ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਕਨਵੈਨਸ਼ਨ ਵਿਦੇਸ਼ ਮੰਤਰਾਲੇ ਦਾ ਇੱਕ ਪ੍ਰਮੁੱਖ ਸਮਾਰੋਹ ਹੈ, ਜੋ ਵਿਦੇਸ਼ਾਂ ’ਚ ਰਹਿੰਦੇ ਭਾਰਤੀਆਂ ਨੂੰ ਸ਼ਾਮਲ ਕਰਨ ਤੇ ਨਾਲ ਜੋੜਨ ਲਈ ਇੱਕ ਅਹਿਮ ਮੰਚ ਪ੍ਰਦਾਨ ਕਰਵਾਉਂਦਾ ਹੈ। ਸਾਡੇ ਜੀਵੰਤ ਪ੍ਰਵਾਸੀ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ, ਚੱਲ ਰਹੀ ਕੋਵਿਡ ਮਹਾਮਾਰੀ ਦੇ ਬਾਵਜੂਦ 16ਵੀਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ 9 ਜਨਵਰੀ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਹ ਕਨਵੈਨਸ਼ਨ ਵਰਚੁਅਲ ਫ਼ਾਰਮੈਟ ਵਿੱਚ ਕੀਤੀ ਜਾਵੇਗੀ, ਜਿਵੇਂ ਕਿ ਇਸ ਕਨਵੈਨਸ਼ਨ ਲਈ ਹਾਲ ਹੀ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਕਾਨਫ਼ਰੰਸਾਂ ਕੀਤੀਆਂ ਗਈਆਂ ਸਨ। 16ਵੀਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ 2021 ਦਾ ਵਿਸ਼ਾ ਹੈ ‘ਆਤਮਨਿਰਭਰ ਭਾਰਤ ਵਿੱਚ ਯੋਗਦਾਨ ਪਾਉਂਦਿਆਂ’।
ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਦੇ ਤਿੰਨ ਭਾਗ ਹੋਣਗੇ। ਪ੍ਰਵਾਸੀ ਭਾਰਤੀ ਕਨਵੈਨਸ਼ਨ ਦਾ ਉਦਘਾਟਨ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤਾ ਜਾਵੇਗਾ ਅਤੇ ਕੁੰਜੀਵਤ ਭਾਸ਼ਣ ਸੂਰੀਨਾਮ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਚੰਦ੍ਰਿਕਾਪ੍ਰਸਾਦ ਸੰਤੋਖੀ ਦੁਆਰਾ ਦਿੱਤਾ ਜਾਵੇਗਾ। ਨੌਜਵਾਨਾਂ ਲਈ ਔਨਲਾਈਨ ‘ਭਾਰਤ ਕੋ ਜਾਨੀਏ’ ਕੁਇਜ਼ (ਪ੍ਰਸ਼ਨੋਤਰੀ) ਦਾ ਐਲਾਨ ਵੀ ਕੀਤਾ ਜਾਵੇਗਾ।
