Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੰਡਿਤ ਦੀਨ ਦਿਆਲ ਉਪਾਧਿਆਏ ਮੈਮੋਰੀਅਲ ਸੈਂਟਰ, ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਹਰ-ਹਰ ਮਹਾਦੇਵ!!!

ਮਹਾਸ਼ਿਵਰਾਤ੍ਰੀ, ਰੰਗਭਰੀ ਏਕਾਦਸ਼ੀ ਅਤੇ ਹੋਲੀ ਦੀ ਤੁਹਾਨੂੰ ਸਭ ਨੂੰ ਬਹੁਤ ਵਧਾਈ ਹੋਵੇ।

ਇੱਥੇ ਭਾਰੀ ਸੰਖਿਆ ਵਿੱਚ ਆਏ ਮੇਰੇ ਭਾਈਓ ਅਤੇ ਭੈਣੋਂ!!

ਮਾਂ ਗੰਗਾ ਦੇ ਤਟ ‘ਤੇ ਅੱਜ ਇੱਕ ਅਦਭੁੱਤ ਸੰਯੋਗ ਬਣ ਰਿਹਾ ਹੈ। ਅਵਧੂਤ ਬਾਬਾ, ਭਗਵਾਨ ਰਾਮ ਦੀ ਤਪੋ ਸਥਲੀ ਇਸ ਪਾਰ ਹੈ ਅਤੇ ਹੁਣ ਦੀਨਦਿਆਲ ਉਪਾਧਿਆਏ ਜੀ ਦਾ ਯਾਦਗਾਰੀ ਸਥਾਨ ਵੀ ਗੰਗਾਪਾਰ ਖੇਤਰ ਵਿੱਚ ਵਿਕਸਿਤ ਕੀਤਾ ਗਿਆ ਹੈ।

ਸਾਥੀਓ, ਮਾਂ ਗੰਗਾ ਜਦੋਂ ਕਾਸ਼ੀ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਉਹ ਉਨਮੁਕਤ (ਖੁੱਲ੍ਹ) ਹੋ ਕੇ ਆਪਣੀਆਂ ਦੋਵੇਂ ਭੁਜਾਵਾਂ ਫੈਲਾ ਦਿੰਦੀ ਹੈ।

ਇੱਕ ਭੁਜਾ ‘ਤੇ ਧਰਮ, ਦਰਸ਼ਨ ਅਤੇ ਅਧਿਆਤਮ ਦਾ ਵਿਰਾਟ ਸੱਭਿਆਚਾਰ ਵਿਕਸਿਤ ਹੋਇਆ ਅਤੇ ਦੂਜੀ ਬੁਜਾ ਅਰਥਾਤ ਇਸ ਪਾਰ, ਸੇਵਾ, ਤਿਆਗ, ਸਮਰਪਣ ਅਤੇ ਤਪੱਸਿਆ ਮੂਰਤੀਮਾਨ ਹੋਈ ਹੈ।

ਇਸ ਤਟ ‘ਤੇ ਸਿੱਧਯੋਗੀ ਅਵਧੂਤ ਬਾਬਾ ਭਗਵਾਨ ਰਾਮ ਨੇ ਤਪ ਅਤੇ ਸਾਧਨਾ ਦਾ ਪਰੰਪਰਾਗਤ ਰੂਪ ਬਦਲ ਕੇ ਸੇਵਾ ਕੀਤੀ, ਇੱਕ ਨਵੀਨ ਤਪੋ ਸਥਲੀ ਦਾ ਨਿਰਮਾਣ ਕੀਤਾ।

ਅੱਜ ਇਸ ਖੇਤਰ ਨਾਲ ਦੀਨਦਿਆਲ ਜੀ ਦੀ ਯਾਦਗਾਰੀ ਸਥਲੀ ਦਾ ਜੁੜਨਾ, ਆਪਣੇ ਨਾਮ ‘ਪੜਾਅ’ ਦੀ ਸਾਰਥਕਤਾ ਨੂੰ ਹੋਰ ਸਸ਼ਕਤ ਕਰ ਰਿਹਾ ਹੈ।

ਅਜਿਹਾ ਪੜਾਅ ਜਿੱਥੇ, ਸੇਵਾ, ਤਿਆਗ ਵਿਰਾਗ ਅਤੇ ਲੋਕਹਿਤ ਸਾਰੇ ਇਕੱਠੇ ਜੁੜ ਕੇ ਇੱਕ ਦਰਸ਼ਨੀ ਸਥਲ ਦੇ ਰੂਪ ਵਿੱਚ ਵਿਕਸਿਤ ਹੋਣਗੇ।

ਮੈਨੂੰ ਵਿਸ਼ਵਾਸ ਹੈ ਕਿ ਇਹ ਖੇਤਰ, ਜੀਵਨ ਦੇ ਸੱਚੇ ਉਦੇਸ਼ ਨੂੰ ਜਾਣਨ, ਸਮਝਣ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਸੰਕਲਪ ਭੂਮੀ ਬਣੇਗਾ।

ਸਾਥੀਓ, ਅੱਜ ਦਾ ਇਹ ਦਿਨ, ਉਨ੍ਹਾਂ ਕਰੋੜਾਂ ਭਾਰਤੀਆਂ ਲਈ ਸੁਪਨਾ ਸਾਕਾਰ ਹੋਣ ਜਿਹਾ ਹੈ, ਜਿਨ੍ਹਾਂ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਜੀ ਹਮੇਸ਼ਾ ਤੋਂ ਪ੍ਰੇਰਿਤ ਕਰਦੇ ਆਏ ਹਨ। ਇੱਥੇ ਜੋ ਦੇਸ਼ ਦੇ ਸਭ ਤੋਂ ਵੱਡੇ-ਵੱਡੇ ਰੇਲ ਜੰਕਸ਼ਨਾਂ ਵਿੱਚੋਂ ਇੱਕ ਹੈ, ਉਹ ਉਨ੍ਹਾਂ ਦੀ ਯਾਦ ਲਈ ਪਹਿਲਾਂ ਹੀ ਸਮਰਪਿਤ ਹੋ ਚੁੱਕਿਆ ਹੈ। ਹੁਣ ਇੱਥੇ ਜੋ ਇਹ ਯਾਦਗਾਰੀ ਸਥਲ ਬਣਿਆ ਹੈ, ਬਗੀਚਾ (ਪਾਰਕ) ਬਣਿਆ ਹੈ, ਉਨ੍ਹਾਂ ਦੀ ਸ਼ਾਨਦਾਰ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ, ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੀਨ ਦਿਆਲ ਜੀ ਦੇ ਆਚਾਰ ਅਤੇ ਵਿਚਾਰ ਤੋਂ ਪ੍ਰੇਰਨਾ ਮਿਲਦੀ ਰਹੇਗੀ।

ਭਾਈਓ ਅਤੇ ਭੈਣੋਂ ਜਿਨ੍ਹਾਂ ਦੇ ਦਿਲ ਵਿੱਚ ਦੱਬੇ-ਕੁਚਲੇ, ਪੀੜਿਤ, ਸ਼ੋਸ਼ਿਤ, ਵੰਚਿਤ ਦੱਬੇ-ਕੁਚਲੇ ਸਮਾਜ ਦੇ ਕਿਸੇ ਵੀ ਵਿਅਕਤੀ ਲਈ ਦਰਦ ਹੈ, ਅਨੁਕੰਪਾ (ਹਮਦਰਦੀ) ਹੈ, ਅਜਿਹੇ ਸਾਰਿਆਂ ਲਈ ਇਹ ਭੂਮੀ ਪ੍ਰੇਰਨਾ ਭੂਮੀ ਹੈ, ਪ੍ਰੇਰਨਾ ਸਥਲੀ ਹੈ ਜੋ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ ਜਿਨ੍ਹਾਂ ਦੇ ਜੀਵਨ ਵਿੱਚ ਦਲ ਤੋਂ ਉੱਪਰ ਦੇਸ਼ ਹੈ, ਸਵੈ ਦੇ ਬਦਲੇ ਸਾਰਿਆਂ ਦੀ ਚਿੰਤਾ ਹੈ ਅਜਿਹੇ ਦੇਸ਼ ਭਗਤੀ ਰੰਗ ਵਿੱਚ ਰੰਗੇ ਹੋਏ ਦੇਸ਼ ਦੇ ਕੋਟਿ-ਕੋਟਿ ਲੋਕਾਂ ਲਈ ਇਹ ਤੀਰਥ ਖੇਤਰ ਹੈ ਜਿੱਥੋਂ ਦੇਸ਼ ਲਈ ਜਿਊਣ ਦੀ, ਦੇਸ਼ ਲਈ ਜੂਝਣ ਦੀ ਅਤੇ ਦੇਸ਼ ਲਈ ਜੀਵਨ ਖਪਾਉਣ ਦੀ ਪ੍ਰੇਰਨਾ ਮਿਲਦੀ ਰਹੇਗੀ। ਮੈਂ ਅੱਜ ਇਸ ਧਰਤੀ ਨੂੰ ਨਮਨ ਕਰਦਾ ਹਾਂ ਉਸ ਮਹਾਨ ਆਤਮਾ ਨੂੰ ਨਮਨ ਕਰਦਾ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਦੀਨਦਿਆਲ ਜੀ ਦੀ ਆਤਮਾ ਜਿੱਥੇ ਵੀ ਹੋਵੇਗੀ ਸਾਨੂੰ ਨਿਰੰਤਰ ਅਸ਼ੀਰਵਾਦ ਦਿੰਦੀ ਰਹਿੰਦੀ ਹੈ, ਸਾਨੂੰ ਨਿਰੰਤਰ ਪ੍ਰੇਰਨਾ ਦਿੰਦੀ ਰਹਿੰਦੀ ਹੈ ਕਿਉਂਕਿ ਅਸੀਂ ਸਮਾਜ ਦੇ ਆਖਰੀ ਛੋਰ (ਪੰਕਤੀ) ਦੇ ਵਿਅਕਤੀ ਲਈ, ਸਮਾਜ ਦੇ ਦੱਬੇ-ਕੁਚਲੇ ਵਿਅਕਤੀ ਲਈ ਦੱਬੇ-ਕੁਚਲੇ, ਪੀੜਿਤ, ਸ਼ੋਸ਼ਿਤ, ਵੰਚਿਤ ਲੋਕਾਂ ਲਈ ਅਸੀਂ ਆਪਣਾ ਜੀਵਨ ਖਪਾਈਏ, ਉਨ੍ਹਾਂ ਦੀ ਸੇਵਾ ਲਈ ਸਾਨੂੰ ਜੋ ਵੀ ਜ਼ਿੰਮੇਦਾਰੀ ਮਿਲੀ ਹੈ ਉਸ ਨੂੰ ਪੂਰੀ ਤਰ੍ਹਾਂ ਨਿਭਾਈਏ

ਸਾਥੀਓ, ਦੀਨ ਦਿਆਲ ਉਪਾਧਿਆਏ ਜੀ ਨੇ ਸਾਨੂੰ ਅੰਤਯੋਦਯ ਦਾ ਮਾਰਗ ਦਿਖਾਇਆ ਸੀ। ਯਾਨੀ ਜੋ ਸਮਾਜ ਦੀ ਆਖਰੀ ਪੰਗਤੀ ਵਿੱਚ ਹਨ, ਉਨ੍ਹਾਂ ਦਾ ਉਦੈ। 21 ਵੀਂ ਸਦੀ ਦਾ ਭਾਰਤ, ਇਸੇ ਵਿਚਾਰ ਤੋਂ ਪ੍ਰੇਰਨਾ ਲੈਂਦੇ ਹੋਏ ਅੰਤਯੋਦਯ ਲਈ ਕੰਮ ਕਰ ਰਿਹਾ ਹੈ। ਜੋ ਵਿਕਾਸ ਦੇ ਆਖਰੀ ਪੜਾਅ ‘ਤੇ ਹੈ, ਉਸ ਨੂੰ ਵਿਕਾਸ ਦੇ ਪਹਿਲੇ ਪੜਾਅ ‘ਤੇ ਲਿਆਉਣ ਲਈ ਕੰਮ ਹੋ ਰਿਹਾ ਹੈ।

ਚਾਹੇ ਉਹ ਪੂਰਵਾਂਚਲ ਹੋਵੇ, ਪੂਰਬੀ ਭਾਰਤ ਹੋਵੇ, ਉੱਤਰ ਪੂਰਬ ਹੋਵੇ, ਦੇਸ਼ ਦੇ 100 ਤੋਂ ਜ਼ਿਆਦਾ ਖਾਹਿਸ਼ੀ ਜ਼ਿਲ੍ਹੇ ਹੋਣ, ਸਾਰੇ ਖੇਤਰਾਂ ਵਿੱਚ ਵਿਕਾਸ ਦੇ ਲਾਮਿਸਾਲ ਕਾਰਜ ਹੋ ਰਹੇ ਹਨ।

ਇਸੇ ਕੜੀ ਵਿੱਚ ਅੱਜ ਇਸ ਪਵਿੱਤਰ ਅਵਸਰ ‘ਤੇ ਵਾਰਾਣਸੀ ਸਹਿਤ ਪੂਰੇ ਪੂਰਵਾਂਚਲ ਨੂੰ ਲਾਭ ਪਹੁੰਚਾਉਣ ਵਾਲੇ ਕਰੀਬ 1200 ਕਰੋੜ ਰੁਪਏ ਤੋਂ ਵੀ ਅਧਿਕ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਵਿੱਚ ਵੱਡੇ ਹਸਪਤਾਲ ਵੀ ਹਨ, ਸਕੂਲ ਅਤੇ ਵਿੱਦਿਅਕ ਸੰਸਥਾਵਾਂ ਵੀ ਹਨ, ਸੜਕਾਂ ਵੀ ਹਨ, ਫਲਾਈਓਵਰ ਵੀ ਹਨ, ਪਾਣੀ ਦੀਆਂ ਯੋਜਨਾਵਾਂ ਵੀ ਹਨ, ਪਾਰਕ ਵੀ ਹਨ, ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਵਾਲੇ ਪ੍ਰੋਜੈਕਟ ਵੀ ਹਨ।

