Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 115ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.10.2024)


ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।

ਸਾਥੀਓ, ਭਾਰਤ ਦੇ ਹਰ ਯੁਗ ਵਿੱਚ ਕੁਝ ਚੁਣੌਤੀਆਂ ਆਈਆਂ ਅਤੇ ਹਰ ਯੁਗ ਵਿੱਚ ਅਜਿਹੇ ਅਸਧਾਰਣ ਭਾਰਤ ਵਾਸੀ ਜਨਮੇ, ਜਿਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ। ਅੱਜ ਦੀ ‘ਮਨ ਕੀ ਬਾਤ’ ਵਿੱਚ ਮੈਂ ਸਾਹਸ ਅਤੇ ਦੂਰਦ੍ਰਿਸ਼ਟੀ ਰੱਖਣ ਵਾਲੇ ਅਜਿਹੇ ਹੀ ਦੋ ਮਹਾਨਾਇਕਾਂ ਦੀ ਚਰਚਾ ਕਰਾਂਗਾ। ਇਨ੍ਹਾਂ ਦੀ ਇਸ ਸਮੇਂ 150ਵੀਂ ਜਨਮ ਜਯੰਤੀ ਨੂੰ ਦੇਸ਼ ਨੇ ਮਨਾਉਣ ਦਾ ਫ਼ੈਸਲਾ ਕੀਤਾ ਹੈ। 31 ਅਕਤੂਬਰ ਤੋਂ ਸਰਦਾਰ ਪਟੇਲ ਦੀ 150ਵੀਂ ਜਨਮ ਜਯੰਤੀ ਦਾ ਵਰ੍ਹਾ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 15 ਨਵੰਬਰ ਤੋਂ ਭਗਵਾਨ ਬਿਰਸਾਮੁੰਡਾ ਦਾ 150ਵਾਂ ਜਨਮ ਜਯੰਤੀ ਵਰ੍ਹਾ ਸ਼ੁਰੂ ਹੋਵੇਗਾ। ਇਨ੍ਹਾਂ ਦੋਵਾਂ ਮਹਾਪੁਰਸ਼ਾਂ ਨੇ ਵੱਖ-ਵੱਖ ਚੁਣੌਤੀਆਂ ਦੇਖੀਆਂ ਪਰ ਦੋਹਾਂ ਦਾ ਸੰਕਲਪ ਇੱਕ ਸੀ ‘ਦੇਸ਼ ਦੀ ਏਕਤਾ’।

ਸਾਥੀਓ, ਬੀਤੇ ਸਾਲਾਂ ਵਿੱਚ ਦੇਸ਼ ਨੇ ਅਜਿਹੇ ਮਹਾਨ ਨਾਇਕ-ਨਾਇਕਾਵਾਂ ਦੀਆਂ ਜਨਮ ਜਯੰਤੀਆਂ ਨੂੰ ਨਵੀਂ ਊਰਜਾ ਨਾਲ ਮਨਾ ਕੇ ਨਵੀਂ ਪੀੜ੍ਹੀ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ। ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਜਯੰਤੀ ਮਨਾਈ ਸੀ ਤਾਂ ਕਿੰਨਾ ਕੁਝ ਖਾਸ ਹੋਇਆ ਸੀ। ਨਿਊਯਾਰਕ ਦੇ ਟਾਇਮਸ ਸਕੁਏਅਰ ਤੋਂ ਅਫਰੀਕਾ ਦੇ ਛੋਟੇ ਜਿਹੇ ਪਿੰਡ ਤੱਕ ਵਿਸ਼ਵ ਦੇ ਲੋਕਾਂ ਨੇ ਭਾਰਤ ਦੇ ਸੱਚ ਅਤੇ ਅਹਿੰਸਾ ਦੇ ਸੰਦੇਸ਼ ਨੂੰ ਸਮਝਿਆ, ਉਸ ਨੂੰ ਫਿਰ ਤੋਂ ਜਾਣਿਆ, ਉਸ ਨੂੰ ਜੀਵਿਆ। ਨੌਜਵਾਨਾਂ ਤੋਂ ਬਜ਼ੁਰਗਾਂ ਤੱਕ, ਭਾਰਤੀਆਂ ਤੋਂ ਵਿਦੇਸ਼ੀਆਂ ਤੱਕ ਹਰੇਕ ਨੇ ਗਾਂਧੀ ਜੀ ਦੇ ਉਪਦੇਸ਼ਾਂ ਨੂੰ ਨਵੇਂ ਸੰਦਰਭ ਵਿੱਚ ਸਮਝਿਆ, ਨਵੀਂ ਵੈਸ਼ਵਿਕ ਪਰਿਸਥਿਤੀਆਂ ਵਿੱਚ ਉਨ੍ਹਾਂ ਨੂੰ ਜਾਣਿਆ। ਜਦੋਂ ਅਸੀਂ ਸਵਾਮੀ ਵਿਵੇਕਾਨੰਦ ਜੀ ਦੀ 150ਵੀਂ ਜਨਮ ਜਯੰਤੀ ਮਨਾਈ ਤਾਂ ਦੇਸ਼ ਦੇ ਨੌਜਵਾਨਾਂ ਨੂੰ ਭਾਰਤ ਦੀ ਅਧਿਆਤਮਿਕ ਅਤੇ ਸੰਸਕ੍ਰਿਤਕ ਸ਼ਕਤੀ ਨੂੰ ਨਵੀਆਂ ਪਰਿਭਾਸ਼ਾਵਾਂ ਨਾਲ ਸਮਝਿਆ। ਇਨ੍ਹਾਂ ਯੋਜਨਾਵਾਂ ਨੇ ਸਾਨੂੰ ਇਹ ਅਹਿਸਾਸ ਦਿਵਾਇਆ ਕਿ ਸਾਡੇ ਮਹਾਪੁਰਖ ਅਤੀਤ ਵਿੱਚ ਗੁਆਚ ਨਹੀਂ ਜਾਂਦੇ, ਸਗੋਂ ਉਨ੍ਹਾਂ ਦਾ ਜੀਵਨ ਸਾਡੇ ਵਰਤਮਾਨ ਨੂੰ ਭਵਿੱਖ ਦਾ ਰਸਤਾ ਵਿਖਾਉਂਦਾ ਹੈ।

ਸਾਥੀਓ, ਸਰਕਾਰ ਨੇ ਭਾਵੇਂ ਇਨ੍ਹਾਂ ਮਹਾਨ ਸ਼ਖਸੀਅਤਾਂ ਦੀ 150ਵੀਂ ਜਨਮ ਜਯੰਤੀ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ, ਲੇਕਿਨ ਤੁਹਾਡੀ ਭਾਗੀਦਾਰੀ ਹੀ ਇਸ ਮੁਹਿੰਮ ਵਿੱਚ ਜਾਨ ਫੂਕੇਗੀ, ਇਸ ਨੂੰ ਜਿਊਂਦਾ-ਜਾਗਦਾ ਬਣਾਏਗੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਮੁਹਿੰਮ ਦਾ ਹਿੱਸਾ ਬਣੋ। ਲੌਹ ਪੁਰਸ਼ ਸਰਦਾਰ ਪਟੇਲ ਨਾਲ ਜੁੜੇ ਆਪਣੇ ਵਿਚਾਰ ਅਤੇ ਕਾਰਜ #Sardar150 ਦੇ ਨਾਲ ਸਾਂਝਾ ਕਰੋ ਅਤੇ ਧਰਤੀਆਬਾ ਬਿਰਸਾ ਮੁੰਡਾ ਦੀਆਂ ਪ੍ਰੇਰਣਾਵਾਂ ਨੂੰ #BirsaMunda150 ਦੇ ਨਾਲ ਦੁਨੀਆ ਦੇ ਸਾਹਮਣੇ ਲਿਆਓ। ਆਓ ਇਕੱਠੇ ਮਿਲ ਕੇ ਇਸ ਉਤਸਵ ਨੂੰ ਭਾਰਤ ਦੀ ਅਨੇਕਤਾ ਵਿੱਚ ਏਕਤਾ ਦਾ ਉਤਸਵ ਬਣਾਈਏ, ਇਸ ਨੂੰ ਵਿਰਾਸਤ ਨਾਲ ਵਿਕਾਸ ਦਾ ਉਤਸਵ ਬਣਾਈਏ।

ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਉਹ ਦਿਨ ਜ਼ਰੂਰ ਯਾਦ ਹੋਣਗੇ ਜਦੋਂ ‘ਛੋਟਾ ਭੀਮ’ ਟੀ. ਵੀ. ’ਤੇ ਆਉਣਾ ਸ਼ੁਰੂ ਹੋਇਆ ਸੀ, ਬੱਚੇ ਤਾਂ ਇਸ ਨੂੰ ਕਦੇ ਭੁੱਲ ਨਹੀਂ ਸਕਦੇ। ਕਿੰਨੀ ਉਤਸੁਕਤਾ ਸੀ ‘ਛੋਟਾ ਭੀਮ’ ਨੂੰ ਲੈ ਕੇ, ਤੁਹਾਨੂੰ ਹੈਰਾਨੀ ਹੋਵੇਗੀ ਕਿ ਅੱਜ ‘ਢੋਲਕਪੁਰ ਦਾ ਢੋਲ’ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੂਸਰੇ ਦੇਸ਼ ਦੇ ਬੱਚਿਆਂ ਨੂੰ ਵੀ ਖੂਬ ਆਕਰਸ਼ਿਤ ਕਰਦਾ ਹੈ। ਇਸੇ ਤਰ੍ਹਾਂ ਸਾਡੇ ਦੂਸਰੇ ਐਨੀਮੇਟਿਡ ਸੀਰੀਅਲ, ‘ਕ੍ਰਿਸ਼ਨਾ’, ‘ਹਨੂਮਾਨ’, ਮੋਟੂ ਪਤਲੂ ਦੇ ਚਾਹੁਣ ਵਾਲੇ ਵੀ ਦੁਨੀਆ ਭਰ ਵਿੱਚ ਹਨ। ਭਾਰਤ ਦਾ ਐਨੀਮੇਸ਼ਨ ਕਰੈਕਟਰ ਇੱਥੋਂ ਦੀਆਂ ਐਮੀਨੇਸ਼ਨ ਨੂੰ ਵੀ ਆਪਣੇ ਕੰਟੈਂਟ ਅਤੇ ਰਚਨਾਤਮਕਤਾ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਪਸੰਦ ਕੀਤੀਆਂ ਜਾ ਰਹੀਆਂ ਹਨ। ਤੁਸੀਂ ਵੇਖਿਆ ਹੋਵੇਗਾ ਕਿ ਸਮਾਰਟ ਫੋਨ ਤੋਂ ਲੈ ਕੇ ਸਿਨੇਮਾ ਸਕਰੀਨ ਤੱਕ, ਗੇਮਿੰਗ ਕੰਸੋਲ ਤੋਂ ਲੈ ਕੇ ਵਰਚੁਅਲ ਰਿਐਲਿਟੀ ਤੱਕ ਐਮੀਨੇਸ਼ਨ ਹਰ ਜਗ੍ਹਾ ਮੌਜੂਦ ਹੈ। ਐਮੀਨੇਸ਼ਨ ਦੀ ਦੁਨੀਆ ਵਿੱਚ ਭਾਰਤ ਨਵੀਂ ਕ੍ਰਾਂਤੀ ਕਰਨ ਦੀ ਰਾਹ ’ਤੇ ਹੈ। ਭਾਰਤ ਦੇ ਗੇਮਿੰਗ ਸਪੇਸ ਦਾ ਵੀ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਭਾਰਤੀ ਖੇਡ ਵੀ ਇਨ੍ਹੀਂ ਦਿਨੀਂ ਦੁਨੀਆ ਭਰ ਵਿੱਚ ਹਰਮਨਪਿਆਰੇ ਹੋ ਰਹੇ ਹਨ। ਕੁਝ ਮਹੀਨੇ ਪਹਿਲਾਂ ਮੈਂ ਭਾਰਤ ਦੇ ਲੀਡਿੰਗ ਗੇਮਰਸ ਨਾਲ ਮੁਲਾਕਾਤ ਕੀਤੀ ਸੀ ਤਾਂ ਮੈਨੂੰ ਭਾਰਤੀ ਖੇਡਾਂ ਦੀ ਹੈਰਾਨੀਜਨਕ ਰਚਨਾਤਮਕਤਾ ਅਤੇ ਗੁਣਵੱਤਾ ਨੂੰ ਜਾਨਣ-ਸਮਝਣ ਦਾ ਮੌਕਾ ਮਿਲਿਆ ਸੀ। ਵਾਕਿਆ ਹੀ ਦੇਸ਼ ਵਿੱਚ ਰਚਨਾਤਮਕ ਊਰਜਾ ਦੀ ਇੱਕ ਲਹਿਰ ਚਲ ਰਹੀ ਹੈ। ਐਮੀਨੇਸ਼ਨ ਦੀ ਦੁਨੀਆ ਵਿੱਚ ‘ਮੇਡ ਇਨ ਇੰਡੀਆ’, ਅਤੇ ‘ਮੇਡ ਬਾਏ ਇੰਡੀਅਨਸ’ ਛਾਇਆ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਭਾਰਤ ਦੇ ਟੈਲੰਟ, ਵਿਦੇਸ਼ੀ ਪ੍ਰੋਡੱਕਸ਼ਨ ਦਾ ਵੀ ਅਹਿਮ ਹਿੱਸਾ ਬਣ ਰਹੇ ਹਨ। ਹੁਣ ਵਾਲੀ ਸਪਾਈਡਰਮੈਨ ਹੋਵੇ, ਟ੍ਰਾਂਸਫਾਰਮਰਸ ਇਨ੍ਹਾਂ ਦੋਵਾਂ ਫਿਲਮਾਂ ਵਿੱਚ ਹਰੀ ਨਾਰਾਇਣ ਰਾਜੀਵ ਦੇ ਯੋਗਦਾਨ ਦੀ ਲੋਕਾਂ ਨੇ ਖੂਬ ਸ਼ਲਾਘਾ ਕੀਤੀ ਹੈ। ਭਾਰਤ ਦੇ ਐਮੀਨੇਸ਼ਨ ਸਟੂਡੀਓ, ਡਿਜ਼ਨੀ ਅਤੇ ਵਾਰਨਰ ਬ੍ਰਦਰਸ ਵਰਗੀਆਂ ਦੁਨੀਆ ਦੀਆਂ ਜਾਣੀਆਂ-ਪਹਿਚਾਣੀਆਂ ਪ੍ਰੋਡਕਸ਼ਨ ਕੰਪਨੀਆਂ ਦੇ ਨਾਲ ਕੰਮ ਕਰ ਰਹੇ ਹਨ।

ਸਾਥੀਓ, ਅੱਜ ਸਾਡੇ ਨੌਜਵਾਨ ‘ਓਰੀਜ਼ਨਲ ਇੰਡੀਅਨ ਕੰਟੈਂਟ’ ਜਿਸ ਵਿੱਚ ਸਾਡੀ ਸੰਸਕ੍ਰਿਤੀ ਦੀ ਝਲਕ ਹੁੰਦੀ ਹੈ, ਉਹ ਤਿਆਰ ਕਰ ਰਹੇ ਹਨ। ਇਨ੍ਹਾਂ ਨੂੰ ਦੁਨੀਆ ਭਰ ਵਿੱਚ ਵੇਖਿਆ ਜਾ ਰਿਹਾ ਹੈ। ਐਨੀਮੇਸ਼ਨ ਸੈਕਟਰ ਅੱਜ ਇੱਕ ਅਜਿਹੀ ਇੰਡਸਟ੍ਰੀ ਦਾ ਰੂਪ ਲੈ ਚੁੱਕਾ ਹੈ ਜੋ ਕਿ ਦੂਸਰੀਆਂ ਇੰਡਸਟ੍ਰੀਆਂ ਨੂੰ ਤਾਕਤ ਦੇ ਰਿਹਾ ਹੈ, ਜਿਵੇਂ ਇਨ੍ਹੀਂ ਦਿਨੀਂ ਵੀ. ਆਰ. ਟੂਰਿਜ਼ਮ ਬਹੁਤ ਪ੍ਰਸਿੱਧ ਹੋ ਰਿਹਾ ਹੈ। ਤੁਸੀਂ ਵਰਚੁਅਲ ਟੂਰ ਦੇ ਮਾਧਿਅਮ ਨਾਲ ਅਜੰਤਾ ਦੀਆਂ ਗੁਫਾਵਾਂ ਨੂੰ ਦੇਖ ਸਕਦੇ ਹੋ, ਕੋਨਾਰਕ ਮੰਦਿਰ ਦੇ ਕੋਰੀਡੋਰ ਵਿੱਚ ਟਹਿਲ ਸਕਦੇ ਹੋ ਜਾਂ ਫਿਰ ਵਾਰਾਣਸੀ ਦੇ ਘਾਟਾਂ ਦਾ ਅਨੰਦ ਲੈ ਸਕਦੇ ਹੋ। ਇਹ ਸਾਰੇ ਵੀ. ਆਰ. ਐਨੀਮੇਸ਼ਨ ਭਾਰਤ ਦੇ ਕਰੀਏਟਰਜ਼ ਨੇ ਤਿਆਰ ਕੀਤੇ ਹਨ। ਵੀ. ਆਰ. ਦੇ ਮਾਧਿਅਮ ਨਾਲ ਇਨ੍ਹਾਂ ਥਾਵਾਂ ਨੂੰ ਵੇਖਣ ਤੋਂ ਬਾਅਦ ਕਈ ਲੋਕ ਅਸਲ ਵਿੱਚ ਇਨ੍ਹਾਂ ਸੈਲਾਨੀ ਥਾਵਾਂ ਦਾ ਦੌਰਾ ਕਰਨਾ ਚਾਹੁੰਦੇ ਹਨ, ਯਾਨੀ ਟੂਰਿਸਟ ਡੈਸਟੀਨੇਸ਼ਨ ਦਾ ਵਰਚੁਅਲ ਟੂਰ। ਲੋਕਾਂ ਦੇ ਮਨ ਵਿੱਚ ਜਿਗਿਆਸਾ ਪੈਦਾ ਕਰਨ ਦਾ ਮਾਧਿਅਮ ਬਣ ਗਿਆ ਹੈ। ਅੱਜ ਇਸ ਸੈਕਟਰ ਵਿੱਚ ਐਨੀਮੇਸ਼ਨਸ ਦੇ ਨਾਲ ਹੀ ਸਟੋਰੀ ਟੈਲਰਸ, ਲੇਖਕ, ਵਾਇਸ ਓਵਰ ਐਕਸਪਰਟ, ਮਿਊਜ਼ੀਸ਼ੀਅਨ, ਗੇਮ ਡਿਵੈਲਪਰ. ਵੀ. ਆਰ. ਅਤੇ ਏ. ਆਰ. ਐਕਸਪਰਟ, ਉਨ੍ਹਾਂ ਦੀ ਵੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਲਈ ਮੈਂ ਭਾਰਤ ਦੇ ਨੌਜਵਾਨਾਂ ਨੂੰ ਕਹਾਂਗਾ – ਆਪਣੀ ਰਚਨਾਤਮਕਤਾ ਨੂੰ ਵਿਸਥਾਰ ਦਿਓ, ਕੀ ਪਤਾ ਦੁਨੀਆ ਦਾ ਅਗਲਾ  ਸੁਪਰਹਿੱਟ ਐਨੀਮੇਸ਼ਨ ਤੁਹਾਡੇ ਕੰਪਿਊਟਰ ਤੋਂ ਨਿਕਲੇ। ਅਗਲਾ ਵਾਇਰਲ ਗੇਮ ਤੁਹਾਡਾ ਕਰੀਏਸ਼ਨ ਹੋ ਸਕਦਾ ਹੈ। ਐਜੂਕੇਸ਼ਨਲ ਐਨੀਮੇਸ਼ਨ ਵਿੱਚ ਤੁਹਾਡਾ ਇਨੋਵੇਸ਼ਨ ਬੜੀ ਸਫ਼ਲਤਾ ਹਾਸਲ ਕਰ ਸਕਦਾ ਹੈ। ਇਸੇ 28 ਅਕਤੂਬਰ ਨੂੰ ਯਾਨੀ ਕੱਲ੍ਹ ਵਰਲਡ ਐਨੀਮੇਸ਼ਨ ਡੇ ਵੀ ਮਨਾਇਆ ਜਾਵੇਗਾ। ਆਓ ਅਸੀਂ ਭਾਰਤ ਨੂੰ ਗਲੋਬਲ ਐਨੀਮੇਸ਼ਨ ਪਾਵਰ ਹੱਬ ਬਣਾਉਣ ਦਾ ਸੰਕਲਪ ਲਈਏ।

