Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 89ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.05.2022)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ਫਿਰ ਇੱਕ ਵਾਰੀ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਤੁਹਾਨੂੰ ਸਭ ਕਰੋੜਾਂ ਮੇਰੇ ਪਰਿਵਾਰਜਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਕੁਝ ਦਿਨ ਪਹਿਲਾਂ ਦੇਸ਼ ਨੇ ਇੱਕ ਅਜਿਹੀ ਉਪਲਬਧੀ ਹਾਸਲ ਕੀਤੀ ਹੈ, ਜੋ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੰਦੀ ਹੈ। ਭਾਰਤ ਦੀ ਸਮਰੱਥਾ ਦੇ ਪ੍ਰਤੀ ਇੱਕ ਨਵਾਂ ਵਿਸ਼ਵਾਸ ਜਗਾਉਂਦੀ ਹੈ। ਤੁਸੀਂ ਲੋਕ ਕ੍ਰਿਕਟ ਦੇ ਮੈਦਾਨ ਵਿੱਚ ‘ਟੀਮ ਇੰਡੀਆ’ ਦੇ ਕਿਸੇ ਬੈਟਸਮੈਨ ਦੀ ਸੈਂਚਰੀ ਸੁਣ ਕੇ ਖੁਸ਼ ਹੁੰਦੇ ਹੋਵੋਗੇ, ਲੇਕਿਨ ਭਾਰਤ ਨੇ ਇੱਕ ਹੋਰ ਮੈਦਾਨ ਵਿੱਚ ਸੈਂਚਰੀ ਲਗਾਈ ਹੈ ਅਤੇ ਉਹ ਬਹੁਤ ਵਿਸ਼ੇਸ਼ ਹੈ। ਇਸ ਮਹੀਨੇ 5 ਤਰੀਕ ਨੂੰ ਦੇਸ਼ ਵਿੱਚ Unicorn ਦੀ ਗਿਣਤੀ 100 ਦੇ ਅੰਕੜੇ ਤੱਕ ਪਹੁੰਚ ਗਈ ਹੈ ਅਤੇ ਤੁਹਾਨੂੰ ਤਾਂ ਪਤਾ ਹੀ ਹੈ, ਇੱਕ Unicorn ਯਾਨੀ ਘੱਟ ਤੋਂ ਘੱਟ ਸਾਢੇ 7 ਹਜ਼ਾਰ ਕਰੋੜ ਰੁਪਏ ਦਾ ਸਟਾਰਟਅੱਪ। ਇਨ੍ਹਾਂ Unicorn ਦਾ ਕੁੱਲ ਮੁੱਲਾਂਕਣ 330 ਬਿਲੀਅਨ ਡਾਲਰ, ਯਾਨੀ 25 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ। ਨਿਸ਼ਚਿਤ ਰੂਪ ’ਚ ਇਹ ਗੱਲ ਹਰ ਭਾਰਤੀ ਦੇ ਲਈ ਮਾਣ ਕਰਨ ਵਾਲੀ ਗੱਲ ਹੈ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਸਾਡੇ ਕੁੱਲ Unicorn ਵਿੱਚੋਂ 44 ਪਿਛਲੇ ਸਾਲ ਬਣੇ ਸਨ। ਏਨਾ ਹੀ ਨਹੀਂ, ਇਸ ਸਾਲ ਦੇ 3-4 ਮਹੀਨਿਆਂ ਵਿੱਚ ਹੀ 14 ਹੋਰ ਨਵੇਂ Unicorn ਬਣ ਗਏ ਹਨ। ਇਸ ਦਾ ਮਤਲਬ ਇਹ ਹੋਇਆ ਕਿ ਵੈਸ਼ਵਿਕ ਮਹਾਮਾਰੀ ਦੇ ਇਸ ਦੌਰ ਵਿੱਚ ਵੀ ਸਾਡੇ ਸਟਾਰਟਅੱਪ ਧਨ ਪੈਦਾ ਕਰਦੇ ਰਹੇ ਹਨ। ਭਾਰਤੀ Unicorn ਦੀ ਔਸਤ ਸਲਾਨਾ ਵ੍ਰਿਧੀ ਦਰ, ਯੂ.ਐੱਸ.ਏ., ਯੂ.ਕੇ. ਅਤੇ ਹੋਰ ਕਈ ਦੇਸ਼ਾਂ ਨਾਲੋਂ ਵੀ ਜ਼ਿਆਦਾ ਹੈ। ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਗਿਣਤੀ ’ਚ ਤੇਜ਼ ਉਛਾਲ ਦੇਖਣ ਨੂੰ ਮਿਲੇਗਾ। ਇੱਕ ਚੰਗੀ ਗੱਲ ਇਹ ਵੀ ਹੈ ਕਿ Unicorn ਵਿਭਿੰਨਤਾ ਵਾਲੇ ਹਨ। ਇਹ e-commerce, Fin-Tech, Ed-Tech, Bio-Tech ਵਰਗੇ ਕਈ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਇੱਕ ਹੋਰ ਗੱਲ ਜਿਸ ਨੂੰ ਮੈਂ ਜ਼ਿਆਦਾ ਅਹਿਮ ਮੰਨਦਾ ਹਾਂ, ਉਹ ਇਹ ਹੈ ਕਿ ਸਟਾਰਟਅੱਪ ਦੀ ਦੁਨੀਆ ਨਵੇਂ ਭਾਰਤ ਦੀ ਆਤਮਾ ਨੂੰ ਪ੍ਰਤੀਬਿੰਬਤ ਕਰ ਰਹੀ ਹੈ। ਅੱਜ ਭਾਰਤ ਦਾ ਸਟਾਰਟਅੱਪ Eco-System ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਹੈ, ਛੋਟੇ-ਛੋਟੇ ਸ਼ਹਿਰਾਂ ਅਤੇ ਕਸਬਿਆਂ ਤੋਂ ਵੀ ਉੱਦਮੀ ਸਾਹਮਣੇ ਆ ਰਹੇ ਹਨ। ਇਸ ਨਾਲ ਪਤਾ ਲਗਦਾ ਹੈ ਕਿ ਭਾਰਤ ਵਿੱਚ ਜਿਨ੍ਹਾਂ ਕੋਲ ਨਵੇਂ ਆਈਡੀਆ ਹਨ, ਉਹ ਧਨ ਕਮਾ ਸਕਦੇ ਹਨ।

 

ਸਾਥੀਓ, ਦੇਸ਼ ਦੀ ਸਫ਼ਲਤਾ ਦੇ ਪਿੱਛੇ ਦੇਸ਼ ਦੀ ਯੁਵਾ ਸ਼ਕਤੀ, ਦੇਸ਼ ਦੀ ਪ੍ਰਤਿਭਾ ਅਤੇ ਸਰਕਾਰ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਨ। ਹਰ ਕਿਸੇ ਦਾ ਯੋਗਦਾਨ ਹੈ, ਲੇਕਿਨ ਇਸ ਵਿੱਚ ਇੱਕ ਹੋਰ ਗੱਲ ਮਹੱਤਵਪੂਰਨ ਹੈ, ਉਹ ਹੈ ਸਟਾਰਟਅੱਪ ਵਰਲਡ ਵਿੱਚ ਰਾਈਟ ਮੌਨੀਟਰਿੰਗ ਯਾਨੀ ਸਹੀ ਮਾਰਗ ਦਰਸ਼ਨ। ਇੱਕ ਯੋਗ ਮਾਰਗ ਦਰਸ਼ਕ ਸਟਾਰਟਅੱਪ ਨੂੰ ਨਵੀਆਂ ਉਚਾਈਆਂ ਤੱਕ ਲਿਜਾ ਸਕਦਾ ਹੈ, ਉਹ ਸੰਸਥਾਪਕਾਂ ਨੂੰ ਸਹੀ ਫ਼ੈਸਲਿਆਂ ਦੇ ਲਈ ਹਰ ਤਰ੍ਹਾਂ ਨਾਲ ਮਾਰਗ ਦਰਸ਼ਨ ਕਰ ਸਕਦਾ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਭਾਰਤ ਵਿੱਚ ਅਜਿਹੇ ਬਹੁਤ ਸਾਰੇ ਯੋਗ ਮਾਰਗ ਦਰਸ਼ਕ ਹਨ, ਜਿਨ੍ਹਾਂ ਨੇ ਸਟਾਰਟਅੱਪ ਨੂੰ ਅੱਗੇ ਵਧਾਉਣ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਹੈ।

 

