Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 75ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.03.2021)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਇਸ ਵਾਰ ਜਦੋਂ ਮੈਂ ‘ਮਨ ਕੀ ਬਾਤ’ ਦੇ ਲਈ ਜੋ ਵੀ ਚਿੱਠੀਆਂ ਆਉਂਦੀਆਂ ਹਨ, comments ਆਉਂਦੇ ਹਨ, ਭਾਂਤ-ਭਾਂਤ ਦੇ input ਮਿਲਦੇ ਹਨ, ਜਦੋਂ ਉਨ੍ਹਾਂ ਵੱਲ ਨਜ਼ਰ ਦੌੜਾ ਰਿਹਾ ਸੀ ਤਾਂ ਕਈ ਲੋਕਾਂ ਨੇ ਬੜੀ ਮਹੱਤਵਪੂਰਣ ਗੱਲ ਯਾਦ ਕੀਤੀ। MyGov ’ਤੇ ਆਰਿਯਨ ਸ਼੍ਰੀ, ਬੈਂਗਲੁਰੂ ਤੋਂ ਅਨੂਪ ਰਾਵ, ਨੋਇਡਾ ਤੋਂ ਦੇਵੇਸ਼, ਥਾਨੇ ਤੋਂ ਸੁਜੀਤ ਇਨ੍ਹਾਂ ਸਾਰਿਆਂ ਨੇ ਕਿਹਾ – ਮੋਦੀ ਜੀ ਇਸ ਵਾਰੀ ‘ਮਨ ਕੀ ਬਾਤ’ ਦਾ 75ਵਾਂ episode ਹੈ, ਇਸ ਦੇ ਲਈ ਤੁਹਾਨੂੰ ਵਧਾਈ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੀ ਬਰੀਕ ਨਜ਼ਰ ਨਾਲ ‘ਮਨ ਕੀ ਬਾਤ’ ਨੂੰ follow ਕੀਤਾ ਹੈ ਅਤੇ ਤੁਸੀਂ ਜੁੜੇ ਰਹੇ ਹੋ। ਇਹ ਮੇਰੇ ਲਈ ਬਹੁਤ ਹੀ ਫ਼ਖਰ ਦੀ ਗੱਲ ਹੈ, ਅਨੰਦ ਦਾ ਵਿਸ਼ਾ ਹੈ। ਮੇਰੇ ਵੱਲੋਂ ਤੁਹਾਡਾ ਤਾਂ ਧੰਨਵਾਦ ਹੈ ਹੀ, ਮੈਂ ‘ਮਨ ਕੀ ਬਾਤ’ ਦੇ ਸਾਰੇ ਸਰੋਤਿਆਂ ਦਾ ਆਭਾਰ ਵਿਅਕਤ ਕਰਦਾ ਹਾਂ, ਕਿਉਂਕਿ ਤੁਹਾਡੇ ਸਾਥ ਦੇ ਬਿਨਾਂ ਇਹ ਸਫ਼ਰ ਸੰਭਵ ਹੀ ਨਹੀਂ ਸੀ। ਇੰਝ ਲੱਗਦਾ ਹੈ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ, ਜਦੋਂ ਅਸੀਂ ਸਾਰਿਆਂ ਨੇ ਇਕੱਠਿਆਂ ਮਿਲ ਕੇ ਇਹ ਵਿਚਾਰਕ ਯਾਤਰਾ ਸ਼ੁਰੂ ਕੀਤੀ ਸੀ। ਉਦੋਂ 3 ਅਕਤੂਬਰ 2014 ਨੂੰ ਦੁਸਹਿਰੇ ਦਾ ਪਵਿੱਤਰ ਤਿਓਹਾਰ ਸੀ ਅਤੇ ਸੰਜੋਗ ਵੇਖੋ ਕਿ ਅੱਜ ਹੋਲੀਕਾ ਦਹਿਨ ਹੈ। ‘‘ਏਕ ਦੀਪ ਸੇ ਜਲੇ ਦੂਸਰਾ ਔਰ ਰਾਸ਼ਟਰ ਰੌਸ਼ਨ ਹੋ ਹਮਾਰਾ’’ ਇਸ ਭਾਵਨਾ ’ਤੇ ਚਲਦੇ ਹੋਏ ਅਸੀਂ ਇਹ ਰਸਤਾ ਤੈਅ ਕੀਤਾ ਹੈ। ਅਸੀਂ ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਅਸਾਧਾਰਣ ਕਾਰਜਾਂ ਦੇ ਬਾਰੇ ਜਾਣਿਆ। ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਸਾਡੇ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਵਿੱਚ ਵੀ ਕਿੰਨੀ ਅਲੌਕਿਕ ਸਮਰੱਥਾ ਭਰੀ ਹੋਈ ਹੈ। ਭਾਰਤ ਮਾਂ ਦੀ ਗੋਦ ਵਿੱਚ ਕਿਹੋ ਜਿਹੇ ਰਤਨ ਪਲ ਰਹੇ ਹਨ, ਇਹ ਆਪਣੇ ਆਪ ਵਿੱਚ ਵੀ ਸਮਾਜ ਦੇ ਪ੍ਰਤੀ ਵੇਖਣ ਦਾ, ਸਮਾਜ ਨੂੰ ਜਾਨਣ ਦਾ, ਸਮਾਜ ਦੀ ਸਮਰੱਥਾ ਨੂੰ ਪਛਾਨਣ ਦਾ, ਮੇਰੇ ਲਈ ਤਾਂ ਇਕ ਅਨੋਖਾ ਅਨੁਭਵ ਰਿਹਾ ਹੈ। ਇਨ੍ਹਾਂ 75 episodes ਦੇ ਦੌਰਾਨ ਕਿੰਨੇ ਹੀ ਵਿਸ਼ਿਆਂ ’ਤੇ ਵਿਚਾਰ ਕੀਤਾ ਗਿਆ। ਕਦੀ ਨਦੀ ਦੀ ਗੱਲ, ਕਦੇ ਹਿਮਾਲਿਆ ਦੀਆਂ ਚੋਟੀਆਂ ਦੀ ਗੱਲ, ਕਦੇ ਰੇਗਿਸਤਾਨ ਦੀ ਗੱਲ, ਕਦੇ ਕੁਦਰਤੀ ਆਫ਼ਤ ਦੀ ਗੱਲ ਤੇ ਕਦੇ ਮਨੁੱਖੀ ਸੇਵਾ ਦੀਆਂ ਅਨੇਕਾਂ ਕਥਾਵਾਂ ਦਾ ਅਹਿਸਾਸ, ਕਦੇ Technology ਦੀ ਖੋਜ, ਕਦੇ ਕਿਸੇ ਅਣਜਾਣ ਕੋਨੇ ਵਿੱਚ ਕੁਝ ਨਵਾਂ ਕਰ ਵਿਖਾਉਣ ਵਾਲੇ ਕਿਸੇ ਦੇ ਅਨੁਭਵ ਦੀ ਕਹਾਣੀ। ਹੁਣ ਤੁਸੀਂ ਵੇਖੋ ਭਾਵੇਂ ਸਵੱਛਤਾ ਦੀ ਗੱਲ ਹੋਵੇ, ਭਾਵੇਂ ਸਾਡੇ heritage ਨੂੰ ਸੰਭਾਲਣ ਦੀ ਚਰਚਾ ਹੋਵੇ ਅਤੇ ਏਨਾ ਹੀ ਨਹੀਂ ਖਿਡੌਣੇ ਬਣਾਉਣ ਦੀ ਗੱਲ ਹੋਵੇ, ਕੀ ਕੁਝ ਨਹੀਂ ਸੀ, ਸ਼ਾਇਦ ਕਿੰਨੇ ਵਿਸ਼ਿਆਂ ਨੂੰ ਅਸੀਂ ਛੂਹਿਆ ਹੈ ਤਾਂ ਉਹ ਵੀ ਸ਼ਾਇਦ ਅਣਗਿਣਤ ਹੋ ਜਾਣਗੇ। ਇਸੇ ਦੌਰਾਨ ਅਸੀਂ ਸਮੇਂ-ਸਮੇਂ ’ਤੇ ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ, ਉਨ੍ਹਾਂ ਦੇ ਬਾਰੇ ਜਾਣਿਆ, ਜਿਨ੍ਹਾਂ ਨੇ ਭਾਰਤ ਦੇ ਨਿਰਮਾਣ ਵਿੱਚ ਬੇਮਿਸਾਲ ਯੋਗਦਾਨ ਦਿੱਤਾ। ਅਸੀਂ ਕਈ ਵੈਸ਼ਵਿਕ ਮੁੱਦਿਆਂ ’ਤੇ ਵੀ ਗੱਲ ਕੀਤੀ, ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕੀਤੀ। ਕਈ ਗੱਲਾਂ ਤੁਸੀਂ ਮੈਨੂੰ ਦੱਸੀਆਂ, ਕਈ ideas ਦਿੱਤੇ। ਇਕ ਤਰ੍ਹਾਂ ਨਾਲ ਇਸ ਵਿਚਾਰ ਯਾਤਰਾ ਵਿੱਚ ਤੁਸੀਂ ਨਾਲ-ਨਾਲ ਚਲਦੇ ਰਹੇ, ਜੁੜਦੇ ਰਹੇ ਅਤੇ ਕੁਝ ਨਾ ਕੁਝ ਨਵਾਂ ਜੋੜਦੇ ਵੀ ਰਹੇ। ਮੈਂ ਅੱਜ ਇਸ 75ਵੇਂ episode ਦੇ ਸਮੇਂ ਸਭ ਤੋਂ ਪਹਿਲਾਂ ‘ਮਨ ਕੀ ਬਾਤ’ ਨੂੰ ਸਫਲ ਬਣਾਉਣ ਲਈ, ਸਮਿ੍ਰਧ ਬਣਾਉਣ ਦੇ ਲਈ ਅਤੇ ਇਸ ਨਾਲ ਜੁੜੇ ਰਹਿਣ ਦੇ ਲਈ ਹਰ ਸਰੋਤੇ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ, ਵੇਖੋ ਕਿੰਨਾ ਵੱਡਾ ਸੁਖਦ ਸੰਜੋਗ ਹੈ, ਅੱਜ 75ਵੀਂ ‘ਮਨ ਕੀ ਬਾਤ’ ਕਰਨ ਦਾ ਮੌਕਾ ਹੈ ਅਤੇ ਇਹੀ ਮਹੀਨਾ ਆਜ਼ਾਦੀ ਦੇ 75ਵੇਂ ਸਾਲ ਦੇ ‘ਅੰਮ੍ਰਿਤ ਮਹੋਤਸਵ’ ਦੀ ਸ਼ੁਰੂਆਤ ਦਾ ਮਹੀਨਾ ਹੈ। ਅੰਮ੍ਰਿਤ ਮਹੋਤਸਵ ਡਾਂਡੀ ਯਾਤਰਾ ਦੇ ਦਿਨ ਤੋਂ ਸ਼ੁਰੂ ਹੋਇਆ ਸੀ ਅਤੇ 15 ਅਗਸਤ 2023 ਤੱਕ ਚੱਲੇਗਾ। ਜਦੋਂ ‘ਅੰਮ੍ਰਿਤ ਮਹੋਤਸਵ’ ਨਾਲ ਜੁੜੇ ਪ੍ਰੋਗਰਾਮ ਪੂਰੇ ਦੇਸ਼ ਵਿੱਚ ਲਗਾਤਾਰ ਹੋ ਰਹੇ ਹਨ, ਵੱਖ-ਵੱਖ ਜਗ੍ਹਾ ਤੋਂ ਇਨ੍ਹਾਂ ਪ੍ਰੋਗਰਾਮਾਂ ਦੀਆਂ ਤਸਵੀਰਾਂ-ਜਾਣਕਾਰੀਆਂ ਲੋਕ share ਕਰ ਰਹੇ ਹਨ, NamoApp ’ਤੇ ਅਜਿਹੀਆਂ ਹੀ ਕੁਝ ਤਸਵੀਰਾਂ ਦੇ ਨਾਲ-ਨਾਲ ਝਾਰਖੰਡ ਦੇ ਨਵੀਨ ਨੇ ਮੈਨੂੰ ਇਕ ਸੁਨੇਹਾ ਭੇਜਿਆ ਹੈ, ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਅੰਮ੍ਰਿਤ ਮਹੋਤਸਵ ਦੇ ਪ੍ਰੋਗਰਾਮ ਦੇਖੇ ਅਤੇ ਤੈਅ ਕੀਤਾ ਕਿ ਉਹ ਵੀ ਸੁਤੰਤਰਤਾ ਸੰਗ੍ਰਾਮ ਨਾਲ ਜੁੜੇ ਘੱਟ ਤੋਂ ਘੱਟ 10 ਸਥਾਨਾਂ ’ਤੇ ਜਾਣਗੇ। ਉਨ੍ਹਾਂ ਦੀ ਲਿਸਟ ਵਿੱਚ ਪਹਿਲਾ ਨਾਮ ਭਗਵਾਨ ਵਿਰਸਾ ਮੁੰਡਾ ਦਾ ਜਨਮ ਸਥਾਨ ਹੈ। ਨਵੀਨ ਨੇ ਲਿਖਿਆ ਹੈ ਕਿ ਝਾਰਖੰਡ ਦੇ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੀਆਂ ਕਹਾਣੀਆਂ ਉਹ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਪਹੁੰਚਾਉਣਗੇ। ਭਾਈ ਨਵੀਨ, ਤੁਹਾਡੀ ਸੋਚ ਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ।

