Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 118ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (19.01.2025)


ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਅੱਜ 2025 ਦੀ ਪਹਿਲੀ ‘ਮਨ ਕੀ ਬਾਤ’ ਹੋ ਰਹੀ ਹੈ। ਤੁਸੀਂ ਲੋਕਾਂ ਨੇ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ, ਹਰ ਵਾਰੀ ‘ਮਨ ਕੀ ਬਾਤ’ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦੀ ਹੈ, ਲੇਕਿਨ ਇਸ ਵਾਰੀ ਅਸੀਂ ਇੱਕ ਹਫ਼ਤਾ ਪਹਿਲਾਂ ਚੌਥੇ ਐਤਵਾਰ ਦੀ ਬਜਾਏ ਤੀਸਰੇ ਐਤਵਾਰ ਨੂੰ ਹੀ ਮਿਲ ਰਹੇ ਹਾਂ, ਕਿਉਂਕਿ ਅਗਲੇ ਹਫ਼ਤੇ ਐਤਵਾਰ ਦੇ ਦਿਨ ਹੀ ‘ਗਣਤੰਤਰ ਦਿਵਸ’ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ, ਇਸ ਵਾਰੀ ਦਾ ‘ਗਣਤੰਤਰ ਦਿਵਸ’ ਬਹੁਤ ਖਾਸ ਹੈ। ਇਹ ਭਾਰਤੀ ਗਣਤੰਤਰ ਦੀ 75ਵੀਂ ਵਰ੍ਹੇਗੰਢ ਹੈ। ਇਸ ਸਾਲ ਸੰਵਿਧਾਨ ਲਾਗੂ ਹੋਣ ਦੇ 75 ਸਾਲ ਹੋ ਰਹੇ ਹਨ। ਮੈਂ ਸੰਵਿਧਾਨ ਸਭਾ ਦੇ ਉਨ੍ਹਾਂ ਸਾਰੇ ਮਹਾਨ ਵਿਅਕਤੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ। ਸੰਵਿਧਾਨ ਸਭਾ ਦੇ ਦੌਰਾਨ ਅਨੇਕਾਂ ਵਿਸ਼ਿਆਂ ’ਤੇ ਲੰਬੀਆਂ-ਲੰਬੀਆਂ ਚਰਚਾਵਾਂ ਹੋਈਆਂ, ਉਹ ਚਰਚਾਵਾਂ, ਸੰਵਿਧਾਨ ਸਭਾ ਦੇ ਮੈਂਬਰਾਂ ਦੇ ਵਿਚਾਰ, ਉਨ੍ਹਾਂ ਦੀ ਉਹ ਬਾਣੀ ਸਾਡੀ ਬਹੁਤ ਵੱਡੀ ਧਰੋਹਰ ਹੈ। ਅੱਜ ‘ਮਨ ਕੀ ਬਾਤ’ ਵਿੱਚ ਮੇਰਾ ਯਤਨ ਹੈ ਕਿ ਤੁਹਾਨੂੰ ਕੁਝ ਮਹਾਨ ਨੇਤਾਵਾਂ ਦੀਆਂ original ਆਵਾਜ਼ਾਂ ਸੁਣਾਵਾਂ।

ਸਾਥੀਓ, ਜਦੋਂ ਸੰਵਿਧਾਨ ਸਭਾ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਪਰਸਪਰ ਸਹਿਯੋਗ ਨੂੰ ਲੈ ਕੇ ਇੱਕ ਬਹੁਤ ਮਹੱਤਵਪੂਰਨ ਗੱਲ ਕਹੀ ਸੀ। ਉਨ੍ਹਾਂ ਦਾ ਇਹ ਸੰਬੋਧਨ ਅੰਗ੍ਰੇਜ਼ੀ ਵਿੱਚ ਹੈ। ਮੈਂ ਉਸ ਦਾ ਇੱਕ ਅੰਸ਼ ਤੁਹਾਨੂੰ ਸੁਣਾਉਂਦਾ ਹਾਂ।

ਜਿੱਥੋਂ ਤੱਕ ਅੰਤਿਮ ਲਕਸ਼ ਦੀ ਗੱਲ ਹੈ, ਮੇਰਾ ਖਿਆਲ ਹੈ ਕਿ ਸਾਡੇ ਵਿੱਚੋਂ ਕਿਸੇ ਨੂੰ ਉਸ ਬਾਰੇ ਕੋਈ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਡੇ ਵਿੱਚੋਂ ਕਿਸੇ ਨੂੰ ਵੀ ਕੋਈ ਸੰਦੇਹ ਕਰਨ ਦੀ ਵੀ ਲੋੜ ਨਹੀਂ ਹੈ, ਲੇਕਿਨ ਮੇਰਾ ਡਰ ਜੋ ਕਿ ਮੈਂ ਸਪਸ਼ਟ ਰੂਪ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਚਿੰਤਾ ਇਸ ਗੱਲ ਨੂੰ ਲੈ ਕੇ ਨਹੀਂ, ਸਾਡੀ ਮੁਸ਼ਕਿਲ ਜਿਵੇਂ ਕਿ ਮੈਂ ਕਿਹਾ ਆਖਰੀ ਲਕਸ਼ ਬਾਰੇ ਨਹੀਂ ਹੈ। ਸਾਡੀ ਮੁਸ਼ਕਿਲ ਇਹ ਹੈ ਕਿ ਅੱਜ ਦੇ ਵਿਭਿੰਨ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਇੱਕ ਸਾਂਝਾ ਫ਼ੈਸਲਾ ਲੈਣ ਵਿੱਚ ਕਿਵੇਂ ਸਹਾਇਤਾ ਕਰੀਏ ਤਾਂ ਕਿ ਆਪਸੀ ਸਹਿਯੋਗ ਨਾਲ ਇੱਕ ਹੋ ਕੇ ਏਕਤਾ ਦੀ ਰਾਹ ’ਤੇ ਤੁਰ ਸਕੀਏ। ਸਾਡੀ ਮੁਸ਼ਕਿਲ ਆਖਰੀ ਟੀਚੇ ਬਾਰੇ ਨਹੀਂ ਹੈ, ਸਗੋਂ ਸਾਡੀ ਮੁਸ਼ਕਿਲ ਇਹ ਹੈ ਕਿ ਸ਼ੁਰੂਆਤ ਕਿਵੇਂ ਹੋਵੇਗੀ।”

(“So far as the ultimate goal is concerned, I think none of us need have any apprehensions. None of us need have any doubt, but my fear which I must express clearly is this, our difficulty as I said is not about the ultimate future. Our difficulty is how to make the heterogeneous mass that we have today, take a decision in common and march in a cooperative way on that road which is bound to lead us to unity. Our difficulty is not with regard to the ultimate; our difficulty is with regard to the beginning.”)

ਸਾਥੀਓ, ਬਾਬਾ ਸਾਹਿਬ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਸੰਵਿਧਾਨ ਸਭਾ ਇਕੱਠੇ, ਇੱਕਮੱਤ ਹੋ ਕੇ ਅਤੇ ਮਿਲ ਕੇ ਸਾਰਿਆਂ ਦੇ ਹਿਤ ਲਈ ਕੰਮ ਕਰੇ। ਮੈਂ ਤੁਹਾਨੂੰ ਸੰਵਿਧਾਨ ਸਭਾ ਦੀ ਇੱਕ ਹੋਰ audio clip ਸੁਣਾਉਂਦਾ ਹਾਂ। ਇਹ audio ਡਾ. ਰਾਜੇਂਦਰ ਪ੍ਰਸਾਦ ਜੀ ਦਾ ਹੈ ਜੋ ਸਾਡੀ ਸੰਵਿਧਾਨ ਸਭਾ ਦੇ ਮੁਖੀ ਸਨ। ਆਓ ਡਾ. ਰਾਜੇਂਦਰ ਪ੍ਰਸਾਦ ਜੀ ਨੂੰ ਸੁਣਦੇ ਹਾਂ –

ਸਾਡਾ ਇਤਿਹਾਸ ਦੱਸਦਾ ਹੈ ਅਤੇ ਸਾਡੀ ਸੰਸਕ੍ਰਿਤੀ ਸਿਖਾਉਂਦੀ ਹੈ ਕਿ ਅਸੀਂ ਅਮਨ ਪਸੰਦ ਹਾਂ ਅਤੇ ਰਹੇ ਹਾਂ। ਸਾਡਾ ਸਾਮਰਾਜ ਅਤੇ ਸਾਡੀ ਫਤਹਿ ਦੂਸਰੀ ਤਰ੍ਹਾਂ ਦੀ ਰਹੀ ਹੈ, ਅਸੀਂ ਦੂਸਰਿਆਂ ਨੂੰ ਜੰਜ਼ੀਰਾਂ ਨਾਲ, ਭਾਵੇਂ ਉਹ ਲੋਹੇ ਦੀਆਂ ਹੋਣ ਜਾਂ ਸੋਨੇ ਦੀਆਂ, ਕਦੀ ਨਹੀਂ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਅਸੀਂ ਦੂਸਰਿਆਂ ਨੂੰ ਆਪਣੇ ਨਾਲ, ਲੋਹੇ ਦੀ ਜੰਜ਼ੀਰ ਤੋਂ ਵੀ ਜ਼ਿਆਦਾ ਮਜ਼ਬੂਤ ਲੇਕਿਨ ਸੁੰਦਰ ਅਤੇ ਸੁਖਦਾਈ ਰੇਸ਼ਮ ਦੇ ਧਾਗੇ ਨਾਲ ਬੰਨ੍ਹ ਰੱਖਿਆ ਹੈ ਅਤੇ ਉਹ ਬੰਧਨ ਧਰਮ ਦਾ ਹੈ, ਸੰਸਕ੍ਰਿਤੀ ਦਾ ਹੈ, ਗਿਆਨ ਦਾ ਹੈ। ਅਸੀਂ ਹੁਣ ਵੀ ਉਸੇ ਰਸਤੇ ’ਤੇ ਤੁਰਦੇ ਰਹਾਂਗੇ ਅਤੇ ਸਾਡੀ ਇੱਕ ਹੀ ਇੱਛਾ ਅਤੇ ਤਾਂਘ ਹੈ ਅਤੇ ਉਹ ਤਾਂਘ ਇਹ ਹੈ ਕਿ ਅਸੀਂ ਸੰਸਾਰ ਵਿੱਚ ਸੁੱਖ ਅਤੇ ਸ਼ਾਂਤੀ ਕਾਇਮ ਰੱਖਣ ਵਿੱਚ ਮਦਦ ਪਹੁੰਚਾ ਸਕੀਏ ਅਤੇ ਸੰਸਾਰ ਦੇ ਹੱਥਾਂ ਵਿੱਚ ਸੱਚ ਅਤੇ ਅਹਿੰਸਾ ਦਾ ਉਹ ਹਥਿਆਰ ਦੇ ਸਕੀਏ, ਜੋ ਕਦੇ ਨਾ ਖੁੰਝੇ, ਜਿਸ ਨੇ ਸਾਨੂੰ ਅੱਜ ਆਜ਼ਾਦੀ ਤੱਕ ਪਹੁੰਚਾਇਆ ਹੈ। ਸਾਡੀ ਜ਼ਿੰਦਗੀ ਅਤੇ ਸੰਸਕ੍ਰਿਤੀ ਵਿੱਚ ਕੁਝ ਅਜਿਹਾ ਹੈ, ਜਿਸ ਨੇ ਸਾਨੂੰ ਸਮੇਂ ਦੇ ਥਪੇੜਿਆਂ ਦੇ ਬਾਵਜੂਦ ਜਿਊਂਦਾ ਰਹਿਣ ਦੀ ਸ਼ਕਤੀ ਦਿੱਤੀ ਹੈ। ਜੇਕਰ ਅਸੀਂ ਆਪਣੇ ਆਦਰਸ਼ਾਂ ਨੂੰ ਸਾਹਮਣੇ ਰੱਖੀ ਰੱਖਾਂਗੇ ਤਾਂ ਅਸੀਂ ਸੰਸਾਰ ਦੀ ਵੱਡੀ ਸੇਵਾ ਕਰ ਸਕਾਂਗੇ।’’

ਸਾਥੀਓ, ਡਾ. ਰਾਜੇਂਦਰ ਪ੍ਰਸਾਦ ਜੀ ਨੇ ਮਨੁੱਖੀ ਕਦਰਾਂ-ਕੀਮਤਾਂ ਦੇ ਪ੍ਰਤੀ ਦੇਸ਼ ਦੀ ਵਚਨਬੱਧਤਾ ਦੀ ਗੱਲ ਕਹੀ ਸੀ, ਹੁਣ ਮੈਂ ਤੁਹਾਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਆਵਾਜ਼ ਸੁਣਾਉਂਦਾ ਹਾਂ। ਉਨ੍ਹਾਂ ਨੇ ਮੌਕਿਆਂ ਦੀ ਸਮਾਨਤਾ ਦਾ ਵਿਸ਼ਾ ਚੁੱਕਿਆ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ –

‘‘ਸ਼੍ਰੀਮਾਨ ਜੀ ਮੈਨੂੰ ਆਸ ਹੈ ਕਿ ਅਸੀਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਅੱਗੇ ਵਧਾਂਗੇ ਅਤੇ ਇਸ ਤਰ੍ਹਾਂ ਦੇ ਮਹਾਨ ਭਾਰਤ ਦੇ ਨਿਰਮਾਣ ਵਿੱਚ ਸਹਾਇਤਾ ਕਰਾਂਗੇ, ਜਿਹੜਾ ਨਾ ਸਿਰਫ਼ ਇਸ ਸਮੁਦਾਇ ਜਾਂ ਉਸ ਸਮੁਦਾਇ, ਇਸ ਵਰਗ ਜਾਂ ਉਸ ਵਰਗ, ਸਗੋਂ ਹਰ ਇੱਕ ਵਿਅਕਤੀ, ਆਦਮੀ, ਔਰਤ ਅਤੇ ਬੱਚਿਆਂ ਦੀ ਮਾਤਭੂਮੀ ਹੋਵੇਗੀ, ਜਿਸ ਦਾ ਕਿਸੇ ਖਾਸ ਜਾਤੀ, ਧਰਮ ਜਾਂ ਸਮੁਦਾਇ ਨਾਲ ਸਬੰਧ ਨਹੀਂ ਹੋਵੇਗਾ। ਹਰ ਇੱਕ ਨੂੰ ਬਰਾਬਰ ਮੌਕਾ ਮਿਲੇਗਾ ਤਾਂ ਕਿ ਉਹ ਆਪਣੀ ਯੋਗਤਾ ਨਾਲ ਵਿਕਾਸ ਕਰ ਸਕੇ ਅਤੇ ਭਾਰਤ ਦੀ ਮਾਤਭੂਮੀ ਦੀ ਸੇਵਾ ਕਰ ਸਕੇ।   

(I hope sir that we shall go ahead with our work in spite of all difficulties and thereby help to create that great India which will be the motherland of not this community or that, not this class or that, but of every person, man, woman and child inhabiting in this great land irrespective of race, caste, creed or community. Everyone will have an equal opportunity, so that he or she can develop himself or herself according to best talent and serve the great common motherland of India.)

  ਸਾਥੀਓ, ਮੈਨੂੰ ਆਸ ਹੈ, ਤੁਹਾਨੂੰ ਵੀ ਇਸ ਸੰਵਿਧਾਨ ਸਭਾ ਦੀ debate ਨਾਲ ਇਹ original audio ਸੁਣ ਕੇ ਚੰਗਾ ਲਗਿਆ ਹੋਵੇਗਾ। ਸਾਨੂੰ ਦੇਸ਼ਵਾਸੀਆਂ ਨੂੰ ਇਨ੍ਹਾਂ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਅਜਿਹੇ ਭਾਰਤ ਦੇ ਨਿਰਮਾਣ ਦੇ ਲਈ ਕੰਮ ਕਰਨਾ ਹੈ, ਜਿਸ ’ਤੇ ਸਾਡੇ ਸੰਵਿਧਾਨ ਨਿਰਮਾਤਾਵਾਂ ਨੂੰ ਵੀ ਫ਼ਖਰ ਹੋਵੇ।

ਸਾਥੀਓ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ National Voter’s Day ਹੈ। ਇਹ ਦਿਨ ਇਸ ਲਈ ਖਾਸ ਹੈ, ਕਿਉਂਕਿ ਇਸ ਦਿਨ ‘ਭਾਰਤੀਯ ਨਿਰਵਾਚਨ ਆਯੋਗ’ ਦੀ ਸਥਾਪਨਾ ਹੋਈ ਸੀ…Election Commissionਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਵਿੱਚ ਸਾਡੇ ਚੋਣ ਆਯੋਗ ਨੂੰ, ਲੋਕਤੰਤਰ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਬਹੁਤ ਵੱਡਾ ਥਾਂ ਦਿੱਤਾ ਹੈ। ਦੇਸ਼ ਵਿੱਚ ਜਦੋਂ 1951-52 ’ਚ ਪਹਿਲੀ ਵਾਰ ਜਦੋਂ ਚੋਣ ਹੋਈ ਤਾਂ ਕੁਝ ਲੋਕਾਂ ਨੂੰ ਸੰਦੇਹ ਸੀ ਕਿ ਕੀ ਦੇਸ਼ ਦਾ ਲੋਕਤੰਤਰ ਜਿਊਂਦਾ ਰਹੇਗਾ, ਲੇਕਿਨ ਸਾਡੇ ਲੋਕਤੰਤਰ ਨੇ ਸਾਰੇ ਖਦਸ਼ਿਆਂ ਨੂੰ ਗਲਤ ਸਾਬਿਤ ਕੀਤਾ – ਆਖਿਰ ਭਾਰਤ   Mother of Democracy ਹੈ। ਬੀਤੇ ਦਹਾਕਿਆਂ ’ਚ  ਵੀ ਦੇਸ਼ ਦਾ ਲੋਕਤੰਤਰ ਸਸ਼ਕਤ ਹੋਇਆ ਹੈ, ਸਮ੍ਰਿੱਧ ਹੋਇਆ ਹੈ। ਮੈਂ ਚੋਣ ਆਯੋਗ ਦਾ ਵੀ ਧੰਨਵਾਦ ਕਰਾਂਗਾ, ਜਿਸ ਨੇ ਸਮੇਂ-ਸਮੇਂ ’ਤੇ ਸਾਡੀ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਆਧੁਨਿਕ ਬਣਾਇਆ ਹੈ, ਮਜ਼ਬੂਤ ਕੀਤਾ ਹੈ। ਆਯੋਗ ਨੇ ਜਨ-ਸ਼ਕਤੀ ਨੂੰ ਹੋਰ ਸ਼ਕਤੀ ਦੇਣ ਦੇਣ ਲਈ ਤਕਨੀਕ ਦੀ ਸ਼ਕਤੀ ਦੀ ਵਰਤੋਂ ਕੀਤੀ। ਮੈਂ ਚੋਣ ਆਯੋਗ ਨੂੰ ਨਿਰਪੱਖ ਚੋਣਾਂ ਦੇ ਉਨ੍ਹਾਂ ਦੇ ਸੰਕਲਪ ਦੇ ਲਈ ਵਧਾਈ ਦਿੰਦਾ ਹਾਂ। ਮੈਂ ਦੇਸ਼ਵਾਸੀਆਂ ਨੂੰ ਕਹਾਂਗਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ, ਹਮੇਸ਼ਾ ਕਰਨ ਅਤੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ ਵੀ ਬਣਨ ਅਤੇ ਇਸ ਪ੍ਰਕਿਰਿਆ ਨੂੰ ਸਸ਼ਕਤ ਵੀ ਕਰਨ।

