ਅੱਜ ਸਟਾਕਹੋਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋਕੇ ਰਸਮੁਸੇਨ (Rasmussen), ਫਿਨਲੈਂਡ ਦੇ ਪ੍ਰਧਾਨ ਮੰਤਰੀ ਜੂਹਾ ਸਿਪੀਲਾ, ਆਈਸਲੈਂਡ ਦੇ ਪ੍ਰਧਾਨ ਮੰਤਰੀ ਕੈਟਰੀਨ ਜੈਕੋਬਸਡੋਟਿਰ (Katrín Jakobsdóttir), ਨਾਰਵੇ ਦੇ ਪ੍ਰਧਾਨ ਮੰਤਰੀ ਇਰਨਾ ਸੋਲਬਰਗ ਅਤੇ ਸਵੀਡਨ ਦੇ ਪ੍ਰਧਾਨ ਸਟੀਫਨ ਲਵੈਨ ਨੇ ਇੱਕ ਸਿਖ਼ਰ ਮੀਟਿੰਗ ਕੀਤੀ ਜਿਸ ਦੀ ਮੇਜ਼ਬਾਨੀ ਸਵੀਡਨ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ।
ਇਸ ਸਿਖਰ ਮੀਟਿੰਗ ਦੌਰਾਨ ਪ੍ਰਧਾਨ ਮੰਤਰੀਆਂ ਨੇ ਨੌਰਡਿਕ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਡੂੰਘਾ ਕਰਨ ਦਾ ਵਾਅਦਾ ਕੀਤਾ ਅਤੇ ਆਪਣੀ ਗੱਲਬਾਤ ਨੂੰ ਵਿਸ਼ਵ ਸੁਰੱਖਿਆ, ਆਰਥਿਕ ਵਿਕਾਸ, ਖੋਜ ਅਤੇ ਮੌਸਮ ਤਬਦੀਲੀ ਵਰਗੇ ਪ੍ਰਮੁੱਖ ਮਸਲਿਆਂ ਦੁਆਲੇ ਕੇਂਦਰਿਤ ਰੱਖਿਆ। ਪ੍ਰਧਾਨ ਮੰਤਰੀਆਂ ਨੇ ਮੁਕਤ ਵਪਾਰ ਦੀ ਉਤਪ੍ਰੇਰਕ ਵਜੋਂ ਅਹਿਮੀਅਤ ਵਿੱਚ ਭਰੋਸਾ ਜਤਾਇਆ ਤਾਂ ਕਿ ਸੰਗਠਿਤ ਵਿਕਾਸ ਦਾ ਟੀਚਾ ਹਾਸਲ ਹੋ ਸਕੇ ਅਤੇ ਨਿਰੰਤਰ ਵਿਕਾਸ ਦੇ ਟੀਚੇ ਪੂਰੇ ਹੋ ਸਕਣ।
ਪ੍ਰਧਾਨ ਮੰਤਰੀਆਂ ਨੇ ਇਹ ਗੱਲ ਮੰਨੀ ਕਿ ਖੋਜ ਅਤੇ ਡਿਜੀਟਲ ਤਬਦੀਲੀ ਦੀ ਮੁਹਿੰਮ ਅੰਤਰ-ਸੰਪਰਕੀ ਵਿਸ਼ਵ ਵਿੱਚ ਵਿਕਾਸ ਲਿਆਉਂਦੀ ਹੈ। ਉਨ੍ਹਾਂ ਨੇ ਨੌਰਡਿਕ ਦੇਸ਼ਾਂ ਅਤੇ ਭਾਰਤ ਦਰਮਿਆਨ ਵਧ ਰਹੇ ਸਬੰਧਾਂ ਦਾ ਜ਼ਿਕਰ ਵੀ ਕੀਤਾ। ਨੌਰਡਿਕ ਦੇਸ਼ਾਂ ਦੀ ਵਿਸ਼ਵ ਖੋਜ ਆਗੂਆਂ ਵਜੋਂ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਗਈ। ਨਵੇਂ ਖੋਜ ਸਿਸਟਮ ਪ੍ਰਤੀ ਨੌਰਡਿਕ ਪਹੁੰਚ, ਜੋ ਕਿ ਜਨਤਕ ਖੇਤਰ, ਨਿੱਜੀ ਖੇਤਰ ਅਤੇ ਵਿੱਦਿਅਕ ਮਾਹਿਰਾਂ ਦਰਮਿਆਨ ਮਜ਼ਬੂਤ ਸਹਿਯੋਗ ਉੱਤੇ ਕੇਂਦਰਿਤ ਹੈ, ਬਾਰੇ ਵਿਚਾਰ ਕੀਤੀ ਅਤੇ ਭਾਰਤ ਦੇ ਮੁਹਾਰਤ ਅਤੇ ਯੋਗਤਾ ਦੇ ਅਮੀਰ ਖਜ਼ਾਨੇ ਨਾਲ ਤਾਲਮੇਲ ਵਧਾਉਣ ਬਾਰੇ ਚਰਚਾ ਹੋਈ। ਸਿਖਰ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਖੋਜ ਅਤੇ ਡਿਜੀਟਲ ਪਹਿਲਕਦਮੀਆਂ ਪ੍ਰਤੀ ਵਾਅਦੇ ਦਾ ਜ਼ਿਕਰ ਕੀਤਾ ਗਿਆ ਅਤੇ ਇਸ ਨੂੰ ਖੁਸ਼ਹਾਲੀ ਅਤੇ ਨਿਰੰਤਰ ਵਿਕਾਸ ਦੀ ਕੁੰਜੀ ਕਰਾਰ ਦਿੱਤਾ ਗਿਆ ਜਿਸ ਵਿੱਚ ਭਾਰਤ ਦੇ ਪ੍ਰਮੁੱਖ ਪ੍ਰੋਗਰਾਮਾਂ ਜਿਵੇਂ ਕਿ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਕਲੀਨ ਇੰਡੀਆ, ਸਟਾਰਟ ਅੱਪ ਇੰਡੀਆ ਦਾ ਵਰਣਨ ਕੀਤਾ। ਸਫਾਈ ਟੈਕਨੋਲੋਜੀਆਂ, ਮੈਰੀਟਾਈਮਜ਼ ਹੱਲ, ਬੰਦਰਗਾਹ ਆਧੁਨਿਕੀਕਰਨ, ਫੂਡ ਪ੍ਰੋਸੈੱਸਿੰਗ, ਸਿਹਤ, ਲਾਈਫ ਸਾਇੰਸਿਜ਼ ਅਤੇ ਖੇਤੀਬਾੜੀ ਵਿੱਚ ਨੌਰਡਿਕ ਹੱਲਾਂ ਦਾ ਜ਼ਿਕਰ ਕੀਤਾ ਗਿਆ। ਸਿਖਰ ਸੰਮੇਲਨ ਨੇ ਨੌਰਡਿਕ ਦੇ ਨਿਰੰਤਰ ਚੱਲਣ ਵਾਲੇ ਸਿਟੀ ਪ੍ਰੋਜੈਕਟਾਂ ਦਾ ਸਵਾਗਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਭਾਰਤ ਸਰਕਾਰ ਦੇ ਸਮਾਰਟ ਸਿਟੀਜ਼ ਪ੍ਰੋਗਰਾਮ ਦੀ ਹਮਾਇਤ ਕਰਨਾ ਹੈ।
ਪ੍ਰਧਾਨ ਮੰਤਰੀਆਂ ਨੇ ਨੋਟ ਕੀਤਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਦੀ ਵਿਸ਼ੇਸ਼ ਤਾਕਤ ਵਪਾਰ ਅਤੇ ਨਿਵੇਸ਼ ਵਿਭਿੰਨਤਾ ਲਈ ਕਾਫੀ ਮੌਕੇ ਪੇਸ਼ ਕਰਦੀ ਹੈ ਅਤੇ ਇਹ ਦੋਹਾਂ ਲਈ ਸਾਂਝੇ ਤੌਰ ਤੇ ਲਾਹੇਵੰਦ ਹੈ। ਗੱਲਬਾਤ ਦੌਰਾਨ ਨਿਯਮ ਅਧਾਰਿਤ ਬਹੁਮੁੱਖੀ ਵਪਾਰ ਸਿਸਟਮ ਅਤੇ ਖੁਸ਼ਹਾਲੀ ਅਤੇ ਵਿਕਾਸ ਲਈ ਖੁੱਲ੍ਹੇ ਅਤੇ ਸੰਮਿਲਤ ਕੌਮਾਂਤਰੀ ਵਪਾਰ ਤੇ ਜ਼ੋਰ ਦਿੱਤਾ ਗਿਆ। ਨੌਰਡਿਕ ਦੇਸ਼ਾਂ ਅਤੇ ਭਾਰਤ ਦੋਹਾਂ ਲਈ ਈਜ਼ ਆਵ੍ ਡੂਇੰਗ ਬਿਜ਼ਨਸ ਢੰਗਾਂ ਨੂੰ ਪਹਿਲ ਦੇਣ ਉੱਤੇ ਜ਼ੋਰ ਦਿੱਤਾ ਗਿਆ।
ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਦਹਿਸ਼ਤਵਾਦ ਅਤੇ ਹਿੰਸਕ ਅਤਿਵਾਦ ਕੌਮਾਂਤਰੀ ਭਾਈਚਾਰੇ ਲਈ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਨੇ ਵਿਸ਼ਵ ਸੁਰੱਖਿਆ, ਜਿਸ ਵਿੱਚ ਸਾਈਬਰ ਸੁਰੱਖਿਆ ਵੀ ਸ਼ਾਮਲ ਹੈ, ਜੋ ਕਿ ਮਨੁੱਖੀ ਅਧਿਕਾਰਾਂ, ਲੋਕਤੰਤਰ ਅਤੇ ਕਾਨੂੰਨ ਦੇ ਨਿਯਮ ਉੱਤੇ ਅਧਾਰਤ ਹਨ, ਬਾਰੇ ਚਰਚਾ ਕੀਤੀ ਅਤੇ ਨਿਯਮ ਅਧਾਰਤ ਕੌਮਾਂਤਰੀ ਢਾਂਚੇ ਪ੍ਰਤੀ ਵਚਨਬੱਧਤਾ ਦੁਹਰਾਈ। ਉਨ੍ਹਾਂ ਬਰਾਮਦ ਕੰਟਰੋਲ ਅਤੇ ਅਪ੍ਰਸਾਰ ( non-proliferation) ਬਾਰੇ ਵੀ ਚਰਚਾ ਕੀਤੀ। ਨੌਰਡਿਕ ਦੇਸ਼ਾਂ ਨੇ ਭਾਰਤ ਦੀ ਪ੍ਰਮਾਣੂ ਸਪਲਾਇਰ ਗਰੁੱਪ ਦਾ ਮੈਂਬਰ ਬਣਨ ਦੀ ਅਰਜ਼ੀ ਦਾ ਸਵਾਗਤ ਕੀਤਾ ਅਤੇ ਗਰੁੱਪ ਦੇ ਅੰਦਰ ਉਸਾਰੂ ਢੰਗ ਨਾਲ ਕੰਮ ਕਰਨ ਦਾ ਆਪਣਾ ਵਾਅਦਾ ਦੁਹਰਾਇਆ ਤਾਂ ਕਿ ਜਲਦੀ ਤੋਂ ਜਲਦੀ ਕੋਈ ਹਾਂ ਪੱਖੀ ਨਤੀਜਾ ਨਿਕਲ ਸਕੇ।
ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਅਤੇ ਸੈਕਟਰੀ ਜਨਰਲ ਦੇ ਸੁਧਾਰ ਯਤਨਾਂ ਨੂੰ ਆਪਣੀ ਪੂਰੀ ਹਮਾਇਤ ਦੇਣ ਦਾ ਵਾਅਦਾ ਦੁਹਰਾਇਆ ਤਾਂ ਕਿ ਸੰਯੁਕਤ ਰਾਸ਼ਟਰ ਆਪਣੇ ਮੈਂਬਰ ਦੇਸ਼ਾਂ ਦੇ ਏਜੰਡਾ 2030 ਨੂੰ ਲਾਗੂ ਕਰਨ ਵਿੱਚ ਹਮਾਇਤ ਕਰ ਸਕੇ ਅਤੇ ਇਸ ਪ੍ਰਸਤਾਵ ਦੀ ਹਮਾਇਤ ਕੀਤੀ ਕਿ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਕੀਤਾ ਜਾਵੇ , ਖਾਸ ਤੌਰ ਤੇ ਵਿਕਾਸ, ਸ਼ਾਂਤੀ ਅਪ੍ਰੇਸ਼ਨਾਂ, ਸ਼ਾਂਤੀ ਕਾਇਮ ਰੱਖਣ ਅਤੇ ਝਗੜਿਆਂ ਤੋਂ ਦੂਰ ਰਹਿਣ ਵਿੱਚ। ਨੌਰਡਿਕ ਦੇਸ਼ਾਂ ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰਾਂ, ਜਿਨ੍ਹਾਂ ਵਿੱਚ ਸਥਾਈ ਅਤੇ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾ ਕੇ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ, ਜਵਾਬਦੇਹ, ਪ੍ਰਭਾਵੀ ਅਤੇ 21ਵੀਂ ਸਦੀ ਦੀਆਂ ਸਚਾਈਆਂ ਪ੍ਰਤੀ ਹੁੰਗਾਰਾ ਭਰਨ ਵਾਲੀ ਸੰਸਥਾ ਬਣਾਉਣ, ਉੱਤੇ ਜ਼ੋਰ ਦਿੱਤਾ। ਨੌਰਡਿਕ ਦੇਸ਼ ਇਸ ਗੱਲ ਨਾਲ ਸਹਿਮਤ ਸਨ ਕਿ ਭਾਰਤ ਸੁਧਾਰੀ ਗਈ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਇੱਕ ਮਜ਼ਬੂਤ ਉਮੀਦਵਾਰ ਹੈ।
ਪ੍ਰਧਾਨ ਮੰਤਰੀਆਂ ਨੇ 2030 ਏਜੰਡਾ ਲਾਗੂ ਕਰਨ ਪ੍ਰਤੀ ਆਪਣੀ ਪੂਰੀ ਹਮਾਇਤ ਦਾ ਭਰੋਸਾ ਦਿੱਤਾ। ਇਹ ਏਜੰਡਾ ਨਿਰੰਤਰ ਵਿਕਾਸ ਅਤੇ ਪੈਰਿਸ ਸਮਝੌਤੇ ਨੂੰ ਖਾਹਿਸ਼ੀ ਢੰਗ ਨਾਲ ਲਾਗੂ ਕਰਨ ਨਾਲ ਸਬੰਧਤ ਹੈ। ਉਨ੍ਹਾਂ ਨੇ ਸਵੱਛ ਊਰਜਾ ਸਿਸਟਮਜ਼ ਵਿਕਸਿਤ ਕਰਨ, ਅਖੁਟ ਊਰਜਾ ਅਤੇ ਈੰਧਣ ਵਿਕਸਿਤ ਕਰਨ, ਊਰਜਾ ਨਿਪੁੰਨਤਾ ਵਧਾਉਣ ਅਤੇ ਸਵੱਛ ਊਰਜਾ ਉਤਪਾਦਨ ਦੀਆਂ ਟੈਕਨੋਲੋਜੀਆਂ ਤਿਆਰ ਕਰਨ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀਆਂ ਨੇ ਨੋਟ ਕੀਤਾ ਕਿ ਸਿਆਸੀ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਮਹਿਲਾਵਾਂ ਦੀ ਭਰਪੂਰ ਅਤੇ ਲਾਹੇਵੰਦ ਸ਼ਮੂਲੀਅਤ ਸੰਮਿਲਤ ਵਿਕਾਸ ਦੀ ਕੁੰਜੀ ਹਨ ਅਤੇ ਉਹ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ।
ਪ੍ਰਧਾਨ ਮੰਤਰੀ ਇਸ ਗੱਲ ਨਾਲ ਸਹਿਮਤ ਸਨ ਕਿ ਇਕ ਮਜ਼ਬੂਤ ਭਾਈਵਾਲੀ ਨਵੀਆਂ ਖੋਜਾਂ, ਆਰਥਿਕ ਵਿਕਾਸ, ਨਿਰੰਤਰ ਕਾਇਮ ਰਹਿਣਯੋਗ ਹੱਲ ਅਤੇ ਆਪਸੀ ਤੌਰ ਤੇ ਲਾਹੇਵੰਦ ਵਪਾਰ ਅਤੇ ਨਿਵੇਸ਼ ਵਿੱਚ ਮਦਦ ਕਰ ਸਕਦੀ ਹੈ। ਸਿਖਰ ਸੰਮੇਲਨ ਨੇ ਲੋਕਾਂ ਤੋਂ ਲੋਕਾਂ ਤੱਕ ਮਜ਼ਬੂਤ ਸੰਪਰਕ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਇਹ ਸੰਪਰਕ ਵਿੱਦਿਆ, ਸੱਭਿਆਚਾਰ ਅਤੇ ਸੈਰ ਸਪਾਟੇ ਸਭ ਖੇਤਰਾਂ ਵਿੱਚ ਹੋ ਸਕਦਾ ਹੈ ਜਿਥੇ ਕਿ ਨੌਰਡਿਕ ਦੇਸ਼ ਅਤੇ ਭਾਰਤ ਦੋਹਾਂ ਦੀ ਦਿਲਚਸਪੀ ਵਿੱਚ ਨਿਰੰਤਰ ਵਾਧਾ ਹੋਵੇ।
ਏਕੇਟੀ/ਐੱਚਐੱਸ