ਟੈੱਕ ਜਗਤ ਦੇ ਆਗੂ, ਅੰਤਰਰਾਸ਼ਟਰੀ ਡੈਲੀਗੇਟ ਅਤੇ ਮਿੱਤਰੋ,
ਐਲਾਰਿਗੂ ਨਮਸਕਾਰ (एल्लारिगू नमस्कार) ਭਾਰਤ ਵਿੱਚ ਜੀ ਆਇਆਂ ਨੂੰ! ਨੱਮ ਕਨਡਾ ਨਾਡਿਗੇ ਸਵਾਗਤਾ, ਨੱਮ ਬੇਂਗਲੁਰਿਗੇ ਸਵਾਗਤਾ (नम्म कन्नडा नाडिगे स्वागता, नम्म बेन्गलुरिगे स्वागता)।
ਮੈਨੂੰ ਇੱਕ ਵਾਰ ਫਿਰ ਬੰਗਲੁਰੂ ਟੈੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਖੁਸ਼ੀ ਹੋ ਰਹੀ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਕਰਨਾਟਕ ਦੇ ਨਿੱਘੇ ਲੋਕਾਂ ਅਤੇ ਜੀਵੰਤ ਸੰਸਕ੍ਰਿਤੀ ਨੂੰ ਪ੍ਰੇਮ ਕਰ ਰਹੇ ਹੋ।
ਮਿੱਤਰੋ,
ਬੰਗਲੁਰੂ ਟੈਕਨੋਲੋਜੀ ਅਤੇ ਸੋਚ ਦੀ ਅਗਵਾਈ ਦਾ ਬਸੇਰਾ ਹੈ। ਇਹ ਇੱਕ ਸਮਾਵੇਸ਼ੀ ਸ਼ਹਿਰ ਹੈ। ਇਹ ਇੱਕ ਨਵਾਚਾਰੀ ਸ਼ਹਿਰ ਵੀ ਹੈ। ਕਈ ਸਾਲਾਂ ਤੋਂ, ਬੰਗਲੁਰੂ ਭਾਰਤ ਦੇ ਇਨੋਵੇਸ਼ਨ ਇੰਡੈਕਸ ਵਿੱਚ ਪਹਿਲੇ ਨੰਬਰ ‘ਤੇ ਹੈ।
ਮਿੱਤਰੋ,
ਭਾਰਤ ਦੀ ਟੈਕਨੋਲੋਜੀ ਅਤੇ ਨਵਾਚਾਰ ਨੇ ਪਹਿਲਾਂ ਹੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਪਰ ਭਵਿੱਖ ਸਾਡੇ ਵਰਤਮਾਨ ਨਾਲੋਂ ਬਹੁਤ ਵਿਸ਼ਾਲ ਹੋਵੇਗਾ। ਕਿਉਂਕਿ ਭਾਰਤ ਕੋਲ ਹੈ: ਨਵਾਚਾਰੀ ਯੁਵਾ ਅਤੇ ਵਧਦੀ ਤਕਨੀਕੀ ਪਹੁੰਚ।
ਮਿੱਤਰੋ,
ਭਾਰਤ ਦੇ ਨੌਜਵਾਨਾਂ ਦੀ ਤਾਕਤ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਨ੍ਹਾਂ ਨੇ ਤਕਨੀਕੀ ਵਿਸ਼ਵੀਕਰਨ ਅਤੇ ਪ੍ਰਤਿਭਾ ਦੇ ਵਿਸ਼ਵੀਕਰਨ ਨੂੰ ਯਕੀਨੀ ਬਣਾਇਆ ਹੈ। ਹੈਲਥਕੇਅਰ, ਮੈਨੇਜਮੈਂਟ, ਫਾਈਨਾਂਸ – ਤੁਹਾਨੂੰ ਬਹੁਤ ਸਾਰੇ ਡੋਮੇਨਾਂ ਦੀ ਅਗਵਾਈ ਕਰਨ ਵਾਲੇ ਨੌਜਵਾਨ ਭਾਰਤੀ ਮਿਲਣਗੇ। ਅਸੀਂ ਆਪਣੀ ਪ੍ਰਤਿਭਾ ਦੀ ਵਰਤੋਂ ਵਿਸ਼ਵ ਭਲਾਈ ਲਈ ਕਰ ਰਹੇ ਹਾਂ। ਭਾਰਤ ਵਿੱਚ ਵੀ ਇਨ੍ਹਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਇਸ ਸਾਲ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 40ਵੇਂ ਸਥਾਨ ‘ਤੇ ਪਹੁੰਚ ਗਿਆ ਹੈ। 2015 ਵਿੱਚ, ਅਸੀਂ 81ਵੇਂ ਸਥਾਨ ‘ਤੇ ਸੀ ! ਭਾਰਤ ਵਿੱਚ ਯੂਨੀਕੌਰਨ ਸਟਾਰਟ-ਅੱਪਸ ਦੀ ਗਿਣਤੀ 2021 ਤੋਂ ਦੁੱਗਣੀ ਹੋ ਗਈ ਹੈ ! ਅਸੀਂ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਹੱਬ ਹਾਂ। ਸਾਡੇ ਕੋਲ 81,000 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ ਹਨ। ਸੈਂਕੜੇ ਅੰਤਰਰਾਸ਼ਟਰੀ ਕੰਪਨੀਆਂ ਹਨ, ਜਿਨ੍ਹਾਂ ਦੇ ਭਾਰਤ ਵਿੱਚ ਖੋਜ ਅਤੇ ਵਿਕਾਸ ਕੇਂਦਰ ਹਨ। ਇਸ ਦਾ ਕਾਰਨ ਭਾਰਤ ਦਾ ਟੈਲੇਂਟ ਪੂਲ ਹੈ।
ਮਿੱਤਰੋ,
ਭਾਰਤੀ ਨੌਜਵਾਨਾਂ ਨੂੰ ਤਕਨੀਕੀ ਪਹੁੰਚ ਵਧਾ ਕੇ ਸਸ਼ਕਤ ਬਣਾਇਆ ਜਾ ਰਿਹਾ ਹੈ। ਦੇਸ਼ ਵਿੱਚ ਮੋਬਾਈਲ ਅਤੇ ਡੇਟਾ ਕ੍ਰਾਂਤੀ ਹੋ ਰਹੀ ਹੈ। ਪਿਛਲੇ 8 ਸਾਲਾਂ ਵਿੱਚ, ਬ੍ਰੌਡਬੈਂਡ ਕਨੈਕਸ਼ਨ 60 ਮਿਲੀਅਨ ਤੋਂ ਵਧ ਕੇ 810 ਮਿਲੀਅਨ ਹੋ ਗਏ ਹਨ, ਸਮਾਰਟਫੋਨ ਉਪਭੋਗਤਾ 150 ਮਿਲੀਅਨ ਤੋਂ 750 ਮਿਲੀਅਨ ਹੋ ਗਏ ਹਨ। ਸ਼ਹਿਰੀ ਖੇਤਰਾਂ ਦੇ ਮੁਕਾਬਲੇ ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈੱਟ ਦਾ ਵਾਧਾ ਤੇਜ਼ ਹੈ। ਸੂਚਨਾ ਸੁਪਰਹਾਈਵੇਅ ਨਾਲ ਇੱਕ ਨਵੀਂ ਅਬਾਦੀ ਨੂੰ ਜੋੜਿਆ ਜਾ ਰਿਹਾ ਹੈ।
ਮਿੱਤਰੋ,
