Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੱਛਮੀ ਬੰਗਾਲ ਦੇ ਸ਼ਾਂਤੀ ਨਿਕੇਤਨ ਵਿਖੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੰਚ ਉਤੇ ਬਿਰਾਜਮਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ, ਪੱਛਮੀ ਬੰਗਾਲ ਦੇ ਰਾਜਪਾਲ ਸ੍ਰੀਮਾਨ ਕੇਸਰੀ ਨਾਥ ਜੀ ਤ੍ਰਿਪਾਠੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਜੀ, ਵਿਸ਼ਵ ਭਾਰਤੀ ਦੇ ਉਪਾਚਾਰੀਆ ਪ੍ਰੋਫੈਸਰ ਸਬੂਜ ਕੋਲੀ ਸੇਨ ਜੀ ਅਤੇ ਰਾਮ ਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਇੰਸਟੀਟਿਊਟ ਦੇ ਉਪ ਅਚਾਰੀਆ ਪੂਜਨੀਕ ਸਵਾਮੀ ਆਤਮਪ੍ਰਿਯਾਨੰਦ ਜੀ ਅਤੇ ਇਥੇ ਮੌਜੂਦ ਵਿਸ਼ਵ ਭਾਰਤੀ ਦੇ ਅਧਿਆਪਕਗਣ ਅਤੇ ਮੇਰੇ ਪਿਆਰੇ ਨੌਜਵਾਨ ਸਾਥੀਓ।

ਮੈਂ ਸਭ ਤੋਂ ਪਹਿਲਾਂ ਵਿਸ਼ਵ ਭਾਰਤੀ ਦੇ ਚਾਂਸਲਰ ਦੇ ਨਾਤੇ ਆਪ ਸਭ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਜਦ ਮੈਂ ਰਸਤੇ ਵਿੱਚ ਆ ਰਿਹਾ ਸੀ ਤਾਂ ਕੁਝ ਬੱਚੇ ਇਸ਼ਾਰੇ ਨਾਲ ਮੈਨੂੰ ਸਮਝਾ ਰਹੇ ਸਨ ਕਿ ਪੀਣ ਵਾਲਾ ਪਾਣੀ ਵੀ ਨਹੀਂ ਹੈ। ਤੁਹਾਨੂੰ ਸਭ ਨੂੰ ਜੋ ਪ੍ਰੇਸ਼ਾਨੀ ਹੋਈ , ਚਾਂਸਲਰ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਭ ਤੋਂ ਮਾਫੀ ਮੰਗਦਾ ਹਾਂ।

ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਨੂੰ ਕਈ ਯੂਨੀਵਰਸਿਟੀਆਂ ਦੀ convocation ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਇਥੇ ਮੇਰੀ ਭਾਈਵਾਲੀ ਮਹਿਮਾਨ ਦੇ ਰੂਪ ਵਿੱਚ ਹੁੰਦੀ ਹੈ ਪਰ ਇਥੇ ਮੈਂ ਇੱਕ ਮਹਿਮਾਨ ਦੇ ਨਾਤੇ ਨਹੀਂ ਸਗੋਂ ਅਚਾਰੀਆ ਭਾਵ ਚਾਂਸਲਰ ਦੇ ਰੂਪ ਵਿੱਚ ਤੁਹਾਡੇ ਦਰਮਿਆਨ ਆਇਆ ਹਾਂ। ਇਥੇ ਜੋ ਮੇਰੀ ਭੂਮਿਕਾ ਹੈ ਉਹ ਇਸ ਮਹਾਨ ਲੋਕਤੰਤਰ ਕਰਕੇ ਹੈ, ਪ੍ਰਧਾਨ ਮੰਤਰੀ ਕਰਕੇ ਨਹੀਂ। ਵੈਸੇ ਇਹ ਲੋਕਤੰਤਰ ਵੀ ਆਪਣੇ ਆਪ ਵਿੱਚ ਇੱਕ ਆਚਾਰੀਆ ਹੀ ਤਾਂ ਹੈ ਜੋ ਸਵਾ ਸੌ ਕਰੋੜ ਤੋਂ ਵੱਧ ਸਾਡੇ ਦੇਸ਼ ਵਾਸੀਆਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰੇਰਿਤ ਕਰ ਰਿਹਾ ਹੈ। ਲੋਕਰਾਜੀ ਕਦਰਾਂ-ਕੀਮਤਾਂ ਦੇ ਸੰਦਰਭ ਵਿੱਚ ਜੋ ਵੀ ਪੋਸ਼ਿਤ ਅਤੇ ਸਿੱਖਿਅਤ ਹੁੰਦਾ ਹੈ ਉਹ ਸ੍ਰੇਸ਼ਠ ਭਾਰਤ ਅਤੇ ਸ੍ਰੇਸ਼ਠ ਭਵਿੱਖ ਦੇ ਨਿਰਮਾਣ ਵਿੱਚ ਸਹਾਈ ਹੁੰਦਾ ਹੈ।

ਸਾਡੇ ਇਥੇ ਕਿਹਾ ਗਿਆ ਹੈ ਕਿ ਆਚਾਰਯਤ ਵਿਦਯਾਵਿਹਿਤਾ ਸਾਘਿਸ਼ੁਠਤਮ ਪ੍ਰਾਪਯੁਤਿ ਇਤਿ ਯਾਨੀ ਆਚਾਰੀਆ ਕੋਲ ਜਾਓ ਉਸ ਤੋਂ ਬਿਨਾ ਵਿਦਿਆ, ਸ੍ਰੇਸ਼ਠਤਾ ਅਤੇ ਸਫ਼ਲਤਾ ਨਹੀਂ ਮਿਲਦੀ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਗੁਰੂਦੇਵ ਰਬਿੰਦਰ ਨਾਥ ਠਾਕੁਰ ਦੀ ਇਸ ਪਵਿੱਤਰ ਭੂਮੀ ਉੱਤੇ ਇੰਨੇ ਆਚਾਰੀਆਂ ਦਰਮਿਆਨ ਮੈਨੂੰ ਅੱਜ ਕੁਝ ਸਮਾਂ ਬਿਤਾਉਣ ਦਾ ਸੁਭਾਗ ਮਿਲਿਆ ਹੈ।