ਮੇਰੇ ਪਿਆਰੇ ਦੇਸ਼ਵਾਸੀਓ, ਸਵਾਮੀ ਵਿਵੇਕਾਨੰਦ ਨੇ ਇੱਕ ਵਾਰ ਸਫ਼ਲਤਾ ਦਾ ਮੰਤਰ ਦਿੱਤਾ ਸੀ, ਉਨ੍ਹਾਂ ਦਾ ਮੰਤਰ ਸੀ – ਕੋਈ ਇੱਕ ਆਈਡੀਆ ਲਓ, ਉਸ ਇੱਕ ਆਈਡੀਆ ਨੂੰ ਆਪਣੀ ਜ਼ਿੰਦਗੀ ਬਣਾਓ, ਉਸ ਨੂੰ ਸੋਚੋ, ਉਸ ਦਾ ਸੁਪਨਾ ਵੇਖੋ, ਇਸ ਨੂੰ ਜੀਣਾ ਸ਼ੁਰੂ ਕਰੋ। ਅੱਜ ‘ਆਤਮਨਿਰਭਰ ਭਾਰਤ ਅਭਿਯਾਨ’ ਵੀ ਸਫ਼ਲਤਾ ਦੇ ਇਸੇ ਮੰਤਰ ’ਤੇ ਚਲ ਰਹੀ ਹੈ। ਇਹ ਮੁਹਿੰਮ ਸਾਡੀ ਸਮੂਹਿਕ ਚੇਤਨਾ ਦਾ ਹਿੱਸਾ ਬਣ ਗਈ ਹੈ। ਲਗਾਤਾਰ ਪੈਰ-ਪੈਰ ’ਤੇ ਸਾਡੀ ਪ੍ਰੇਰਣਾ ਬਣ ਗਈ ਹੈ। ਆਤਮਨਿਰਭਰਤਾ ਸਾਡੀ ਪਾਲਿਸੀ ਹੀ ਨਹੀਂ, ਸਗੋਂ ਪੈਸ਼ਨ ਬਣ ਗਿਆ ਹੈ। ਬਹੁਤ ਸਾਲ ਨਹੀਂ ਹੋਏ, ਸਿਰਫ਼ 10 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਜੇਕਰ ਕੋਈ ਕਹਿੰਦਾ ਸੀ ਕਿ ਕਿਸੇ ਕੰਪਲੈਕਸ ਟੈਕਨੋਲੋਜੀ ਨੂੰ ਭਾਰਤ ਵਿੱਚ ਵਿਕਸਿਤ ਕਰਨਾ ਹੈ ਤਾਂ ਕਈ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਤੇ ਕਈ ਮਜ਼ਾਕ ਉਡਾਉਂਦੇ ਸਨ – ਲੇਕਿਨ ਅੱਜ ਉਹੀ ਲੋਕ ਦੇਸ਼ ਦੀ ਸਫ਼ਲਤਾ ਨੂੰ ਵੇਖ ਕੇ ਹੈਰਾਨ ਹੋ ਰਹੇ ਹਨ। ਆਤਮਨਿਰਭਰ ਹੋ ਰਿਹਾ ਭਾਰਤ ਹਰ ਖੇਤਰ ਵਿੱਚ ਕਮਾਲ ਕਰ ਰਿਹਾ ਹੈ। ਤੁਸੀਂ ਸੋਚੋ ਇੱਕ ਜ਼ਮਾਨੇ ਵਿੱਚ ਮੋਬਾਈਲ ਫੋਨ ਆਯਾਤ ਕਰਨ ਵਾਲਾ ਭਾਰਤ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ। ਕਦੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਆ ਉਪਕਰਣ ਖਰੀਦਣ ਵਾਲਾ ਭਾਰਤ ਅੱਜ 85 ਦੇਸ਼ਾਂ ਨੂੰ ਨਿਰਯਾਤ ਵੀ ਕਰ ਰਿਹਾ ਹੈ। ਹੁਣ ਸਪੇਸ ਟੈਕਨੋਲੋਜੀ ਵਿੱਚ ਭਾਰਤ ਅੱਜ ਚੰਦਰਮਾ ਦੇ ਦੱਖਣੀ ਧਰੂਵ ’ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣਿਆ ਹੈ ਅਤੇ ਇੱਕ ਗੱਲ ਤਾਂ ਮੈਨੂੰ ਸਭ ਤੋਂ ਜ਼ਿਆਦਾ ਚੰਗੀ ਲੱਗਦੀ ਹੈ, ਉਹ ਇਹ ਹੈ ਕਿ ਆਤਮਨਿਰਭਰਤਾ ਦੀ ਇਹ ਮੁਹਿੰਮ ਹੁਣ ਸਿਰਫ਼ ਸਰਕਾਰੀ ਮੁਹਿੰਮ ਨਹੀਂ ਹੈ, ਹੁਣ ਆਤਮਨਿਰਭਰ ਭਾਰਤ ਅਭਿਆਨ ਇੱਕ ਜਨ ਅਭਿਆਨ ਬਣ ਰਿਹਾ ਹੈ – ਹਰ ਖੇਤਰ ਵਿੱਚ ਉਪਲਬਧੀਆਂ ਜਾਂ ਪ੍ਰਾਪਤੀਆਂ ਅਸੀਂ ਹਾਸਲ ਕਰ ਰਹੇ ਹਾਂ। ਜਿਵੇਂ ਇਸੇ ਮਹੀਨੇ ਲੱਦਾਖ ਦੇ ਹਾਨਲੇ ਵਿੱਚ ਅਸੀਂ ਏਸ਼ੀਆ ਦੀ ਸਭ ਤੋਂ ਵੱਡੀ ‘Imaging Telescope MACE’  ਦਾ ਵੀ ਉਦਘਾਟਨ ਕੀਤਾ ਹੈ। ਇਹ 4300 ਮੀਟਰ ਦੀ ਉਚਾਈ ’ਤੇ ਸਥਿਤ ਹੈ। ਜਾਣਦੇ ਹੋ ਇਸ ਦੀ ਖਾਸ ਗੱਲ ਕੀ ਹੈ! ਇਹ ‘ਮੇਡ ਇਨ ਇੰਡੀਆ’ ਹੈ। ਸੋਚੋ ਜਿਸ ਥਾਂ ’ਤੇ ਮਾਈਨਸ 30 ਡਿਗਰੀ ਦੀ ਠੰਡ ਪੈਂਦੀ ਹੋਵੋ, ਜਿੱਥੇ ਆਕਸੀਜ਼ਨ ਤੱਕ ਦੀ ਕਮੀ ਹੋਵੇ, ਉੱਥੇ ਸਾਡੇ ਵਿਗਿਆਨਕਾਂ ਅਤੇ ਲੋਕਲ ਇੰਡਸਟ੍ਰੀ ਨੇ ਉਹ ਕਰ ਵਿਖਾਇਆ ਹੈ ਜੋ ਏਸ਼ੀਆ ਦੇ ਕਿਸੇ ਦੇਸ਼ ਨੇ ਨਹੀਂ ਕੀਤਾ। ਹਾਨਲੇ ਦਾ ਟੈਲੀਸਕੋਪ ਭਾਵੇਂ ਦੂਰ ਦੀ ਦੁਨੀਆ ਵੇਖ ਰਿਹਾ ਹੋਵੇ ਪਰ ਇਹ ਸਾਨੂੰ ਇੱਕ ਚੀਜ਼ ਹੋਰ ਵੀ ਵਿਖਾ ਰਿਹਾ ਹੈ ਅਤੇ ਇਹ ਚੀਜ਼ ਹੈ – ਆਤਮਨਿਰਭਰ ਭਾਰਤ ਦੀ ਸਮਰੱਥਾ।

ਸਾਥੀਓ, ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇੱਕ ਕੰਮ ਜ਼ਰੂਰ ਕਰੋ। ਆਤਮਨਿਰਭਰ ਹੁੰਦੇ ਭਾਰਤ ਦੇ ਜ਼ਿਆਦਾ ਤੋਂ ਜ਼ਿਆਦਾ ਉਦਾਹਰਣ, ਅਜਿਹੇ ਯਤਨਾਂ ਨੂੰ ਸ਼ੇਅਰ ਕਰੋ। ਤੁਸੀਂ ਆਪਣੇ ਗੁਆਂਢ ਵਿੱਚ ਕਿਹੜਾ ਨਵਾਂ ਇਨੋਵੇਸ਼ਨ ਵੇਖਿਆ, ਕਿਹੜੇ ਲੋਕਲ ਸਟਾਰਟਅਪ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, #AatmanirbharInnovation ਦੇ ਨਾਲ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀਆਂ ਲਿਖੋ ਅਤੇ ਆਤਮਨਿਰਭਰ ਭਾਰਤ ਦੀ ਖੁਸ਼ੀ ਮਨਾਓ। ਤਿਉਹਾਰਾਂ ਦੇ ਇਸ ਮੌਸਮ ਵਿੱਚ ਤਾਂ ਅਸੀਂ ਸਾਰੇ ਆਤਮਨਿਰਭਰ ਭਾਰਤ ਦੀ ਇਸ ਮੁਹਿੰਮ ਨੂੰ ਹੋਰ ਵੀ ਮਜ਼ਬੂਤ ਕਰਦੇ ਹਾਂ। ਅਸੀਂ ‘ਵੋਕਲ ਫੌਰ ਲੋਕਲ’ ਦੇ ਮੰਤਰ ਨਾਲ ਆਪਣੀ ਖਰੀਦਦਾਰੀ ਕਰਦੇ ਹਾਂ। ਇਹ ਨਵਾਂ ਭਾਰਤ ਹੈ, ਜਿੱਥੇ ਅਸੰਭਵ ਸਿਰਫ਼ ਇੱਕ ਚੁਣੌਤੀ ਹੈ, ਜਿੱਥੇ ‘ਮੇਕ ਇਨ ਇੰਡੀਆ’ ਹੁਣ ‘ਮੇਕ ਫਾਰ ਦਾ ਵਰਲਡ’ ਬਣ ਗਿਆ ਹੈ। ਜਿੱਥੇ ਹਰ ਨਾਗਰਿਕ ਇਨੋਵੇਟਰ ਹੈ, ਜਿੱਥੇ ਹਰ ਚੁਣੌਤੀ ਇੱਕ ਮੌਕਾ ਹੈ। ਅਸੀਂ ਨਾ ਸਿਰਫ਼ ਭਾਰਤ ਨੂੰ ਆਤਮਨਿਰਭਰ ਬਣਾਉਣਾ ਹੈ, ਸਗੋਂ ਆਪਣੇ ਦੇਸ਼ ਨੂੰ ਇਨੋਵੇਸ਼ਨ ਦੇ ਗਲੋਬਲ ਪਾਵਰ ਹਾਊਸ ਦੇ ਰੂਪ ਵਿੱਚ ਮਜਬੂਤ ਵੀ ਕਰਨਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਤੁਹਾਨੂੰ ਇੱਕ ਆਡੀਓ ਸੁਣਾਉਂਦਾ ਹਾਂ।

