ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰੇਂਦਰ ਮੋਦੀ ਅਤੇ ਚੀਨ ਗਣਰਾਜ ਦੇ ਰਾਸ਼ਟਰਪਤੀ ਮਾਨਯੋਗ ਸ੍ਰੀ ਜ਼ੀ ਜਿਨਪਿੰਗ ਨੇ 27-28 ਅਪ੍ਰੈਲ ਨੂੰ ਵੁਹਾਨ ਵਿਖੇ ਆਪਣੀ ਪਹਿਲੀ ਗੈਰ ਰਸਮੀ ਸਿਖਰ ਮੀਟਿੰਗ ਕੀਤੀ ਤਾਂਕਿ ਦੋ ਪੱਖੀ ਅਤੇ ਵਿਸ਼ਵ ਅਹਿਮੀਅਤ ਦੇ ਮਹਤੱਵਪੂਰਨ ਮੁੱਦਿਆਂ ਉੱਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋ ਸਕੇ ਅਤੇ ਰਾਸ਼ਟਰੀ ਵਿਕਾਸ ਲਈ ਤਾਜ਼ਾ ਅਤੇ ਭਵਿੱਖ ਦੀ ਕੌਮਾਂਤਰੀ ਸਥਿਤੀ ਦੇ ਸੰਦਰਭ ਵਿੱਚ ਆਪਣੇ ਸੁਪਨਿਆਂ ਅਤੇ ਪਹਿਲਾਂ ਦਾ ਵੇਰਵਾ ਦਿੱਤਾ ਜਾ ਸਕੇ।
ਉਨ੍ਹਾਂ ਦਾ ਵਿਸ਼ਵਾਸ ਹੈ ਕਿ ਭਾਰਤ ਅਤੇ ਚੀਨ, ਇੱਕੋ ਸਮੇਂ ਦੋ ਵੱਡੀਆਂ ਆਰਥਿਕਤਾਵਾਂ ਅਤੇ ਪ੍ਰਮੁੱਖ ਸ਼ਕਤੀਆਂ, ਜਿਨ੍ਹਾਂ ਕੋਲ ਰਣਨੀਤਿਕ ਅਤੇ ਫੈਸਲਾ ਲੈਣ ਦੀ ਖੁਦਮੁਖਤਿਆਰੀ ਹੈ, ਦੇ ਉਭਰਨ ਵਿੱਚ ਖੇਤਰੀ ਅਤੇ ਵਿਸ਼ਵ ਪੱਧਰ ਦੀ ਅਹਿਮੀਅਤ ਹੈ। ਉਨ੍ਹਾਂ ਨੇ ਵਿਚਾਰ ਸਾਂਝੇ ਕੀਤੇ ਕਿ ਭਾਰਤ ਅਤੇ ਚੀਨ ਦਰਮਿਆਨ ਸ਼ਾਂਤੀਪੂਰਨ, ਸਥਿਰ ਅਤੇ ਸੰਤੁਲਿਤ ਸਬੰਧ ਚੱਲ ਰਹੀ ਵਿਸ਼ਵ ਅਨਿਸ਼ਚਿਤਤਾ ਵਿੱਚ ਸਥਿਰਤਾ ਲਿਆਉਣ ਲਈ ਇੱਕ ਹਾਂ-ਪੱਖੀ ਯਤਨ ਹੋਣਗੇ। ਉਹ ਇਸ ਗੱਲ ਤੇ ਵੀ ਸਹਿਮਤ ਹੋਏ ਕਿ ਦੋ ਪੱਖੀ ਸਬੰਧਾਂ ਦਾ ਸਹੀ ਢੰਗ ਨਾਲ ਪ੍ਰਬੰਧਨ ਖੇਤਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਢੁੱਕਵਾਂ ਸਿੱਧ ਹੋਵੇਗਾ ਅਤੇ ਇਸ ਨਾਲ ਏਸ਼ੀਆਈ ਸਦੀ ਲਈ ਮਾਹੌਲ ਪੈਦਾ ਹੋਵੇਗਾ। ਇਸ ਬਾਰੇ ਉਨ੍ਹਾਂ ਨੇ ਸਾਂਝੀ ਵਿਕਾਸ ਭਾਈਵਾਲੀ ਨੂੰ ਸਾਂਝੇ ਤੌਰ ਤੇ ਲਾਹੇਵੰਦ ਅਤੇ ਨਿਰੰਤਰ ਜਾਰੀ ਰਹਿਣ ਵਾਲੇ ਢੰਗ ਨਾਲ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਤਾਂ ਕਿ ਉਨ੍ਹਾਂ ਦੇ ਰਾਸ਼ਟਰੀ ਆਧੁਨਿਕੀਕਰਨ ਅਤੇ ਜਨਤਾ ਦੀ ਵਧੇਰੇ ਖੁਸ਼ਹਾਲੀ ਦਾ ਪ੍ਰਬੰਧ ਹੋ ਸਕੇ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜ਼ੀ ਨੇ ਭਾਰਤ -ਚੀਨ ਸਬੰਧਾਂ ਵਿੱਚ ਆਈਆਂ ਘਟਨਾਵਾਂ ਦਾ ਰਣਨੀਤਿਕ ਅਤੇ ਲੰਬੀ ਮਿਆਦ ਦੇ ਸੰਦਰਭ ਵਿੱਚ ਜਾਇਜ਼ਾ ਲਿਆ। ਉਹ ਸਹਿਮਤ ਹੋਏ ਕਿ ਸਥਾਪਿਤ ਢਾਂਚੇ ਰਾਹੀਂ ਮੇਲਮਿਲਾਪ ਨੂੰ ਮਜ਼ਬੂਤ ਕਰਨ ਲਈ ਅਹਿਮ ਢੰਗ ਨਾਲ ਯਤਨ ਕੀਤੇ ਜਾਣ ਤਾਂ ਕਿ ਭਵਿੱਖ ਦੇ ਸਬੰਧਾਂ ਲਈ ਇੱਕ ਵਿਸ਼ਾਲ ਸੰਭਾਵਿਤ ਪਲੇਟਫਾਰਮ ਤਿਆਰ ਹੋ ਸਕੇ। ਉਹ ਇਸ ਗੱਲ ਉੱਤੇ ਸਹਿਮਤ ਸਨ ਕਿ ਦੋਵੇਂ ਧਿਰਾਂ ਪੂਰੀ ਸਿਆਣਪ ਅਤੇ ਪਰਿਪੱਕਤਾ ਨਾਲ ਆਪਸੀ ਮੱਤਭੇਦਾਂ ਨੂੰ ਸ਼ਾਂਤੀਪੂਰਨ ਗੱਲਬਾਤ ਰਾਹੀਂ ਸਮੁੱਚੇ ਸਬੰਧਾਂ ਦੇ ਸੰਦਰਭ ਵਿੱਚ ਸੁਲਝਾਉਣ ਅਤੇ ਉਸ ਵੇਲੇ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਇੱਕ ਦੂਜੇ ਦੀ ਨਜ਼ਾਕਤ, ਚਿੰਤਾਵਾਂ ਅਤੇ ਖਾਹਿਸ਼ਾਂ ਦੀ ਪੂਰੀ ਕਦਰ ਕੀਤੀ ਜਾਵੇ।
ਦੋਹਾਂ ਆਗੂਆਂ ਨੇ ਭਾਰਤ ਚੀਨ ਸਰਹੱਦੀ ਮਸਲੇ ਉੱਤੇ ਵਿਸ਼ੇਸ਼ ਨੁਮਾਇੰਦਿਆਂ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਨਿਰਪੱਖ, ਵਾਜਬ ਅਤੇ ਸਾਂਝੇ ਤੌਰ ਤੇ ਪ੍ਰਵਾਨਤ ਹੱਲ ਲੱਭਣ ਲਈ ਆਪਣੇ ਯਤਨ ਤੇਜ਼ ਕਰਨ। ਦੋਹਾਂ ਆਗੂਆਂ ਨੇ ਭਾਰਤ-ਚੀਨ ਸਰਹੱਦੀ ਖੇਤਰ ਵਿੱਚ ਸ਼ਾਂਤੀ ਅਤੇ ਅਮਨ ਕਾਇਮ ਰੱਖਣ ਦੀ ਅਹਿਮੀਅਤ ਨੂੰ ਪਛਾਣਿਆ ਜੋ ਕਿ ਦੋ -ਪੱਖੀ ਸਬੰਧਾਂ ਦੇ ਸਮੁੱਚੇ ਵਿਕਾਸ ਦੇ ਵਿਸ਼ਾਲ ਹਿੱਤ ਵਿੱਚ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਆਪਣੀਆਂ ਫੌਜਾਂ ਨੂੰ ਰਣਨੀਤਿਕ ਅਗਵਾਈ ਲੀਹਾਂ ਜਾਰੀ ਕੀਤੀਆਂ ਤਾਂ ਕਿ ਉਨ੍ਹਾਂ ਵਿੱਚ ਸੰਚਾਰ ਮਜ਼ਬੂਤ ਹੋਵੇ ਅਤੇ ਸਰਹੱਦੀ ਮਾਮਲਿਆਂ ਦੇ ਪ੍ਰਬੰਧਨ ਲਈ ਪ੍ਰਭਾਵਸ਼ੀਲਤਾ ਅਤੇ ਭਵਿੱਖਬਾਣੀ ਵਿੱਚ ਵਾਧਾ ਹੋ ਸਕੇ। ਦੋਹਾਂ ਆਗੂਆਂ ਨੇ ਆਪਣੀਆਂ ਫੌਜਾਂ ਨੂੰ ਇਹ ਵੀ ਹਦਾਇਤ ਜਾਰੀ ਕੀਤੀ ਕਿ ਪੂਰੀ ਦਿਆਨਤਦਾਰੀ ਨਾਲ ਭਰੋਸਾ ਵਧਾਉਣ ਦੇ ਵੱਖ ਵੱਖ ਕਦਮ, ਜਿਨ੍ਹਾਂ ਬਾਰੇ ਦੋਹਾਂ ਧਿਰਾਂ ਵਿੱਚ ਸਹਿਮਤੀ ਬਣੀ ਹੈ, ਲਾਗੂ ਕਰਨ। ਇਨ੍ਹਾਂ ਵਿੱਚ ਆਪਸੀ ਅਤੇ ਬਰਾਬਰ ਸੁਰੱਖਿਆ ਦਾ ਸਿਧਾਂਤ ਸ਼ਾਮਿਲ ਹੈ ਅਤੇ ਆਪਣੇ ਮੌਜੂਦਾ ਸੰਸਥਾਗਤ ਪ੍ਰਬੰਧਾਂ ਅਤੇ ਸੂਚਨਾਵਾਂ ਸਾਂਝੀਆਂ ਕਰਨ ਦੇ ਢਾਂਚੇ ਨੂੰ ਮਜ਼ਬੂਤ ਕਰਨ ਤਾਂ ਕਿ ਸਰਹੱਦੀ ਖੇਤਰ ਵਿੱਚ ਕੋਈ ਘਟਨਾ ਨਾ ਵਾਪਰੇ।
ਦੋਵੇਂ ਆਗੂ ਇਸ ਗੱਲ ਤੇ ਸਹਿਮਤ ਸਨ ਕਿ ਦੋ ਪੱਖੀ ਵਪਾਰ ਅਤੇ ਨਿਵੇਸ਼ ਨੂੰ ਇੱਕ ਸੰਤੁਲਿਤ ਅਤੇ ਨਿਰੰਤਰ ਜਾਰੀ ਰਹਿਣ ਵਾਲੇ ਢੰਗ ਨਾਲ ਅੱਗੇ ਵਧਾਇਆ ਜਾ ਸਕੇ ਅਤੇ ਇਸ ਦੇ ਲਈ ਦੋਹਾਂ ਦੇਸ਼ਾਂ ਦੀਆਂ ਆਰਥਿਕਤਾਵਾਂ ਦਾ ਲਾਭ ਉਠਾਇਆ ਜਾਵੇ। ਉਨ੍ਹਾਂ ਨੇ ਸੱਭਿਆਚਾਰ ਨੂੰ ਵਧੇਰੇ ਮਜ਼ਬੂਤ ਕਰਨ ਦੇ ਢੰਗਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਇਸ ਦਿਸ਼ਾ ਵਿੱਚ ਨਵਾਂ ਢਾਂਚਾ ਕਾਇਮ ਕਰਨ ਦੇ ਢੰਗ ਲੱਭੇ ਜਾਣ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜ਼ੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦੋ ਪ੍ਰਮੁੱਖ ਦੇਸ਼ਾਂ ਭਾਰਤ ਅਤੇ ਚੀਨ ਦੇ ਵਿਸ਼ਾਲ ਖੇਤਰੀ ਅਤੇ ਵਿਸ਼ਵ ਵਿਆਪੀ ਹਿੱਤ ਹਨ। ਉਹ ਸਹਿਮਤ ਹੋਏ ਕਿ ਰਣਨੀਤਿਕ ਸੰਚਾਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਅਜਿਹਾ ਸਾਂਝੇ ਹਿੱਤ ਦੇ ਮਾਮਲਿਆਂ ਉੱਤੇ ਵਿਆਪਕ ਚਰਚਾ ਨਾਲ ਹੀ ਸੰਭਵ ਹੈ। ਉਨ੍ਹਾਂ ਦਾ ਭਰੋਸਾ ਸੀ ਕਿ ਅਜਿਹਾ ਰਣਨੀਤਿਕ ਸੰਚਾਰ ਦਾ ਹਾਂ ਪੱਖੀ ਪ੍ਰਭਾਵ ਆਪਸੀ ਸਮਝਬੂਝ ਵਧਾਉਣ ਉੱਤੇ ਪਵੇਗਾ ਅਤੇ ਇਸ ਨਾਲ ਖੇਤਰੀ ਅਤੇ ਵਿਸ਼ਵ ਸਥਿਰਤਾ ਵਿੱਚ ਮਦਦ ਮਿਲੇਗੀ।
ਦੋਹੇਂ ਆਗੂ ਸਹਿਮਤ ਸਨ ਕਿ ਭਾਰਤ ਅਤੇ ਚੀਨ ਨੇ ਵੱਖ ਵੱਖ ਤੌਰ ਤੇ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਆਪਣਾ ਹਿੱਸਾ ਆਪਣੇ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਰਾਹੀਂ ਪਾਇਆ ਹੈ ਅਤੇ ਉਹ ਭਵਿੱਖ ਵਿੱਚ ਵੀ ਵਿਸ਼ਵ ਵਿਕਾਸ ਦੇ ਇੰਜਨ ਵਜੋਂ ਆਪਣਾ ਕੰਮ ਜਾਰੀ ਰੱਖਣਗੇ। ਉਨ੍ਹਾਂ ਨੇ ਇੱਕ ਖੁਲ੍ਹੀ, ਬਹੁਧਰੁਵੀ, ਅਨੇਕਵਾਦੀ ਅਤੇ ਸ਼ਮੂਲੀਅਤ ਵਾਲੀ ਵਿਸ਼ਵ ਆਰਥਿਕ ਢਾਂਚੇ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਿਸ ਨਾਲ ਕਿ ਸਾਰੇ ਦੇਸ਼ ਆਪਣੇ ਵਿਕਾਸ ਨੂੰ ਅੱਗੇ ਵਧਾ ਸਕਣਗੇ ਅਤੇ ਇਸ ਦੁਨੀਆ ਅਤੇ ਸਾਰੇ ਖੇਤਰਾਂ ਵਿੱਚੋਂ ਗਰੀਬੀ ਅਤੇ ਨਾ-ਬਰਾਬਰੀ ਦੇ ਖਾਤਮੇ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਦੋਹਾਂ ਆਗੂਆਂ ਨੇ ਖੇਤਰੀ ਅਤੇ ਵਿਸ਼ਵ ਆਰਥਿਕ ਵਿਕਾਸ ਵਿੱਚ ਹਿੱਸਾ ਪਾਉਣ ਵਾਲੇ ਆਪਣੇ ਯਤਨਾਂ ਤੋਂ ਜਾਣੂ ਕਰਵਾਇਆ।
