Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਪ੍ਰਧਾਨ ਮੰਤਰੀ ਦੇ ਮਿਆਂਮਾਰ ਦੇ ਸਰਕਾਰੀ ਦੌਰੇ ਮੌਕੇ ਜਾਰੀ ਭਾਰਤ-ਮਿਆਂਮਾਰ ਸੰਯੁਕਤ ਬਿਆਨ (ਸਤੰਬਰ 5-7, 2017)


  1. ਮਿਆਂਮਾਰ ਦੇ ਰਾਸ਼ਟਰਪਤੀ ਮਾਣਯੋਗ ਯੂ ਹਤਿਨ ਕਯਾਅ ਦੇ ਸੱਦੇ ਤੇ ਭਾਰਤ ਦੇ  ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ  5 ਤੋਂ 7 ਸਤੰਬਰ, 2017 ਤੱਕ ਮਿਆਂਮਾਰ ਗਣਰਾਜ ਦੇ ਸਰਕਾਰੀ ਦੌਰੇ ‘ਤੇ ਹਨ । ਇਹ ਦੌਰਾ ਦੋਹਾਂ ਮੁਲਕਾਂ ਦੇ  ਆਗੂਆਂ ਵਿਚਕਾਰ ਚਲ ਰਹੀ ਉੱਚ ਪੱਧਰੀ  ਗੱਲਬਾਤ ਦਾ ਹੀ ਹਿੱਸਾ ਹੈ ਅਤੇ ਮਾਣਯੋਗ ਰਾਸ਼ਟਰਪਤੀ ਯੂ ਹਤਿਨ ਕਯਾਅ ਅਤੇ ਮਾਣਯੋਗ ਸਟੇਟ ਕੌਂਸਲਰ ਡਾਅ ਔਂਗ ਸੈਨ ਸੂ ਕੀ ਦੇ ਸਫਲ ਸਰਕਾਰੀ ਭਾਰਤ ਦੌਰੇ ਬਾਅਦ ਕੀਤਾ ਜਾ ਰਿਹਾ ਹੈ ।.
  2. ਪ੍ਰਧਾਨ ਮੰਤਰੀ ਦਾ 5 ਸਤੰਬਰ, 2017 ਨੂੰ ਨੇਯ ਪਈ ਤਾਵ ਵਿੱਚ ਰਾਸ਼ਟਰਪਤੀ ਮਹਿਲ ਵਿਖੇ ਰਸਮੀ ਤੌਰ ‘ਤੇ ਸੁਆਗਤ ਕੀਤਾ ਗਿਆ । ਪ੍ਰਧਾਨ ਮੰਤਰੀ ਮਿਆਂਮਾਰ ਦੇ ਰਾਸ਼ਟਰਪਤੀ ਨੂੰ ਮਿਲਣ ਗਏ ਜੋ ਉਨ੍ਹਾਂ  ਦੇ ਸੁਆਗਤ ਵਿੱਚ ਦਿੱਤੀ ਜਾ ਰਹੀ ਸਰਕਾਰੀ ਦਾਅਵਤ ਦੀ ਮੇਜ਼ਬਾਨੀ ਕਰ ਰਹੇ ਸਨ । 6 ਸਤੰਬਰ, 2017 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਪ੍ਰਤੀਨਿਧੀ ਮੰਡਲ ਨੇ ਸਟੇਟ ਕੌਂਸਲਰ ਡਾਅ ਔਂਗ ਸੈਨ ਸੂ ਕਯਈ  ਦੀ ਅਗਵਾਈ ਵਾਲੇ ਮਿਆਂਮਾਰ ਪ੍ਰਤੀਨਿਧੀ ਮੰਡਲ ਨਾਲ ਦੁਵੱਲੀ ਗਲਬਾਤ ਕੀਤੀ ।  ਗੱਲਬਾਤ ਬਹੁਤ ਹੀ ਨਿੱਘੇ, ਹਾਰਦਿਕ ਅਤੇ ਉਸਾਰੂ ਮਾਹੌਲ ਵਿੱਚ ਹੋਈ ਜੋ ਕਿ ਦੋਹਾਂ ਮੁਲਕਾਂ ਦੇ ਕਰੀਬੀ ਅਤੇ ਦੌਸਤਾਨਾ ਰਿਸ਼ਤਿਆਂ ਦੇ ਅਨੁਕੂਲ ਸੀ । ਉਸ ਤੋਂ ਬਾਅਦ ਸਟੇਟ ਕੌਂਸਲਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਿਹਤ,  ਸੱਭਿਆਚਾਰ, ਸਮਰੱਥਾ ਨਿਰਮਾਣ, ਸਮੁੰਦਰੀ ਸੁਰੱਖਿਆ ਅਤੇ ਪ੍ਰਮੁੱਖ ਸੰਸਥਾਨਾਂ ਵਿਚਕਾਰ ਇਕਜੁੱਟਤਾ ਨਾਲ ਸਬੰਧਤ ਦਸਤਾਵੇਜ਼ਾਂ ‘ਤੇ ਦਸਤਖਤ ਕਰਕੇ ਦਸਤਾਵੇਜ਼ਾਂ ਦਾ ਵਟਾਂਦਰਾ ਕੀਤਾ ਅਤੇ ਇੱਕ ਸੰਯੁਕਤ ਪ੍ਰੈੱਸ ਕਾਨਫਰੰਸ ਕੀਤੀ ।
  3. ਨੇ ਪਈ.ਤਾਅ ਵਿੱਚ ਆਪਣੇ ਸਰਕਾਰੀ ਰੁਝੇਵਿਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਬਾਗਾਨ ਅਤੇ ਯੰਗੂਨ ਵਿਖੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਵਾਲੇ ਸਥਾਨਾਂ  ਦਾ ਵੀ ਦੌਰਾ ਕਰਨਗੇ । ਬਗਾਨ ਵਿਖੇ ਉਹ ਪਵਿੱਤਰ ਅਤੇ ਇਤਿਹਾਸਕ ਅਨੰਦ  ਮੰਦਰ ਦੇ ਦਰਸ਼ਨ ਕਰਨਗੇ ਜਿੱਥੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੇ ਨਿਪੁੰਨ ਮਾਰਗ ਦਰਸ਼ਨ ਅਧੀਨ ਭਾਰਤ ਅਤੇ ਮਿਆਂਮਾਰ ਦੇ  ਪੁਰਾਤੱਤਵ ਮਾਹਿਰਾਂ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ।  ਉਹ ਯੰਗੂਨ ਵਿੱਚ ਸ਼ਹੀਦੀ ਸਮਾਰਕ ‘ਤੇ ਜਨਰਲ ਔਂਗ ਸੈਨ ਦੀ ਯਾਦਗਾਰ ਨੂੰ ਸ਼ਰਧਾਂਜਲੀ  ਦੇਣਗੇ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੇ ਨਾਲ  ਬੋਗੀਉਕ ਔਂਗ ਸੈਨ ਅਜਾਇਬ ਘਰ ਵੀ ਵੇਖਣ ਜਾਣਗੇ ।  ਯੰਗੂਨ ਵਿੱਚ ਠਹਿਰਣ ਦੌਰਾਨ ਉਹ  ਮਿਆਂਮਾਰ ਵਿਚਲੇ ਭਾਰਤੀ ਮੂਲ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ ।
  4. ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਮਿਆਂਮਾਰ ਦੇ ਰਾਸ਼ਟਰਪਤੀ ਅਤੇ ਸਟੇਟ ਕੌਂਸਲਰ ਦੇ ਅਗਸਤ ਅਤੇ ਸਤੰਬਰ, 2016 ਵਿੱਚ ਹੋਏ ਭਾਰਤ ਦੇ ਸਫਲ ਦੌਰੇ ਤੋਂ ਬਾਅਦ ਹੋਈਆਂ ਪ੍ਰਗਤੀਆਂ ਦਾ ਲੇਖਾ ਜੋਖਾ ਕੀਤਾ । ਉਨ੍ਹਾਂ ਨੇ ਕੀਤੇ ਜਾ ਰਹੇ ਸਰਕਾਰੀ ਵਟਾਂਦਰੇ, ਆਰਥਕ, ਵਪਾਰਕ ਅਤੇ ਸੱਭਿਆਚਾਰਕ ਰਿਸ਼ਤਿਆਂ ਅਤੇ ਲੋਕਾਂ ਦੇ ਲੋਕਾਂ ਨਾਲ ਵਟਾਂਦਰਿਆਂ ਦੀ ਵੀ ਸਮੀਖਿਆ ਕੀਤੀ ਜਿਸ ਤੋਂ ਮਿਆਂਮਾਰ ਦੀ ਅਜ਼ਾਦ, ਚੁਸਤ ਅਤੇ ਨਿਰਪੱਖ ਵਿਦੇਸ਼ ਨੀਤੀ ਅਤੇ ਭਾਰਤ ਦੀਆਂ ਵਿਹਾਰਕ “ਐਕਟ ਈਸਟ” ਅਤੇ ਗੁਆਂਢੀ ਪਹਿਲਾਂ ਵਾਲੀਆਂ ਨੀਤੀਆਂ ਦੀ ਝਲਕ ਮਿਲਦੀ ਹੈ । ਉਨ੍ਹਾਂ ਨੇ ਦੋਹਾਂ ਮੁਲਕਾਂ ਦੇ ਲੋਕਾਂ ਦੇ ਆਪਸੀ ਲਾਭਾਂ ਲਈ ਦੁਵੱਲੇ ਸਬੰਧਾਂ ਨੂੰ ਹੋਰ ਗਹਿਰੇ ਅਤੇ ਵਿਸ਼ਾਲ ਬਣਾਉਣ ਲਈ ਨਵੇਂ ਮੌਕੇ ਜੁਟਾਉਣ ਦਾ ਪ੍ਰਣ ਲਿਆ । ਉਨ੍ਹਾਂ ਨੇ ਸ਼ਾਂਤੀ, ਸਾਂਝੀ ਖੁਸ਼ਹਾਲੀ ਅਤੇ ਵਿਕਾਸ ਲਈ ਆਪਣੀਆਂ ਸਾਂਝੀਆਂ ਅਕਾਂਖਿਆਵਾਂ ਨੂੰ ਮੁੜ ਦੁਹਰਾਇਆ ।