###### (audio)

Transcription of Audio Byte

 

ਫਰਾਡ ਕਾਲਰ 1:  ਹੈਲੋ

ਪੀੜਿਤ : ਸਰ ਨਮਸਤੇ ਸਰ।

ਫਰਾਡ ਕਾਲਰ 1 : ਨਮਸਤੇ।

ਪੀੜਿਤ : ਸਰ ਬੋਲੋ ਸਰ।

ਫਰਾਡ ਕਾਲਰ 1 : ਵੇਖੋ ਇਹ ਜੋ ਤੁਸੀਂ ਐੱਫ. ਆਈ. ਆਰ. ਨੰਬਰ ਮੈਨੂੰ ਭੇਜਿਆ ਹੈ, ਇਸ ਨੰਬਰ ਦੇ ਖ਼ਿਲਾਫ਼ 17 ਸ਼ਿਕਾਇਤਾਂ ਹਨ ਸਾਡੇ ਕੋਲ। ਤੁਸੀਂ ਇਹ ਨੰਬਰ ਯੂਸ ਕਰ ਰਹੇ ਹੋ।

ਪੀੜਿਤ : ਮੈਂ ਇਹ ਨਹੀਂ ਯੂਸ ਕਰਦਾ ਹਾਂ ਸਰ।

ਫਰਾਡ ਕਾਲਰ 1 : ਹੁਣ ਕਿੱਥੋਂ ਗੱਲ ਕਰ ਰਹੇ ਹੋ।

ਪੀੜਿਤ : ਸਰ ਕਰਨਾਟਕਾ ਸਰ, ਹੁਣ ਘਰ ਵਿੱਚ ਹੀ ਹਾਂ ਸਰ।

ਫਰਾਡ ਕਾਲਰ 1 : ਚਲੋ ਤੁਸੀਂ ਮੈਨੂੰ ਆਪਣੀ ਸਟੇਟਮੈਂਟ ਰਿਕਾਰਡ ਕਰਾਓ ਤਾਂ ਕਿ ਇਹ ਨੰਬਰ ਬਲਾਕ ਕਰ ਦਿੱਤਾ ਜਾਵੇ। ਭਵਿੱਖ ਵਿੱਚ ਤੁਹਾਨੂੰ ਕੋਈ ਮੁਸ਼ਕਿਲ ਨਾ ਹੋਵੇ, ਓਕੇ।

ਪੀੜਿਤ : ਯੈਸ ਸਰ।

ਫਰਾਡ ਕਾਲਰ 1 : ਹੁਣ ਮੈਂ ਤੁਹਾਨੂੰ ਕਨੈਕਟ ਕਰ ਰਿਹਾ ਹਾਂ, ਇਹ ਤੁਹਾਡਾ ਇਨਵੈਸਟੀਗੇਸ਼ਨ ਅਫ਼ਸਰ ਹੈ, ਤੁਸੀਂ ਆਪਣੀ ਸਟੇਟਮੈਂਟ ਰਿਕਾਰਡ ਕਰਵਾਓ ਤਾਂ ਕਿ ਇਹ ਨੰਬਰ ਬਲਾਕ ਕਰ ਦਿੱਤਾ ਜਾਵੇ, ਓਕੇ।

ਪੀੜਿਤ : ਯੈਸ ਸਰ।

ਫਰਾਡ ਕਾਲਰ 1 : ਹਾਂ ਜੀ ਦੱਸੋ ਕਿ ਮੈਂ ਕਿਸ ਦੇ ਨਾਲ ਗੱਲ ਕਰ ਰਿਹਾ ਹਾਂ। ਆਪਣਾ ਆਧਾਰ ਕਾਰਡ ਮੈਨੂੰ ਸ਼ੋ ਕਰੋ, ਵੈਰੀਫਾਈ ਕਰਨ ਦੇ ਲਈ ਦੱਸੋ।

ਪੀੜਿਤ : ਸਰ ਮੇਰੇ ਕੋਲ ਅਜੇ ਨਹੀਂ ਹੈ ਸਰ ਆਧਾਰ ਕਾਰਡ ਸਰ, ਪਲੀਸ ਸਰ।

ਫਰਾਡ ਕਾਲਰ 1 : ਫੋਨ, ਤੁਹਾਡੇ ਫੋਨ ਵਿੱਚ ਹੈ।

ਪੀੜਿਤ : ਨਹੀਂ ਸਰ।

ਫਰਾਡ ਕਾਲਰ 1 : ਫੋਨ ਵਿੱਚ ਆਧਾਰ ਕਾਰਡ ਦੀ ਪਿੱਚਰ ਨਹੀਂ ਹੈ ਤੁਹਾਡੇ ਕੋਲ।

ਪੀੜਿਤ : ਨਹੀਂ ਸਰ।

ਫਰਾਡ ਕਾਲਰ 1 : ਨੰਬਰ ਯਾਦ ਹੈ ਤੁਹਾਨੂੰ।

ਪੀੜਿਤ : ਨੰਬਰ ਵੀ ਯਾਦ ਨਹੀਂ ਹੈ ਸਰ।

ਫਰਾਡ ਕਾਲਰ 1: ਅਸੀਂ ਸਿਰਫ਼ ਵੈਰੀਫਾਈ ਕਰਨਾ ਹੈ, ਓਕੇ ਵੈਰੀਫਾਈ ਕਰਨ ਦੇ ਲਈ।

ਪੀੜਿਤ : ਨਹੀਂ ਸਰ।

ਫਰਾਡ ਕਾਲਰ 1 : ਤੁਸੀਂ ਡਰੋ ਨਾ, ਡਰੋ ਨਾ। ਜੇਕਰ ਤੁਸੀਂ ਕੁਝ ਨਹੀਂ ਕੀਤਾ ਤਾਂ ਤੁਸੀਂ ਡਰੋ ਨਾ।

ਪੀੜਿਤ : ਹਾਂ ਸਰ, ਹਾਂ ਸਰ।

ਫਰਾਡ ਕਾਲਰ 1 : ਤੁਹਾਡੇ ਕੋਲ ਆਧਾਰ ਕਾਰਡ ਹੈ ਤਾਂ ਮੈਨੂੰ ਵਿਖਾ ਦਿਓ ਵੈਰੀਫਾਈ ਕਰਨ ਦੇ ਲਈ।

ਪੀੜਿਤ : ਨਹੀਂ ਸਰ, ਨਹੀਂ ਸਰ। ਮੈਂ ਪਿੰਡ ਆਇਆ ਸੀ ਸਰ, ਓਧਰ ਘਰ ਵਿੱਚ ਹੀ ਹੈ ਸਰ।

ਫਰਾਡ ਕਾਲਰ 1 : ਓਕੇ।

ਦੂਸਰੀ ਆਵਾਜ਼ : ਕੀ ਮੈਂ ਅੰਦਰ ਆ ਸਕਦਾ ਹਾਂ ਸਰ।

ਫਰਾਡ ਕਾਲਰ 1 : ਆ ਜਾਓ।

ਫਰਾਡ ਕਾਲਰ 2 : ਜੈ ਹਿੰਦ।

ਫਰਾਡ ਕਾਲਰ 1 : ਜੈ ਹਿੰਦ।

ਫਰਾਡ ਕਾਲਰ 1 : ਇਸ ਵਿਅਕਤੀ ਦੀ ਵਨ ਸਾਈਡਿਡ ਵੀਡੀਓ ਕਾਲ ਰਿਕਾਰਡ ਕਰੋ। ਪ੍ਰੋਟੋਕੋਲ ਦੇ ਅਨੁਸਾਰ, ਓਕੇ।

 

########

 