ਮੇਰੇ ਪਿਆਰੇ ਦੇਸ਼ਵਾਸੀਓ, ਪ੍ਰਯਾਗਰਾਜ ਵਿੱਚ ਮਹਾਕੁੰਭ ਦੀ ਸ਼ੁਰੂਆਤ ਹੋ ਚੁੱਕੀ ਹੈ। ਨਾ ਭੁੱਲਣਯੋਗ ਜਨ-ਸੈਲਾਬ, ਕਲਪਨਾ ਤੋਂ ਪਰ੍ਹੇ ਦ੍ਰਿਸ਼ ਅਤੇ ਸਮਤਾ, ਸਮਰਸਤਾ ਦਾ ਅਸਾਧਾਰਣ ਸੰਗਮ। ਇਸ ਵਾਰ ਕੁੰਭ ਵਿੱਚ ਕਈ ਦੈਵੀ ਯੋਗ ਵੀ ਬਣ ਰਹੇ ਹਨ। ਕੁੰਭ ਦਾ ਇਹ ਉਤਸਵ ਵਿਭਿੰਨਤਾ ਵਿੱਚ ਏਕਤਾ ਦਾ ਉਤਸਵ ਮਨਾਉਂਦਾ ਹੈ। ਸੰਗਮ ਦੀ ਰੇਤ ’ਤੇ ਪੂਰੇ ਭਾਰਤ ਦੇ, ਪੂਰੇ ਵਿਸ਼ਵ ਦੇ ਲੋਕ ਇਕੱਠੇ ਹੁੰਦੇ ਹਨ, ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਇਸ ਪਰੰਪਰਾ ਵਿੱਚ ਕਿਤੇ ਵੀ ਕੋਈ ਭੇਦਭਾਵ ਨਹੀਂ, ਜਾਤੀਵਾਦ ਨਹੀਂ, ਇਸ ਵਿੱਚ ਭਾਰਤ ਦੇ ਦੱਖਣ ਤੋਂ ਲੋਕ ਆਉਂਦੇ ਹਨ, ਭਾਰਤ ਦੇ ਪੂਰਬ ਅਤੇ ਪੱਛਮ ਤੋਂ ਲੋਕ ਆਉਂਦੇ ਹਨ, ਕੁੰਭ ਵਿੱਚ ਗ਼ਰੀਬ-ਅਮੀਰ ਸਭ ਇੱਕ ਹੋ ਜਾਂਦੇ ਹਨ। ਸਾਰੇ ਲੋਕ ਸੰਗਮ ਵਿੱਚ ਡੁਬਕੀ ਲਗਾਉਂਦੇ ਹਨ। ਇਕੱਠੇ ਭੰਡਾਰਿਆਂ ਵਿੱਚ ਭੋਜਨ ਕਰਦੇ ਹਨ, ਪ੍ਰਸਾਦ ਲੈਂਦੇ ਹਨ ਤਾਂ ਹੀ ਇਹ ਕੁੰਭ ਏਕਤਾ ਦਾ ਮਹਾਕੁੰਭ ਹੈ। ਕੁੰਭ ਦਾ ਆਯੋਜਨ ਸਾਨੂੰ ਇਹ ਵੀ ਦੱਸਦਾ ਹੈ ਕਿ ਕਿਵੇਂ ਸਾਡੀਆਂ ਰਵਾਇਤਾਂ ਪੂਰੇ ਭਾਰਤ ਨੂੰ ਇੱਕ ਸੂਤਰ ਵਿੱਚ ਬੰਨ੍ਹਦੀਆਂ ਹਨ। ਉੱਤਰ ਤੋਂ ਦੱਖਣ ਤੱਕ ਮਾਨਤਾਵਾਂ ਨੂੰ ਮੰਨਣ ਦੇ ਤਰੀਕੇ ਵੀ ਇੱਕੋ ਜਿਹੇ ਹੀ ਹਨ। ਇੱਕ ਪਾਸੇ ਪ੍ਰਯਾਗਰਾਜ, ਉਜੈਨ, ਨਾਸਿਕ ਅਤੇ ਹਰਿਦੁਆਰ ਵਿੱਚ ਕੁੰਭ ਦਾ ਆਯੋਜਨ ਹੁੰਦਾ ਹੈ, ਉਂਝ ਹੀ ਦੱਖਣੀ ਭੂ-ਭਾਗ ਵਿੱਚ ਗੋਦਾਵਰੀ, ਕ੍ਰਿਸ਼ਨਾ, ਨਰਮਦਾ ਅਤੇ ਕਾਵੇਰੀ ਨਦੀ ਦੇ ਤਟਾਂ ’ਤੇ ਪੁਸ਼ਕਰਮ ਹੁੰਦੇ ਹਨ। ਇਹ ਦੋਵੇਂ ਹੀ ਪੁਰਬ ਸਾਡੀਆਂ ਪਵਿੱਤਰ ਨਦੀਆਂ ਨਾਲ, ਉਨ੍ਹਾਂ ਦੀਆਂ ਮਾਨਤਾਵਾਂ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਕੁੰਭਕੋਣਮ ਤੋਂ ਤਿਰੂਕੱਡ-ਯੂਰ, ਕੂਡ-ਵਾਸਲ ਤੋਂ ਤਿਰੂਚੇਰਈ ਅਨੇਕਾਂ ਅਜਿਹੇ ਮੰਦਿਰ ਹਨ, ਜਿਨ੍ਹਾਂ ਦੀਆਂ ਰਵਾਇਤਾਂ ਕੁੰਭ ਨਾਲ ਜੁੜੀਆਂ ਹੋਈਆਂ ਹਨ।

ਸਾਥੀਓ, ਇਸ ਵਾਰ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਕੁੰਭ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਵਿਆਪਕ ਰੂਪ ਵਿੱਚ ਨਜ਼ਰ ਆਉਂਦੀ ਹੈ ਅਤੇ ਇਹ ਵੀ ਸੱਚ ਹੈ ਕਿ ਜਦੋਂ ਨੌਜਵਾਨ ਪੀੜ੍ਹੀ ਆਪਣੀ ਸੱਭਿਅਤਾ ਦੇ ਨਾਲ, ਮਾਣ ਦੇ ਨਾਲ ਜੁੜ ਜਾਂਦੀ ਹੈ ਤਾਂ ਉਸ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਸੁਨਹਿਰੀ ਭਵਿੱਖ ਵੀ ਨਿਸ਼ਚਿਤ ਹੋ ਜਾਂਦਾ ਹੈ। ਅਸੀਂ ਇਸ ਵਾਰ ਕੁੰਭ ਦੇ digital footprints ਵੀ ਇੰਨੇ ਵੱਡੇ ਸਕੇਲ ’ਤੇ ਵੇਖ ਰਹੇ ਹਾਂ। ਕੁੰਭ ਦੀ ਇਹ ਵੈਸ਼ਵਿਕ ਪ੍ਰਸਿੱਧੀ ਹਰ ਭਾਰਤੀ ਲਈ ਫ਼ਖਰ ਦੀ ਗੱਲ ਹੈ। 

ਸਾਥੀਓ, ਕੁਝ ਦਿਨ ਪਹਿਲਾਂ ਹੀ ਪੱਛਮ ਬੰਗਾਲ ਵਿੱਚ ‘ਗੰਗਾ ਸਾਗਰ’ ਮੇਲੇ ਦਾ ਵੀ ਵਿਸ਼ਾਲ ਆਯੋਜਨ ਹੋਇਆ ਹੈ। ਸੰਕ੍ਰਾਂਤੀ ਦੇ ਪਵਿੱਤਰ ਮੌਕੇ ’ਤੇ ਇਸ ਮੇਲੇ ਵਿੱਚ ਪੂਰੀ ਦੁਨੀਆ ਤੋਂ ਆਏ ਲੱਖਾਂ ਸ਼ਰਧਾਲੂਆਂ ਨੇ ਡੁਬਕੀ ਲਗਾਈ ਹੈ। ‘ਕੁੰਭ’, ‘ਪੁਸ਼ਕਰਮ’ ਅਤੇ ‘ਗੰਗਾ ਸਾਗਰ ਮੇਲਾ’ – ਸਾਡੇ ਇਹ ਪਰਵ ਸਾਡੇ ਸਮਾਜਿਕ ਮੇਲ-ਜੋਲ ਨੂੰ, ਸਦਭਾਵਨਾ ਨੂੰ, ਏਕਤਾ ਨੂੰ ਵਧਾਉਣ ਵਾਲੇ ਪਰਵਪ ਹਨ। ਇਹ ਪਰਵ ਭਾਰਤ ਦੇ ਲੋਕਾਂ ਨੂੰ ਭਾਰਤ ਦੀਆਂ ਪਰੰਪਰਾਵਾਂ ਨਾਲ ਜੋੜਦੇ ਹਨ ਅਤੇ ਜਿਵੇਂ ਸਾਡੇ ਸ਼ਾਸਤਰਾਂ ਨੇ ਸੰਸਾਰ ਵਿੱਚ ਧਰਮ, ਅਰਥ, ਕਾਮ, ਮੋਕਸ਼ ਚਾਰਾਂ ’ਤੇ ਜ਼ੋਰ ਦਿੱਤਾ ਹੈ, ਉਂਝ ਹੀ ਸਾਡੇ ਪਰਵ ਅਤੇ ਰਵਾਇਤਾਂ ਵੀ ਅਧਿਆਤਮਕ, ਸਮਾਜਿਕ, ਸੰਸਕ੍ਰਿਤਕ ਅਤੇ ਆਰਥਿਕ ਹਰ ਪੱਖ ਨੂੰ ਹੀ ਮਜ਼ਬੂਤ ਕਰਦੇ ਹਨ।

ਸਾਥੀਓ, ਇਸ ਮਹੀਨੇ ਅਸੀਂ ‘ਪੌਸ਼, ਸ਼ੁਕਲ, ਦਵਾਦਸ਼ੀ’ ਦੇ ਦਿਨ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪੁਰਬ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ। ਇਸ ਸਾਲ ‘ਪੌਸ਼, ਸ਼ੁਕਲ ਦਵਾਦਸ਼ੀ’ 11 ਜਨਵਰੀ ਨੂੰ ਆਈ ਸੀ। ਇਸ ਦਿਨ ਲੱਖਾਂ ਰਾਮ ਭਗਤਾਂ ਨੇ ਅਯੁੱਧਿਆ ਵਿੱਚ ਰਾਮਲੱਲਾ ਦੇ ਸਾਖਿਆਤ ਰੂਪ ਵਿੱਚ ਦਰਸ਼ਨ ਕੀਤੇ ਸਨ। ਪ੍ਰਾਣ ਪ੍ਰਤਿਸ਼ਠਾ ਦੀ ਇਹ ਦਵਾਦਸ਼ੀ ਭਾਰਤ ਦੀ ਸੰਸਕ੍ਰਿਤਕ ਚੇਤਨਾ ਦੀ ਮੁੜ ਪ੍ਰਤਿਸ਼ਠਾ ਦੀ ਦਵਾਦਸ਼ੀ ਹੈ। ਇਸ ਲਈ ‘ਪੌਸ਼, ਸ਼ੁਕਲ, ਦਵਾਦਸ਼ੀ’ ਦਾ ਇਹ ਦਿਨ ਇੱਕ ਤਰ੍ਹਾਂ ਨਾਲ ਪ੍ਰਤਿਸ਼ਠਾ ਦਵਾਦਸ਼ੀ ਦਾ ਦਿਨ ਵੀ ਬਣ ਗਿਆ ਹੈ। ਅਸੀਂ ਵਿਕਾਸ ਦੇ ਰਾਹ ’ਤੇ ਚੱਲਦੇ ਹੋਏ ਇੰਝ ਹੀ ਆਪਣੀ ਵਿਰਾਸਤ ਨੂੰ ਵੀ ਸੰਭਾਲਣਾ ਹੈ। ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਅੱਗੇ ਵਧਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, 2025 ਦੀ ਸ਼ੁਰੂਆਤ ਵਿੱਚ ਹੀ ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਕਈ ਇਤਿਹਾਸਿਕ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਅੱਜ ਮੈਨੂੰ ਇਹ ਦੱਸਦੇ ਹੋਏ ਫਖਰ ਹੈ ਕਿ ਇੱਕ ਭਾਰਤੀ space-tech start-up ਬੰਗਲੁਰੂ ਦੇ Pixxel ਨੇ ਭਾਰਤ ਦਾ ਪਹਿਲਾ ਨਿਜੀ satellite constellation – ‘Firefly’ (ਫਾਇਰ-ਫਲਾਈ), ਸਫ਼ਲਤਾਪੂਰਵਕ launch ਕੀਤਾ ਹੈ। ਇਹ satellite constellation ਦੁਨੀਆ ਦਾ ਸਭ ਤੋਂ High-Resolution Hyper Spectral Satellite constellation ਹੈ। ਇਸ ਉਪਲਬਧੀ ਨੇ ਨਾ ਸਿਰਫ਼ ਭਾਰਤ ਨੂੰ ਆਧੁਨਿਕ space technology ਵਿੱਚ ਮੋਹਰੀ ਬਣਾਇਆ ਹੈ, ਸਗੋਂ ਇਹ ਆਤਮ-ਨਿਰਭਰ ਭਾਰਤ ਦੀ ਦਿਸ਼ਾ ਵਿੱਚ ਵੀ ਇੱਕ ਵੱਡਾ ਕਦਮ ਹੈ। ਇਹ ਸਫ਼ਲਤਾ ਸਾਡੀ ਨਿਜੀ space sector ਦੀ ਵੱਧਦੀ ਤਾਕਤ ਅਤੇ innovation ਦਾ ਪ੍ਰਤੀਕ ਹੈ। ਮੈਂ ਇਸ ਪ੍ਰਾਪਤੀ ਦੇ ਲਈ Pixxel ਦੀ ਟੀਮ ISRO, ਅਤੇ IN-SPACe ਨੂੰ ਪੂਰੇ ਦੇਸ਼ ਵੱਲੋਂ ਵਧਾਈ ਦਿੰਦਾ ਹਾਂ।

ਸਾਥੀਓ, ਕੁਝ ਦਿਨ ਪਹਿਲਾਂ ਸਾਡੇ ਵਿਗਿਆਨੀਆਂ ਨੇ space sector ਵਿੱਚ ਹੀ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ। ਸਾਡੇ ਵਿਗਿਆਨੀਆਂ ਨੇ satellites ਦੀ space docking ਕਰਵਾਈ ਹੈ। ਹੁਣ ਪੁਲਾੜ ਵਿੱਚ ਦੋ spacecraft connect ਕੀਤੇ ਜਾਂਦੇ ਹਨ ਤਾਂ ਇਸ ਪ੍ਰਕਿਰਿਆ ਨੂੰ Space Docking ਕਹਿੰਦੇ ਹਨ। ਇਹ ਤਕਨੀਕ ਪੁਲਾੜ ਵਿੱਚ  space station ਤੱਕ supply ਭੇਜਣ ਅਤੇ crew mission ਦੇ ਲਈ ਮਹੱਤਵਪੂਰਨ ਹੈ। ਭਾਰਤ ਅਜਿਹਾ ਚੌਥਾ ਦੇਸ਼ ਬਣਿਆ ਹੈ, ਜਿਸ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ।

ਸਾਥੀਓ, ਸਾਡੇ ਵਿਗਿਆਨੀ ਪੁਲਾੜ ਵਿੱਚ ਪੌਦੇ ਉਗਾਉਣ ਅਤੇ ਉਨ੍ਹਾਂ ਨੂੰ ਜਿਊਂਦਾ ਰੱਖਣ ਦੇ ਯਤਨ ਵੀ ਕਰਦੇ ਹਨ। ਇਸ ਦੇ ਲਈ  ISRO ਦੇ ਵਿਗਿਆਨਕਾਂ ਨੇ ਲੋਬੀਆ ਦੇ ਬੀਜ ਨੂੰ ਚੁਣਿਆ। 30 ਦਸੰਬਰ ਨੂੰ ਭੇਜੇ ਗਏ ਇਹ ਬੀਜ ਪੁਲਾੜ ਵਿੱਚ ਹੀ ਪੁੰਗਰੇ। ਇਹ ਇੱਕ ਬੇਹੱਦ ਪ੍ਰੇਰਣਾਦਾਈ ਪ੍ਰਯੋਗ ਹੈ ਜੋ ਭਵਿੱਖ ਵਿੱਚ space ’ਚ ਸਬਜ਼ੀਆਂ ਉਗਾਉਣ ਦਾ ਰਾਹ ਖੋਲ੍ਹੇਗਾ। ਇਹ ਵਿਖਾਉਂਦਾ ਹੈ ਕਿ ਸਾਡੇ ਵਿਗਿਆਨੀ ਕਿੰਨੀ ਦੂਰ ਦੀ ਸੋਚ ਨਾਲ ਕੰਮ ਕਰ ਰਹੇ ਹਨ। 