 

ਸਾਥੀਓ, ਕਿਸੇ ਸੁਤੰਤਰਤਾ ਸੈਨਾਨੀ ਦੀ ਸੰਘਰਸ਼ ਗਾਥਾ ਹੋਵੇ, ਕਿਸੇ ਸਥਾਨ ਦਾ ਇਤਿਹਾਸ ਹੋਵੇ, ਦੇਸ਼ ਦੀ ਕੋਈ ਸੱਭਿਆਚਾਰਕ ਕਹਾਣੀ ਹੋਵੇ, ਅੰਮ੍ਰਿਤ ਮਹੋਤਸਵ ਦੇ ਦੌਰਾਨ ਤੁਸੀਂ ਉਸ ਨੂੰ ਦੇਸ਼ ਦੇ ਸਾਹਮਣੇ ਲਿਆ ਸਕਦੇ ਹੋ। ਦੇਸ਼ ਵਾਸੀਆਂ ਨੂੰ ਉਸ ਨਾਲ ਜੋੜਨ ਦਾ ਮਾਧਿਅਮ ਬਣ ਸਕਦੇ ਹੋ। ਤੁਸੀਂ ਵੇਖੋਗੇ, ਵੇਖਦਿਆਂ ਹੀ ਵੇਖਦਿਆਂ ਅੰਮ੍ਰਿਤ ਮਹੋਤਸਵ ਅਜਿਹੇ ਕਿੰਨੇ ਹੀ ਪ੍ਰੇਰਣਾਦਾਇਕ ਅੰਮ੍ਰਿਤ ਬਿੰਦੂਆਂ ਨਾਲ ਭਰ ਜਾਵੇਗਾ ਅਤੇ ਫਿਰ ਅਜਿਹੀ ਅੰਮ੍ਰਿਤ ਧਾਰਾ ਵਹੇਗੀ, ਜੋ ਭਾਰਤ ਦੀ ਆਜ਼ਾਦੀ ਦੇ 100 ਸਾਲਾਂ ਤੱਕ ਪ੍ਰੇਰਣਾ ਦੇਵੇਗੀ। ਦੇਸ਼ ਨੂੰ ਨਵੀਂ ਉਚਾਈ ’ਤੇ ਲੈ ਜਾਵੇਗੀ। ਕੁਝ ਨਾ ਕੁਝ ਕਰਨ ਦਾ ਜਜ਼ਬਾ ਪੈਦਾ ਕਰੇਗੀ। ਆਜ਼ਾਦੀ ਦੀ ਲੜਾਈ ਵਿੱਚ ਸਾਡੇ ਸੈਨਾਨੀਆਂ ਨੇ ਕਿੰਨੇ ਹੀ ਕਸ਼ਟ ਇਸ ਲਈ ਸਹੇ, ਕਿਉਂਕਿ ਉਹ ਦੇਸ਼ ਲਈ ਤਿਆਗ ਅਤੇ ਬਲਿਦਾਨ ਨੂੰ ਆਪਣਾ ਫ਼ਰਜ਼ ਸਮਝਦੇ ਸਨ। ਉਨ੍ਹਾਂ ਦੇ ਤਿਆਗ ਅਤੇ ਬਲਿਦਾਨ ਦੀਆਂ ਅਮਰ ਕਹਾਣੀਆਂ ਹੁਣ ਸਾਨੂੰ ਨਿਰੰਤਰ ਫ਼ਰਜ਼ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਨ ਅਤੇ ਜਿਵੇਂ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ :-

 

ਨਿਯਤੰ ਕੁਰੂ ਕਰਮ ਤਵੰ ਕਰਮ ਜਯਾਯੋ ਹਯਕਰਮਣ :

 

(नियतं कुरु कर्म त्वं कर्म ज्यायो ह्यकर्मण:)

 