ਸਧਾਰਨ ਮਾਨਵੀ ਲਈ ਸਿਹਤ, ਸਿੱਖਿਆ, ਸੁਵਿਧਾ, ਆਸਥਾ ਅਤੇ ਰੋਜ਼ਗਾਰ ਨਾਲ ਜੁੜੇ ਇਨ੍ਹਾਂ ਤਮਾਮ ਪ੍ਰੋਜੈਕਟਾਂ ਲਈ ਮੈਂ ਤੁਹਾਨੂੰ ਸਭ ਨੂੰ, ਵਾਰਾਣਸੀ ਅਤੇ ਪੂਰਵਾਂਚਲ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

ਇਹ ਤਮਾਮ ਪ੍ਰੋਜੈਕਟਸ ਬੀਤੇ 5 ਵਰ੍ਹਿਆਂ ਤੋਂ ਕਾਸ਼ੀ ਸਹਿਤ ਸੰਪੂਰਨ ਪੂਰਵਾਂਚਲ ਵਿੱਚ ਚਲ ਰਹੇ ਕਾਇਆਕਲਪ ਦੇ ਸੰਕਲਪ ਦਾ ਇੱਕ ਅਟੁੱਟ ਹਿੱਸਾ ਹਨ

ਇਨ੍ਹਾਂ ਵਰ੍ਹਿਆਂ ਵਿੱਚ ਵਾਰਾਣਸੀ ਜਨਪਦ ਵਿੱਚ ਲਗਭਗ 25 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ ਜਾਂ ਤਾਂ ਪੂਰੇ ਹੋ ਚੁੱਕੇ ਹਨ, ਜਾਂ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਦੇਵੀ ਅਹਿਲਿਯਾਬਾਈ ਹੋਲਕਰ ਦੇ ਬਾਅਦ ਇੰਨੇ ਵੱਡੇ ਪੈਮਾਨੇ ‘ਤੇ ਕਾਸ਼ੀ ਨਗਰੀ ਵਿੱਚ ਵਿਕਾਸ ਦੇ ਕਾਰਜ ਹੋ ਰਹੇ ਹਨ, ਤਾਂ ਇਸ ਦੇ ਪਿੱਛੇ ਮਹਾਦੇਵ ਦੀ ਹੀ ਇੱਛਾ ਹੈ, ਬਾਬਾ ਭੋਲੇ ਦਾ ਹੀ ਅਸ਼ੀਰਵਾਦ ਹੈ। ਇਹ ਸਾਡਾ ਸਾਰਿਆਂ ਦਾ ਸੁਭਾਗ ਹੈ ਕਿ ਬਾਬੇ ਨੇ ਇਨ੍ਹਾਂ ਕਾਰਜਾਂ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜ਼ਿੰਮੇਦਾਰੀ ਦਿੱਤੀ ਹੈ।

ਇਨ੍ਹਾਂ ਕਾਰਜਾਂ ਦਾ ਬਹੁਤ ਵੱਡਾ ਲਾਭ, ਬਨਾਰਸ ਸਹਿਤ ਪੂਰੇ ਪੂਰਵਾਂਚਲ ਨੂੰ ਮਿਲ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਇਨਫ੍ਰਾਸਟ੍ਰਕਚਰ ਨੂੰ ਲੈ ਕੇ, ਸੜਕ, ਹਾਈਵੇ, ਵਾਟਰਵੇ, ਰੇਲਵੇ ਨੂੰ ਸਰਕਾਰ ਨੇ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਪੂਰਵਾਂਚਲ ਐਕਸਪ੍ਰੈੱਸ-ਵੇ ‘ਤੇ ਯੋਗੀ ਜੀ ਦੀ ਟੀਮ ਤੇਜ਼ੀ ਨਾਲ ਕੰਮ ਕਰ ਰਹੀ ਹੈ। ਬਹੁਤ ਜਲਦੀ ਇਸ ਦਾ ਲਾਭ ਪੂਰੇ ਖੇਤਰ ਨੂੰ ਮਿਲਣ ਵਾਲਾ ਹੈ।

ਅੱਜ ਇੱਥੇ, ਚੌਕਾਘਾਟ ਲਹਿਰਤਾਰਾ ਮਾਰਗ ‘ਤੇ ਬਣੇ ਪੁਲ਼ ਦਾ ਲੋਕਅਰਪਣ ਵੀ ਹੋ ਗਿਆ ਹੈ। ਪਹਿਲਾਂ ਦੀ ਸਥਿਤੀ ਆਪ ਨੂੰ ਪਤਾ ਹੈ। ਕੈਂਟ ਰੇਲਵੇ ਸਟੇਸ਼ਨ ਹੋਵੇ, BHU ਹੋਵੇ, ਬਸ ਸਟੇਸ਼ਨ ਹੋਵੇ, ਹਵਾਈ ਅੱਡਾ ਹੋਵੇ, ਇਨ੍ਹਾਂ ਸਾਰੀਆਂ ਥਾਵਾਂ ਤੱਕ ਆਉਣ-ਜਾਣ ਵਿੱਚ ਕਿੰਨੀ ਸਮੱਸਿਆ ਹੁੰਦੀ ਸੀ, ਕਿੰਨਾ ਜਾਮ ਲਗਦਾ ਸੀ। ਹੁਣ ਇਸ ਜਾਮ ਤੋਂ ਮੁਕਤੀ ਮਿਲ ਜਾਵੇਗੀ। ਇਹ 4 ਲੇਨ ਦਾ ਪੁਲ਼ ਬਣਨ ਨਾਲ ਹੁਣ ਲਹਿਰਤਾਰਾ-ਇਲਾਹਾਬਾਦ ਅਤੇ ਚੌਕਾਘਾਟ- ਦੀਨ ਦਿਆਲ ਉਪਾਧਿਆਏ ਨਗਰ ਦਾ ਰਸਤਾ ਵੀ ਜੁੜ ਗਿਆ ਹੈ। ਇਸ ਦੇ ਨਾਲ-ਨਾਲ ਅਲੱਗ-ਅਲੱਗ ਪਿੰਡਾਂ ਨੂੰ ਜੋੜਨ ਵਾਲੀਆਂ 16 ਸੜਕਾਂ ਦਾ ਵੀ ਅੱਜ ਲੋਕਅਰਪਣ ਹੋਇਆ ਹੈ। ਇਸ ਨਾਲ ਪ੍ਰਯਾਗਰਾਜ, ਮਿਰਜਾਪੁਰ, ਜੌਨਪੁਰ, ਗਾਜ਼ੀਪੁਰ, ਆਜ਼ਮਗੜ੍ਹ, ਗੋਰਖਪੁਰ, ਬਲੀਆ ਤੋਂ ਲੈ ਕੇ ਬਿਹਾਰ ਆਉਣ-ਜਾਣ ਵਾਲਿਆਂ ਨੂੰ ਵੀ ਬਹੁਤ ਲਾਭ ਹੋਵੇਗਾ। ਜਿਨ੍ਹਾਂ ਨੇ ਸਾਰਨਾਥ ਸਹਿਤ ਤਮਾਮ ਦੂਜੇ ਸੈਰ-ਸਪਾਟਾ ਸਥਲਾਂ ਵਿੱਚ ਜਾਣਾ ਹੈ, ਉਨ੍ਹਾਂ ਨੂੰ ਵੀ ਇਨ੍ਹਾਂ ਰਸਤਿਆਂ ਨਾਲ ਸੁਵਿਧਾ ਹੋਵੇਗੀ।

ਸਾਥੀਓ, ਕਾਸ਼ੀ ਸਹਿਤ ਇਸ ਪੂਰੇ ਖੇਤਰ ਵਿੱਚ ਹੋ ਰਹੇ ਕਨੈਕਟੀਵਿਟੀ ਦੇ ਇਹ ਕੰਮ ਤੁਹਾਡੀ ਸੁਵਿਧਾ ਦੇ ਨਾਲ-ਨਾਲ ਰੋਜ਼ਗਾਰ ਨਿਰਮਾਣ ਦੇ ਵੀ ਵੱਡੇ ਸਾਧਨ ਤਿਆਰ ਕਰ ਰਹੇ ਹਨ। ਵਿਸ਼ੇਸ਼ ਤੌਰ ‘ਤੇ ਸੈਰ-ਸਪਾਟਾ ਅਧਾਰਿਤ ਰੋਜ਼ਗਾਰ, ਜਿਸ ਨੂੰ ਲੈ ਕੇ ਕਾਸ਼ੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਹੁਤ ਵੱਡੀ ਸੰਭਾਵਨਾ ਹੈ, ਉਨ੍ਹਾਂ ਨੂੰ ਬਲ ਮਿਲ ਰਿਹਾ ਹੈ। ਸੈਰ-ਸਪਾਟਾ ਇੱਕ ਅਜਿਹਾ ਸੈਕਟਰ ਹੈ ਜਿਸ ਵਿੱਚ ਹਰ ਪੱਧਰ, ਹਰ ਵਰਗ ਦਾ ਵਿਅਕਤੀ ਘੱਟ ਤੋਂ ਘੱਟ ਨਿਵੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਉਂਦਾ ਹੈ। ਇਹੀ ਕਾਰਨ ਹੈ ਕਿ ਅੱਜ ਜਦੋਂ ਭਾਰਤ ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀ ਗੱਲ ਹੋ ਰਹੀ ਹੈ, ਤਾਂ ਸੈਰ-ਸਪਾਟਾ ਉਸ ਦਾ ਅਹਿਮ ਹਿੱਸਾ ਹੈ। ਭਾਰਤ ਦੇ ਖਾਸ ਤਾਂ ਕੁਦਰਤ ਦੇ ਨਾਲ-ਨਾਲ ਹੈਰੀਟੇਜ਼ ਟੂਰਿਜ਼ਮ ਦੀ ਵੀ ਬਹੁਤ ਵੱਡੀ ਤਾਕਤ ਹੈ, ਜਿਸ ਨੂੰ 21ਵੀਂ ਸਦੀ ਦਾ ਰੂਪ ਦਿੱਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਕਾਸ਼ੀ ਸਮੇਤ ਸਾਡੀ ਆਸਥਾ ਨਾਲ ਜੁੜੇ ਤਮਾਮ ਸਥਲਾਂ ਨੂੰ ਨਵੀਆਂ ਜ਼ਰੂਰਤਾਂ ਦੇ ਮੁਤਾਬਿਕ, ਨਵੀਆਂ ਤਕਨੀਕਾਂ ਦਾ ਉਪਯੋਗ ਕਰਕੇ ਵਿਕਸਿਤ ਕੀਤਾ ਜਾ ਰਿਹਾ ਹੈ।

ਸਾਰਨਾਥ ਦਾ ਸੁੰਦਰੀਕਰਨ ਹੋਵੇ, ਗੰਗਾ ਜੀ ਦੇ ਘਾਟਾਂ ਦਾ ਸੁੰਦਰੀਕਰਨ ਹੋਵੇ, ਅੱਜ ਕਾਸ਼ੀ ਆਉਣ ਵਾਲੇ ਹਰ ਸ਼ਰਧਾਲੂ, ਹਰ ਸੈਲਾਨੀ ਸੁਖਦ ਅਨੁਭਵ ਲੈ ਕੇ ਇੱਥੋਂ ਜਾਂਦਾ ਹੈ।

ਕੁਝ ਦਿਨ ਪਹਿਲਾਂ ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਵੀ ਇੱਥੇ ਆਏ ਸਨ। ਤਾਂ ਇੱਥੋਂ ਦੇ ਅਦਭੁੱਤ ਵਾਤਾਵਰਣ, ਸ਼ਾਨਦਾਰ ਅਨੁਭੂਤੀ ਨਾਲ ਬਹੁਤ ਮੰਤਰਮੁਗਧ ਸਨ। ਤੁਸੀਂ ਵੀ ਦੇਖਿਆ ਹੋਵੇਗਾ ਕਿ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਨੇ ਕਾਸ਼ੀ ਦੇ ਸਾਥੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ।