ਇਹ ਆਡੀਓ ਸਿਰਫ਼ ਜਾਣਕਾਰੀ ਦੇ ਲਈ ਨਹੀਂ ਹੈ, ਇੱਕ ਮਨੋਰੰਜਨ ਵਾਲਾ ਆਡੀਓ ਨਹੀਂ ਹੈ, ਇੱਕ ਗਹਿਰੀ ਚਿੰਤਾ ਨੂੰ ਲੈ ਕੇ ਆਡੀਓ ਆਇਆ ਹੈ। ਤੁਸੀਂ ਹੁਣੇ ਜੋ ਗੱਲਬਾਤ ਸੁਣੀ, ਉਹ ਡਿਜੀਟਲ ਅਰੈਸਟ ਦੇ ਫਰੇਬ ਦੀ ਹੈ। ਇਹ ਗੱਲਬਾਤ ਇੱਕ ਪੀੜਿਤ ਅਤੇ ਫਰਾਡ ਕਰਨ ਵਾਲੇ ਦੇ ਵਿਚਕਾਰ ਹੋਈ ਹੈ। ਡਿਜੀਟਲ ਅਰੈਸਟ ਦੇ ਫਰਾਡ ਵਿੱਚ ਫੋਨ ਕਰਨ ਵਾਲੇ ਕਦੇ ਪੁਲਿਸ, ਕਦੇ ਸੀ.ਬੀ.ਆਈ., ਕਦੇ ਨਾਰਕੋਟਿਕਸ ਅਤੇ ਆਰ.ਬੀ.ਆਈ. ਅਜਿਹੇ ਵੰਨ-ਸੁਵੰਨੇ ਲੇਬਲ ਲਗਾ ਕੇ ਬਨਾਵਟੀ ਅਧਿਕਾਰੀ ਬਣ ਕੇ ਗੱਲ ਕਰਦੇ ਹਨ ਅਤੇ ਬੜੇ ਆਤਮਵਿਸ਼ਵਾਸ ਦੇ ਨਾਲ ਕਰਦੇ ਹਨ। ਮੈਨੂੰ ‘ਮਨ ਕੀ ਬਾਤ’ ਦੇ ਬਹੁਤ ਸਾਰੇ ਸਰੋਤਿਆਂ ਨੇ ਕਿਹਾ ਕਿ ਇਸ ਦੀ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ। ਆਓ, ਮੈਂ ਤੁਹਾਨੂੰ ਦੱਸਦਾ ਹੈ ਕਿ ਇਹ ਫਰਾਡ ਕਰਨ ਵਾਲੇ ਗੈਂਗ ਕੰਮ ਕਿਵੇਂ ਕਰਦੇ ਹਨ। ਇਹ ਖਤਰਨਾਕ ਖੇਡ ਕੀ ਹੈ। ਤੁਹਾਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ, ਹੋਰਾਂ ਨੂੰ ਵੀ ਸਮਝਾਉਣਾ ਉਤਨਾ ਹੀ ਜ਼ਰੂਰੀ ਹੈ। ਪਹਿਲਾ ਦਾਅ – ਤੁਹਾਡੀ ਨਿਜੀ ਜਾਣਕਾਰੀ ਜੋ ਸਭ ਇਕੱਠੀ ਕਰਕੇ ਰੱਖਦੇ ਹਨ। ‘ਤੁਸੀਂ ਪਿਛਲੇ ਮਹੀਨੇ ਗੋਆ ਗਏ ਸੀ’ ਹੈਂ ਨਾ? ਤੁਹਾਡੀ ਬੇਟੀ ਦਿੱਲੀ ਵਿੱਚ ਪੜ੍ਹਦੀ ਹੈ, ਹੈਂ ਨਾ। ਉਹ ਤੁਹਾਡੇ ਬਾਰੇ ਇੰਨੀ ਜਾਣਕਾਰੀ ਇਕੱਠੀ ਕਰਕੇ ਰੱਖਦੇ ਹਨ ਕਿ ਤੁਸੀਂ ਹੈਰਾਨ ਰਹਿ ਜਾਓਗੇ। ਦੂਸਰਾ ਦਾਅ – ਡਰ ਦਾ ਮਾਹੌਲ ਪੈਦਾ ਕਰੋ, ਵਰਦੀ, ਸਰਕਾਰੀ ਦਫ਼ਤਰ ਦਾ ਸੈੱਟਅੱਪ, ਕਾਨੂੰਨੀ ਧਾਰਾਵਾਂ ਜੋ ਤੁਹਾਨੂੰ ਇਤਨਾ ਡਰਾ ਦੇਣਗੇ ਫੋਨ ’ਤੇ ਗੱਲਾਂ-ਗੱਲਾਂ ਵਿੱਚ, ਤੁਸੀਂ ਸੋਚ ਵੀ ਨਹੀਂ ਸਕੋਗੇ ਅਤੇ ਫਿਰ ਉਨ੍ਹਾਂ ਦਾ ਤੀਸਰਾ ਦਾਅ ਸ਼ੁਰੂ ਹੁੰਦਾ ਹੈ। ਤੀਸਰਾ ਦਾਅ – ਸਮੇਂ ਦਾ ਦਬਾਅ, ਹੁਣੇ ਫ਼ੈਸਲਾ ਕਰਨਾ ਹੋਵੇਗਾ, ਵਰਨਾ ਤੁਹਾਨੂੰ ਗਿਰਫ਼ਤਾਰ ਕਰਨਾ ਪਵੇਗਾ – ਇਹ ਲੋਕ ਪੀੜਿਤ ’ਤੇ ਇਤਨਾ ਮਨੋਵਿਗਿਆਨਕ ਦਬਾਅ ਬਣਾ ਦਿੰਦੇ ਹਨ ਕਿ ਉਹ ਸਹਿਮ ਜਾਂਦਾ ਹੈ। ਡਿਜੀਟਲ ਅਰੈਸਟ ਦੇ ਸ਼ਿਕਾਰ ਹੋਣ ਵਾਲਿਆਂ ਵਿੱਚ ਹਰ ਵਰਗ, ਹਰ ਉਮਰ ਦੇ ਲੋਕ ਹਨ। ਲੋਕਾਂ ਨੇ ਡਰ ਦੀ ਵਜ੍ਹਾ ਨਾਲ ਆਪਣੀ ਮਿਹਨਤ ਨਾਲ ਕਮਾਏ ਹੋਏ ਲੱਖਾਂ ਰੁਪਏ ਗੁਆ ਦਿੱਤੇ ਹਨ। ਕਦੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਵੇ ਤਾਂ ਤੁਸੀਂ ਡਰਨਾ ਨਹੀਂ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ, ਫੋਨ ਕਾਲ ਜਾਂ ਵੀਡੀਓ ਕਾਲ ’ਤੇ ਇਸ ਤਰ੍ਹਾਂ ਪੁੱਛਗਿੱਛ ਕਦੇ ਵੀ ਨਹੀਂ ਕਰਦੀ। ਮੈਂ ਤੁਹਾਨੂੰ ਡਿਜੀਟਲ ਸੁਰੱਖਿਆ ਦੇ ਤਿੰਨ ਚਰਨ ਦੱਸਦਾ ਹਾਂ। ਇਹ ਤਿੰਨ ਚਰਨ ਹਨ – ਰੁਕੋ, ਸੋਚੋ, ਐਕਸ਼ਨ ਲਓ। ਕਾਲ ਆਉਂਦਿਆਂ ਹੀ ‘ਰੁਕੋ’, ਘਬਰਾਓ ਨਾ, ਸ਼ਾਂਤ ਰਹੋ, ਜਲਦਬਾਜ਼ੀ ਵਿੱਚ ਕੋਈ ਕਦਮ ਨਾ ਚੁੱਕੋ। ਕਿਸੇ ਨੂੰ ਆਪਣੀ ਨਿਜੀ ਜਾਣਕਾਰੀ ਨਾ ਦਿਓ। ਸੰਭਵ ਹੋਵੇ ਤਾਂ ਸਕਰੀਨ ਸ਼ਾਰਟ ਲਵੋ ਅਤੇ ਰਿਕਾਰਡਿੰਗ ਜ਼ਰੂਰ ਕਰੋ। ਇਸ ਤੋਂ ਬਾਅਦ ਆਉਂਦਾ ਹੈ ਦੂਸਰਾ ਚਰਨ – ਪਹਿਲਾ ਚਰਨ ਸੀ ਰੁਕੋ, ਦੂਸਰਾ ਚਰਨ ਹੈ ਸੋਚੋ। ਕੋਈ ਵੀ ਸਰਕਾਰੀ ਏਜੰਸੀ ਫੋਨ ’ਤੇ ਇੰਝ ਧਮਕੀ ਨਹੀਂ ਦਿੰਦੀ ਨਾ ਹੀ ਵੀਡੀਓ ਕਾਲ ’ਤੇ ਪੁੱਛਗਿੱਛ ਕਰਦੀ ਹੈ, ਨਾ ਹੀ ਇੰਝ ਪੈਸੇ ਦੀ ਮੰਗ ਕਰਦੀ ਹੈ – ਜੇਕਰ ਡਰ ਲਗੇ ਤਾਂ ਸਮਝੋ ਕਿ ਕੁਝ ਗੜਬੜ ਹੈ ਅਤੇ ਪਹਿਲਾ ਚਰਨ, ਦੂਸਰਾ ਚਰਨ ਅਤੇ ਹੁਣ ਮੈਂ ਕਹਿੰਦਾ ਹਾਂ ਤੀਸਰਾ ਚਰਨ। ਪਹਿਲੇ ਚਰਨ ਵਿੱਚ ਮੈਂ ਕਿਹਾ ਰੁਕੋ, ਦੂਸਰੇ ਚਰਨ ਵਿੱਚ ਮੈਂ ਕਿਹਾ ਸੋਚੋ ਅਤੇ ਤੀਸਰਾ ਚਰਨ ਕਹਿੰਦਾ ਹਾਂ ਕਿ ਐਕਸ਼ਨ ਲਓ। ਰਾਸ਼ਟਰੀ ਸਾਈਬਰ ਹੈਲਪਲਾਇਨ 1930 ਡਾਇਲ ਕਰੋ। cybercrime.gov.in ’ਤੇ ਰਿਪੋਰਟ ਕਰੋ। ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦਿਓ। ਸਬੂਤ ਸੁਰੱਖਿਅਤ ਰੱਖੋ। ਰੁਕੋ, ਬਾਅਦ ਵਿੱਚ ਸੋਚੋ ਅਤੇ ਫਿਰ ਐਕਸ਼ਨ ਲਓ। ਇਹ ਤਿੰਨ ਚਰਨ ਤੁਹਾਡੀ ਡਿਜੀਟਲ ਸੁਰੱਖਿਆ ਦੀ ਰੱਖਿਆ ਕਰਨਗੇ।