ਸਾਥੀਓ, ਮੈਂ ਤੁਹਾਨੂੰ ਇੱਕ ਹੋਰ ਪ੍ਰੇਰਣਾਦਾਈ ਪਹਿਲ ਦੇ ਬਾਰੇ ਦੱਸਣਾ ਚਾਹੁੰਦਾ ਹਾਂ।  IIT ਮਦਰਾਸ ਦਾ ExTeM ਕੇਂਦਰ ਪੁਲਾੜ ਵਿੱਚ manufacturing ਦੇ ਲਈ ਨਵੀਆਂ ਤਕਨੀਕਾਂ ’ਤੇ ਕੰਮ ਕਰ ਰਿਹਾ ਹੈ। ਇਹ ਕੇਂਦਰ ਪੁਲਾੜ ਵਿੱਚ 3D–Printed buildings, metal foams ਅਤੇ optical fibers ਵਰਗੀਆਂ ਤਕਨੀਕਾਂ ’ਤੇ ਖੋਜ ਕਰ ਰਿਹਾ ਹੈ। ਇਹ ਸੈਂਟਰ ਬਗੈਰ ਪਾਣੀ ਦੇ ਕੰਕਰੀਟ ਨਿਰਮਾਣ ਵਰਗੀਆਂ ਵਿਧੀਆਂ ਦਾ ਵੀ ਵਿਕਾਸ ਕਰ ਰਿਹਾ ਹੈ। ExTeM ਦੀ ਇਹ Research, ਭਾਰਤ ਦੇ ਗਗਨਯਾਨ ਮਿਸ਼ਨ ਅਤੇ ਭਵਿੱਖ ਦੇ Space Station ਨੂੰ ਮਜ਼ਬੂਤੀ ਦੇਵੇਗੀ। ਇਸ ਨਾਲ manufacturing ਵਿੱਚ ਆਧੁਨਿਕ technology ਦੇ ਵੀ ਨਵੇਂ ਰਾਹ ਖੁੱਲ੍ਹਣਗੇ।

ਸਾਥੀਓ, ਇਹ ਸਾਰੀਆਂ ਪ੍ਰਾਪਤੀਆਂ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਦੇ ਵਿਗਿਆਨੀ ਅਤੇ innovators ਭਵਿੱਖ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਲਈ ਕਿੰਨੇ ਦੂਰਦਰਸ਼ੀ ਹਨ। ਸਾਡਾ ਦੇਸ਼, ਅੱਜ Space technology ਵਿੱਚ ਨਵੇਂ ਰਿਕਾਰਡ ਸਥਾਪਿਤ ਕਰ ਰਿਹਾ ਹੈ। ਮੈਂ ਭਾਰਤ ਦੇ ਵਿਗਿਆਨੀਆਂ, innovators ਅਤੇ ਨੌਜਵਾਨ ਉੱਦਮੀਆਂ ਨੂੰ ਪੂਰੇ ਦੇਸ਼ ਦੇ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਕਈ ਵਾਰ ਇਨਸਾਨਾਂ ਅਤੇ ਜਾਨਵਰਾਂ ਵਿੱਚ ਗਜ਼ਬ ਦੀ ਦੋਸਤੀ ਦੀਆਂ ਤਸਵੀਰਾਂ ਵੇਖੀਆਂ ਹੋਣਗੀਆਂ, ਤੁਸੀਂ ਜਾਨਵਰਾਂ ਦੀ ਵਫਾਦਾਰੀ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਜਾਨਵਰ ਪਾਲਤੂ ਹੋਵੇ ਜਾਂ ਜੰਗਲ ਵਿੱਚ ਰਹਿਣ ਵਾਲੇ ਪਸ਼ੂ, ਇਨਸਾਨਾਂ ਨਾਲ ਉਨ੍ਹਾਂ ਦਾ ਰਿਸ਼ਤਾ ਕਈ ਵਾਰ ਹੈਰਾਨ ਕਰ ਦਿੰਦਾ ਹੈ। ਜਾਨਵਰ ਭਾਵੇਂ ਬੋਲ ਨਹੀਂ ਸਕਦੇ, ਲੇਕਿਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ, ਉਨ੍ਹਾਂ ਦੇ ਹਾਵਭਾਵ ਨੂੰ ਇਨਸਾਨ ਭਲੀਭਾਂਤ ਮਹਿਸੂਸ ਕਰ ਲੈਂਦੇ ਹਨ। ਜਾਨਵਰ ਵੀ ਪਿਆਰ ਦੀ ਭਾਸ਼ਾ ਨੂੰ ਸਮਝਦੇ ਹਨ, ਨਿਭਾਉਂਦੇ ਵੀ ਹਨ। ਮੈਂ ਤੁਹਾਡੇ ਨਾਲ ਅਸਮ ਦਾ ਇੱਕ ਉਦਾਹਰਣ ਸਾਂਝਾ ਕਰਨਾ ਚਾਹੁੰਦਾ ਹਾਂ। ਅਸਮ ਵਿੱਚ ਜਗ੍ਹਾ ਹੈ ‘ਨੌਗਾਂਵ’‘ਨੌਗਾਂਵ’ ਸਾਡੇ ਦੇਸ਼ ਦੀ ਮਹਾਨ ਸ਼ਖ਼ਸੀਅਤ ਸ਼੍ਰੀਮੰਤ ਸ਼ੰਕਰਦੇਵ ਜੀ ਦਾ ਜਨਮ ਸਥਾਨ ਵੀ ਹੈ। ਇਹ ਜਗ੍ਹਾ ਬਹੁਤ ਹੀ ਸੁੰਦਰ ਹੈ। ਇੱਥੇ ਹਾਥੀਆਂ ਦਾ ਵੀ ਇੱਕ ਵੱਡਾ ਟਿਕਾਣਾ ਹੈ। ਇਸ ਖੇਤਰ ਵਿੱਚ ਕਈ ਘਟਨਾਵਾਂ ਵੇਖੀਆਂ ਜਾ ਰਹੀਆਂ ਸਨ, ਜਿੱਥੇ ਹਾਥੀਆਂ ਦੇ ਝੁੰਡ ਫਸਲਾਂ ਨੂੰ ਬਰਬਾਦ ਕਰ ਦਿੰਦੇ ਸਨ, ਕਿਸਾਨ ਪਰੇਸ਼ਾਨ ਰਹਿੰਦੇ ਸਨ, ਜਿਸ ਨਾਲ ਆਲ਼ੇ-ਦੁਆਲ਼ੇ ਦੇ ਲਗਭਗ 100 ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਸਨ, ਲੇਕਿਨ ਪਿੰਡ ਵਾਲੇ ਹਾਥੀਆਂ ਦੀ ਵੀ ਮਜਬੂਰੀ ਸਮਝਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਹਾਥੀ ਭੁੱਖ ਮਿਟਾਉਣ ਦੇ ਲਈ ਖੇਤਾਂ ਵੱਲ ਆ ਰਹੇ ਹਨ। ਇਸ ਲਈ ਪਿੰਡ ਵਾਲਿਆਂ ਨੇ ਇਸ ਨੂੰ ਹੱਲ ਕਰਨ ਬਾਰੇ ਸੋਚਿਆ। ਪਿੰਡ ਵਾਲਿਆਂ ਦੀ ਇੱਕ ਟੀਮ ਬਣੀ, ਜਿਸ ਦਾ ਨਾਮ ਸੀ ‘ਹਾਥੀ ਬੰਧੂ’ਹਾਥੀ ਬੰਧੂਆਂ ਨੇ ਸਿਆਣਪ ਵਿਖਾਉਂਦੇ ਹੋਏ ਲੱਗਭਗ 800 ਬੀਘੇ ਬੰਜਰ ਜ਼ਮੀਨ ’ਤੇ ਇੱਕ ਅਨੋਖੀ ਕੋਸ਼ਿਸ਼ ਕੀਤੀ, ਇੱਥੇ ਪਿੰਡ ਵਾਲਿਆਂ ਨੇ ਆਪਸ ਵਿੱਚ ਮਿਲਜੁਲ ਕੇ Napier grass  ਲਗਵਾਇਆ। ਇਸ ਘਾਹ ਨੂੰ ਹਾਥੀ ਬਹੁਤ ਪਸੰਦ ਕਰਦੇ ਹਨ। ਇਸ ਦਾ ਅਸਰ ਇਹ ਹੋਇਆ ਕਿ ਹਾਥੀਆਂ ਨੇ ਖੇਤਾਂ ਵੱਲ ਜਾਣਾ ਘੱਟ ਕਰ ਦਿੱਤਾ। ਇਹ ਹਜ਼ਾਰਾਂ ਪਿੰਡ ਵਾਲਿਆਂ ਦੇ ਲਈ ਬਹੁਤ ਰਾਹਤ ਦੀ ਗੱਲ ਹੈ। ਉਨ੍ਹਾਂ ਦਾ ਇਹ ਯਤਨ ਹਾਥੀਆਂ ਨੂੰ ਵੀ ਖੂਬ ਪਸੰਦ ਆਇਆ ਹੈ।

ਸਾਥੀਓ, ਸਾਡੀ ਸੰਸਕ੍ਰਿਤੀ ਅਤੇ ਵਿਰਾਸਤ ਸਾਨੂੰ ਆਲੇ-ਦੁਆਲੇ ਦੇ ਪਸ਼ੂ-ਪੰਛੀਆਂ ਨਾਲ ਪਿਆਰ ਨਾਲ ਰਹਿਣਾ ਸਿਖਾਉਂਦੀ ਹੈ। ਇਹ ਸਾਡੇ ਸਾਰਿਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੀਤੇ 2 ਮਹੀਨਿਆਂ ਵਿੱਚ ਸਾਡੇ ਦੇਸ਼ ਵਿੱਚ 2 ਨਵੇਂ Tiger Reserves ਜੁੜੇ ਹਨ। ਇਨ੍ਹਾਂ ਵਿੱਚੋਂ ਇੱਕ ਛੱਤੀਸਗੜ੍ਹ ਵਿੱਚ ਗੁਰੂ ਘਾਸੀਦਾਸ-ਤਮੋਰ ਪਿੰਗਲਾ Tiger Reserve ਅਤੇ ਦੂਸਰਾ ਹੈ – MP ਵਿੱਚ ਰਾਤਾਪਾਨੀ Tiger Reserve.