ਸਾਥੀਓ, ਕਾਸ਼ੀ ਵਿਸ਼ਵਨਾਥ ਧਾਮ ਨਾਲ ਜੁੜੇ ਪ੍ਰੋਜੈਕਟਸ ‘ਤੇ ਚਲ ਰਹੇ ਕੰਮ ਤੋਂ ਵੀ ਤੁਸੀਂ ਸਾਰੇ ਭਲੀ-ਭਾਂਤ ਜਾਣੂ ਹੋਅੱਜ ਵੀ ਇੱਥੇ ਮੰਦਿਰ ਪਰਿਸਰ ਵਿੱਚ ਬਣ ਚੁੱਕੇ ਅੰਨ ਖੇਤਰ ਭਵਨ ਨੂੰ ਲੋਕਅਰਪਣ ਕੀਤਾ ਗਿਆ ਹੈ। ਇਸ ਭਵਨ ਦੇ ਬਣਨ ਨਾਲ ਇੱਥੇ ਪ੍ਰਸਾਦ ਵੰਡਣ ਅਤੇ ਭਗਤਾਂ ਨੂੰ ਭੋਜਨ ਕਰਕੇ ਹੋਣ ਵਾਲੀ ਅਸੁਵਿਧਾ ਹੁਣ ਹਮੇਸ਼ਾ-ਹਮੇਸ਼ਾ ਲਈ ਦੂਰ ਹੋ ਜਾਵੇਗੀ। ਕਾਸ਼ੀ ਵਿਸ਼ਵਨਾਥ ਧਾਮ ਵਿੱਚ ਅਜਿਹੇ ਤਮਾਮ ਕਾਰਜ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ। ਬਹੁਤ ਹੀ ਜਲਦੀ ਬਾਬਾ ਦਾ ਦਿੱਵਯ ਪ੍ਰਾਂਗਣ ਇੱਕ ਆਕਰਸ਼ਕ ਅਤੇ ਸ਼ਾਨਦਾਰ ਰੂਪ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਆਵੇਗਾ। ਇਸੇ ਤਰ੍ਹਾਂ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮਭੂਮੀ ਵਿੱਚ ਵੀ ਸ਼ਾਨਦਾਰ ਮੰਦਿਰ ਦੇ ਨਿਰਮਾਣ ਲਈ ਟਰੱਸਟ ਦਾ ਗਠਨ ਹੋ ਚੁੱਕਿਆ ਹੈ। ਇਹ ਟਰੱਸਟ ਹੁਣ ਸ਼੍ਰੀ ਰਾਮ ਧਾਮ ਦੇ ਨਿਰਮਾਣ ‘ਤੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਭਾਈਓ ਅਤੇ ਭੈਣੋਂ, ਦੇਸ਼ ਭਰ ਵਿੱਚ, ਆਸਥਾ ਅਤੇ ਅਧਿਆਤਮ ਨਾਲ ਜੁੜੇ ਤਮਾਮ ਵੱਡੇ ਕੇਂਦਰਾਂ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਸ਼ਰਧਾਲੂਆਂ ਅਤੇ ਟੂਰਿਸਟਾਂ ਲਈ ਸੁਵਿਧਾਜਨਕ ਵੀ ਬਣਾਇਆ ਜਾ ਰਿਹਾ ਹੈ। ਖ਼ਾਸਤੌਰ ’ਤੇ ਇਨ੍ਹਾਂ ਸਥਾਨਾਂ ਵਿੱਚ ਨਿਰੰਤਰ ਕਨੈਕਟੀਵਿਟੀ ਸ਼ਰਧਾਲੂਆਂ ਨੂੰ ਮਿਲੇ, ਇਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਕੜੀ ਵਿੱਚ ਅੱਜ ਬਾਬਾ ਵਿਸ਼ਵਨਾਥ ਦੀ ਨਗਰੀ ਨੂੰ ਓਅੰਕਾਰੇਸ਼ਵਰ ਅਤੇ ਮਹਾਕਾਲੇਸ਼ਵਰ ਨਾਲ ਜੋੜਨ ਵਾਲੀ ਕਾਸ਼ੀ-ਮਹਾਕਾਲ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਈ ਗਈ ਹੈ। ਹੁਣ ਕਾਸ਼ੀ ਵਿੱਚ ਬਾਬਾ ਦੇ ਦਰਸ਼ਨ ਕਰਨ ਦੇ ਬਾਅਦ ਉੱਜੈਨ ਵਿੱਚ ਮਹਾਕਾਲ ਦੇ ਦਰਸ਼ਨ ਕਰ ਸਕਾਂਗੇ ਅਤੇ ਇਸ ਟ੍ਰੇਨ ਵਿੱਚ ਅੱਗੇ ਵਧਦੇ ਹੋਏ ਇੰਦੌਰ ਵਿੱਚ ਓਅੰਕਾਰੇਸ਼ਵਰ ਵਿੱਚ ਵੀ ਸ਼ਰਧਾਸੁਮਨ ਅਰਪਿਤ ਕਰ ਸਕਾਂਗੇਇਹੀ ਨਹੀਂ, ਇਹ ਰੇਲ ਸੇਵਾ ਪ੍ਰਯਾਗਰਾਜ, ਲਖਨਊ, ਕਾਨਪੁਰ, ਝਾਂਸੀ, ਬੀਨਾਸੰਤ ਹਿਰਦਾਰਾਮ ਜਿਹੇ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਦੇ ਖੇਤਰਾਂ ਨੂੰ ਵੀ ਜੋੜੇਗੀ । ਇਹ ਮਹਾਸ਼ਿਵਰਾਤ੍ਰੀ ਦੇ ਮੌਕੇ ’ਤੇ ਬਾਬੇ ਦੇ ਭਗਤਾਂ ਨੂੰ ਇੱਕ ਵਿਸ਼ੇਸ਼ ਉਪਹਾਰ ਦੀ ਤਰ੍ਹਾਂ ਹੈ ।

ਭਾਈਓ ਅਤੇ ਭੈਣੋਂ, ਕਾਸ਼ੀ ਆਸਥਾ ਅਤੇ ਆਧਿਆਤਮ ਦੇ ਨਾਲ-ਨਾਲ ਗਿਆਨ ਦਾ ਵੀ ਮੁੱਖ ਕੇਂਦਰ ਰਿਹਾ ਹੈ। ਬੀਤੇ 5 ਸਾਲਾਂ ਵਿੱਚ BHU ਜਿਹੇ ਗਿਆਨ ਅਤੇ ਵਿਗਿਆਨ ਦੇ ਵੱਡੇ ਸੈਂਟਰ ਨੂੰ ਵਿਸਤਾਰ ਦਿੱਤਾ ਗਿਆ ਹੈ । ਅੱਜ ਵੀ ਇੱਥੇ ਵੈਦਿਕ ਗਿਆਨ-ਵਿਗਿਆਨ ਤੋਂ ਲੈ ਕੇ ਆਧੁਨਿਕ ਚਿਕਿਤਸਾ ਨਾਲ ਜੁੜੀਆਂ ਅਨੇਕ ਸਹੂਲਤਾਂ ਦਾ ਲੋਕਅਰਪਣ ਕੀਤਾ ਗਿਆ ਹੈ। ਅੱਜ ਵਾਰਾਣਸੀ, ਪੂਰਵਾਂਚਲ ਦਾ ਬਹੁਤ ਵੱਡਾ ਮੈਡੀਕਲ HUB ਬਣ ਕੇ ਉੱਭਰ ਰਿਹਾ ਹੈ। ਇੱਥੇ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਦੇ ਆਧੁਨਿਕ ਇਲਾਜ ਲਈ ਕਈ ਹਸਪਤਾਲ ਤਿਆਰ ਹੋ ਚੁੱਕੇ ਹਨ । ਪਹਿਲਾਂ ਜਿਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਦਿੱਲੀ ਅਤੇ ਮੁੰਬਈ ਜਿਹੇ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ, ਉਨ੍ਹਾਂ ਦਾ ਇਲਾਜ ਹੁਣ ਇੱਥੇ ਮਿਲ ਰਿਹਾ ਹੈ। ਇਸ ਦਾ ਵਿਆਪਕ ਲਾਭ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੂਰਬੀ ਭਾਰਤ ਦੇ ਬਹੁਤ ਵੱਡੇ ਹਿੱਸੇ ਨੂੰ ਹੋ ਰਿਹਾ ਹੈ ।