ਸਾਥੀਓ, ਮੈਂ ਫਿਰ ਕਹਾਂਗਾ ਡਿਜੀਟਲ ਅਰੈਸਟ ਵਰਗੀ ਕੋਈ ਵਿਵਸਥਾ ਕਾਨੂੰਨ ਵਿੱਚ ਨਹੀਂ ਹੈ, ਇਹ ਸਿਰਫ਼ ਫਰਾਡ ਹੈ, ਫਰੇਬ ਹੈ, ਝੂਠ ਹੈ, ਬਦਮਾਸ਼ਾਂ ਦਾ ਗਿਰੋਹ ਹੈ ਅਤੇ ਜੋ ਲੋਕ ਅਜਿਹਾ ਕਰ ਰਹੇ ਹਨ, ਉਹ ਸਮਾਜ ਦੇ ਦੁਸ਼ਮਣ ਹਨ। ਡਿਜੀਟਲ ਅਰੈਸਟ ਦੇ ਨਾਮ ’ਤੇ ਜੋ ਧੋਖਾ ਚਲ ਰਿਹਾ ਹੈ, ਉਸ ਨਾਲ ਨਜਿੱਠਣ ਦੇ ਲਈ ਸਾਰੀਆਂ ਜਾਂਚ ਏਜੰਸੀਆਂ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਇਨ੍ਹਾਂ ਏਜੰਸੀਆਂ ਵਿੱਚ ਤਾਲਮੇਲ ਬਨਾਉਣ ਦੇ ਲਈ ਨੈਸ਼ਨਲ ਸਾਈਬਰ ਕੋਆਰਡੀਨੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਏਜੰਸੀਆਂ ਵੱਲੋਂ ਅਜਿਹੇ ਫਰਾਡ ਕਰਨ ਵਾਲੀਆਂ ਹਜ਼ਾਰਾਂ ਵੀਡੀਓ ਕਾਲਿੰਗ ਆਈ. ਡੀ. ਨੂੰ ਬਲਾਕ ਕੀਤਾ ਗਿਆ ਹੈ। ਲੱਖਾਂ ਸਿਮ ਕਾਰਡ, ਮੋਬਾਈਲ ਫੋਨ ਅਤੇ ਬੈਂਕ ਅਕਾਊਂਟ ਨੂੰ ਵੀ ਬਲਾਕ ਕੀਤਾ ਗਿਆ ਹੈ। ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਪਰ ਡਿਜੀਟਲ ਅਰੈਸਟ ਦੇ ਨਾਂ ’ਤੇ ਹੋ ਰਹੇ ਘੋਟਾਲੇ ਤੋਂ ਬਚਣ ਦੇ ਲਈ ਬਹੁਤ ਜ਼ਰੂਰੀ ਹੈ – ਹਰ ਕਿਸੇ ਦੀ ਜਾਗਰੂਕਤਾ, ਹਰ ਨਾਗਰਿਕ ਦੀ ਜਾਗਰੂਕਤਾ ਜੋ ਲੋਕ ਵੀ ਇਸ ਤਰ੍ਹਾਂ ਦੇ ਸਾਈਬਰ ਫਰਾਡ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ। ਤੁਸੀਂ ਜਾਗਰੂਕਤਾ ਦੇ ਲਈ #SafeDigitalIndia  ਦੀ ਵਰਤੋਂ ਕਰ ਸਕਦੇ ਹੋ। ਮੈਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਕਹਾਂਗਾ ਕਿ ਸਾਈਬਰ ਸਕੈਮ ਦੇ ਖ਼ਿਲਾਫ਼ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਵੀ ਜੋੜਨ। ਸਮਾਜ ਵਿੱਚ ਸਾਰਿਆਂ ਦੇ ਯਤਨਾਂ ਨਾਲ ਹੀ ਅਸੀਂ ਇਸ ਚੁਣੌਤੀ ਦਾ ਮੁਕਾਬਲਾ ਕਰ ਸਕਦੇ ਹਾਂ।

 
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਬਹੁਤ ਸਾਰੇ ਸਕੂਲੀ ਬੱਚੇ ਕੈਲੀਗ੍ਰਾਫੀ ਯਾਨੀ ਸੁਲੇਖ ਵਿੱਚ ਕਾਫੀ ਦਿਲਚਸਪੀ ਰੱਖਦੇ ਹਨ। ਇਸ ਦੇ ਜ਼ਰੀਏ ਸਾਡੀ ਲਿਖਾਈ ਸਾਫ਼, ਸੁੰਦਰ ਅਤੇ ਆਕਰਸ਼ਿਤ ਬਣੀ ਰਹਿੰਦੀ ਹੈ। ਅੱਜ ਜੰਮੂ-ਕਸ਼ਮੀਰ ਵਿੱਚ ਇਸ ਦੀ ਵਰਤੋਂ ਸਥਾਨਕ ਸੰਸਕ੍ਰਿਤੀ ਨੂੰ ਹਰਮਨਪਿਆਰਾ ਬਣਾਉਣ ਦੇ ਲਈ ਕੀਤੀ ਜਾ ਰਹੀ ਹੈ। ਇੱਥੋਂ ਦੇ ਅਨੰਤਨਾਗ ਦੀ ਫਿਰਦੌਸਾ ਬਸ਼ੀਰ ਜੀ, ਉਨ੍ਹਾਂ ਨੂੰ ਕੈਲੀਗ੍ਰਾਫੀ ਵਿੱਚ ਮੁਹਾਰਤ ਹਾਸਿਲ ਹੈ। ਇਸ ਦੇ ਜ਼ਰੀਏ ਉਹ ਸਥਾਨਕ ਸੰਸਕ੍ਰਿਤੀ ਦੇ ਕਈ ਪੱਖਾਂ ਨੂੰ ਸਾਹਮਣੇ ਲਿਆ ਰਹੇ ਹਨ। ਫਿਰਦੌਸਾ ਜੀ ਦੀ ਕੈਲੀਗ੍ਰਾਫੀ ਨੇ ਸਥਾਨਕ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਅਜਿਹਾ ਹੀ ਇੱਕ ਯਤਨ ਊਧਮਪੁਰ ਦੇ ਗੋਰੀਨਾਥ ਵੀ ਕਰ ਰਹੇ ਹਨ। ਇੱਕ ਸਦੀ ਤੋਂ ਵੀ ਜ਼ਿਆਦਾ ਪੁਰਾਣੀ ਸਾਰੰਗੀ ਦੇ ਜ਼ਰੀਏ ਉਹ ਡੋਗਰਾ ਸੰਸਕ੍ਰਿਤੀ ਅਤੇ ਵਿਰਾਸਤ ਦੇ ਵਿਭਿੰਨ ਰੂਪਾਂ ਨੂੰ ਸੰਭਾਲਣ ਵਿੱਚ ਜੁਟੇ ਹਨ। ਸਾਰੰਗੀ ਦੀਆਂ ਧੁੰਨਾਂ ਨਾਲ ਉਹ ਆਪਣੀ ਸੰਸਕ੍ਰਿਤੀ ਨਾਲ ਜੁੜੀਆਂ ਪੁਰਾਣੀਆਂ ਕਹਾਣੀਆਂ ਅਤੇ ਇਤਿਹਾਸਕ ਘਟਨਾਵਾਂ ਨੂੰ ਦਿਲਚਸਪ ਤਰੀਕੇ ਨਾਲ ਦੱਸਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਤੁਹਾਨੂੰ ਅਜਿਹੇ ਕਈ ਅਸਾਧਾਰਣ ਲੋਕ ਮਿਲ ਜਾਣਗੇ ਜੋ ਸੰਸਕ੍ਰਿਤੀ ਦੀ ਵਿਰਾਸਤ ਦੀ ਸੰਭਾਲ ਲਈ ਅੱਗੇ ਆਏ ਹਨ। ਡੀ. ਵੈਕੁੰਠਮ ਲੱਗਭਗ 50 ਸਾਲਾਂ ਤੋਂ ਚੇਰੀਆਲ ਫੋਕ ਆਰਟ ਨੂੰ ਹਰਮਨਪਿਆਰਾ ਬਨਾਉਣ ਵਿੱਚ ਜੁਟੇ ਹੋਏ ਹਨ। ਤੇਲੰਗਾਨਾ ਨਾਲ ਜੁੜੀ ਇਸ ਕਲਾ ਨੂੰ ਅੱਗੇ ਵਧਾਉਣ ਦਾ ਉਨ੍ਹਾਂ ਦਾ ਇਹ ਯਤਨ ਅਨੋਖਾ ਹੈ। ਚੇਰੀਆਲ ਪੇਂਟਿੰਗਸ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਬਹੁਤ ਹੀ ਅਨੋਖੀ ਹੈ। ਉਹ ਇੱਕ ਸਕਰੋਲ ਦੇ ਰੂਪ ਵਿੱਚ ਕਹਾਣੀਆਂ ਨੂੰ ਸਾਹਮਣੇ ਲਿਆਉਂਦੇ ਹਨ। ਇਸ ਵਿੱਚ ਸਾਡੇ ਇਤਿਹਾਸ ਅਤੇ ਮਿਥਿਹਾਸ ਦੀ ਪੂਰੀ ਝਲਕ ਮਿਲਦੀ ਹੈ। ਛੱਤੀਸਗੜ੍ਹ ਵਿੱਚ ਨਾਰਾਇਣਪੁਰ ਦੇ ਬੁਟਲੂਰਾਮ ਮਾਥਰਾ ਜੀ ਅਬੂਝਮਾੜੀਆ ਜਨਜਾਤੀ ਦੀ ਲੋਕ ਕਲਾ ਦੀ ਸੰਭਾਲ ਕਰਨ ਵਿੱਚ ਜੁਟੇ ਹੋਏ ਹਨ। ਪਿਛਲੇ ਚਾਰ ਦਹਾਕਿਆਂ ਤੋਂ ਉਹ ਆਪਣੇ ਇਸ ਮਿਸ਼ਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੀ ਇਹ ਕਲਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਤੇ ‘ਸਵੱਛ ਭਾਰਤ’ ਵਰਗੀਆਂ ਮੁਹਿੰਮਾਂ ਨਾਲ ਲੋਕਾਂ ਨੂੰ ਜੋੜਨ ਵਿੱਚ ਬਹੁਤ ਕਾਰਗਰ  ਰਹੀ ਹੈ।