ਜਿਵੇਂ ਕਿਸੇ ਮੰਦਰ ਦੇ ਅਹਾਤੇ ਵਿੱਚ ਤੁਹਾਨੂੰ ਮੰਤਰ ਉਚਾਰਣ ਦੀ ਊਰਜਾ ਮਹਿਸੂਸ ਹੁੰਦੀ ਹੈ , ਉਸੇ ਤਰ੍ਹਾਂ ਦੀ ਊਰਜਾ ਮੈਂ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਕੰਪਲੈਕਸ ਵਿੱਚ ਮਹਿਸੂਸ ਕਰ ਰਿਹਾ ਹਾਂ। ਮੈਂ ਜਦ ਅਜੇ ਕਾਰ ਤੋਂ ਉਤਰ ਕੇ ਮੰਚ ਵੱਲ ਆ ਰਿਹਾ ਸੀ ਤਾਂ ਹਰ ਕਦਮ, ਮੈਂ ਸੋਚ ਰਿਹਾ ਸੀ ਕਿ ਕਦੀ ਇਸੇ ਜ਼ਮੀਨ ਉੱਤੇ, ਇਥੋਂ ਦੇ ਕਣ-ਕਣ ਉੱਤੇ ਗੁਰੂਦੇਵ ਦੇ ਕਦਮ ਪਏ ਹੋਣਗੇ। ਇਥੇ ਕਿਤੇ ਆਲੇ ਦੁਆਲੇ ਬੈਠ ਕੇ ਉਨ੍ਹਾਂ ਨੇ ਸ਼ਬਦਾਂ ਨੂੰ ਕਾਗਜ਼ ਉੱਤੇ ਉਤਾਰਿਆ ਹੋਵੇਗਾ। ਕਦੀ ਕੋਈ ਧੁਨ, ਕੋਈ ਸੰਗੀਤ ਗੁਣਗੁਣਾਇਆ ਹੋਵੇਗਾ। ਕਦੀ ਮਹਾਤਮਾ ਗਾਂਧੀ ਨਾਲ ਲੰਬੀ ਚਰਚਾ ਕੀਤੀ ਹੋਵੇਗੀ। ਕਦੀ ਕਿਸੇ ਵਿਦਿਆਰਥੀ ਨੂੰ ਜੀਵਨ ਦਾ, ਭਾਰਤ ਦਾ, ਦੇਸ਼ ਦੇ ਸਵੈਮਾਣ ਦਾ ਮਤਲਬ ਸਮਝਾਇਆ ਹੋਵੇਗਾ।

ਸਾਥੀਓ, ਅੱਜ ਇਸ ਕੰਪਲੈਕਸ ਵਿੱਚ ਅਸੀਂ ਰਵਾਇਤਾਂ ਨੂੰ ਨਿਭਾਉਣ ਲਈ ਇਕੱਠੇ ਹੋਏ ਹਾਂ। ਇਹ ਅਮਰਕੁੰਜ ਤਕਰੀਬਨ ਇੱਕ ਸਦੀ ਤੋਂ ਅਜਿਹੇ ਕਈ ਮੌਕਿਆਂ ਦਾ ਗਵਾਹ ਰਿਹਾ ਹੈ। ਬੀਤੇ ਕਈ ਸਾਲਾਂ ਵਿੱਚ ਜੋ ਤੁਸੀਂ ਸਿੱਖਿਆ ਉਸ ਦਾ ਇੱਕ ਪੜਾਅ ਅੱਜ ਪੂਰਾ ਹੋ ਰਿਹਾ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੂੰ ਅੱਜ ਡਿਗਰੀ ਮਿਲੀ ਹੈ, ਉਨ੍ਹਾਂ ਨੂੰ ਮੈਂ ਦਿਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਭਵਿੱਖ ਲਈ ਅਸੀਮ ਸ਼ੁਭ ਕਾਮਨਾਵਾਂ ਦਿੰਦਾ ਹਾਂ। ਤੁਹਾਡੀ ਇਹ ਡਿਗਰੀ, ਤੁਹਾਡੀਆਂ ਵਿੱਦਿਅਕ ਯੋਗਤਾਵਾਂ ਦਾ ਸਬੂਤ ਹੈ। ਇਸ ਨਾਤੇ ਇਹ ਆਪਣੇ ਆਪ ਵਿੱਚ ਮਹੱਤਵਪੂਰਣ ਹੈ ਪਰ ਤੁਸੀਂ ਇੱਥੋਂ ਸਿਰਫ਼ ਇਹ ਡਿਗਰੀ ਹੀ ਹਾਸਲ ਕੀਤੀ ਹੋਵੇ, ਅਜਿਹਾ ਨਹੀਂ ਹੈ। ਤੁਸੀਂ ਇਥੋਂ ਜੋ ਸਿੱਖਿਆ , ਜੋ ਪਾਇਆ ਉਹ ਆਪਣੇ ਆਪ ਵਿੱਚ ਅਨਮੋਲ ਹੈ। ਤੁਸੀਂ ਇੱਕ ਖੁਸ਼ਹਾਲ ਵਿਰਸੇ ਦੇ ਵਾਰਿਸ ਹੋ। ਤੁਹਾਡਾ ਨਾਤਾ ਇੱਕ ਅਜਿਹੀ ਗੁਰੂ -ਸ਼ਿਸ਼ ਰਵਾਇਤ ਨਾਲ ਹੈ, ਜੋ ਜਿੰਨੀ ਪੁਰਾਤਨ ਹੈ, ਓਨੀ ਹੀ ਆਧੁਨਿਕ ਵੀ

ਵੈਦਿਕ ਅਤੇ ਪੌਰਾਣਿਕ ਕਾਲ ਵਿੱਚ ਜਿਸਨੂੰ ਸਾਡੇ ਰਿਸ਼ੀਆਂ ਮੁਨੀਆਂ ਨੇ ਸਿੰਜਿਆ, , ਆਧੁਨਿਕ ਭਾਰਤ ਵਿੱਚ ਉਸ ਨੂੰ ਗੁਰੂਦੇਵ ਰਬਿੰਦਰ ਨਾਥ ਟੈਗੋਰ ਵਰਗੇ ਮਨੀਸ਼ੀਆਂ ਨੇ ਅੱਗੇ ਵਧਾਇਆ। ਅੱਜ ਤੁਹਾਨੂੰ ਜੋ ਇਹ ਸਪਤਪਰਿਣਯ ਦਾ ਗੁੱਛਾ ਦਿੱਤਾ ਗਿਆ ਹੈ, ਇਹ ਵੀ ਸਿਰਫ ਪਤੇ ਨਹੀਂ ਹਨ ਸਗੋਂ ਇੱਕ ਮਹਾਨ ਸੰਦੇਸ਼ ਹੈ, ਕੁਦਰਤ ਕਿਸ ਤਰ੍ਹਾਂ ਨਾਲ ਸਾਨੂੰ ਇੱਕ ਮਨੁੱਖ ਦੇ ਨਾਤੇ, ਇੱਕ ਰਾਸ਼ਟਰ ਦੇ ਨਾਤੇ ਉੱਤਮ ਸਿੱਖਿਆ ਦੇ ਸਕਦੀ ਹੈ। ਇਹ ਉਸੇ ਦਾ ਇੱਕ ਸਬੂਤ , ਉਸੇ ਦੀ ਇੱਕ ਮਿਸਾਲ ਹੈ। ਇਹੋ ਤਾਂ ਇਸ ਸੁੰਦਰ ਸੰਸਥਾ ਦੇ ਪਿੱਛੇ ਦੀ ਭਾਵਨਾ, ਇਹੋ ਤਾਂ ਗੁਰੂਦੇਵ ਦੇ ਵਿਚਾਰ ਹਨ, ਜੋ ਵਿਸ਼ਵ ਭਾਰਤੀ ਦੀ ਨੀਂਹ ਦਾ ਪੱਥਰ ਬਣੀ।

