Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਫਿਰ ਚੰਦਰਮਾ ‘ਤੇ ਜਾਏਗਾ: ਇਸ ਵਾਰ ਚੰਦਰਮਾ ‘ਤੇ ਲੈਂਡਿੰਗ ਤੋਂ ਬਾਅਦ ਧਰਤੀ ‘ਤੇ ਵਾਪਸ ਆਏਗਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਚੰਦਰਯਾਨ-4 ਨਾਮਕ ਚੰਦਰਮਾ ਦੇ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਚੰਦਰਮਾ ‘ਤੇ ਸਫਲਤਾਪੂਰਵਕ ਲੈਂਡਿੰਗ ਤੋਂ ਬਾਅਦ ਧਰਤੀ ‘ਤੇ ਵਾਪਸ ਆਉਣ ਦੀਆਂ ਟੈਕਨੋਲੋਜੀਆਂ ਦਾ ਵਿਕਾਸ ਅਤੇ ਪ੍ਰਦਰਸ਼ਨ ਕੀਤਾ ਜਾ ਸਕੇ ਅਤੇ ਚੰਦਰਮਾ ਦੇ ਨਮੂਨੇ ਇਕੱਠੇ ਕੀਤੇ ਜਾ ਸਕਣ ਅਤੇ ਧਰਤੀ ‘ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ। 

ਇਹ ਚੰਦਰਯਾਨ-4 ਮਿਸ਼ਨ ਆਖਿਰਕਾਰ ਭਾਰਤੀ ਪੁਲਾੜ ਯਾਨ ਲਈ ਚੰਦਰਮਾ ‘ਤੇ ਲੈਂਡਿੰਗ (2040 ਦੁਆਰਾ ਯੋਜਨਾਬੱਧ) ਅਤੇ ਧਰਤੀ ‘ਤੇ ਸੁਰੱਖਿਅਤ ਢੰਗ ਨਾਲ ਵਾਪਸ ਆਉਣ ਲਈ ਬੁਨਿਆਦੀ ਟੈਕਨੋਲੋਜੀ ਸਮਰੱਥਾਵਾਂ ਹਾਸਲ ਕਰੇਗਾ। ਡੌਕਿੰਗ/ਅਣਡੌਕਿੰਗ, ਲੈਂਡਿੰਗ, ਧਰਤੀ ‘ਤੇ ਸੁਰੱਖਿਅਤ ਵਾਪਸੀ ਅਤੇ ਚੰਦਰਮਾ ਦੇ ਨਮੂਨੇ ਇਕੱਠੇ ਕਰਨ ਅਤੇ ਵਿਸ਼ਲੇਸ਼ਣ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਮੁੱਖ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਭਾਰਤ ਸਰਕਾਰ ਨੇ ਅੰਮ੍ਰਿਤਕਾਲ ਦੌਰਾਨ ਭਾਰਤੀ ਪੁਲਾੜ ਪ੍ਰੋਗਰਾਮ ਲਈ ਇੱਕ ਵਿਸਤ੍ਰਿਤ ਵਿਜ਼ਨ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਸ ਵਿੱਚ 2035 ਤੱਕ ਇੱਕ ਭਾਰਤੀ ਪੁਲਾੜ ਸਟੇਸ਼ਨ (ਭਾਰਤੀਆ ਅੰਤਰਿਕਸ਼ ਸਟੇਸ਼ਨ) ਅਤੇ 2040 ਤੱਕ ਚੰਦਰਮਾ ‘ਤੇ ਭਾਰਤੀ ਪੁਲਾੜ ਯਾਨ ਦੀ ਲੈਂਡਿੰਗ ਦੀ ਕਲਪਨਾ ਕੀਤੀ ਗਈ ਹੈ। ਇਸ ਵਿਜ਼ਨ ਨੂੰ ਸਾਕਾਰ ਕਰਨ ਲਈ, ਗਗਨਯਾਨ ਅਤੇ ਚੰਦਰਯਾਨ ਫਾਲੋ-ਔਨ ਮਿਸ਼ਨਾਂ ਦੀ ਕਲਪਨਾ ਕੀਤੀ ਗਈ ਹੈ ਜਿਸ ਵਿੱਚ ਸਬੰਧਿਤ ਪੁਲਾੜ ਆਵਾਜਾਈ ਅਤੇ ਬੁਨਿਆਦੀ ਢਾਂਚਾ ਸਮਰੱਥਾਵਾਂ ਦਾ ਵਿਕਾਸ ਸ਼ਾਮਲ ਹੈ। ਚੰਦਰਮਾ ਦੀ ਸਤ੍ਹਾ ‘ਤੇ ਚੰਦਰਯਾਨ-3 ਲੈਂਡਰ ਦੀ ਸੁਰੱਖਿਅਤ ਅਤੇ ਸੌਫਟ ਲੈਂਡਿੰਗ ਦੇ ਸਫਲ ਪ੍ਰਦਰਸ਼ਨ ਨੇ ਮਹੱਤਵਪੂਰਨ ਟੈਕਨੋਲੋਜੀਆਂ ਦੀ ਸਥਾਪਨਾ ਕੀਤੀ ਹੈ ਅਤੇ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ ਜੋ ਸਿਰਫ ਕੁਝ ਹੀ ਦੇਸ਼ਾਂ ਕੋਲ ਹੈ। 