ਉਦਘਾਟਨੀ ਸੈਸ਼ਨ ਤੋਂ ਬਾਅਦ ਦੋ ਵਿਆਪਕ (ਪਲੈਨਰੀ) ਸੈਸ਼ਨ ਹੋਣਗੇ। ਆਤਮਨਿਰਭਰ ਭਾਰਤ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ਬਾਰੇ ਪਹਿਲੇ ਵਿਆਪਕ ਸੈਸ਼ਨ ਨੂੰ ਵਿਦੇਸ਼ ਮੰਤਰੀ ਤੇ ਵਣਜ ਤੇ ਉਦਯੋਗ ਮੰਤਰੀ ਦੁਆਰਾ ਸੰਬੋਧਨ ਕੀਤਾ ਜਾਵੇਗਾ, ਜਦ ਕਿ ਦੂਜਾ ਸੈਸ਼ਨ ‘ਕੋਵਿਡ ਤੋਂ ਬਾਅਦ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ – ਸਿਹਤ, ਅਰਥਵਿਵਸਥਾ, ਸਮਾਜਿਕ ਤੇ ਅੰਤਰਰਾਸ਼ਟਰੀ ਸਬੰਧਾਂ ’ਚ ਦ੍ਰਿਸ਼’ ਬਾਰੇ ਹੋਵੇਗਾ; ਜਿਸ ਨੂੰ ਸਿਹਤ ਮੰਤਰੀ ਅਤੇ ਵਿਦੇਸ਼ ਰਾਜ ਮੰਤਰੀ ਸੰਬੋਧਨ ਕਰਨਗੇ। ਦੋਵੇਂ ਵਿਆਪਕ ਸੈਸ਼ਨਾਂ ਦੌਰਾਨ ਪੈਨਲ ਵਿਚਾਰ–ਵਟਾਂਦਰੇ ਹੋਣਗੇ, ਜਿਨ੍ਹਾਂ ਲਈ ਉੱਘੇ ਪ੍ਰਵਾਸੀ ਮਾਹਿਰਾਂ ਨੂੰ ਸੱਦਾ ਦਿੱਤਾ ਗਿਆ ਹੈ।
ਅੰਤਿਮ ਭਾਗ ‘ਵਿਦਾਇਗੀ ਸੈਸ਼ਨ’ ਹੋਵੇਗਾ, ਜਿੱਥੇ ਮਾਣਯੋਗ ਰਾਸ਼ਟਰਪਤੀ ਜੀ ਪ੍ਰਵਾਸੀ ਭਾਰਤੀਯ ਦਿਵਸ ਮੌਕੇ ਆਪਣਾ ਸਮਾਪਤੀ ਭਾਸ਼ਣ ਦੇਣਗੇ। ਸਾਲ 2020–21 ਲਈ ਪ੍ਰਵਾਸੀ ਭਾਰਤੀ ਸੰਮਾਨ ਪੁਰਸਕਾਰ–ਜੇਤੂਆਂ ਦੇ ਨਾਮ ਵੀ ਐਲਾਨੇ ਜਾਣਗੇ। ਪ੍ਰਵਾਸੀ ਭਾਰਤੀ ਸੰਮਾਨ ਪੁਰਸਕਾਰ ਚੋਣਵੇਂ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਤੇ ਭਾਰਤ ਤੇ ਵਿਦੇਸ਼ ਦੋਵੇਂ ਥਾਵਾਂ ਉੱਤੇ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਿੱਤੇ ਜਾਂਦੇ ਹਨ।
ਯੂਥ ਪ੍ਰਵਾਸੀ ਭਾਰਤੀਯ ਦਿਵਸ 8 ਜਨਵਰੀ, 2021 ਨੂੰ ‘ਮੱਲਾਂ ਮਾਰਨ ਵਾਲੇ ਭਾਰਤ ਦੇ ਤੇ ਪ੍ਰਵਾਸੀ ਭਾਰਤੀ ਨੌਜਵਾਨਾਂ ਨੂੰ ਇੱਕ ਥਾਂ ਲਿਆਉਂਦਿਆਂ’ ਵਿਸ਼ੇ ਉੱਤੇ ਵਰਚੁਅਲੀ ਮਨਾਇਆ ਜਾਵੇਗਾ ਅਤੇ ਇਸ ਦੀ ਮੇਜ਼ਬਾਨੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੁਆਰਾ ਕੀਤੀ ਜਾਵੇਗੀ। ਨਿਊ ਜ਼ੀਲੈਂਡ ਦੇ ਕਮਿਊਨਿਟੀ ਐਂਡ ਵਲੰਟਰੀ ਸੈਕਟਰ ਲਈ ਮੰਤਰੀ ਮਹਾਮਹਿਮ ਸੁਸ਼੍ਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਇਸ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਹੋਣਗੇ।
***
ਡੀਐੱਸ/ਵੀਜੇ/ਏਕੇ