ਮੇਰੇ ਪਿਆਰੇ ਦੇਸ਼ਵਾਸੀਓ, ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਜਿਸ ਵਿਅਕਤੀ ਵਿੱਚ ਆਪਣੇ Idea ਨੂੰ ਲੈ ਕੇ ਜਨੂੰਨ ਹੁੰਦਾ ਹੈ, ਉਹੀ ਆਪਣੇ ਲਕਸ਼ ਨੂੰ ਹਾਸਲ ਕਰ ਸਕਦਾ ਹੈ। ਕਿਸੇ Idea ਨੂੰ ਸਫ਼ਲ ਬਣਾਉਣ ਦੇ ਲਈ ਸਾਡਾ ਜਨੂਨ ਅਤੇ ਸਮਰਪਣ ਸਭ ਤੋਂ ਜ਼ਰੂਰੀ ਹੁੰਦਾ ਹੈ। ਪੂਰੀ ਲਗਨ ਅਤੇ ਉਤਸ਼ਾਹ ਨਾਲ ਹੀ innovation, creativity ਅਤੇ ਸਫ਼ਲਤਾ ਦਾ ਰਾਹ ਜ਼ਰੂਰ ਨਿਕਲਦਾ ਹੈ। ਕੁਝ ਦਿਨ ਪਹਿਲਾਂ ਹੀ ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ’ਤੇ ਮੈਨੂੰ ‘Viksit Bharat Young Leaders Dialogue’ ਦਾ ਹਿੱਸਾ ਬਣਨ ਦਾ ਸੁਭਾਗ ਮਿਲਿਆ। ਉੱਥੇ ਮੈਂ ਦੇਸ਼ ਦੇ ਕੋਣੇ-ਕੋਣੇ ਤੋਂ ਆਏ ਨੌਜਵਾਨ ਸਾਥੀਆਂ ਦੇ ਨਾਲ ਆਪਣਾ ਪੂਰਾ ਦਿਨ ਬਿਤਾਇਆ। ਨੌਜਵਾਨਾਂ ਨੇ startups, culture, Women, Youth ਅਤੇ Infrastructure ਵਰਗੇ ਕਈ ਖੇਤਰਾਂ ਨੂੰ ਲੈ ਕੇ ਆਪਣੇ Ideas ਸਾਂਝੇ ਕੀਤੇ। ਇਹ ਪ੍ਰੋਗਰਾਮ ਮੇਰੇ ਲਈ ਬਹੁਤ ਯਾਦਗਾਰ ਰਿਹਾ।

ਸਾਥੀਓ, ਕੁਝ ਦਿਨ ਪਹਿਲਾਂ ਹੀ Startup ਇੰਡੀਆ ਦੇ 9 ਸਾਲ ਪੂਰੇ ਹੋਏ ਹਨ। ਸਾਡੇ ਦੇਸ਼ ਵਿੱਚ ਜਿੰਨੇ Startup 9 ਸਾਲਾਂ ਵਿੱਚ ਬਣੇ ਹਨ, ਉਨ੍ਹਾਂ ’ਚੋਂ ਅੱਧੇ ਤੋਂ ਜ਼ਿਆਦਾ Tier 2 ਅਤੇ Tier 3 ਸ਼ਹਿਰਾਂ ਤੋਂ ਹਨ ਅਤੇ ਜਦੋਂ ਇਹ ਸੁਣਦੇ ਹਾਂ ਤਾਂ ਹਰ ਹਿੰਦੁਸਤਾਨੀ ਦਾ ਦਿਲ ਖੁਸ਼ ਹੋ ਜਾਂਦਾ ਹੈ। ਯਾਨੀ ਸਾਡਾ Startup Culture ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਹੈ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਛੋਟੇ ਸ਼ਹਿਰਾਂ ਦੇ Startups ਵਿੱਚ ਅੱਧੇ ਤੋਂ ਜ਼ਿਆਦਾ ਦੀ ਅਗਵਾਈ ਸਾਡੀਆਂ ਬੇਟੀਆਂ ਕਰ ਰਹੀਆਂ ਹਨ। ਜਦੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਅੰਬਾਲਾ, ਹਿਸਾਰ, ਕਾਂਗੜਾ, ਚੇਂਗਲਪੱਟੂ, ਬਿਲਾਸਪੁਰ, ਗਵਾਲੀਅਰ ਅਤੇ ਵਾਸ਼ਿਮ ਵਰਗੇ ਸ਼ਹਿਰ Startups ਦੇ Center ਬਣ ਰਹੇ ਹਨ ਤਾਂ ‘ਮਨ’ ਆਨੰਦ ਨਾਲ ਭਰ ਜਾਂਦਾ ਹੈ। ਨਾਗਾਲੈਂਡ ਵਰਗੇ ਰਾਜ ਵਿੱਚ ਪਿਛਲੇ ਸਾਲ Startups ਦੇ Registration ਵਿੱਚ 200 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। Waste Management, Non-Renewable Energy, Biotechnology ਅਤੇ Logistics ਵਰਗੇ ਅਜਿਹੇ Sector ਹਨ, ਜਿਸ ਨਾਲ ਜੁੜੇ ਸਟਾਰਟਅੱਪ ਸਭ ਤੋਂ ਜ਼ਿਆਦਾ ਵੇਖੇ ਜਾ ਰਹੇ ਹਨ। Conventional Sectors ਨਹੀਂ ਹਨ, ਲੇਕਿਨ ਸਾਡੇ ਨੌਜਵਾਨ ਸਾਥੀ ਵੀ ਤਾਂ Conventional ਤੋਂ ਅੱਗੇ ਦੀ ਸੋਚ ਰੱਖਦੇ ਹਨ। ਇਸ ਲਈ ਉਨ੍ਹਾਂ ਨੂੰ ਸਫ਼ਲਤਾ ਵੀ ਮਿਲ ਰਹੀ ਹੈ।

ਸਾਥੀਓ, 10 ਸਾਲ ਪਹਿਲਾਂ ਜਦੋਂ ਕੋਈ Startup ਦੇ ਖੇਤਰ ਵਿੱਚ ਜਾਣ ਦੀ ਗੱਲ ਕਰਦਾ ਸੀ ਤਾਂ ਉਸ ਨੂੰ ਤਰ੍ਹਾਂ-ਤਰ੍ਹਾਂ ਤਾਹਨੇ ਸੁਣਨ ਨੂੰ ਮਿਲਦੇ ਸਨ। ਕੋਈ ਇਹ ਪੁੱਛਦਾ ਸੀ ਕਿ Startup ਹੁੰਦਾ ਕੀ ਹੈ ਤੇ ਕੋਈ ਕਹਿੰਦਾ ਸੀ ਕਿ ਇਸ ਨਾਲ ਕੁਝ ਹੋਣ ਵਾਲਾ ਨਹੀਂ ਹੈ! ਲੇਕਿਨ ਹੁਣ ਵੇਖੋ ਇੱਕ ਦਹਾਕੇ ਵਿੱਚ ਕਿੰਨਾ ਵੱਡਾ ਬਦਲਾਓ ਆ ਗਿਆ। ਤੁਸੀਂ ਵੀ ਭਾਰਤ ਵਿੱਚ ਬਣ ਰਹੇ ਨਵੇਂ ਮੌਕਿਆਂ ਦਾ ਭਰਪੂਰ ਲਾਭ ਉਠਾਓ। ਜੇਕਰ ਤੁਸੀਂ ਖ਼ੁਦ ’ਤੇ ਵਿਸ਼ਵਾਸ ਰੱਖੋਗੇ ਤਾਂ ਤੁਹਾਡੇ ਸੁਪਨਿਆਂ ਨੂੰ ਵੀ ਨਵੀਂ ਉਡਾਨ ਮਿਲੇਗੀ। 