ਲੰਬੇ ਸਮੇਂ ਤੋਂ, ਟੈਕਨੋਲੋਜੀ ਨੂੰ ਇੱਕ ਵਿਸ਼ੇਸ਼ ਡੋਮੇਨ ਵਜੋਂ ਦੇਖਿਆ ਜਾਂਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਇਹ ਸਿਰਫ ਉੱਚੇ ਅਤੇ ਰਸੂਖਵਾਨ ਲੋਕਾਂ ਲਈ ਹੀ ਹੈ। ਪਰ ਭਾਰਤ ਨੇ ਦਿਖਾਇਆ ਹੈ ਕਿ ਟੈਕਨੋਲੋਜੀ ਦਾ ਲੋਕਤੰਤਰੀਕਰਨ ਕਿਵੇਂ ਕਰਨਾ ਹੈ। ਭਾਰਤ ਨੇ ਇਹ ਵੀ ਦਿਖਾਇਆ ਹੈ ਕਿ ਤਕਨੀਕ ਨੂੰ ਮਨੁੱਖੀ ਅਹਿਸਾਸ ਕਿਵੇਂ ਦੇਣਾ ਹੈ। ਭਾਰਤ ਵਿੱਚ, ਟੈਕਨੋਲੋਜੀ ਸਮਾਨਤਾ ਅਤੇ ਸ਼ਕਤੀਕਰਨ ਦੀ ਇੱਕ ਤਾਕਤ ਹੈ। ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਲਗਭਗ 200 ਮਿਲੀਅਨ ਪਰਿਵਾਰਾਂ ਲਈ ਸੁਰੱਖਿਆ ਕਵਰ ਪ੍ਰਦਾਨ ਕਰਦੀ ਹੈ। ਇਸਦਾ ਮਤਲਬ ਹੈ, ਲਗਭਗ 600 ਮਿਲੀਅਨ ਲੋਕ ! ਇਹ ਪ੍ਰੋਗਰਾਮ ਤਕਨੀਕੀ ਪਲੇਟਫਾਰਮ ‘ਤੇ ਅਧਾਰਿਤ ਚਲਾਇਆ ਜਾਂਦਾ ਹੈ। ਭਾਰਤ ਨੇ ਦੁਨੀਆ ਦੀ ਸਭ ਤੋਂ ਵੱਡੀ ਕੋਵਿਡ -19 ਵੈਕਸੀਨ ਅਭਿਯਾਨ ਚਲਾਇਆ। ਇਹ ਇੱਕ ਤਕਨੀਕ-ਅਧਾਰਿਤ ਪਲੇਟਫਾਰਮ ਦੁਆਰਾ ਚਲਾਇਆ ਗਿਆ ਸੀ ਜਿਸਨੂੰ ਕੋਵਿਨ ਕਿਹਾ ਜਾਂਦਾ ਹੈ। ਆਓ ਸਿਹਤ ਖੇਤਰ ਤੋਂ ਸਿੱਖਿਆ ਵੱਲ ਚੱਲੀਏ।
ਭਾਰਤ ਵਿੱਚ ਓਪਨ ਕੋਰਸਾਂ ਦੇ ਸਭ ਤੋਂ ਵੱਡੇ ਔਨਲਾਈਨ ਭੰਡਾਰਾਂ ਵਿੱਚੋਂ ਇੱਕ ਹੈ। ਵੱਖ-ਵੱਖ ਵਿਸ਼ਿਆਂ ਵਿੱਚ ਹਜ਼ਾਰਾਂ ਕੋਰਸ ਉਪਲਬਧ ਹਨ। 10 ਮਿਲੀਅਨ ਤੋਂ ਵੱਧ ਸਫਲ ਪ੍ਰਮਾਣੀਕਰਣ ਹੋਏ ਹਨ। ਇਹ ਸਭ ਔਨਲਾਈਨ ਅਤੇ ਮੁਫ਼ਤ ਕੀਤਾ ਜਾਂਦਾ ਹੈ। ਸਾਡੇ ਡੇਟਾ ਟੈਰਿਫ ਦੁਨੀਆ ਵਿੱਚ ਸਭ ਤੋਂ ਘੱਟ ਹਨ। ਕੋਵਿਡ-19 ਦੌਰਾਨ, ਘੱਟ ਡੇਟਾ ਲਾਗਤਾਂ ਨੇ ਗਰੀਬ ਵਿਦਿਆਰਥੀਆਂ ਨੂੰ ਔਨਲਾਈਨ ਕਲਾਸਾਂ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ। ਇਸ ਤੋਂ ਬਿਨਾਂ ਉਨ੍ਹਾਂ ਦੇ ਦੋ ਕੀਮਤੀ ਸਾਲ ਬਰਬਾਦ ਹੋ ਜਾਣੇ ਸਨ।
ਮਿੱਤਰੋ,