  5. ਭਾਰਤ ਦੇ ਪ੍ਰਧਾਨ ਮੰਤਰੀ ਨੇ ਮਿਆਂਮਾਰ ਸਰਕਾਰ ਵੱਲੋਂ ਸ਼ਾਂਤੀ ਅਤੇ ਰਾਸ਼ਟਰੀ ਸਦਭਾਵਨਾ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਮਿਆਂਮਾਰ ਸਰਕਾਰ ਦੀ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਨੂੰ ਫ਼ਖ਼ਰਯੋਗ ਦੱਸਿਆ । ਉਨ੍ਹਾਂ ਜ਼ਿਕਰ ਕੀਤਾ ਕਿ ਮਿਆਂਮਾਰ ਦੀ ਸ਼ਾਂਤੀ ਅਤੇ ਸਥਿਰਤਾ ਭਾਰਤ ਦੀ ਪਹਿਲ ਹਨ ਅਤੇ ਉਨ੍ਹਾਂ ਨੇ ਮਿਆਂਮਾਰ ਵਿੱਚ ਲੋਕਤਾਂਤਰਿਕ ਸੰਸਥਾਵਾਂ ਅਤੇ ਲੋਕਤਾਂਤਰਿਕ ਸੰਘਾਤਮਕ ਗਣਰਾਜ ਦੀ ਸਲਾਮਤੀ ਲਈ ਭਾਰਤ ਦੇ ਨਿਰੰਤਰ ਸਹਿਯੋਗ ਨੂੰ ਮੁੜ ਦੁਹਰਾਇਆ ।
  6. ਦੋਹਾਂ ਆਗੂਆਂ ਨੇ ਆਪਣੀਆਂ ਸਰਹੱਦਾਂ ਦੇ ਨਾਲ-ਨਾਲ ਸੁਰੱਖਿਆ ਸਥਿਤੀ ਬਾਰੇ ਚਰਚਾ ਕੀਤੀ  ਅਤੇ ਉਨ੍ਹਾਂ ਦੇ ਖੇਤਰਾਂ ਵਿੱਚ ਆਤੰਕਵਾਦ ਅਤੇ ਅਤਿਵਾਦ ਤੋਂ ਪ੍ਰੇਰਿਤ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਤੇ  ਚਿੰਤਾ ਵਿਅਕਤ ਕੀਤੀ । ਇਲਾਕੇ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਦਹਿਸ਼ਤਵਾਦ ਨੂੰ  ਪ੍ਰਮੁੱਖ  ਚੁਣੌਤੀ ਮੰਨਦੇ ਹੋਏ ਦੋਹਾਂ ਧਿਰਾਂ ਨੇ ਆਤੰਕਵਾਦ ਦੇ ਹਰ ਰੂਪ ਦੀ ਨਿੰਦਾ ਕੀਤੀ ਅਤੇ ਇਸ ਗੱਲ  ਤੇ ਸਹਿਮਤੀ ਹੋਈ  ਕਿ ਦਹਿਸ਼ਤਵਾਦ ਦੀ ਲੜਾਈ ਦੌਰਾਨ ਉਨ੍ਹਾਂ ਦਾ ਨਿਸ਼ਾਨਾ ਨਾ  ਕੇਵਲ ਦਹਿਸ਼ਤਵਾਦੀ, ਆਤੰਕੀ ਸੰਗਠਨ ਅਤੇ ਅਤੰਕੀ ਨੈੱਟਵਰਕ  ਹੋਣਗੇ ਬਲਕਿ ਉਨ੍ਹਾਂ ਮੁਲਕਾਂ ਅਤੇ ਇਕਾਈਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ  ਆਤੰਕਵਾਦ ਲਈ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਆਤੰਕਵਾਦੀ ਅਤੇ ਅਤਿਵਾਦੀ ਸੰਗਠਨਾਂ ਨੂੰ ਉਤਸ਼ਾਹਤ ਕਰਦੇ ਹਨ, ਉਨ੍ਹਾਂ ਦੀ ਹਿਮਾਇਤ ਕਰਦੇ ਹਨ ਜਾਂ ਮਾਲੀ ਸਹਾਇਤਾ ਪ੍ਰਦਾਨ ਕਰਦੇ ਹਨ ‘ਤੇ ਆਸਰੇ ਦੇਂਦੇ ਹਨ ਅਤੇ ਉਨ੍ਹਾਂ ਦੀਆਂ ਕਰਨੀਆਂ ਦੀ ਝੂਠੀ ਉਸਤਤੀ ਕਰਦੇ ਹਨ । ਮਿਆਂਮਾਰ ਨੇ ਭਾਰਤ ਵਿੱਚ  ਅਮਰਨਾਥ ਯਾਤਰਾ ਦੌਰਾਨ ਹੋਏ ਦਹਿਸ਼ਤਗਰਦੀ ਹਮਲੇ ਅਤੇ ਸਰਹੱਦ ਪਾਰ ਤੋਂ ਹੋ ਰਹੇ ਵੱਖ-ਵੱਖ  ਆਤੰਕੀ ਅਪਰਾਧਾਂ ਦੀ ਨਿੰਦਾ ਕੀਤੀ । ਭਾਰਤ ਨੇ ਉੱਤਰੀ ਰਾਖੀਨੇ ਸਟੇਟ ਵਿੱਚ ਹਾਲ ਹੀ ਵਿੱਚ ਹੋਏ ਆਤੰਕੀ ਹਮਲਿਆਂ ਦੀ ਨਿੰਦਾ ਕੀਤੀ ਜਿਸ ਵਿੱਚ ਮਿਆਂਮਾਰ ਸੁਰੱਖਿਆ ਦਸਤਿਆਂ ਦੇ ਕਈ  ਮੈਂਬਰਾਂ ਦੀਆਂ ਜਾਨਾਂ ਗਈਆਂ । ਦੋਹਾਂ ਧਿਰਾਂ ਨੇ ਮੰਨਿਆ ਕਿ ਆਤੰਕਵਾਦ ਮਨੁੱਖੀ ਅਧਿਕਾਰਾਂ  ਦੀ ਉਲੰਘਣਾ ਕਰਦਾ ਹੈ ਅਤੇ ਇਸ ਕਰਕੇ ਆਤੰਕਵਾਦੀਆਂ ਦੀ ਸ਼ਹੀਦਾਂ ਵਾਂਗ ਉਸਤਤੀ ਨਹੀਂ ਹੋਣੀ ਚਾਹੀਦੀ । ਉਨ੍ਹਾਂ ਨੇ ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ  ਆਤੰਕਵਾਦ ਦੀ ਲੜਾਈ ਪ੍ਰਤੀ ਆਪਣੀ ਚੋਣਵੀ ਜਾਂ ਅੰਸ਼ਿਕ ਸੋਚ ਖਤਮ ਕਰਨ ਅਤੇ  ਇਸ ਨੂੰ ਤੁਰੰਤ ਅੰਤਿਮ ਰੂਪ ਦੇਣ ਵਾਸਤੇ ਸੰਯੁਕਤ ਰਾਸ਼ਟਰ ਆਮ ਇਜਲਾਸ ਵੱਲੋਂ ਅੰਤਰ-ਰਾਸ਼ਟਰੀ ਆਤੰਕਵਾਦ ‘ਤੇ ਇੱਕ ਵਿਆਪਕ ਕਨਵੈਨਸ਼ਨ ਕਰਵਾਈ ਜਾਵੇ ।
  7. ਸਰੱਹਦੀ ਇਲਾਕਿਆਂ ਦੇ ਲੋਕਾਂ ਦੇ ਸਮਾਜਿਕ ਅਤੇ ਆਰਥਕ ਵਿਕਾਸ ਲਈ ਸਾਂਝੀ ਸਰਹੱਦ ਦੇ ਨਾਲ ਨਾਲ ਸੁਰੱਖਿਆ ਅਤੇ ਸਥਿਰਤਾ ਨੂੰ ਜ਼ਰੂਰੀ ਮੰਨਦੇ ਹੋਏ ਮਿਆਂਮਾਰ ਨੇ  ਪ੍ਰਭੂਸੱਤਾ ਦਾ ਸਨਮਾਨ ਅਤੇ ਭਾਰਤ ਦੀ ਭੂਗੋਲਕ ਅਖੰਡਤਾ ਅਤੇ ਮਿਆਂਮਾਰ ਦੀ  ਧਰਤੀ ਤੋਂ ਭਾਰਤ ਸਰਕਾਰ ਦੇ ਖਿਲਾਫ ਗਲਤ ਗਤੀਵਿਧਿਆਂ ਨਾ ਹੋਣ ਦੇਣ ਦੀ ਆਪਣੀ  ਨੀਤੀ ਨੂੰ ਮੁੜ ਦੁਹਰਾਇਆ । ਮਿਆਂਮਾਰ ਨੇ ਭਾਰਤ ਸਰਕਾਰ ਵੱਲੋਂ ਵੀ ਏਸੇ ਸਿਧਾਂਤ ‘ਤੇ ਕਾਇਮ ਰਹਿਣ ਦੀ ਪ੍ਰਸ਼ੰਸਾ ਕੀਤੀ ।
  8. ਦੋਹਾਂ ਧਿਰਾਂ ਨੇ ਦੋਹਾਂ ਮੁਲਕਾਂ ਵਿੱਚ ਪਹਿਲਾਂ ਤੋਂ ਹੋਈ ਹੱਦ-ਬੰਦੀ ਪ੍ਰਤੀ ਆਪਸੀ ਸਤਿਕਾਰ ਦੀ ਪੁਨਰ ਪੁਸ਼ਟੀ ਕੀਤੀ ਅਤੇ ਬਾਕੀ ਰਹਿੰਦੇ ਸਰਹੱਦੀ ਨਿਸ਼ਾਨ ਦੇਹੀ ਨਾਲ  ਸਬੰਧਤ ਮਸਲਿਆਂ ਨੂੰ ਉਪਲੱਬਧ ਤਰੀਕਿਆਂ ਅਤੇ ਸਲਾਹ-ਮਸ਼ਵਰਿਆਂ ਨਾਲ ਜਲਦੀ ਤੋਂ ਜਲਦੀ ਹੱਲ ਕਰਨ ‘ਤੇ ਜ਼ੋਰ ਦਿੱਤਾ ।
  9. ਦੋਹਾਂ ਧਿਰਾਂ ਨੇ ਆਪਣੇ ਕਰੀਬੀ ਗੁਆਂਢ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਮੁੰਦਰੀ ਸੁਰੱਖਿਆ ਵਿੱਚ ਨਜ਼ਦੀਕੀ ਦੁਵੱਲੀ ਸਹਿਯੋਗ ਨੂੰ ਵਧਾਉਣ ਦੀ ਵਿਸ਼ੇਸ਼ ਲੋੜ ਤੇ ਸਹਿਮਤੀ ਪ੍ਰਗਟ ਕੀਤੀ । ਉਨ੍ਹਾਂ ਨੇ ਦੋਹਾਂ ਮੁਲਕਾਂ ਦਰਮਿਆਨ ਆਪਸੀ ਲਾਹੇਵੰਦ ਅਤੇ ਗਹਿਰੇ ਸੁਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਤੇ ਵੀ ਸਹਿਮਤੀ ਪ੍ਰਗਟ ਕੀਤੀ ਅਤੇ ਇਸ ਸੰਦਰਭ ਵਿੱਚ ਮਿਆਂਮਾਰ ਦੇ ਸੁਰੱਖਿਆ ਬਲਾਂ ਦੇ ਮੁੱਖ ਸੈਨਾਪਤੀ ਦੇ ਹਾਲ ਹੀ ਵਿੱਚ ਹੋਏ ਸਫਲ ਭਾਰਤ ਦੌਰੇ ‘ਤੇ ਤਸੱਲੀ ਦਾ ਇਜ਼ਹਾਰ ਕੀਤਾ । ਰੋਜ਼ਾਨਾ ਇਕਸਾਰ ਗਸ਼ਤੀ ਪਹਿਲ-ਕਦਮੀਆਂ ਦੁਆਰਾ ਸੰਸਥਾਗਤ ਸਹਿਯੋਗ ਤੋਂ ਇਲਾਵਾ ਉਨ੍ਹਾਂ ਨੇ ਗੈਰ-ਰਵਾਇਤੀ ਸੁਰੱਖਿਆ ਖੇਤਰਾਂ ਜਿਵੇਂ ਕਿ ਜਨ-ਹਿਤੈਸ਼ੀ ਸਹਾਇਤਾ ਅਤੇ ਆਫ਼ਤ ਸਮੇਂ ਸਹਾਇਤਾ ਜੋ ਕਿ ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਦੀ ਸੁਰੱਖਿਆ ਲਈ ਮਹੱਤਵਪੂਰਣ ਹਨ ਆਦਿ ਵਿੱਚ ਦੁਵੱਲੇ ਸਮੁੰਦਰੀ ਸਹਿਯੋਗ ‘ਤੇ ਧਿਆਨ ਕੇਂਦਰਤ ਕਰਨ ਤੇ ਵੀ ਸਹਿਮਤੀ ਪ੍ਰਗਟਾਈ ।