ਉਸੇ ਭਾਵ ਦੇ ਨਾਲ ਅਸੀਂ ਸਾਰੇ ਆਪਣੇ ਨਿਯਤ ਫ਼ਰਜ਼ਾਂ ਦਾ ਪੂਰੀ ਨਿਸ਼ਠਾ ਨਾਲ ਪਾਲਣ ਕਰੀਏ ਤੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਮਤਲਬ ਇਹੀ ਹੈ ਕਿ ਅਸੀਂ ਨਵੇਂ ਸੰਕਲਪ ਲਈਏ, ਉਨ੍ਹਾਂ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਜੀਅ-ਜਾਨ ਨਾਲ ਜੁੱਟ ਜਾਈਏ ਅਤੇ ਸੰਕਲਪ ਉਹ ਹੋਣ ਜੋ ਸਮਾਜ ਦੀ ਭਲਾਈ ਦੇ ਹੋਣ, ਦੇਸ਼ ਦੀ ਭਲਾਈ ਦੇ ਹੋਣ, ਭਾਰਤ ਦੇ ਰੌਸ਼ਨ ਭਵਿੱਖ ਦੇ ਲਈ ਹੋਣ ਅਤੇ ਸੰਕਲਪ ਉਹ ਹੋਣ, ਜਿਸ ਵਿੱਚ ਮੇਰੀ ਆਪਣੀ ਖੁਦ ਦੀ ਕੁਝ ਨਾ ਕੁਝ ਜ਼ਿੰਮੇਵਾਰੀ ਹੋਵੇ, ਮੇਰਾ ਆਪਣਾ ਫਰਜ਼ ਜੁੜਿਆ ਹੋਵੇ, ਮੈਨੂੰ ਵਿਸ਼ਵਾਸ ਹੈ ਕਿ ਗੀਤਾ ਨੂੰ ਜਿਊਣ ਦਾ ਇਹ ਸੁਨਹਿਰੀ ਮੌਕਾ ਸਾਡੇ ਲੋਕਾਂ ਦੇ ਕੋਲ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਸਾਲ ਇਹ ਮਾਰਚ ਦਾ ਹੀ ਮਹੀਨਾ ਸੀ, ਦੇਸ਼ ਨੇ ਪਹਿਲੀ ਵਾਰ ਜਨਤਾ curfew ਸ਼ਬਦ ਸੁਣਿਆ ਸੀ ਪਰ ਇਸ ਮਹਾਨ ਦੇਸ਼ ਦੀ ਮਹਾਨ ਪ੍ਰਜਾ ਦੀ ਮਹਾਸ਼ਕਤੀ ਦਾ ਅਨੁਭਵ ਵੇਖੋ, ਜਨਤਾ curfew ਪੂਰੇ ਵਿਸ਼ਵ ਦੇ ਲਈ ਹੈਰਾਨੀਜਨਕ ਬਣ ਗਿਆ ਸੀ। ਅਨੁਸ਼ਾਸਨ ਦਾ ਇਹ ਅਨੋਖਾ ਉਦਾਹਰਣ ਸੀ। ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ਨੂੰ ਲੈ ਕੇ ਜ਼ਰੂਰ ਫ਼ਖ਼ਰ ਕਰਨਗੀਆਂ। ਉਸੇ ਤਰ੍ਹਾਂ ਨਾਲ ਸਾਡੇ ਕੋਰੋਨਾ warriors ਦੇ ਪ੍ਰਤੀ ਸਨਮਾਨ, ਆਦਰ, ਥਾਲੀ ਵਜਾਉਣਾ, ਤਾੜੀ ਵਜਾਉਣਾ, ਦੀਵਾ ਜਗਾਉਣਾ। ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਕੋਰੋਨਾ warriors ਦੇ ਦਿਲ ਨੂੰ ਉਹ ਕਿੰਨਾ ਛੂਹ ਗਿਆ ਸੀ ਅਤੇ ਉਹੀ ਤਾਂ ਕਾਰਣ ਹੈ ਜੋ ਪੂਰੇ ਸਾਲ ਭਰ ਉਹ ਬਿਨਾਂ ਥੱਕੇ, ਬਿਨਾਂ ਰੁਕੇ ਡਟੇ ਰਹੇ। ਦੇਸ਼ ਦੇ ਇਕ-ਇਕ ਨਾਗਰਿਕ ਦੀ ਜਾਨ ਬਚਾਉਣ ਦੇ ਲਈ ਜੀਅ-ਜਾਨ ਨਾਲ ਜੂਝਦੇ ਰਹੇ। ਪਿਛਲੇ ਸਾਲ ਇਸ ਸਮੇਂ ਸਵਾਲ ਸੀ ਕਿ ਕੋਰੋਨਾ ਦੀ ਵੈਕਸੀਨ ਕਦੋਂ ਤੱਕ ਆਵੇਗੀ। ਸਾਥੀਓ ਸਾਡੇ ਸਾਰਿਆਂ ਦੇ ਲਈ ਫ਼ਖ਼ਰ ਦੀ ਗੱਲ ਹੈ ਕਿ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ vaccination programme ਚਲਾ ਰਿਹਾ ਹੈ। Vaccination Programme ਦੀਆਂ ਤਸਵੀਰਾਂ ਦੇ ਬਾਰੇ ਮੈਨੂੰ ਭੁਵਨੇਸ਼ਵਰ ਦੀ ਪੁਸ਼ਪਾ ਸ਼ੁਕਲਾ ਜੀ ਨੇ ਲਿਖਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਘਰ ਦੇ ਵੱਡੇ-ਵਢੇਰਿਆਂ ਵਿੱਚ vaccine ਨੂੰ ਲੈ ਕੇ ਜੋ ਉਤਸ਼ਾਹ ਦਿਖਾਈ ਦੇ ਰਿਹਾ ਹੈ, ਉਸ ਦੀ ਚਰਚਾ ਮੈਂ ‘ਮਨ ਕੀ ਬਾਤ’ ਵਿੱਚ ਕਰਾਂ। ਸਾਥੀਓ ਸਹੀ ਵੀ ਹੈ, ਦੇਸ਼ ਦੇ ਕੋਨੇ-ਕੋਨੇ ਤੋਂ ਅਸੀਂ ਅਜਿਹੀਆਂ ਖ਼ਬਰਾਂ ਸੁਣਦੇ ਹਾਂ, ਅਜਿਹੀਆਂ ਤਸਵੀਰਾਂ ਦੇਖਦੇ ਹਾਂ ਜੋ ਸਾਡੇ ਦਿਲ ਨੂੰ ਛੂਹ ਜਾਂਦੀਆਂ ਹਨ। ਯੂ. ਪੀ. ਦੇ ਜੋਨਪੁਰ ਵਿੱਚ 109 ਸਾਲਾਂ ਦੀ ਬਜ਼ੁਰਗ ਮਾਂ ਰਾਮ ਦੁਲੱਈਆ ਜੀ ਨੇ ਟੀਕਾ ਲਗਵਾਇਆ ਹੈ, ਇੰਝ ਹੀ ਦਿੱਲੀ ਵਿੱਚ ਵੀ 107 ਸਾਲ ਦੇ ਕੇਵਲ ਕ੍ਰਿਸ਼ਨ ਜੀ ਨੇ ਵੈਕਸੀਨ ਦੀ dose ਲਈ ਹੈ। ਹੈਦਰਾਬਾਦ ਵਿੱਚ 100 ਸਾਲ ਦੇ ਜੈ ਚੌਧਰੀ ਜੀ ਨੇ vaccine ਲਗਵਾਈ ਅਤੇ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਵੈਕਸੀਨ ਜ਼ਰੂਰ ਲਗਵਾਉਣ। ਮੈਂ Twitter-Facebook ’ਤੇ ਵੀ ਇਹ ਵੇਖ ਰਿਹਾ ਹਾਂ ਕਿ ਕਿਵੇਂ ਲੋਕ ਆਪਣੇ ਘਰ ਦੇ ਬਜ਼ੁਰਗਾਂ ਨੂੰ vaccine ਲਗਵਾਉਣ ਤੋਂ ਬਾਅਦ ਉਨ੍ਹਾਂ ਦੀ ਫੋਟੋ upload ਕਰ ਰਹੇ ਹਨ। ਕੇਰਲ ਤੋਂ ਇਕ ਨੌਜਵਾਨ ਆਨੰਦਨ ਨਾਇਰ ਨੇ ਵੀ ਇਸ ਨੂੰ ਇਕ ਨਵਾਂ ਸ਼ਬਦ ਦਿੱਤਾ ਹੈ – ‘vaccine ਸੇਵਾ’, ਅਜਿਹੇ ਹੀ ਸੰਦੇਸ਼ ਦਿੱਲੀ ਤੋਂ ਸ਼ਿਵਾਨੀ, ਹਿਮਾਚਲ ਤੋਂ ਹਿਮਾਂਸ਼ੂ ਅਤੇ ਦੂਸਰੇ ਕਈ ਨੌਜਵਾਨਾਂ ਨੇ ਵੀ ਭੇਜੇ ਹਨ। ਮੈਂ ਸਾਰੇ ਸਰੋਤਿਆਂ ਦੇ ਇਨ੍ਹਾਂ ਵਿਚਾਰਾਂ ਦੀ ਸ਼ਲਾਘਾ ਕਰਦਾ ਹਾਂ। ਇਨ੍ਹਾਂ ਸਭ ਦੇ ਵਿਚਕਾਰ ਕੋਰੋਨਾ ਨਾਲ ਲੜਾਈ ਦਾ ਮੰਤਰ ਵੀ ਜ਼ਰੂਰ ਯਾਦ ਰੱਖੋ। ‘ਦਵਾਈ ਭੀ ਕੜਾਈ ਭੀ’ ਅਤੇ ਸਿਰਫ ਮੈਂ ਬੋਲਣਾ ਹੈ, ਅਜਿਹਾ ਨਹੀਂ ਹੈ। ਅਸੀਂ ਜਿਊਣਾ ਵੀ ਹੈ, ਬੋਲਣਾ ਵੀ ਹੈ, ਦੱਸਣਾ ਵੀ ਹੈ ਅਤੇ ਲੋਕਾਂ ਨੂੰ ‘ਦਵਾਈ ਭੀ ਕੜਾਈ ਭੀ’ ਇਸ ਦੇ ਲਈ ਪ੍ਰਤੀਬੱਧ ਬਣਾਉਂਦੇ ਰਹਿਣਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਅੱਜ ਇੰਦੌਰ ਦੀ ਰਹਿਣ ਵਾਲੀ ਸੌਮਿਯਾ ਜੀ ਦਾ ਧੰਨਵਾਦ ਕਰਨਾ ਹੈ, ਉਨ੍ਹਾਂ ਨੇ ਇਕ ਵਿਸ਼ੇ ਵੱਲ ਮੇਰਾ ਧਿਆਨ ਦਿਵਾਇਆ ਹੈ ਅਤੇ ਇਸ ਦਾ ਜ਼ਿਕਰ ‘ਮਨ ਕੀ ਬਾਤ’ ਵਿੱਚ ਕਰਨ ਲਈ ਕਿਹਾ ਹੈ। ਇਹ ਵਿਸ਼ਾ ਹੈ ਭਾਰਤੀ Cricketer ਮਿਤਾਲੀ ਰਾਜ ਜੀ ਦਾ ਨਵਾਂ record, ਮਿਤਾਲੀ ਜੀ ਹੁਣੇ ਜਿਹੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ 10 ਹਜ਼ਾਰ ਰਨ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਬਹੁਤ-ਬਹੁਤ ਵਧਾਈ। One Day Internationals ਵਿੱਚ 7 ਹਜ਼ਾਰ ਰਨ ਬਣਾਉਣ ਵਾਲੀ ਵੀ ਉਹ ਇਕੱਲੀ ਅੰਤਰਰਾਸ਼ਟਰੀ ਮਹਿਲਾ ਖਿਡਾਰੀ ਹੈ। ਮਹਿਲਾ ਕ੍ਰਿਕੇਟ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਸ਼ਾਨਦਾਰ ਹੈ। ਦੋ ਦਹਾਕਿਆਂ ਤੋਂ ਜ਼ਿਆਦਾ ਦੇ career ਵਿੱਚ ਮਿਤਾਲੀ ਰਾਜ ਜੀ ਨੇ ਹਜ਼ਾਰਾਂ-ਲੱਖਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਫਲਤਾ ਦੀ ਕਹਾਣੀ ਨਾ ਸਿਰਫ ਮਹਿਲਾ ਕ੍ਰਿਕੇਟਰਾਂ ਲਈ, ਸਗੋਂ ਪੁਰਸ਼ ਕ੍ਰਿਕੇਟਰਾਂ ਦੇ ਲਈ ਵੀ ਇਕ ਪ੍ਰੇਰਣਾ ਹੈ।

 