ਭਾਰਤ ਗਰੀਬੀ ਵਿਰੁੱਧ ਜੰਗ ਵਿੱਚ ਟੈਕਨੋਲੋਜੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਸਵਾਮਿਤਵ ਯੋਜਨਾ ਦੇ ਤਹਿਤ, ਅਸੀਂ ਗ੍ਰਾਮੀਣ ਖੇਤਰਾਂ ਵਿੱਚ ਜ਼ਮੀਨਾਂ ਦਾ ਨਕਸ਼ਾ ਬਣਾਉਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਾਂ। ਫਿਰ ਲੋਕਾਂ ਨੂੰ ਪ੍ਰਾਪਰਟੀ ਕਾਰਡ ਦਿੱਤੇ ਜਾਂਦੇ ਹਨ। ਇਸ ਨਾਲ ਜ਼ਮੀਨੀ ਵਿਵਾਦ ਘਟਦੇ ਹਨ। ਇਹ ਗਰੀਬਾਂ ਨੂੰ ਵਿੱਤੀ ਸੇਵਾਵਾਂ ਅਤੇ ਕਰਜ਼ੇ ਤੱਕ ਪਹੁੰਚ ਕਰਨ ਵਿੱਚ ਵੀ ਮਦਦ ਕਰਦਾ ਹੈ। ਕੋਵਿਡ-19 ਦੌਰਾਨ, ਬਹੁਤ ਸਾਰੇ ਦੇਸ਼ ਇੱਕ ਸਮੱਸਿਆ ਨਾਲ ਜੂਝ ਰਹੇ ਸਨ। ਉਹ ਜਾਣਦੇ ਸਨ ਕਿ ਲੋਕਾਂ ਨੂੰ ਮਦਦ ਦੀ ਲੋੜ ਹੈ। ਉਹ ਜਾਣਦੇ ਸਨ ਕਿ ਲਾਭ ਟ੍ਰਾਂਸਫਰ ਮਦਦ ਕਰੇਗਾ। ਪਰ ਉਨ੍ਹਾਂ ਕੋਲ ਲੋਕਾਂ ਤੱਕ ਲਾਭ ਪਹੁੰਚਾਉਣ ਲਈ ਬੁਨਿਆਦੀ ਢਾਂਚਾ ਨਹੀਂ ਸੀ। ਪਰ ਭਾਰਤ ਨੇ ਦਿਖਾਇਆ ਕਿ ਕਿਵੇਂ ਟੈਕਨੋਲੋਜੀ ਚੰਗੇ ਲਈ ਤਾਕਤ ਬਣ ਸਕਦੀ ਹੈ। ਸਾਡੇ ਜਨ ਧਨ ਆਧਾਰ ਮੋਬਾਈਲ ਟ੍ਰਿਨਿਟੀ ਨੇ ਸਾਨੂੰ ਸਿੱਧਾ ਲਾਭ ਟ੍ਰਾਂਸਫਰ ਕਰਨ ਦੀ ਸ਼ਕਤੀ ਦਿੱਤੀ ਹੈ। ਇਹ ਲਾਭ ਸਿੱਧੇ ਪ੍ਰਮਾਣਿਤ ਅਤੇ ਪ੍ਰਮਾਣਿਤ ਲਾਭਪਾਤਰੀਆਂ ਨੂੰ ਗਏ। ਗਰੀਬਾਂ ਦੇ ਬੈਂਕ ਖਾਤਿਆਂ ਵਿੱਚ ਅਰਬਾਂ ਰੁਪਏ ਪਹੁੰਚ ਗਏ ਹਨ। ਕੋਵਿਡ-19 ਦੌਰਾਨ, ਹਰ ਕੋਈ ਛੋਟੇ ਕਾਰੋਬਾਰਾਂ ਬਾਰੇ ਚਿੰਤਤ ਸੀ। ਅਸੀਂ ਉਨ੍ਹਾਂ ਦੀ ਮਦਦ ਕੀਤੀ ਪਰ ਅਸੀਂ ਇੱਕ ਕਦਮ ਹੋਰ ਅੱਗੇ ਵਧੇ। ਅਸੀਂ ਕਾਰੋਬਾਰਾਂ ਨੂੰ ਮੁੜ ਚਾਲੂ ਕਰਨ ਲਈ ਰੇਹੜੀ ਫੜ੍ਹੀ ਵਿਕਰੇਤਾਵਾਂ ਨੂੰ ਕਾਰਜਸ਼ੀਲ ਪੂੰਜੀ ਤੱਕ ਪਹੁੰਚਣ ਵਿੱਚ ਮਦਦ ਕਰਦੇ ਹਾਂ। ਜਿਹੜੇ ਲੋਕ ਡਿਜੀਟਲ ਭੁਗਤਾਨ ਦੀ ਵਰਤੋਂ ਸ਼ੁਰੂ ਕਰਦੇ ਹਨ, ਉਨ੍ਹਾਂ ਨੂੰ ਪ੍ਰੋਤਸਾਹਨ ਦਿੱਤਾ ਜਾਂਦਾ ਹੈ। ਇਹ ਉਨ੍ਹਾਂ ਲਈ ਡਿਜੀਟਲ ਲੈਣ-ਦੇਣ ਨੂੰ ਜੀਵਨ ਦਾ ਇੱਕ ਢੰਗ ਬਣਾ ਰਿਹਾ ਹੈ।
ਮਿੱਤਰੋ,
ਕੀ ਤੁਸੀਂ ਇੱਕ ਸਫਲ ਈ-ਕਾਮਰਸ ਪਲੇਟਫਾਰਮ ਚਲਾਉਣ ਵਾਲੀ ਸਰਕਾਰ ਬਾਰੇ ਸੁਣਿਆ ਹੈ? ਇਹ ਭਾਰਤ ਵਿੱਚ ਹੋਇਆ ਹੈ। ਸਾਡੇ ਕੋਲ ਸਰਕਾਰੀ ਈ-ਮਾਰਕੀਟਪਲੇਸ ਹੈ, ਜਿਸਨੂੰ ਜੀਈਐੱਮ (GeM) ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਛੋਟੇ ਵਪਾਰੀ ਅਤੇ ਕਾਰੋਬਾਰ ਸਰਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਟੈਕਨੋਲੋਜੀ ਨੇ ਛੋਟੇ ਕਾਰੋਬਾਰਾਂ ਨੂੰ ਇੱਕ ਵੱਡਾ ਗਾਹਕ ਲੱਭਣ ਵਿੱਚ ਮਦਦ ਕੀਤੀ ਹੈ। ਇਸ ਦੇ ਨਾਲ ਹੀ ਇਸ ਨਾਲ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਵੀ ਘਟ ਗਈ ਹੈ। ਇਸੇ ਤਰ੍ਹਾਂ, ਟੈਕਨੋਲੋਜੀ ਨੇ ਔਨਲਾਈਨ ਟੈਂਡਰਿੰਗ ਵਿੱਚ ਮਦਦ ਕੀਤੀ ਹੈ। ਇਸ ਨਾਲ ਪ੍ਰੋਜੈਕਟਾਂ ਵਿੱਚ ਤੇਜ਼ੀ ਆਈ ਹੈ ਅਤੇ ਪਾਰਦਰਸਿਤਾ ਵਧੀ ਹੈ। ਇਸ ਨੇ ਪਿਛਲੇ ਸਾਲ ਇੱਕ ਟ੍ਰਿਲੀਅਨ ਰੁਪਏ ਦਾ ਖਰੀਦ ਮੁੱਲ ਵੀ ਦਰਜ ਕੀਤਾ ਹੈ।
ਮਿੱਤਰੋ,
ਨਵਾਚਾਰ ਮਹੱਤਵਪੂਰਨ ਹੈ। ਪਰ ਜਦੋਂ ਏਕੀਕਰਣ ਨਾਲ ਸਮਰਥਨ ਕੀਤਾ ਜਾਂਦਾ ਹੈ, ਇਹ ਇੱਕ ਤਾਕਤ ਬਣ ਜਾਂਦਾ ਹੈ। ਟੈਕਨੋਲੋਜੀ ਦੀ ਵਰਤੋਂ ਸਾਇਲੋਜ਼ ਨੂੰ ਖਤਮ ਕਰਨ, ਤਾਲਮੇਲ ਨੂੰ ਸਮਰੱਥ ਬਣਾਉਣ ਅਤੇ ਸੇਵਾ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ। ਸਾਂਝੇ ਪਲੇਟਫਾਰਮ ‘ਤੇ, ਕੋਈ ਸਾਇਲੋਜ਼ ਨਹੀਂ ਹਨ। ਉਦਾਹਰਨ ਲਈ, ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਨੂੰ ਹੀ ਲੈ ਲਓ। ਭਾਰਤ ਅਗਲੇ ਕੁਝ ਸਾਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ 100 ਟ੍ਰਿਲੀਅਨ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਕਿਸੇ ਵੀ ਬੁਨਿਆਦੀ ਪ੍ਰੋਜੈਕਟ ਵਿੱਚ ਹਿਤਧਾਰਕਾਂ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ। ਰਵਾਇਤੀ ਤੌਰ ‘ਤੇ, ਭਾਰਤ ਵਿੱਚ, ਵੱਡੇ ਪ੍ਰੋਜੈਕਟਾਂ ਵਿੱਚ ਅਕਸਰ ਦੇਰੀ ਹੁੰਦੀ ਸੀ। ਵੱਧ ਖਰਚੇ ਅਤੇ ਸਮਾਂ-ਸੀਮਾਵਾਂ ਨੂੰ ਵਧਾਉਣਾ ਆਮ ਗੱਲ ਹੁੰਦੀ ਸੀ। ਪਰ ਹੁਣ, ਸਾਡੇ ਕੋਲ ਗਤੀ ਸ਼ਕਤੀ ਸਾਂਝਾ ਪਲੇਟਫਾਰਮ ਹੈ। ਕੇਂਦਰ ਸਰਕਾਰ, ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ, ਵੱਖ-ਵੱਖ ਵਿਭਾਗ ਤਾਲਮੇਲ ਕਰ ਸਕਦੇ ਹਨ। ਇਨ੍ਹਾਂ ਵਿੱਚੋਂ ਹਰ ਇੱਕ ਜਾਣਦਾ ਹੈ ਕਿ ਦੂਜਾ ਕੀ ਕਰ ਰਿਹਾ ਹੈ। ਪ੍ਰੋਜੈਕਟਾਂ, ਜ਼ਮੀਨ ਦੀ ਵਰਤੋਂ ਅਤੇ ਸੰਸਥਾਵਾਂ ਨਾਲ ਸਬੰਧਤ ਜਾਣਕਾਰੀ ਇੱਕੋ ਥਾਂ ‘ਤੇ ਉਪਲਬਧ ਹੈ। ਇਸ ਲਈ, ਹਰੇਕ ਹਿਤਧਾਰਕ ਇੱਕੋ ਡੇਟਾ ਦੇਖਦਾ ਹੈ। ਇਹ ਤਾਲਮੇਲ ਵਿੱਚ ਸੁਧਾਰ ਕਰਦਾ ਹੈ ਅਤੇ ਸਮੱਸਿਆਵਾਂ ਦੇ ਵਾਪਰਨ ਤੋਂ ਪਹਿਲਾਂ ਹੀ ਹੱਲ ਕਰਦਾ ਹੈ। ਇਹ ਪ੍ਰਵਾਨਗੀਆਂ ਅਤੇ ਮਨਜ਼ੂਰੀਆਂ ਨੂੰ ਤੇਜ਼ ਕਰ ਰਿਹਾ ਹੈ।
ਮਿੱਤਰੋ,
ਭਾਰਤ ਹੁਣ ਲਾਲ ਫੀਤਾਸ਼ਾਹੀ ਲਈ ਜਾਣਿਆ ਜਾਣ ਵਾਲਾ ਸਥਾਨ ਨਹੀਂ ਰਿਹਾ। ਇਹ ਨਿਵੇਸ਼ਕਾਂ ਲਈ ਰੈੱਡ ਕਾਰਪੇਟ ਲਈ ਜਾਣਿਆ ਜਾਂਦਾ ਹੈ। ਭਾਵੇਂ ਇਹ ਐੱਫਡੀਆਈ ਸੁਧਾਰਾਂ ਦੀ ਗੱਲ ਹੋਵੇ, ਜਾਂ ਡਰੋਨ ਨਿਯਮਾਂ ਦਾ ਉਦਾਰੀਕਰਨ, ਜਾਂ ਸੈਮੀਕੰਡਕਟਰ ਸੈਕਟਰ ਵਿੱਚ ਕਦਮ, ਜਾਂ ਵੱਖ-ਵੱਖ ਸੈਕਟਰਾਂ ਵਿੱਚ ਉਤਪਾਦਨ ਪ੍ਰੋਤਸਾਹਨ ਯੋਜਨਾਵਾਂ, ਜਾਂ ਵਪਾਰ ਕਰਨ ਵਿੱਚ ਆਸਾਨੀ ਦਾ ਵਾਧਾ।
