Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 109ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.01.2024)


ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! 2024 ਦਾ ਇਹ ਪਹਿਲਾ ‘ਮਨ ਕੀ ਬਾਤ’ ਦਾ ਪ੍ਰੋਗਰਾਮ ਹੈ। ਅੰਮ੍ਰਿਤਕਾਲ ’ਚ ਇੱਕ ਨਵੀਂ ਉਮੰਗ ਹੈ, ਨਵੀਂ ਤਰੰਗ ਹੈ। ਦੋ ਦਿਨ ਪਹਿਲਾਂ ਅਸੀਂ ਸਾਰੇ ਦੇਸ਼ਵਾਸੀਆਂ ਨੇ 75ਵਾਂ ਗਣਤੰਤਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਹੈ। ਇਸ ਸਾਲ ਸਾਡੇ ਸੰਵਿਧਾਨ ਦੇ ਵੀ 75 ਵਰ੍ਹੇ ਪੂਰੇ ਹੋ ਰਹੇ ਹਨ ਅਤੇ ਸੁਪਰੀਮ ਕੋਰਟ ਦੇ ਵੀ 75 ਵਰ੍ਹੇ ਪੂਰੇ ਹੋ ਰਹੇ ਹਨ। ਸਾਡੇ ਲੋਕਰਾਜ ਦੇ ਇਹ ਤਿਓਹਾਰ Mother of democracy ਦੇ ਰੂਪ ਵਿੱਚ ਭਾਰਤ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਭਾਰਤ ਦਾ ਸੰਵਿਧਾਨ ਇੰਨੇ ਡੂੰਘੇ ਮੰਥਨ ਤੋਂ ਬਾਅਦ ਬਣਿਆ ਹੈ ਕਿ ਉਸ ਨੂੰ ਜਿਊਂਦਾ-ਜਾਗਦਾ ਦਸਤਾਵੇਜ਼ ਕਿਹਾ ਜਾਂਦਾ ਹੈ। ਇਸੇ ਸੰਵਿਧਾਨ ਦੀ ਮੁਢਲੀ ਕਾਪੀ ਦੇ ਤੀਸਰੇ ਅਧਿਆਇ ’ਚ ਭਾਰਤ ਦੇ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਵਰਨਣ ਕੀਤਾ ਗਿਆ ਹੈ ਅਤੇ ਇਹ ਬਹੁਤ ਦਿਲਚਸਪ ਹੈ ਕਿ ਤੀਸਰੇ ਅਧਿਆਇ ਦੇ ਅਰੰਭ ’ਚ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਜੀ ਦੇ ਚਿੱਤਰਾਂ ਨੂੰ ਸਥਾਨ ਦਿੱਤਾ ਸੀ। ਪ੍ਰਭੁ ਰਾਮ ਦਾ ਸ਼ਾਸਨ, ਸਾਡੇ ਸੰਵਿਧਾਨ ਨਿਰਮਾਤਾਵਾਂ ਲਈ ਵੀ ਪ੍ਰੇਰਣਾ ਦਾ ਸਰੋਤ ਸੀ ਅਤੇ ਇਸ ਲਈ 22 ਜਨਵਰੀ ਨੂੰ ਅਯੁੱਧਿਆ ’ਚ ਮੈਂ ‘ਦੇਵ ਤੋਂ ਦੇਸ਼’ ਦੀ ਗੱਲ ਕੀਤੀ ਸੀ, ਰਾਮ ਤੋਂ ਰਾਸ਼ਟਰ ਦੀ ਗੱਲ ਕੀਤੀ ਸੀ।

ਸਾਥੀਓ, ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮੰਨੋ ਇੱਕ ਸੂਤਰ ’ਚ ਬੰਨ੍ਹ ਦਿੱਤਾ ਹੈ। ਸਭ ਦੀ ਭਾਵਨਾ ਇੱਕ, ਸਭ ਦੀ ਭਗਤੀ ਇੱਕ, ਸਭ ਦੀਆਂ ਗੱਲਾਂ ’ਚ ਰਾਮ, ਸਭ ਦੇ ਦਿਲਾਂ ’ਚ ਰਾਮ। ਦੇਸ਼ ਦੇ ਅਨੇਕਾਂ ਲੋਕਾਂ ਨੇ ਇਸ ਦੌਰਾਨ ਰਾਮ ਭਜਨ ਗਾ ਕੇ ਉਨ੍ਹਾਂ ਨੂੰ ਸ਼੍ਰੀ ਰਾਮ ਦੇ ਚਰਨਾਂ ’ਚ ਸਮਰਪਿਤ ਕੀਤਾ। 22 ਜਨਵਰੀ ਦੀ ਸ਼ਾਮ ਨੂੰ ਪੂਰੇ ਦੇਸ਼ ਨੇ ਰਾਮ ਜਯੋਤੀ ਜਗਾਈ, ਦਿਵਾਲੀ ਮਨਾਈ। ਇਸ ਦੌਰਾਨ ਦੇਸ਼ ਨੇ ਸਮੂਹਿਕਤਾ ਦੀ ਸ਼ਕਤੀ ਦੇਖੀ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਦਾ ਵੀ ਬਹੁਤ ਵੱਡਾ ਅਧਾਰ ਹੈ। ਮੈਂ ਦੇਸ਼ ਦੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਮੱਕਰ ਸੰਕ੍ਰਾਂਤੀ ਤੋਂ 22 ਜਨਵਰੀ ਤੱਕ ਸਵੱਛਤਾ ਦਾ ਅਭਿਆਨ ਚਲਾਇਆ ਜਾਵੇ। ਮੈਨੂੰ ਚੰਗਾ ਲਗਾ ਕਿ ਲੱਖਾਂ ਲੋਕਾਂ ਨੇ ਸ਼ਰਧਾ ਭਾਵਨਾ ਨਾਲ ਜੁੜ ਕੇ ਆਪਣੇ ਖੇਤਰ ਦੇ ਧਾਰਮਿਕ ਸਥਾਨਾਂ ਦੀ ਸਾਫ-ਸਫਾਈ ਕੀਤੀ। ਮੈਨੂੰ ਕਿੰਨੇ ਹੀ ਲੋਕਾਂ ਨੇ ਇਸ ਨਾਲ ਜੁੜੀਆਂ ਤਸਵੀਰਾਂ ਭੇਜੀਆਂ ਹਨ, ਵੀਡੀਓ ਭੇਜੇ ਹਨ, ਇਹ ਭਾਵਨਾ ਰੁਕਣੀ ਨਹੀਂ ਚਾਹੀਦੀ, ਇਹ ਮੁਹਿੰਮ ਰੁਕਣੀ ਨਹੀਂ ਚਾਹੀਦੀ। ਇਹੀ ਸਮੂਹਿਕਤਾ ਦੀ ਸ਼ਕਤੀ ਸਾਡੇ ਦੇਸ਼ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਾਏਗੀ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਵਾਰ 26 ਜਨਵਰੀ ਦੀ ਪਰੇਡ ਬਹੁਤ ਹੀ ਸ਼ਾਨਦਾਰ ਰਹੀ ਪਰ ਸਭ ਤੋਂ ਜ਼ਿਆਦਾ ਚਰਚਾ ਪਰੇਡ ਵਿੱਚ ਵੂਮੈਨ ਪਾਵਰ ਨੂੰ ਦੇਖ ਕੇ ਹੋਈ, ਜਦੋਂ ਕਰਤਵਯ ਪਥ ’ਤੇ, ਕੇਂਦਰੀ ਸੁਰੱਖਿਆ ਬਲਾਂ ਅਤੇ ਦਿੱਲੀ ਪੁਲਿਸ ਦੀਆਂ ਮਹਿਲਾ ਟੁਕੜੀਆਂ ਨੇ ਮਾਰਚ ਪਾਸਟ ਸ਼ੁਰੂ ਕੀਤਾ ਤਾਂ ਸਭ ਮਾਣ ਨਾਲ ਭਰ ਉੱਠੇ। ਮਹਿਲਾ ਬੈਂਡ ਦਾ ਮਾਰਚ ਦੇਖ ਕੇ, ਉਨ੍ਹਾਂ ਦਾ ਜ਼ਬਰਦਸਤ ਤਾਲਮੇਲ ਦੇਖ ਕੇ ਦੇਸ਼-ਵਿਦੇਸ਼ ’ਚ ਲੋਕ ਝੂਮ ਉੱਠੇ। ਇਸ ਵਾਰ ਪਰੇਡ ’ਚ ਮਾਰਚ ਕਰਨ ਵਾਲੇ 20 ਦਸਤਿਆਂ ਵਿੱਚੋਂ 11 ਦਸਤੇ ਮਹਿਲਾਵਾਂ ਦੇ ਹੀ ਸਨ। ਅਸੀਂ ਦੇਖਿਆ ਕਿ ਜੋ ਝਾਕੀ ਨਿਕਲੀ, ਉਸ ’ਚ ਵੀ ਸਾਰੀਆਂ ਮਹਿਲਾ ਕਲਾਕਾਰ ਹੀ ਸਨ ਜੋ ਸੱਭਿਆਚਾਰਕ ਪ੍ਰੋਗਰਾਮ ਹੋਏ, ਉਸ ’ਚ ਵੀ ਕਰੀਬ ਡੇਢ ਹਜ਼ਾਰ ਬੇਟੀਆਂ ਨੇ ਹਿੱਸਾ ਲਿਆ ਸੀ। ਕਈ ਮਹਿਲਾ ਕਲਾਕਾਰ ਸ਼ੰਖ, ਨਾਦ ਸਵਰਮ ਅਤੇ ਨਗਾੜਾ ਜਿਹੇ ਭਾਰਤੀ ਸੰਗੀਤ ਵਾਦ ਯੰਤਰ ਵਜਾ ਰਹੀਆਂ ਸਨ। ਡੀ.