ਦੋਹਾਂ ਆਗੂਆਂ ਨੇ ਆਪਣੀਆਂ ਵਿਦੇਸ਼ ਨੀਤੀਆਂ ਦੇ ਵਿਸ਼ਵ ਖੁਸ਼ਹਾਲੀ ਅਤੇ ਸੁਰੱਖਿਆ ਸਬੰਧੀ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ।
ਉਹ ਇਸ ਗੱਲ ਉੱਤੇ ਸਹਿਮਤ ਹੋਏ ਕਿ ਸਾਂਝੇ ਤੌਰ ਤੇ ਵਿਸ਼ਵ ਚੁਣੌਤੀਆਂ, ਜਿਨ੍ਹਾਂ ਵਿੱਚ ਮੌਸਮ ਦੀ ਤਬਦੀਲੀ, ਨਿਰੰਤਰ ਵਿਕਾਸ, ਖੁਰਾਕ ਸੁਰੱਖਿਆ ਵਗੈਰਾ ਸ਼ਾਮਿਲ ਹਨ, ਦੇ ਹੱਲ ਵਿੱਚ ਸਾਂਝੇ ਤੌਰ ਤੇ ਹਿੱਸਾ ਪਾਉਣ। ਉਨ੍ਹਾਂ ਨੇ ਬਹੁਪੱਖੀ ਵਿੱਤੀ ਅਤੇ ਸਿਆਸੀ ਸੰਸਥਾਵਾਂ ਵਿੱਚ ਸੁਧਾਰ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਨੁਮਾਇੰਦਗੀ ਵਾਲਾ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਲੋੜਾਂ ਲਈ ਹੁੰਗਾਰਾ ਭਰਨ ਵਾਲਾ ਬਣਾਇਆ ਜਾ ਸਕੇ।
ਦੋਵੇਂ ਆਗੂ ਸਹਿਮਤ ਸਨ ਕਿ ਦੋ ਵੱਡੇ ਦੇਸ਼ ਅਤੇ ਉੱਭਰ ਰਹੀਆਂ ਆਰਥਿਕਤਾਵਾਂ ਵਜੋਂ ਭਾਰਤ ਅਤੇ ਚੀਨ ਆਪਣੇ ਵਿਸ਼ਾਲ ਵਿਕਾਸ ਤਜਰਬਿਆਂ ਅਤੇ ਰਾਸ਼ਟਰੀ ਸਮਰੱਥਾਵਾਂ ਨੂੰ ਵੇਖਦੇ ਹੋਏ 21ਵੀਂ ਸਦੀ ਵਿੱਚ ਮਨੁੱਖਤਾ ਨੂੰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਨਵਾਂ ਖੋਜਪੂਰਨ ਅਤੇ ਟਿਕਾਊ ਹੱਲ ਦੱਸਣ ਲਈ ਇੱਕਮੁੱਠ ਹੋਣ। ਇਨ੍ਹਾਂ ਚੁਣੌਤੀਆਂ ਵਿੱਚ ਬੀਮਾਰੀਆਂ ਦਾ ਮੁਕਾਬਲਾ, ਤਬਾਹੀ ਦੇ ਜੋਖਮ ਵਿੱਚ ਕਮੀ ਅਤੇ ਖਾਤਮੇ ਲਈ ਤਾਲਮੇਲ ਭਰੀ ਕਾਰਵਾਈ, ਮੌਸਮ ਤਬਦੀਲੀ ਦਾ ਹੱਲ ਲੱਭਣ ਅਤੇ ਡਿਜੀਟਲ ਸਸ਼ਕਤੀਕਰਨ ਦਾ ਦੌਰ ਲਿਆਉਣਾ ਸ਼ਾਮਿਲ ਹਨ। ਉਹ ਸਹਿਮਤ ਹੋਏ ਕਿ ਇਨ੍ਹਾਂ ਖੇਤਰਾਂ ਵਿੱਚ ਆਪਣੇ ਤਜਰਬਿਆਂ ਅਤੇ ਸੋਮਿਆਂ ਨੂੰ ਪੂਲ ਕੀਤਾ ਜਾਵੇ ਅਤੇ ਇੱਕ ਵਿਸ਼ਵਵਿਆਪੀ ਢਾਂਚਾ ਤਿਆਰ ਕੀਤਾ ਜਾ ਵੇ ਜੋ ਕਿ ਮਨੁੱਖਤਾ ਦੇ ਵੱਡੇ ਭਲੇ ਲਈ ਇਨ੍ਹਾਂ ਚੁਣੌਤੀਆਂ ਨਾਲ ਨਜਿੱਠ ਸਕੇ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜ਼ੀ ਨੇ ਇਸ ਗੱਲ ਨੂੰ ਮੰਨਿਆ ਕਿ ਸਾਂਝੀ ਚੁਣੌਤੀ ਦਹਿਸ਼ਤਵਾਦ ਦੀ ਹੈ ਅਤੇ ਦੁਹਰਾਇਆ ਕਿ ਉਹ ਇਸ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਅਤੇ ਉਹ ਹਰ ਤਰ੍ਹਾਂ ਦੇ ਦਹਿਸ਼ਤਵਾਦ ਦੇ ਕੱਟੜ ਵਿਰੋਧੀ ਹਨ। ਉਨ੍ਹਾਂ ਨੇ ਦਹਿਸ਼ਤਵਾਦ ਦਾ ਸਾਹਮਣਾ ਕਰਨ ਲਈ ਸਹਿਯੋਗ ਕਰਨ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ।
ਦੋਹਾਂ ਆਗੂਆਂ ਨੇ ਇਸ ਗੈਰ ਰਸਮੀ ਸਿਖਰ ਮੀਟਿੰਗ ਵਿੱਚ ਸਿੱਧੇ, ਖੁੱਲੇ ਅਤੇ ਸਪਸ਼ਟ ਤੌਰ ਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਜੋ ਮੌਕਾ ਮਿਲਿਆ ਹੈ, ਉਸ ਦਾ ਜਾਇਜ਼ਾ ਲਿਆ ਅਤੇ ਇਸ ਗੱਲ ਉੱਤੇ ਸਹਿਮਤ ਹੋਏ ਕਿ ਭਵਿੱਖ ਵਿੱਚ ਅਜਿਹੇ ਹੋਰ ਵਿਚਾਰ ਵਟਾਂਦਰੇ ਜਾਰੀ ਰੱਖੇ ਜਾਣ। ਅਗਾਂਹਵਧੂ ਗੱਲਬਾਤ ਨੇ ਰਣਨੀਤਿਕ ਸੰਚਾਰ ਦਾ ਪੱਧਰ ਪਰਿਪੇਖ, ਪ੍ਰਾਥਮਿਕਤਾਵਾਂ ਅਤੇ ਸੁਪਨਿਆਂ ਬਾਰੇ ਵਧਾਇਆ ਹੈ, ਜੋ ਕਿ ਉਨ੍ਹਾਂ ਦੀਆਂ ਨੀਤੀ ਪਸੰਦਾਂ ਨੂੰ ਘਰੇਲੂ, ਖੇਤਰੀ ਅਤੇ ਵਿਸ਼ਵ ਪੱਧਰ ਉੱਤੇ ਨਿਰਦੇਸ਼ਿਤ ਕਰਦੇ ਹਨ। ਇਸ ਨੇ ਉਨ੍ਹਾਂ ਨੂੰ ਭਾਰਤ -ਚੀਨ ਸਬੰਧਾਂ, ਜੋ ਕਿ ਇੱਕ ਦੂਜੇ ਦੀਆਂ ਵਿਕਾਸਮਈ ਖਾਹਿਸ਼ਾਂ ਉੱਤੇ ਵਿਕਸਤ ਕੀਤੇ ਗਏ ਹਨ, ਬਾਰੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਲਈ ਇੱਕ ਸਾਂਝੀ ਸਮਝਬੂਝ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕੀਤੀ ਹੈ।
****
ਏਕੇਟੀ/ਐੱਚਐੱਸ