  10. ਦੋਹਾਂ ਦੇਸ਼ਾਂ ਨੇ ਪ੍ਰਣ ਕੀਤਾ ਕਿ ਉਹ ਪਹਿਲਾਂ ਪ੍ਰਾਪਤ ਆਪਸੀ ਸਮਝ ਅਤੇ ਦੋਹਾਂ ਮੁਲਕਾਂ ਵਿਚਕਾਰ ਵਿਕਸਤ ਦੁਵੱਲੇ ਸਬੰਧਾਂ ਨੂੰ ਕਾਇਮ ਰੱਖਣਗੇ ਅਤੇ ਇਲਾਕੇ ਦੇ ਲੋਕਾਂ ਦੇ ਹਿੱਤਾਂ ਵਾਸਤੇ ਸਾਲਾਂ ਤੱਕ ਇੱਕ ਚੰਗੇ ਅਤੇ ਭਰੋਸੇਯੋਗ ਗੁਆਂਢੀ ਦੀ ਤਰ੍ਹਾਂ ਇੱਕ ਦੂਸਰੇ ਦੇ ਨਾਲ ਖੜੇ ਰਹਿਣਗੇ ।
  11. ਦੋਹਾਂ ਧਿਰਾਂ ਨੇ ਉੱਚ-ਪੱਧਰੀ ਦੌਰਿਆਂ ਦੇ ਲਗਾਤਾਰ ਵਟਾਂਦਰੇ ’ਤੇ ਤਸੱਲੀ ਦਾ ਇਜ਼ਹਾਰ ਕੀਤਾ ਜਿਨ੍ਹਾਂ ਕਰਕੇ ਰਹਿੰਦੇ ਦੁਵੱਲੇ ਮੁੱਦਿਆਂ ਤੇ ਆਪਸੀ ਸੂਝ ਬੂਝ ਵਿਕਸਤ ਹੋਈ ਹੈ । ਉਨ੍ਹਾਂ ਨੇ ਉੱਚ ਰਾਜਨੀਤਕ ਪੱਧਰਾਂ ਤੇ ਲਏ ਗਏ ਫੈਸਲਿਆਂ ਦੀ ਪ੍ਰਭਾਵਸ਼ਾਲੀ ਪੈਰਵਾਈ ਲਈ ਰੱਖਿਆ ਤੇ ਸੁਰੱਖਿਆ, ਵਣਜ ਤੇ ਵਪਾਰ, ਬਿਜਲੀ ਤੇ ਊਰਜਾ, ਸੀਮਾਂ ਪ੍ਰਬੰਧ ਤੇ ਸੰਪਰਕ ਆਦਿ ਦੇ ਖੇਤਰਾਂ ਵਿੱਚ  ਲਗਾਤਾਰ ਖੇਤਰੀ ਵਸ਼ਿਸ਼ਟ ਸੰਸਥਾਗਤ ਵਿਧੀਆਂ ਆਯੋਜਤ ਕਰਨ ਦੀ ਸ਼ਲਾਘਾ ਕੀਤੀ ।  ਉਨ੍ਹਾਂ ਨੇ ਭਾਰਤ ਅਤੇ ਮਿਆਂਮਾਰ ਦੇ ਸਾਂਸਦਾਂ ਵਿਚਕਾਰ ਸ਼ਾਨਦਾਰ ਵਿਚਾਰ ਵਟਾਂਦਰਿਆਂ ਦਾ ਵੀ ਖੁਸ਼ੀ ਖੁਸ਼ੀ ਇਜ਼ਹਾਰ ਕੀਤਾ ਅਤੇ ਉਨ੍ਹਾਂ ਨੂੰ ਅਜਿਹੀ ਗੱਲਬਾਤ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ ।
  12. ਮਿਆਂਮਾਰ ਦੇ ਸਮਾਜਕ-ਆਰਥਿਕ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਵਿੱਚ ਭਾਰਤ ਵੱਲੋਂ ਦਿੱਤੀ ਗਈ ਹਰ ਤਰ੍ਹਾਂ ਦੀ ਸਹਾਇਤਾ ਵਾਸਤੇ ਮਿਆਂਮਾਰ ਨੇ ਹਾਰਦਿਕ ਪ੍ਰਸ਼ੰਸਾ ਦਾ ਪ੍ਰਗਟਾਵਾ ਕੀਤਾ । ਦੋਹਾਂ ਧਿਰਾਂ ਨੇ ਭਾਰਤ ਸਰਕਾਰ ਵੱਲੋਂ ਤਕਨੀਕੀ ਅਤੇ ਵਿੱਤੀ ਸਹਾਇਤਾ ਨਾਲ ਚੱਲ ਰਹੇ ਸਹਿਯੋਗ ਪ੍ਰੋਜੈਕਟਾਂ ਜੋ ਕਿ ਸਿੱਧੇ ਤੌਰ ਤੇ ਮਿਆਂਮਾਰ ਦੇ ਲੋਕਾਂ ਦੇ ਲਾਭ ਹਿੱਤ ਚਲਾਏ ਜਾ ਰਹੇ ਹਨ, ਦੀ ਸਮੀਖਿਆ ਕੀਤੀ ਅਤੇ ਇਹਨਾਂ ਵਿੱਚ ਤੇਜ਼ੀ ਲਿਆਉਣ ਤੇ ਸਹਿਮਤੀ ਪ੍ਰਗਟ ਕੀਤੀ । ਪ੍ਰਧਾਨ ਮੰਤਰੀ ਮੋਦੀ ਨੇ ਮਿਆਂਮਾਰ ਵਿੱਚ ਮੂਲ-ਢਾਂਚੇ ਦੀ ਉਸਾਰੀ ਅਤੇ ਮਾਨਵ ਸੰਸਾਧਨ ਸਮਰੱਥਾ ਦੇ ਵਿਕਾਸ ਵਿੱਚ ਮਿਆਂਮਾਰ ਦੀ ਹਮਾਇਤ ਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ । ਪਾਕੋਕੂ ਅਤੇ ਮਿੰਗਿਆਨ ( Pakokku and Myingyan )ਵਿੱਚ ਭਾਰਤ ਦੀ ਮਦਦ ਨਾਲ ਸਥਾਪਤ ਉਦਯੋਗਿਕ ਸਿਖਲਾਈ ਕੇਂਦਰਾਂ ਦੇ ਸਾਕਾਰਾਤਮਕ ਤਜਰਬੇ ਵੱਲ ਸੰਕੇਤ ਕਰਦਿਆਂ ਮਿਆਂਮਾਰ ਧਿਰ ਨੇ ਮੋਨਾਇਵਾ ਅਤੇ ਥਾਟੋਨ ਵਿਖੇ ਦੋ ਹੋਰ ਕੇਂਦਰ ਵਿਕਸਤ ਕਰਨ ਅਤੇ ਆਈ.ਟੀ.ਸੀ., ਮਿੰਗਿਆਨ ਦੇ ਪੰਜ ਸਾਲਾ ਵਿਆਪਕ ਰੱਖ-ਰੱਖਾਅ ਦੀ ਯੋਜਨਾ ਲਈ ਭਾਰਤ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਮਿਆਂਮਾਰ-ਭਾਰਤ ਉੱਦਮਤਾ ਵਿਕਾਸ ਕੇਂਦਰ ਅਤੇ ਯੰਗੂਨ ਵਿਖੇ ਅੰਗ੍ਰੇਜ਼ੀ ਭਾਸ਼ਾ ਸਿਖਲਾਈ ਕੇਂਦਰ ਨੂੰ ਅੱਪਗਰੇਡ ਕਰਨ ਲਈ ਭਾਰਤ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਪ੍ਰਸੰਸਾ ਵਿਅਕਤ ਕੀਤੀ । ਦੋਹਾਂ ਧਿਰਾਂ ਦਰਮਿਆਨ ਮਿਆਂਮਾਰ ਵਿੱਚ ਕਿਸੇ ਢੁੱਕਵੀਂ ਜਗ੍ਹਾ ‘ਤੇ ਤਾਰਾ ਮੰਡਲ (ਗ੍ਰਹਿ-ਭਵਨ) ਦੀ ਸਥਾਪਨਾ ‘ਤੇ ਚਰਚਾ ਜਾਰੀ ਰੱਖਣ ਲਈ ਵੀ ਸਹਿਮਤੀ ਬਣੀ ਅਤੇ ਮੰਨਿਆ ਗਿਆ ਕਿ ਇਹ ਇੱਕ ਵੱਡਮੁੱਲੀ ਸੰਸਥਾ ਹੋਵੇਗੀ ਜੋ ਮਿਆਂਮਾਰ ਦੀ ਨੌਜਵਾਨ ਪੀੜ੍ਹੀ ਵਿੱਚ ਵਿਗਿਆਨਕ ਸੋਚ ਦਾ ਪੋਸ਼ਣ ਕਰੇਗੀ ।
  13. ਦੋਹਾਂ ਧਿਰਾਂ ਦਾ ਵਿਚਾਰ ਸੀ ਕਿ ਰਾਖੀਨੇ ਸਟੇਟ ਦੀ ਸਥਿਤੀ ਵਿਕਾਸਸ਼ੀਲ ਅਤੇ ਸੁਰੱਖਿਅਤ ਸੀ । ਦੋਹਾਂ ਧਿਰਾਂ ਨੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਈ ਕਿ ਰਖੀਨੇ ਰਾਜ ਦੀ ਸਥਿਤੀ ਦੇ ਵਿਕਾਸ ਅਤੇ ਸੁਰੱਖਿਆ ਨਾਲ ਸਬੰਧਤ ਆਯਾਮ ਹਨ । ਇਸ ਸੰਦਰਭ ਵਿੱਚ ਉਨ੍ਹਾਂ ਨੇ ਰਾਜ ਵਿੱਚ ਸਮੁੱਚੇ ਸਮਾਜਕ, ਆਰਥਕ ਵਿਕਾਸ ਲਿਆਉਣ ਲਈ ਮੁਢਲੇ ਢਾਂਚੇ ਅਤੇ ਸਮਾਜਕ-ਆਰਥਕ ਪ੍ਰੋਜੈਕਟਾਂ ਵਿਸ਼ੇਸ਼ ਕਰਕੇ ਵਿਦਿਅਕ, ਸਿਹਤ, ਖੇਤੀਬਾੜੀ ਤੇ ਸਹਾਇਕ ਗਤੀਵਿਧਿਆਂ, ਐਗਰੋ ਪ੍ਰੋਸੈਸਿੰਗ, ਭਾਈਚਾਰਕ ਵਿਕਾਸ, ਛੋਟੇ ਪੁਲਾਂ ਦਾ ਨਿਰਮਾਣ, ਸੜਕਾਂ ਦਾ ਸੁਧਾਰ, ਛੋਟੇ ਪਾਵਰ ਪ੍ਰਾਜੈਕਟ, ਰੁਜ਼ਗਾਰ ਸਰਗਰਮੀਆਂ, ਸਿਖਲਾਈ ਕੇਦਰਾਂ ਦੀ ਸਥਾਪਨਾ, ਘਰੇਲੂ ਹਸਤ-ਕਲਾਵਾਂ, ਵਾਤਾਵਰਣ ਅਤੇ ਸਭਿਆਚਾਰਕ ਵਿਰਸੇ ਦੀ ਸੰਭਾਲ ਆਦਿ ‘ਤੇ ਜ਼ੋਰ ਦਿੱਤਾ ।  ਮੀਆਂਮਾਰ ਨੇ ਰਖੀਨੇ ਸਟੇਟ ਵਿਕਾਸ ਪ੍ਰੋਗਰਾਮ ਅਧੀਨ ਸਹਾਇਤਾ ਦੀ ਪੇਸ਼ਕਸ਼ ਲਈ ਭਾਰਤ ਦਾ ਧੰਨਵਾਦ ਕੀਤਾ ਅਤੇ ਦੋਵੇਂ ਧਿਰਾਂ ਅਗਲੇ ਕੁੱਝ ਮਹੀਨਿਆਂ ਅੰਦਰ ਇਸ ਨੂੰ  ਲਾਗੂ ਕਰਨ ਦੀ ਰੂਪ ਰੇਖਾ ਤਹਿ ਕਰਨ ਲਈ ਸਹਿਮਤ ਹੋ ਗਈਆਂ ।