BHU ਵਿੱਚ ਅੱਜ ਜਿਸ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਲੋਕਅਰਪਣ ਹੋਇਆ ਹੈ, ਉਸ ਦਾ ਨੀਂਹ ਪੱਥਰ ਤਾਂ 2016 ਦੇ ਅਖਰੀ ਵਿੱਚਮੈਂ ਹੀ ਕੀਤਾ ਸੀ । ਸਿਰਫ਼ 21 ਮਹੀਨੇ ਵਿੱਚ 430 ਬੈੱਡ ਦਾ ਇਹ ਹਸਪਤਾਲ ਬਣ ਕੇ ਕਾਸ਼ੀ ਅਤੇ ਪੂਰਵਾਂਚਲ ਦੇ ਲੋਕਾਂ ਦੀ ਸੇਵਾ ਲਈ ਤਿਆਰ ਹੋਇਆ ਹੈ। ਕਬੀਰਚੌਰਾ ਵਿੱਚ ਜ਼ਿਲ੍ਹਾ ਮਹਿਲਾ ਹਸਪਤਾਲ ਵਿੱਚ 100 ਬੈੱਡ ਦੇ ਮੈਟਰਨਿਟੀ ਵਿੰਗ ਤੋਂ ਸ਼ਹਿਰ ਦੀਆਂ ਮਹਿਲਾਵਾਂ ਨੂੰ ਬਹੁਤ ਮਦਦ ਮਿਲੇਗੀ । ਮੈਂ ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦੇਵਾਂਗਾ ਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਮੈਡੀਕਲ ਕਾਲਜ ਅਤੇ ਆਯੁਸ਼ਮਾਨ ਯੋਜਨਾ ਦੇ ਤਹਿਤ ਹੈਲਥ ਐਂਡ ਵੈਲਨੈੱਸ ਸੈਂਟਰਸ ਬਣਾਉਣ ’ਤੇ ਫੋਕਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਸ਼ੁੱਧ ਪੀਣ ਦੇ ਪਾਣੀ ਅਤੇ ਸਵੱਛਤਾ ਨੂੰ ਲੈ ਕੇ ਵੀ ਜੋ ਪ੍ਰਯਤਨ ਬੀਤੇ 2-3 ਸਾਲਾਂ ਵਿੱਚ ਇੱਥੇ ਹੋਏ ਹਨ, ਉਸ ਤੋਂ ਐੱਨਸੇਫੇਲਾਇਟਿਸ ਜਿਹੀਆਂ ਬਿਮਾਰੀਆਂ ਨਾਲ ਨਿਪਟਣ ਵਿੱਚ ਬਹੁਤ ਸਹਾਇਤਾ ਮਿਲੀ ਹੈ ।

ਸਾਥੀਓ, ਇਹ ਜੋ ਕੁਝ ਵੀ ਪਿਛਲੇ 5 ਸਾਢੇ 5 ਵਰ੍ਹਿਆਂ ਵਿੱਚ ਅਸੀਂ ਹਾਸਲ ਕੀਤਾ ਹੈ, ਹੁਣ ਉਸ ਨੂੰ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਣ ਦੀ ਜ਼ਰੂਰਤ ਹੈ। ਸਵੱਛਤਾ ਨੂੰ ਲੈ ਕੇ ਜੋ ਇਹ ਮੁਹਿੰਮ ਛੇੜੀ ਗਈ ਹੈ, ਜਿੱਥੇ ਉਸ ਨੂੰ ਅਸੀਂ ਜਾਰੀ ਰੱਖਣਾ ਹੈ, ਉੱਥੇ ਹੀ ਜਲ ਜੀਵਨ ਮਿਸ਼ਨ ਦੇ ਤਹਿਤ ਆਉਣ ਵਾਲੇ 5 ਵਰ੍ਹਿਆਂ ਵਿੱਚ ਹਰ ਘਰ ਤੱਕ ਜਲ ਪਹੁੰਚਾਉਣ ਲਈ ਵੀ ਅਸੀਂ ਪੂਰੀ ਸ਼ਕਤੀ ਨਾਲ ਕੰਮ ਕਰਨਾ ਹੈ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਕੰਮ ਦੇ ਲਈ ਨਾ ਤਾਂ ਬਜਟ ਆੜੇ ਆਵੇਗਾ, ਨਾ ਸਰਕਾਰ ਦੇ ਇਰਾਦੇ ਕਮਜ਼ੋਰ ਹੋਣਗੇ । ਬਨਾਰਸ ਦੇ ਕਾਇਆ-ਕਲਪ ਦੀ ਮਹਾਦੇਵ ਦੀ ਇੱਛਾ ਨੂੰ ਅਸੀਂ ਸਾਰੇ ਮਿਲ ਕੇ ਪੂਰਾ ਕਰਾਂਗੇ ।

ਭਾਈਓ ਅਤੇ ਭੈਣੋਂ, ਬਦਲਦੇ ਹੋਏ ਭਾਰਤ ਵਿੱਚ ਦੇਸ਼ ਦੇ ਵਿਕਾਸ ਦੀ ਕਹਾਣੀ ਵਿੱਚ ਨਵੇਂ ਅਧਿਆਏ ਜੋੜਨ ਦਾ ਕੰਮ ਵੱਡੇ-ਵੱਡੇ ਮੈਟਰੋ ਸਿਟੀਜ਼ ਤੋਂ ਜ਼ਿਆਦਾ ਬਨਾਰਸ ਜਿਹੇ ਟੀਯਰ-2, ਟੀਯਰ-3 ਸਿਟੀਜ਼ ਹੀ ਕਰਨਗੇ । ਦੀਨ ਦਿਆਲ ਜੀ, ਜਿਸ ਤਰ੍ਹਾਂ ਅੰਤਯੋਦਯ ਦੀ ਗੱਲ ਕਰਦੇ ਸਨ, ਉਂਜ ਹੀ, ਦੇਸ਼ ਦੇ ਛੋਟੇ ਸ਼ਹਿਰਾਂ ਦਾ ਉਦੈ, ਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ’ਤੇ ਲੈ ਜਾਵੇਗਾ । ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਬਹੁਤ ਜ਼ਿਆਦਾ ਲਾਭ, ਇਨ੍ਹਾਂ ਛੋਟੇ ਸ਼ਹਿਰਾਂ ਅਤੇ ਇਨ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਹੋਇਆ ਹੈ ।  ਹੁਣੇ ਹਾਲ ਹੀ ਵਿੱਚ ਜੋ ਬਜਟ ਆਇਆ ਹੈ, ਉਸ ਵਿੱਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਇੰਫਰਾਸਟਕਚਰ ’ਤੇ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਾਵੇਗਾ । ਇਸ ਦਾ ਬਹੁਤ ਵੱਡਾ ਹਿੱਸਾ, ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਦੇ ਹੀ ਖਾਤੇ ਵਿੱਚ ਆਵੇਗਾ।

