤਾ ਸੀ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਅਤੇ ਆਦਿਵਾਸੀ ਸੰਸਕ੍ਰਿਤੀ ਦੀ ਰੱਖਿਆ ਦੇ ਲਈ ਆਪਣਾ ਜੀਵਨ ਬਲਿਦਾਨ ਕਰ ਦਿੱਤਾ ਸੀ। ਅਜਿਹਾ ਕਿੰਨਾ ਕੁਝ ਹੈ ਜੋ ਅਸੀਂ ਧਰਤੀ ਆਬਾ ਬਿਰਸਾ ਮੁੰਡਾ ਤੋਂ ਸਿੱਖ ਸਕਦੇ ਹਾਂ। ਸਾਥੀਓ, ਜਦੋਂ ਧਰਤੀ ਆਬਾ ਬਿਰਸਾ ਮੁੰਡਾ ਦੀ ਗੱਲ ਆਉਂਦੀ ਹੈ, ਛੋਟੇ ਜਿਹੇ ਉਨ੍ਹਾਂ ਦੇ ਜੀਵਨ ਕਾਲ ਵੱਲ ਨਜ਼ਰ ਕਰਦੇ ਹਾਂ, ਅੱਜ ਵੀ ਅਸੀਂ ਉਸ ਵਿੱਚੋਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਧਰਤੀ ਆਬਾ ਨੇ ਤਾਂ ਕਿਹਾ ਸੀ ਕਿ ਧਰਤੀ ਸਾਡੀ ਹੈ, ਅਸੀਂ ਇਸ ਦੇ ਰੱਖਿਅਕ ਹਾਂ, ਉਨ੍ਹਾਂ ਦੇ ਇਸ ਵਾਕ ਵਿੱਚ ਮਾਤਭੂਮੀ ਦੇ ਲਈ ਕਰਤੱਵ ਭਾਵਨਾ ਵੀ ਹੈ ਅਤੇ ਵਾਤਾਵਰਣ ਦੇ ਲਈ ਸਾਡੇ ਕਰਤੱਵਾਂ ਦਾ ਅਹਿਸਾਸ ਵੀ ਹੈ। ਉਨ੍ਹਾਂ ਨੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਅਸੀਂ ਆਪਣੀ ਆਦਿਵਾਸੀ ਸੰਸਕ੍ਰਿਤੀ ਨੂੰ ਭੁੱਲਣਾ ਨਹੀਂ ਹੈ, ਇਸ ਤੋਂ ਥੋੜ੍ਹਾ ਵੀ ਦੂਰ ਨਹੀਂ ਜਾਣਾ। ਅੱਜ ਵੀ ਅਸੀਂ ਦੇਸ਼ ਦੇ ਆਦਿਵਾਸੀ ਸਮਾਜ ਤੋਂ ਕੁਦਰਤ ਅਤੇ ਵਾਤਾਵਰਣ ਨੂੰ ਲੈ ਕੇ ਬਹੁਤ ਕੁਝ ਸਿੱਖ ਸਕਦੇ ਹਾਂ।