ਆਰ.ਡੀ.ਓ. ਨੇ ਜੋ ਝਾਕੀ ਕੱਢੀ, ਉਸ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ। ਉਸ ’ਚ ਵਿਖਾਇਆ ਗਿਆ ਕਿ ਕਿਵੇਂ ਨਾਰੀ ਸ਼ਕਤੀ ਜਲ, ਥਲ, ਆਕਾਸ਼, ਸਾਈਬਰ ਅਤੇ ਸਪੇਸ, ਹਰ ਖੇਤਰ ’ਚ ਦੇਸ਼ ਦੀ ਸੁਰੱਖਿਆ ਕਰ ਰਹੀ ਹੈ। 21ਵੀਂ ਸਦੀ ਦਾ ਭਾਰਤ ਅਜਿਹੇ ਹੀ Women Led Development ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ।

ਸਾਥੀਓ, ਤੁਸੀਂ ਕੁਝ ਦਿਨ ਪਹਿਲਾਂ ਹੀ ਅਰਜੁਨ ਅਵਾਰਡ ਸਮਾਰੋਹ ਨੂੰ ਵੀ ਦੇਖਿਆ ਹੋਵੇਗਾ। ਇਸ ’ਚ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੇ ਕਈ ਹੋਣਹਾਰ ਖਿਡਾਰੀਆਂ ਅਤੇ ਐਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇੱਥੇ ਵੀ ਜਿਸ ਇੱਕ ਗੱਲ ਨੇ ਲੋਕਾਂ ਦਾ ਧਿਆਨ ਕਾਫੀ ਖਿੱਚਿਆ, ਉਹ ਸੀ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਬੇਟੀਆਂ ਅਤੇ ਉਨ੍ਹਾਂ ਦੀਆਂ Life Journeys, ਇਸ ਵਾਰ 13 ਵੂਮੈਨ ਐਥਲੀਟਾਂ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵੂਮੈਨ ਐਥਲੀਟਾਂ ਨੇ ਅਨੇਕਾਂ ਵੱਡੇ ਟੂਰਨਾਮੈਂਟਾਂ ’ਚ ਹਿੱਸਾ ਲਿਆ ਅਤੇ ਭਾਰਤ ਦਾ ਝੰਡਾ ਲਹਿਰਾਇਆ। ਸਰੀਰਿਕ ਚੁਣੌਤੀਆਂ, ਆਰਥਿਕ ਚੁਣੌਤੀਆਂ, ਇਨ੍ਹਾਂ ਬਹਾਦਰ ਅਤੇ ਟੈਲੰਟਡ ਖਿਡਾਰੀਆਂ ਅੱਗੇ ਟਿਕ ਨਹੀਂ ਸਕੀਆਂ। ਬਦਲਦੇ ਹੋਏ ਭਾਰਤ ’ਚ ਹਰ ਖੇਤਰ ਵਿੱਚ ਸਾਡੀਆਂ ਬੇਟੀਆਂ, ਦੇਸ਼ ਦੀਆਂ ਮਹਿਲਾਵਾਂ ਕਮਾਲ ਕਰਕੇ ਦਿਖਾ ਰਹੀਆਂ ਹਨ। ਇੱਕ ਹੋਰ ਖੇਤਰ ਹੈ, ਜਿੱਥੇ ਮਹਿਲਾਵਾਂ ਨੇ ਆਪਣਾ ਝੰਡਾ ਲਹਿਰਾਇਆ ਹੈ, ਉਹ ਹੈ ਸੈਲਫ ਹੈਲਪ ਗਰੁੱਪ। ਅੱਜ ਵੂਮੈਨ ਸੈਲਫ ਹੈਲਪ ਗਰੁੱਪ ਦੀ ਦੇਸ਼ ’ਚ ਗਿਣਤੀ ਵੀ ਵਧੀ ਹੈ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਦਾਇਰੇ ਦਾ ਵੀ ਬਹੁਤ ਵਿਸਥਾਰ ਹੋਇਆ ਹੈ। ਉਹ ਦਿਨ ਦੂਰ ਨਹੀਂ, ਜਦੋਂ ਤੁਹਾਨੂੰ ਪਿੰਡ-ਪਿੰਡ ’ਚ, ਖੇਤਾਂ ’ਚ, ਨਮੋ ਡ੍ਰੋਨ ਦੀਦੀਆਂ ਡ੍ਰੋਨ ਦੇ ਜ਼ਰੀਏ ਖੇਤੀ ’ਚ ਮਦਦ ਕਰਦੀਆਂ ਹੋਈਆਂ ਵਿਖਾਈ ਦੇਣਗੀਆਂ। ਮੈਨੂੰ ਯੂ.ਪੀ. ਦੇ ਬਹਿਰਾਈਚ ’ਚ ਸਥਾਨਕ ਚੀਜ਼ਾਂ ਦੇ ਇਸਤੇਮਾਲ ਨਾਲ ਬਾਇਓ ਫਰਟੀਲਾਇਜ਼ਰ ਅਤੇ ਬਾਇਓ ਪੈਸਟੀਸਾਈਡ ਤਿਆਰ ਕਰਨ ਵਾਲੀਆਂ ਮਹਿਲਾਵਾਂ ਬਾਰੇ ਪਤਾ ਲਗਿਆ। ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਨਿਬੀਆ ਬੇਗਮਪੁਰ ਪਿੰਡ ਦੀਆਂ ਮਹਿਲਾਵਾਂ, ਗਾਂ ਦੇ ਗੋਹੇ, ਨਿਮ ਦੀਆਂ ਪੱਤੀਆਂ ਅਤੇ ਕਈ ਤਰ੍ਹਾਂ ਦੇ ਚਿੱਕਿਸਤਕ ਪੌਦਿਆਂ ਨੂੰ ਮਿਲਾ ਕੇ ਬਾਇਓ ਫਰਟੀਲਾਇਜ਼ਰ ਤਿਆਰ ਕਰਦੀਆਂ ਹਨ। ਇਸੇ ਤਰ੍ਹਾਂ ਇਹ ਮਹਿਲਾਵਾਂ ਅਦਰਕ, ਲਸਣ, ਪਿਆਜ਼ ਅਤੇ ਮਿਰਚ ਦਾ ਪੇਸਟ ਬਣਾ ਕੇ ਆਰਗੈਨਿਕ ਪੈਸਟੀਸਾਈਡ ਵੀ ਤਿਆਰ ਕਰਦੀਆਂ ਹਨ। ਇਨ੍ਹਾਂ ਮਹਿਲਾਵਾਂ ਨੇ ਮਿਲ ਕੇ ‘ਉੱਨਤੀ ਜੈਵਿਕ ਇਕਾਈ’ ਨਾਂ ਦਾ ਇੱਕ ਸੰਗਠਨ ਬਣਾਇਆ ਹੈ। ਇਹ ਸੰਗਠਨ ਬਾਇਓ ਪ੍ਰੋਡਕਟਸ ਨੂੰ ਤਿਆਰ ਕਰਨ ’ਚ ਇਨ੍ਹਾਂ ਮਹਿਲਾਵਾਂ ਦੀ ਮਦਦ ਕਰਦਾ ਹੈ। ਇਨ੍ਹਾਂ ਦੁਆਰਾ ਬਣਾਏ ਗਏ ਬਾਇਓ ਫਰਟੀਲਾਇਜ਼ਰ ਤੇ ਬਾਇਓ ਪੈਸਟੀਸਾਈਡ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ। ਅੱਜ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ 6 ਹਜ਼ਾਰ ਤੋਂ ਜ਼ਿਆਦਾ ਕਿਸਾਨ ਇਨ੍ਹਾਂ ਤੋਂ ਬਾਇਓ ਪ੍ਰੋਡਕਟਸ ਖਰੀਦ ਰਹੇ ਹਨ। ਇਸ ਨਾਲ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਇਨ੍ਹਾਂ ਮਹਿਲਾਵਾਂ ਦੀ ਆਮਦਨ ਵਧੀ ਹੈ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਬਿਹਤਰ ਹੋਈ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ’ਚ ਅਸੀਂ ਅਜਿਹੇ ਦੇਸ਼ਵਾਸੀਆਂ ਦੇ ਯਤਨਾਂ ਨੂੰ ਸਾਹਮਣੇ ਲਿਆਉਂਦੇ ਹਾਂ ਜੋ ਨਿਰਸੁਆਰਥ ਭਾਵਨਾ ਦੇ ਨਾਲ ਸਮਾਜ ਨੂੰ, ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ। ਅਜਿਹੇ ਵੇਲੇ 3 ਦਿਨ ਪਹਿਲਾਂ ਜਦੋਂ ਦੇਸ਼ ਨੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ ਤਾਂ ‘ਮਨ ਕੀ ਬਾਤ’ ’ਚ ਅਜਿਹੇ ਲੋਕਾਂ ਦੀ ਚਰਚਾ ਸੁਭਾਵਿਕ ਹੈ। ਇਸ ਵਾਰ ਵੀ ਅਜਿਹੇ ਅਨੇਕਾਂ ਦੇਸ਼ਵਾਸੀਆਂ ਨੂੰ ਪਦਮ ਸਨਮਾਨ ਦਿੱਤਾ ਗਿਆ ਹੈ, ਜਿਨ੍ਹਾਂ ਨੇ ਜ਼ਮੀਨ ਤੋਂ ਜੁੜ ਕੇ ਸਮਾਜ ਵਿੱਚ ਵੱਡੇ-ਵੱਡੇ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। ਇਨ੍ਹਾਂ ਇੰਸਪਾਇਰਿੰਗ ਲੋਕਾਂ ਦੀ ਜੀਵਨ ਯਾਤਰਾ ਦੇ ਬਾਰੇ ਜਾਨਣ ਨੂੰ ਲੈ ਕੇ ਦੇਸ਼ ਭਰ ’ਚ ਬਹੁਤ ਉਤਸੁਕਤਾ ਦਿਖੀ ਹੈ। ਮੀਡੀਆ ਦੀਆਂ ਸੁਰਖੀਆਂ ਤੋਂ ਦੂਰ, ਅਖ਼ਬਾਰਾਂ ਦੇ ਫਰੰਟ ਪੇਜ਼ ਤੋਂ ਦੂਰ, ਇਹ ਲੋਕ ਬਿਨਾ ਕਿਸੇ ਲਾਈਮ ਲਾਈਟ ਦੇ ਸਮਾਜ ਸੇਵਾ ਵਿੱਚ ਜੁਟੇ ਸਨ। ਸਾਨੂੰ ਇਨ੍ਹਾਂ ਲੋਕਾਂ ਬਾਰੇ ਪਹਿਲਾਂ ਸ਼ਾਇਦ ਹੀ ਕੁਝ ਦੇਖਣ-ਸੁਣਨ ਨੂੰ ਮਿਲਿਆ ਹੈ ਪਰ ਹੁਣ ਮੈਨੂੰ ਖੁਸ਼ੀ ਹੈ ਕਿ ਪਦਮ ਸਨਮਾਨ ਐਲਾਨੇ ਜਾਣ ਤੋਂ ਬਾਅਦ ਅਜਿਹੇ ਲੋਕਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਲੋਕ ਉਨ੍ਹਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਨਣ ਲਈ ਉਤਸੁਕ ਹਨ। ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਹ ਜ਼ਿਆਦਾਤਰ ਲੋਕ, ਆਪਣੇ-ਆਪਣੇ ਖੇਤਰ ’ਚ ਕਾਫੀ ਨਿਵੇਕਲੇ ਕੰਮ ਕਰ ਰਹੇ ਹਨ। ਜਿਵੇਂ ਕੋਈ ਐਂਬੂਲੈਂਸ ਸਰਵਿਸ ਮੁਹੱਈਆ ਕਰਵਾ ਰਿਹਾ ਹੈ ਤਾਂ ਕੋਈ ਬੇਸਹਾਰਿਆਂ ਲਈ ਸਿਰ ’ਤੇ ਛੱਤ ਦਾ ਇੰਤਜ਼ਾਮ ਕਰ ਰਿਹਾ ਹੈ। ਕੁਝ ਅਜਿਹੇ ਵੀ ਹਨ ਜੋ ਹਜ਼ਾਰਾਂ ਦਰੱਖਤ ਲਗਾ ਕੇ ਕੁਦਰਤ ਦੀ ਸੁਰੱਖਿਆ ਦੀਆਂ ਕੋਸ਼ਿਸ਼ਾਂ ’ਚ ਜੁਟੇ ਹਨ। ਇੱਕ ਸ਼ਖ਼ਸ ਅਜਿਹੇ ਵੀ ਹਨ, ਜਿਨ੍ਹਾਂ ਨੇ ਚਾਵਲ ਦੀਆਂ 650 ਤੋਂ ਵੀ ਜ਼ਿਆਦਾ ਕਿਸਮਾਂ ਦੀ ਸੁਰੱਖਿਆ ਦਾ ਕੰਮ ਕੀਤਾ ਹੈ। ਇੱਕ ਸ਼ਖ਼ਸ ਅਜਿਹੇ ਵੀ ਹਨ ਜੋ ਡਰੱਗਸ ਅਤੇ ਸ਼ਰਾਬ ਦੀ ਲੱਤ ਦੀ ਰੋਕਥਾਮ ਲਈ ਸਮਾਜ ਵਿੱਚ ਜਾਗਰੂਕਤਾ ਫੈਲਾ ਰਹੇ ਹਨ। ਕਈ ਲੋਕ ਤਾਂ ਸੈਲਫ ਹੈਲਪ ਗਰੁੱਪ ਖਾਸਕਰ ਨਾਰੀ ਸ਼ਕਤੀ ਦੀ ਮੁਹਿੰਮ ਨਾਲ ਲੋਕਾਂ ਨੂੰ ਜੋੜ ’ਚ ਜੁਟੇ ਹੋਏ ਹਨ। ਦੇਸ਼ਵਾਸੀਆਂ ’ਚ ਇਸ ਗੱਲ ਨੂੰ ਲੈ ਕੇ ਵੀ ਬਹੁਤ ਖੁਸ਼ੀ ਹੈ ਕਿ ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ 30 ਮਹਿਲਾਵਾਂ ਹਨ। ਇਹ ਮਹਿਲਾਵਾਂ ਜ਼ਮੀਨੀ ਪੱਧਰ ’ਤੇ ਆਪਣੇ ਕੰਮਾਂ ਨਾਲ ਸਮਾਜ ਅਤੇ ਦੇਸ਼ ਨੂੰ ਅੱਗੇ ਲੈ ਕੇ ਜਾ ਰਹੀਆਂ ਹਨ।

ਸਾਥੀਓ, ਪਦਮ ਸਨਮਾਨ ਹਾਸਲ ਕਰਨ ਵਾਲਿਆਂ ’ਚ ਹਰ ਕਿਸੇ ਦਾ ਯੋਗਦਾਨ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਨ ਵਾਲਾ ਹੈ। ਇਸ ਵਾਰ ਸਨਮਾਨ ਹਾਸਲ ਕਰਨ ਵਾਲਿਆਂ ’ਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਸ਼ਾਸਤਰੀ ਨ੍ਰਿਤ, ਸ਼ਾਸਤਰੀ ਸੰਗੀਤ, ਲੋਕ ਨ੍ਰਿਤ, ਥੀਏਟਰ ਅਤੇ ਭਜਨ ਦੀ ਦੁਨੀਆ ’ਚ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਪ੍ਰਾਕ੍ਰਿਤ, ਮਾਲਵੀ ਅਤੇ ਲੰਬਾਡੀ ਭਾਸ਼ਾ ’ਚ ਬਹੁਤ ਹੀ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਹੈ। ਵਿਦੇਸ਼ ਦੇ ਵੀ ਕਈ ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਦੇ ਕੰਮਾਂ ਨਾਲ ਭਾਰਤੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਨਵੀਂ ਉਚਾਈ ਮਿਲ ਰਹੀ ਹੈ। ਇਨ੍ਹਾਂ ’ਚ ਫਰਾਂਸ, ਤਾਇਵਾਨ, ਮੈਕਸੀਕੋ ਅਤੇ ਬੰਗਲਾਦੇਸ਼ ਦੇ ਨਾਗਰਿਕ ਵੀ ਸ਼ਾਮਿਲ ਹਨ।