ਭਰਾਵੋ ਅਤੇ ਭੈਣੋ, ਯਤਰ ਵਿਸ਼ਵਮ ਭਵੇਤੇਕ ਨਿਰਮ ਯਾਨੀ ਸਾਰਾ ਵਿਸ਼ਵ ਇੱਕ ਆਲ੍ਹਣਾ ਹੈ, ਇੱਕ ਘਰ ਹੈ। ਇਹ ਵੇਦਾਂ ਦੀ ਉਹ ਸਿੱਖਿਆ ਹੈ ਜਿਸ ਨੂੰ ਗੁਰੂਦੇਵ ਨੇ ਆਪਣੇ ਬਹੁਕੀਮਤੀ ਖਜ਼ਾਨੇ ਵਿਸ਼ਵ ਭਾਰਤੀ ਦਾ ਉਦੇਸ਼ ਬਣਾਇਆ ਹੈ। ਇਸ ਵੇਦ ਮੰਤਰ ਵਿੱਚ ਭਾਰਤ ਦੀ ਖੁਸ਼ਹਾਲ ਪਰੰਪਰਾ ਦਾ ਸਾਰ ਛੁਪਿਆ ਹੋਇਆ ਹੈ। ਗੁਰੂਦੇਵ ਚਾਹੁੰਦੇ ਸਨ ਕਿ ਇਹ ਜਗ੍ਹਾ ਉਦਘੋਸ਼ਣਾ ਬਣੇ ਜਿਸ ਨੂੰ ਪੂਰਾ ਵਿਸ਼ਵ ਆਪਣਾ ਘਰ ਬਣਾਏ। ਆਲ੍ਹਣੇ ਅਤੇ ਘਰੋਂਦਿਆਂ ਨੂੰ ਜਿਥੇ ਇੱਕ ਹੀ ਰੂਪ ਵਿੱਚ ਵੇਖਿਆ ਜਾਂਦਾ ਹੈ, ਜਿਥੇ ਸੰਪੂਰਨ ਦੁਨੀਆ ਨੂੰ ਸਮਾ ਦੇਣ ਦੀ ਭਾਵਨਾ ਹੋਵੇ, ਇਹੋ ਤਾਂ ਭਾਰਤੀਅਤਾ ਹੈ। ਇਹੋ ਵਸੁਧੈਵ ਕੁਟੁੰਬਕਮ ਦਾ ਮੰਤਰ ਹੈ ਜੋ ਹਜ਼ਾਰਾਂ ਸਾਲਾਂ ਤੋਂ ਇਸ ਭਾਰਤ ਭੂਮੀ ਤੋਂ ਗੂੰਜਦਾ ਰਿਹਾ ਹੈ ਅਤੇ ਇਸੇ ਮੰਤਰ ਲਈ ਗੁਰੂਦੇਵ ਨੇ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਹੈ।

ਸਾਥੀਓ, ਵੇਦਾਂ ਉਪਨਿਸ਼ਦਾਂ ਦੀ ਭਾਵਨਾ ਜਿੰਨੀ ਹਜ਼ਾਰਾਂ ਸਾਲ ਪਹਿਲਾਂ ਸਾਰਥਕ ਸੀ, ਓਨੀ ਹੀ 100 ਸਾਲ ਪਹਿਲਾਂ ਜਦੋਂ ਗੁਰੂਦੇਵ ਸ਼ਾਂਤੀ ਨਿਕੇਤਨ ਵਿੱਚ ਪਧਾਰੇ। ਇਹ ਅੱਜ 21ਵੀਂ ਸਦੀ ਦੀਆਂ ਚੁਣੌਤੀਆਂ ਨਾਲ ਜੂਝਦੀ ਦੁਨੀਆ ਲਈ ਵੀ ਓਨੀ ਹੀ ਸਾਰਥਕ ਹੈ। ਅੱਜ ਸਰਹੱਦਾਂ ਦੇ ਦਾਇਰੇ ਵਿੱਚ ਬੱਝੇ ਦੇਸ਼ ਇੱਕ ਸੱਚਾਈ ਹਨ, ਪਰ ਇਹ ਵੀ ਸੱਚ ਹੈ ਕਿ ਇਸ ਜ਼ਮੀਨੀ ਹਿੱਸੇ ਦੀਆਂ ਮਹਾਨ ਪਰੰਪਰਾਵਾਂ ਨੂੰ ਅੱਜ ਦੁਨੀਆ globalisation ਦੇ ਰੂਪ ਵਿੱਚ ਜੀ ਰਹੀ ਹੈ। ਅੱਜ ਇਥੇ ਸਾਡੇ ਦਰਮਿਆਨ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਵੀ ਮੌਜੂਦ ਹਨ। ਸ਼ਾਇਦ ਹੀ ਕਦੀ ਅਜਿਹਾ ਮੌਕਾ ਆਇਆ ਹੋਵੇ ਕਿ ਇੱਕ convocation ਵਿੱਚ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਮੌਜੂਦ ਹੋਣ।

ਭਾਰਤ ਅਤੇ ਬੰਗਲਾਦੇਸ਼ ਦੋ ਦੇਸ਼ ਹਨ ਪਰ ਸਾਡੇ ਹਿਤ ਇੱਕ ਦੂਜੇ ਨਾਲ ਤਾਲਮੇਲ ਅਤੇ ਸਹਿਯੋਗ ਨਾਲ ਜੁੜੇ ਹੋਏ ਹਨ। culture ਹੋਵੇ ਜਾਂ public policy ਅਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਇਸੇ ਦੀ ਇੱਕ ਉਦਾਹਰਣ ਬੰਗਲਾਦੇਸ਼ ਭਵਨ ਹੈ ਜਿਸ ਦਾ ਥੋੜੀ ਦੇਰ ਵਿੱਚ ਅਸੀਂ ਦੋਵੇਂ ਉੱਥੇ ਜਾ ਕੇ ਉਦਘਾਟਨ ਕਰਨ ਵਾਲੇ ਹਾਂ। ਇਹ ਭਵਨ ਵੀ ਗੁਰੂਦੇਵ ਦੇ vision ਦਾ ਹੀ ਪ੍ਰਤੀਬਿੰਬ ਹੈ।

ਸਾਥੀਓ, ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ ਹੈ ਜਦੋਂ ਵੇਖਦਾ ਹਾਂ ਕਿ ਗੁਰੂਦੇਵ ਦੀ ਸ਼ਖਸੀਅਤ ਦਾ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਯਾਤਰਾਵਾਂ ਦਾ ਵਿਸਤਾਰ ਵੀ ਕਿੰਨਾ ਵਿਆਪਕ ਸੀ। ਆਪਣੀਆਂ ਵਿਦੇਸ਼ੀ ਯਾਤਰਾਵਾਂ ਦੌਰਾਨ ਮੈਨੂੰ ਕਈ ਅਜਿਹੇ ਲੋਕ ਮਿਲਦੇ ਹਨ ਜੋ ਦੱਸਦੇ ਹਨ ਕਿ ਟੈਗੋਰ ਕਿੰਨੇ ਸਾਲ ਪਹਿਲਾਂ ਉਨ੍ਹਾਂ ਦੇ ਦੇਸ਼ ਵਿੱਚ ਆਏ ਸਨ। ਉਨ੍ਹਾਂ ਦੇਸ਼ਾਂ ਵਿੱਚ ਅੱਜ ਵੀ ਬਹੁਤ ਸਨਮਾਨ ਨਾਲ ਗੁਰੂਦੇਵ ਨੂੰ ਯਾਦ ਕੀਤਾ ਜਾਂਦਾ ਹੈ। ਲੋਕ ਟੈਗੋਰ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਨ।