ਸਾਥੀਓਦੀਨ ਦਿਆਲ ਜੀ ਕਹਿੰਦੇ ਸਨ ਕਿ ਆਤਮ ਨਿਰਭਰਤਾ ਅਤੇ ਸਵੈ ਸਹਾਇਤਾ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਹੋਣੀਆਂ ਚਾਹੀਦੀਆਂ ਹਨਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਅਤੇ ਸਰਕਾਰ ਦੇ ਕਾਰਜ ਸੱਭਿਆਚਾਰ ਵਿੱਚ ਨਿਰੰਤਰ ਲਿਆਉਣ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋ, ਮੇਕ ਇਨ ਇੰਡੀਆ ਦੇ ਕੇਂਦਰ ਵਿੱਚ ਆਤਮਨਿਰਭਰਤਾ ਹੈ। ਅੱਜ ਰੇਲ ਦੇ ਡੱਬਿਆਂ ਤੋਂ ਲੈ ਕੇਮੋਬਾਈਲ ਫੋਨ ਅਤੇ ਸੈਨਾ ਲਈ ਆਧੁਨਿਕ ਅਸਤਰ-ਸ਼ਸਤਰ ਤੱਕ ਭਾਰਤ ਵਿੱਚ ਬਣਨ ਲੱਗ ਗਏ ਹਨ। ਪੂਰਵਾਂਚਲ ਸਹਿਤ ਪੂਰੇ ਯੂਪੀ ਵਿੱਚ ਵੀ ਅਨੇਕ ਨਵੀਆਂ ਫੈਕਟਰੀਆਂ ਬੀਤੇ 5 ਵਰ੍ਹਿਆਂ ਵਿੱਚ ਲੱਗੀਆਂ ਹਨ

ਇਸੇ ਤਰ੍ਹਾਂ, ਸਟਾਰਟ ਅੱਪ ਇੰਡੀਆ ਦੇ ਕੇਂਦਰ ਵਿੱਚ ਵੀ ਆਤਮਨਿਰਭਰਤਾ ਹੈ। ਬੀਤੇ 5 ਵਰ੍ਹਿਆਂ ਵਿੱਚ ਲਗਭਗ 26 ਹਜ਼ਾਰ ਨਵੇਂ ਸਟਾਰਟ ਅੱਪ ਰਜਿਸਟਰ ਹੋਏ ਹਨ, ਜਿਸ ਦੇ ਨਾਲ ਭਾਰਤ ਦੇ ਨੌਜਵਾਨਾਂ ਨੇ ਹੀ ਭਾਰਤ ਦੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕੀਤਾ ਹੈ। ਮੁਦਰਾ ਯੋਜਨਾ ਦੇ ਕੇਂਦਰ ਵਿੱਚ ਵੀ ਆਤਮਨਿਰਭਰਤਾ ਅਤੇ ਸਵੈ ਸਹਾਇਤਾ ਹੈ। ਇਸ ਯੋਜਨਾ ਨੇ ਪੂਰੇ ਦੇਸ਼ ਵਿੱਚ ਲਗਭਗ ਸਾਢੇ 5 ਕਰੋੜ ਨਵੇਂ ਉੱਦਮੀ ਤਿਆਰ ਕੀਤੇ ਹਨ । ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਮੁਦਰਾ ਕਰਜ਼ਾ ਵਾਰਾਣਸੀ ਦੇ ਹੀ ਲਗਭਗ ਸਾਢੇ 6 ਲੱਖ ਸਾਥੀਆਂ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਮੂਲ ਵਿੱਚ ਵੀ ਸਵੈ ਸਹਾਇਤਾ ਹੀ ਹੈ। ਇਸ ਦੇ ਤਹਿਤ ਯੂਪੀ ਦੇ ਲਗਭਗ 2 ਕਰੋੜ ਕਿਸਾਨਾਂ ਨੂੰ ਲਗਭਗ 12 ਹਜ਼ਾਰ ਕਰੋੜ ਰੁਪਏ, ਉਨ੍ਹਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ ।

ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਸਮਾਜ ਦੀ ਆਖਿਰੀ ਪੰਗਤ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚਣ ਦੇ ਲਈ, ਉਸ ਤੱਕ ਵਿਕਾਸ ਦੇ ਲਾਭ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਤੁਸੀਂ ਦੱਸੋ, ਉਹ 50 ਕਰੋੜ ਤੋਂ ਜ਼ਿਆਦਾ ਦੇਸ਼ਵਾਸੀ ਜਿਨ੍ਹਾਂ ਨੂੰ ਅੱਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਦਾ ਮੁਫ਼ਤ ਇਲਾਜ ਸੰਭਵ ਹੋਇਆ ਹੈ, ਉਹ ਕੌਣ ਹਨ? ਇਹ 70 ਵਰ੍ਹਿਆਂ ਵਿੱਚ ਵਿਕਾਸ ਦੇ ਆਖਿਰੀ ਪਾਏਦਾਨ ’ਤੇ ਹੀ ਰਹੇ ਹਨਅੱਜ ਦੇਸ਼ ਵਿੱਚ ਲਗਭਗ 90 ਲੱਖ ਗ਼ਰੀਬ ਮਰੀਜ਼ਾਂ ਨੂੰ ਇਲਾਜ ਮਿਲ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਯੂਪੀ ਦੇ 3 ਲੱਖ ਅਤੇ ਵਾਰਾਣਸੀ ਦੇ ਕਰੀਬ 16 ਹਜ਼ਾਰ ਸਾਥੀ ਹਨ

ਦੇਸ਼ ਦੇ ਉਹ 11 ਕਰੋੜ ਸਾਥੀ ਵੀ ਅੰਤਿਮ ਪਾਏਦਾਨ ’ਤੇ ਹੀ ਸਨ , ਜਿਨ੍ਹਾਂ ਦੇ ਘਰ ਵਿੱਚ ਪਹਿਲੀ ਵਾਰ ਪਖਾਨਾ ਪਹੁੰਚਿਆ ਹੈ। ਦੇਸ਼  ਦੇ ਉਹ 8 ਕਰੋੜ ਤੋਂ ਜ਼ਿਆਦਾ ਪਰਿਵਾਰ ਵੀ ਅੰਤਿਮ ਪਾਏਦਾਨ ’ਤੇ ਹੀ ਸਨ, ਜਿਨ੍ਹਾਂ ਨੂੰ ਪਹਿਲੀ ਵਾਰ ਉੱਜਵਲਾ ਦਾ ਗੈਸ ਕਨੈਕਸ਼ਨ ਮਿਲਿਆ ਹੈ। ਇਸ ਵਿੱਚ ਵੀ ਯੂਪੀ ਦੇ ਲਗਭਗ ਡੇਢ ਕਰੋੜ ਅਤੇ ਵਾਰਾਣਸੀ ਦੇ ਲਗਭਗ ਪੌਣੇ 2 ਲੱਖ ਪਰਿਵਾਰਾਂ ਨੂੰ ਲਾਭ ਹੋਇਆ । ਇਨ੍ਹਾਂ ਵਿੱਚੋਂ ਵੀ ਲਗਭਗ 50 ਲੱਖ ਮੇਰੇ ਦੱਬੇ-ਕੁਚਲੇ ਭਾਈ-ਭੈਣਾਂ ਦੇ ਪਰਿਵਾਰ ਹਨ, ਜਿਨ੍ਹਾਂ ਨੂੰ ਉੱਜਵਲਾ ਦਾ ਗੈਸ ਕਨੈਕਸ਼ਨ ਮਿਲਿਆ ਹੈ ।