  14. ਦੋਹਾਂ ਧਿਰਾਂ ਨੇ ਖੇਤੀਬਾੜੀ ਅਤੇ ਵਿਦਿਅਕ ਖੇਤਰ ਵਿੱਚ ਸਹਿਯੋਗ ‘ਤੇ ਤਸੱਲੀ ਪ੍ਰਗਟਾਈ, ਖਾਸ ਕਰਕੇ ਯੈਜ਼ੀਨ ਖੇਤੀਬਾੜੀ ਯੂਨੀਵਰਸਿਟੀ(Yezin Agricultural University) ਵਿਖੇ ਸਥਾਪਤ ਖੇਤੀਬਾੜੀ ਖੋਜ ਤੇ ਸਿਖਿਆ ਲਈ ਆਧੁਨਿਕ ਕੇਂਦਰ ਅਤੇ ਖੇਤੀਬਾੜੀ ਖੋਜ ਵਿਭਾਗ ਵਿਖੇ ਸਥਾਪਤ ‘ਰਾਈਸ ਬਾਇਓਪਾਰਕ’ ਦੀ ਗਤੀਸ਼ੀਲਤਾ ਵਿੱਚ ਤੇਜ਼ੀ ਆਉਣ ਕਰਕੇ । ਮਿਆਂਮਾਰ ਦੇ ਉਮੀਦਵਾਰਾਂ ਨੂੰ ਖੇਤੀਬਾੜੀ ਵਿਗਿਆਨ ਦੇ ਵਿਸ਼ੇ ਵਿੱਚ ਐਮ.ਐਸ.ਸੀ ਅਤੇ ਪੀ.ਐੱਚ.ਡੀ ਡਿਗਰੀਆਂ ਹਾਸਲ ਕਰਾਉਣ ਵਿੱਚ ਭਾਰਤ ਵੱਲੋਂ ਦਿੱਤੀ ਗਈ ਸਹਾਇਤਾ ਦੀ ਵੀ ਸ਼ਲਾਘਾ ਕੀਤੀ ਗਈ ।
  15. ਦੋਹਾਂ ਪੱਖਾਂ ਨੇ ਮਿਆਂਮਾਰ ਦੇ ਨਿਆਂਇਕ ਅਧਿਕਾਰੀਆਂ, ਮਿਲਟਰੀ ਪ੍ਰਸੋਨਲ ਅਤੇ ਪੁਲੀਸ ਲਈ ਚਲਾਏ ਜਾ ਰਹੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ‘ਤੇ ਸੰਤੁਸ਼ਟੀ ਪ੍ਰਗਟਾਈ । ਮਿਆਂਮਾਰ ਨੇ ਮਿਆਂਮਾਰ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੌਜੀ ਅਤੇ ‘ਇੰਡੀਆ ਮਿਆਂਮਾਰ ਸੈਂਟਰ ਫਾਰ ਐਨਹਾਂਸਮੈਂਟ ਆਫ ਆਈ.ਟੀ. ਸਕਿੱਲਜ਼’ ਦੀ ਹਮਾਇਤ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਲਈ ਭਾਰਤ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਮੰਨਿਆ ਕਿ ਭਾਰਤ ਨਵੀਂ ਦਿੱਲੀ ਸਥਿਤ ‘ਵਿਦੇਸ਼ ਸੇਵਾ ਸੰਸਥਾ’ ਵਿਖੇ ਮਿਆਂਮਾਰ ਦੇ ਸਫੀਰਾਂ ਨੂੰ ਨਿਰੰਤਰ ਸਿਖਲਾਈ ਦੇਂਦਾ ਰਹੇਗਾ । ਮਿਆਂਮਾਰ ਨੇ ਭਾਰਤ ਦੀ ਪੇਸ਼ਕਸ਼ ਦਾ ਸੁਆਗਤ ਕੀਤਾ ਜਿਸ ਅਧੀਨ ਹਰ ਸਾਲ ਮਿਆਂਮਾਰ ਦੇ ਦੋ ਰਾਜਦੂਤ ਕੇਂਦਰੀ ਹਿੰਦੀ ਸੰਸਥਾਨ ਵਿਖੇ ਦਾਖਲ ਕੀਤੇ ਜਾਇਆ ਕਰਨਗੇ ਜਦ ਕਿ ਹਰ ਸਾਲ ਮਿਆਂਮਾਰ ਦੇ 150 ਸਿਵਲ ਅਧਿਕਾਰੀ ਭਾਰਤੀ ਸਿਖਲਾਈ ਕੇਂਦਰਾਂ ਵਿਖੇ ਅੰਗ੍ਰੇਜ਼ੀ ਭਾਸ਼ਾ ਦੀ ਸਿਖਲਾਈ ਲੈਣਗੇ । ਇਹ ਸਿਲਸਿਲਾ ਪੰਜ ਸਾਲ ਤੱਕ ਜਾਰੀ ਰਹੇਗਾ ।
  16. ਮਿਆਂਮਾਰ ਪੁਲਿਸ ਸਿਖਲਾਈ ਦੇ ਮੂਲ-ਢਾਂਚੇ ਅਤੇ ਸਮਰੱਥਾ ਨਿਰਮਾਣ ਨੂੰ ਅੱਪਗ੍ਰੇਡ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਦੋਹਾਂ ਆਗੂਆਂ ਨੇ ਭਾਰਤ ਸਰਕਾਰ ਦੀ ਤਕਨੀਕੀ ਅਤੇ ਵਿੱਤੀ ਸਹਾਇਤਾ ਨਾਲ ਮਿਆਂਮਾਰ ਵਿਚਾਲੇ  ਯਾਮੇਥਿਨ ਵਿਖੇ ਸਥਿਤ ਮਹਿਲਾ ਪੁਲਿਸ ਸਿਖਲਾਈ ਕੇਂਦਰ ਦੇ ਆਧੁਨਿਕੀਕਰਣ ਸਬੰਧੀ ਸਹਿਮਤੀ ਪੱਤਰ ਤੇ ਹੋਏ ਹਸਤਾਖਰਾਂ ਦਾ ਸਵਾਗਤ ਕੀਤਾ । ਮਿਆਂਮਾਰ ਨੇ ਯੰਗੂਨ ਵਿਖੇ ਪੁਲਿਸ ਅਧਿਕਾਰੀਆਂ ਲਈ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਭਾਰਤੀ ਪੇਸ਼ਕਸ਼ ਦਾ ਸਵਾਗਤ ਕੀਤਾ ਅਤੇ ਇਹ ਫੈਸਲਾ ਕੀਤਾ ਕਿ ਇਸ ਦੀ ਰੂਪ-ਰੇਖਾ ਇਕੱਠੇ ਬੈਠ ਕੇ ਤਿਆਰ ਕੀਤੀ ਜਾਵੇਗੀ ।
  17. ਮਿਆਂਮਾਰ ਨੇ ਕਲਾਦਾਨ ਮਲਟੀ ਮੌਡਲ ਟ੍ਰਾਂਜ਼ਿਟ ਟਰਾਂਸਪੋਰਟ ਪ੍ਰੋਜੈਕਟ ਅਤੇ ਹੋਰ ਸੜਕ ਅਤੇ ਪੁਲ ਉਸਾਰੀ ਵਾਲੇ ਪੂਰੀ ਵਿੱਤੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ  ਸਹਿਤ ਉਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਹਮਾਇਤ ਵਾਸਤੇ ਭਾਰਤ ਦਾ ਧੰਨਵਾਦ ਕੀਤਾ ਜੋ  ਦੁਵੱਲੇ ਅਤੇ ਖੇਤਰੀ ਸੰਪਰਕ ਵਿੱਚ ਵਾਧਾ ਕਰਦੇ ਹਨ । ਮਿਆਂਮਾਰ ਨੇ ਸਿੱਟਵੇ ਪੋਰਟ ਅਤੇ ਪਾਲੇਟਵਾ ਸਥਾਨਕ ਜਲ ਟਰਾਂਸਪੋਰਟ ਟਰਮੀਨਲ ਦਾ ਕੰਮ ਪੂਰਾ ਹੋਣ ਅਤੇ ਮਿਆਂਮਾਰ ਬੰਦਰਗਾਹ ਅਥਾਰਟੀ ਨੂੰ ਛੇ ਮਾਲ ਬੇੜੇ ਸੌਂਪ ਦੇਣ ਨਾਲ ਕਲਾਦਾਨ ਮਲਟੀ ਮੌਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ ਵਿੱਚ ਆਈ ਅਧਿਕ ਗਤੀਸ਼ੀਲਤਾ ਦੀ ਪ੍ਰਸ਼ੰਸਾ ਕੀਤੀ । ਦੋਹਾਂ  ਧਿਰਾਂ ਨੇ ਇੱਕ ਬੰਦਰਗਾਹ ਚਾਲਕ ਦੀ ਨਿਯੁਕਤੀ ਲਈ ਸਹਿਮਤੀ ਪੱਤਰ ਵਾਸਤੇ ਵੀ ਰਜ਼ਾਮੰਦੀ ਪ੍ਰਗਟਾਈ । ਇਸ ਅਨੁਸਾਰ  ਦੋਵੇਂ ਧਿਰਾਂ ਬੰਦਰਗਾਹ ਨੂੰ ਵਰਤਣ ਅਤੇ ਇਸ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰ ਹੋਣਗੀਆਂ । ਇਸ ਸਭ ਲਈ ਉਹੀ ਮਾਪਦੰਡ ਅਪਣਾਏ ਜਾਣਗੇ ਜੋ ਮਿਆਂਮਾਰ ਵਿੱਚ ਹੋਰਨਾ ਅੰਤਰ-ਰਾਸ਼ਟਰੀ ਬੰਦਰਗਾਹਾਂ ਲਈ ਜਾਣੇ ਜਾਂਦੇ ਹਨ । ਇਹ ਬੰਦਰਗਾਹ ਅਤੇ ਆਈ.ਡਬਲਯੂ.ਟੀ. ਮੂਲ ਢਾਂਚੇ ਨੂੰ ਵਪਾਰਕ ਤੌਰ ਤੇ ਵਰਤਣਯੋਗ ਬਣਾਏਗਾ ਅਤੇ ਚੌਗਿਰਦੇ ਦੇ ਵਿਕਾਸ ਨੂੰ ਉੱਨਤ ਕਰੇਗਾ, ਏਥੋਂ ਤੱਕ ਕਿ ਇਸ ਪ੍ਰਾਜੈਕਟ ਦਾ ਆਖਰੀ ਹਿੱਸਾ – ਪਾਲੇਟਵਾ ਤੋਂ ਜ਼ੋਰੀਨਪੁਰੀ ਤੱਕ ਦੀ ਸੜਕ ਵੀ ਉਸਾਰੀ ਅਧੀਨ ਹੈ । ਇਸ ਉੱਤੇ  ਦੋਹਾਂ ਧਿਰਾਂ ਨੇ ਤਸੱਲੀ ਪ੍ਰਗਟਾਈ ਅਤੇ ਸਰਹੱਦ ਪਾਰ ਪ੍ਰੋਜੈਕਟ ਪ੍ਰਸੋਨਲ, ਉਸਾਰੀ ਦਾ ਸਮਾਨ ਅਤੇ ਉਪਕਰਣ ਜ਼ੋਰੀਨਪੁਰੀ ਅਤੇ ਪਾਲੇਟਵਾ ਰਸਤੇ ਲਿਜਾਉਣ ਤੇ ਸਹਿਮਤੀ ਹੋਈ । ਉਨ੍ਹਾਂ ਇਹ ਵੀ ਲਿਖਿਆ ਕਿ ਤਾਮੂ-ਕੀਗੋਨ-ਕਾਲੇਵਾ ਸੜਕ ਅਤੇ ਤਿੰਨ ਧਿਰੇ ਸ਼ਾਹ-ਰਾਹ ਦੇ ਕਾਲੇਵਾ-ਯਾਰਗੀ ਖੇਤਰ ਵਿੱਚ ਪੁਲ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ । ਇਸ ਦੀ ਉਸਾਰੀ ਲਈ ਦੋਵੇਂ ਧਿਰਾਂ ਰੀ-ਟੈਡਿਮ ਰੋਡ ਅਤੇ ਡੀ.