ਸਾਥੀਓ, ਹੁਣੇ ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਕਸ਼ਮੀਰ ਦੀਆਂ ਵਾਦੀਆਂ ਤੋਂ ਲੈ ਕੇ ਛੱਤੀਸਗੜ੍ਹ ਦੇ ਜੰਗਲਾਂ ਤੱਕ ਸਾਡੀ ਕਲਾ ਅਤੇ ਸੰਸਕ੍ਰਿਤੀ ਨਵੇਂ-ਨਵੇਂ ਰੰਗ ਦਿਖਾ ਰਹੀ ਹੈ, ਪਰ ਇਹ ਗੱਲ ਇੱਥੇ ਖਤਮ ਨਹੀਂ ਹੁੰਦੀ। ਸਾਡੀਆਂ ਇਨ੍ਹਾਂ ਕਲਾਵਾਂ ਦੀ ਖੁਸ਼ਬੂ ਦੂਰ-ਦੂਰ ਤੱਕ ਫੈਲ ਰਹੀ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਲੋਕ ਭਾਰਤੀ ਕਲਾ ਅਤੇ ਸੰਸਕ੍ਰਿਤੀ ਨਾਲ ਮੋਹਿਤ ਹੋ ਰਹੇ ਹਨ। ਜਦੋਂ ਮੈਂ ਤੁਹਾਨੂੰ ਊਧਮਪੁਰ ਵਿੱਚ ਗੂੰਜਦੀ ਸਾਰੰਗੀ ਦੀ ਗੱਲ ਦੱਸ ਰਿਹਾ ਸੀ ਤਾਂ ਮੈਨੂੰ ਯਾਦ ਆਇਆ ਕਿ ਕਿਵੇਂ ਹਜ਼ਾਰਾਂ ਮੀਲ ਦੂਰ ਰੂਸ ਦੇ ਸ਼ਹਿਰ ਯਾਕੂਤਸਕ ਵਿੱਚ ਵੀ ਭਾਰਤੀ ਕਲਾ ਦੀ ਮਿੱਠੀ ਧੁੰਨ ਗੂੰਜ ਰਹੀ ਹੈ। ਕਲਪਨਾ ਕਰੋ ਸਰਦੀ ਦਾ ਇੱਕ-ਅੱਧਾ ਦਿਨ -65 ਡਿਗਰੀ ਤਾਪਮਾਨ, ਚਾਰੇ ਪਾਸੇ ਬਰਫ ਦੀ ਸਫੈਦ ਚਾਦਰ ਅਤੇ ਇੱਥੇ ਇੱਕ ਥੀਏਟਰ ਵਿੱਚ ਦਰਸ਼ਕ ਮੋਹਿਤ ਹੋ ਕੇ ਵੇਖ ਰਹੇ ਹਨ ਕਾਲੀ ਦਾਸ ਦੀ ‘ਅਭਿਗਿਆਨ ਸ਼ਾਕੁੰਤਲਮ’। ਕੀ ਤੁਸੀਂ ਸੋਚ ਸਕਦੇ ਹੋ ਦੁਨੀਆ ਦੇ ਸਭ ਤੋਂ ਠੰਡੇ ਸ਼ਹਿਰ ਯਾਕੂਤਸਕ ਵਿੱਚ ਭਾਰਤੀ ਸਾਹਿਤ ਦੀ ਗਰਮਜੋਸ਼ੀ – ਇਹ ਕਲਪਨਾ ਨਹੀਂ ਸੱਚ ਹੈ, ਸਾਨੂੰ ਸਾਰਿਆਂ ਨੂੰ ਮਾਣ ਅਤੇ ਆਨੰਦ ਨਾਲ ਭਰ ਦੇਣ ਵਾਲਾ ਸੱਚ।

ਸਾਥੀਓ, ਕੁਝ ਹਫ਼ਤੇ ਪਹਿਲਾਂ ਮੈਂ ਲਾਓਸ ਵੀ ਗਿਆ ਸੀ। ਉਹ ਨਵਰਾਤਰੀ ਦਾ ਸਮਾਂ ਸੀ ਅਤੇ ਉੱਥੇ ਮੈਂ ਕੁਝ ਅਨੋਖਾ ਵੇਖਿਆ। ਸਥਾਨਕ ਕਲਾਕਾਰ ‘ਫਲਕ ਫਲਮ’ ਪੇਸ਼ ਕਰ ਰਹੇ ਸਨ, ਲਾਯੋਸ ਦੀ ਰਮਾਇਣ। ਉਨ੍ਹਾਂ ਦੀਆਂ ਅੱਖਾਂ ਵਿੱਚ ਉਹੀ ਭਗਤੀ, ਉਨ੍ਹਾਂ ਦੀ ਆਵਾਜ਼ ਵਿੱਚ ਉਹੀ ਸਮਰਪਣ ਜੋ ਰਮਾਇਣ ਦੇ ਪ੍ਰਤੀ ਸਾਡੇ ਮਨ ਵਿੱਚ ਹੈ। ਇਸੇ ਤਰ੍ਹਾਂ ਕੁਵੈਤ ਵਿੱਚ ਸ਼੍ਰੀ ਅਬਦੁੱਲਾ ਅਲ-ਬਾਰੂਨ ਨੇ ਰਮਾਇਣ ਅਤੇ ਮਹਾਭਾਰਤ ਦਾ ਅਰਬੀ ਵਿੱਚ ਅਨੁਵਾਦ ਕੀਤਾ। ਇਹ ਕਾਰਜ ਸਿਰਫ਼ ਅਨੁਵਾਦ ਨਹੀਂ, ਸਗੋਂ ਦੋ ਮਹਾਨ ਸੰਸਕ੍ਰਿਤੀਆਂ ਦੇ ਵਿਚਕਾਰ ਇੱਕ ਪੁਲ ਹੈ। ਉਨ੍ਹਾਂ ਦਾ ਇਹ ਯਤਨ ਅਰਬ ਜਗਤ ਵਿੱਚ ਭਾਰਤੀ ਸਾਹਿਤ ਦੀ ਨਵੀਂ ਸਮਝ ਵਿਕਸਿਤ ਕਰ ਰਿਹਾ ਹੈ। ਪੇਰੂ ਤੋਂ ਇੱਕ ਹੋਰ ਪ੍ਰੇਰਕ ਉਦਾਹਰਣ ਹੈ – ਅਰਲਿੰਦਾ ਗਾਰਸੀਆ ਉੱਥੋਂ ਦੇ ਨੌਜਵਾਨਾਂ ਨੂੰ ਭਾਰਤ ਨਾਟਯਮ ਸਿਖਾ ਰਹੀ ਹੈ ਤੇ ਮਾਰੀਆ ਵਾਲਦੇਸ ਓਡੀਸ਼ੀ ਨ੍ਰਿਤ ਦੀ ਸਿਖਲਾਈ ਦੇ ਰਹੀ ਹੈ। ਇਨ੍ਹਾਂ ਕਲਾਵਾਂ ਤੋਂ ਪ੍ਰਭਾਵਿਤ ਹੋ ਕੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿੱਚ, ਭਾਰਤੀ ਸ਼ਾਸਤਰੀ ਨ੍ਰਿਤ ਦੀ ਧੁੰਨ ਮਚੀ ਹੋਈ ਹੈ।

ਸਾਥੀਓ, ਵਿਦੇਸ਼ੀ ਧਰਤੀ ’ਤੇ ਭਾਰਤ ਦੇ ਉਦਾਹਰਣ ਦਰਸਾਉਂਦੇ ਹਨ ਕਿ ਭਾਰਤੀ ਸੰਸਕ੍ਰਿਤੀ ਦੀ ਸ਼ਕਤੀ ਕਿੰਨੀ ਅਨੋਖੀ ਹੈ। ਇਹ ਲਗਾਤਾਰ ਵਿਸ਼ਵ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ।

“ਜਹਾਂ-ਜਹਾਂ ਕਲਾ ਹੈ, ਵਹਾਂ-ਵਹਾਂ ਭਾਰਤ ਹੈ”

“ਜਹਾਂ-ਜਹਾਂ ਸੰਸਕ੍ਰਿਤੀ ਹੈ, ਵਹਾਂ-ਵਹਾਂ ਭਾਰਤ ਹੈ”

 

(“जहां-जहां कला है, वहां-वहां भारत है”

“जहां-जहां संस्कृति है, वहां-वहां भारत है”) 

 

ਅੱਜ ਦੁਨੀਆ ਭਰ ਦੇ ਲੋਕ ਭਾਰਤ ਦੇ ਲੋਕਾਂ ਨੂੰ ਜਾਨਣਾ ਚਾਹੁੰਦੇ ਹਨ। ਇਸ ਲਈ ਤੁਹਾਨੂੰ ਸਾਰਿਆਂ ਨੂੰ ਇੱਕ ਅਨੁਰੋਧ ਵੀ ਹੈ। ਆਪਣੇ ਆਸ-ਪਾਸ ਅਜਿਹੀ ਸੰਸਕ੍ਰਿਤਕ ਪਹਿਲ ਨੂੰ #CulturalBridges ਦੇ ਨਾਲ ਸਾਂਝਾ ਕਰੋ। ‘ਮਨ ਕੀ ਬਾਤ’ ਵਿੱਚ ਅਸੀਂ ਅਜਿਹੇ ਉਦਾਹਰਣ ’ਤੇ ਅੱਗੇ ਵੀ ਚਰਚਾ ਕਰਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੇ ਵੱਡੇ ਹਿੱਸੇ ਵਿੱਚ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ ਪਰ ਫਿਟਨਸ ਦਾ ਪੈਸ਼ਨ ਫਿਟ ਇੰਡੀਆ ਦੀ ਸਪੀਰਿਟ – ਇਸ ਨੂੰ ਕਿਸੇ ਵੀ ਮੌਸਮ ਵਿੱਚ ਫਰਕ ਨਹੀਂ ਪੈਂਦਾ, ਜਿਸ ਨੂੰ ਫਿਟ ਰਹਿਣ ਦੀ ਆਦਤ ਹੁੰਦੀ ਹੈ, ਉਹ ਗਰਮੀ, ਸਰਦੀ, ਬਰਸਾਤ ਕੁਝ ਵੀ ਨਹੀਂ ਵੇਖਦਾ। ਮੈਨੂੰ ਖੁਸ਼ੀ ਹੈ ਕਿ ਭਾਰਤ ਵਿੱਚ ਹੁਣ ਲੋਕ ਫਿਟਨਸ ਨੂੰ ਲੈ ਕੇ ਬਹੁਤ ਜ਼ਿਆਦਾ ਜਾਗਰੂਕ ਹੋ ਰਹੇ ਹਨ। ਤੁਸੀਂ ਵੀ ਵੇਖ ਰਹੇ ਹੋਵੋਗੇ ਕਿ ਤੁਹਾਡੇ ਆਸ-ਪਾਸ ਦੇ ਪਾਰਕਾਂ ਵਿੱਚ ਲੋਕਾਂ ਦੀ ਗਿਣਤੀ ਵਧ ਰਹੀ ਹੈ। ਪਾਰਕ ਵਿੱਚ ਟਹਿਲਦੇ ਬਜ਼ੁਰਗਾਂ, ਨੌਜਵਾਨਾਂ ਤੇ ਯੋਗ ਕਰਦੇ ਪਰਿਵਾਰਾਂ ਨੂੰ ਵੇਖ ਕੇ ਮੈਨੂੰ ਚੰਗਾ ਲੱਗਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਯੋਗ ਦਿਵਸ ’ਤੇ ਸ੍ਰੀਨਗਰ ਵਿੱਚ ਸੀ, ਬਾਰਿਸ਼ ਦੇ ਬਾਵਜੂਦ ਵੀ ਕਿੰਨੇ ਹੀ ਲੋਕ ਯੋਗ ਦੇ ਲਈ ਜੁਟੇ ਸਨ। ਅਜੇ ਕੁਝ ਦਿਨ ਪਹਿਲਾਂ ਸ੍ਰੀਨਗਰ ਵਿੱਚ ਜੋ ਮੈਰਾਥੌਨ ਹੋਈ ਸੀ, ਉਸ ਵਿੱਚ ਵੀ ਮੈਨੂੰ ਫਿਟ ਰਹਿਣ ਦਾ ਇਹੀ ਉਤਸ਼ਾਹ ਦਿਖਾਈ ਦਿੱਤਾ। ਫਿਟ ਇੰਡੀਆ ਦੀ ਇਹ ਭਾਵਨਾ ਹੁਣ ਇੱਕ ਜਨ ਅੰਦੋਲਨ ਬਣ ਗਈ ਹੈ।

ਸਾਥੀਓ, ਮੈਨੂੰ ਇਹ ਵੇਖ ਕੇ ਵੀ ਚੰਗਾ ਲਗਦਾ ਹੈ ਕਿ ਸਾਡੇ ਸਕੂਲ ਬੱਚਿਆਂ ਦੀ ਫਿਟਨਸ ’ਤੇ ਹੁਣ ਹੋਰ ਜ਼ਿਆਦਾ ਧਿਆਨ ਦੇ ਰਹੇ ਹਨ। ਫਿਟ ਇੰਡੀਆ ਸਕੂਲ ਆਰਸ ਵੀ ਇੱਕ ਅਨੋਖੀ ਪਹਿਲ ਹੈ। ਸਕੂਲ ਆਪਣੇ ਪਹਿਲੇ ਪੀਰੀਅਡ ਦਾ ਇਸਤੇਮਾਲ ਵੱਖ-ਵੱਖ ਫਿਟਨਸ ਗਤੀਵਿਧੀਆਂ ਲਈ ਕਰ ਰਹੇ ਹਨ। ਕਿੰਨੇ ਹੀ ਸਕੂਲਾਂ ਵਿੱਚ ਕਿਸੇ ਦਿਨ ਬੱਚਿਆਂ ਨੂੰ ਯੋਗ ਕਰਵਾਇਆ ਜਾਂਦਾ ਹੈ, ਕਦੇ ਕਿਸੇ ਦਿਨ ਐਰੋਬਿਕਸ ਦੇ ਸੈਸ਼ਨ ਹੁੰਦੇ ਹਨ ਤਾਂ ਇੱਕ ਦਿਨ ਸਪੋਰਟਸ ਸਕਿੱਲਸ ’ਤੇ ਕੰਮ ਕੀਤਾ ਜਾਂਦਾ ਹੈ, ਕਿਸੇ ਦਿਨ ਖੋ-ਖੋ ਅਤੇ ਕਬੱਡੀ ਵਰਗੇ ਰਵਾਇਤੀ ਖੇਡ ਖਿਡਾਏ ਜਾ ਰਹੇ ਹਨ ਅਤੇ ਇਸ ਦਾ ਅਸਰ ਵੀ ਬਹੁਤ ਸ਼ਾਨਦਾਰ ਹੈ, ਹਾਜ਼ਰੀ ਚੰਗੀ ਹੋ ਰਹੀ ਹੈ। ਬੱਚਿਆਂ ਦੀ ਇਕਾਗਰਤਾ ਵਧ ਰਹੀ ਹੈ ਅਤੇ ਬੱਚਿਆਂ ਨੂੰ ਮਜ਼ਾ ਵੀ ਆ ਰਿਹਾ ਹੈ।

ਸਾਥੀਓ, ਮੈਂ ਤੰਦਰੁਸਤੀ ਦੀ ਇਹ ਊਰਜਾ ਹਰ ਜਗ੍ਹਾ ਵੇਖ ਰਿਹਾ ਹਾਂ। ‘ਮਨ ਕੀ ਬਾਤ’ ਦੇ ਵੀ ਬਹੁਤ ਸਾਰੇ ਸਰੋਤਿਆਂ ਨੇ ਮੈਨੂੰ ਆਪਣੇ ਅਨੁਭਵ ਭੇਜੇ ਹਨ। ਕੁਝ ਲੋਕ ਤਾਂ ਬਹੁਤ ਹੀ ਰੋਚਕ ਪ੍ਰਯੋਗ ਕਰ ਰਹੇ ਹਨ। ਜਿਵੇਂ ਇੱਕ ਉਦਾਹਰਣ ਹੈ Family Fitness Hour ਦਾ, ਯਾਨੀ ਇੱਕ ਪਰਿਵਾਰ, ਹਰ ਵੀਕ ਐਂਡ ਇੱਕ ਘੰਟਾ ਫੈਮਿਲੀ ਫਿਟਨਸ ਐਕਟੀਵਿਟੀ ਦੇ ਲਈ ਦੇ ਰਿਹਾ ਹੈ। ਇੱਕ ਹੋਰ ਉਦਾਹਰਣ Indigenous Games Revival ਦਾ ਹੈ, ਯਾਨੀ ਕੁਝ ਪਰਿਵਾਰ ਆਪਣੇ ਬੱਚਿਆਂ ਨੂੰ traditional games ਸਿਖਾ ਰਹੇ ਹਨ, ਖਿਡਾ ਰਹੇ ਹਨ। ਤੁਸੀਂ ਵੀ ਆਪਣੇ ਫਿਟਨਸ ਰੁਟੀਨ ਦੇ ਅਨੁਭਵ #fitIndia  ਦੇ ਨਾਲ ਸੋਸ਼ਲ ਮੀਡੀਆ ’ਤੇ ਜ਼ਰੂਰ ਸ਼ੇਅਰ ਕਰੋ। ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਜ਼ਰੂਰੀ ਜਾਣਕਾਰੀ ਵੀ ਦੇਣਾ ਚਾਹੁੰਦਾ ਹਾਂ। ਇਸ ਵਾਰੀ 31 ਅਕਤੂਬਰ ਨੂੰ ਸਰਦਾਰ ਪਟੇਲ ਜੀ ਦੀ ਜਯੰਤੀ ਦੇ ਦਿਨ ਹੀ ਦੀਵਾਲੀ ਦਾ ਤਿਉਹਾਰ ਵੀ ਹੈ। ਅਸੀਂ ਹਰ ਸਾਲ 31 ਅਕਤੂਬਰ ਨੂੰ ‘ਰਾਸ਼ਟਰੀ ਏਕਤਾ ਦਿਵਸ’ ਤੇ ‘ਰਨ ਫੌਰ ਯੂਨਿਟੀ’ ਦਾ ਆਯੋਜਨ ਕਰਦੇ ਹਾਂ। ਦੀਵਾਲੀ ਦੀ ਵਜ੍ਹਾ ਨਾਲ ਇਸ ਵਾਰ 29 ਅਕਤੂਬਰ ਯਾਨੀ ਮੰਗਲਵਾਰ ਨੂੰ ‘ਰਨ ਫੌਰ ਯੂਨਿਟੀ’ ਦਾ ਆਯੋਜਨ ਕੀਤਾ ਜਾਵੇਗਾ। ਮੇਰੀ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਇਸ ’ਚ ਹਿੱਸਾ ਲਓ। ਦੇਸ਼ ਦੀ ਏਕਤਾ ਦੇ ਮੰਤਰ ਦੇ ਨਾਲ ਹੀ ਫਿਟਨਸ ਦੇ ਮੰਤਰ ਨੂੰ ਵੀ ਹਰ ਪਾਸੇ ਫੈਲਾਓ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਇਤਨਾ ਹੀ। ਤੁਸੀਂ ਆਪਣੇ ਫੀਡਬੈਕ ਜ਼ਰੂਰ ਭੇਜਦੇ ਰਹੋ। ਇਹ ਤਿਉਹਾਰਾਂ ਦਾ ਸਮਾਂ ਹੈ, ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਧਨਤੇਰਸ, ਦੀਵਾਲੀ, ਛੱਠ ਪੂਜਾ, ਗੁਰੂ ਨਾਨਕ ਜਯੰਤੀ ਅਤੇ ਸਾਰੇ ਪਰਵਾਂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਸੀਂ ਸਾਰੇ ਪੂਰੇ ਉਤਸ਼ਾਹ ਦੇ ਨਾਲ ਤਿਉਹਾਰ ਮਨਾਓ। ‘ਵੋਕਲ ਫੌਰ ਲੋਕਲ’ ਦਾ ਮੰਤਰ ਯਾਦ ਰੱਖੋ। ਕੋਸ਼ਿਸ਼ ਕਰੋ ਕਿ ਤਿਉਹਾਰਾਂ ਦੇ ਦੌਰਾਨ ਤੁਹਾਡੇ ਘਰ ਵਿੱਚ ਸਥਾਨਕ ਦੁਕਾਨਦਾਰ ਤੋਂ ਖਰੀਦਿਆ ਗਿਆ ਸਮਾਨ ਜ਼ਰੂਰ ਆਓ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਤਿਉਹਾਰਾਂ ਦੀ ਬਹੁਤ-ਬਹੁਤ ਵਧਾਈ। ਧੰਨਵਾਦ।

*****

ਐੱਮਜੇਪੀਐੱਸ/ਵੀਟੀ/ਆਰਟੀ