ਜੇ ਅਸੀਂ ਅਫਗਾਨਿਸਤਾਨ ਜਾਈਏ ਤਾਂ ਕਾਬੁਲੀਵਾਲਾ ਦੀ ਕਹਾਣੀ ਦਾ ਜ਼ਿਕਰ ਹਰ ਅਫਗਾਨਿਸਤਾਨੀ ਕਰਦਾ ਹੀ ਰਹਿੰਦਾ ਹੈ, ਬੜੇ ਮਾਣ ਨਾਲ ਕਰਦਾ ਹੈ। ਤਿੰਨ ਸਾਲ ਪਹਿਲਾਂ ਜਦੋਂ ਮੈਂ ਤਜ਼ਾਕਿਸਤਾਨ ਗਿਆ ਤਾਂ ਉਥੇ ਗੁਰੂਦੇਵ ਦੀ ਇੱਕ ਮੂਰਤੀ ਤੋਂ ਪਰਦਾ ਹਟਾਉਣ ਦਾ ਮੌਕਾ ਮਿਲਿਆ ਸੀ। ਗੁਰੂਦੇਵ ਲਈ ਉੱਥੋਂ ਦੇ ਲੋਕਾਂ ਵਿੱਚ ਜੋ ਸਨਮਾਨ ਭਾਵ ਮੈਂ ਵੇਖਿਆ, ਉਹ ਮੈਂ ਕਦੇ ਵੀ ਨਹੀਂ ਭੁੱਲ ਸਕਦਾ।

ਦੁਨੀਆ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਟੈਗੋਰ ਅੱਜ ਵੀ ਅਧਿਐਨ ਦਾ ਵਿਸ਼ਾ ਹੈ। ਉਨ੍ਹਾਂ ਦੇ ਨਾਂ ਉੱਤੇ chairs ਹਨ। ਜੇ ਮੈਂ ਕਹਾਂ ਕਿ ਗੁਰੂਦੇਵ ਪਹਿਲਾਂ ਵੀ ਗਲੋਬਲ ਸਿਟੀਜ਼ਨ ਸਨ ਅਤੇ ਅੱਜ ਵੀ ਹਨ, ਤਾਂ ਗਲਤ ਨਹੀਂ ਹੋਵੇਗਾ। ਵੈਸੇ ਅੱਜ ਇਸ ਮੌਕੇ ਉੱਤੇ ਉਨ੍ਹਾਂ ਦਾ ਗੁਜਰਾਤ ਨਾਲ ਜੋ ਨਾਤਾ ਰਿਹਾ, ਉਸ ਦਾ ਵਰਣਨ ਕਰਨ ਦੇ ਮੋਹ ਤੋਂ ਮੈਂ ਆਪਣੇ ਆਪ ਨੂੰ ਨਹੀਂ ਰੋਕ ਪਾ ਰਿਹਾ। ਗੁਰੂਦੇਵ ਦਾ ਗੁਜਰਾਤ ਨਾਲ ਵੀ ਇੱਕ ਵਿਸ਼ੇਸ਼ ਨਾਤਾ ਰਿਹਾ ਹੈ। ਉਨ੍ਹਾਂ ਦੇ ਵੱਡੇ ਭਰਾ ਸਤੇਂਦਰਨਾਥ ਟੈਗੋਰ ਜੋ ਸਿਵਲ ਸੇਵਾ join ਕਰਨ ਵਾਲੇ ਪਹਿਲੇ ਭਾਰਤੀ ਸਨ, ਕਾਫੀ ਸਮਾਂ ਉਹ ਅਹਿਮਦਾਬਾਦ ਵਿੱਚ ਵੀ ਰਹੇ। ਸ਼ਾਇਦ ਉਹ ਉਸ ਵੇਲੇ ਅਹਿਮਦਾਬਾਦ ਦੇ ਕਮਿਸ਼ਨਰ ਹੁੰਦੇ ਸਨ ਅਤੇ ਮੈਂ ਕਿਤੇ ਪੜ੍ਹਿਆ ਸੀ ਕਿ ਪੜ੍ਹਾਈ ਲਈ ਇੰਗਲੈਂਡ ਜਾਣ ਤੋਂ ਪਹਿਲਾਂ ਸਤੇਂਦਰਨਾਥ ਜੀ ਨੇ ਆਪਣੇ ਛੋਟੇ ਭਰਾ ਨੂੰ ਛੇ ਮਹੀਨੇ ਤੱਕ ਅੰਗਰੇਜ਼ੀ ਸਾਹਿਤ ਦਾ ਅਧਿਅਨ ਅਹਿਮਦਾਬਾਦ ਵਿੱਚ ਕਰਵਾਇਆ ਸੀ। ਗੁਰੂਦੇਵ ਦੀ ਉਮਰ ਉਸ ਵੇਲੇ ਸਿਰਫ 17 ਸਾਲ ਦੀ ਸੀ। ਇਸੇ ਦੌਰਾਨ ਗੁਰੂਦੇਵ ਨੇ ਆਪਣੇ ਹਰਮਨਪਿਆਰੇ ਨਾਵਲ ਖੁਦਿਤੋਪਾਸ਼ਾਨ ਦੇ ਅਹਿਮ ਹਿੱਸੇ ਅਤੇ ਕੁਝ ਕਵਿਤਾਵਾਂ ਵੀ ਅਹਿਮਦਾਬਾਦ ਵਿੱਚ ਰਹਿੰਦੇ ਹੋਏ ਲਿਖੀਆਂ ਸਨ। ਯਾਨੀ ਇੱਕ ਤਰ੍ਹਾਂ ਨਾਲ ਵੇਖੀਏ ਤਾਂ ਗੁਰੂਦੇਵ ਨੂੰ ਵਿਸ਼ਵ ਪਰਦੇ ਉੱਤੇ ਜਿੱਤ ਪ੍ਰਾਪਤ ਹੋਣ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਹਿੰਦੁਸਤਾਨ ਦੇ ਹਰ ਕੋਨੇ ਦੀ ਰਹੀ, ਉਸ ਵਿੱਚੋਂ ਗੁਜਰਾਤ ਵੀ ਇੱਕ ਹੈ।

ਸਾਥੀਓ, ਗੁਰੂਦੇਵ ਮੰਨਦੇ ਸਨ ਕਿ ਹਰ ਵਿਅਕਤੀ ਦਾ ਜਨਮ ਕਿਸੇ ਨਾ ਕਿਸੇ ਟੀਚੇ ਦੀ ਪ੍ਰਾਪਤੀ ਲਈ ਹੁੰਦਾ ਹੈ। ਹਰੇਕ ਬੱਚਾ ਆਪਣੇ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਵਧ ਸਕੇ, ਇਸ ਦੇ ਯੋਗ ਉਸਨੂੰ ਬਣਾਉਣ ਵਿੱਚ ਸਿੱਖਿਆ ਦਾ ਅਹਿਮ ਯੋਗਦਾਨ ਹੈ। ਉਹ ਬੱਚਿਆਂ ਲਈ ਕਿਸ ਤਰ੍ਹਾਂ ਦੀ ਸਿੱਖਿਆ ਚਾਹੁੰਦੇ ਸਨ, ਉਸ ਦੀ ਝਲਕ ਉਨ੍ਹਾਂ ਦੀ ਕਵਿਤਾ power of affection ਵਿੱਚ ਅਸੀਂ ਮਹਿਸੂਸ ਕਰ ਸਕਦੇ ਹਾਂ। ਉਹ ਕਹਿੰਦੇ ਸਨ ਕਿ ਸਿੱਖਿਆ ਸਿਰਫ ਉਹ ਹੀ ਨਹੀਂ ਜੋ ਸਾਨੂੰ ਸਕੂਲਾਂ ਵਿੱਚ ਦਿੱਤੀ ਜਾਂਦੀ ਹੈ, ਸਿੱਖਿਆ ਤਾਂ ਵਿਅਕਤੀ ਦੇ ਹਰ ਪੱਖ ਦਾ ਸੰਤੁਲਿਤ ਵਿਕਾਸ ਹੈ ਜਿਸ ਨੂੰ ਸਮੇਂ ਅਤੇ ਸਥਾਨ ਦੇ ਬੰਧਨ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ ਅਤੇ ਇਸੇ ਲਈ ਗੁਰੂਦੇਵ ਹਮੇਸ਼ਾ ਚਾਹੁੰਦੇ ਸਨ ਕਿ ਭਾਰਤੀ ਵਿਦਿਆਰਥੀ ਬਾਹਰਲੀ ਦੁਨੀਆ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਭਲੀਭਾਂਤ ਵਾਕਿਫ ਰਹਿਣ। ਦੂਜੇ ਦੇਸ਼ਾਂ ਦੇ ਲੋਕ ਕਿਵੇਂ ਰਹਿੰਦੇ ਹਨ, ਉਨ੍ਹਾਂ ਦੀਆਂ ਸਮਾਜਿਕ ਕਦਰਾਂ ਕੀਮਤਾਂ ਕੀ ਹਨ, ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਕੀ ਹੈ, ਇਸ ਬਾਰੇ ਜਾਣਨ ਉੱਤੇ ਉਹ ਹਮੇਸ਼ਾ ਜ਼ੋਰ ਦਿੰਦੇ ਸਨ। ਪਰ ਇਸ ਦੇ ਨਾਲ ਉਹ ਇਹ ਵੀ ਕਹਿੰਦੇ ਸਨ ਕਿ ਭਾਰਤੀਅਤਾ ਨਹੀਂ ਭੁੱਲਣੀ ਚਾਹੀਦੀ।