ਮਿੱਤਰੋ,
ਭਾਰਤ ਵਿੱਚ ਬਹੁਤ ਸਾਰੇ ਸ਼ਾਨਦਾਰ ਕਾਰਕ ਇਕੱਠੇ ਆ ਹੋ ਰਹੇ ਹਨ। ਤੁਹਾਡਾ ਨਿਵੇਸ਼ ਅਤੇ ਸਾਡਾ ਨਵਾਚਾਰ ਅਦਭੁਤ ਕੰਮ ਕਰ ਸਕਦਾ ਹੈ। ਤੁਹਾਡਾ ਭਰੋਸਾ ਅਤੇ ਸਾਡੀ ਤਕਨੀਕੀ ਪ੍ਰਤਿਭਾ ਬਹੁਤ ਕੁਝ ਕਰ ਸਕਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲ ਕੰਮ ਕਰਨ ਲਈ ਸੱਦਾ ਦਿੰਦਾ ਹਾਂ ਕਿਉਂਕਿ ਅਸੀਂ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਗਵਾਈ ਕਰ ਰਹੇ ਹਾਂ। ਮੈਨੂੰ ਯਕੀਨ ਹੈ ਕਿ ਬੰਗਲੁਰੂ ਟੈੱਕ ਸੰਮੇਲਨ ਵਿੱਚ ਤੁਹਾਡੇ ਵਿਚਾਰ-ਵਟਾਂਦਰੇ ਦਿਲਚਸਪ ਅਤੇ ਫਲਦਾਇਕ ਹੋਣਗੇ। ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
***
ਡੀਐੱਸ/ਵੀਜੇ/ਏਕੇ
PM @narendramodi's video message at Bengaluru Tech Summit. Watch LIVE. https://t.co/mpQgSr1iSo
— PMO India (@PMOIndia) November 16, 2022
India's youth have ensured tech and talent globalisation. pic.twitter.com/qA8lxg3lGo
— PMO India (@PMOIndia) November 16, 2022
India has shown how to democratise technology. pic.twitter.com/5OizTVt79X
— PMO India (@PMOIndia) November 16, 2022
India is using technology as a weapon in the war against poverty. pic.twitter.com/VBTLu00bXa
— PMO India (@PMOIndia) November 16, 2022