ਪੀ.ਆਰ ਦੀ ਇੱਕਜੁਟਤਾ ਲਈ ਵੀ ਤਿਆਰ ਹੋ ਗਈਆਂ ਹਨ । ਮੌਜੂਦਾ ਐਲ.ਓ.ਸੀ ਅਧੀਨ ਪੁਟਾਓ-ਮਿਤਕੀਨਾ ਅਤੇ ਅਲੀਕਾਨਕੀਆਵ-ਅਹੁੰਗਮਾਵ ਸੜਕਾਂ  ਦੀ ੳਸਾਰੀ ਦੇ ਫੈਸਲੇ ਮਿਆਂਮਾਰ ਵੱਲੋਂ ਡੀ.ਪੀ.ਆਰ ਮੁਹੱਈਆ ਕਰਾਉਣ ਉਪਰਾਂਤ ਹੀ ਲਏ ਜਾਣਗੇ । ਮਿਆਂਮਾਰ ਦੀ ਬੇਨਤੀ ਦਾ ਹੁੰਗਾਰਾ ਭਰਦਿਆਂ ਭਾਰਤ ਰਿਹਖਾਵਥਾਰ-ਜ਼ੋਊਖਾਥਾਰ ਪੁਲ ਅਤੇ ਬਵੈਨੂੰ ਪੁਲ ਲਈ ਡੀ.ਪੀ.ਆਰਜ਼ ਦੀ ਤਿਆਰੀ ਕਰਾਉਣ ਲਈ ਮੰਨ ਗਿਆ ਹੈ ।
  18. ਦੋਹਾਂ ਧਿਰਾਂ ਨੇ ਸਿਹਤ ਦੇ ਖੇਤਰ ਵਿਚਲੇ ਪ੍ਰਜੈਕਟਾਂ ਦੀ ਵੀ ਸਮੀਖਿਆ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ ਕਿ ਯਗੂਨ ਬੱਚਿਆਂ ਦਾ ਹਸਪਤਾਲ ਅਤੇ ਸਿਟਵੇ ਜਨਰਲ ਹਸਪਤਾਲ ਦੀ ਅੱਪਗ੍ਰੇਡੇਸ਼ਨ ਦਾ ਕੰਮ ਅਤੇ ਮੋਨੀਵਾ ਜਨਰਲ ਹਸਪਤਾਲ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ । ਉਨ੍ਹਾਂ ਨੇ ਪਈ ਤਾਅ ਵਿੱਚ ਆਪਸੀ ਸਹਿਮਤੀ ਨਾਲ ਬਣਾਈ ਰੂਪ.ਰੇਖਾ ‘ਤੇ ਅਧਾਰਤ, ਭਾਰਤ ਦੇ ਉੱਘੇ ਹਸਪਤਾਲ ਗਰੁੱਪਾਂ ਵਿੱਚੋਂ ਕਿਸੇ ਇੱਕ ਦੇ ਸਹਿਯੋਗ ਨਾਲ ਅਤਿ ਆਧੁਨਿੱਕ ਹਸਪਤਾਲ ਬਣਾਉਣ ਅਤੇ ਚਲਾਉਣ ਲਈ ਸਲਾਹ ਮਸ਼ਵਰੇ ਸ਼ੁਰੂ ਕਰਨ ਤੇ ਵੀ ਸਹਿਮਤ ਹੋਏ ।
  19. ਦੋਹਾਂ ਧਿਰਾਂ ਨੇ 2012 ਵਿੱਚ ਭਾਰਤ ਵੱਲੋਂ ਮਿਆਂਮਾਰ ਨੂੰ ਦਿੱਤੇ 500 ਮਿਲੀਅਨ ਡਾਲਰ ਦੀ ਉਪਯੋਗਤਾ ਤੇ ਵਿਚਾਰ ਚਰਚਾ ਕੀਤੀ । ਇਹ੍ਹਾਂ ਫੰਡਾਂ ਦੇ ਅਧੀਨ ਜੋ ਪ੍ਰੋਜੈਕਟ ਲਾਗੂ ਕੀਤੇ ਜਾਣੇ ਹਨ, ਉਹ ਮੁੱਖ ਖੇਤਰਾਂ ਵਿੱਚ ਮੂਲ ਢਾਂਚੇ ਨੂੰ ਵਧਾਉਣਗੇ ਅਤੇ ਖੇਤੀਬਾੜੀ ਅਤੇ ਟਰਾਂਸਪੋਰਟ ਵਿੱਚ ਦੀ ਸਮਰੱਥਾ ਵਧਾਉਣਗੇ । ਉਨ੍ਹਾਂ ਮਤਾ ਪਾਸ ਕੀਤਾ ਕਿ ਆਪਸੀ ਸਹਿਮਤੀ ਵਾਲੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ ।
  20. ਦੋਹਾਂ ਧਿਰਾਂ ਨੇ ਬਿਆਨ ਕੀਤਾ ਕਿ ਉਨ੍ਹਾਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪੂਰੀ ਕੀਮਤ ਵਸੂਲਣ ਲਈ ਸੰਪਰਕ ਨਾਲ ਸਬੰਧਤ ਸੰਸਥਾਗਤ ਇੰਤਜ਼ਾਮਾਂ ਨੂੰ ਪਹਿਲ ਦੇਣ ਦੀ ਜ਼ਰੂਰਤ ਹੈ  । ਇਸ ਦਿਸ਼ਾ ਵਿੱਚ ਉਨ੍ਹਾਂ ਨੇ ਇੱਕ ਦੁਵੱਲੇ ਸਮਝੌਤੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜੋ ਮੋਟਰ-ਵਾਹਨ ਆਵਾਜਾਈ, ਯਾਤਰੀ ਅਤੇ ਮਾਲ ਦੋਹਾਂ ਨੂੰ ਸਰਹੱਦ ਪਾਰ ਕਰਨ ਯੋਗ ਬਣਾਵੇ।

 

  1. ਦੋਹਾਂ ਧਿਰਾਂ ਨੇ ਭਾਰਤ ਅਤੇ ਮਿਆਂਮਾਰ ਵਿਚਕਾਰ ਬਿਜਲੀ ਅਤੇ ਊਰਜਾ ਅਪੂਰਤੀ ਨੈੱਟਵਰਕਾਂ ਦੀ ਵਧੇਰੇ ਅਖੰਡਤਾ ਦੀ ਜ਼ਰੂਰਤ ਤੇ ਜ਼ੋਰ ਦਿੱਤਾ । ਮਿਆਂਮਾਰ ਨੇ ਉਰਜਾ ਦੀ ਖੋਜ ਅਤੇ ਉਤਪਾਦਨ ਖੇਤਰ ਵਿੱਚ ਭਾਰਤ ਦੀ ਸਹਿਭਾਗਤਾ ਦਾ ਸਵਾਗਤ ਕੀਤਾ ਅਤੇ ਭਾਰਤੀ ਕੰਪਨੀਆਂ ਨੂੰ ਸੱਦਾ ਦਿੱਤਾ ਕਿ ਉਹ ਪੈਟਰੋ-ਕੈਮੀਕਲਜ਼ ਤੇ ਪੈਟਰੋਲੀਅਮ ਉਤਪਾਦ, ਮੰਡੀਕਰਣ ਮੂਲਢਾਂਚਾ ਅਤੇ  ਐੱਲ.ਪੀ.ਜੀ. ਟਰਮੀਨਲਜ਼ ਲਈ ਟੈਂਡਰਾਂ ਵਿੱਚ ਹਿੱਸਾ ਲੈਣ । ਭਾਰਤ ਨੇ ਸੂਚਿਤ ਕੀਤਾ ਕਿ ਭਾਰਤ ਦੀਆਂ ਸਿਰਕੱਢ ਤੇਲ ਅਤੇ ਗੈਸ ਕੰਪਨੀਆਂ ਮਿਆਂਮਾਰ ਵਿੱਚ ਆਪਣੇ ਦਫਤਰ ਖੋਲ੍ਹਣ ਦੀ ਤਿਆਰੀ ਵਿੱਚ ਹਨ । ਨੁਮਾਲੀਗੜ੍ਹ ਰਿਫਾਈਨਰੀ ਆਫ ਇੰਡੀਆ ਅਤੇ  ਪਾਰਾਮੀ ਐਨਰਜੀ ਗਰੁੱਪ ਆਵ੍ ਮਿਆਂਮਾਰ ਵਿਚਕਾਰ ਮਿਆਂਮਾਰ ਨੂੰ ਡੀਜ਼ਲ ਸਪਲਾਈ ਕਰਨ ਸਬੰਧੀ ਹੋਏ ਸਮਝੋਤੇ ਨੂੰ ਉਤਸ਼ਾਹਤ ਕਰਦਿਆਂ ਦੋਹਾਂ ਧਿਰਾਂ ਨੇ ਕਿਹਾ ਕਿ ਇਸ ਨਾਲ ਉੱਤਰੀ ਮਿਆਂਮਾਰ ਦੇ ਲੋਕਾਂ ਨੂੰ ਸਸਤੇ ਅਤੇ ਭਰੋਸੇਯੋਗ ਪੈਟਰੋਲੀਅਮ ਉਤਪਾਦ ਮਿਲ ਸਕਣਗੇ । ਉਨ੍ਹਾਂ  ਨੇ ਮਿਆਂਮਾਰ ਵਿੱਚ ਦੋਹਾਂ ਧਿਰਾਂ ਨੂੰ ਪੈਟਰੋਲੀਅਮ ਉਤਪਾਦਾਂ ਦੇ ਭੰਡਾਰਣ ਅਤੇ ਪ੍ਰਚੂਨ ਵਿਕਰੀ ਲਈ ਸਹਿਯੋਗ ਵਾਸਤੇ ਉਤਸ਼ਾਹਿਤ ਕੀਤਾ । ਹਾਈ ਸਪੀਡ ਡੀਜ਼ਲ ਦੀ ਪਹਿਲੀ ਕਿਸ਼ਤ 4 ਸਤੰਬਰ, 2017 ਨੂੰ ਮਿਆਂਮਾਰ ਪਹੁੰਚੀ ।