ਮੇਰੇ ਪਿਆਰੇ ਦੇਸ਼ਵਾਸੀਓ, ਨੇਕ ਨੀਅਤ ਨਾਲ, ਨਿਰਸਵਾਰਥ ਭਾਵਨਾ ਦੇ ਨਾਲ ਕੀਤੇ ਗਏ ਕੰਮਾਂ ਦੀ ਚਰਚਾ ਦੂਰ-ਦੁਰਾਡੇ ਪਹੁੰਚ ਹੀ ਜਾਂਦੀ ਹੈ ਅਤੇ ਸਾਡਾ ‘ਮਨ ਕੀ ਬਾਤ’ ਤਾਂ ਇਸ ਦਾ ਬਹੁਤ ਵੱਡਾ Platform ਹੈ। ਸਾਡੇ ਇੰਨੇ ਵਿਸ਼ਾਲ ਦੇਸ਼ ਵਿੱਚ ਦੂਰ-ਦੁਰਾਡੇ ਵੀ ਜੇਕਰ ਕੋਈ ਚੰਗਾ ਕੰਮ ਕਰ ਰਿਹਾ ਹੁੰਦਾ ਹੈ, ਫਰਜ਼ ਦੀ ਭਾਵਨਾ ਨੂੰ ਮੁੱਖ ਰੱਖਦਾ ਹੈ ਤਾਂ ਉਸ ਦੇ ਯਤਨਾਂ ਨੂੰ ਸਾਹਮਣੇ ਲਿਆਉਣ ਦਾ ਇਹ ਬਿਹਤਰੀਨ ਮੰਚ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਦੀਪਕ ਨਾਬਾਮ ਜੀ ਨੇ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦੀਪਕ ਜੀ ਇੱਥੇ Living-Home ਚਲਾਉਂਦੇ ਹਨ, ਜਿੱਥੇ ਮਾਨਸਿਕ ਰੂਪ ਨਾਲ ਬਿਮਾਰ, ਸਰੀਰ ਤੋਂ ਅਸਮਰਥ ਲੋਕਾਂ ਅਤੇ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ। ਇੱਥੇ Drugs ਦੇ ਆਦੀ ਲੋਕਾਂ ਦੀ ਦੇਖਭਾਲ਼ ਕੀਤੀ ਜਾਂਦੀ ਹੈ। ਦੀਪਕ ਨਾਬਾਮ ਜੀ ਨੇ ਬਿਨਾ ਕਿਸੇ ਸਹਾਇਤਾ ਦੇ ਸਮਾਜ ਦੇ ਵੰਚਿਤ ਲੋਕਾਂ, ਹਿੰਸਾ ਪੀੜ੍ਹਤ ਪਰਿਵਾਰਾਂ ਅਤੇ ਬੇਘਰ ਲੋਕਾਂ ਨੂੰ ਸਹਾਇਤਾ ਦੇਣ ਦੀ ਮੁਹਿੰਮ ਸ਼ੁਰੂ ਕੀਤੀ। ਅੱਜ ਉਨ੍ਹਾਂ ਦੀ ਸੇਵਾ ਨੇ ਇੱਕ ਸੰਸਥਾ ਦਾ ਰੂਪ ਲੈ ਲਿਆ ਹੈ। ਉਨ੍ਹਾਂ ਦੀ ਸੰਸਥਾ ਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਲਕਸ਼ਦ੍ਵੀਪ ਦੇ ਕਵਰੱਤੀ ਦ੍ਵੀਪ ’ਤੇ Nurse ਦੇ ਰੂਪ ਵਿੱਚ ਕੰਮ ਕਰਨ ਵਾਲੀ ਕੇ. ਹਿੰਡੁੰਬੀ ਜੀ, ਉਨ੍ਹਾਂ ਦਾ ਵੀ ਬਹੁਤ ਪ੍ਰੇਰਿਤ ਕਰਨ ਵਾਲਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ 18 ਸਾਲ ਪਹਿਲਾਂ ਸਰਕਾਰੀ ਨੌਕਰੀ ਤੋਂ Retire ਹੋ ਚੁੱਕੀ ਹੈ, ਲੇਕਿਨ ਅੱਜ ਵੀ ਉਸੇ ਦਇਆ ਅਤੇ ਪਿਆਰ ਦੇ ਨਾਲ ਲੋਕਾਂ ਦੀ ਸੇਵਾ ਵਿੱਚ ਜੁਟੀ ਹੈ, ਜਿਵੇਂ ਉਹ ਪਹਿਲਾਂ ਕਰਦੀ ਸੀ। ਲਕਸ਼ਦ੍ਵੀਪ ਦੇ ਹੀ ਕੇਜੀ ਮੁਹੰਮਦ ਜੀ ਦੇ ਯਤਨ ਇਹ ਵੀ ਅਨੋਖੇ ਹਨ। ਉਨ੍ਹਾਂ ਦੀ ਮਿਹਨਤ ਨਾਲ ਮਿਨੀਕਾਏ ਦੀਪ ਦਾ Marine Ecosystem ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਨੇ ਵਾਤਾਵਰਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਈ ਗੀਤ ਲਿਖੇ ਹਨ। ਉਨ੍ਹਾਂ ਨੂੰ ਲਕਸ਼ਦ੍ਵੀਪ ਸਾਹਿਤ ਕਲਾ ਅਕਾਦਮੀ ਵੱਲੋਂ Best folk song award ਵੀ ਮਿਲ ਚੁੱਕਾ ਹੈ। ਕੇਜੀ ਮੁਹੰਮਦ retirement ਤੋਂ ਬਾਅਦ ਉੱਥੋਂ ਦੇ ਅਜਾਇਬ ਘਰ ਦੇ ਨਾਲ ਜੁੜ ਕੇ ਵੀ ਕੰਮ ਕਰ ਰਹੇ ਹਨ।

ਸਾਥੀਓ, ਇੱਕ ਹੋਰ ਵੱਡੀ ਖ਼ਬਰ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਤੋਂ ਵੀ ਹੈ। ਨਿਕੋਬਾਰ ਜ਼ਿਲ੍ਹੇ ਵਿੱਚ virgin coconut oil ਨੂੰ ਹੁਣੇ ਜਿਹੇ ਹੀ GI Tag ਮਿਲਿਆ ਹੈ। virgin coconut oil ਉਸ ਨੂੰ GI Tag ਤੋਂ ਬਾਅਦ ਇੱਕ ਹੋਰ ਨਵੀਂ ਪਹਿਲ ਹੋਈ ਹੈ। ਇਸ ਤੇਲ ਦੇ ਉਤਪਾਦਨ ਨਾਲ ਜੁੜੀਆਂ ਔਰਤਾਂ ਨੂੰ ਸੰਗਠਿਤ ਕਰਕੇ self help group ਬਣਾਏ ਜਾ ਰਹੇ ਹਨ। ਉਨ੍ਹਾਂ ਨੂੰ Marketing ਅਤੇ branding ਦੀ special training ਦਿੱਤੀ ਜਾ ਰਹੀ ਹੈ। ਇਹ ਸਾਡੇ ਆਦਿਵਾਸੀ ਸਮੁਦਾਇਆਂ ਨੂੰ ਆਰਥਿਕ ਰੂਪ ਵਿੱਚ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਮੈਨੂੰ ਵਿਸ਼ਵਾਸ ਹੈ, ਭਵਿੱਖ ਵਿੱਚ ਨਿਕੋਬਾਰ ਦਾ virgin coconut oil ਦੁਨੀਆ ਭਰ ਵਿੱਚ ਧੂਮ ਮਚਾਉਣ ਵਾਲਾ ਹੈ ਅਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਅੰਡੇਮਾਨ ਅਤੇ ਨਿਕੋਬਾਰ ਦੇ ਮਹਿਲਾ self help group ਦਾ ਹੋਵੇਗਾ। 

ਮੇਰੇ ਪਿਆਰੇ ਦੇਸ਼ਵਾਸੀਓ, ਇੱਕ ਪਲ ਦੇ ਲਈ ਤੁਸੀਂ ਇੱਕ ਦ੍ਰਿਸ਼ ਦੀ ਕਲਪਨਾ ਕਰੋ – ਕੋਲਕਾਤਾ ਵਿੱਚ ਜਨਵਰੀ ਦਾ ਸਮਾਂ ਹੈ। ਦੂਸਰਾ ਵਿਸ਼ਵ ਯੁੱਧ ਆਪਣੇ ਸ਼ਿਖਰ ’ਤੇ ਹੈ ਅਤੇ ਇੱਧਰ ਭਾਰਤ ਵਿੱਚ ਅੰਗ੍ਰੇਜ਼ਾਂ ਦੇ ਖ਼ਿਲਾਫ਼ ਗੁੱਸਾ ਉੱਬਲ ਰਿਹਾ ਹੈ। ਇਸ ਦੀ ਵਜ੍ਹਾ ਨਾਲ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਪੁਲਿਸ ਵਾਲਿਆਂ ਦੀ ਤਾਇਨਾਤੀ ਹੈ। ਕੋਲਕਾਤਾ ਦੇ ਵਿਚਕਾਰ ਇੱਕ ਘਰ ਦੇ ਆਲ਼ੇ-ਦੁਆਲ਼ੇ ਪੁਲਿਸ ਦੀ ਮੌਜੂਦਗੀ ਜ਼ਿਆਦਾ ਚੌਕਸ ਹੈ। ਇਸੇ ਦੌਰਾਨ ਲੰਬਾ Brown coat, pants ਅਤੇ ਕਾਲੀ ਟੋਪੀ ਪਹਿਨੀ ਇੱਕ ਵਿਅਕਤੀ ਰਾਤ ਦੇ ਹਨ੍ਹੇਰੇ ਵਿੱਚ ਇੱਕ ਬੰਗਲੇ ਤੋਂ ਕਾਰ ਲੈ ਕੇ ਬਾਹਰ ਨਿਕਲਦਾ ਹੈ, ਮਜ਼ਬੂਤ ਸੁਰੱਖਿਆ ਵਾਲੀਆਂ ਕਈ ਚੌਂਕੀਆਂ ਨੂੰ ਪਾਰ ਕਰਦੇ ਹੋਏ ਉਹ ਇੱਕ ਰੇਲਵੇ ਸਟੇਸ਼ਨ ਗੋਮੋ ਪਹੁੰਚ ਜਾਂਦਾ ਹੈ। ਇਹ ਸਟੇਸ਼ਨ ਹੁਣ ਝਾਰਖੰਡ ਵਿੱਚ ਹੈ। ਇੱਥੋਂ ਇੱਕ train ਫੜ੍ਹ ਕੇ ਉਹ ਅੱਗੇ ਦੇ ਲਈ ਨਿਕਲਦਾ ਹੈ। ਇਸ ਤੋਂ ਬਾਅਦ ਅਫ਼ਗ਼ਾਨਿਸਤਾਨ ਹੁੰਦੇ ਹੋਏ ਯੂਰਪ ਜਾ ਪਹੁੰਚਦਾ ਹੈ – ਅਤੇ ਇਹ ਸਭ ਅੰਗ੍ਰੇਜ਼ੀ ਹਕੂਮਤ ਦੇ ਅਭੇਦ ਕਿਲ੍ਹੇਬੰਦੀ ਦੇ ਬਾਵਜੂਦ ਹੁੰਦਾ ਹੈ।