ਸ਼੍ਰੀਧਰ ਮੇਂਬੂ ਜੀ ਨੂੰ ਹੁਣੇ ਜਿਹੇ ਹੀ ਪਦਮ ਸਨਮਾਨ ਮਿਲਿਆ ਹੈ। ਉਹ ਖੁਦ ਇੱਕ ਸਫ਼ਲ ਉੱਦਮੀ ਹਨ, ਲੇਕਿਨ ਹੁਣ ਉਨ੍ਹਾਂ ਨੇ ਇਸ ਖੇਤਰ ਵਿੱਚ ਹੋਰ ਤਰੱਕੀ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਸ਼੍ਰੀਧਰ ਜੀ ਨੇ ਆਪਣਾ ਕੰਮ ਗ੍ਰਾਮੀਣ ਇਲਾਕੇ ਤੋਂ ਸ਼ੁਰੂ ਕੀਤਾ ਹੈ। ਉਹ ਗ੍ਰਾਮੀਣ ਨੌਜਵਾਨਾਂ ਨੂੰ ਪਿੰਡ ਵਿੱਚ ਹੀ ਰਹਿ ਕੇ ਇਸ ਖੇਤਰ ਵਿੱਚ ਕੁਝ ਕਰਨ ਦੇ ਲਈ ਉਤਸ਼ਾਹਿਤ ਕਰ ਰਹੇ ਹਨ। ਸਾਡੇ ਇੱਥੇ ਮਦਨ ਪਡਾਕੀ ਵਰਗੇ ਲੋਕ ਹਨ, ਜਿਨ੍ਹਾਂ ਨੇ ਦੇਹਾਤੀ ਉੱਦਮਾਂ ਨੂੰ ਹੁਲਾਰਾ ਦੇਣ ਦੇ ਲਈ 2014 ਵਿੱਚ ਵੰਨ ਬ੍ਰਿਜ ਨਾਮ ਦਾ ਪਲੈਟਫਾਰਮ ਬਣਾਇਆ ਸੀ। ਅੱਜ ਵੰਨ ਬ੍ਰਿਜ ਦੱਖਣ ਅਤੇ ਪੂਰਬੀ ਭਾਰਤ ਦੇ 75 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਮੌਜੂਦ ਹਨ। ਇਸ ਨਾਲ ਜੁੜੇ 9000 ਤੋਂ ਜ਼ਿਆਦਾ ਦੇਹਾਤੀ ਉੱਦਮੀ ਗ੍ਰਾਮੀਣ ਉਪਭੋਗਤਾਵਾਂ ਨੂੰ ਆਪਣੀਆਂ ਸੇਵਾਵਾਂ ਉਪਲਬਧ ਕਰਵਾ ਰਹੇ ਹਨ। ਮੀਰਾ ਸ਼ੇਨੌਏ ਜੀ ਵੀ ਅਜਿਹੀ ਹੀ ਇੱਕ ਮਿਸਾਲ ਹਨ। ਉਹ ਦੇਹਾਤੀ, ਕਬਾਇਲੀ ਅਤੇ ਦਿੱਵਯਾਂਗ ਨੌਜਵਾਨਾਂ ਦੇ ਲਈ ਮਾਰਕਿਟ ਲਿੰਕਡ ਸਕਿੱਲਸ ਟ੍ਰੇਨਿੰਗ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਮੈਂ ਇੱਥੇ ਤਾਂ ਕੁਝ ਹੀ ਨਾਮ ਲਏ ਹਨ, ਲੇਕਿਨ ਅੱਜ ਸਾਡੇ ਵਿਚਕਾਰ ਯੋਗ ਵਿਅਕਤੀਆਂ (ਮੈਂਟਰਸ) ਦੀ ਕਮੀ ਨਹੀਂ ਹੈ। ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਟਾਰਟਅੱਪ ਦੇ ਲਈ ਅੱਜ ਦੇਸ਼ ਵਿੱਚ ਇਹ ਪੂਰਾ ਸਪੋਰਟਸ ਸਿਸਟਮ ਤਿਆਰ ਹੋ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਭਾਰਤ ਦੇ ਸਟਾਰਟਅੱਪ ਵਰਲਡ ਦੀ ਤਰੱਕੀ ਦੀ ਨਵੀਂ ਉਡਾਨ ਦੇਖਣ ਨੂੰ ਮਿਲੇਗੀ।

 

ਸਾਥੀਓ, ਕੁਝ ਦਿਨ ਪਹਿਲਾਂ ਮੈਨੂੰ ਇੱਕ ਅਜਿਹੀ ਦਿਲਚਸਪ ਅਤੇ ਆਕਰਸ਼ਕ ਚੀਜ਼ ਮਿਲੀ, ਜਿਸ ਵਿੱਚ ਦੇਸ਼ਵਾਸੀਆਂ ਦੀ ਰਚਨਾਤਮਕਤਾ ਅਤੇ ਉਨ੍ਹਾਂ ਦੇ ਆਰਟਿਸਟਿਕ ਟੈਲੰਟ ਦਾ ਰੰਗ ਭਰਿਆ ਹੈ। ਇੱਕ ਤੋਹਫ਼ਾ ਹੈ, ਜਿਸ ਨੂੰ ਤਮਿਲ ਨਾਡੂ ਦੇ ਤੰਜਾਵੁਰ (Thanjavur) ਦੇ ਇੱਕ ਸੈਲਫ ਹੈਲਪ ਗਰੁੱਪ ਨੇ ਮੈਨੂੰ ਭੇਜਿਆ ਹੈ। ਇਸ ਤੋਹਫ਼ੇ ਵਿੱਚ ਭਾਰਤੀ ਦੀ ਸੁਗੰਧ ਹੈ ਅਤੇ ਮਾਤਰ ਸ਼ਕਤੀ ਦਾ ਅਸ਼ੀਰਵਾਦ – ਮੇਰੇ ਤੇ ਉਨ੍ਹਾਂ ਦੇ ਮੋਹ ਦੀ ਵੀ ਝਲਕ ਹੈ। ਇਹ ਇੱਕ ਵਿਸ਼ੇਸ਼ ਤੰਜਾਵੁਰ ਗੁੱਡੀ ਹੈ, ਜਿਸ ਨੂੰ ਜੀ.ਆਈ. ਟੈਗ ਵੀ ਮਿਲਿਆ ਹੋਇਆ ਹੈ। ਮੈਂ ਤੰਜਾਵੁਰ ਸੈਲਫ ਹੈਲਪ ਗਰੁੱਪ ਨੂੰ ਵਿਸੇਸ਼ ਧੰਨਵਾਦ ਦਿੰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਸਥਾਨਕ ਸੰਸਕ੍ਰਿਤੀ ਵਿੱਚ ਰਚੇ-ਵਸੇ ਇਸ ਤੋਹਫੇ ਨੂੰ ਭੇਜਿਆ। ਵੈਸੇ ਸਾਥੀਓ, ਇਹ ਤੰਜਾਵੁਰ ਗੁੱਡੀ ਜਿੰਨੀ ਖੂਬਸੂਰਤ ਹੁੰਦੀ ਹੈ, ਓਨੀ ਹੀ ਖੂਬਸੂਰਤੀ ਨਾਲ ਇਹ ਮਹਿਲਾ ਸਸ਼ਕਤੀਕਰਣ ਦੀ ਨਵੀਂ ਗਾਥਾ ਵੀ ਲਿਖ ਰਹੀ ਹੈ। ਤੰਜਾਵੁਰ ਵਿੱਚ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਸ ਦੇ ਸਟੋਰ ਕਿਓਸਕ ਵੀ ਖੁੱਲ੍ਹ ਰਹੇ ਹਨ। ਇਸ ਦੀ ਵਜ੍ਹਾ ਨਾਲ ਕਿੰਨੇ ਹੀ ਗ਼ਰੀਬ ਪਰਿਵਾਰਾਂ ਦੀ ਜ਼ਿੰਦਗੀ ਬਦਲ ਗਈ ਹੈ। ਅਜਿਹੇ ਕਿਓਸਕ ਅਤੇ ਸਟੋਰਾਂ ਦੀ ਸਹਾਇਤਾ ਨਾਲ ਮਹਿਲਾਵਾਂ ਹੁਣ ਆਪਣੇ ਉਤਪਾਦ ਗ੍ਰਾਹਕਾਂ ਨੂੰ ਸਿੱਧੇ ਵੇਚ ਸਕਦੀਆਂ ਹਨ। ਇਸ ਪਹਿਲ ਨੂੰ ‘ਥਾਰਗਈਗਲ ਕਈਵਿਨੱਈ ਪੋਰੁਤਕਲ ਵਿਰੱਪਨਈ ਅੰਗਾੜੀ’ ਨਾਮ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਪਹਿਲ ਨਾਲ 22 ਸੈਲਫ ਹੈਲਪ ਗਰੁੱਪ ਜੁੜੇ ਹੋਏ ਹਨ। ਤੁਹਾਨੂੰ ਇਹ ਵੀ ਜਾਣ ਕੇ ਚੰਗਾ ਲਗੇਗਾ ਕਿ ਮਹਿਲਾ ਸੈਲਫ ਹੈਲਪ ਗਰੁੱਪਸ, ਮਹਿਲਾ ਸਵੈ-ਸਹਾਇਤਾ ਸਮੂਹ ਦੇ ਇਹ ਸਟੋਰ ਤੰਜਾਵੁਰ ਵਿੱਚ ਬਹੁਤ ਹੀ ਪ੍ਰਮੁੱਖ ਸਥਾਨ ’ਤੇ ਖੁੱਲ੍ਹੇ ਹਨ। ਇਨ੍ਹਾਂ ਦੀ ਦੇਖਭਾਲ਼ ਦੀ ਪੂਰੀ ਜ਼ਿੰਮੇਵਾਰੀ ਵੀ ਮਹਿਲਾਵਾਂ ਹੀ ਉਠਾ ਰਹੀਆਂ ਹਨ। ਇਹ ਮਹਿਲਾ ਸੈਲਫ ਹੈਲਪ ਗਰੁੱਪ ਤੰਜਾਵੁਰ ਗੁੱਡੀ ਅਤੇ ਬਰਾਊਨ ਲੈਂਪ ਵਰਗੇ ਜੀ. ਆਈ. ਉਤਪਾਦਾਂ ਤੋਂ ਇਲਾਵਾ ਖਿਡੌਣੇ, ਚਟਾਈਆਂ ਅਤੇ ਬਨਾਵਟੀ ਗਹਿਣੇ ਵੀ ਬਣਾਉਂਦੇ ਹਨ। ਅਜਿਹੇ ਸਟੋਰ ਦੀ ਵਜ੍ਹਾ ਨਾਲ ਜੀ.ਆਈ. ਉਤਪਾਦ ਦੇ ਨਾਲ-ਨਾਲ ਹੈਂਡੀਕ੍ਰਾਫਟ ਦੇ ਉਤਪਾਦਾਂ ਦੀ ਵਿੱਕਰੀ ਵਿੱਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਮੁਹਿੰਮ ਦੀ ਵਜ੍ਹਾ ਨਾਲ ਨਾ ਸਿਰਫ਼ ਕਾਰੀਗਰਾਂ ਨੂੰ ਹੁਲਾਰਾ ਮਿਲਿਆ ਹੈ, ਬਲਕਿ ਮਹਿਲਾਵਾਂ ਦੀ ਆਮਦਨੀ ਵਧਣ ਨਾਲ ਉਨ੍ਹਾਂ ਦਾ ਸਸ਼ਕਤੀਕਰਣ ਵੀ ਹੋ ਰਿਹਾ ਹੈ। ਮੇਰਾ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਵੀ ਇੱਕ ਅਨੁਰੋਧ ਹੈ। ਤੁਸੀਂ ਆਪਣੇ ਖੇਤਰ ਵਿੱਚ ਇਹ ਪਤਾ ਲਗਾਓ ਕਿ ਕਿਹੜੇ ਮਹਿਲਾ ਸੈਲਫ ਹੈਲਪ ਗਰੁੱਪ ਕੰਮ ਕਰ ਰਹੇ ਹਨ। ਉਨ੍ਹਾਂ ਦੇ ਉਤਪਾਦਾਂ ਬਾਰੇ ਵੀ ਤੁਸੀਂ ਜਾਣਕਾਰੀ ਪ੍ਰਾਪਤ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਉਤਪਾਦਾਂ ਨੂੰ ਵਰਤੋਂ ਵਿੱਚ ਲਿਆਓ। ਅਜਿਹਾ ਕਰਕੇ ਤੁਸੀਂ ਸੈਲਫ ਹੈਲਪ ਗਰੁੱਪ ਦੀ ਆਮਦਨੀ ਵਧਾਉਣ ਵਿੱਚ ਤਾਂ ਮਦਦ ਕਰੋਗੇ ਹੀ, ‘ਆਤਮਨਿਰਭਰ ਭਾਰਤ ਅਭਿਯਾਨ’ ਨੂੰ ਵੀ ਗਤੀ ਦਿਓਗੇ।