  2. ਭਾਰਤ ਨੇ ਮਿਆਂਮਾਰ ਸਰਕਾਰ ਦੁਆਰਾ ਸ਼ਨਾਖਤ ਕੀਤੇ ਰਵਾਇਤੀ ਅਤੇ ਅਖੁੱਟ ਊਰਜਾ ਅਧਾਰਤ ਬਿਜਲੀ ਵਿਕਾਸ ਪ੍ਰੋਜੈਕਟਾਂ ਨੂੰ ਤਕਨੀਕੀ ਅਤੇ ਪ੍ਰੋਜੈਕਟ ਸਬੰਧਤ ਸਹਾਇਤਾ ਦੇਣ ਦੀ ਇੱਛਾ ਪ੍ਰਗਟਾਈ । ਮਿਆਂਮਾਰ ਵਿੱਚ ਸੋਲਰ ਪਾਰਕਾਂ ਦੇ ਵਿਕਾਸ ਲਈ ਸੰਭਾਵਿਤ ਅਧਿਐਨ ਸਬੰਧੀ ਪਹਿਲਾਂ ਤੋਂ ਕੀਤੀ ਗਈ ਪੇਸ਼ਕਸ਼ ਦੇ ਨਾਲ ਭਾਰਤ ਨੇ ਮਿਆਂਮਾਰ ਵਿੱਚ ਸੂਰਜੀ ਰੇਡੀਏਸ਼ਨ ਸਾਧਨਾਂ ਦਾ ਮੁਲੰਕਣ ਕਰਨ ਦੀ ਵੀ ਪੇਸ਼ਕਸ਼ ਕੀਤੀ । ਦੋਹਾਂ ਧਿਰਾਂ ਨੇ  ਦੋਹਾਂ ਮੁਲਕਾਂ ਵਿੱਚਕਾਰ ਊਰਜਾ ਸਮਰੱਥਾ ਦੇ ਖੇਤਰ ਵਿਚ ਸਹਿਯੋਗ ਦੇ ਤਰੀਕਿਆਂ ‘ਤੇ  ਚਰਚਾ ਕੀਤੀ । ਮਿਆਂਮਾਰ ਨੇ ‘ਐਨਰਜੀ ਐਫੀਸ਼ੈਂਸੀ ਸਰਵਿਸਿਜ਼ ਲਿਮਿਟਡ ਆਵ੍ ਇੰਡੀਆ’ ਵੱਲੋਂ ਚਲਾਏ ਜਾ ਰਹੇ ਟੈਕਨਾਲੌਜੀ ਡੈਮੋਨਸਟਰੇਸ਼ਨ ਪ੍ਰੋਜੈਕਟਾਂ ਲਈ ਭਾਰਤ ਦਾ ਧੰਨਵਾਦ ਕੀਤਾ ।  ਭਾਰਤ ਨੇ ਬਿਜਲੀ ਵਪਾਰ ਵਿੱਚ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਮਿਆਂਮਾਰ ਨਾਲ ਇਸ ਖੇਤਰ ਵਿੱਚ ਸੰਭਵ ਸਹਿਯੋਗ ਲਈ ਰੁਚੀ ਪ੍ਰਗਟਾਈ । ਇਹ ਮੰਨ ਲਿਆ ਗਿਆ ਕਿ ਬਿਜਲੀ ਅਤੇ ਹੋਰ ਮੁੱਦਿਆਂ ਤੇ ਸਾਂਝੀ ਸਟੀਅਰਿੰਗ ਕਮੇਟੀ ਦੀ ਜਲਦੀ ਹੀ ਹੋਣ ਵਾਲੀ ਮੀਟਿੰਗ ਵਿੱਚ ਇਹਨਾਂ ਅਤੇ ਹੋਰ ਸਬੰਧਤ ਮਸਲਿਆਂ ‘ਤੇ ਵਿਚਾਰ  ਵਿਚਾਰ ਚਰਚਾ ਕੀਤੀ ਜਾਵੇਗੀ । ਭਾਗੀਦਾਰ ਮੁਲਕਾਂ ਨੂੰ ਮਿਲਣ ਵਾਲੇ ਬਹੁਤ ਜ਼ਿਆਦਾ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਆਂਮਾਰ ਨੇ ਵਾਅਦਾ ਕੀਤਾ ਕਿ ਉਹ ਅੰਤਰ-ਰਾਸ਼ਟਰੀ ਸੂਰਜੀ ਗਠਜੋੜ ਦੀ ਸਥਾਪਨਾ ਲਈ ਫਰੇਮਵਰਕ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਸੁਝਾਅ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗਾ ।
  3. ਦੋਹਾਂ ਧਿਰਾਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਦੇ ਮੌਜੂਦਾ ਪੱਧਰ ਤੇ ਗੌਰ ਕੀਤਾ ਅਤੇ ਮੰਨਿਆ ਕਿ ਇਸ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹਨ । ਇਸ ਸਬੰਧ ਵਿੱਚ ਉਨ੍ਹਾਂ ਨੇ ਦੋਹਾਂ ਮੁਲਕਾਂ ਵਿਚਕਾਰ ਵਪਾਰ ਵਧਾਉਣ ਦੇ ਵਿਚਾਰ ਨਾਲ ਸਾਰੀਆਂ ਵਪਾਰ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਕਰਕੇ ਵਪਾਰ ਵਿੱਚ ਸੁਧਾਰ ਦੀ ਜ਼ਰੂਰਤ ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਭਾਰਤ ਵਿੱਚ ਨਵੀਂ ਦਿੱਲੀ ਵਿਖੇ ਜੂਨ, 2017 ਵਿੱਚ ਹੋਈ ਮਿਆਂਮਾਰ-ਭਾਰਤ ਸਾਂਝੀ ਵਪਾਰ ਕਮੇਟੀ ਦੀ  ਛੇਵੀਂ ਮੀਟਿੰਗ ਦੇ ਨਤੀਜਿਆਂ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਸਰਹੱਦੀ ਵਪਾਰ ਕਮੇਟੀ  ਅਤੇ ਸਰਹੱਦੀ ਹਾਟ ਕਮੇਟੀ ਦੀਆਂ ਮੀਟਿੰਗਾਂ ਕਰਦੇ ਰਹਿਣ ‘ਤੇ ਸਹਿਮਤੀ ਪ੍ਰਗਟ ਕੀਤੀ ।
  4. ਭਾਰਤ ਨੇ ਮਿਆਂਮਾਰ ਵੱਲੋਂ ਟੈਕਸਟਾਈਲ ਸੈਕਟਰ ਨੂੰ ਵਿਕਸਤ ਕਰਨ ਲਈ ਮਿਆਰ ਨਿਰਧਾਰਨ, ਨਿਰੀਖਣ ਤੇ ਗੁਣਵੱਤਾ ਸੁਝਾਅ, ਖੋਜ ਤੇ ਵਿਕਾਸ, ਮਾਨਵ ਸੰਸਾਧਨ ਵਿਕਾਸ ਅਤੇ ਸਮਰੱਥਾ ਨਿਰਮਾਣ ਲਈ ਮੰਗੇ ਗਏ ਸਹਿਯੋਗ ਦਾ ਸੁਆਗਤ ਕੀਤਾ ।
  5. ਦੋਹਾਂ ਧਿਰਾਂ ਨੇ ਦੁਵੱਲੀ ਵਪਾਰ ਪਟਾਰੀ ਵਿੱਚ ਦਾਲਾਂ ਦੀ ਮਹੱਤਤਾ, ਮਿਆਂਮਾਰ ਦੇ ਕਿਸਾਨਾਂ ਅਤੇ ਭਾਰਤੀ ਉਪਭੋਗਤਾ ਉੱਤੇ ਇਸ ਵਪਾਰ ਦੇ ਪ੍ਰਭਾਵ ਨੂੰ ਪ੍ਰਵਾਨ ਕੀਤਾ । ਸਟੇਟ ਕੌਂਸਲਰ ਨੇ ਭਾਰਤ ਦੁਆਰਾ ਹਾਲ ਹੀ ਵਿੱਚ ਜਾਰੀ ਹੋਈ ਨੋਟਿਫਿਕੇਸ਼ਨ ਜਿਸ ਅਨੁਸਾਰ ਮਿਆਂਮਾਰ ਤੋਂ ਅਲੱਗ-ਅਲੱਗ ਕਿਸਮ ਦੀਆਂ ਦਾਲਾਂ ਦੇ ਆਯਾਤ ਉਪਰ ਗਿਣਾਤਮਕ ਪਾਬੰਦੀਆਂ ਲਗਾਈਆਂ ਗਈਆਂ ਹਨ, ਉੱਪਰ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ  ਬੇਨਤੀ ਕੀਤੀ ਕਿ ਉਹ ਦੋਹਾਂ ਦੇਸ਼ਾਂ ਅਤੇ ਲੋਕਾਂ ਦੇ ਹਿੱਤਾਂ ਅਤੇ ਮਿੱਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਆਂਮਾਰ ਵਿੱਚੋਂ ਆਯਾਤ ਉਪਰ ਲੱਗੀਆਂ ਪਾਬੰਦੀਆਂ ਨੂੰ ਹਟਾ ਦੇਣ । ਭਾਰਤ ਦੇ ਪ੍ਰਧਾਨ ਮੰਤਰੀ ਨੇ ਜਵਾਬ ਵਿੱਚ ਕਿਹਾ ਕਿ ਮਹੱਤਵ ਇਸ ਗੱਲ ਦਾ ਹੈ ਕਿ ਇੰਤਜ਼ਾਮ ਲੰਮੇ ਸਮੇਂ ਲਈ ਕੀਤੇ ਜਾਣ ਜਿਸ ਨਾਲ ਭਵਿੱਖ ਵਿੱਚ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿੱਤਾਂ ਨੂੰ ਬਚਾਇਆ ਜਾ ਸਕੇ ।
  6. ਦੋਹਾਂ ਧਿਰਾਂ ਨੇ ਸਰਹੱਦੀ ਲਾਂਘੇ ਬਾਰੇ ਹੋਈ ਸਫਲ ਗੱਲਬਾਤ ਅਤੇ ਸੰਧੀ ਤੈਹ ਹੋਣ ਦਾ ਸਵਾਗਤ ਕੀਤਾ ਜਿਸ ਨਾਲ ਸਾਂਝੀ ਜ਼ਮੀਨੀ ਸਰਹੱਦ ਉਤੇ ਲੋਕਾਂ ਦੀ ਹਰਕਤ ਵਿੱਚ ਤਾਲਮੇਲ ਨੂੰ ਨਿਅੰਤਰਤ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਦੁਵੱਲੇ ਵਪਾਰ ਤੇ ਸੈਰ ਸਪਾਟੇ ਵਿੱਚ ਵਾਧਾ ਹੋਵੇਗਾ । ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਸ ਸਮਝੌਤੇ ਉਪਰ ਹਸਤਾਖਰ ਕਰਨ ਦੀਆਂ ਰਸਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ । ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਦੇ ਇੰਫਾਲ ਤੋਂ ਮਿਆਂਮਾਰ ਦੇ ਮਾਂਡਲੇ ਤੱਕ ਇਕਸਾਰ ਬੱਸ ਸੇਵਾ ਸ਼ੁਰੂ ਕਰਨ ਲਈ ਗੱਲਬਾਤ ਅਤੇ ਸਮਝੌਤਾ ਕਰਨ ਲਈ ਸਹਿਮਤੀ ਪ੍ਰਗਟਾਈ ।