ਦੇਸ਼ ਦੇ ਲਗਭਗ 2 ਕਰੋੜ ਸਾਥੀ ਜਿਨ੍ਹਾਂ ਨੂੰ ਪੱਕਾ ਆਵਾਸ ਮਿਲਿਆ ਹੈ, ਉਹ ਵੀ ਆਖਿਰੀ ਪਾਏਦਾਨ ’ਤੇ ਖੜ੍ਹੇ ਹੋਏ ਲੋਕ ਸਨ । ਅੱਜ ਜਿਨ੍ਹਾਂ 24 ਕਰੋੜ ਦੇਸ਼ਵਾਸੀਆਂ ਨੂੰ 4 ਲੱਖ ਰੁਪਏ ਤੱਕ ਦਾ ਦੁਰਘਟਨਾ ਅਤੇ ਜੀਵਨ ਬੀਮਾ ਮਿਲ ਰਿਹਾ ਹੈ, ਉਹ ਵੀ ਅੰਤਿਮ ਪਾਏਦਾਨ ’ਤੇ ਸਨ । ਜਿਨ੍ਹਾਂ ਕਰੋੜਾਂ ਕਿਸਾਨਾਂ, ਮਜਦੂਰਾਂ ਛੋਟੇ ਵਪਾਰੀਆਂ ਨੂੰ 60 ਸਾਲ ਦੀ ਉਮਰ ਦੇ ਬਾਅਦ 3 ਹਜ਼ਾਰ ਰੁਪਏ ਦੀ ਮਾਸਿਕ ਪੈਨਸ਼ਨ ਦੀ ਸੁਵਿਧਾ ਤੈਅ ਹੋਈ ਹੈ, ਉਹ ਵੀ ਵਿਕਾਸ ਦੇ ਆਖਿਰੀ ਪਾਏਦਾਨ ’ਤੇ ਰਹੇ ਹਨ

ਸਾਥੀਓ, ਆਜ਼ਾਦੀ ਦੇ ਲੰਬੇ ਕਾਲਖੰਡ ਤੱਕ ਇਸ ਆਖਿਰੀ ਪਾਏਦਾਨ ਨੂੰ ਬਣਾਈ ਰੱਖਿਆ ਗਿਆ, ਕਿਉਂਕਿ ਇਸ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਨਹੀਂ, ਉਲਝਾਉਣ ਵਿੱਚ ਹੀ ਰਾਜਨੀਤਕ ਹਿਤ ਸਿੱਧ ਹੁੰਦੇ ਸਨ । ਲੇਕਿਨ ਹੁਣ ਸਥਿਤੀਆਂ ਬਦਲ ਰਹੀਆਂ ਹਨ, ਦੇਸ਼ ਬਦਲ ਰਿਹਾ ਹੈ। ਜੋ ਆਖਿਰੀ ਪਾਏਦਾਨ ’ਤੇ ਰਿਹਾ ਹੈ, ਉਸ ਨੂੰ ਹੁਣ ਸਭ ਤੋਂ ਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਮਹਾਦੇਵ ਦੇ ਅਸ਼ੀਰਵਾਦ ਨਾਲਦੇਸ਼ ਅੱਜ ਉਹ ਫੈਸਲੇ ਵੀ ਲੈ ਰਿਹਾ ਹੈ ਜੋ ਹਮੇਸ਼ਾ ਪਿੱਛੇ ਛੱਡ ਦਿੱਤੇ ਜਾਂਦੇ ਸਨ ।

ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਦਾ ਫੈਸਲਾ ਹੋਵੇ ਜਾਂ ਫਿਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਵਰ੍ਹਿਆਂ ਤੋਂ ਦੇਸ਼ ਨੂੰ ਇਨ੍ਹਾਂ ਫ਼ੈਸਲਿਆਂ ਦਾ ਇੰਤਜ਼ਾਰ ਸੀ । ਦੇਸ਼ ਹਿਤ ਵਿੱਚ ਇਹ ਫੈਸਲੇ ਜ਼ਰੂਰੀ ਸਨ ਅਤੇ ਦੁਨੀਆ ਭਰ ਦੇ ਸਾਰੇ ਦਬਾਵਾਂ ਦੇ ਬਾਵਜੂਦ, ਇਨ੍ਹਾਂ ਫੈਸਲਿਆਂ ’ਤੇ ਅਸੀਂ ਕਾਇਮ ਹਾਂ ਅਤੇ ਕਾਇਮ ਰਹਾਂਗੇ । ਅੱਜ ਬਾਬਾ ਭੋਲੇਨਾਥ ਦੀ ਨਗਰੀ ਵਿੱਚ, ਅਵਧੂਤ ਬਾਬਾ ਭਗਵਾਨ ਰਾਮ ਦੀ ਛਤਰ ਛਾਇਆ ਵਿੱਚ, ਦੀਨ ਦਿਆਲ ਦੀ ਯਾਦ ਵਿੱਚ, ਮੈਂ ਕਾਸ਼ੀ ਦੇ ਲੋਕਾਂ ਨੂੰ, ਦੇਸ਼  ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੇਸ਼ ਲਈ ਇਹ ਕੰਮ ਨਿਰੰਤਰ ਜਾਰੀ ਰਹਿਣਗੇ ।

ਇੱਕ ਵਾਰ ਫਿਰ ਆਪ ਸਾਰਿਆਂ ਨੂੰ ਇਤਨੀ ਵੱਡੀ ਤਾਦਾਦ ਵਿੱਚ ਇੱਥੇ ਆਉਣ ਲਈ, ਮੈਨੂੰ ਅਸ਼ੀਰਵਾਦ ਦੇਣ ਲਈ, ਬਹੁਤ-ਬਹੁਤ ਧੰਨਵਾਦ !!!

ਭਾਰਤ ਮਾਤਾ ਕੀ ਜੈ !!! 脉

ਭਾਰਤ ਮਾਤਾ ਕੀ ਜੈ !!!

ਭਾਰਤ ਮਾਤਾ ਕੀ ਜੈ !!!

 

*****

ਵੀ.ਰਵੀ ਰਾਮਾ ਕ੍ਰਿਸ਼ਣਾ/ਕੰਚਨ ਪਤਿਯਾਲ/ਬਾਲਮੀਕਿ ਮਹਤੋ