 

ਸਾਥੀਓ, ਸਾਡੇ ਦੇਸ਼ ਵਿੱਚ ਕਈ ਸਾਰੀਆਂ ਭਾਸ਼ਾਵਾਂ, ਲਿਪੀਆਂ ਅਤੇ ਬੋਲੀਆਂ ਦਾ ਸਮ੍ਰਿੱਧ ਖਜ਼ਾਨਾ ਹੈ। ਵੱਖ-ਵੱਖ ਖੇਤਰਾਂ ਵਿੱਚ, ਵੱਖ-ਵੱਖ ਪਹਿਰਾਵਾ, ਖਾਨ-ਪਾਨ ਅਤੇ ਸੰਸਕ੍ਰਿਤੀ ਇਹ ਸਾਡੀ ਪਹਿਚਾਣ ਹੈ। ਇਹ ਵਿਭਿੰਨਤਾ, ਇਹ ਵਿਵਿਧਤਾ, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਜ਼ਿਆਦਾ ਸਸ਼ਕਤ ਕਰਦੀ ਹੈ ਅਤੇ ਇਕਜੁੱਟ ਰੱਖਦੀ ਹੈ। ਇਸੇ ਨਾਲ ਜੁੜਿਆ ਇੱਕ ਬੇਹੱਦ ਪ੍ਰੇਰਕ ਉਦਾਹਰਣ ਹੈ, ਇੱਕ ਬੇਟੀ ਕਲਪਨਾ ਦਾ, ਜਿਸ ਨੂੰ ਮੈਂ ਤੁਹਾਨੂੰ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਉਸ ਦਾ ਨਾਮ ਕਲਪਨਾ ਹੈ, ਲੇਕਿਨ ਉਸ ਦਾ ਯਤਨ, ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਸੱਚੀ ਭਾਵਨਾ ਨਾਲ ਭਰਿਆ ਹੋਇਆ ਹੈ। ਦਰਅਸਲ ਕਲਪਨਾ ਨੇ ਹੁਣੇ ਜਿਹੇ ਹੀ ਕਰਨਾਟਕਾ ਵਿੱਚ ਆਪਣੀ 10ਵੀਂ ਦੀ ਪਰੀਖਿਆ ਪਾਸ ਕੀਤੀ ਹੈ, ਲੇਕਿਨ ਉਨ੍ਹਾਂ ਦੀ ਸਫ਼ਲਤਾ ਦੀ ਬੇਹੱਦ ਖਾਸ ਗੱਲ ਇਹ ਹੈ ਕਿ ਕਲਪਨਾ ਨੂੰ ਕੁਝ ਸਮਾਂ ਪਹਿਲਾਂ ਤੱਕ ਕੰਨ੍ਹੜ ਭਾਸ਼ਾ ਹੀ ਨਹੀਂ ਆਉਂਦੀ ਸੀ, ਉਨ੍ਹਾਂ ਨੇ ਨਾ ਸਿਰਫ਼ 3 ਮਹੀਨਿਆਂ ਵਿੱਚ ਕੰਨ੍ਹੜ ਭਾਸ਼ਾ ਸਿੱਖੀ, ਸਗੋਂ 92 ਨੰਬਰ ਵੀ ਲਿਆ ਕੇ ਦਿਖਾਏ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਰਹੀ ਹੋਵੇਗੀ, ਲੇਕਿਨ ਇਹ ਸੱਚ ਹੈ। ਉਨ੍ਹਾਂ ਦੇ ਬਾਰੇ ਵਿੱਚ ਹੋਰ ਵੀ ਕਈ ਗੱਲਾਂ ਅਜਿਹੀਆਂ ਹਨ ਜੋ ਤੁਹਾਨੂੰ ਹੈਰਾਨ ਵੀ ਕਰਨਗੀਆਂ ਤੇ ਪ੍ਰੇਰਣਾ ਵੀ ਦੇਣਗੀਆਂ। ਕਲਪਨਾ ਮੂਲ ਰੂਪ ’ਚ ਉੱਤਰਾਖੰਡ ਦੇ ਜੋਸ਼ੀ ਮੱਠ ਦੀ ਰਹਿਣ ਵਾਲੀ ਹੈ। ਉਹ ਪਹਿਲਾਂ ਟੀ.ਬੀ. ਨਾਲ ਪੀੜਿਤ ਰਹੀ ਸੀ ਅਤੇ ਜਦੋਂ ਉਹ ਤੀਸਰੀ ਜਮਾਤ ਵਿੱਚ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ, ਲੇਕਿਨ ਕਹਿੰਦੇ ਹਨ ਨਾ, ‘ਜਿੱਥੇ ਚਾਹ, ਉੱਥੇ ਰਾਹ’। ਕਲਪਨਾ ਬਾਅਦ ਵਿੱਚ ਮੈਸੂਰ ਦੀ ਰਹਿਣ ਵਾਲੀ ਪ੍ਰੋਫੈਸਰ ਤਾਰਾ ਮੂਰਤੀ ਦੇ ਸੰਪਰਕ ਵਿੱਚ ਆਈ, ਜਿਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ, ਬਲਕਿ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਵੀ ਕੀਤੀ। ਅੱਜ ਉਹ ਆਪਣੀ ਮਿਹਨਤ ਨਾਲ ਸਾਡੇ ਸਾਰਿਆਂ ਦੇ ਲਈ ਇੱਕ ਉਦਾਹਰਣ ਬਣ ਗਈ ਹਨ। ਮੈਂ ਕਲਪਨਾ ਨੂੰ ਉਨ੍ਹਾਂ ਦੇ ਹੌਸਲੇ ਦੇ ਲਈ ਵਧਾਈ ਦਿੰਦਾ ਹਾਂ। ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਕਈ ਅਜਿਹੇ ਲੋਕ ਵੀ ਹਨ ਜੋ ਦੇਸ਼ ਦੀ ਭਾਸ਼ਾਈ ਵਿਭਿੰਨਤਾ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ। ਅਜਿਹੇ ਹੀ ਇੱਕ ਸਾਥੀ ਹਨ ਪੱਛਮ ਬੰਗਾਲ ਵਿੱਚ ਪੁਰੂਲੀਆ ਦੇ ਸ਼੍ਰੀਪਤੀ ਟੁੱਡੂ ਜੀ। ਟੁੱਡੂ ਜੀ, ਪੁਰੂਲੀਆ ਦੀ ਸਿੱਧੋ-ਕਾਨੋ-ਬਿਰਸਾ ਯੂਨੀਵਰਸਿਟੀ ਵਿੱਚ ਸੰਥਾਲੀ ਭਾਸ਼ਾ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਸੰਥਾਲੀ ਸਮਾਜ ਦੇ ਲਈ ਉਨ੍ਹਾਂ ਦੀ ਆਪਣੀ ‘ਓਲ ਚਿਕੀ’ ਲਿਪੀ ਵਿੱਚ ਦੇਸ਼ ਦੇ ਸੰਵਿਧਾਨ ਦੀ ਕਾਪੀ ਤਿਆਰ ਕੀਤੀ ਹੈ। ਸ਼੍ਰੀਪਤੀ ਟੁੱਡੂ ਜੀ ਕਹਿੰਦੇ ਹਨ ਕਿ ਸਾਡਾ ਸੰਵਿਧਾਨ ਸਾਡੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਉਨ੍ਹਾਂ ਦੇ ਅਧਿਕਾਰ ਅਤੇ ਫ਼ਰਜ਼ਾਂ ਦਾ ਬੋਧ ਕਰਵਾਉਂਦਾ ਹੈ। ਇਸ ਲਈ ਹਰ ਇੱਕ ਨਾਗਰਿਕ ਨੂੰ ਇਸ ਬਾਰੇ ਜਾਣੂ ਹੋਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਸੰਥਾਲੀ ਸਮਾਜ ਦੇ ਲਈ ਉਨ੍ਹਾਂ ਦੀ ਆਪਣੀ ਲਿਪੀ ਵਿੱਚ ਸੰਵਿਧਾਨ ਦੀ ਕਾਪੀ ਤਿਆਰ ਕਰਕੇ ਭੇਂਟ-ਸੌਗਾਤ ਦੇ ਰੂਪ ਵਿੱਚ ਦਿੱਤੀ। ਮੈਂ ਸ਼੍ਰੀਪਤੀ ਜੀ ਦੀ ਇਸ ਸੋਚ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਜਿਊਂਦਾ ਜਾਗਦਾ ਉਦਾਹਰਣ ਹੈ। ਇਸ ਭਾਵਨਾ ਨੂੰ ਅੱਗੇ ਵਧਾਉਣ ਵਾਲੇ ਅਜਿਹੇ ਬਹੁਤ ਸਾਰੇ ਯਤਨਾਂ ਸਬੰਧੀ ਤੁਹਾਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਵੈੱਬਸਾਈਟ ’ਤੇ ਵੀ ਜਾਣਕਾਰੀ ਮਿਲੇਗੀ। ਇੱਥੇ ਤੁਹਾਨੂੰ ਖਾਨ-ਪਾਨ, ਕਲਾ, ਸੰਸਕ੍ਰਿਤੀ, ਸੈਰ-ਸਪਾਟਾ ਸਮੇਤ ਕਈ ਅਜਿਹੇ ਵਿਸ਼ਿਆਂ ਸਬੰਧੀ ਗਤੀਵਿਧੀਆਂ ਬਾਰੇ ਪਤਾ ਲਗੇਗਾ। ਤੁਸੀਂ ਇਨ੍ਹਾਂ ਗਤਵਿਧੀਆਂ ’ਚ ਹਿੱਸਾ ਵੀ ਲੈ ਸਕਦੇ ਹੋ। ਇਸ ਨਾਲ ਤੁਹਾਨੂੰ ਆਪਣੇ ਦੇਸ਼ ਦੇ ਬਾਰੇ ਜਾਣਕਾਰੀ ਵੀ ਮਿਲੇਗੀ ਅਤੇ ਤੁਸੀਂ ਦੇਸ਼ ਦੀ ਵਿਭਿੰਨਤਾ ਨੂੰ ਮਹਿਸੂਸ ਵੀ ਕਰੋਗੇ।