ਮੈਨੂੰ ਦੱਸਿਆ ਗਿਆ ਹੈ ਕਿ ਇੱਕ ਵਾਰੀ ਅਮਰੀਕਾ ਵਿੱਚ agriculture ਪੜ੍ਹਣ ਗਏ ਆਪਣੇ ਜਵਾਈ ਨੂੰ ਚਿੱਠੀ ਲਿਖ ਕੇ ਵੀ ਉਨ੍ਹਾਂ ਨੇ ਇਹ ਗੱਲ ਵਿਸਥਾਰ ਨਾਲ ਸਮਝਾਈ ਸੀ ਅਤੇ ਗੁਰੂਦੇਵ ਨੇ ਆਪਣੇ ਜਵਾਈ ਨੂੰ ਲਿਖਿਆ ਸੀ ਕਿ ਉੱਥੇ ਸਿਰਫ ਖੇਤੀ ਦੀ ਪੜ੍ਹਾਈ ਹੀ ਕਾਫੀ ਨਹੀਂ ਹੈ, ਸਗੋਂ ਸਥਾਨਕ ਲੋਕਾਂ ਨਾਲ ਮਿਲਣਾ ਜੁਲਣਾ, ਇਹ ਵੀ ਤੁਹਾਡੀ ਸਿੱਖਿਆ ਦਾ ਹਿੱਸਾ ਹੈ। ਅਤੇ ਅੱਗੇ ਲਿਖਿਆ ਕਿ ਉਥੋਂ ਦੇ ਲੋਕਾਂ ਨੂੰ ਜਾਣਨ ਦੇ ਫੇਰ ਵਿੱਚ ਜੇ ਤੁਸੀਂ ਆਪਣੇ ਭਾਰਤੀ ਹੋਣ ਦੀ ਪਛਾਣ ਗਵਾਉਣ ਲੱਗੋ ਤਾਂ ਬਿਹਤਰ ਹੈ ਕਿ ਕਮਰੇ ਵਿੱਚ ਤਾਲਾ ਬੰਦ ਕਰਕੇ ਉਸ ਦੇ ਅੰਦਰ ਹੀ ਰਹਿਣਾ।

ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਟੈਗੋਰ ਜੀ ਦਾ ਇਹੋ ਵਿੱਦਿਅਕ ਅਤੇ ਭਾਰਤੀਅਤਾ ਵਿੱਚ ਓਤਪ੍ਰੋਤ ਦਰਸ਼ਨ ਇੱਕ ਦੂਰੀ ਬਣ ਗਿਆ ਸੀ। ਉਨ੍ਹਾਂ ਦਾ ਜੀਵਨ ਰਾਸ਼ਟਰੀ ਅਤੇ ਵਿਸ਼ਵ ਵਿਚਾਰਾਂ ਦਾ ਸੁਮੇਲ ਸੀ ਜੋ ਸਾਡੀਆਂ ਪੁਰਾਤਨ ਰਵਾਇਤਾਂ ਦਾ ਹਿੱਸਾ ਰਿਹਾ ਹੈ। ਇਹ ਵੀ ਇੱਕ ਕਾਰਣ ਰਿਹਾ ਕਿ ਉਨ੍ਹਾਂ ਨੇ ਇਥੇ ਵਿਸ਼ਵ ਭਾਰਤੀ ਵਿੱਚ ਸਿੱਖਿਆ ਦੀ ਵੱਖਰੀ ਹੀ ਦੁਨੀਆ ਦੀ ਸਿਰਜਣਾ ਕੀਤੀ। ਸਾਦਗੀ ਇਥੋਂ ਦੀ ਸਿੱਖਿਆ ਦਾ ਮੂਲ ਸਿਧਾਂਤ ਹੈ। ਕਲਾਸਾਂ ਅੱਜ ਵੀ ਖੁਲ੍ਹੀ ਹਵਾ ਵਿੱਚ ਦਰਖਤਾਂ ਹੇਠ ਲਗਾਈਆਂ ਜਾਂਦੀਆਂ ਹਨ, ਜਿੱਥੇ ਮਨੁੱਖ ਅਤੇ ਕੁਦਰਤ ਦਰਮਿਆਨ ਸਿੱਧਾ ਸੰਵਾਦ ਹੁੰਦਾ ਹੈ। ਸੰਗੀਤ, ਚਿੱਤਰਕਲਾ, ਨਾਟ ਅਭਿਨਯ ਸਮੇਤ ਮਨੁੱਖੀ ਜੀਵਨ ਦੇ ਜਿੰਨੇ ਵੀ ਆਯਾਮ ਹੁੰਦੇ ਹਨ, ਉਨ੍ਹਾਂ ਨੂੰ ਕੁਦਰਤ ਦੀ ਗੋਦ ਵਿੱਚ ਬੈਠ ਕੇ ਨਿਖਾਰਿਆ ਜਾ ਰਿਹਾ ਹੈ।