ਸਾਥੀਓ, ਇਹ ਦਿਲਚਸਪ ਹੈ, ਇਸੇ ਮਾਰਚ ਮਹੀਨੇ ਵਿੱਚ ਜਦੋਂ ਅਸੀਂ ਮਹਿਲਾ ਦਿਵਸ celebrate ਕਰ ਰਹੇ ਸੀ ਤਾਂ ਕਈ ਮਹਿਲਾ ਖਿਡਾਰੀਆਂ ਨੇ Medals ਅਤੇ Records ਆਪਣੇ ਨਾਮ ਕੀਤੇ ਹਨ। ਦਿੱਲੀ ਵਿੱਚ ਆਯੋਜਿਤ shooting ਵਿੱਚ ISSF World Cup ਵਿੱਚ ਭਾਰਤ ਸਿਖ਼ਰ ’ਤੇ ਰਿਹਾ। Gold Medal ਦੀ ਗਿਣਤੀ ਦੇ ਮਾਮਲੇ ਵਿੱਚ ਵੀ ਭਾਰਤ ਨੇ ਬਾਜ਼ੀ ਮਾਰੀ। ਇਹ ਭਾਰਤ ਦੇ ਮਹਿਲਾ ਅਤੇ ਪੁਰਸ਼ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕਿਆ। ਇਸੇ ਦੌਰਾਨ ਪੀ. ਵੀ. ਸਿੰਧੂ ਜੀ ਨੇ BWF Swiss Open Super 300 Tournament ਵਿੱਚ Silver Medal ਜਿੱਤਿਆ ਹੈ। ਅੱਜ Education ਤੋਂ ਲੈ ਕੇ Entrepreneurship ਤੱਕ, Armed Forces ਤੋਂ ਲੈ ਕੇ Science & Technology ਤੱਕ ਹਰ ਜਗ੍ਹਾ ਦੇਸ਼ ਦੀਆਂ ਬੇਟੀਆਂ ਆਪਣੀ ਵੱਖ ਪਹਿਚਾਣ ਬਣਾ ਰਹੀਆਂ ਹਨ। ਮੈਨੂੰ ਖਾਸ ਖੁਸ਼ੀ ਇਸ ਗੱਲ ਦੀ ਹੈ ਕਿ ਬੇਟੀਆਂ ਖੇਡਾਂ ਵਿੱਚ ਆਪਣਾ ਇਕ ਨਵਾਂ ਮੁਕਾਮ ਬਣਾ ਰਹੀਆਂ ਹਨ। Professional Choice ਦੇ ਰੂਪ ਵਿੱਚ Sports ਇਕ ਪਸੰਦ ਬਣ ਕੇ ਉੱਭਰ ਰਿਹਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਸਮਾਂ ਪਹਿਲਾਂ ਹੋਈ Maritime India Summit ਤੁਹਾਨੂੰ ਯਾਦ ਹੈ ਨਾ, ਇਸ Summit ਵਿੱਚ ਮੈਂ ਕੀ ਕਿਹਾ ਸੀ, ਕੀ ਇਹ ਤੁਹਾਨੂੰ ਯਾਦ ਹੈ? ਸੁਭਾਵਿਕ ਹੈ ਇੰਨੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ, ਇੰਨੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਹਰ ਗੱਲ ਕਿੱਥੇ ਯਾਦ ਰਹਿੰਦੀ ਹੈ ਅਤੇ ਓਨਾ ਧਿਆਨ ਵੀ ਕਿੱਥੇ ਜਾਂਦਾ ਹੈ – ਸੁਭਾਵਿਕ ਹੈ। ਲੇਕਿਨ ਮੈਨੂੰ ਚੰਗਾ ਲੱਗਿਆ ਕਿ ਮੇਰੀ ਇਕ ਬੇਨਤੀ ਨੂੰ ਗੁਰੂ ਪ੍ਰਸਾਦ ਜੀ ਨੇ ਬਹੁਤ ਦਿਲਚਸਪੀ ਨਾਲ ਅੱਗੇ ਵਧਾਇਆ ਹੈ। ਮੈਂ ਇਸ Summit ਵਿੱਚ ਦੇਸ਼ ਦੇ Light House Complexes ਦੇ ਆਲੇ-ਦੁਆਲੇ Tourism Facilities ਵਿਕਸਿਤ ਕਰਨ ਦੇ ਬਾਰੇ ਗੱਲ ਕੀਤੀ ਸੀ। ਗੁਰੂ ਪ੍ਰਸਾਦ ਜੀ ਨੇ ਤਮਿਲ ਨਾਡੂ ਦੇ ਦੋ ਲਾਈਟ ਹਾਊਸਾਂ, ਚੇਨਈ light house, ਅਤੇ ਮਹਾਬਲੀ ਪੁਰਮ light house ਦੀ 2019 ਦੀ ਆਪਣੀ ਯਾਤਰਾ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਬਹੁਤ ਹੀ ਰੋਚਕ Fact Share ਕੀਤੇ ਹਨ ਜੋ ‘ਮਨ ਕੀ ਬਾਤ’ ਸੁਣਨ ਵਾਲਿਆਂ ਨੂੰ ਵੀ ਹੈਰਾਨ ਕਰਨਗੇ। ਜਿਵੇਂ ਚੇਨਈ ਲਾਈਟ ਹਾਊਸ ਦੁਨੀਆਂ ਦੇ ਉਨ੍ਹਾਂ ਚੋਣਵੇਂ ਲਾਈਟ ਹਾਊਸਾਂ ਵਿੱਚੋਂ ਇਕ ਹੈ, ਜਿਨ੍ਹਾਂ ਵਿੱਚ Elevator ਮੌਜੂਦ ਹੈ, ਇਹੀ ਨਹੀਂ ਭਾਰਤ ਦਾ ਇਹ ਇਕਲੌਤਾ light house ਹੈ ਜੋ ਸ਼ਹਿਰ ਦੀ ਸੀਮਾ ਦੇ ਅੰਦਰ ਸਥਿਤ ਹੈ। ਇਸ ਵਿੱਚ ਬਿਜਲੀ ਦੇ ਕਈ Solar Panel ਵੀ ਲੱਗੇ ਹਨ। ਗੁਰੂ ਪ੍ਰਸਾਦ ਜੀ ਨੇ light house ਦੇ Heritage Museum ਦੇ ਬਾਰੇ ਵੀ ਗੱਲ ਕੀਤੀ ਜੋ Marine Navigation ਦੇ ਇਤਿਹਾਸ ਨੂੰ ਸਾਹਮਣੇ ਲਿਆਉਂਦਾ ਹੈ। Museum ਵਿੱਚ ਤੇਲ ਨਾਲ ਬਲਣ ਵਾਲੀਆਂ ਵੱਡੀਆਂ-ਵੱਡੀਆਂ ਬੱਤੀਆਂ, kerosene lights, Petroleum Vapour ਅਤੇ ਪੁਰਾਣੇ ਸਮੇਂ ਵਿੱਚ ਵਰਤੇ ਜਾਣ ਵਾਲੇ ਬਿਜਲੀ ਦੇ Lamp ਪ੍ਰਦਰਸ਼ਿਤ ਕੀਤੇ ਗਏ ਹਨ। ਭਾਰਤ ਦੇ ਸਭ ਤੋਂ ਪੁਰਾਣੇ light house ਮਹਾਬਲੀ ਪੁਰਮ light house ਦੇ ਬਾਰੇ ਵੀ ਗੁਰੂ ਪ੍ਰਸਾਦ ਜੀ ਨੇ ਵਿਸਥਾਰ ਨਾਲ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ light house ਦੇ ਕੋਲ ਸੈਂਕੜੇ ਸਾਲ ਪਹਿਲਾਂ ਪੱਲਵ ਰਾਜਾ ਮਹਿੰਦਰ ਬਰਮਨ ਪ੍ਰਥਮ ਵੱਲੋਂ ਬਣਾਇਆ ਗਿਆ ‘ਉਲਕਨੇਸ਼ਵਰਾ’ Temple ਹੈ।

 

ਸਾਥੀਓ ਮਨ ਕੀ ਬਾਤ ਦੇ ਦੌਰਾਨ ਮੈਂ ਸੈਰ-ਸਪਾਟੇ ਦੇ ਵਿਭਿੰਨ ਪਹਿਲੂਆਂ ’ਤੇ ਅਨੇਕਾਂ ਵਾਰ ਗੱਲ ਕੀਤੀ ਹੈ, ਲੇਕਿਨ ਇਹ light house, Tourism ਦੇ ਲਿਹਾਜ਼ ਨਾਲ unique ਹੁੰਦੇ ਹਨ। ਆਪਣੀਆਂ ਸ਼ਾਨਦਾਰ ਸੰਰਚਨਾਵਾਂ ਦੇ ਕਾਰਣ Light Houses ਹਮੇਸ਼ਾ ਤੋਂ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਰਹੇ ਹਨ। ਸੈਰ-ਸਪਾਟੇ ਨੂੰ ਵਧਾਉਣ ਦੇ ਲਈ ਭਾਰਤ ਵਿੱਚ ਵੀ 71 (Seventy One) Light Houses Identify ਕੀਤੇ ਗਏ ਹਨ, ਇਨ੍ਹਾਂ ਸਾਰੇ light house ਵਿੱਚ ਉਨ੍ਹਾਂ ਦੀਆਂ ਸਮਰਥਾਵਾਂ ਦੇ ਮੁਤਾਬਿਕ Museum, Amphi-Theatre, Open Air Theatre, Cafeteria, Children’s Park, Eco Friendly Cottages Landscaping ਤਿਆਰ ਕੀਤੇ ਜਾਣਗੇ। ਵੈਸੇ Light Houses ਦੀ ਗੱਲ ਚਲ ਰਹੀ ਹੈ ਤਾਂ ਮੈਂ ਇਕ Unique Light House ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ, ਇਹ Light house ਗੁਜਰਾਤ ਦੇ ਸੁਰੇਂਦਰ ਨਗਰ ਜ਼ਿਲ੍ਹੇ ਵਿੱਚ ਜਿੰਝੂਵਾੜਾ ਨਾਮ ਦੇ ਸਥਾਨ ’ਤੇ ਹੈ। ਜਾਣਦੇ ਹੋ ਇਹ light house ਕਿਉਂ ਖ਼ਾਸ ਹੈ? ਖ਼ਾਸ ਇਸ ਲਈ ਹੈ ਕਿਉਂਕਿ ਜਿੱਥੇ ਇਹ ਲਾਈਟ ਹਾਊਸ ਹੈ, ਉੱਥੋਂ ਹੁਣ ਸਮੁੰਦਰ ਤੱਟ 100 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਹੈ। ਤੁਹਾਨੂੰ ਇਸ ਪਿੰਡ ਵਿੱਚ ਅਜਿਹੇ ਪੱਥਰ ਵੀ ਮਿਲ ਜਾਣਗੇ ਜੋ ਇਹ ਦੱਸਦੇ ਹਨ ਕਿ ਇੱਥੇ ਕਦੀ ਇਕ ਵਿਅਸਤ ਬੰਦਰਗਾਹ ਰਹੀ ਹੋਵੇਗੀ। ਯਾਨੀ ਇਸ ਦਾ ਮਤਲਬ ਇਹ ਹੈ ਕਿ ਪਹਿਲਾਂ Coastline ਜਿੰਝੂਵਾੜਾ ਤੱਕ ਸੀ। ਸਮੁੰਦਰ ਦਾ ਘਟਣਾ-ਵਧਣਾ, ਪਿੱਛੇ ਹੋ ਜਾਣਾ, ਇੰਨੀ ਦੂਰ ਚਲੇ ਜਾਣਾ ਇਹ ਵੀ ਉਸ ਦਾ ਇਕ ਰੂਪ ਹੈ। ਇਸੇ ਮਹੀਨੇ ਜਾਪਾਨ ਵਿੱਚ ਆਈ ਵਿਕਰਾਲ ਸੁਨਾਮੀ ਨੂੰ 10 ਸਾਲ ਹੋ ਗਏ ਹਨ। ਇਸ ਸੁਨਾਮੀ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ। ਅਜਿਹੀ ਇਕ ਸੁਨਾਮੀ ਭਾਰਤ ’ਚ 2004 ਵਿੱਚ ਆਈ ਸੀ। ਸੁਨਾਮੀ ਦੇ ਦੌਰਾਨ ਅਸੀਂ ਆਪਣੇ light house ਵਿੱਚ ਕੰਮ ਕਰਨ ਵਾਲੇ ਸਾਡੇ 14 ਕਰਮਚਾਰੀਆਂ ਨੂੰ ਗੁਆ ਦਿੱਤਾ ਸੀ। ਅੰਡੇਮਾਨ-ਨਿਕੋਬਾਰ ਵਿੱਚ ਅਤੇ ਤਮਿਲ ਨਾਡੂ ਵਿੱਚ Light House ’ਤੇ ਉਹ ਆਪਣੀ ਡਿਊਟੀ ਕਰ ਰਹੇ ਸਨ। ਸਖ਼ਤ ਮਿਹਨਤ ਕਰਨ ਵਾਲੇ ਸਾਡੇ ਇਨ੍ਹਾਂ Light- Keepers ਨੂੰ ਮੈਂ ਆਦਰ ਨਾਲ ਸ਼ਰਧਾਂਜਲੀ ਦਿੰਦਾ ਹਾਂ ਅਤੇ light keepers ਦੇ ਕੰਮ ਦੀ ਬੇਹੱਦ ਸ਼ਲਾਘਾ ਕਰਦਾ ਹਾਂ।