ਸਾਥੀਓ, ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਿਛਲੇ ਇੱਕ ਦਹਾਕੇ ’ਚ ਪਦਮ ਸਨਮਾਨ ਦਾ ਸਿਸਟਮ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ। ਹੁਣ ਇਹ ਪੀਪਲਸ ਪਦਮ ਬਣ ਚੁੱਕਿਆ ਹੈ। ਪਦਮ ਸਨਮਾਨ ਦੇਣ ਦੀ ਵਿਵਸਥਾ ਵਿੱਚ ਕਈ ਤਬਦੀਲੀਆਂ ਵੀ ਹੋਈਆਂ ਹਨ। ਹੁਣ ਇਨ੍ਹਾਂ ਲੋਕਾਂ ਕੋਲ ਖ਼ੁਦ ਨੂੰ ਵੀ ਨੋਮੀਨੇਟ ਕਰਨ ਦਾ ਮੌਕਾ ਰਹਿੰਦਾ ਹੈ। ਇਹੀ ਕਾਰਣ ਹੈ ਕਿ ਇਸ ਵਾਰ 2014 ਦੀ ਤੁਲਨਾ ’ਚ 28 ਗੁਣਾਂ ਜ਼ਿਆਦਾ ਨੋਮੀਨੇਸ਼ਨ ਪ੍ਰਾਪਤ ਹੋਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਪਦਮ ਸਨਮਾਨ ਦਾ ਵੱਕਾਰ, ਉਸ ਦੀ ਭਰੋਸੇਯੋਗਤਾ, ਉਸ ਦੇ ਪ੍ਰਤੀ ਸਨਮਾਨ, ਹਰ ਸਾਲ ਵਧਦਾ ਜਾ ਰਿਹਾ ਹੈ। ਮੈਂ ਪਦਮ ਸਨਮਾਨ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਨੂੰ ਫਿਰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਕਹਿੰਦੇ ਹਨ ਹਰ ਜੀਵਨ ਦਾ ਇੱਕ ਮਕਸਦ ਹੁੰਦਾ ਹੈ, ਹਰ ਕੋਈ ਇੱਕ ਮਕਸਦ ਨੂੰ ਪੂਰਾ ਕਰਨ ਲਈ ਹੀ ਜਨਮ ਲੈਂਦਾ ਹੈ। ਇਸ ਲਈ ਲੋਕ ਪੂਰੀ ਲਗਨ ਨਾਲ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਹਨ। ਅਸੀਂ ਵੇਖਿਆ ਹੈ ਕਿ ਕੋਈ ਸਮਾਜਸੇਵਾ ਦੇ ਜ਼ਰੀਏ, ਕੋਈ ਫ਼ੌਜ ’ਚ ਭਰਤੀ ਹੋ ਕੇ, ਕੋਈ ਅਗਲੀ ਪੀੜ੍ਹੀ ਨੂੰ ਪੜ੍ਹਾ ਕੇ, ਆਪਣੇ ਕਰਤੱਵਾਂ ਦੀ ਪਾਲਣਾ ਕਰਦਾ ਹੈ, ਪਰ ਸਾਥੀਓ ਸਾਡੇ ਦਰਮਿਆਨ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ਦੀ ਅਖੀਰ ਤੋਂ ਬਾਅਦ ਵੀ ਸਮਾਜਿਕ ਜੀਵਨ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਨ ਅਤੇ ਇਸ ਲਈ ਉਨ੍ਹਾਂ ਦਾ ਜ਼ਰੀਆ ਹੁੰਦਾ ਹੈ – ਅੰਗਦਾਨ। ਹਾਲ ਦੇ ਵਰ੍ਹਿਆਂ ’ਚ ਦੇਸ਼ ’ਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਅਜਿਹੇ ਰਹੇ ਹਨ, ਜਿਨ੍ਹਾਂ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਅੰਗਾਂ ਦਾ ਦਾਨ ਕਰ ਦਿੱਤਾ। ਇਹ ਫ਼ੈਸਲਾ ਅਸਾਨ ਨਹੀਂ ਹੁੰਦਾ, ਪਰ ਇਹ ਫ਼ੈਸਲਾ ਕਈ ਜ਼ਿੰਦਗੀਆਂ ਨੂੰ ਬਚਾਉਣ ਵਾਲਾ ਹੁੰਦਾ ਹੈ। ਮੈਂ ਉਨ੍ਹਾਂ ਪਰਿਵਾਰਾਂ ਦੀ ਵੀ ਸ਼ਲਾਘਾ ਕਰਾਂਗਾ, ਜਿਨ੍ਹਾਂ ਨੇ ਆਪਣੇ ਕਰੀਬੀਆਂ ਦੀ ਆਖਰੀ ਇੱਛਾ ਦਾ ਸਨਮਾਨ ਕੀਤਾ। ਅੱਜ ਦੇਸ਼ ਵਿੱਚ ਬਹੁਤ ਸਾਰੇ ਸਮੂਹ ਵੀ ਇਸ ਦਿਸ਼ਾ ’ਚ ਬਹੁਤ ਪ੍ਰੇਰਕ ਕੋਸ਼ਿਸ਼ ਕਰ ਰਹੇ ਹਨ। ਕੁਝ ਸਮੂਹ ਲੋਕਾਂ ਨੂੰ ਅੰਗਦਾਨ ਲਈ ਜਾਗਰੂਕ ਕਰ ਰਹੇ ਹਨ, ਕੁਝ ਸੰਸਥਾਵਾਂ ਅੰਗਦਾਨ ਕਰਨ ਦੇ ਚਾਹਵਾਨ ਲੋਕਾਂ ਦਾ ਰਜਿਸਟ੍ਰੇਸ਼ਨ ਕਰਵਾਉਣ ’ਚ ਮਦਦ ਕਰ ਰਹੀਆਂ ਹਨ। ਅਜਿਹੀਆਂ ਕੋਸ਼ਿਸ਼ਾਂ ਨਾਲ ਦੇਸ਼ ’ਚ ਓਰਗਨ ਡੋਨੇਸ਼ਨ ਦੇ ਪ੍ਰਤੀ ਸਕਾਰਾਤਮਕ ਮਾਹੌਲ ਬਣ ਰਿਹਾ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਚ ਰਹੀਆਂ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ ਤੁਹਾਡੇ ਨਾਲ ਭਾਰਤ ਦੀ ਇੱਕ ਅਜਿਹੀ ਉਪਲਬਧੀ ਸਾਂਝੀ ਕਰ ਰਿਹਾ ਹੈ, ਜਿਸ ਨਾਲ ਮਰੀਜ਼ਾਂ ਦਾ ਜੀਵਨ ਅਸਾਨ ਬਣੇਗਾ, ਉਨ੍ਹਾਂ ਦੀ ਪ੍ਰੇਸ਼ਾਨੀ ਕੁਝ ਘੱਟ ਹੋਵੇਗੀ। ਤੁਹਾਡੇ ਵਿੱਚੋਂ ਕਈ ਲੋਕ ਹੋਣਗੇ, ਜਿਨ੍ਹਾਂ ਨੂੰ ਇਲਾਜ ਲਈ ਆਯੁਰਵੇਦ, ਸਿੱਧ ਜਾਂ ਯੂਨਾਨੀ ਚਿਕਿਤਸਾ ਪੱਧਤੀ ਤੋਂ ਮਦਦ ਮਿਲਦੀ ਹੈ, ਪਰ ਇਨ੍ਹਾਂ ਮਰੀਜ਼ਾਂ ਨੂੰ ਉਦੋਂ ਸਮੱਸਿਆ ਆਉਂਦੀ ਹੈ, ਜਦੋਂ ਇਸੇ ਪੱਧਤੀ ਦੇ ਕਿਸੇ ਦੂਸਰੇ ਡਾਕਟਰ ਕੋਲ ਜਾਂਦੇ ਹਨ। ਇਨ੍ਹਾਂ ਇਲਾਜ ਦੇ ਤਰੀਕਿਆਂ ’ਚ ਬਿਮਾਰੀ ਦੇ ਨਾਮ, ਇਲਾਜ ਅਤੇ ਦਵਾਈਆਂ ਲਈ ਇੱਕੋ ਜਿਹੀ ਭਾਸ਼ਾ ਦਾ ਇਸਤੇਮਾਲ ਨਹੀਂ ਹੁੰਦਾ। ਹਰ ਡਾਕਟਰ ਆਪਣੇ ਤਰੀਕੇ ਨਾਲ ਬਿਮਾਰੀ ਦਾ ਨਾਮ ਅਤੇ ਇਲਾਜ ਦੇ ਤੌਰ-ਤਰੀਕੇ ਲਿਖਦਾ ਹੈ। ਇਸ ਨਾਲ ਦੂਸਰੇ ਡਾਕਟਰ ਲਈ ਸਮਝ ਪਾਉਣਾ ਕਈ ਵਾਰ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਦਹਾਕਿਆਂ ਤੋਂ ਚਲੀ ਆ ਰਹੀ ਇਸ ਸਮੱਸਿਆ ਦਾ ਵੀ ਹੁਣ ਹੱਲ ਲੱਭ ਲਿਆ ਗਿਆ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਯੁਸ਼ ਮੰਤਰਾਲੇ ਨੇ ਆਯੁਰਵੇਦ, ਸਿੱਧ ਅਤੇ ਯੂਨਾਨੀ ਇਲਾਜ ਨਾਲ ਜੁੜਿਆ ਡਾਟਾ ਅਤੇ ਸ਼ਬਦਾਵਲੀ ਦਾ ਵਰਗੀਕਰਣ ਕੀਤਾ ਹੈ, ਇਸ ’ਚ ‘ਵਿਸ਼ਵ ਸਿਹਤ ਸੰਗਠਨ’ ਨੇ ਵੀ ਮਦਦ ਕੀਤੀ ਹੈ। ਦੋਹਾਂ ਦੀਆਂ ਕੋਸ਼ਿਸ਼ਾਂ ਨਾਲ ਆਯੁਰਵੇਦ, ਯੂਨਾਨੀ ਅਤੇ ਸਿੱਧ ਇਲਾਜ ਵਿੱਚ ਬਿਮਾਰੀ ਅਤੇ ਇਲਾਜ ਨਾਲ ਜੁੜੀ ਸ਼ਬਦਾਵਲੀ ਦੀ ਕੋਡਿੰਗ ਕਰ ਦਿੱਤੀ ਗਈ ਹੈ। ਇਸ ਕੋਡਿੰਗ ਦੀ ਮਦਦ ਨਾਲ ਹੁਣ ਸਾਰੇ ਡਾਕਟਰ prescription ਜਾਂ ਆਪਣੀ ਪਰਚੀ ’ਤੇ ਇੱਕੋ ਜਿਹੀ ਭਾਸ਼ਾ ਲਿਖਣਗੇ। ਇਸ ਦਾ ਇੱਕ ਫਾਇਦਾ ਇਹ ਹੋਵੇਗਾ ਕਿ ਜੇ ਤੁਸੀਂ ਉਹ ਪਰਚੀ ਲੈ ਕੇ ਦੂਸਰੇ ਡਾਕਟਰ ਦੇ ਪਾਸ ਜਾਓਗੇ ਤਾਂ ਡਾਕਟਰ ਨੂੰ ਇਸ ਦੀ ਪੂਰੀ ਜਾਣਕਾਰੀ ਉਸ ਪਰਚੀ ਤੋਂ ਹੀ ਮਿਲ ਜਾਵੇਗੀ। ਤੁਹਾਡੀ ਬਿਮਾਰੀ, ਇਲਾਜ, ਕਿਹੜੀਆਂ-ਕਿਹੜੀਆਂ ਦਵਾਈਆਂ ਚਲੀਆਂ ਹਨ, ਕਦੋਂ ਤੋਂ ਇਲਾਜ ਚਲ ਰਿਹਾ ਹੈ, ਤੁਹਾਨੂੰ ਕਿਨ੍ਹਾਂ ਚੀਜ਼ਾਂ ਤੋਂ ਐਲਰਜੀ ਹੈ, ਇਹ ਸਭ ਜਾਨਣ ’ਚ ਉਸ ਪਰਚੀ ਤੋਂ ਮਦਦ ਮਿਲੇਗੀ। ਇਸ ਦਾ ਇੱਕ ਹੋਰ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ, ਜੋ ਰਿਸਰਚ ਦੇ ਕੰਮ ਨਾਲ ਜੁੜੇ ਹੋਏ ਹਨ। ਦੂਸਰੇ ਦੇਸ਼ਾਂ ਦੇ ਵਿਗਿਆਨੀਆਂ ਨੂੰ ਵੀ ਬਿਮਾਰੀ, ਦਵਾਈਆਂ ਅਤੇ ਉਸ ਦੇ ਅਸਰ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ। ਰਿਸਰਚ ਵਧਣ ਅਤੇ ਕਈ ਵਿਗਿਆਨੀਆਂ ਦੇ ਨਾਲ-ਨਾਲ ਜੁੜਨ ਨਾਲ ਇਹ ਇਲਾਜ ਦੇ ਢੰਗ ਹੋਰ ਬਿਹਤਰ ਨਤੀਜੇ ਦੇਣਗੇ ਅਤੇ ਲੋਕਾਂ ਦਾ ਇਨ੍ਹਾਂ ਪ੍ਰਤੀ ਝੁਕਾਅ ਵਧੇਗਾ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਆਯੁਸ਼ ਪੱਧਤੀਆਂ ਨਾਲ ਜੁੜੇ ਸਾਡੇ ਡਾਕਟਰ ਇਸ ਕੋਡਿੰਗ ਨੂੰ ਜਲਦੀ ਤੋਂ ਜਲਦੀ ਅਪਨਾਉਣਗੇ।

ਮੇਰੇ ਸਾਥੀਓ, ਜਦੋਂ ਆਯੁਸ਼ ਚਿਕਿਤਸਾ ਪੱਧਤੀ ਦੀ ਗੱਲ ਕਰ ਰਿਹਾ ਹਾਂ ਤਾਂ ਮੇਰੀਆਂ ਅੱਖਾਂ ਸਾਹਮਣੇ ਯਾਨੁੰਗ ਜਾਮੋਹ ਲੈਗੋਕੀ ਦੀ ਤਸਵੀਰ ਆ ਰਹੀ ਹੈ। ਸੁਸ਼੍ਰੀ ਯਾਨੁੰਗ ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਹਰਬਲ ਮੈਡੀਕਲ ਮਾਹਿਰ ਹਨ। ਇਨ੍ਹਾਂ ਨੇ ਆਦਿ ਜਨਜਾਤੀ ਦੀ ਪਰੰਪਰਾਗਤ ਇਲਾਜ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਵੀ ਕਾਫੀ ਕੰਮ ਕੀਤਾ ਹੈ। ਇਸ ਯੋਗਦਾਨ ਲਈ ਉਨ੍ਹਾਂ ਨੂੰ ਇਸ ਵਾਰ ਪਦਮ ਸਨਮਾਨ ਵੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸ ਵਾਰ ਛੱਤੀਸਗੜ੍ਹ ਦੇ ਹੇਮਚੰਦ ਮਾਂਝੀ ਨੂੰ ਵੀ ਪਦਮ ਸਨਮਾਨ ਮਿਲਿਆ ਹੈ। ਵੈਦ ਰਾਜ ਹੇਮਚੰਦ ਮਾਂਝੀ ਵੀ ਆਯੁਸ਼ ਇਲਾਜ ਪ੍ਰਣਾਲੀ ਦੀ ਮਦਦ ਨਾਲ ਲੋਕਾਂ ਦਾ ਇਲਾਜ ਕਰਦੇ ਹਨ। ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਗ਼ਰੀਬ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੂੰ 5 ਦਹਾਕਿਆਂ ਤੋਂ ਜ਼ਿਆਦਾ ਸਮਾਂ ਹੋ ਰਿਹਾ ਹੈ। ਸਾਡੇ ਦੇਸ਼ ’ਚ ਆਯੁਰਵੇਦ ਅਤੇ ਹਰਬਲ ਮੈਡੀਸਿਨ ਦਾ ਜੋ ਖਜ਼ਾਨਾ ਲੁਕਿਆ ਹੈ, ਉਸ ਦੀ ਸੁਰੱਖਿਆ ’ਚ ਸੁਸ਼੍ਰੀ ਯਾਨੁੰਗ ਅਤੇ ਹੇਮਚੰਦ ਜੀ ਵਰਗੇ ਲੋਕਾਂ ਦੀ ਵੱਡੀ ਭੂਮਿਕਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੇ ਜ਼ਰੀਏ ਸਾਡਾ ਤੇ ਤੁਹਾਡਾ ਜੋ ਰਿਸ਼ਤਾ ਬਣਿਆ ਹੈ, ਉਹ ਇੱਕ ਦਹਾਕਾ ਪੁਰਾਣਾ ਹੋ ਚੁੱਕਿਆ ਹੈ। ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਇਸ ਦੌਰ ’ਚ ਵੀ ਰੇਡੀਓ ਪੂਰੇ ਦੇਸ਼ ਨੂੰ ਜੋੜਨ ਦਾ ਇੱਕ ਮਜ਼ਬੂਤ ਜ਼ਰੀਆ ਹੈ। ਰੇਡੀਓ ਦੀ ਤਾਕਤ ਕਿੰਨਾ ਬਦਲਾਅ ਲਿਆ ਸਕਦੀ ਹੈ, ਇਸ ਦੀ ਇੱਕ ਨਿਵੇਕਲੀ ਮਿਸਾਲ ਛੱਤੀਸਗੜ੍ਹ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬੀਤੇ ਕਰੀਬ 7 ਵਰ੍ਹਿਆਂ ’ਚ ਇੱਥੇ ਰੇਡੀਓ ’ਤੇ ਇੱਕ ਹਰਮਨਪਿਆਰੇ ਪ੍ਰੋਗਰਾਮ ਦਾ ਪ੍ਰਸਾਰਣ ਹੋ ਰਿਹਾ ਹੈ, ਜਿਸ ਦਾ ਨਾਮ ਹੈ ‘ਹਮਰ ਹਾਥੀ – ਹਮਰ ਗੋਠ’। ਨਾਮ ਸੁਣ ਕੇ ਤੁਹਾਨੂੰ ਲੱਗ ਸਕਦਾ ਹੈ ਕਿ ਰੇਡੀਓ ਤੇ ਹਾਥੀ ਦਾ ਭਲਾ ਕੀ ਕਨੈਕਸ਼ਨ ਹੋ ਸਕਦਾ ਹੈ ਪਰ ਇਹੀ ਤਾਂ ਰੇਡੀਓ ਦੀ ਖੂਬੀ ਹੈ। ਛੱਤੀਸਗੜ੍ਹ ’ਚ ਆਕਾਸ਼ਵਾਣੀ ਦੇ ਚਾਰ ਕੇਂਦਰਾਂ ਅੰਬਿਕਾਪੁਰ, ਰਾਏਪੁਰ, ਬਿਲਾਸਪੁਰ ਅਤੇ ਰਾਏਗੜ੍ਹ ਤੋਂ ਹਰ ਸ਼ਾਮ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਛੱਤੀਸਗੜ੍ਹ ਦੇ ਜੰਗਲਾਂ ਅਤੇ ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਬੜੇ ਧਿਆਨ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹਨ। ‘ਹਮਰ ਹਾਥੀ – ਹਮਰ ਗੋਠ’ ਪ੍ਰੋਗਰਾਮ ’ਚ ਦੱਸਿਆ ਜਾਂਦਾ ਹੈ ਕਿ ਹਾਥੀਆਂ ਦਾ ਝੁੰਡ ਜੰਗਲ ਦੇ ਕਿਸ ਇਲਾਕੇ ’ਚੋਂ ਗੁਜਰ ਰਿਹਾ ਹੈ। ਇਹ ਜਾਣਕਾਰੀ ਇੱਥੋਂ ਦੇ ਲੋਕਾਂ ਦੇ ਬਹੁਤ ਕੰਮ ਆਉਂਦੀ ਹੈ। ਲੋਕਾਂ ਨੂੰ ਜਿਵੇਂ ਹੀ ਰੇਡੀਓ ਤੋਂ ਹਾਥੀਆਂ ਦੇ ਝੁੰਡ ਦੇ ਆਉਣ ਦੀ ਜਾਣਕਾਰੀ ਮਿਲਦੀ ਹੈ, ਉਹ ਸਾਵਧਾਨ ਹੋ ਜਾਂਦੇ ਹਨ, ਜਿਨ੍ਹਾਂ ਰਸਤਿਆਂ ਤੋਂ ਹਾਥੀ ਲੰਘਦੇ ਹਨ, ਉੱਧਰ ਜਾਣ ਦਾ ਖ਼ਤਰਾ ਟਲ ਜਾਂਦਾ ਹੈ। ਇਸ ਨਾਲ ਜਿੱਥੇ ਇੱਕ ਪਾਸੇ ਹਾਥੀਆਂ ਦੇ ਝੁੰਡ ਤੋਂ ਨੁਕਸਾਨ ਦੀ ਸੰਭਾਵਨਾ ਘੱਟ ਹੋ ਰਹੀ ਹੈ, ਉੱਥੇ ਹੀ ਹਾਥੀਆਂ ਦੇ ਬਾਰੇ ਡਾਟਾ ਜੁਟਾਉਣ ’ਚ ਮਦਦ ਮਿਲਦੀ ਹੈ। ਇਸ ਡਾਟਾ ਦੇ ਇਸਤੇਮਾਲ ਨਾਲ ਭਵਿੱਖ ਵਿੱਚ ਹਾਥੀਆਂ ਦੀ ਸੁਰੱਖਿਆ ’ਚ ਵੀ ਮਦਦ ਮਿਲੇਗੀ। ਇੱਥੇ ਹਾਥੀਆਂ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸ ਨਾਲ ਜੰਗਲ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਹਾਥੀਆਂ ਦੇ ਨਾਲ ਤਾਲਮੇਲ ਬਿਠਾਉਣਾ ਅਸਾਨ ਹੋ ਗਿਆ ਹੈ। ਛੱਤੀਸਗੜ੍ਹ ਦੀ ਇਸ ਬੇਮਿਸਾਲ ਪਹਿਲ ਅਤੇ ਇਸ ਦੇ ਅਨੁਭਵਾਂ ਦਾ ਲਾਭ ਦੇਸ਼ ਦੇ ਦੂਸਰੇ ਜੰਗਲੀ ਖੇਤਰਾਂ ’ਚ ਰਹਿਣ ਵਾਲੇ ਲੋਕ ਵੀ ਲੈ ਸਕਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਇਸੇ 25 ਜਨਵਰੀ ਨੂੰ ਅਸੀਂ ਸਾਰਿਆਂ ਨੇ ਨੈਸ਼ਨਲ ਵੋਟਰਸ ਡੇ ਮਨਾਇਆ ਹੈ। ਇਹ ਸਾਡੀਆਂ ਗੌਰਵਮਈ ਲੋਕਤਾਂਤਰਿਕ ਪ੍ਰੰਪਰਾਵਾਂ ਲਈ ਇੱਕ ਅਹਿਮ ਦਿਨ ਹੈ। ਅੱਜ ਦੇਸ਼ ਵਿੱਚ ਤਕਰੀਬਨ 96 ਕਰੋੜ ਵੋਟਰ ਹਨ, ਤੁਸੀਂ ਜਾਣਦੇ ਹੋ ਇਹ ਅੰਕੜਾ ਕਿੰਨਾ ਵੱਡਾ ਹੈ? ਇਹ ਅਮਰੀਕਾ ਦੀ ਕੁਲ ਆਬਾਦੀ ਤੋਂ ਵੀ ਤਕਰੀਬਨ ਤਿੰਨ ਗੁਣਾਂ ਹੈ। ਇਹ ਪੂਰੇ ਯੂਰਪ ਦੀ ਕੁਲ ਆਬਾਦੀ ਤੋਂ ਵੀ ਕਰੀਬ ਡੇਢ ਗੁਣਾਂ ਹੈ। ਜੇ ਚੋਣ ਕੇਂਦਰਾਂ ਦੀ ਗੱਲ ਕਰੀਏ ਤਾਂ ਦੇਸ਼ ’ਚ ਅੱਜ ਉਨ੍ਹਾਂ ਦੀ ਗਿਣਤੀ ਕਰੀਬ ਸਾਢੇ 10 ਲੱਖ ਹੈ। ਭਾਰਤ ਦਾ ਹਰ ਨਾਗਰਿਕ ਆਪਣੇ ਲੋਕਤਾਂਤਰਿਕ ਅਧਿਕਾਰ ਦਾ ਇਸਤੇਮਾਲ ਕਰ ਸਕੇ, ਇਸ ਦੇ ਲਈ ਸਾਡਾ ਚੋਣ ਕਮਿਸ਼ਨ, ਅਜਿਹੀਆਂ ਥਾਵਾਂ ’ਤੇ ਵੀ ਪੋਲਿੰਗ ਬੂਥ ਬਣਵਾਉਂਦਾ ਹੈ, ਜਿੱਥੇ ਸਿਰਫ਼ ਇੱਕ ਵੋਟਰ ਹੋਵੇ। ਮੈਂ ਚੋਣ ਕਮਿਸ਼ਨ ਦੀ ਸ਼ਲਾਘਾ ਕਰਨਾ ਚਾਹਾਂਗਾ, ਜਿਸ ਨੇ ਦੇਸ਼ ’ਚ ਲੋਕਤਾਂਤਰਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਹਨ।

ਸਾਥੀਓ, ਅੱਜ ਦੇਸ਼ ਲਈ ਉਤਸ਼ਾਹ ਦੀ ਗੱਲ ਇਹ ਵੀ ਹੈ ਕਿ ਦੁਨੀਆ ਦੇ ਅਨੇਕ ਦੇਸ਼ਾਂ ’ਚ ਜਿੱਥੇ ਵੋਟਿੰਗ ਪ੍ਰਤੀਸ਼ਤ ਘੱਟ ਹੋ ਰਿਹਾ ਹੈ, ਭਾਰਤ ’ਚ ਚੋਣਾਂ ਦਾ ਪ੍ਰਤੀਸ਼ਤ ਵਧਦਾ ਜਾ ਰਿਹਾ ਹੈ। 