ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਦਸੰਬਰ, 2020 ਨੂੰ ਸਵੇਰੇ 11:30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਆਗਰਾ ਮੈਟਰੋ ਪ੍ਰੋਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਨਗੇ। ਆਗਰਾ ਦੇ 15 ਬਟਾਲੀਅਨ ਪੀਏਸੀ ਪਰੇਡ ਮੈਦਾਨ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਣਗੇ।
ਆਗਰਾ ਮੈਟਰੋ ਪ੍ਰੋਜੈਕਟ ਬਾਰੇ
ਆਗਰਾ ਮੈਟਰੋ ਪ੍ਰੋਜੈਕਟ ਵਿੱਚ 2 ਗਲਿਆਰੇ (ਕੌਰੀਡੋਰ) ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਲੰਬਾਈ 29.4 ਕਿਲੋਮੀਟਰ ਹੈ। ਇਹ ਗਲਿਆਰੇ ਤਾਜ ਮਹਿਲ, ਆਗਰਾ ਦਾ ਕਿਲਾ, ਸਿਕੰਦਰਾ ਜਿਹੇ ਪ੍ਰਮੁੱਖ ਸੈਲਾਨੀ ਕੇਂਦਰਾਂ ਨੂੰ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਨਾਲ ਜੋੜਦੇ ਹਨ। ਇਸ ਪ੍ਰੋਜੈਕਟ ਨਾਲ ਆਗਰਾ ਸ਼ਹਿਰ ਦੀ 26 ਲੱਖ ਆਬਾਦੀ ਨੂੰ ਲਾਭ ਹੋਵੇਗਾ ਅਤੇ ਹਰ ਸਾਲ ਆਗਰਾ ਆਉਣ ਵਾਲੇ 60 ਲੱਖ ਤੋਂ ਅਧਿਕ ਟੂਰਿਸਟਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋਣਗੀਆਂ। ਇਹ ਪ੍ਰੋਜੈਕਟ ਇਤਿਹਾਸਿਕ ਸ਼ਹਿਰ ਆਗਰਾ ਨੂੰ ਵਾਤਾਵਰਣ ਦੇ ਅਨੁਕੂਲ ਇੱਕ ਮਾਸ ਰੈਪਿਡ ਟਰਾਂਜ਼ਿਟ ਸਿਸਟਮ ਪ੍ਰਦਾਨ ਕਰੇਗੀ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 8,379.62 ਕਰੋੜ ਰੁਪਏ ਹੋਵੇਗੀ ਅਤੇ ਇਹ 5 ਵਰ੍ਹਿਆਂ ਵਿੱਚ ਪੂਰਾ ਹੋਵੇਗਾ।
ਇਸ ਤੋਂ ਪਹਿਲਾਂ, 8 ਮਾਰਚ, 2019 ਨੂੰ ਪ੍ਰਧਾਨ ਮੰਤਰੀ ਨੇ ‘ਸੀਸੀਐੱਸ ਏਅਰਪੋਰਟ ਤੋਂ ਮੁੰਸ਼ੀਪੁਲ਼ੀਆ’ ਤੱਕ 23 ਕਿਮੀ ਲੰਬੇ ਸੰਪੂਰਨ ਉੱਤਰ-ਦੱਖਣ ਗਲਿਆਰੇ (ਕੌਰੀਡੋਰ) ’ਤੇ ਲਖਨਊ ਮੈਟਰੋ ਦੇ ਕਮਰਸ਼ੀਅਲ ਸੰਚਾਲਨ ਸ਼ੁਰੂ ਕਰਨ ਦੇ ਨਾਲ-ਨਾਲ ਆਗਰਾ ਮੈਟਰੋ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ।
******
ਡੀਐੱਸ/ਵੀਜੇ