 

ਪਿਆਰੇ ਦੇਸ਼ਵਾਸੀਓ, ਜੀਵਨ ਦੇ ਹਰ ਖੇਤਰ ਵਿੱਚ ਨਵਾਂਪਨ, ਆਧੁਨਿਕਤਾ ਜ਼ਰੂਰੀ ਹੁੰਦੀ ਹੈ, ਵਰਨਾ ਉਹ ਕਦੇ-ਕਦੇ ਸਾਡੇ ਲਈ ਬੋਝ ਬਣ ਜਾਂਦੀ ਹੈ। ਭਾਰਤ ਦੇ ਖੇਤੀ ਜਗਤ ਵਿੱਚ ਆਧੁਨਿਕਤਾ ਇਹ ਸਮੇਂ ਦੀ ਮੰਗ ਹੈ, ਬਹੁਤ ਦੇਰ ਹੋ ਚੁੱਕੀ ਹੈ, ਅਸੀਂ ਬਹੁਤ ਸਮਾਂ ਗੁਆ ਚੁੱਕੇ ਹਾਂ। Agriculture sector ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ, ਕਿਸਾਨਾਂ ਦੀ ਆਮਦਨੀ ਵਧਾਉਣ ਦੇ ਲਈ, ਰਵਾਇਤੀ ਖੇਤੀ ਦੇ ਨਾਲ ਹੀ ਨਵੇਂ ਵਿਕਲਪਾਂ ਨੂੰ ਨਵੇਂ-ਨਵੇਂ innovations ਨੂੰ ਅਪਨਾਉਣਾ ਵੀ ਓਨਾ ਹੀ ਜ਼ਰੂਰੀ ਹੈ। White Revolution ਦੇ ਦੌਰਾਨ ਦੇਸ਼ ਨੇ ਇਸ ਨੂੰ ਅਨੁਭਵ ਕੀਤਾ ਹੈ। ਹੁਣ Bee farming ਵੀ ਅਜਿਹਾ ਹੀ ਇਕ ਵਿਕਲਪ ਬਣ ਕੇ ਉੱਭਰ ਰਿਹਾ ਹੈ। Bee farming, ਦੇਸ਼ ਵਿੱਚ ਸ਼ਹਿਦ ਕ੍ਰਾਂਤੀ ਜਾਂ sweet revolution ਦਾ ਅਧਾਰ ਬਣ ਰਹੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਇਸ ਨਾਲ ਜੁੜ ਰਹੇ ਹਨ, innovation ਕਰ ਰਹੇ ਹਨ। ਜਿਵੇਂ ਕਿ ਪੱਛਮੀ ਬੰਗਾਲ ਦੇ ਦਾਰਜਲਿੰਗ ਵਿੱਚ ਇਕ ਪਿੰਡ ਹੈ ਗੁਰਦੁਮ, ਪਹਾੜਾਂ ਦੀ ਏਨੀ ਉਚਾਈ, ਭੂਗੌਲਿਕ ਦਿੱਕਤਾਂ, ਲੇਕਿਨ ਉੱਥੋਂ ਦੇ ਲੋਕਾਂ ਨੇ honey bee farming ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਇਸ ਜਗ੍ਹਾ ’ਤੇ ਬਣੇ ਸ਼ਹਿਦ ਦੀ ਮਧੂ ਦੀ ਚੰਗੀ ਮੰਗ ਹੋ ਰਹੀ ਹੈ, ਇਸ ਨਾਲ ਕਿਸਾਨਾਂ ਦੀ ਆਮਦਨੀ ਵੀ ਵਧ ਰਹੀ ਹੈ। ਪੱਛਮੀ ਬੰਗਾਲ ਦੇ ਸੁੰਦਰਬਨ ਇਲਾਕਿਆਂ ਦਾ ਕੁਦਰਤੀ organic honey ਤਾਂ ਦੇਸ਼-ਦੁਨੀਆਂ ਵਿੱਚ ਪਸੰਦ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਨਿੱਜੀ ਅਨੁਭਵ ਮੈਨੂੰ ਗੁਜਰਾਤ ਦਾ ਵੀ ਹੈ, ਗੁਜਰਾਤ ਦੇ ਬਨਾਸ ਕਾਂਠਾ ਵਿੱਚ ਸਾਲ 2016 ’ਚ ਇਕ ਆਯੋਜਨ ਹੋਇਆ ਸੀ, ਉਸ ਪ੍ਰੋਗਰਾਮ ਵਿੱਚ ਮੈਂ ਲੋਕਾਂ ਨੂੰ ਕਿਹਾ ਕਿ ਇੱਥੇ ਇੰਨੀਆਂ ਸੰਭਾਵਨਾਵਾਂ ਹਨ, ਕਿਉਂ ਨਾ ਬਨਾਸ ਕਾਂਠਾ ਅਤੇ ਇੱਥੋਂ ਦੇ ਕਿਸਾਨ sweet revolution ਦਾ ਨਵਾਂ ਅਧਿਆਇ ਲਿਖਣ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇੰਨੇ ਘੱਟ ਸਮੇਂ ਵਿੱਚ ਬਨਾਸ ਕਾਂਠਾ ਸ਼ਹਿਦ ਉਤਪਾਦਨ ਦਾ ਪ੍ਰਮੁੱਖ ਕੇਂਦਰ ਬਣ ਗਿਆ ਹੈ। ਅੱਜ ਬਨਾਸ ਕਾਂਠਾ ਦੇ ਕਿਸਾਨ honey ਤੋਂ ਲੱਖਾਂ ਰੁਪਏ ਸਾਲਾਨਾ ਕਮਾ ਰਹੇ ਹਨ। ਅਜਿਹਾ ਹੀ ਇਕ ਉਦਾਹਰਣ ਹਰਿਆਣਾ ਦੇ ਯਮੁਨਾਨਗਰ ਦਾ ਵੀ ਹੈ। ਯਮੁਨਾਨਗਰ ਵਿੱਚ ਕਿਸਾਨ Bee farming ਕਰਕੇ ਸਾਲਾਨਾ ਕਈ ਸੌ ਟਨ ਸ਼ਹਿਦ ਪੈਦਾ ਕਰ ਰਹੇ ਹਨ, ਆਪਣੀ ਆਮਦਨੀ ਵਧਾ ਰਹੇ ਹਨ। ਕਿਸਾਨਾਂ ਦੀ ਇਸ ਮਿਹਨਤ ਦਾ ਨਤੀਜਾ ਹੈ ਕਿ ਦੇਸ਼ ਵਿੱਚ ਸ਼ਹਿਦ ਦਾ ਉਤਪਾਦਨ ਲਗਾਤਾਰ ਵਧ ਰਿਹਾ ਹੈ ਅਤੇ ਸਾਲਾਨਾ ਤਕਰੀਬਨ ਸਵਾ ਲੱਖ ਟਨ ਤੱਕ ਪਹੁੰਚ ਗਿਆ ਹੈ, ਇਸ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਹਿਦ ਵਿਦੇਸ਼ਾਂ ਵਿੱਚ ਨਿਰਯਾਤ ਵੀ ਹੋ ਰਿਹਾ ਹੈ।

 

ਸਾਥੀਓ, Honey Bee Farming ਵਿੱਚ ਸਿਰਫ ਸ਼ਹਿਦ ਨਾਲ ਹੀ ਆਮਦਨੀ ਨਹੀਂ ਹੁੰਦੀ, ਬਲਕਿ bee wax ਵੀ ਆਮਦਨੀ ਦਾ ਇਕ ਬਹੁਤ ਵੱਡਾ ਮਾਧਿਅਮ ਹੈ। Pharma industry, food industry, textile ਅਤੇ cosmetic industry ਹਰ ਜਗ੍ਹਾ bee wax ਦੀ demand ਹੈ। ਸਾਡਾ ਦੇਸ਼ ਫਿਲਹਾਲ bee wax ਆਯਾਤ ਕਰਦਾ ਹੈ। ਲੇਕਿਨ ਸਾਡੇ ਕਿਸਾਨ, ਹੁਣ ਇਹ ਸਥਿਤੀ ਤੇਜ਼ੀ ਨਾਲ ਬਦਲ ਰਹੇ ਹਨ। ਯਾਨੀ ਇਕ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਮੁਹਿੰਮ ਵਿੱਚ ਮਦਦ ਕਰ ਰਹੇ ਹਨ। ਅੱਜ ਤਾਂ ਪੂਰੀ ਦੁਨੀਆਂ ਆਯੁਰਵੇਦ ਅਤੇ Natural Health Products ਵੱਲ ਵੇਖ ਰਹੀ ਹੈ। ਅਜਿਹੇ ਸਮੇਂ honey ਦੀ ਮੰਗ ਹੋਰ ਵੀ ਤੇਜ਼ੀ ਨਾਲ ਵਧ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ bee farming ਨਾਲ ਵੀ ਜੁੜਨ। ਇਸ ਨਾਲ ਕਿਸਾਨਾਂ ਦੀ ਆਮਦਨੀ ਵੀ ਵਧੇਗੀ ਅਤੇ ਉਨ੍ਹਾਂ ਦੇ ਜੀਵਨ ਵਿੱਚ ਮਿਠਾਸ ਵੀ ਆਏਗੀ।