ਸਫਲ ਲੈਂਡਿੰਗ ਮਿਸ਼ਨ ਦਾ ਇੱਕ ਕੁਦਰਤੀ ਉੱਤਰਾਧਿਕਾਰੀ ਚੰਦਰਮਾ ਦੇ ਨਮੂਨੇ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਧਰਤੀ ‘ਤੇ ਵਾਪਸ ਲਿਆਉਣ ਦੀ ਯੋਗਤਾ ਦਾ ਪ੍ਰਦਰਸ਼ਨ ਹੈ।

ਇਸਰੋ ਪੁਲਾੜ ਯਾਨ ਦੇ ਵਿਕਾਸ ਅਤੇ ਲਾਂਚ ਲਈ ਜ਼ਿੰਮੇਵਾਰ ਹੋਵੇਗਾ। ਇਸਰੋ ਵਿੱਚ ਪ੍ਰਚਲਿਤ ਪ੍ਰਥਾਵਾਂ ਦੁਆਰਾ ਪ੍ਰੋਜੈਕਟ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਅਤੇ ਨਿਗਰਾਨੀ ਕੀਤੀ ਜਾਵੇਗੀ। ਇਹ ਮਿਸ਼ਨ ਉਦਯੋਗ ਅਤੇ ਅਕਾਦਮਿਕ ਜਗਤ ਦੀ ਭਾਗੀਦਾਰੀ ਨਾਲ ਪ੍ਰਵਾਨਗੀ ਦੇ 36 ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ।

ਸਾਰੀਆਂ ਮਹੱਤਵਪੂਰਨ ਟੈਕਨੋਲੋਜੀਆਂ ਨੂੰ ਸਵਦੇਸ਼ੀ ਤੌਰ ‘ਤੇ ਵਿਕਸਿਤ ਕਰਨ ਦੀ ਕਲਪਨਾ ਕੀਤੀ ਗਈ ਹੈ। ਮਿਸ਼ਨ ਦਾ ਅਮਲ ਵਿਭਿੰਨ ਉਦਯੋਗਾਂ ਦੁਆਰਾ ਕੀਤਾ ਜਾਵੇਗਾ ਅਤੇ ਇਹ ਕਲਪਨਾ ਕੀਤੀ ਗਈ ਹੈ ਕਿ ਇਸ ਨਾਲ ਰੋਜ਼ਗਾਰ ਦੀਆਂ ਉੱਚ ਸੰਭਾਵਨਾਵਾਂ ਹੋਣਗੀਆਂ ਅਤੇ ਅਰਥਵਿਵਸਥਾ ਦੇ ਹੋਰ ਖੇਤਰਾਂ ਵਿੱਚ ਟੈਕਨੋਲੋਜੀ ਦੀ ਵਰਤੋਂ ਹੋਵੇਗੀ।