  7. ਉਨ੍ਹਾਂ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਦੋਹਾਂ ਦੇਸ਼ਾਂ ਦਰਮਿਆਨ ਹਵਾਈ ਸੰਪਰਕ ਵਧਣ ਨਾਲ ਲੋਕਾਂ ਦੇ ਲੋਕਾਂ ਨਾਲ ਸਬੰਧ ਵਧਣ ਦੇ ਨਾਲ ਨਾਲ ਸੈਰ ਸਪਾਟਾ, ਵਪਾਰ ਅਤੇ ਨਿਵੇਸ਼ ਵੀ ਉਤਸ਼ਾਹਿਤ ਹੋਵੇਗਾ । ਨੇਤਾ ਇਸ ਗੱਲ ਤੇ ਇੱਕ ਮੱਤ ਸਨ ਕਿ ਮਿਆਂਮਾਰ ਦੇ ਸ਼ਹਿਰੀ  ਹਵਾਬਾਜ਼ੀ ਵਿਭਾਗ ਦੇ ਕਰੀਬੀ ਸਹਿਯੋਗ ਨਾਲ ‘ਏਅਰਪੋਰਟ ਅਥਾਰਟੀ ਆਫ ਇੰਡੀਆ’ ਇੱਕ ਡੀ.ਪੀ.ਆਰ ਤਿਆਰ ਕਰੇਗੀ ਜੋ ਕਿ ਭਾਰਤ ਵੱਲੋਂ ਵਿੱਤੀ ਅਤੇ ਤਕਨੀਕੀ ਸਹਾਇਤਾ ਨਾਲ ਪਾਕੋਕੂ ਏਅਰਪੋਰਟ ਜਾਂ ਕੈਲੇ ਏਅਰਪੋਰਟ ਤਿਆਰ ਕਰੇਗਾ । ਉਨ੍ਹਾਂ ਨੇ ਭਾਰਤ ਵਿੱਚ ਮਿਆਂਮਾਰ ਦੇ ਹਵਾਈ ਟਰੈਫਿਕ ਕੰਟਰੋਲਰਾਂ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਭਾਰਤੀ ਪੇਸ਼ਕਸ਼ ਦਾ ਸਵਾਗਤ ਕੀਤਾ । ਨੇਤਾਵਾਂ ਨੇ ਆਪਣੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਿਆਂਮਾਰ ਵਿੱਚ ਟੈਮੂ ਅਤੇ ਮਾਂਡਲੇ ਵਿਚਕਾਰ ਰੇਲ ਲਿੰਕ ਉਸਾਰਨ ਦੀਆਂ ਸੰਭਾਵਨਾਵਾਂ ‘ਤੇ ਖੋਜ-ਬੀਨ ਕਰਨ ।
  8. ਦੋਹਾਂ ਧਿਰਾਂ ਵੱਲੋਂ ਮਨੁੱਖੀ ਤਸਕਰੀ ਦੇ ਸ਼ਿਕਾਰ ਹੋਏ ਲੋਕਾਂ ਦੇ ਬਚਾਅ ਅਤੇ ਪੁਨਰਵਾਸ ਲਈ ਆਪਸੀ ਸਹਿਮਤੀ ਪ੍ਰਕਿਰਿਆ ਸਥਾਪਤ ਕਰਨ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ । ਇਸ ਸਬੰਧ ਵਿੱਚ ਉਨ੍ਹਾਂ ਨੇ ਮਨੁੱਖੀ ਤਸਕਰੀ ਰੋਕਣ ਲਈ ਸਹਿਯੋਗ ‘ਤੇ ਇੱਕ ਸਹਿਮਤੀ ਪੱਤਰ ਤੈਅ ਕਰਨ ਦਾ ਵੀ ਸੁਆਗਤ ਕੀਤਾ ਅਤੇ ਇਸ ਨੂੰ ਜਲਦੀ ਨੇਪਰੇ ਚਾੜ੍ਹਨ ਦੀ ਇੱਛਾ ਪ੍ਰਗਟਾਈ ।
  9. ਦੋਹਾਂ ਆਗੂਆਂ ਨੇ ਭਾਰਤ ਅਤੇ ਮਿਆਂਮਾਰ ਦੇ ਲੋਕਾਂ ਵਿਚਕਾਰ ਹੋਰ ਨੇੜਤਾ ਲਿਆਉਣ ਲਈ ਸਭਿਆਚਾਰਕ ਕੇਂਦਰਤਾ ‘ਤੇ ਜ਼ੋਰ ਦਿੱਤਾ ਅਤੇ 2017-20 ਤੱਕ ਦੇ ਸਮੇਂ ਲਈ ਸਭਿਆਚਾਰਕ ਪ੍ਰੋਗਰਾਮਾਂ ਦੇ ਆਦਾਨ ਪ੍ਰਦਾਨ ਉੱਪਰ ਕੀਤੇ ਹਸਤਾਖਰਾਂ ਤੇ ਤਸੱਲੀ ਪ੍ਰਗਟਾਈ । ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪ੍ਰੋਗਰਾਮ ਭਾਰਤ ਦੇ ਉੱਤਰ ਪੂਰਬੀ ਰਾਜਾਂ ਅਤੇ ਮਿਆਂਮਾਰ ਦੇ ਸਰਹੱਦੀ ਇਲਾਕਿਆਂ ਵਿੱਚ ਸੱਭਿਆਚਾਰਕ ਆਦਾਨ-ਪ੍ਰਦਾਨ ਵਧਾਏਗਾ । ਭਾਰਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਰ ਸਾਲ ਭਾਰਤੀ ਪੁਰਾਤੱਤਵ ਸੰਸਥਾਨ, ਨਵੀਂ ਦਿੱਲੀ ਮਿਆਂਮਾਰ ਦੇ ਪੁਰਾਤੱਤਵ ਵਿਗਿਆਨੀਆਂ ਨੂੰ ਉੱਚ ਪੱਧਰੀ ਅਧਿਐਨ ਵਾਸਤੇ ਦੋ ਸੀਟਾਂ ਮੁਹੱਈਆ ਕਰਾਏਗਾ ।
  10. ਭਾਰਤੀ ਧਿਰ ਨੇ ਦੱਸਿਆ ਕਿ ਬੋਧ ਗਯਾ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਪੱਥਰ ਸ਼ਿਲਾਲੇਖਾਂ ਦੇ ਅਤੇ ਮਿਆਂਮਾਰ ਦੇ ਸਮਰਾਟ ਮਿੰਡਨ ਅਤੇ ਸਮਰਾਟ ਬਾਗੀਦਾਅ ਦੇ ਮੰਦਰਾਂ ਦੇ ਬਚਾਅ ਅਤੇ ਸਾਂਭ-ਸੰਭਾਲ ਦਾ ਕੰਮ ਚਰਮ ਸੀਮਾ ‘ਤੇ ਹੈ ਅਤੇ ਦਸੰਬਰ 2017 ਤੱਕ ਮੁਕੰਮਲ ਹੋ ਜਾਵੇਗਾ । ਮਿਆਂਮਾਰ ਨੇ ਇਸ ਜਾਣਕਾਰੀ ਦਾ ਸਵਾਗਤ ਕੀਤਾ ਕਿਉਂਕਿ ਇਹ ਭਾਰਤ-ਮਿਆਂਮਾਰ ਸੱਭਿਆਚਾਰਕ ਵਿਰਸੇ ਦੇ ਮੁੱਖ ਪਹਿਲੂ ਹਨ ।
  11. ਮਿਆਂਮਾਰ ਦੀ ਵਿਰਾਸਤ ਦੇ ਬਚਾਓ ਅਤੇ ਸਾਂਭ-ਸੰਭਾਲ ਲਈ ਅਤੇ ਬਾਗਾਨ ਦੀ ਸਮਾਜਿਕ ਆਰਥਿਕ ਤਰੱਕੀ ਲਈ ਭਾਰਤ ਵੱਲੋਂ ਦਿੱਤੀ ਸਹਾਇਤਾ ਦਾ ਮਿਆਂਮਾਰ ਨੇ ਸਵਾਗਤ ਕੀਤਾ । ਸਭ ਤੋਂ ਪ੍ਰਮੁੱਖ ਪ੍ਰੋਜੈਕਟ ਹੈ ਭਾਰਤੀ ਪੂਰਾਤੱਤਵ ਵਿਭਾਗ ਰਾਹੀਂ ਬਾਗਾਨ ਵਿਚਲੇ 92 ਪੁਰਾਤਨ ਪਾਗੋਡਾ ਅਤੇ ਢਾਂਚਿਆਂ ਦੀ ਪੁਨਰ ਸਥਾਪਨਾ ਅਤੇ ਸਾਂਭ ਸੰਭਾਲ ਦਾ ਪ੍ਰੋਜੈਕਟ । ਦੋਹਾਂ ਧਿਰਾਂ ਨੇ ਇਸ ਸਬੰਧੀ ਹੋਏ ਸਹਿਮਤੀ ਪੱਤਰ ਦਾ ਸਵਾਗਤ ਕੀਤਾ । ਭਾਰਤ- ਮਿਆਂਮਾਰ ਸਹਿਯੋਗ ਪ੍ਰੋਜੈਕਟਾਂ ਵਿੱਚ ਹੋਰ ਪ੍ਰੋਜੈਕਟ ਹਨ – ਬਾਗਾਨ ਹਾਟ  ਜੋ ਕਿ ਮਿਆਂਮਾਰ ਦੀ ਹਸਤਕਲਾ, ਭੋਜਨ ਅਤੇ ਸਭਿਆਚਾਰਕ ਗਤੀਵਿਧਿਆਂ ਦਾ ਕੇਂਦਰ ਹੋਵੇਗਾ, ਐਲ.ਈ.ਡੀ. ਅਧਾਰਤ ਸੜਕਾਂ ਦੀ  ਰੌਸ਼ਨੀ, ਟਿਕਾਊ ਪਾਣੀ ਪ੍ਰਬੰਧ ਲਈ ਵਰਖਾ ਦਾ ਪਾਣੀ ਇਕੱਤਰ ਕਰਨਾ, ਬਾਗਾਨ ਦੇ ਲੋਕਾਂ ਨੂੰ  ਆਮਦਨ ਦੇ ਵਿਕਲਪਕ ਸਾਧਨਾਂ ਲਈ ਸਿਖਿਅਤ ਕਰਨਾ ਅਤੇ ਸ਼ਨਾਖਤ ਕੀਤੇ ਗਏ ਸਕੂਲਾਂ ਨੂੰ ਅੱਪਗਰੇਡ ਕਰਨਾ ।
  12. ਭਾਰਤ ਸਰਕਾਰ ਵੱਲੋਂ ਮਿਆਂਮਾਰ ਦੇ ਨਾਗਰਿਕਾਂ ਨੂੰ ਸਾਰੀਆਂ ਕੈਟੇਗਰੀਆਂ ਵਾਲਾ ਮੁਫਤ ਵੀਜ਼ਾ (ਸਿਵਾਏ ਈ. ਵੀਜ਼ਾ ਦੇ) ਦੇਣ ‘ਤੇ ਮਿਆਂਮਾਰ ਸਰਕਾਰ ਨੇ ਹਾਰਦਿਕ ਪ੍ਰਸ਼ੰਸਾ ਕੀਤੀ ।
  13. 40 ਮਿਆਂਮਾਰ ਨਾਗਰਕਾਂ ਜੋ ਕਿ ਵੱਖ-ਵੱਖ ਅਪਰਾਧਾਂ ਕਾਰਣ ਭਾਰਤ ਦੀਆਂ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ, ਨੂੰ ਛੱਡ ਦੇਣ ਦੇ ਭਾਰਤੀ ਫੈਸਲੇ ਦਾ ਮਿਆਂਮਾਰ ਸਰਕਾਰ ਨੇ ਸੁਆਗਤ ਕੀਤਾ । ਇਸ ਸਦਭਾਵਨਾ ਦੀ ਦੋਹਾਂ ਦੇਸ਼ਾਂ ਅਤੇ ਮਿਆਂਮਾਰ ਦੇ ਲੋਕਾਂ, ਖਾਸ  ਕਰਕੇ ਉਨ੍ਹਾਂ ਕੈਦੀਆਂ ਦੇ ਪਰਿਵਾਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਜੋ ਭਾਰਤੀ ਜੇਲ੍ਹਾਂ ਵਿੱਚੋਂ ਰਿਹਾ ਕੀਤੇ ਜਾਣੇ ਹਨ ।
