Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ


ਮਾਣਯੋਗ ਰਾਸ਼ਟਰਪਤੀ ਮਿਸ਼ੇਲ ਟੇਮੇਰ, ਮੀਡੀਆ ਦੇ ਮੈਂਬਰ, ਦੋਸਤੋ,

ਮੈਂ ਭਾਰਤ ਵਿੱਚ ਰਾਸ਼ਟਰਪਤੀ ਮਿਸ਼ੇਲ ਟੇਮੇਰ ਦਾ ਸੁਆਗਤ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਨੂੰ ਖ਼ੁਸ਼ੀ ਹੈ ਕਿ ਉਹ ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਗੋਆ ‘ਚ ਆਏ ਹਨ, ਜਿਸ ਦੀ ਆਪਣੀ ਸਾਂਝੀ ਸੱਭਿਆਚਾਰਕ ਪੁਰਤਗਾਲੀ ਵਿਰਾਸਤ ਹੈ। ਭਾਵੇਂ ਭੁਗੋਲਿਕ ਤੌਰ ‘ਤੇ ਵਖਰੇਵਾਂ ਹੈ, ਪਰ ਬ੍ਰਾਜ਼ੀਲ ਅਤੇ ਭਾਰਤ; ਲੋਕਤੰਤਰ, ਕਾਨੂੰਨ ਦੇ ਸ਼ਾਸਨ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੀਆਂ ਸਾਂਝੀਆਂ ਇੱਛਾਵਾਂ ਕਾਰਨ ਕੁਦਰਤੀ ਤੌਰ ‘ਤੇ ਭਾਈਵਾਲ ਹਨ। ਰਾਸ਼ਟਰਪਤੀ ਟੇਮਰ ਖ਼ੁਦ ਵਿਸ਼ਵ ਪੱਧਰ ਦੇ ਸੰਵਿਧਾਨਕ ਮਾਹਰ ਹਨ ਅਤੇ ਇਹ ਸਭ ਸਮਝਦੇ ਅਤੇ ਉਸ ਦੀ ਸ਼ਲਾਘਾ ਕਰਦੇ ਹਨ। ਇਹ ਦੌਰਾ ਅਜਿਹੇ ਵੇਲੇ ਹੋ ਰਿਹਾ ਹੈ, ਜਦੋਂ ਦੋਵੇਂ ਦੇਸ਼ ਸਾਡੀ ਰਣਨੀਤਕ ਭਾਈਵਾਲੀ ਦਾ ਇੱਕ ਦਹਾਕਾ ਹੋਣ ਦੇ ਜਸ਼ਨ ਮਨਾ ਰਹੇ ਹਨ। ਇਨ੍ਹਾਂ 10 ਵਰ੍ਹਿਆਂ ਦੌਰਾਨ ਵਿਸ਼ਵ ਬਦਲ ਗਿਆ ਹੈ। ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਦੁਵੱਲੇ ਸਬੰਧ ਬਿਹਤਰੀ ਲਈ ਵਿਕਸਤ ਹੋਏ ਹਨ। ਅਸੀਂ ਸਾਰੇ ਪੱਧਰਾਂ ‘ਤੇ ਆਪਸੀ ਗੱਲਬਾਤ ਵਧਾਈ ਹੈ। ਅਸੀਂ ਆਪਣੇ ਸਾਂਝੇ ਨਿਸ਼ਾਨਿਆਂ ਤੇ ਯਤਨਾਂ ਦੇ ਮਾਮਲੇ ਵਿੱਚ ਸਹਾਇਤਾ ਦੇ ਅੰਤਰਰਾਸ਼ਟਰੀ ਸੰਦਰਭ ਨੂੰ ਇੱਕ ਅਕਾਰ ਦੇਣ ਲਈ ਵੀ ਇੱਕਜੁੱਟ ਹੋਏ ਹਨ। ਮੈਂ ਸਾਲ 2014 ‘ਚ ਕੀਤੀ ਆਪਣੀ ਬ੍ਰਾਜ਼ੀਲ ਯਾਤਰਾ ਨੂੰ ਬਹੁਤ ਨਿੱਘ ਨਾਲ ਚੇਤੇ ਕਰਦਾ ਹਾਂ। ਅਹੁਦਾ ਸੰਭਾਲਣ ਪਿੱਛੋਂ ਏਸ਼ੀਆ ਤੋਂ ਬਾਹਰ ਬ੍ਰਾਜ਼ੀਲ ਹੀ ਅਜਿਹਾ ਪਹਿਲਾ ਦੇਸ਼ ਸੀ, ਜਿੱਥੇ ਮੈਂ ਗਿਆ ਸਾਂ। ਮੈਂ ਬ੍ਰਾਜ਼ੀਲ ਵਿੱਚ ਭਾਰਤ ਪ੍ਰਤੀ ਆਪਣੇ ਦੋਸਤਾਂ ਦਾ ਪੂਰਾ ਨਿੱਘ ਮਹਿਸੂਸ ਕੀਤਾ। ਮਾਣਯੋਗ ਰਾਸ਼ਟਰਪਤੀ ਜੀ, ਭਾਰਤ ਅਜਿਹਾ ਪਹਿਲਾ ਦੇਸ਼ ਹੈ, ਜਿਸ ਨੂੰ ਤੁਸੀਂ ਵੀ ਆਪਣੀ ਨਵੀਂ ਅਹਿਮ ਜ਼ਿੰਮੇਵਾਰੀ ਸੰਭਾਲਣ ਤੋਂ ਪਿੱਛੋਂ ਲਾਤੀਨੀ ਅਮਰੀਕਾ ਤੋਂ ਬਾਹਰ ਕਿਸੇ ਦੁਵੱਲੀ ਫੇਰੀ ਲਈ ਚੁਣਿਆ। ਤੁਹਾਡਾ ਇਹ ਦੌਰਾ ਸਾਡੇ ਦੁਵੱਲੇ ਸਬੰਧਾਂ ਦੀ ਅਹਿਮੀਅਤ ਨੂੰ ਪ੍ਰਤੀਬਿੰਬਤ ਕਰਦਾ ਹੈ।