 

ਮੇਰੇ ਪਿਆਰੇ ਦੇਸ਼ਵਾਸੀਓ, ਇਸ ਸਮੇਂ ਸਾਡੇ ਦੇਸ਼ ਵਿੱਚ ਉੱਤਰਾਖੰਡ ਦੇ ‘ਚਾਰਧਾਮ’ ਦੀ ਪਵਿੱਤਰ ਯਾਤਰਾ ਚਲ ਰਹੀ ਹੈ। ‘ਚਾਰਧਾਮ’ ਅਤੇ ਖਾਸ ਕਰਕੇ ਕੇਦਾਰਨਾਥ ਵਿੱਚ ਹਰ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਪਹੁੰਚ ਰਹੇ ਹਨ, ਲੋਕ ਆਪਣੀ ‘ਚਾਰਧਾਮ’ ਯਾਤਰਾ ਦੇ ਸੁਖਦ ਅਨੁਭਵ ਸਾਂਝੇ ਕਰ ਰਹੇ ਹਨ, ਲੇਕਿਨ ਮੈਂ ਇਹ ਵੀ ਵੇਖਿਆ ਕਿ ਸ਼ਰਧਾਲੂ ਕੇਦਾਰਨਾਥ ਵਿੱਚ ਕੁਝ ਯਾਤਰੀਆਂ ਵੱਲੋਂ ਫੈਲਾਈ ਜਾ ਰਹੀ ਗੰਦਗੀ ਦੀ ਵਜ੍ਹਾ ਕਾਰਨ ਬਹੁਤ ਦੁਖੀ ਹਨ। ਸੋਸ਼ਲ ਮੀਡੀਆ ’ਤੇ ਵੀ ਕਈ ਲੋਕਾਂ ਨੇ ਆਪਣੀ ਗੱਲ ਕਹੀ ਹੈ। ਅਸੀਂ ਪਵਿੱਤਰ ਯਾਤਰਾ ਵਿੱਚ ਜਾਈਏ ਅਤੇ ਉੱਥੇ ਗੰਦਗੀ ਦਾ ਢੇਰ ਹੋਵੇ, ਇਹ ਠੀਕ ਨਹੀਂ। ਲੇਕਿਨ ਸਾਥੀਓ, ਇਨ੍ਹਾਂ ਸ਼ਿਕਾਇਤਾਂ ਦੇ ਵਿਚਕਾਰ ਕਈ ਚੰਗੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਸ਼ਰਧਾ ਹੈ, ਉੱਥੇ ਸਿਰਜਣਾ ਅਤੇ ਸਕਾਰਾਤਮਕਤਾ ਵੀ ਹੈ। ਕਈ ਸ਼ਰਧਾਲੂ ਅਜਿਹੇ ਵੀ ਹਨ ਜੋ ਬਾਬਾ ਕੇਦਾਰ ਦੇ ਧਾਮ ਵਿੱਚ ਦਰਸ਼ਨ-ਪੂਜਣ ਦੇ ਨਾਲ-ਨਾਲ ਸਵੱਛਤਾ ਦੀ ਸਾਧਨਾ ਵੀ ਕਰ ਰਹੇ ਹਨ, ਕੋਈ ਆਪਣੇ ਠਹਿਰਣ ਦੀ ਜਗ੍ਹਾ ਕੋਲ ਸਫਾਈ ਕਰ ਰਿਹਾ ਹੈ ਤਾਂ ਕੋਈ ਯਾਤਰਾ ਦੇ ਰਸਤੇ ਤੋਂ ਕੂੜਾ-ਕਚਰਾ ਸਾਫ ਕਰ ਰਿਹਾ ਹੈ। ਸਵੱਛ ਭਾਰਤ ਅਭਿਯਾਨ ਟੀਮ ਦੇ ਨਾਲ ਮਿਲ ਕੇ ਕਈ ਸੰਸਥਾਵਾਂ ਅਤੇ ਸਵੈਸੇਵੀ ਸੰਗਠਨ ਵੀ ਉੱਥੇ ਕੰਮ ਕਰ ਰਹੇ ਹਨ। ਸਾਥੀਓ, ਸਾਡੇ ਇੱਥੇ ਜਿਵੇਂ ਤੀਰਥ ਯਾਤਰਾ ਦਾ ਮਹੱਤਵ ਹੁੰਦਾ ਹੈ, ਉਂਝ ਹੀ ਤੀਰਥ ਸੇਵਾ ਦਾ ਵੀ ਮਹੱਤਵ ਦੱਸਿਆ ਗਿਆ ਹੈ ਅਤੇ ਮੈਂ ਤਾਂ ਇਹ ਹੀ ਕਹਾਂਗਾ, ਤੀਰਥ ਸੇਵਾ ਦੇ ਬਿਨਾ ਤੀਰਥ ਯਾਤਰਾ ਵੀ ਅਧੂਰੀ ਹੈ। ਦੇਵ ਭੂਮੀ ਉੱਤਰਾਖੰਡ ਵਿੱਚ ਕਿੰਨੇ ਹੀ ਲੋਕ ਹਨ ਜੋ ਸਵੱਛਤਾ ਅਤੇ ਸੇਵਾ ਦੇ ਸਾਧਨਾਂ ਵਿੱਚ ਲਗੇ ਹੋਏ ਹਨ। ਰੁਧਰਪ੍ਰਯਾਗ ਵਿੱਚ ਰਹਿਣ ਵਾਲੇ ਸ਼੍ਰੀਮਾਨ ਮਨੋਜ ਬੈਂਜਵਾਲ ਜੀ ਤੋਂ ਵੀ ਤੁਹਾਨੂੰ ਬਹੁਤ ਪ੍ਰੇਰਣਾ ਮਿਲੇਗੀ। ਮਨੋਜ ਜੀ ਨੇ ਪਿਛਲੇ 25 ਸਾਲਾਂ ਤੋਂ ਵਾਤਾਵਰਣ ਦੀ ਦੇਖਭਾਲ਼ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਉਹ ਸਵੱਛਤਾ ਦੀ ਮੁਹਿੰਮ ਚਲਾਉਣ ਦੇ ਨਾਲ ਹੀ ਪਵਿੱਤਰ ਸਥਾਨਾਂ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਵੀ ਜੁਟੇ ਰਹਿੰਦੇ ਹਨ, ਉੱਥੇ ਹੀ ਗੁਪਤਕਾਸ਼ੀ ਵਿੱਚ ਰਹਿਣ ਵਾਲੇ ਸੁਰਿੰਦਰ ਬਗਵਾੜੀ ਨੇ ਵੀ ਸਵੱਛਤਾ ਨੂੰ ਆਪਣਾ ਜੀਵਨ ਮੰਤਰ ਬਣਾ ਲਿਆ ਹੈ। ਉਹ ਗੁਪਤਕਾਸ਼ੀ ਵਿੱਚ ਨਿਰੰਤਰ ਸਫਾਈ ਪ੍ਰੋਗਰਾਮ ਚਲਾਉਂਦੇ ਹਨ ਅਤੇ ਮੈਨੂੰ ਪਤਾ ਲਗਿਆ ਹੈ ਕਿ ਇਸ ਮੁਹਿੰਮ ਦਾ ਨਾਮ ਵੀ ਉਨ੍ਹਾਂ ਨੇ ‘ਮਨ ਕੀ ਬਾਤ’ ਰੱਖ ਲਿਆ ਹੈ। ਇੰਝ ਹੀ ਦੇਵਰ ਪਿੰਡ ਦੀ ਚੰਪਾ ਦੇਵੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪਿੰਡ ਦੀਆਂ ਮਹਿਲਾਵਾਂ ਨੂੰ ਕਚਰਾ ਪ੍ਰਬੰਧਨ, ਯਾਨੀ – ਵੇਸਟ ਮੈਨੇਜਮੈਂਟ ਸਿਖਾ ਰਹੀਆਂ ਹਨ। ਚੰਪਾ ਜੀ ਨੇ ਸੈਂਕੜੇ ਦਰੱਖਤ ਵੀ ਲਗਾਏ ਹਨ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਇੱਕ ਹਰਿਆ-ਭਰਿਆ ਜੰਗਲ ਤਿਆਰ ਕਰ ਦਿੱਤਾ ਹੈ। ਸਾਥੀਓ, ਅਜਿਹੇ ਹੀ ਲੋਕਾਂ ਦੇ ਯਤਨਾਂ ਨਾਲ ਦੇਵ ਭੂਮੀ ਅਤੇ ਤੀਰਥਾਂ ਦੀ ਉਹ ਅਲੌਕਿਕ ਅਨੁਭੂਤੀ ਬਣੀ ਹੋਈ ਹੈ, ਜਿਸ ਨੂੰ ਅਨੁਭਵ ਕਰਨ ਦੇ ਲਈ ਅਸੀਂ ਉੱਥੇ ਜਾਂਦੇ ਹਾਂ, ਇਸ ਅਲੌਕਿਕਤਾ ਅਤੇ ਅਧਿਆਤਮਕਤਾ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਾਡੀ ਵੀ ਤਾਂ ਹੈ। ਅਜੇ ਸਾਡੇ ਦੇਸ਼ ਵਿੱਚ ‘ਚਾਰਧਾਮ’ ਯਾਤਰਾ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਅਮਰਨਾਥ ਯਾਤਰਾ, ਪੰਡਰਪੁਰ ਯਾਤਰਾ ਅਤੇ ਜਗਨਨਾਥ ਯਾਤਰਾ ਵਰਗੀਆਂ ਕਈ ਯਾਤਰਾਵਾਂ ਹੋਣਗੀਆਂ। ਸੌਣ ਦੇ ਮਹੀਨੇ ਵਿੱਚ ਤਾਂ ਸ਼ਾਇਦ ਹਰ ਪਿੰਡ ਵਿੱਚ ਕੋਈ ਨਾ ਕੋਈ ਮੇਲਾ ਲਗਦਾ ਹੈ।