 

ਮੇਰੇ ਪਿਆਰੇ ਦੇਸ਼ਵਾਸੀਓ, ਅਜੇ ਕੁਝ ਦਿਨ ਪਹਿਲਾਂ World Sparrow Day ਮਨਾਇਆ ਗਿਆ। Sparrow ਯਾਨੀ ਚਿੜੀ। ਕਿਤੇ ਇਸ ਨੂੰ ਚਕਲੀ ਕਹਿੰਦੇ ਹਨ, ਕਿਤੇ ਚਿਮਨੀ ਕਹਿੰਦੇ ਹਨ, ਕਿਤੇ ਘਾਨ ਚਿਰੀਕਾ ਕਿਹਾ ਜਾਂਦਾ ਹੈ। ਪਹਿਲਾਂ ਸਾਡੇ ਘਰਾਂ ਦੀਆਂ ਕੰਧਾਂ ’ਤੇ, ਆਲੇ-ਦੁਆਲੇ ਦੇ ਦਰੱਖ਼ਤਾਂ ’ਤੇ ਚਿੜੀਆਂ ਚਹਿਕਦੀਆਂ ਰਹਿੰਦੀਆਂ ਸਨ, ਲੇਕਿਨ ਹੁਣ ਲੋਕ ਚਿੜੀ ਨੂੰ ਇਹ ਕਹਿ ਕੇ ਯਾਦ ਕਰਦੇ ਹਨ ਕਿ ਪਿਛਲੀ ਵਾਰੀ ਕਈ ਸਾਲ ਪਹਿਲਾਂ ਚਿੜੀ ਵੇਖੀ ਸੀ। ਅੱਜ ਇਸ ਨੂੰ ਬਚਾਉਣ ਦੇ ਲਈ ਅਸੀਂ ਕੋਸ਼ਿਸ਼ ਕਰਨ ਲੱਗੇ ਹਾਂ। ਮੇਰੇ ਬਨਾਰਸ ਦੇ ਇਕ ਸਾਥੀ ਇੰਦਰਪਾਲ ਸਿੰਘ ਬੱਤਰਾ ਜੀ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨੂੰ ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ। ਬੱਤਰਾ ਜੀ ਨੇ ਆਪਣੇ ਘਰ ਨੂੰ ਹੀ ਚਿੜੀਆਂ ਦਾ ਘਰ ਬਣਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਘਰ ਵਿੱਚ ਲੱਕੜੀ ਦੇ ਅਜਿਹੇ ਆਲ੍ਹਣੇ ਬਣਵਾਏ, ਜਿਸ ਵਿੱਚ ਚਿੜੀਆਂ ਅਸਾਨੀ ਨਾਲ ਰਹਿ ਸਕਣ। ਅੱਜ ਬਨਾਰਸ ਦੇ ਕਈ ਘਰ ਇਸ ਨੂੰ ਮੁਹਿੰਮ ਨਾਲ ਜੁੜ ਗਏ ਹਨ। ਇਸ ਨਾਲ ਘਰਾਂ ਵਿੱਚ ਇਕ ਅਨੋਖਾ ਕੁਦਰਤੀ ਵਾਤਾਵਰਣ ਵੀ ਬਣ ਗਿਆ ਹੈ। ਮੈਂ ਚਾਹਾਂਗਾ ਕਿ ਕੁਦਰਤ, ਵਾਤਾਵਰਣ, ਪ੍ਰਾਣੀ, ਪੰਛੀ ਇਨ੍ਹਾਂ ਸਭ ਲਈ ਜਿੰਨਾ ਵੀ ਹੋ ਸਕੇ, ਥੋੜ੍ਹੀ-ਬਹੁਤ ਕੋਸ਼ਿਸ਼ ਸਾਨੂੰ ਵੀ ਕਰਨੀ ਚਾਹੀਦੀ ਹੈ। ਜਿਵੇਂ ਇਕ ਸਾਥੀ ਹਨ ਬਿਜੇ ਕੁਮਾਰ ਕਾਬੀ ਜੀ, ਬਿਜੇ ਜੀ ਉੜੀਸਾ ਦੇ ਕੇਂਦਰ ਪਾੜਾ ਦੇ ਰਹਿਣ ਵਾਲੇ ਹਨ, ਕੇਂਦਰ ਪਾੜਾ ਸਮੁੰਦਰ ਦੇ ਕਿਨਾਰੇ ਹੈ। ਇਸ ਜ਼ਿਲ੍ਹੇ ਦੇ ਕਈ ਪਿੰਡ ਅਜਿਹੇ ਹਨ, ਜਿਨ੍ਹਾਂ ’ਤੇ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਅਤੇ Cyclone ਦਾ ਖਤਰਾ ਰਹਿੰਦਾ ਹੈ। ਇਸ ਨਾਲ ਕਈ ਵਾਰ ਬਹੁਤ ਨੁਕਸਾਨ ਵੀ ਹੁੰਦਾ ਹੈ। ਬਿਜੇ ਜੀ ਨੇ ਮਹਿਸੂਸ ਕੀਤਾ ਕਿ ਜੇਕਰ ਇਸ ਕੁਦਰਤੀ ਤਬਾਹੀ ਨੂੰ ਕੋਈ ਰੋਕ ਸਕਦਾ ਹੈ ਤਾਂ ਉਹ ਕੁਦਰਤ ਹੀ ਰੋਕ ਸਕਦੀ ਹੈ। ਫਿਰ ਕੀ ਸੀ, ਬਿਜੇ ਜੀ ਨੇ ਬੜਾ ਕੋਟ ਪਿੰਡ ਤੋਂ ਆਪਣਾ ਮਿਸ਼ਨ ਸ਼ੁਰੂ ਕੀਤਾ, ਉਨ੍ਹਾਂ ਨੇ 12 ਸਾਲ! ਸਾਥੀਓ 12 ਸਾਲ ਮਿਹਨਤ ਕਰਕੇ ਪਿੰਡ ਦੇ ਬਾਹਰ ਸਮੁੰਦਰ ਵੱਲ 25 ਏਕੜ ਦਾ mangrove ਜੰਗਲ ਖੜ੍ਹਾ ਕਰ ਦਿੱਤਾ। ਅੱਜ ਇਹ ਜੰਗਲ ਇਸ ਪਿੰਡ ਦੀ ਸੁਰੱਖਿਆ ਕਰ ਰਿਹਾ ਹੈ। ਅਜਿਹਾ ਹੀ ਕੰਮ ਉੜੀਸਾ ਦੇ ਹੀ ਪਾਰਾਦੀਪ ਜ਼ਿਲ੍ਹੇ ਵਿੱਚ ਇਕ ਇੰਜੀਨੀਅਰ ਅਮਰੇਸ਼ ਸਾਮੰਤ ਜੀ ਨੇ ਕੀਤਾ ਹੈ, ਅਮਰੇਸ਼ ਜੀ ਨੇ ਛੋਟੇ-ਛੋਟੇ ਜੰਗਲ ਲਗਾਏ ਹਨ, ਜਿਨ੍ਹਾਂ ਨਾਲ ਅੱਜ ਕਈ ਪਿੰਡਾਂ ਦਾ ਬਚਾਅ ਹੋ ਰਿਹਾ ਹੈ। ਸਾਥੀਓ, ਇਸ ਤਰ੍ਹਾਂ ਦੇ ਕੰਮਾਂ ਵਿੱਚ ਜੇਕਰ ਅਸੀਂ ਸਮਾਜ ਨੂੰ ਨਾਲ ਜੋੜ ਲਈਏ ਤਾਂ ਵੱਡੇ ਨਤੀਜੇ ਨਿਕਲਦੇ ਹਨ। ਜਿਵੇਂ ਤਮਿਲ ਨਾਡੂ ਦੇ ਕੋਇੰਬਟੂਰ ਵਿੱਚ ਬੱਸ ਕੰਡੱਕਟਰ ਦਾ ਕੰਮ ਕਰਨ ਵਾਲੇ ਮਰੀ ਮੁਥੂ ਯੋਗਨਾਥਨ ਜੀ ਹਨ, ਯੋਗਨਾਥਨ ਜੀ ਆਪਣੇ ਬੱਸ ਦੇ ਯਾਤਰੀਆਂ ਨੂੰ ਟਿਕਟ ਦਿੰਦੇ ਹਨ ਤਾਂ ਨਾਲ ਹੀ ਇਕ ਪੌਦਾ ਵੀ ਮੁਫ਼ਤ ਦਿੰਦੇ ਹਨ। ਇਸ ਤਰ੍ਹਾਂ ਯੋਗਨਾਥਨ ਜੀ ਪਤਾ ਨਹੀਂ ਕਿੰਨੇ ਹੀ ਦਰੱਖ਼ਤ ਲਗਵਾ ਚੁੱਕੇ ਹਨ। ਯੋਗਨਾਥਨ ਜੀ ਆਪਣੀ ਤਨਖਾਹ ਦਾ ਕਾਫੀ ਹਿੱਸਾ ਇਸੇ ਕੰਮ ਵਿੱਚ ਖਰਚਦੇ ਆ ਰਹੇ ਹਨ। ਹੁਣ ਇਸ ਨੂੰ ਸੁਣਨ ਦੇ ਬਾਅਦ ਅਜਿਹਾ ਕੌਣ ਨਾਗਰਿਕ ਹੋਵੇਗਾ ਜੋ ਮਰੀ ਮੁਥੂ ਯੋਗਨਾਥਨ ਜੀ ਦੇ ਕੰਮ ਦੀ ਸ਼ਲਾਘਾ ਨਾ ਕਰੇ। ਮੈਂ ਦਿਲੋਂ ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਲਈ ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਇਸ ਪ੍ਰੇਰਿਤ ਕੰਮ ਦੇ ਲਈ।

 