ਟੈਕਨੋਲੋਜੀ ਪ੍ਰਦਰਸ਼ਨ ਮਿਸ਼ਨ “ਚੰਦਰਯਾਨ-4” ਲਈ ਕੁੱਲ 2104.06 ਕਰੋੜ ਰੁਪਏ ਦੀ ਜ਼ਰੂਰਤ ਹੈ। ਲਾਗਤਾਂ ਵਿੱਚ ਪੁਲਾੜ ਯਾਨ ਦਾ ਵਿਕਾਸ ਅਤੇ ਲਾਗੂਕਰਨ, ਐੱਲਵੀਐੱਮ3 ਦੇ ਦੋ ਲਾਂਚ ਵਾਹਨ ਮਿਸ਼ਨ, ਐਕਸਟਰਨਲ ਡੀਪ ਸਪੇਸ ਨੈੱਟਵਰਕ ਸਹਾਇਤਾ, ਅਤੇ ਡਿਜ਼ਾਈਨ ਪ੍ਰਮਾਣਿਕਤਾ ਲਈ ਵਿਸ਼ੇਸ਼ ਟੈਸਟ ਕਰਵਾਉਣਾ ਸ਼ਾਮਲ ਹੈ, ਜੋ ਅੰਤ ਵਿੱਚ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਅਤੇ ਚੰਦਰਮਾ ਦੇ ਇਕੱਠੇ ਕੀਤੇ ਨਮੂਨਿਆਂ ਨਾਲ ਧਰਤੀ ‘ਤੇ ਸੁਰੱਖਿਅਤ ਵਾਪਸੀ ਦੇ ਮਿਸ਼ਨ ਦੀ ਅਗਵਾਈ ਕਰੇਗਾ।

ਇਹ ਮਿਸ਼ਨ ਭਾਰਤ ਨੂੰ ਮਾਨਵ ਮਿਸ਼ਨਾਂ, ਚੰਦਰ ਨਮੂਨੇ ਦੀ ਵਾਪਸੀ ਅਤੇ ਚੰਦਰ ਦੇ ਨਮੂਨਿਆਂ ਦੇ ਵਿਗਿਆਨਕ ਵਿਸ਼ਲੇਸ਼ਣ ਲਈ ਮਹੱਤਵਪੂਰਨ ਬੁਨਿਆਦੀ ਟੈਕਨੋਲੋਜੀਆਂ ਵਿੱਚ ਸਵੈ-ਨਿਰਭਰ ਹੋਣ ਦੇ ਸਮਰੱਥ ਬਣਾਏਗਾ। ਇਸ ਨੂੰ ਹਕੀਕਤ ਬਣਾਉਣ ਵਿੱਚ ਭਾਰਤੀ ਉਦਯੋਗ ਦੀ ਮਹੱਤਵਪੂਰਨ ਭਾਗੀਦਾਰੀ ਹੋਵੇਗੀ। 

ਚੰਦਰਯਾਨ-4 ਵਿਗਿਆਨ ਬੈਠਕਾਂ, ਵਰਕਸ਼ਾਪਾਂ ਜ਼ਰੀਏ ਭਾਰਤੀ ਸਿੱਖਿਆ ਸ਼ਾਸਤਰੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਪਹਿਲਾਂ ਤੋਂ ਹੀ ਲਾਗੂ ਹੈ। ਇਹ ਮਿਸ਼ਨ ਵਾਪਸ ਲਿਆਂਦੇ ਗਏ ਨਮੂਨਿਆਂ ਦੀ ਸਾਂਭ-ਸੰਭਾਲ਼ ਅਤੇ ਵਿਸ਼ਲੇਸ਼ਣ ਲਈ ਸੁਵਿਧਾਵਾਂ ਦੀ ਸਥਾਪਨਾ ਨੂੰ ਵੀ ਯਕੀਨੀ ਬਣਾਏਗਾ, ਜੋ ਕਿ ਰਾਸ਼ਟਰੀ ਅਸਾਸੇ ਹੋਣਗੇ।

 

******

 

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