 

ਸਾਥੀਓ, ਅਸੀਂ ਜਿੱਥੇ ਕਿਤੇ ਵੀ ਜਾਈਏ, ਇਨ੍ਹਾਂ ਤੀਰਥ ਖੇਤਰਾਂ ਦੀ ਮਰਿਯਾਦਾ ਬਣੀ ਰਹੇ। ਸ਼ੁੱਧਤਾ, ਸਾਫ-ਸਫਾਈ ਇੱਕ ਪਵਿੱਤਰ ਵਾਤਾਵਰਣ ਅਸੀਂ ਇਸ ਨੂੰ ਕਦੇ ਨਹੀਂ ਭੁੱਲਣਾ ਹੈ। ਇਸ ਨੂੰ ਜ਼ਰੂਰ ਬਣਾਈ ਰੱਖੋ ਅਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਸਵੱਛਤਾ ਦੇ ਸੰਕਲਪ ਨੂੰ ਯਾਦ ਰੱਖੀਏ। ਕੁਝ ਦਿਨ ਬਾਅਦ ਹੀ 5 ਜੂਨ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਾਤਾਵਰਣ ਨੂੰ ਲੈ ਕੇ ਸਾਨੂੰ ਆਪਣੇ ਆਲ਼ੇ-ਦੁਆਲ਼ੇ ਸਕਾਰਾਤਮਕ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ ਅਤੇ ਇਹ ਨਿਰੰਤਰ ਕਰਨ ਵਾਲਾ ਕੰਮ ਹੈ। ਤੁਸੀਂ ਇਸ ਵਾਰ ਸਭ ਨੂੰ ਨਾਲ ਜੋੜ ਕੇ ਸਵੱਛਤਾ ਅਤੇ ਦਰੱਖਤ ਲਗਾਉਣ ਦੇ ਲਈ ਕੁਝ ਯਤਨ ਜ਼ਰੂਰ ਕਰੋ। ਤੁਸੀਂ ਖੁਦ ਵੀ ਦਰੱਖਤ ਲਗਾਓ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰੋ।

 

ਮੇਰੇ ਪਿਆਰੇ ਦੇਸ਼ਵਾਸੀਓ, ਅਗਲੇ ਮਹੀਨੇ 21 ਜੂਨ ਨੂੰ ਅਸੀਂ 8ਵਾਂ ਅੰਤਰਰਾਸ਼ਟਰੀ ‘ਯੋਗ ਦਿਵਸ’ ਮਨਾਉਣ ਵਾਲੇ ਹਾਂ। ਇਸ ਵਾਰੀ ‘ਯੋਗ ਦਿਵਸ’ ਦੀ ਥੀਮ ਹੈ – ‘ਯੋਗ ਫੌਰ ਹਿਮਿਊਨਿਟੀ’ ਮੈਂ ਤੁਹਾਨੂੰ ਸਾਰਿਆਂ ਨੂੰ ਯੋਗ ਦਿਵਸ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਣ ਦਾ ਅਨੁਰੋਧ ਕਰਾਂਗਾ। ਹਾਂ, ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਵੀ ਵਰਤੋ। ਵੈਸੇ ਹੁਣ ਤਾਂ ਪੂਰੀ ਦੁਨੀਆ ਵਿੱਚ ਕੋਰੋਨਾ ਨੂੰ ਲੈ ਕੇ ਹਾਲਾਤ ਪਹਿਲਾਂ ਤੋਂ ਕੁਝ ਬਿਹਤਰ ਲਗਦੇ ਹਨ। ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਕਵਰੇਜ ਦੀ ਵਜ੍ਹਾ ਨਾਲ ਹੁਣ ਲੋਕ ਪਹਿਲਾਂ ਤੋਂ ਕਿਤੇ ਜ਼ਿਆਦਾ ਬਾਹਰ ਵੀ ਨਿਕਲ ਰਹੇ ਹਨ, ਇਸ ਲਈ ਪੂਰੀ ਦੁਨੀਆ ਵਿੱਚ ਯੋਗ ਦਿਵਸ ਨੂੰ ਲੈ ਕੇ ਕਾਫੀ ਤਿਆਰੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਕੋਰੋਨਾ ਮਹਾਮਾਰੀ ਨੇ ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਵੀ ਕਰਵਾਇਆ ਹੈ ਕਿ ਸਾਡੇ ਜੀਵਨ ਵਿੱਚ ਸਿਹਤ ਦਾ ਕਿੰਨਾ ਜ਼ਿਆਦਾ ਮਹੱਤਵ ਹੈ ਅਤੇ ਯੋਗ ਇਸ ਵਿੱਚ ਕਿੰਨਾ ਵੱਡਾ ਮਾਧਿਅਮ ਹੈ। ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਯੋਗ ਨਾਲ ਸਰੀਰਿਕ, ਆਤਮਿਕ ਅਤੇ ਬੌਧਿਕ ਸਿਹਤ ਨੂੰ ਵੀ ਕਿੰਨਾ ਹੁਲਾਰਾ ਮਿਲਦਾ ਹੈ। ਵਿਸ਼ਵ ਦੇ ਵੱਡੇ ਤੋਂ ਵੱਡੇ ਬਿਜ਼ਨਸਮੈਨ ਤੋਂ ਲੈ ਕੇ ਫ਼ਿਲਮ ਅਤੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਤੱਕ, ਵਿਦਿਆਰਥੀਆਂ ਤੋਂ ਲੈ ਕੇ ਆਮ ਲੋਕਾਂ ਤੱਕ ਸਾਰੇ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਣਾ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੁਨੀਆ ਭਰ ਵਿੱਚ ਯੋਗ ਦੀ ਵਧਦੀ ਮਕਬੂਲੀਅਤ ਨੂੰ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗਾ ਲਗਦਾ ਹੋਵੇਗਾ। ਸਾਥੀਓ, ਇਸ ਵਾਰ ਦੇਸ਼-ਵਿਦੇਸ਼ ਵਿੱਚ ਯੋਗ ਦਿਵਸ ’ਤੇ ਹੋਣ ਵਾਲੇ ਕੁਝ ਬੇਹੱਦ ਨਵੇਂ ਉਦਾਹਰਣਾਂ ਦੇ ਬਾਰੇ ਮੈਨੂੰ ਜਾਣਕਾਰੀ ਮਿਲੀ ਹੈ, ਇਨ੍ਹਾਂ ਵਿੱਚੋਂ ਇੱਕ ਹੈ ਗਾਰਡੀਅਨ ਰਿੰਗ – ਇੱਕ ਬੜਾ ਹੀ ਅਨੋਖਾ ਪ੍ਰੋਗਰਾਮ ਹੋਵੇਗਾ, ਇਸ ਵਿੱਚ ਸੂਰਜ ਦੀ ਗਤੀ ਨੂੰ ਮਹੱਤਵ ਦਿੱਤਾ ਜਾਵੇਗਾ। ਯਾਨੀ ਸੂਰਜ ਜਿਵੇਂ-ਜਿਵੇਂ ਯਾਤਰਾ ਕਰੇਗਾ, ਧਰਤੀ ਦੇ ਵੱਖ-ਵੱਖ ਹਿੱਸਿਆਂ ਤੋਂ ਅਸੀਂ ਯੋਗ ਦੇ ਜ਼ਰੀਏ ਉਸ ਦਾ ਸੁਆਗਤ ਕਰਾਂਗੇ। ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਮਿਸ਼ਨ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਸੂਰਜ ਦੇ ਨਿਕਲਣ ਦੇ ਸਮੇਂ ਯੋਗ ਪ੍ਰੋਗਰਾਮ ਆਯੋਜਿਤ ਕਰਨਗੇ। ਇੱਕ ਦੇਸ਼ ਤੋਂ ਬਾਅਦ ਦੂਸਰੇ ਦੇਸ਼ ਵਿੱਚ ਪ੍ਰੋਗਰਾਮ ਸ਼ੁਰੂ ਹੋਵੇਗਾ। ਪੂਰਬ ਤੋਂ ਪੱਛਮ ਤੱਕ ਨਿਰੰਤਰ ਯਾਤਰਾ ਚਲਦੀ ਰਹੇਗੀ। ਫਿਰ ਇੰਝ ਹੀ ਇਹ ਅੱਗੇ ਵੱਧਦਾ ਰਹੇਗਾ। ਇਨ੍ਹਾਂ ਪ੍ਰੋਗਰਾਮਾਂ ਦੀ ਸਟ੍ਰੀਮਿੰਗ ਵੀ ਇੱਕ ਦੇ ਬਾਅਦ ਇੱਕ ਜੁੜਦੀ ਜਾਵੇਗੀ। ਯਾਨੀ ਇਹ ਇੱਕ ਤਰ੍ਹਾਂ ਦਾ ਰੀਲੇਅ ਯੋਗ ਸਟ੍ਰੀਮਿੰਗ ਈਵੈਂਟ ਹੋਵੇਗਾ, ਤੁਸੀਂ ਵੀ ਇਸ ਨੂੰ ਜ਼ਰੂਰ ਵੇਖਣਾ।

 

ਸਾਥੀਓ, ਸਾਡੇ ਦੇਸ਼ ਵਿੱਚ ਇਸ ਵਾਰੀ ‘ਅੰਮ੍ਰਿਤ ਮਹੋਤਸਵ’ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ 75 ਮੁੱਖ ਸਥਾਨਾਂ ’ਤੇ ਵੀ ‘ਅੰਤਰਰਾਸ਼ਟਰੀ ਯੋਗ ਦਿਵਸ’ ਦਾ ਆਯੋਜਨ ਹੋਵੇਗਾ। ਇਸ ਮੌਕੇ ’ਤੇ ਕਈ ਸੰਗਠਨ ਅਤੇ ਦੇਸ਼ਵਾਸੀ ਆਪਣੇ-ਆਪਣੇ ਪੱਧਰ ’ਤੇ ਆਪਣੇ-ਆਪਣੇ ਖੇਤਰ ਦੇ ਖਾਸ ਸਥਾਨਾਂ ’ਤੇ ਕੁਝ ਨਾ ਕੁਝ ਅਨੋਖਾ ਕਰਨ ਦੀ ਤਿਆਰੀ ਕਰ ਰਹੇ ਹਨ। ਮੈਂ ਤੁਹਾਨੂੰ ਵੀ ਇਹ ਅਨੁਰੋਧ ਕਰਾਂਗਾ ਕਿ ਇਸ ਵਾਰ ਯੋਗ ਦਿਵਸ ਮਨਾਉਣ ਦੇ ਲਈ ਤੁਸੀਂ ਆਪਣੇ ਸ਼ਹਿਰ, ਕਸਬੇ ਜਾਂ ਪਿੰਡ ਦੀ ਕਿਸੇ ਅਜਿਹੀ ਜਗ੍ਹਾ ਨੂੰ ਚੁਣੋ, ਜੋ ਸਭ ਤੋਂ ਖਾਸ ਹੋਵੇ, ਇਹ ਜਗ੍ਹਾ ਕੋਈ ਪੁਰਾਣਾ ਮੰਦਿਰ ਅਤੇ ਸੈਰ-ਸਪਾਟਾ ਕੇਂਦਰ ਹੋ ਸਕਦਾ ਹੈ ਜਾਂ ਫਿਰ ਕਿਸੇ ਪ੍ਰਸਿੱਧ ਨਦੀ, ਝੀਲ ਜਾਂ ਤਲਾਬ ਦਾ ਕਿਨਾਰਾ ਵੀ ਹੋ ਸਕਦਾ ਹੈ। ਇਸ ਤਰ੍ਹਾਂ ਯੋਗ ਦੇ ਨਾਲ-ਨਾਲ ਤੁਹਾਡੇ ਖੇਤਰ ਦੀ ਪਹਿਚਾਣ ਵੀ ਵਧੇਗੀ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਇਸ ਸਮੇਂ ‘ਯੋਗ ਦਿਵਸ’ ਨੂੰ ਲੈ ਕੇ ‘ਹੰਡਰਡ ਡੇ ਕਾਊਂਟ ਡਾਊਨ’ ਵੀ ਜਾਰੀ ਹੈ ਜਾਂ ਇੰਝ ਕਹੀਏ ਕਿ ਨਿਜੀ ਅਤੇ ਸਮਾਜਿਕ ਯਤਨਾਂ ਨਾਲ ਜੁੜੇ ਪ੍ਰੋਗਰਾਮ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ, ਜਿਵੇਂ ਕਿ ਦਿੱਲੀ ਵਿੱਚ 100ਵੇਂ ਦਿਨ ਅਤੇ 75ਵੇਂ ਦਿਨ ਕਾਊਂਟ ਡਾਊਨ ਪ੍ਰੋਗਰਾਮ ਹੋਏ ਹਨ। ਉੱਥੇ ਹੀ ਅਸਮ ਦੇ ਸ਼ਿਵਸਾਗਰ ਵਿੱਚ 50ਵੇਂ ਅਤੇ ਹੈਦਰਾਬਾਦ ਵਿੱਚ 25ਵੇਂ ਕਾਊਂਟ ਡਾਊਂਟ ਈਵੈਂਟ ਆਯੋਜਿਤ ਕੀਤੇ ਗਏ। ਮੈਂ ਚਾਹਾਗਾਂ ਕਿ ਤੁਸੀਂ ਵੀ ਆਪਣੇ ਇੱਥੇ ਹੁਣੇ ਤੋਂ ਯੋਗ ਦਿਵਸ ਦੀਆਂ ਤਿਆਰੀਆਂ ਸ਼ੁਰੂ ਕਰ ਦਿਓ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਮਿਲੋ, ਹਰ ਕਿਸੇ ਨੂੰ ਯੋਗ ਦਿਵਸ ਦੇ ਪ੍ਰੋਗਰਾਮ ਨਾਲ ਜੁੜਨ ਦੇ ਲਈ ਅਨੁਰੋਧ ਕਰੋ, ਪ੍ਰੇਰਿਤ ਕਰੋ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਸਾਰੇ ਯੋਗ ਦਿਵਸ ਵਿੱਚ ਵਧ-ਚੜ੍ਹ ਕੇ ਹਿੱਸਾ ਲਵੋਗੇ, ਨਾਲ ਹੀ ਯੋਗ ਨੂੰ ਆਪਣੇ ਰੋਜ਼ਮਰਾ ਦੇ ਜੀਵਨ ਵਿੱਚ ਵੀ ਅਪਣਾਓਗੇ।

 