ਮੇਰੇ ਪਿਆਰੇ ਦੇਸ਼ਵਾਸੀਓ, Waste ਤੋਂ Wealth ਯਾਨੀ ਕਚਰੇ ਤੋਂ ਕੰਚਨ ਬਣਾਉਣ ਦੇ ਬਾਰੇ ਅਸੀਂ ਸਾਰਿਆਂ ਨੇ ਵੇਖਿਆ ਵੀ ਹੈ, ਸੁਣਿਆ ਵੀ ਹੈ ਅਤੇ ਅਸੀਂ ਵੀ ਹੋਰਾਂ ਨੂੰ ਦੱਸਦੇ ਰਹਿੰਦੇ ਹਾਂ। ਕੁਝ ਇਸੇ ਤਰ੍ਹਾਂ ਨਾਲ Waste ਨੂੰ Value ’ਚ ਬਦਲਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇਕ ਉਦਾਹਰਣ ਕੇਰਲ ਦੇ ਕੋਚੀ ਦੇ ਸੇਂਟ ਟੈਰਿਸਾ ਕਾਲਜ ਦਾ ਹੈ। ਮੈਨੂੰ ਯਾਦ ਹੈ ਕਿ 2017 ਵਿੱਚ ਮੈਂ ਇਸ ਕਾਲਜ ਦੇ ਕੈਂਪਸ ਵਿੱਚ ਇਕ Book Reading ’ਤੇ ਅਧਾਰਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ ਸੀ। ਇਸ ਕਾਲਜ ਦੇ ਸਟੂਡੈਂਟਸ Reusable Toys ਬਣਾ ਰਹੇ ਹਨ। ਉਹ ਵੀ ਬਹੁਤ ਹੀ creative ਤਰੀਕੇ ਨਾਲ, ਇਹ students ਪੁਰਾਣੇ ਕੱਪੜਿਆਂ, ਸੁੱਟੇ ਹੋਏ ਲੱਕੜੀ ਦੇ ਟੁਕੜਿਆਂ, bag ਅਤੇ Boxes ਦਾ ਇਸਤੇਮਾਲ ਖਿਡੌਣੇ ਬਣਾਉਣ ਵਿੱਚ ਕਰ ਰਹੇ ਹਨ। ਕੋਈ ਵਿਦਿਆਰਥੀ Puzzle ਬਣਾ ਰਿਹਾ ਹੈ ਤਾਂ ਕੋਈ car ਅਤੇ train ਬਣਾ ਰਿਹਾ ਹੈ। ਇੱਥੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਖਿਡੌਣੇ Safe ਹੋਣ ਦੇ ਨਾਲ-ਨਾਲ Child Friendly ਵੀ ਹੋਣ ਅਤੇ ਇਸ ਪੂਰੀ ਕੋਸ਼ਿਸ਼ ਦੀ ਇਕ ਚੰਗੀ ਗੱਲ ਇਹ ਵੀ ਹੈ ਕਿ ਇਹ ਖਿਡੌਣੇ ਆਂਗਣਵਾੜੀ ਬੱਚਿਆਂ ਨੂੰ ਖੇਡਣ ਦੇ ਲਈ ਦਿੱਤੇ ਜਾਂਦੇ ਹਨ। ਅੱਜ ਜਦੋਂ ਭਾਰਤ ਖਿਡੌਣਿਆਂ ਦੀ Manufacturing ਵਿੱਚ ਕਾਫੀ ਅੱਗੇ ਵਧ ਰਿਹਾ ਹੈ ਤਾਂ Waste ਤੋਂ Value ਦੀ ਇਹ ਮੁਹਿੰਮ, ਇਹ ਨਵੇਂ ਪ੍ਰਯੋਗ ਬਹੁਤ ਮਾਇਨੇ ਰੱਖਦੇ ਹਨ।

 

ਆਂਧਰ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਇਕ ਪ੍ਰੋਫੈਸਰ ਸ਼੍ਰੀਨਿਵਾਸ ਪਦਕਾਂਡਲਾ ਜੀ ਹਨ, ਉਹ ਬਹੁਤ ਹੀ ਰੋਚਕ ਕੰਮ ਕਰ ਰਹੇ ਹਨ। ਉਨ੍ਹਾਂ ਨੇ Automobile Metal Scrap ਤੋਂ Sculptures (ਸਕਲਪਚਰਸ) ਬਣਾਏ ਹਨ। ਉਨ੍ਹਾਂ ਵੱਲੋਂ ਬਣਾਏ ਗਏ ਇਹ ਵਿਸ਼ਾਲ Sculptures ਜਨਤਕ ਪਾਰਕਾਂ ਵਿੱਚ ਲਗਾਏ ਗਏ ਹਨ ਅਤੇ ਲੋਕ ਉਨ੍ਹਾਂ ਨੂੰ ਬਹੁਤ ਉਤਸ਼ਾਹ ਨਾਲ ਵੇਖ ਰਹੇ ਹਨ। Electronic ਅਤੇ Automobile Waste ਦੀ Recycling ਦਾ ਇਕ ਨਵਾਂ ਪ੍ਰਯੋਗ ਹੈ। ਮੈਂ ਇਕ ਵਾਰ ਫਿਰ ਕੋਚੀ ਅਤੇ ਵਿਜੈਵਾੜਾ ਵਿੱਚ ਹੋ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਹੋਰ ਲੋਕ ਵੀ ਅਜਿਹੀਆਂ ਕੋਸ਼ਿਸ਼ਾਂ ਵਿੱਚ ਅੱਗੇ ਆਉਣਗੇ।

 