ਮੈਨੂੰ ਖੁਸ਼ੀ ਹੈ ਕਿ ਜਿਨ੍ਹਾ ਸੁਪਨਿਆਂ ਨਾਲ ਗੁਰੂਦੇਵ ਨੇ ਇਸ ਮਹਾਨ ਸੰਸਥਾਨ ਦੀ ਨੀਂਹ ਰੱਖੀ ਸੀ, ਉਨ੍ਹਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇਹ ਨਿਰੰਤਰ ਅੱਗੇ ਵਧ ਰਿਹਾ ਹੈ। ਸਿੱਖਿਆ ਨੂੰ skill development ਨਾਲ ਜੋੜ ਕੇ ਅਤੇ ਉਸ ਦੇ ਜ਼ਰੀਏ ਆਮ ਮਨੁੱਖਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦਾ ਉਨ੍ਹਾਂ ਦਾ ਯਤਨ ਸ਼ਲਾਘਾਯੋਗ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਇਥੋਂ ਦੇ ਤਕਰੀਬਨ 50 ਪਿੰਡਾਂ ਵਿੱਚ ਤੁਸੀਂ ਲੋਕਾਂ ਨੇ ਮਿਲ ਕੇ, ਤੁਸੀਂ ਉਨ੍ਹਾਂ ਨਾਲ ਜੁੜਕੇ ਵਿਕਾਸ ਦੇ, ਸੇਵਾ ਦੇ ਕੰਮ ਕਰ ਰਹੇ ਹੋ। ਜਦੋਂ ਤੁਹਾਡੇ ਇਸ ਯਤਨ ਬਾਰੇ ਮੈਨੂੰ ਦੱਸਿਆ ਗਿਆ ਤਾਂ ਮੇਰੀਆਂ ਉਮੀਦਾਂ ਅਤੇ ਖਾਹਿਸ਼ਾਂ ਤੁਹਾਡੇ ਤੋਂ ਜ਼ਰਾ ਵਧ ਗਈਆਂ ਹਨ ਅਤੇ ਉਮੀਦ ਉਸੇ ਤੋਂ ਵਧਦੀ ਹੈ ਜੋ ਕੁਝ ਕਰਦਾ ਹੈ। ਤੁਸੀਂ ਕੀਤਾ ਹੈ, ਇਸੇ ਲਈ ਮੇਰੀ ਤੁਹਾਡੇ ਤੋਂ ਉਮੀਦ ਵੀ ਜ਼ਰਾ ਵੱਧ ਗਈ ਹੈ।

Friends 2021 ਵਿੱਚ ਇਸ ਮਹਾਨ ਸੰਸਥਾਨ ਦੇ 100 ਸਾਲ ਪੂਰੇ ਹੋਣ ਵਾਲੇ ਹਨ, ਅੱਜ ਜੋ ਯਤਨ ਤੁਸੀਂ 50 ਪਿੰਡਾਂ ਵਿੱਚ ਕਰ ਰਹੇ ਹੋ, ਕੀ ਅਗਲੇ ਦੋ ਤਿੰਨ ਸਾਲਾਂ ਵਿੱਚ ਇਸ ਨੂੰ ਤੁਸੀਂ 100 ਜਾਂ 200 ਪਿੰਡਾਂ ਤੱਕ ਲਿਜਾ ਸਕਦੇ ਹੋ? ਮੇਰੀ ਇੱਕ ਬੇਨਤੀ ਹੋਵੇਗੀ ਕਿ ਤੁਹਾਡੇ ਯਤਨਾਂ ਨੂੰ ਦੇਸ਼ ਦੀਆਂ ਲੋੜਾਂ ਨਾਲ ਹੋਰ ਜੋੜਿਆ ਜਾਵੇ। ਜਿਵੇਂ ਤੁਸੀਂ ਇਹ ਸੰਕਲਪ ਲੈ ਸਕਦੇ ਹੋ ਕਿ 2021 ਤੱਕ ਜਦੋਂ ਇਸ ਸੰਸਥਾਨ ਦੀ ਸ਼ਤਾਬਦੀ ਅਸੀਂ ਮਨਾਵਾਂਗੇ, 2021 ਤੱਕ ਅਜਿਹੇ 100 ਪਿੰਡ ਵਿਕਸਿਤ ਕਰਾਂਗੇ ਜਿਥੋਂ ਦੇ ਹਰ ਘਰ ਵਿੱਚ ਬਿਜਲੀ ਕੁਨੈਕਸ਼ਨ ਹੋਵੇਗਾ, ਗੈਸ ਕੁਨੈਕਸ਼ਨ ਹੋਵੇਗਾ, ਪਖਾਨਾ ਹੋਵੇਗਾ, ਮਾਤਾ ਅਤੇ ਬੱਚਿਆਂ ਦਾ ਟੀਕਾਕਰਨ ਹੋਇਆ ਹੋਵੇਗਾ, ਘਰ ਦੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਆਉਂਦਾ ਹੋਵੇਗਾ, ਉਨ੍ਹਾਂ ਨੂੰ ਕਾਮਨ

ਸਰਵਿਸ ਸੈਂਟਰ ਵਿਖੇ ਜਾ ਕੇ ਅਹਿਮ ਫਾਰਮ ਆਨਲਾਈਨ ਭਰਨਾ ਆਉਂਦਾ ਹੋਵੇਗਾ।

ਤੁਹਾਨੂੰ ਇਹ ਭਲੀ-ਭਾਂਤੀ ਪਤਾ ਹੈ ਕਿ ਉੱਜਵਲਾ ਯੋਜਨਾ ਤਹਿਤ ਦਿੱਤੇ ਜਾ ਰਹੇ ਗੈਸ ਕਨੈਕਸ਼ਨਾਂ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਬਣਾਏ ਜਾ ਰਹੇ ਪਖਾਨਿਆਂ ਨੇ ਔਰਤਾਂ ਦੀ ਜ਼ਿੰਦਗੀ ਅਸਾਨ ਕਰਨ ਦਾ ਕੰਮ ਕੀਤਾ ਹੈ। ਪਿੰਡਾਂ ਵਿੱਚ ਤੁਹਾਡਾ ਯਤਨ, ਸ਼ਕਤੀ ਦੀ ਉਪਾਸਕ, ਇਸ ਭੂਮੀ ਵਿੱਚ ਨਾਰੀ ਸ਼ਕਤੀ ਨੂੰ ਸਸ਼ਕਤ ਕਰਨ ਦਾ ਕੰਮ ਕਰੇਗਾ ਅਤੇ ਇਸਤੋਂ ਇਲਾਵਾ ਇਹ ਵੀ ਯਤਨ ਕੀਤਾ ਜਾ ਸਕਦਾ ਹੈ ਕਿ ਇਨ੍ਹਾਂ ਸੌ ਪਿੰਡਾਂ ਨੂੰ ਪ੍ਰਕਿਰਤੀ ਪ੍ਰੇਮੀ, ਪ੍ਰਕਿਰਤੀ ਪੂਜਣ ਵਾਲਾ ਪਿੰਡ ਕਿਵੇਂ ਬਣਾਇਆ ਜਾਏ। ਜਿਵੇਂ ਤੁਸੀਂ ਕੁਦਰਤ ਦੀ ਸੰਭਾਲ ਲਈ ਕੰਮ ਕਰਦੇ ਹੋ। ਉਸ ਪ੍ਰਕਾਰ ਹੀ ਇਹ ਪਿੰਡ ਵੀ ਤੁਹਾਡੇ ਮਿਸ਼ਨ ਦਾ ਹਿੱਸਾ ਬਣੇਗਾ। ਯਾਨੀ ਇਹ ਸੌ ਪਿੰਡ ਉਸ ਵਿਜ਼ਨ ਨੂੰ ਅੱਗੇ ਵਧਾਉਣ ਜਿੱਥੇ ਜਲ ਭੰਡਾਰਣ ਦੀਆਂ ਢੁੱਕਵੀਆਂ ਵਿਵਸਥਾਵਾਂ ਵਿਕਸਤ ਕਰਕੇ ਜਲ ਸੰਭਾਲਿਆ ਜਾਂਦਾ ਹੋਵੇ। ਲੱਕੜ ਨਾ ਜਲਾ ਕੇ ਹਵਾ ਦੀ ਸੰਭਾਲ ਕੀਤੀ ਜਾਂਦੀ ਹੋਵੇ। ਸਵੱਛਤਾ ਦਾ ਧਿਆਨ ਰੱਖਦੇ ਹੋਏ ਕੁਦਰਤੀ ਖਾਦ ਦੀ ਵਰਤੋਂ ਕਰਦੇ ਹੋਏ ਭੂਮੀ ਸੰਭਾਲ ਕੀਤੀ ਜਾ ਸਕਦੀ ਹੈ।