ਸਾਥੀਓ, ਕੁਝ ਦਿਨ ਪਹਿਲਾਂ ਮੈਂ ਜਪਾਨ ਗਿਆ ਸੀ। ਆਪਣੇ ਕਈ ਪ੍ਰੋਗਰਾਮਾਂ ਦੇ ਵਿਚਕਾਰ ਮੈਨੂੰ ਕੁਝ ਸ਼ਾਨਦਾਰ ਸ਼ਖ਼ਸੀਅਤਾਂ ਨਾਲ ਮਿਲਣ ਦਾ ਮੌਕਾ ਮਿਲਿਆ। ਮੈਂ ‘ਮਨ ਕੀ ਬਾਤ’ ਵਿੱਚ ਤੁਹਾਡੇ ਨਾਲ ਉਨ੍ਹਾਂ ਦੇ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਉਹ ਲੋਕ ਹੈ ਤਾਂ ਜਪਾਨ ਦੇ, ਲੇਕਿਨ ਭਾਰਤ ਦੇ ਪ੍ਰਤੀ ਇਨ੍ਹਾਂ ਵਿੱਚ ਗਜ਼ਬ ਦਾ ਲਗਾਅ ਅਤੇ ਪਿਆਰ ਹੈ। ਇਨ੍ਹਾਂ ਵਿੱਚੋਂ ਇੱਕ ਹੈ ਹਿਰੋਸ਼ੀ ਕੋਇਕੇ ਜੀ ਜੋ ਇੱਕ ਮੰਨੇ-ਪ੍ਰਮੰਨੇ ਆਰਟ ਡਾਇਰੈਕਟਰ ਹਨ, ਤੁਹਾਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਇਨ੍ਹਾਂ ਨੇ ਮਹਾਭਾਰਤ ਪ੍ਰੋਜੈਕਟ ਨੂੰ ਨਿਰਦੇਸ਼ਿਤ ਕੀਤਾ ਹੈ, ਇਸ ਪ੍ਰੋਜੈਕਟ ਦੀ ਸ਼ੁਰੂਆਤ ਕੰਬੋਡੀਆ ਵਿੱਚ ਹੋਈ ਸੀ ਅਤੇ ਪਿਛਲੇ 9 ਸਾਲਾਂ ਤੋਂ ਇਹ ਨਿਰੰਤਰ ਜਾਰੀ ਹੈ। ਹਿਰੋਸ਼ੀ ਕੋਇਕੇ ਜੀ ਹਰ ਕੰਮ ਬਹੁਤ ਹੀ ਵੱਖ ਤਰੀਕੇ ਨਾਲ ਕਰਦੇ ਹਨ। ਉਹ ਹਰ ਸਾਲ ਏਸ਼ੀਆ ਦੇ ਕਿਸੇ ਦੇਸ਼ ਦੀ ਯਾਤਰਾ ਕਰਦੇ ਹਨ ਅਤੇ ਉੱਥੇ ਲੋਕਲ ਆਰਟਿਸਟ ਅਤੇ ਸੰਗੀਤਕਾਰਾਂ ਦੇ ਨਾਲ ਮਹਾਭਾਰਤ ਦੇ ਕੁਝ ਹਿੱਸਿਆਂ ਨੂੰ ਵਿਖਾਉਂਦੇ ਹਨ। ਇਸ ਪ੍ਰੋਜੈਕਟ ਦੇ ਮਾਧਿਅਮ ਨਾਲ ਉਨ੍ਹਾਂ ਨੇ ਭਾਰਤ, ਕੰਬੋਡੀਆ ਅਤੇ ਇੰਡੋਨੇਸ਼ੀਆ ਸਮੇਤ 9 ਦੇਸ਼ਾਂ ਵਿੱਚ ਇਹ ਪ੍ਰੋਗਰਾਮ ਕੀਤੇ ਹਨ ਅਤੇ ਸਟੇਜ ਪ੍ਰੋਗਰਾਮਾਂ ਵਿੱਚ ਹਿੱਸਾ ਵੀ ਲਿਆ ਹੈ। ਹਿਰੋਸ਼ੀ ਕੋਇਕੇ ਜੀ ਉਨ੍ਹਾਂ ਕਲਾਕਾਰਾਂ ਨੂੰ ਇਕੱਠੇ ਲਿਆਉਂਦੇ ਹਨ, ਜਿਨ੍ਹਾਂ ਦੀ ਕਲਾਸੀਕਲ ਅਤੇ ਟ੍ਰੈਡੀਸ਼ਨਲ ਏਸ਼ੀਅਨ ਪ੍ਰੋਫਾਰਮਿੰਗ ਆਰਟ ਵਿੱਚ ਵਿਭਿੰਨ ਪਿੱਠ ਭੂਮੀ ਰਹੀ ਹੈ। ਇਸ ਵਜ੍ਹਾ ਨਾਲ ਉਨ੍ਹਾਂ ਦੇ ਕੰਮ ਵਿੱਚ ਵਿਭਿੰਨ ਰੰਗ ਦੇਖਣ ਨੂੰ ਮਿਲਦੇ ਹਨ। ਇੰਡੋਨੇਸ਼ੀਆ, ਥਾਈਲੈਂਡ, ਮਲੇਸ਼ੀਆ ਅਤੇ ਜਪਾਨ ਦੇ ਕਲਾਕਾਰ ਜਾਵਾ ਨਾਚ, ਬਾਲੀ ਨਾਚ, ਥਾਈ ਨਾਚ ਦੇ ਜ਼ਰੀਏ ਇਸ ਨੂੰ ਹੋਰ ਆਕਰਸ਼ਕ ਬਣਾ ਦਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਹਰੇਕ ਕਲਾਕਾਰ ਆਪਣੀ ਹੀ ਮਾਤਰ ਭਾਸ਼ਾ ’ਚ ਬੋਲਦਾ ਹੈ ਅਤੇ ਕੋਰੀਓਗ੍ਰਾਫੀ ਬਹੁਤ ਹੀ ਖੂਬਸੂਰਤੀ ਨਾਲ ਇਸ ਵਿਭਿੰਨਤਾ ਨੂੰ ਪੇਸ਼ ਕਰਦੀ ਹੈ ਅਤੇ ਸੰਗੀਤ ਦੀ ਵਿਭਿੰਨਤਾ ਇਸ ਪ੍ਰੋਗਰਾਮ ਨੂੰ ਹੋਰ ਦਿਲਕਸ਼ ਬਣਾ ਦਿੰਦੀ ਹੈ। ਉਨ੍ਹਾਂ ਦਾ ਟੀਚਾ ਇਸ ਗੱਲ ਨੂੰ ਸਾਹਮਣੇ ਲਿਆਉਣਾ ਹੈ ਕਿ ਸਾਡੇ ਸਮਾਜ ਵਿੱਚ ਵਿਭਿੰਨਤਾ ਅਤੇ ਸਹਿ-ਹੋਂਦ ਦਾ ਕੀ ਮਹੱਤਵ ਹੈ ਅਤੇ ਸ਼ਾਂਤੀ ਦਾ ਰੂਪ ਅਸਲ ਵਿੱਚ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੈਂ ਜਪਾਨ ਵਿੱਚ ਜਿਨ੍ਹਾਂ ਹੋਰ ਦੋ ਲੋਕਾਂ ਨੂੰ ਮਿਲਿਆ, ਉਹ ਹਨ ਆਤਸੁਸ਼ੀ ਮਾਤਸੁਓ ਜੀ ਅਤੇ ਕੇਂਜੀ ਯੋਸ਼ੀ ਜੀ। ਇਹ ਦੋਵੇਂ ਹੀ TEM ਪ੍ਰੋਡਕਸ਼ਨ ਕੰਪਨੀ ਨਾਲ ਜੁੜੇ ਹਨ। ਇਸ ਕੰਪਨੀ ਦਾ ਸਬੰਧ ਰਾਮਾਇਣ ਦੀ ਉਸ ਜਪਾਨੀ ਐਨੀਮੇਸ਼ਨ ਫ਼ਿਲਮ ਨਾਲ ਹੈ ਜੋ 1993 ਵਿੱਚ ਰਿਲੀਜ਼ ਹੋਈ ਸੀ। ਇਹ ਪ੍ਰੋਜੈਕਟ ਜਪਾਨ ਦੇ ਬਹੁਤ ਹੀ ਮਸ਼ਹੂਰ ਫਿਲਮ ਡਾਇਰੈਕਟਰ ਯੁਗੋ ਸਾਕੋ ਜੀ ਨਾਲ ਜੁੜਿਆ ਹੋਇਆ ਸੀ। ਲਗਭਗ 40 ਸਾਲ ਪਹਿਲਾਂ 1983 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਰਾਮਾਇਣ ਦੇ ਬਾਰੇ ਪਤਾ ਲਗਿਆ ਸੀ। ਰਾਮਾਇਣ ਉਨ੍ਹਾਂ ਦੇ ਦਿਲ ਨੂੰ ਛੂਹ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ’ਤੇ ਗਹਿਰਾਈ ਨਾਲ ਅਧਿਐਨ ਸ਼ੁਰੂ ਕਰ ਦਿੱਤਾ। ਏਨਾ ਹੀ ਨਹੀਂ ਉਨ੍ਹਾਂ ਨੇ ਜਪਾਨੀ ਭਾਸ਼ਾ ਵਿੱਚ ਰਾਮਾਇਣ ਦੇ 10 ਸੰਸਕਰਣ ਪੜ੍ਹ ਲਏ ਅਤੇ ਉਹ ਏਨੇ ’ਤੇ ਹੀ ਨਹੀਂ ਰੁਕੇ, ਉਹ ਇਸ ਨੂੰ ਐਨੀਮੇਸ਼ਨ ’ਤੇ ਵੀ ਉਤਾਰਨਾ ਚਾਹੁੰਦੇ ਸਨ। ਇਸ ਵਿੱਚ ਭਾਰਤੀ ਐਨੀਮੇਟਰਸ ਨੇ ਵੀ ਉਨ੍ਹਾਂ ਦੀ ਕਾਫੀ ਮਦਦ ਕੀਤੀ। ਉਨ੍ਹਾਂ ਨੂੰ ਫਿਲਮ ਵਿੱਚ ਦਿਖਾਏ ਗਏ ਭਾਰਤੀ ਰੀਤੀ-ਰਿਵਾਜ਼ਾਂ ਅਤੇ ਰਵਾਇਤਾਂ ਦੇ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ’ਚ ਲੋਕ ਧੋਤੀ ਕਿਵੇਂ ਪਹਿਨਦੇ ਹਨ, ਸਾੜ੍ਹੀ ਕਿਵੇਂ ਪਹਿਨਦੇ ਹਨ, ਵਾਲ ਕਿਸ ਤਰ੍ਹਾਂ ਵਾਉਂਦੇ ਹਨ, ਬੱਚੇ ਪਰਿਵਾਰ ਵਿੱਚ ਇੱਕ ਦੂਸਰੇ ਦਾ ਮਾਣ-ਸਨਮਾਨ ਕਿਵੇਂ ਕਰਦੇ ਹਨ। ਅਸ਼ੀਰਵਾਦ ਦੀ ਪਰੰਪਰਾ ਕੀ ਹੁੰਦੀ ਹੈ, ਸਵੇਰੇ ਉੱਠ ਕੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਪ੍ਰਣਾਮ ਕਰਨਾ, ਉਨ੍ਹਾਂ ਤੋਂ ਅਸ਼ੀਰਵਾਦ ਲੈਣਾ – ਇਹ ਸਾਰੀਆਂ ਗੱਲਾਂ। ਹੁਣ 30 ਸਾਲਾਂ ਤੋਂ ਬਾਅਦ ਇਹ ਐਨੀਮੇਸ਼ਨ ਫਿਲਮ ਫਿਰ ਤੋਂ 4ਕੇ ਵਿੱਚ ਰੀਮਾਸਟਰ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਜਲਦੀ ਹੀ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਹਜ਼ਾਰਾਂ ਕਿਲੋਮੀਟਰ ਦੂਰ ਜਪਾਨ ਵਿੱਚ ਬੈਠੇ ਲੋਕ ਜੋ ਨਾ ਸਾਡੀ ਭਾਸ਼ਾ ਜਾਣਦੇ ਹਨ, ਨਾ ਸਾਡੀਆਂ ਰਵਾਇਤਾਂ ਦੇ ਬਾਰੇ ਓਨਾ ਜਾਣਦੇ ਹਨ, ਉਨ੍ਹਾਂ ਦਾ ਸਾਡੀ ਸੰਸਕ੍ਰਿਤੀ ਦੇ ਲਈ ਸਮਰਪਣ, ਇਹ ਸ਼ਰਧਾ, ਇਹ ਆਦਰ ਬਹੁਤ ਹੀ ਸ਼ਲਾਘਾਯੋਗ ਹੈ। ਕਿਹੜਾ ਹਿੰਦੁਸਤਾਨੀ ਇਸ ’ਤੇ ਮਾਣ ਨਹੀਂ ਕਰੇਗਾ।

 