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੇ ਲੋਕ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਹਨ ਤਾਂ ਫ਼ਖ਼ਰ ਨਾਲ ਕਹਿੰਦੇ ਹਨ ਕਿ ਉਹ ਭਾਰਤੀ ਹਨ। ਅਸੀਂ ਆਪਣੇ ਯੋਗ, ਆਯੁਰਵੈਦ, ਦਰਸ਼ਨ, ਕੀ ਕੁਝ ਨਹੀਂ ਹੈ ਸਾਡੇ ਕੋਲ, ਜਿਸ ਦੇ ਲਈ ਅਸੀਂ ਫ਼ਖ਼ਰ ਕਰਦੇ ਹਾਂ ਅਤੇ ਫ਼ਖ਼ਰ ਦੀਆਂ ਗੱਲਾਂ ਕਰਦੇ ਹਾਂ। ਨਾਲ ਹੀ ਆਪਣੀ ਸਥਾਨਕ ਭਾਸ਼ਾ, ਬੋਲੀ, ਪਛਾਣ, ਪਹਿਰਾਵੇ, ਖਾਣ-ਪੀਣ, ਉਸ ’ਤੇ ਵੀ ਫ਼ਖ਼ਰ ਕਰਦੇ ਹਾਂ। ਅਸੀਂ ਨਵਾਂ ਤਾਂ ਪਾਉਣਾ ਹੀ ਹੈ ਅਤੇ ਉਹੀ ਤਾਂ ਜੀਵਨ ਹੁੰਦਾ ਹੈ, ਲੇਕਿਨ ਨਾਲ-ਨਾਲ ਪੁਰਾਣਾ ਗਵਾਉਣਾ ਵੀ ਨਹੀਂ ਹੈ। ਅਸੀਂ ਬਹੁਤ ਮਿਹਨਤ ਨਾਲ ਆਪਣੇ ਆਲੇ-ਦੁਆਲੇ ਮੌਜੂਦ ਅਥਾਹ ਸੱਭਿਆਚਾਰਕ ਧ੍ਰੋਹਰ ਨੂੰ ਪ੍ਰਫੁੱਲਿਤ ਕਰਨਾ ਹੈ, ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਇਹੀ ਕੰਮ ਅੱਜ ਅਸਮ ਦੇ ਰਹਿਣ ਵਾਲੇ ‘ਸਿਕਾਰੀ ਟਿਸੌ’ ਬਹੁਤ ਹੀ ਲਗਨ ਦੇ ਨਾਲ ਕਰ ਰਹੇ ਹਨ। Karbi Anglong ਜ਼ਿਲ੍ਹੇ ਦੇ ‘ਸਿਕਾਰੀ ਟਿਸੌ’ ਜੀ ਪਿਛਲੇ 20 ਸਾਲਾਂ ਤੋਂ Karbi ਭਾਸ਼ਾ ਦੀ documentation ਕਰ ਰਹੇ ਹਨ। ਕਿਸੇ ਜ਼ਮਾਨੇ ਵਿੱਚ, ਕਿਸੇ ਯੁਗ ਵਿੱਚ ‘ਕਾਰਬੀ ਆਦਿਵਾਸੀ’ ਭੈਣ-ਭਰਾਵਾਂ ਦੀ ਭਾਸ਼ਾ ‘ਕਾਰਬੀ’ ਅੱਜ ਮੁੱਖ ਧਾਰਾ ਤੋਂ ਗਾਇਬ ਹੋ ਰਹੀ ਹੈ। ਸ਼੍ਰੀਮਾਨ ‘ਸਿਕਾਰੀ ਟਿਸੌ’ ਜੀ ਨੇ ਤੈਅ ਕੀਤਾ ਸੀ ਕਿ ਆਪਣੀ ਇਸ ਪਛਾਣ ਨੂੰ ਉਹ ਬਚਾਉਣਗੇ ਅਤੇ ਅੱਜ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਕਾਰਬੀ ਭਾਸ਼ਾ ਦੀ ਕਾਫੀ ਜਾਣਕਾਰੀ documented ਹੋ ਗਈ ਹੈ। ਉਨ੍ਹਾਂ ਨੂੰ ਆਪਣੇ ਯਤਨਾਂ ਦੇ ਲਈ ਕਈ ਜਗ੍ਹਾ ਸ਼ਲਾਘਾ ਵੀ ਮਿਲੀ ਹੈ ਅਤੇ award ਵੀ ਮਿਲੇ ਹਨ। ‘ਮਨ ਕੀ ਬਾਤ’ ਦੇ ਨਾਲ ਸ਼੍ਰੀਮਾਨ ‘ਸਿਕਾਰੀ ਟਿਸੌ’ ਜੀ ਨੂੰ ਮੈਂ ਤਾਂ ਵਧਾਈ ਦਿੰਦਾ ਹੀ ਹਾਂ, ਲੇਕਿਨ ਦੇਸ਼ ਦੇ ਕਈ ਕੋਨਿਆਂ ਵਿੱਚ ਇਸ ਤਰ੍ਹਾਂ ਦੇ ਕਈ ਸਾਧਕ ਹੋਣਗੇ, ਜੋ ਇਕ ਕੰਮ ਨੂੰ ਲੈ ਕੇ ਖਪਦੇ ਰਹਿੰਦੇ ਹੋਣਗੇ, ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ, ਕੋਈ ਵੀ ਨਵੀਂ ਸ਼ੁਰੂਆਤ ਯਾਨੀ New Beginning ਹਮੇਸ਼ਾ ਬਹੁਤ ਖਾਸ ਹੁੰਦੀ ਹੈ। New Beginning ਦਾ ਮਤਲਬ ਹੁੰਦਾ ਹੈ New Possibilities – ਨਵੀਂ ਕੋਸ਼ਿਸ਼ ਅਤੇ ਨਵੀਆਂ ਕੋਸ਼ਿਸ਼ਾਂ ਦਾ ਅਰਥ ਹੈ – ਨਵੀਂ ਊਰਜਾ ਅਤੇ ਨਵਾਂ ਜੋਸ਼। ਇਹੀ ਕਾਰਣ ਹੈ ਕਿ ਵੱਖ-ਵੱਖ ਰਾਜਾਂ ਤੇ ਖੇਤਰਾਂ ਵਿੱਚ ਅਤੇ ਵਿਭਿੰਨਤਾ ਨਾਲ ਭਰੀ ਸਾਡੀ ਸੰਸਕ੍ਰਿਤੀ ਵਿੱਚ ਕਿਸੇ ਵੀ ਸ਼ੁਰੂਆਤ ਨੂੰ ਤਿਓਹਾਰ ਦੇ ਤੌਰ ’ਤੇ ਮਨਾਉਣ ਦੀ ਪ੍ਰੰਪਰਾ ਰਹੀ ਹੈ ਅਤੇ ਇਹ ਸਮਾਂ ਨਵੀਂ ਸ਼ੁਰੂਆਤ ਅਤੇ ਨਵੇਂ ਤਿਓਹਾਰਾਂ ਦੇ ਆਗਮਨ ਦਾ ਹੈ। ਹੋਲੀ ਵੀ ਤਾਂ ਬਸੰਤ ਨੂੰ ਤਿਓਹਾਰ ਦੇ ਤੌਰ ’ਤੇ ਹੀ ਮਨਾਉਣ ਦੀ ਇਕ ਪ੍ਰੰਪਰਾ ਹੈ। ਜਿਸ ਸਮੇਂ ਅਸੀਂ ਰੰਗਾਂ ਦੇ ਨਾਲ ਹੋਲੀ ਮਨਾ ਰਹੇ ਹੁੰਦੇ ਹਾਂ, ਉਸੇ ਸਮੇਂ ਬਸੰਤ ਵੀ ਸਾਡੇ ਆਲੇ-ਦੁਆਲੇ ਨਵੇਂ ਰੰਗ ਬਿਖੇਰ ਰਹੀ ਹੁੰਦੀ ਹੈ। ਇਸੇ ਸਮੇਂ ਫੁੱਲਾਂ ਦਾ ਖਿੜ੍ਹਣਾ ਸ਼ੁਰੂ ਹੁੰਦਾ ਹੈ ਅਤੇ ਕੁਦਰਤ ਤਰੋਤਾਜ਼ਾ ਹੋ ਉੱਠਦੀ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਜਲਦੀ ਹੀ ਨਵਾਂ ਸਾਲ ਵੀ ਮਨਾਇਆ ਜਾਵੇਗਾ। ਚਾਹੇ ਉਗਾਦੀ ਹੋਵੇ ਜਾਂ ਪੁਥੰਡੂ, ਗੁੜੀ ਪੜਵਾ ਹੋਵੇ ਜਾਂ ਬਿਹੂ, ਨਵਰੇਹ ਹੋਵੇ ਜਾਂ ਪੋਇਲਾ ਬੋਈਸ਼ਾਖ ਹੋਵੇ ਜਾਂ ਵਿਸਾਖੀ – ਪੂਰਾ ਦੇਸ਼, ਉਮੰਗ, ਉਤਸ਼ਾਹ ਅਤੇ ਨਵੀਆਂ ਉਮੀਦਾਂ ਦੇ ਰੰਗ ਵਿੱਚ ਰੰਗਿਆ ਦਿਸੇਗਾ। ਇਸੇ ਵੇਲੇ ਕੇਰਲ ਵੀ ਖੂਬਸੂਰਤ ਤਿਓਹਾਰ ਵਿਸ਼ੂ ਮਨਾਉਂਦਾ ਹੈ, ਇਸ ਤੋਂ ਬਾਅਦ ਜਲਦੀ ਹੀ ਚੇਤਰ ਨਵਰਾਤਰੀ ਦਾ ਪਵਿੱਤਰ ਮੌਕਾ ਵੀ ਆਵੇਗਾ। ਚੇਤਰ ਮਹੀਨੇ ਦੇ ਨੌਵੇਂ ਦਿਨ ਸਾਡੇ ਇੱਥੇ ਰਾਮਨੌਮੀ ਦਾ ਤਿਓਹਾਰ ਹੁੰਦਾ ਹੈ। ਇਸ ਨੂੰ ਭਗਵਾਨ ਰਾਮ ਦੇ ਜਨਮ ਉਤਸਵ ਦੇ ਨਾਲ ਨਿਆਂ ਅਤੇ ਬਹਾਦਰੀ ਦੇ ਇਕ ਨਵੇਂ ਯੁਗ ਦੀ ਸ਼ੁਰੂਆਤ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਦੌਰਾਨ ਚਾਰ-ਚੁਫੇਰੇ ਧੂਮਧਾਮ ਦੇ ਨਾਲ ਭਗਤੀ ਭਾਵ ਨਾਲ ਭਰਿਆ ਮਾਹੌਲ ਹੁੰਦਾ ਹੈ ਜੋ ਲੋਕਾਂ ਨੂੰ ਹੋਰ ਨਜ਼ਦੀਕ ਲਿਆਉਂਦਾ ਹੈ। ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਨਾਲ ਜੋੜਦਾ ਹੈ, ਆਪਸੀ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਇਨ੍ਹਾਂ ਤਿਓਹਾਰਾਂ ਦੇ ਮੌਕੇ ’ਤੇ ਮੈਂ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ, ਇਸ ਦੌਰਾਨ 4 ਅਪ੍ਰੈਲ ਨੂੰ ਦੇਸ਼ ਈਸਟਰ ਵੀ ਮਨਾਏਗਾ, Jesus Christ ਦੇ ਪੁਨਰ ਜੀਵਨ ਦੇ ਤਿਓਹਾਰ ਦੇ ਰੂਪ ਵਿੱਚ ਈਸਟਰ ਦਾ ਤਿਓਹਾਰ ਮਨਾਇਆ ਜਾਂਦਾ ਹੈ। ਸੰਕੇਤਕ ਰੂਪ ਵਿੱਚ ਕਹੀਏ ਤਾਂ ਈਸਟਰ ਜੀਵਨ ਦੀ ਨਵੀਂ ਸ਼ੁਰੂਆਤ ਨਾਲ ਜੁੜਿਆ ਹੋਇਆ, ਈਸਟਰ ਉਮੀਦਾਂ ਦੇ ਪੁਨਰ ਜੀਵਿਤ ਹੋਣ ਦਾ ਪ੍ਰਤੀਕ ਹੈ।

 

On this holy and auspicious occasion, I greet not only the Christian Community in India, but also Christians globally.

 

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ‘ਮਨ ਕੀ ਬਾਤ’ ਵਿੱਚ ਅਸੀਂ ਅੰਮ੍ਰਿਤ ਮਹੋਤਸਵ ਅਤੇ ਦੇਸ਼ ਦੇ ਲਈ ਆਪਣੇ ਫਰਜ਼ਾਂ ਦੀ ਗੱਲ ਕੀਤੀ। ਅਸੀਂ ਹੋਰ ਪੁਰਬਾਂ ਅਤੇ ਤਿਓਹਾਰਾਂ ਦੀ ਵੀ ਚਰਚਾ ਕੀਤੀ। ਇਸੇ ਦੌਰਾਨ ਇਕ ਹੋਰ ਤਿਓਹਾਰ ਆਉਣ ਵਾਲਾ ਹੈ ਜੋ ਸਾਡੇ ਸੰਵਿਧਾਨਿਕ ਅਧਿਕਾਰਾਂ ਅਤੇ ਫ਼ਰਜ਼ਾਂ ਦੀ ਯਾਦ ਦਿਵਾਉਂਦਾ ਹੈ, ਉਹ ਹੈ 14 ਅਪ੍ਰੈਲ ਡਾ. ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਜਯੰਤੀ। ਇਸ ਵਾਰੀ ਅੰਮ੍ਰਿਤ ਮਹੋਤਸਵ ਵਿੱਚ ਤਾਂ ਇਹ ਮੌਕਾ ਹੋਰ ਵੀ ਖਾਸ ਬਣ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਬਾਬਾ ਸਾਹਿਬ ਦੀ ਇਸ ਜਨਮ ਜਯੰਤੀ ਨੂੰ ਅਸੀਂ ਜ਼ਰੂਰ ਯਾਦਗਾਰ ਬਣਾਵਾਂਗੇ, ਆਪਣੇ ਫਰਜ਼ਾਂ ਦਾ ਸੰਕਲਪ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਵਾਂਗੇ। ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਰਵ-ਤਿਓਹਾਰਾਂ ਦੀਆਂ ਇਕ ਵਾਰ ਫਿਰ ਤੋਂ ਸ਼ੁਭਕਾਮਨਾਵਾਂ। ਤੁਸੀਂ ਸਾਰੇ ਖੁਸ਼ ਰਹੋ, ਸਿਹਤਮੰਦ ਰਹੋ ਅਤੇ ਖੂਬ ਖੁਸ਼ੀ ਮਨਾਓ। ਇਸੇ ਕਾਮਨਾ ਦੇ ਨਾਲ ਫਿਰ ਤੋਂ ਯਾਦ ਦਿਵਾਉਂਦਾ ਹਾਂ ‘ਦਵਾਈ ਭੀ ਕੜਾਈ ਭੀ’

 

ਬਹੁਤ-ਬਹੁਤ ਧੰਨਵਾਦ

 

 

*****

 

ਡੀਐੱਸ/ਵੀਜੇ/ਆਰਐੱਸਬੀ/ਵੀਕੇ