ਸਾਥੀਓ, ਪਿਛਲੇ ਸਾਲ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਦੇ ਮੌਕੇ ’ਤੇ ਮੈਨੂੰ ਰਾਂਚੀ ਦੇ ਭਗਵਾਨ ਬਿਰਸਾ ਮੁੰਡਾ ਮਿਊਜ਼ੀਅਮ ਦੇ ਉਦਘਾਟਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲੇ, ਉਹ ਇਸ ਨੂੰ ਦੇਖਣ ਜ਼ਰੂਰ ਜਾਣ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ 1 ਨਵੰਬਰ ਯਾਨੀ ਪਰਸੋਂ ਮੈਂ ਗੁਜਰਾਤ-ਰਾਜਸਥਾਨ ਦੇ ਬਾਰਡਰ ’ਤੇ ਮੌਜੂਦਾ ਮਾਣਗੜ੍ਹ ਵਿੱਚ ਰਹਾਂਗਾ। ਭਾਰਤ ਦੇ ਸੁਤੰਤਰਤਾ ਸੰਗ੍ਰਾਮ ਅਤੇ ਸਾਡੀ ਵਿਸ਼ਾਲ ਆਦਿਵਾਸੀ ਵਿਰਾਸਤ ਵਿੱਚ ਮਾਣਗੜ੍ਹ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਰਿਹਾ ਹੈ। ਇੱਥੇ ਨਵੰਬਰ 1913 ਵਿੱਚ ਇੱਕ ਭਿਆਨਕ ਕਤਲੇਆਮ ਹੋਇਆ ਸੀ, ਜਿਸ ਵਿੱਚ ਅੰਗ੍ਰੇਜ਼ਾਂ ਨੇ ਸਥਾਨਕ ਆਦਿਵਾਸੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਇਸ ਕਤਲੇਆਮ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਆਦਿਵਾਸੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਇਸ ਜਨਜਾਤੀ ਅੰਦੋਲਨ ਦੀ ਅਗਵਾਈ ਗੋਵਿੰਦ ਗੁਰੂ ਜੀ ਨੇ ਕੀਤੀ ਸੀ, ਜਿਨ੍ਹਾਂ ਦਾ ਜੀਵਨ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ। ਅੱਜ ਮੈਂ ਉਨ੍ਹਾਂ ਸਾਰੇ ਆਦਿਵਾਸੀ ਸ਼ਹੀਦਾਂ ਅਤੇ ਗੋਵਿੰਦ ਗੁਰੂ ਜੀ ਦੀ ਬਹਾਦਰੀ ਅਤੇ ਵੀਰਤਾ ਨੂੰ ਸਿਜਦਾ ਕਰਦਾ ਹਾਂ। ਅਸੀਂ ਇਸ ਅੰਮ੍ਰਿਤਕਾਲ ਵਿੱਚ ਭਗਵਾਨ ਬਿਰਸਾ ਮੁੰਡਾ, ਗੋਵਿੰਦ ਗੁਰੂ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੇ ਆਦਰਸ਼ਾਂ ਦਾ ਜਿੰਨੀ ਨਿਸ਼ਠਾ ਨਾਲ ਪਾਲਣ ਕਰਾਂਗੇ, ਸਾਡਾ ਦੇਸ਼ ਉਤਨੀ ਹੀ ਉਚਾਈ ਨੂੰ ਛੂਹ ਲਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਆਉਣ ਵਾਲੀ 8 ਨਵੰਬਰ ਨੂੰ ਗੁਰਪੁਰਬ ਹੈ, ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ। ਜਿੰਨਾ ਸਾਡੀ ਆਸਥਾ ਦੇ ਲਈ ਮਹੱਤਵਪੂਰਨ ਹੈ, ਉਤਨਾ ਹੀ ਸਾਨੂੰ ਇਸ ਤੋਂ ਸਿੱਖਣ ਨੂੰ ਵੀ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪੂਰੇ ਜੀਵਨ ਵਿੱਚ ਮਨੁੱਖਤਾ ਦੇ ਲਈ ਪ੍ਰਕਾਸ਼ ਫੈਲਾਇਆ। ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਨੇ ਗੁਰੂਆਂ ਦੇ ਪ੍ਰਕਾਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਅਨੇਕਾਂ ਯਤਨ ਕੀਤੇ ਹਨ। ਸਾਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼ ਅਤੇ ਵਿਦੇਸ਼ ਵਿੱਚ ਵੱਡੀ ਪੱਧਰ ’ਤੇ ਮਨਾਉਣ ਦਾ ਸੁਭਾਗ ਮਿਲਿਆ ਸੀ। ਦਹਾਕਿਆਂ ਦੀ ਉਡੀਕ ਤੋਂ ਬਾਅਦ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਨਿਰਮਾਣ ਹੋਣਾ ਵੀ ਉਤਨਾ ਹੀ ਸੁਖਦ ਹੈ। ਕੁਝ ਦਿਨ ਪਹਿਲਾਂ ਹੀ ਮੈਨੂੰ ਹੇਮਕੁੰਟ ਸਾਹਿਬ ਦੇ ਲਈ ਰੋਪਵੇਅ ਦਾ ਨੀਂਹ ਪੱਥਰ ਰੱਖਣ ਦਾ ਵੀ ਸੁਭਾਗ ਮਿਲਿਆ ਹੈ। ਸਾਨੂੰ ਸਾਡੇ ਗੁਰੂਆਂ ਦੇ ਵਿਚਾਰਾਂ ਤੋਂ ਲਗਾਤਾਰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੇ ਲਈ ਸਮਰਪਿਤ ਰਹਿਣਾ ਹੈ। ਇਹੀ ਦਿਨ ਕਾਰਤਿਕ ਪੁੰਨਿਆ ਦਾ ਵੀ ਹੈ। ਇਸ ਦਿਨ ਅਸੀਂ ਤੀਰਥਾਂ ਵਿੱਚ, ਨਦੀਆਂ ਵਿੱਚ ਇਸ਼ਨਾਨ ਕਰਦੇ ਹਾਂ, ਸੇਵਾ ਅਤੇ ਦਾਨ ਕਰਦੇ ਹਾਂ। ਮੈਂ ਤੁਹਾਨੂੰ ਸਭ ਨੂੰ ਇਨ੍ਹਾਂ ਪੁਰਬਾਂ ਦੀ ਬਹੁਤ ਵਧਾਈ ਦਿੰਦਾ ਹਾਂ। ਆਉਣ ਵਾਲੇ ਦਿਨਾਂ ਵਿੱਚ ਕਈ ਰਾਜ ਆਪਣੇ ਰਾਜ ਦਿਵਸ ਵੀ ਮਨਾਉਣਗੇ। ਆਂਧਰ ਪ੍ਰਦੇਸ਼ ਆਪਣਾ ਸਥਾਪਨਾ ਦਿਵਸ ਮਨਾਏਗਾ, ਕੇਰਲਾ ਪਿਰਾਵਿ ਮਨਾਇਆ ਜਾਏਗਾ। ਕਰਨਾਟਕਾ ਰਾਜ ਉਤਸਵ ਮਨਾਇਆ ਜਾਏਗਾ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਛੱਤੀਸਗੜ੍ਹ ਅਤੇ ਹਰਿਆਣਾ ਵੀ ਆਪਣੇ ਰਾਜ ਦਿਵਸ ਮਨਾਉਣਗੇ। ਮੈਂ ਇਨ੍ਹਾਂ ਸਾਰੇ ਰਾਜਾਂ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਸਾਰੇ ਰਾਜਾਂ ਵਿੱਚ ਇੱਕ-ਦੂਸਰੇ ਤੋਂ ਸਿੱਖਣ ਦੀ, ਸਹਿਯੋਗ ਕਰਨ ਦੀ ਅਤੇ ਮਿਲ ਕੇ ਕੰਮ ਕਰਨ ਦੀ ਸਪਿਰਿਟ ਜਿੰਨੀ ਮਜ਼ਬੂਤ ਹੋਵੇਗੀ, ਦੇਸ਼ ਓਨਾ ਹੀ ਅੱਗੇ ਜਾਵੇਗਾ। ਮੈਨੂੰ ਭਰੋਸਾ ਹੈ ਅਸੀਂ ਇਸੇ ਭਾਵਨਾ ਨਾਲ ਅੱਗੇ ਵਧਾਂਗਾ। ਤੁਸੀਂ ਸਾਰੇ ਆਪਣਾ ਖਿਆਲ ਰੱਖੋ। ਤੰਦਰੁਸਤ ਰਹੋ। ‘ਮਨ ਕੀ ਬਾਤ’ ਦੀ ਅਗਲੀ ਮੁਲਾਕਾਤ ਤੱਕ ਦੇ ਲਈ ਮੈਨੂੰ ਆਗਿਆ ਦਿਓ। ਨਮਸਕਾਰ। ਧੰਨਵਾਦ।

 

 

**********

ਡੀਐੱਸ/ਐੱਸਐੱਚ/ਵੀਕੇ