ਦੋਸਤੋ,

ਰਾਸ਼ਟਰਪਤੀ ਟੇਮੇਰ ਅਤੇ ਮੈਂ ਮੁਕੰਮਲ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਹੈ। ਇਹ ਗੱਲ ਨੋਟ ਕੀਤੀ ਗਈ ਕਿ ਹਾਲੇ ਹੋਰ ਬਹੁਤ ਜ਼ਿਆਦਾ ਸੰਭਾਵਨਾਵਾਂ ਮੌਜੂਦ ਹਨ, ਇਸ ਲਈ ਅਸੀਂ ਆਪਣੀਆਂ ਗਤੀਵਿਧੀਆਂ ਵਧਾਉਣ ਲਈ ਸਹਿਮਤ ਹੋਏ ਹਾਂ। ਇਹ ਮਜ਼ਬੂਤ ਰਣਨੀਤਕ ਭਾਈਵਾਲੀ ਲਈ ਸਾਡੀ ਆਪਸੀ ਇੱਛਾ ਦੀ ਸੇਧ ਵਿੱਚ ਹੈ। ਲਾਤੀਨੀ ਅਮਰੀਕਾ ਵਿੱਚ ਬ੍ਰਾਜ਼ੀਲ ਸਾਡੇ ਸਭ ਤੋਂ ਵੱਧ ਅਹਿਮ ਆਰਥਿਕ ਭਾਈਵਾਲਾਂ ਵਿੱਚੋਂ ਇੱਕ ਹੈ। ਮੈਂ ਇਸ ਗੱਲ ਤੋਂ ਵੀ ਖ਼ੁਸ਼ ਹਾਂ ਅਤੇ ਭਾਰਤ ਅਤੇ ਬ੍ਰਾਜ਼ੀਲ ਨੇ ਇੱਕ ਦੁਵੱਲੇ ਨਿਵੇਸ਼ ਸਮਝੌਤੇ ਦੇ ਮੂਲ-ਪਾਠ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਦੁਵੱਲੇ ਵਪਾਰ ਅਤੇ ਨਿਵੇਸ਼ ਸੰਪਰਕ ਨੂੰ ਵਧਾਉਣ ਲਈ ਬਹੁਤ ਜ਼ਿਆਦਾ ਲੋੜੀਂਦੀ ਰਫ਼ਤਾਰ ਪ੍ਰਦਾਨ ਕਰੇਗਾ। ਅਸੀਂ ਇਹ ਵੀ ਵੇਖਿਆ ਹੈ ਕਿ ਰਾਸ਼ਟਰਪਤੀ ਟੇਮੇਰ ਘਰੇਲੂ ਆਰਥਿਕ ਏਜੰਡੇ ਨੂੰ ਮੁੜ ਸੁਰਜੀਤ ਕਰਨ ਨੂੰ ਕਿੰਨੀ ਜ਼ਿਆਦਾ ਤਰਜੀਹ ਦਿੰਦੇ ਹਨ। ਇਸ ਮਾਮਲੇ ਵਿੱਚ, ਭਾਰਤ ਇੱਕ ਵਡਮੁੱਲਾ ਭਾਈਵਾਲ ਹੋ ਸਕਦਾ ਹੈ। ਮੈਂ ਬ੍ਰਾਜ਼ੀਲ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਆਉਣ ਤੇ ਇੱਥੇ ਨਿਵੇਸ਼ ਕਰਨ ਲਈ ਉਨ੍ਹਾਂ ਦਾ ਸੁਆਗਤ ਕਰਦਾ ਹਾਂ ਕਿਉਂਕਿ ਇੱਥੇ ਉਹ ਲੰਮੇ ਸਮੇਂ ਲਈ ਵਪਾਰਕ ਭਾਈਵਾਲੀਆਂ ਕਾਇਮ ਕਰ ਸਕਣਗੇ। ਰਾਸ਼ਟਰਪਤੀ ਟੇਮੇਰ ਅਤੇ ਮੈਂ ਹੁਣੇ ਹੀ ਆਪਣੇ ਸੀ.ਈ.ਓਜ਼ ਨੂੰ ਮਿਲੇ ਹਾਂ, ਤਾਂ ਕਿ ਪਹਿਲਾਂ ਉਨ੍ਹਾਂ ਤੋਂ ਜਾਣ ਸਕੀਏ। ਮੈਂ ਇਸ ਗੱਲ ਤੋਂ ਉਤਸ਼ਾਹਿਤ ਹਾਂ ਕਿ ਉਹ ਅਗਾਂਹਵਧੂ ਵਿਵਹਾਰਕ ਤਾਲਮੇਲ ਲਈ ਕਦਮ ਚੁੱਕ ਰਹੇ ਹਨ।
ਅਸੀਂ ਇਸ ਦੀ ਮੁਕੰਮਲ ਹਮਾਇਤ ਕਰਾਂਗੇ।

ਮੈਂ ਬਾਜ਼ਾਰ ਤੱਕ ਵਧੇਰੇ ਪਹੁੰਚ ਅਤੇ ਭਾਰਤੀ ਉਤਪਾਦਾਂ ਤੇ ਕੰਪਨੀਆਂ ਲਈ ਨਿਵੇਸ਼ ਮੌਕਿਆਂ ਵਿੱਚ ਸੁਵਿਧਾ ਵਾਸਤੇ ਰਾਸ਼ਟਰਪਤੀ ਟੇਮੇਰ ਦੀ ਸਹਾਇਤਾ ਮੰਗੀ ਹੈ। ਮੈਂ ਇਸ ਮਾਮਲੇ ਵਿੱਚ ਰਾਸ਼ਟਰਪਤੀ ਟੇਮੇਰ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਲਈ ਧੰਨਵਾਦੀ ਹਾਂ। ਅਸੀਂ ਇਸ ਦੌਰੇ ਦੌਰਾਨ ਡਰੱਗ ਨਿਯੰਤ੍ਰਣ, ਖੇਤੀਬਾੜੀ ਖੋਜ ਅਤੇ ਸਾਈਬਰ ਸੁਰੱਖਿਆ ਮੁੱਦਿਆਂ ਵਿੱਚ ਸਹਿਯੋਗ ਦੇ ਨਵੇਂ ਖੇਤਰ ਖੋਲ੍ਹਣ ਵਿੱਚ ਵੀ ਪ੍ਰਗਤੀ ਕੀਤੀ ਹੈ। ਰਾਸ਼ਟਰਪਤੀ ਟੇਮੇਰ ਅਤੇ ਮੈਂ ਮਹੱਤਵਪੂਰਨ ਅੰਤਰਰਾਸ਼ਟਰੀ ਦ੍ਰਿਸ਼ ਵਿੱਚ ਆਪਣਾ ਤਾਲਮੇਲ ਹੋਰ ਤੀਖਣ ਤੇ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਏ ਹਾਂ। ਅਸੀਂ ਸੰਯੁਕਤ ਰਾਸ਼ਟਰ, ਜੀ-20, ਵਿਸ਼ਵ ਵਪਾਰ ਸੰਗਠਨ, ਬ੍ਰਿਕਸ, ਇਬਸਾ ਅਤੇ ਹੋਰ ਅਹਿਮ ਮੰਚਾਂ ‘ਤੇ ਇੱਕਜੁੱਟ ਹੋ ਕੇ ਕੰਮ ਕਰਾਂਗੇ।