ਮੇਰੇ ਪਿਆਰੇ ਦੇਸ਼ਵਾਸੀਓ, ਸਵੈ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਦਾ ਮੰਤਰ, ਸੈਲਫ ਫੌਰ ਸੁਸਾਇਟੀ ਦਾ ਮੰਤਰ ਸਾਡੇ ਸੰਸਕਾਰਾਂ ਦਾ ਹਿੱਸਾ ਹੈ। ਸਾਡੇ ਦੇਸ਼ ਵਿੱਚ ਅਨੇਕਾਂ ਲੋਕਾਂ ਨੇ ਇਸ ਮੰਤਰ ਨੂੰ ਆਪਣੇ ਜੀਵਨ ਦਾ ਟੀਚਾ ਮਿਥਿਆ ਹੋਇਆ ਹੈ। ਮੈਨੂੰ ਆਂਧਰ ਪ੍ਰਦੇਸ਼ ਵਿੱਚ ਮਰਕਾਪੁਰਮ ਵਿੱਚ ਰਹਿਣ ਵਾਲੇ ਇੱਕ ਸਾਥੀ ਰਾਮ ਭੂਪਾਲ ਰੈੱਡੀ ਜੀ ਦੇ ਬਾਰੇ ਜਾਣਕਾਰੀ ਮਿਲੀ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਰਾਮ ਭੂਪਾਲ ਰੈੱਡੀ ਜੀ ਨੇ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਆਪਣੀ ਸਾਰੀ ਕਮਾਈ ਬੇਟੀਆਂ ਦੀ ਸਿੱਖਿਆ ਦੇ ਲਈ ਦਾਨ ਕਰ ਦਿੱਤੀ ਹੈ। ਉਨ੍ਹਾਂ ਨੇ ਲਗਭਗ 100 ਬੇਟੀਆਂ ਦੇ ਲਈ ਸੁਕੰਨਿਆ ਸਮ੍ਰਿੱਧੀ ਯੋਜਨਾ ਦੇ ਤਹਿਤ ਖਾਤੇ ਖੁੱਲ੍ਹਵਾਏ ਅਤੇ ਉਸ ਵਿੱਚ ਆਪਣੇ 25 ਲੱਖ ਤੋਂ ਜ਼ਿਆਦਾ ਰੁਪਏ ਜਮ੍ਹਾਂ ਕਰਵਾ ਦਿੱਤੇ। ਇੰਝ ਹੀ ਸੇਵਾ ਦਾ ਇੱਕ ਹੋਰ ਉਦਾਹਰਣ ਯੂ.ਪੀ. ਵਿੱਚ ਆਗਰਾ ਦੇ ਕਚੌਰਾ ਪਿੰਡ ਦਾ ਹੈ। ਕਾਫੀ ਸਾਲ ਤੋਂ ਇਸ ਪਿੰਡ ਵਿੱਚ ਮਿੱਠੇ ਪਾਣੀ ਦੀ ਕਿੱਲਤ ਸੀ, ਇਸੇ ਦੌਰਾਨ ਪਿੰਡ ਦੇ ਇੱਕ ਕਿਸਾਨ ਕੁੰਵਰ ਸਿੰਘ ਨੂੰ ਪਿੰਡ ਤੋਂ 6-7 ਕਿਲੋਮੀਟਰ ਦੂਰ ਆਪਣੇ ਖੇਤ ਵਿੱਚ ਮਿੱਠਾ ਪਾਣੀ ਮਿਲ ਗਿਆ, ਇਹ ਉਨ੍ਹਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਸੀ। ਉਨ੍ਹਾਂ ਨੇ ਸੋਚਿਆ ਕਿਉਂ ਨਾ ਇਸ ਪਾਣੀ ਨਾਲ ਬਾਕੀ ਸਾਰੇ ਪਿੰਡ ਵਾਸੀਆਂ ਦੀ ਵੀ ਸੇਵਾ ਕੀਤੀ ਜਾਵੇ, ਲੇਕਿਨ ਖੇਤ ਤੋਂ ਪਿੰਡ ਤੱਕ ਪਾਣੀ ਲਿਜਾਣ ਲਈ 30-32 ਲੱਖ ਰੁਪਿਆ ਚਾਹੀਦਾ ਸੀ। ਕੁਝ ਸਮੇਂ ਬਾਅਦ ਕੁੰਵਰ ਸਿੰਘ ਦੇ ਛੋਟੇ ਭਾਈ ਸ਼ਾਮ ਸਿੰਘ ਸੈਨਾ ਤੋਂ ਰਿਟਾਇਰ ਹੋ ਕੇ ਪਿੰਡ ਆਏ ਤਾਂ ਉਨ੍ਹਾਂ ਨੂੰ ਇਹ ਗੱਲ ਪਤਾ ਲਗੀ। ਉਨ੍ਹਾਂ ਨੇ ਰਿਟਾਇਰਮੈਂਟ ਤੋਂ ਮਿਲਿਆ ਆਪਣਾ ਸਾਰਾ ਪੈਸਾ ਇਸ ਕੰਮ ਦੇ ਲਈ ਸੌਂਪ ਦਿੱਤਾ ਅਤੇ ਖੇਤ ਤੋਂ ਪਿੰਡ ਤੱਕ ਪਾਈਪ ਲਾਈਨ ਵਿਛਾ ਕੇ ਪਿੰਡ ਵਾਲਿਆਂ ਦੇ ਲਈ ਮਿੱਠਾ ਪਾਣੀ ਪਹੁੰਚਾਇਆ। ਜੇਕਰ ਲਗਨ ਹੋਵੇ, ਆਪਣੇ ਫ਼ਰਜ਼ਾਂ ਦੇ ਪ੍ਰਤੀ ਗੰਭੀਰਤਾ ਹੋਵੇ ਤਾਂ ਇੱਕ ਵਿਅਕਤੀ ਵੀ ਕਿਵੇਂ ਪੂਰੇ ਸਮਾਜ ਦਾ ਭਵਿੱਖ ਬਦਲ ਸਕਦਾ ਹੈ, ਇਹ ਯਤਨ ਇਸ ਦੀ ਵੱਡੀ ਪ੍ਰੇਰਣਾ ਹੈ। ਅਸੀਂ ਫ਼ਰਜ਼ ਦੇ ਰਾਹ ’ਤੇ ਤੁਰਦੇ ਹੋਏ ਹੀ ਸਮਾਜ ਨੂੰ ਤਾਕਤਵਰ ਬਣਾ ਸਕਦੇ ਹਾਂ। ਦੇਸ਼ ਨੂੰ ਤਾਕਤਵਰ ਬਣਾ ਸਕਦੇ ਹਾਂ। ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਵਿੱਚ ਇਹੀ ਸਾਡਾ ਸੰਕਲਪ ਹੋਣਾ ਚਾਹੀਦਾ ਹੈ ਅਤੇ ਇਹੀ ਸਾਡੀ ਸਾਧਨਾ ਵੀ ਹੋਣੀ ਚਾਹੀਦੀ ਹੈ, ਜਿਸ ਦਾ ਇੱਕ ਹੀ ਰਸਤਾ ਹੈ – ਕਰਤੱਵ, ਕਰਤੱਵ ਅਤੇ ਕਰਤੱਵ।

 

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ‘ਮਨ ਕੀ ਬਾਤ’ ਵਿੱਚ ਅਸੀਂ ਸਮਾਜ ਨਾਲ ਜੁੜੇ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ। ਤੁਸੀਂ ਸਾਰੇ ਵੱਖ-ਵੱਖ ਵਿਸ਼ਿਆਂ ਨਾਲ ਜੁੜੇ ਮਹੱਤਵਪੂਰਨ ਸੁਝਾਅ ਮੈਨੂੰ ਭੇਜਦੇ ਹੋ ਅਤੇ ਉਨ੍ਹਾਂ ਦੇ ਅਧਾਰ ’ਤੇ ਸਾਡੀ ਚਰਚਾ ਅੱਗੇ ਵਧਦੀ ਹੈ। ‘ਮਨ ਕੀ ਬਾਤ’ ਦੇ ਅਗਲੇ ਸੰਸਕਰਣ ਦੇ ਲਈ ਆਪਣੇ ਸੁਝਾਅ ਭੇਜਣਾ ਵੀ ਨਾ ਭੁੱਲਣਾ। ਇਸ ਸਮੇਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨਾਲ ਜੁੜੇ ਜੋ ਪ੍ਰੋਗਰਾਮ ਚਲ ਰਹੇ ਹਨ, ਜਿਨ੍ਹਾਂ ਆਯੋਜਨਾਂ ਵਿੱਚ ਤੁਸੀਂ ਸ਼ਾਮਿਲ ਹੋ ਰਹੇ ਹਨ, ਉਨ੍ਹਾਂ ਦੇ ਬਾਰੇ ਮੈਨੂੰ ਜ਼ਰੂਰ ਦੱਸੋ। ਨਮੋ ਐਪ ਤੇ ਮਾਈ ਗੋਵ ’ਤੇ ਮੈਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਅਗਲੀ ਵਾਰੀ ਅਸੀਂ ਇੱਕ ਵਾਰ ਫਿਰ ਮਿਲਾਂਗੇ। ਫਿਰ ਤੋਂ ਦੇਸ਼ਵਾਸੀਆਂ ਨਾਲ ਜੁੜੇ ਅਜਿਹੇ ਹੀ ਵਿਸ਼ਿਆਂ ’ਤੇ ਗੱਲਬਾਤ ਕਰਾਂਗੇ। ਤੁਸੀਂ ਆਪਣਾ ਧਿਆਨ ਰੱਖੋ ਅਤੇ ਆਪਣੇ ਆਲ਼ੇ-ਦੁਆਲ਼ੇ ਸਾਰੇ ਜੀਵ-ਜੰਤੂਆਂ ਦਾ ਵੀ ਧਿਆਨ ਰੱਖੋ। ਗਰਮੀਆਂ ਦੇ ਇਸ ਮੌਸਮ ਵਿੱਚ ਤੁਸੀਂ ਪਸ਼ੂ-ਪੰਛੀਆਂ ਦੇ ਲਈ ਖਾਣਾ-ਪਾਣੀ ਦੇਣ ਦੀ ਆਪਣੀ ਮਨੁੱਖੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੋ, ਇਹ ਜ਼ਰੂਰ ਯਾਦ ਰੱਖਣਾ। ਉਦੋਂ ਤੱਕ ਦੇ ਲਈ ਬਹੁਤ-ਬਹੁਤ ਧੰਨਵਾਦ।

 

 

 

***********

ਡੀਐੱਸ/ਐੱਲਪੀ/ਐੱਸਕੇਐੱਸ