  14. ਲੋਕਤੰਤਰ ਦੇ ਵਿਕਾਸ ਅਤੇ ਹਿਮਾਇਤ ਵਿੱਚ ਮੀਡੀਆ ਦੀ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਦੋਹਾਂ ਧਿਰਾਂ ਨੇ ਭਾਰਤੀ ਪ੍ਰੈਸ ਕੌਂਸਲ ਅਤੇ ਮਿਆਂਮਾਰ ਪ੍ਰੈਸ ਕੌਂਸਲ ਦਰਮਿਆਨ ਸਹਿਯੋਗ ਲਈ ਕੀਤੇ ਗਏ ਐਮ.ਓ.ਯੂ (ਸਹਿਮਤੀ ਦਸਤਾਵੇਜ਼) ਦਾ ਸਵਾਗਤ ਕੀਤਾ । ਇਸ ਦੇ ਅੰਤਰਗਤ ਹੋਣ ਵਾਲੀਆਂ ਗਤੀਵਿਧੀਆਂ ਪੱਤਰਕਾਰਾਂ ਦਰਮਿਆਨ ਵਿਚਾਰ ਵਟਾਂਦਰੇ ਨੂੰ ਉਤਸ਼ਾਹਤ ਕਰਨਗੀਆਂ ਅਤੇ ਭਾਰਤ ਤੇ ਮਿਆਂਮਾਰ ਵਿਚਲੀਆਂ ਰਾਜਨੀਤਕ ਅਤੇ ਆਰਥਕ ਗਤੀਵਿਧੀਆਂ ਦੀ ਬੇਹਤਰ ਸਮਝ ਵਿਕਸਤ ਕਰਨਗੀਆਂ ।
  15. ਦੋਹਾਂ ਧਿਰਾਂ ਨੇ ਵਪਾਰ, ਆਵਾਜਾਈ ਅਤੇ ਊਰਜਾ ਸਮੇਤ ਸਾਰੇ ਖੇਤਰਾਂ ਵਿੱਚ ਆਪਸੀ ਲਾਭਾਂ ਦੇ ਬਰਾਬਰ ਹਿੱਸੇ ਨੁੰ ਯਕੀਨੀ ਬਣਾਉਣ ਅਤੇ ਆਪਸੀ ਹਿੱਤਾਂ ਦੇ ਵਾਧੇ ਲਈ ਖੇਤਰੀ ਸਹਿਯੋਗ ਨੁੰ ਹੋਰ ਗਹਿਰਾ ਕਰਨ ਪ੍ਰਤੀ ਆਪਣੀ ਪ੍ਰਤੀਬਧਤਾ ਨੂੰ ਦੁਹਰਾਇਆ । ਉਨ੍ਹਾਂ ਨੇ ਦੋਹਾਂ ਮੁਲਕਾਂ ਦੇ ਲੋਕਾਂ ਦੇ ਜੀਵਨ ਅਤੇ ਰੁਜ਼ਗਾਰ ਵਿੱਚ ਸੁਧਾਰ ਲਈ ਵੱਖ-ਵੱਖ ਖੇਤਰੀ/ਉਪ-ਖੇਤਰੀ ਸਹਿਯੋਗ ਪਹਿਲਕਦਮੀਆਂ ਦੀ ਮਹੱਤਤਾ ਨੂੰ ਮਾਨਤਾ ਦਿੱਤੀ ।
  16. ਭਾਰਤ ਅਤੇ ਮਿਆਂਮਾਰ ਨੇ ਸੰਯੁਕਤ ਰਾਸ਼ਟਰ (ਯੂਐੱਨਓ )ਅਤੇ ਹੋਰ ਬਹੁਪੱਖੀ ਸੰਸਥਾਵਾਂ ਵਿੱਚ ਇਕੱਠੇ ਕੰਮ  ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ । ਉਨ੍ਹਾਂ ਨੇ ਸਾਂਝੇ ਹਿੱਤਾਂ ਨਾਲ ਸਬੰਧਤ ਬਹੁਪੱਖੀ ਮਸਲਿਆਂ  ਬਾਰੇ ਆਪਣੇ ਦ੍ਰਿਸ਼ਟੀਕੋਣਾਂ ਵਿੱਚ ਤਾਲਮੇਲ ਦੀ ਮਹੱਤਤਾ ਨੂੰ ਰੇਖਾਂਕਤ ਕੀਤਾ । ਦੋਹਾਂ ਧਿਰਾਂ ਨੇ ਮਜ਼ਬੂਤ ਯੂਐੱਨਓ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਸੁਰੱਖਿਆ ਪਰੀਸ਼ਦ ਦੇ ਜਲਦੀ ਸੁਧਾਰ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਸੁਰੱਖਿਆ ਪਰੀਸ਼ਦ ਦੇ ਸਰਬਪੱਖੀ ਸੁਧਾਰਾਂ ਬਾਰੇ ‘ਇੰਟਰ ਗੌਰਮੈਂਟਲ ਨੈਗੋਸਿਏਸ਼ਨ’ ਦੇ ਹੱਕ ਵਿੱਚ ਆਪਣੀ ਵਚਨਬੱਧਤਾ ਦੁਹਰਾਈ । ਮਿਆਂਮਾਰ ਨੇ ਵਿਸਤ੍ਰਤ ਅਤੇ ਸੁਧਾਰੀ ਹੋਈ ਸੁਰੱਖਿਆ ਪਰੀਸ਼ਦ ਵਿੱਚ ਭਾਰਤ ਦੇ ਸਥਾਈ ਮੈਂਬਰ ਬਣਨ ਲਈ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਆਪਣੀ ਹਿਮਾਇਤ ਦੁਹਰਾਈ । ਦੋਹਾਂ ਧਿਰਾਂ ਨੇ ਅੰਤਰ-ਰਾਸ਼ਟਰੀ ਖੇਤਰ ਵਿੱਚ ਐਸ.ਡੀ.ਜੀਜ਼ 2030 ਵਿੱਚ ਪ੍ਰਵਾਨਿਤ ਲਾਗੂਕਰਣ  ਸਾਧਨਾਂ ਨੂੰ ਮਜ਼ਬੂਤ ਕਰਨ ਹਿੱਤ ਇਕੱਠੇ ਕੰਮ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ । ਦੋਹਾਂ ਧਿਰਾਂ ਨੇ ਯੂਐਨਓ ਅਤੇ ਇਸ ਦੀਆਂ ਵਿਸ਼ੇਸ਼ ਏਜੰਸੀਆਂ ਵੱਲੋਂ ਆਪਣੇ ਕੰਮ ਕਾਜ ਵਿੱਚ ਯਥਾਰਥਕਤਾ ਅਤੇ  ਨਿਰਪੱਖਤਾ ਅਪਣਾਏ ਜਾਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ।
  17. ਦੋਹਾਂ ਧਿਰਾਂ ਨੇ ਬਹੁਪੱਖੀ ਵਿੱਤੀ ਸੰਸਥਾਵਾਂ ਨੁੰ ਮਜ਼ਬੂਤ ਕਰਨ, ਸੁਧਾਰਨ ਅਤੇ ਅੰਤਰ-ਰਾਸ਼ਟਰੀ ਆਰਥਕ ਫੈਸਲੇ ਲੈਣ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਅਵਾਜ਼ ਬੁਲੰਦ ਕਰਨ ਅਤੇ ਸ਼ਮੂਲੀਅਤ ਵਧਾਉਣ ਦੀ ਜ਼ਰੂਰਤ ਨੂੰ ਮਹੱਤਤਾ ਦਿੱਤੀ ।
  18. ਭਾਰਤ ਅਤੇ ਮਿਆਂਮਾਰ ਨੇ ਖਿੱਤੇ ਵਿੱਚ ਇੱਕ ਬਿਹਤਰ ਗੁਆਂਢ ਦੀ ਉਦਾਹਰਣ ਪੇਸ਼ ਕਰਨ ਸਬੰਧੀ ਆਪਣੀ ਵਚਨਬੱਧਤਾ ਦੁਹਰਾਈ । ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਦੋਹਾਂ ਨੂੰ ਇੱਕਠੇ ਰਹਿ ਕੇ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ । ਇਸ ਵਾਸਤੇ ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਸਾਂਝੇ ਹਿੱਤਾਂ ਵਿਚ ਵਾਧਾ ਕਰਨ ਦੀ ਹਾਮੀ ਭਰੀ ਤਾਂ ਕਿ ਲੋਕ ਸਾਂਝੇ ਲਾਭਾਂ ਵਾਲੇ ਅੰਤਰ-ਨਿਰਭਰ ਵਾਤਾਵਰਣ ‘ਚ ਸਦਭਾਵਨਾ ਨਾਲ ਇਕੱਠੇ ਰਹਿ ਸਕਣ ।
  19. ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਤੇ ਆਪਣੇ ਵਫਦ ਦੇ ਮਿਆਂਮਾਰ ਵਿਖੇ ਠਹਿਰਣ ਦੌਰਾਨ ਕੀਤੀ ਗਈ ਨਿੱਘੀ ਅਤੇ ਸ਼ਾਨਦਾਰ ਮੇਜ਼ਬਾਨੀ ਲਈ ਮਿਆਂਮਾਰ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ ।
  20. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਟੇਟ ਕੌਂਸਲਰ ਡਾਅ ਔਂਗ ਸੈਨ ਸੂ ਕੀ ਨੂੰ ਆਪਸੀ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਲਈ ਸੱਦਾ ਦਿੱਤਾ । ਮਿਆਂਮਾਰ ਦੀ ਸਟੇਟ ਕੌਂਸਲਰ ਨੇ ਇਸ ਸੱਦੇ ਲਈ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ ।

****

AKT/NT