ਭਾਰਤ ਸਰਕਾਰ ਦੀ ਗੋਬਰ ਧਨ ਯੋਜਨਾ ਦਾ ਭਰਪੂਰ ਫਾਇਦਾ ਉਠਾਇਆ ਸਕਦਾ ਹੈ। ਅਜਿਹੇ ਸਾਰੇ ਕਾਰਜ ਜਿਨ੍ਹਾਂ ਦੀ ਚੈੱਕ ਲਿਸਟ ਬਣਾ ਕੇ ਤੁਸੀਂ ਉਨ੍ਹਾਂ ਨੂੰ ਪੂਰਾ ਕਰ ਸਕਦੇ ਹੋ।

ਸਾਥੀਓ, ਅੱਜ ਅਸੀਂ ਇੱਕ ਅਲੱਗ ਹੀ ਵਿਸ਼ੇ ਵਿੱਚ ਅਲੱਗ ਹੀ ਚੁਣੌਤੀਆਂ ਦਰਮਿਆਨ ਜੀਅ ਰਹੇ ਹਾਂ। ਸਵਾ ਸੌ ਕਰੋੜ ਦੇਸ਼ਵਾਸੀਆਂ ਨੇ 2022 ਤੱਕ ਜਦੋਂ ਕਿ ਅਜ਼ਾਦੀ ਦੇ 75 ਸਾਲ ਹੋਣਗੇ। ਨਿਊ ਇੰਡੀਆ ਬਣਾਉਣ ਦਾ ਸੰਕਲਪ ਲਿਆ ਹੈ। ਇਸ ਸੰਕਲਪ ਦੀ ਸਿੱਧੀ ਵਿੱਚ ਸਿੱਖਿਆ ਅਤੇ ਸਿੱਖਿਆ ਨਾਲ ਜੁੜੇ ਤੁਹਾਡੇ ਵਰਗੇ ਮਹਾਨ ਸੰਸਥਾਨਾਂ ਦੀ ਅਹਿਮ ਭੂਮਿਕਾ ਹੈ। ਅਜਿਹੇ ਸੰਸਥਾਨਾਂ ਤੋਂ ਨਿਕਲੇ ਨੌਜਵਾਨ ਦੇਸ਼ ਨੂੰ ਨਵੀਂ ਊਰਜਾ ਦਿੰਦੇ ਹਨ। ਇੱਕ ਨਵੀਂ ਦਿਸ਼ਾ ਦਿੰਦੇ ਹਨ। ਸਾਡੀਆਂ ਯੂਨੀਵਰਸਿਟੀਆਂ ਸਿਰਫ਼ ਸਿੱਖਿਆ ਦੇ ਸੰਸਥਾਨ ਨਾ ਬਣਨ, ਪਰ ਸਮਾਜਿਕ ਜੀਵਨ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਹੋਵੇ, ਇਸ ਦੇ ਲਈ ਯਤਨ ਨਿਰੰਤਰ ਜਾਰੀ ਹਨ।
ਸਰਕਾਰ ਵੱਲੋਂ ਉੱਨਤ ਭਾਰਤ ਅਭਿਆਨ ਤਹਿਤ ਯੂਨੀਵਰਸਿਟੀਆਂ ਨੂੰ ਪਿੰਡ ਦੇ ਵਿਕਾਸ ਨਾਲ ਜੋੜਿਆ ਜਾ ਰਿਹਾ ਹੈ। ਗੁਰੂਦੇਵ ਦੇ ਵਿਜ਼ਨ ਦੇ ਨਾਲ ਨਾਲ ਨਿਊ ਇੰਡੀਆ ਦੀਆਂ ਲੋੜਾਂ ਅਨੁਸਾਰ ਸਾਡੀ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਲਗਾਤਾਰ ਯਤਨਸ਼ੀਲ ਹੈ।

ਇਸ ਬੱਜਟ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਪ੍ਰਣਾਲੀ ਨੂੰ ਪੁਨਰਜੀਵਤ ਕਰਨ (revitalizing infrastructure & system in education) ਯਾਨੀ ਰਾਈਜ਼ (RISE) ਨਾਂ ਨਾਲ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਅਗਲੇ ਚਾਰ ਸਾਲਾਂ ਵਿੱਚ ਦੇਸ਼ ਦੀ ਸਿੱਖਿਆ ਪ੍ਰਣਾਲੀ (education system) ਨੂੰ ਸੁਧਾਰਨ ਲਈ ਇੱਕ ਲੱਖ ਕਰੋੜ ਰੁਪਏ ਖਰਚੇ ਜਾਣਗੇ। ਅਕੈਡਮਿਕ ਨੈੱਟਵਰਕ ਦੀ ਆਲਮੀ ਪਹਿਲ (Global Initiative of Academic Network) ਯਾਨੀ ਗਿਆਨ ਵੀ ਸ਼ੁਰੂ ਕੀਤੀ ਗਈ ਹੈ। ਇਸ ਮਾਧਿਅਮ ਨਾਲ ਭਾਰਤੀ ਸੰਸਥਾਵਾਂ ਵੱਲੋਂ ਪੜ੍ਹਾਉਣ ਲਈ ਦੁਨੀਆ ਦੇ ਸਰਵਸ਼੍ਰੇਸ਼ਠ ਅਧਿਆਪਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

ਸਿੱਖਿਆ ਸੰਸਥਾਵਾਂ ਨੂੰ ਉਚਿਤ ਸੁਵਿਧਾਵਾਂ ਮਿਲਣ, ਇਸ ਲਈ ਇੱਕ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਉੱਚ ਸਿੱਖਿਆ ਵਿੱਤ ਪੋਸ਼ਣ ਏਜੰਸੀ (Higher Education Financing Agency) ਸ਼ੁਰੂ ਕੀਤੀ ਗਈ ਹੇ। ਇਸ ਨਾਲ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਉੱਚ ਗੁਣਵੱਤਾ ਵਾਲੇਬੁਨਿਆਦੀ ਢਾਂਚੇ (High Quality Infrastructure) ਲਈ ਨਿਵੇਸ਼ ਵਿੱਚ ਮਦਦ ਮਿਲੇਗੀ। ਘੱਟ ਉਮਰ ਵਿੱਚ ਹੀ ਇਨੋਵੇਸ਼ਨ (Innovation) ਦਾ ਮਨ ਬਣਾਉਣ (mindset) ਲਈ ਹੁਣ ਉਸ ਦਿਸ਼ਾ ਵਿੱਚ ਅਸੀਂ ਦੇਸ਼ ਭਰ ਵਿੱਚ 2400 ਸਕੂਲਾਂ ਨੂੰ ਚੁਣਿਆ ਹੈ। ਇਨ੍ਹਾਂ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਜ਼ (Atal Tinkering Labs) ਰਾਹੀਂ ਅਸੀਂ ਛੇਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ‘ਤੇ ਫੋਕਸ ਕਰ ਰਹੇ ਹਾਂ। ਇਨ੍ਹਾਂ ਲੈਬਜ਼ (Labs) ਵਿੱਚ ਬੱਚਿਆਂ ਨੂੰ ਆਧੁਨਿਕ ਤਕਨੀਕ ਤੋਂ ਜਾਣੂ ਕਰਾਇਆ ਜਾ ਰਿਹਾ ਹੈ।