1951-52 ’ਚ ਜਦੋਂ ਦੇਸ਼ ’ਚ ਪਹਿਲੀ ਵਾਰ ਚੋਣਾਂ ਹੋਈਆਂ ਸਨ ਤਾਂ ਲੱਗਭਗ 45 ਪ੍ਰਤੀਸ਼ਤ ਵੋਟਰਾਂ ਨੇ ਹੀ ਵੋਟ ਪਾਏ ਸਨ। ਅੱਜ ਇਹ ਅੰਕੜਾ ਕਾਫੀ ਵਧ ਚੁੱਕਾ ਹੈ। ਦੇਸ਼ ’ਚ ਨਾ ਸਿਰਫ਼ ਵੋਟਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਬਲਕਿ ਟਰਨਆਊਟ ਵੀ ਵਧਿਆ ਹੈ। ਸਾਡੇ ਨੌਜਵਾਨ ਵੋਟਰਾਂ ਨੂੰ ਰਜਿਸਟ੍ਰੇਸ਼ਨ ਲਈ ਜ਼ਿਆਦਾ ਮੌਕੇ ਮਿਲ ਸਕਣ, ਇਸ ਲਈ ਸਰਕਾਰ ਨੇ ਕਾਨੂੰਨ ’ਚ ਵੀ ਤਬਦੀਲੀ ਕੀਤੀ ਹੈ। ਮੈਨੂੰ ਇਹ ਦੇਖ ਕੇ ਵੀ ਚੰਗਾ ਲਗਦਾ ਹੈ ਕਿ ਵੋਟਰਾਂ ਵਿਚਕਾਰ ਜਾਗਰੂਕਤਾ ਵਧਾਉਣ ਲਈ ਸਮੂਹਿਕ ਪੱਧਰ ’ਤੇ ਵੀ ਕਈ ਕੋਸ਼ਿਸ਼ਾਂ ਹੋ ਰਹੀਆਂ ਹਨ। ਕਿਤੇ ਲੋਕ ਘਰ-ਘਰ ਜਾ ਕੇ ਵੋਟਰਾਂ ਨੂੰ ਵੋਟਾਂ ਪਾਉਣ ਬਾਰੇ ਦੱਸ ਰਹੇ ਹਨ, ਕਿਤੇ ਪੇਂਟਿੰਗ ਬਣਾ ਕੇ, ਕਿਤੇ ਨੁੱਕੜ ਨਾਟਕਾਂ ਦੇ ਜ਼ਰੀਏ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੇ ਹਰ ਯਤਨ, ਸਾਡੇ ਲੋਕਰਾਜ ਦੇ ਤਿਓਹਾਰ ’ਚ ਅਲੱਗ-ਅਲੱਗ ਰੰਗ ਭਰ ਰਹੇ ਹਨ। ਮੈਂ ‘ਮਨ ਕੀ ਬਾਤ’ ਦੇ ਜ਼ਰੀਏ ਆਪਣੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਕਹਾਂਗਾ ਕਿ ਉਹ ਵੋਟਰ ਲਿਸਟ ’ਚ ਆਪਣਾ ਨਾਮ ਜ਼ਰੂਰ ਲਿਖਵਾਉਣ। ਨੈਸ਼ਨਲ ਵੋਟਰ ਸਰਵਿਸ ਪੋਰਟਲ ਅਤੇ ਵੋਟਰ ਹੈਲਪਲਾਈਨ ਐਪ ਦੇ ਜ਼ਰੀਏ ਉਹ ਇਸ ਨੂੰ ਅਸਾਨੀ ਨਾਲ ਆਨਲਾਈਨ ਪੂਰਾ ਕਰ ਸਕਦੇ ਹਨ। ਤੁਸੀਂ ਇਹ ਹਮੇਸ਼ਾ ਯਾਦ ਰੱਖੋ ਕਿ ਤੁਹਾਡਾ ਇੱਕ ਵੋਟ ਦੇਸ਼ ਦੀ ਕਿਸਮਤ ਬਦਲ ਸਕਦਾ ਹੈ, ਦੇਸ਼ ਦੀ ਕਿਸਮਤ ਬਣਾ ਸਕਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ 28 ਜਨਵਰੀ ਨੂੰ ਭਾਰਤ ਦੀਆਂ ਦੋ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਜਨਮ ਜਯੰਤੀ ਵੀ ਹੁੰਦੀ ਹੈ, ਜਿਨ੍ਹਾਂ ਨੇ ਵੱਖ-ਵੱਖ ਦੌਰ ’ਚ ਦੇਸ਼ ਭਗਤੀ ਦੀ ਮਿਸਾਲ ਕਾਇਮ ਕੀਤੀ ਹੈ। ਅੱਜ ਦੇਸ਼ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਲਾਲਾ ਜੀ ਸੁਤੰਤਰਤਾ ਸੰਗ੍ਰਾਮ ਦੇ ਇੱਕ ਅਜਿਹੇ ਸੈਨਾਨੀ ਰਹੇ, ਜਿਨ੍ਹਾਂ ਨੇ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਦਿਵਾਉਣ ਲਈ ਆਪਣੀ ਜਾਨ ਵਾਰ ਦਿੱਤੀ। ਲਾਲਾ ਜੀ ਦੇ ਵਿਅਕਤੀਤਵ ਨੂੰ ਸਿਰਫ਼ ਆਜ਼ਾਦੀ ਦੀ ਲੜਾਈ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਉਹ ਬਹੁਤ ਦੂਰਦਰਸ਼ਨ ਸਨ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਕਈ ਹੋਰ ਸੰਸਥਾਵਾਂ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦਾ ਉਦੇਸ਼ ਸਿਰਫ਼ ਵਿਦੇਸ਼ੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਨਹੀਂ, ਸਗੋਂ ਦੇਸ਼ ਨੂੰ ਆਰਥਿਕ ਮਜ਼ਬੂਤੀ ਦੇਣ ਦਾ ਵਿਜ਼ਨ ਵੀ ਉਨ੍ਹਾਂ ਦੇ ਚਿੰਤਨ ਦਾ ਅਹਿਮ ਹਿੱਸਾ ਸੀ। ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਬਲੀਦਾਨ ਨੇ ਭਗਤ ਸਿੰਘ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਅੱਜ ਫੀਲਡ ਮਾਰਸ਼ਲ ਕੇ. ਐੱਮ. ਕਰੀਯੱਪਾ ਜੀ ਨੂੰ ਵੀ ਸ਼ਰਧਾਪੂਰਵਕ ਨਮਨ ਕਰਨ ਦਾ ਦਿਨ ਹੈ। ਉਨ੍ਹਾਂ ਨੇ ਇਤਿਹਾਸ ਦੇ ਮਹੱਤਵਪੂਰਨ ਦੌਰ ’ਚ ਸਾਡੀ ਫ਼ੌਜ ਦੀ ਅਗਵਾਈ ਕਰਕੇ ਸਾਹਸ ਅਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਸੀ। ਸਾਡੀ ਫ਼ੌਜ ਨੂੰ ਸ਼ਕਤੀਸ਼ਾਲੀ ਬਣਾਉਣ ’ਚ ਉਨ੍ਹਾਂ ਦਾ ਮਹੱਤਵਪੂਰਣ ਯੋਗਦਾਨ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਖੇਡਾਂ ਦੀ ਦੁਨੀਆ ’ਚ ਵੀ ਭਾਰਤ ਨਿੱਤ ਨਵੀਆਂ ਉਚਾਈਆਂ ਛੂਹ ਰਿਹਾ ਹੈ। ਸਪੋਰਟਸ ਦੀ ਦੁਨੀਆ ’ਚ ਅੱਗੇ ਵਧਣ ਲਈ ਜ਼ਰੂਰੀ ਹੈ ਕਿ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਣ ਦਾ ਮੌਕਾ ਮਿਲੇ ਅਤੇ ਦੇਸ਼ ’ਚ ਚੰਗੇ ਸਪੋਰਟਸ ਟੂਰਨਾਮੈਂਟ ਵੀ ਆਯੋਜਿਤ ਹੋਣ। ਇਸੇ ਸੋਚ ਨਾਲ ਅੱਜ ਭਾਰਤ ’ਚ ਨਵੇਂ-ਨਵੇਂ ਸਪੋਰਟਸ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਚੇਨਈ ’ਚ ‘ਖੇਲੋ ਇੰਡੀਆ ਯੂਥ ਗੇਮਸ’ ਦਾ ਉਦਘਾਟਨ ਕੀਤਾ। ਇਸ ’ਚ ਦੇਸ਼ ਦੇ 5 ਹਜ਼ਾਰ ਤੋਂ ਜ਼ਿਆਦਾ ਐਥਲੀਟ ਹਿੱਸਾ ਲੈ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਭਾਰਤ ’ਚ ਲਗਾਤਾਰ ਅਜਿਹੇ ਨਵੇਂ ਪਲੈਟਫਾਰਮ ਤਿਆਰ ਹੋ ਰਹੇ ਹਨ, ਜਿਨ੍ਹਾਂ ’ਚ ਖਿਡਾਰੀਆਂ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਅਜਿਹਾ ਹੀ ਇੱਕ ਪਲੈਟਫਾਰਮ ਬਣਿਆ ਹੈ – ਬੀਚ ਗੇਮਸ ਦਾ, ਜੋ ਦੀਵ ਦੇ ਅੰਦਰ ਉਸ ਦਾ ਆਯੋਜਨ ਹੋਇਆ ਸੀ। ਤੁਸੀਂ ਜਾਣਦੇ ਹੀ ਹੋ ‘ਦੀਵ’ ਕੇਂਦਰ ਸ਼ਾਸਤ ਪ੍ਰਦੇਸ਼ ਹੈ, ਸੋਮਨਾਥ ਦੇ ਬਿਲਕੁਲ ਨਜ਼ਦੀਕ ਹੈ। ਇਹ ਸਾਲ ਦੀ ਸ਼ੁਰੂਆਤ ਵਿੱਚ ਹੀ ਦੀਵ ’ਚ ਇਨ੍ਹਾਂ ਬੀਚ ਗੇਮਸ ਦਾ ਆਯੋਜਨ ਕੀਤਾ ਗਿਆ। ਇਹ ਭਾਰਤ ਦਾ ਪਹਿਲਾ ਮਲਟੀ ਸਪੋਰਟਸ ਬੀਚ ਗੇਮਸ ਸੀ। ਇਨ੍ਹਾਂ ’ਚ ਟੱਗ ਆਵ੍ ਵਾਰ, ਸੀ. ਸਵੀਮਿੰਗ, ਪੈਨਚਾਕਸਿਲਾਟ, ਮਲਖੰਭ, ਬੀਚ ਵਾਲੀਬਾਲ, ਬੀਚ ਕਬੱਡੀ, ਬੀਚ ਸੋਕਰ ਅਤੇ ਬੀਚ ਬਾਕਸਿੰਗ ਜਿਹੇ ਕੰਪੀਟੀਸ਼ਨ ਹੋਏ। ਇਨ੍ਹਾਂ ’ਚ ਹਰ ਪ੍ਰਤੀਯੋਗੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਭਰਪੂਰ ਮੌਕਾ ਮਿਲਿਆ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਟੂਰਨਾਮੈਂਟ ’ਚ ਅਜਿਹੇ ਰਾਜਾਂ ਤੋਂ ਵੀ ਬਹੁਤ ਸਾਰੇ ਖਿਡਾਰੀ ਆਏ, ਜਿਨ੍ਹਾਂ ਦਾ ਦੂਰ-ਦੂਰ ਤੱਕ ਸਮੁੰਦਰ ਨਾਲ ਕੋਈ ਨਾਤਾ ਨਹੀਂ ਹੈ। ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਮੈਡਲ ਵੀ ਮੱਧ ਪ੍ਰਦੇਸ਼ ਨੇ ਜਿੱਤੇ, ਜਿੱਥੇ ਕੋਈ ਸੀ. ਬੀਚ ਨਹੀਂ ਹੈ। ਖੇਡਾਂ ਦੇ ਪ੍ਰਤੀ ਇਹੀ ਟੈਂਪਰਾਮੈਂਟ ਕਿਸੇ ਵੀ ਦੇਸ਼ ਨੂੰ ਸਪੋਰਟਸ ਦੀ ਦੁਨੀਆ ਦਾ ਸਰਤਾਜ ਬਣਾਉਂਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ’ਚ ਇਸ ਵਾਰ ਮੇਰੇ ਨਾਲ ਇੰਨਾ ਹੀ। ਫਰਵਰੀ ’ਚ ਤੁਹਾਡੇ ਨਾਲ ਫਿਰ ਇੱਕ ਵਾਰ ਗੱਲ ਹੋਵੇਗੀ। ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਨਾਲ, ਵਿਅਕਤੀਗਤ ਕੋਸ਼ਿਸ਼ਾਂ ਨਾਲ ਕਿਵੇਂ ਦੇਸ਼ ਅੱਗੇ ਵਧ ਰਿਹਾ ਹੈ, ਇਸੇ ’ਤੇ ਸਾਡਾ ਫੋਕਸ ਹੋਵੇਗਾ। ਸਾਥੀਓ, ਕੱਲ੍ਹ 29 ਤਾਰੀਖ ਨੂੰ ਸਵੇਰੇ 11 ਵਜੇ ਅਸੀਂ ‘ਪਰੀਕਸ਼ਾ ਪੇ ਚਰਚਾ’ ਵੀ ਕਰਾਂਗੇ। ‘ਪਰੀਕਸ਼ਾ ਪੇ ਚਰਚਾ’ ਦਾ ਇਹ 7ਵਾਂ ਸੰਸਕਰਣ ਹੋਵੇਗਾ। ਇਹ ਇੱਕ ਅਜਿਹਾ ਪ੍ਰੋਗਰਾਮ ਹੈ, ਜਿਸ ਦਾ ਮੈਂ ਹਮੇਸ਼ਾ ਇੰਤਜ਼ਾਰ ਕਰਦਾ ਹਾਂ। ਇਸ ਨਾਲ ਮੈਨੂੰ ਸਟੂਡੈਂਟਸ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਅਤੇ ਮੈਂ ਉਨ੍ਹਾਂ ਦੇ ਪਰੀਖਿਆ ਸਬੰਧੀ ਤਣਾਅ ਨੂੰ ਘੱਟ ਕਰਨ ਦੀ ਵੀ ਕੋਸ਼ਿਸ਼ ਕਰਦਾ ਹਾਂ। ਪਿਛਲੇ 7 ਸਾਲਾਂ ’ਚ ਪਰੀਕਸ਼ਾ ਪੇ ਚਰਚਾ, ਸਿੱਖਿਆ ਅਤੇ ਪਰੀਖਿਆ ਨਾਲ ਸਬੰਧਿਤ ਕਈ ਮੁੱਦਿਆਂ ’ਤੇ ਗੱਲਬਾਤ ਕਰਨ ਦਾ ਇੱਕ ਬਹੁਤ ਵਧੀਆ ਮਾਧਿਅਮ ਬਣ ਕੇ ਉੱਭਰਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਾਰ ਸਵਾ ਦੋ ਕਰੋੜ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਸ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ ਆਪਣੇ ਇਨਪੁਟ ਵੀ ਦਿੱਤੇ ਹਨ। ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਅਸੀਂ ਪਹਿਲੀ ਵਾਰ 2018 ’ਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਇਹ ਗਿਣਤੀ ਸਿਰਫ਼ 22 ਹਜ਼ਾਰ ਸੀ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਅਤੇ ਪਰੀਖਿਆ ਦੇ ਤਣਾਅ ਬਾਰੇ ਜਾਗਰੂਕਤਾ ਫੈਲਾਉਣ ਲਈ ਬਹੁਤ ਸਾਰੇ ਨਵੇਂ ਯਤਨ ਵੀ ਕੀਤੇ ਗਏ ਹਨ। ਮੈਂ ਤੁਹਾਨੂੰ ਸਾਰਿਆਂ ਨੂੰ, ਖਾਸਕਰ ਨੌਜਵਾਨਾਂ, ਵਿਦਿਆਰਥੀਆਂ ਨੂੰ ਅਪੀਲ ਕਰਾਂਗਾ ਕਿ ਉਹ ਕੱਲ੍ਹ ਰਿਕਾਰਡ ਗਿਣਤੀ ’ਚ ਸ਼ਾਮਿਲ ਹੋਣ। ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲਗੇਗਾ। ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ‘ਮਨ ਕੀ ਬਾਤ’ ਦੇ ਇਸ ਐਪੀਸੋਡ ’ਚ ਤੁਹਾਡੇ ਕੋਲੋਂ ਵਿਦਾ ਲੈਂਦਾ ਹਾਂ। ਜਲਦੀ ਹੀ ਫਿਰ ਮਿਲਾਂਗੇ। ਧੰਨਵਾਦ।

***

ਡੀਐੱਸ/ਵੀਕੇ