ਸਾਥੀਓ, ਇਹ ਕਹਾਣੀ ਤੁਹਾਨੂੰ ਫਿਲਮੀ ਸੀਨ ਵਰਗੀ ਲਗਦੀ ਹੋਵੇਗੀ। ਤੁਹਾਨੂੰ ਲਗ ਰਿਹਾ ਹੋਵੇਗਾ, ਇੰਨੀ ਹਿੰਮਤ ਵਿਖਾਉਣ ਵਾਲਾ ਵਿਅਕਤੀ ਆਖਿਰ ਕਿਸ ਮਿੱਟੀ ਦਾ ਬਣਿਆ ਹੋਵੇਗਾ। ਦਰਅਸਲ ਇਹ ਵਿਅਕਤੀ ਕੋਈ ਹੋਰ ਨਹੀਂ, ਸਾਡੇ ਦੇਸ਼ ਦੀ ਮਹਾਨ ਸ਼ਖ਼ਸੀਅਤ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ। 23 ਜਨਵਰੀ, ਯਾਨੀ ਉਨ੍ਹਾਂ ਦੀ ਜਨਮ ਜਯੰਤੀ ਨੂੰ ਹੁਣ ਅਸੀਂ ‘ਪਰਾਕ੍ਰਮ ਦਿਵਸ’ ਦੇ ਰੂਪ ਵਿੱਚ ਮਨਾਉਂਦੇ ਹਾਂ। ਉਨ੍ਹਾਂ ਦੀ ਬਹਾਦਰੀ ਨਾਲ ਜੁੜੀ ਇਸ ਗਾਥਾ ਵਿੱਚ ਵੀ ਉਨ੍ਹਾਂ ਦੇ ਬਹਾਦਰੀ ਦੀ ਝਲਕ ਮਿਲਦੀ ਹੈ। ਬਹੁਤ ਸਾਲ ਪਹਿਲਾਂ ਮੈਂ ਉਨ੍ਹਾਂ ਦੇ ਉਸੇ ਘਰ ਵਿੱਚ ਗਿਆ ਸੀ, ਜਿੱਥੋਂ ਉਹ ਅੰਗ੍ਰੇਜ਼ਾਂ ਨੂੰ ਝਕਾਨੀ ਦੇ ਕੇ ਨਿਕਲੇ ਸਨ। ਉਨ੍ਹਾਂ ਦੀ ਉਹ Car ਹੁਣ ਵੀ ਉੱਥੇ ਮੌਜੂਦ ਹੈ। ਉਹ ਅਨੁਭਵ ਮੇਰੇ ਲਈ ਬਹੁਤ ਹੀ ਖਾਸ ਰਿਹਾ। ਸੁਭਾਸ਼ ਬਾਬੂ ਇੱਕ ਦੂਰਦਰਸ਼ੀ ਸਨ, ਹੌਸਲਾ ਤਾਂ ਉਨ੍ਹਾਂ ਦੇ ਸੁਭਾਅ ਵਿੱਚ ਰਚਿਆ-ਵਸਿਆ ਸੀ। ਇੰਨਾ ਹੀ ਨਹੀਂ, ਉਹ ਬਹੁਤ ਕੁਸ਼ਲ ਪ੍ਰਸ਼ਾਸਕ ਵੀ ਸਨ। ਸਿਰਫ਼ 27 ਸਾਲ ਦੀ ਉਮਰ ਵਿੱਚ ਉਹ Kolkata Corporation ਦੇ Chief Executive Officer ਬਣੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ Mayor ਦੀ ਜ਼ਿੰਮੇਵਾਰੀ ਵੀ ਸੰਭਾਲ਼ੀਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਵੀ ਉਨ੍ਹਾਂ ਨੇ ਕਈ ਵੱਡੇ ਕੰਮ ਕੀਤੇ। ਬੱਚਿਆਂ ਦੇ ਲਈ ਸਕੂਲ, ਗ਼ਰੀਬ ਬੱਚਿਆਂ ਲਈ ਦੁੱਧ ਦਾ ਇੰਤਜ਼ਾਮ ਅਤੇ ਸਵੱਛਤਾ ਨਾਲ ਜੁੜੇ ਉਨ੍ਹਾਂ ਦੇ ਯਤਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਨੇਤਾ ਜੀ ਸੁਭਾਸ਼ ਦਾ ਦਾ ਰੇਡੀਓ ਦੇ ਨਾਲ ਵੀ ਗਹਿਰਾ ਸਬੰਧ ਰਿਹਾ ਹੈ। ਉਨ੍ਹਾਂ ਨੇ ‘ਆਜ਼ਾਦ ਹਿੰਦ ਰੇਡੀਓ’ ਦੀ ਸਥਾਪਨਾ ਕੀਤੀ ਸੀ, ਜਿਸ ’ਤੇ ਉਨ੍ਹਾਂ ਨੂੰ ਸੁਣਨ ਦੇ ਲਈ ਲੋਕ ਬੜੀ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰਦੇ ਸਨ। ਉਨ੍ਹਾਂ ਦੇ ਸੰਬੋਧਨਾਂ ਨਾਲ ਵਿਦੇਸ਼ੀ ਸ਼ਾਸਨ ਦੇ ਖ਼ਿਲਾਫ਼, ਲੜਾਈ ਨੂੰ ਇੱਕ ਨਵੀਂ ਤਾਕਤ ਮਿਲਦੀ ਸੀ। ‘ਆਜ਼ਾਦ ਹਿੰਦ ਰੇਡੀਓ’ ’ਤੇ ਅੰਗ੍ਰੇਜ਼ੀ, ਹਿੰਦੀ ਤਮਿਲ, ਬਾਂਗਲਾ, ਮਰਾਠੀ, ਪੰਜਾਬੀ, ਪਸ਼ਤੋ ਅਤੇ ਉਰਦੂ ਵਿੱਚ  news bulletin ਦਾ ਪ੍ਰਸਾਰਣ ਹੁੰਦਾ ਸੀ। ਮੈਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਨਮਨ ਕਰਦਾ ਹਾਂ। ਦੇਸ਼ ਭਰ ਦੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਉਨ੍ਹਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਅਤੇ ਉਨ੍ਹਾਂ ਦੇ ਜੀਵਨ ਤੋਂ ਨਿਰੰਤਰ ਪ੍ਰੇਰਣਾ ਲੈਣ।

ਸਾਥੀਓ, ‘ਮਨ ਕੀ ਬਾਤ’ ਦਾ ਇਹ ਪ੍ਰੋਗਰਾਮ ਹਰ ਵਾਰ ਮੈਨੂੰ ਰਾਸ਼ਟਰ ਦੇ ਸਮੂਹਿਕ ਯਤਨਾਂ ਨਾਲ, ਤੁਹਾਡੇ ਸਾਰਿਆਂ ਦੀ ਸਮੂਹਿਕ ਇੱਛਾ ਸ਼ਕਤੀ ਨਾਲ ਜੋੜਦਾ ਹੈ। ਹਰ ਮਹੀਨੇ ਮੈਨੂੰ ਬੜੀ ਵੱਡੀ ਗਿਣਤੀ ਵਿੱਚ ਤੁਹਾਡੇ ਸੁਝਾਅ, ਤੁਹਾਡੇ ਵਿਚਾਰ ਮਿਲਦੇ ਹਨ ਅਤੇ ਹਰ ਵਾਰੀ ਇਨ੍ਹਾਂ ਵਿਚਾਰਾਂ ਨੂੰ ਵੇਖ ਕੇ ਵਿਕਸਿਤ ਭਾਰਤ ਦੇ ਸੰਕਲਪ ’ਤੇ ਮੇਰਾ ਵਿਸ਼ਵਾਸ ਹੋਰ ਵੱਧਦਾ ਹੈ। ਤੁਸੀਂ ਸਾਰੇ ਇਸੇ ਤਰ੍ਹਾਂ ਆਪਣੇ-ਆਪਣੇ ਕੰਮ ਨਾਲ ਭਾਰਤ ਨੂੰ ਸਰਵੋਤਮ ਬਣਾਉਣ ਦੇ ਲਈ ਯਤਨ ਕਰਦੇ ਰਹੋ। ਇਸ ਵਾਰ ਦੀ ‘ਮਨ ਕੀ ਬਾਤ’ ਵਿੱਚ ਫਿਲਹਾਲ ਏਨਾ ਹੀ, ਅਗਲੇ ਮਹੀਨੇ ਫਿਰ ਮਿਲਾਂਗੇ। – ਭਾਰਤ ਵਾਸੀਆਂ ਦੀਆਂ ਉਪਲਬਧੀਆਂ, ਸੰਕਲਪਾਂ ਅਤੇ ਸਿੱਧੀਆਂ ਦੀਆਂ ਨਵੀਆਂ ਗਾਥਾਵਾਂ ਦੇ ਨਾਲ, ਬਹੁਤ-ਬਹੁਤ ਧੰਨਵਾਦ। ਨਮਸਕਾਰ।

**********

 

 

ਐੱਮਜੇਪੀਐੱਸ/ਐੱਸਟੀ/ਆਰਟੀ