ਸਾਥੀਓ ਤੁਹਾਡਾ ਇਹ ਸੰਸਥਾਨ ਸਿੱਖਿਆ (education) ਵਿੱਚ ਇਨੋਵੇਸ਼ਨ ਦਾ ਜੀਵਤ ਪ੍ਰਮਾਣ ਹੈ। ਮੈਂ ਚਾਹਾਂਗਾ ਕਿ ਵਿਸ਼ਵ ਭਾਰਤੀ ਦੇ 11000 ਤੋਂ ਜ਼ਿਆਦਾ ਵਿਦਿਆਰਥੀ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ। ਤੁਸੀਂ ਸਾਰੇ ਇੱਥੋਂ ਪੜ੍ਹਕੇ ਜਾ ਰਹੇ ਹੋ। ਗੁਰੂਦੇਵ ਦੇ ਆਸ਼ੀਰਵਾਦ ਨਾਲ ਤੁਹਾਨੂੰ ਇਹ ਵਿਜ਼ਨ ਮਿਲਿਆ ਹੈ। ਤੁਸੀਂ ਆਪਣੇ ਨਾਲ ਵਿਸ਼ਵ ਭਾਰਤੀ ਦੀ ਪਛਾਣ ਲੈ ਕੇ ਜਾ ਰਹੇ ਹੋ। ਮੇਰੀ ਤੁਹਾਨੂੰ ਬੇਨਤੀ ਹੋਏਗੀ ਕਿ ਇਸ ਮਾਣ ਨੂੰ ਹੋਰ ਉੱਚਾ ਕਰਨ ਲਈ ਤੁਸੀਂ ਨਿਰੰਤਰ ਯਤਨ ਕਰਦੇ ਰਹੋ। ਜਦੋਂ ਅਖ਼ਬਾਰਾਂ ਵਿੱਚ ਆਉਂਦਾ ਹੈ ਕਿ ਸੰਸਥਾਨ ਦੇ ਵਿਦਿਆਰਥੀ ਨੇ ਆਪਣੀ ਇਨੋਵੇਸ਼ਨ ਰਾਹੀਂ, ਆਪਣੇ ਕਾਰਜਾਂ ਨਾਲ 500 ਜਾਂ ਹਜ਼ਾਰ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਤਾਂ ਲੋਕ ਉਸ ਸੰਸਥਾਨ ਨੂੰ ਵੀ ਨਮਨ ਕਰਦੇ ਹਨ।

ਤੁਸੀਂ ਯਾਦ ਰੱਖਿਓ, ਜੋ ਗੁਰੂਦੇਵ ਨੇ ਕਿਹਾ ਸੀ ”ਜੋਦਿ ਤੋਰ ਦਕ ਸ਼ੁਨੇ ਕੇਊ ਨਾ ਐਸ਼ੇ ਤਬੇ ਏਕਲਾ ਚਲੋ ਰੇ” (“(“जोदि तोर दक शुने केऊ ना ऐशे तबे एकला चलो रे””) ਜੇਕਰ ਤੁਹਾਡੇ ਨਾਲ ਚਲਣ ਲਈ ਕੋਈ ਤਿਆਰ ਨਹੀਂ ਹੈ ਤਾਂ ਵੀ ਆਪਣੇ ਟੀਚੇ ਦੀ ਤਰਫ਼ ਇਕੱਲੇ ਹੀ ਚਲਦੇ ਰਹੋ, ਪਰ ਅੱਜ ਮੈਂ ਇੱਥੇ ਤੁਹਾਨੂੰ ਇਹ ਕਹਿਣ ਆਇਆ ਹਾਂ ਕਿ ਜੇਕਰ ਤੁਸੀਂ ਇੱਕ ਕਦਮ ਚਲੋਗੇ ਤਾਂ ਸਰਕਾਰ ਚਾਰ ਕਦਮ ਚਲਣ ਲਈ ਤਿਆਰ ਹੈ।

ਜਨ ਭਾਗੀਦਾਰੀ ਨਾਲ ਵਧਦੇ ਹੋਏ ਕਦਮ ਹੀ ਸਾਡੇ ਦੇਸ਼ ਨੂੰ 21ਵੀਂ ਸਦੀ ਵਿੱਚ ਉਸ ਮੁਕਾਮ ਤੱਕ ਲੈ ਜਾਣਗੇ ਜਿਸਦਾ ਉਹ ਅਧਿਕਾਰੀ ਹੈ। ਜਿਸਦਾ ਸੁਪਨਾ ਗੁਰੂਦੇਵ ਨੇ ਵੀ ਦੇਖਿਆ ਸੀ।

ਸਾਥੀਓ, ਗੁਰੂਦੇਵ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਗਾਂਧੀ ਜੀ ਨੂੰ ਕਿਹਾ ਸੀ ਕਿ ਵਿਸ਼ਵ ਭਾਰਤੀ ਉਹ ਜਹਾਜ਼ ਹੈ ਜਿਸ ਵਿੱਚ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਬਹੁਮੁੱਲਾ ਖ਼ਜ਼ਾਨਾ ਰੱਖਿਆ ਹੋਇਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਸੀ ਕਿ ਭਾਰਤ ਦੇ ਲੋਕ ਅਸੀਂ ਸਾਰੇ ਇਸ ਬਹੁਮੁੱਲੇ ਖ਼ਜ਼ਾਨੇ ਨੂੰ ਸੰਜੋ ਕੇ ਰੱਖੀਏ। ਤਾਂ ਇਸ ਖ਼ਜ਼ਾਨੇ ਨੂੰ ਨਾ ਸਿਰਫ਼ ਸੰਜੋਣ ਬਲਕਿ ਇਸ ਨੂੰ ਹੋਰ ਸਮਰਿੱਧ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਸਾਰਿਆਂ ‘ਤੇ ਹੈ। ਵਿਸ਼ਵ ਭਾਰਤੀ ਵਿਸ਼ਵਵਿਦਿਆਲਿਆ ਨਿਊ ਇੰਡੀਆ ਦੇ ਨਾਲ ਨਾਲ ਵਿਸ਼ਵ ਨੂੰ ਨਵੇਂ ਰਸਤੇ ਦਿਖਾਉਂਦਾ ਰਹੇ। ਇਸੇ ਕਾਮਨਾ ਨਾਲ ਮੈਂ ਆਪਣੀ ਗੱਲ ਖ਼ਤਮ ਕਰਦਾ ਹਾਂ।

ਤੁਸੀਂ ਆਪਣੇ, ਆਪਣੇ ਮਾਤਾ-ਪਿਤਾ, ਇਸ ਸੰਸਥਾਨ ਅਤੇ ਇਸ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰੋ, ਇਸ ਲਈ ਤੁਹਾਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ।

******

ਅਤੁਲ ਕੁਮਾਰ ਤਿਵਾਰੀ/ਸ਼ਹਿਬਾਜ਼ ਹਸੀਬੀ /ਵਾਲਮੀਕਿ ਮਹਤੋ/ਮਮਤਾ