ਮਾਣਯੋਗ ਰਾਸ਼ਟਰਪਤੀ ਜੀ,

ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਿੱਚ ਭਾਰਤ ਦੀਆਂ ਕਾਰਵਾਈਆਂ ਲਈ ਬ੍ਰਾਜ਼ੀਲ ਦੇ ਸਮਰਥਨ ਦੀ ਅਸੀਂ ਤਹਿ ਦਿਲੋਂ ਸ਼ਲਾਘਾ ਕਰਦੇ ਹਾਂ। ਅਸੀਂ ਸਹਿਮਤ ਹੋਏ ਹਾਂ ਕਿ ਹੁਣ ਵਿਸ਼ਵ ਨੂੰ ਬਿਨਾ ਕਿਸੇ ਪੱਖਪਾਤ ਜਾਂ ਵਿਤਕਰੇ ਦੇ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਜ਼ਰੂਰ ਹੀ ਇੱਕਜੁਟ ਹੋਣਾ ਹੋਵੇਗਾ। ਅਸੀਂ ਬ੍ਰਾਜ਼ੀਲ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਕਿਉਂਕਿ ਸੰਯੁਕਤ ਰਾਸ਼ਟਰ ਵਿੱਚ ਉਹ ‘ਕੌਮਾਂਤਰੀ ਦਹਿਸ਼ਤਗਰਦੀ ਵਿਰੁੱਧ ਵਿਆਪਕ ਕਨਵੈਨਸ਼ਨ’ ਨੂੰ ਅਪਨਾਉਣ ਵਿੱਚ ਉਹ ਇੱਕ ਅਹਿਮ ਭਾਈਵਾਲ ਰਿਹਾ ਹੈ। ਅਸੀਂ ਇਸ ਲਈ ਵੀ ਬ੍ਰਾਜ਼ੀਲ ਦਾ ਧੰਨਵਾਦ ਕਰਦੇ ਹਾਂ ਕਿ ਉਸ ਨੇ ਪ੍ਰਮਾਣੂ ਸਪਲਾਇਰਜ਼ ਦੇ ਸਮੂਹ ਦੀ ਮੈਂਬਰਸ਼ਿਪ ਲਈ ਭਾਰਤ ਦੀ ਇੱਛਾ ਨੂੰ ਸਮਝਿਆ ਹੈ।

ਮਾਣਯੋਗ ਰਾਸ਼ਟਰਪਤੀ ਅਤੇ ਦੋਸਤੋ,

ਦੁਵੱਲੇ ਅਤੇ ਬਹੁ-ਪੱਖਾਂ ਤੋਂ ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਭਾਈਵਾਲੀ ਅਜਿਹੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ, ਜਿਹੋ ਜਿਹੇ ਨਤੀਜਿਆਂ ਦੀ ਆਸ ਅਸੀਂ ਰੱਖਦੇ ਹਾਂ। ਰਾਸ਼ਟਪਤੀ ਟੇਮੇਰ ਦਾ ਇਹ ਦੌਰਾ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਇੱਕ ਖ਼ਾਕਾ ਤਿਆਰ ਕਰਨ ਦਾ ਇੱਕ ਅਹਿਮ ਮੌਕਾ ਪ੍ਰਦਾਨ ਕਰਦਾ ਹੈ। ਜਿਵੇਂ ਕਿ ਉਹ ਪੁਰਤਗਾਲੀ ਵਿੱਚ ਕਹਿੰਦੇ ਹਨ,”A uniao faz a forca” ਭਾਵ ‘ਸਾਡੀ ਏਕਤਾ ਸਾਨੂੰ ਮਜ਼ਬੂਤ ਬਣਾਉਂਦੀ ਹੈ।’
ਤੁਹਾਡਾ ਧੰਨਵਾਦ।

***

AKT/HS