ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਸਤੰਬਰ, 2023 ਨੂੰ ਸਵੇਰੇ 10 ਵਜੇ ਦੇ ਕਰੀਬ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਦੇਸ਼ ਵਿੱਚ ਅਭਿਲਾਸ਼ੀ ਬਲਾਕਾਂ ਲਈ ‘ਸੰਕਲਪ ਸਪਤਾਹ’ ਨਾਮਕ ਹਫ਼ਤਾ ਭਰ ਚੱਲਣ ਵਾਲੇ ਇੱਕ ਵਿਲੱਖਣ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ।
‘ਸੰਕਲਪ ਸਪਤਾਹ’ ਅਭਿਲਾਸ਼ੀ ਬਲਾਕ ਪ੍ਰੋਗਰਾਮ (ਏਬੀਪੀ) ਦੇ ਪ੍ਰਭਾਵੀ ਅਮਲ ਨਾਲ ਜੁੜਿਆ ਹੋਇਆ ਹੈ। ਦੇਸ਼ ਵਿਆਪੀ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੁਆਰਾ 7 ਜਨਵਰੀ, 2023 ਨੂੰ ਕੀਤੀ ਗਈ ਸੀ। ਇਸਦਾ ਉਦੇਸ਼ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਲਾਕ ਪੱਧਰ ‘ਤੇ ਪ੍ਰਸ਼ਾਸਨ ਨੂੰ ਬਿਹਤਰ ਬਣਾਉਣਾ ਹੈ। ਇਸ ਨੂੰ ਦੇਸ਼ ਦੇ 329 ਜ਼ਿਲ੍ਹਿਆਂ ਦੇ 500 ਅਭਿਲਾਸ਼ੀ ਬਲਾਕਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਅਭਿਲਾਸ਼ੀ ਬਲਾਕ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਇੱਕ ਪ੍ਰਭਾਵਸ਼ਾਲੀ ਬਲਾਕ ਵਿਕਾਸ ਰਣਨੀਤੀ ਤਿਆਰ ਕਰਨ ਲਈ, ਦੇਸ਼ ਭਰ ਵਿੱਚ ਪਿੰਡ ਅਤੇ ਬਲਾਕ ਪੱਧਰ ‘ਤੇ ਚਿੰਤਨ ਸ਼ਿਵਰਾਂ ਦਾ ਆਯੋਜਨ ਕੀਤਾ ਗਿਆ। ‘ਸੰਕਲਪ ਸਪਤਾਹ’ ਇਨ੍ਹਾਂ ਚਿੰਤਨ ਸ਼ਿਵਰਾਂ ਦਾ ਇੱਕ ਸਿਖ਼ਰ ਹੈ।
‘ਸੰਕਲਪ ਸਪਤਾਹ’ ਸਾਰੇ 500 ਅਭਿਲਾਸ਼ੀ ਬਲਾਕਾਂ ਵਿੱਚ ਮਨਾਇਆ ਜਾਵੇਗਾ। 3 ਅਕਤੂਬਰ ਤੋਂ 9 ਅਕਤੂਬਰ, 2023 ਤੱਕ ‘ਸੰਕਲਪ ਸਪਤਾਹ’ ਵਿੱਚ ਹਰ ਦਿਨ ਇੱਕ ਖਾਸ ਵਿਕਾਸ ਥੀਮ ਨੂੰ ਸਮਰਪਿਤ ਹੈ, ਜਿਸ ‘ਤੇ ਸਾਰੇ ਅਭਿਲਾਸ਼ੀ ਬਲਾਕ ਕੰਮ ਕਰਨਗੇ। ਪਹਿਲੇ ਛੇ ਦਿਨਾਂ ਦੇ ਥੀਮ ਵਿੱਚ ‘ਸੰਪੂਰਨ ਸਿਹਤ’, ‘ਸੁਪੋਸ਼ਿਤ ਪਰਿਵਾਰ’, ‘ਸਵੱਛਤਾ’, ‘ਕ੍ਰਿਸ਼ੀ’, ‘ਸਿੱਖਿਆ’ ਅਤੇ ‘ਸਮ੍ਰਿਧੀ ਦਿਵਸ’ ਸ਼ਾਮਲ ਹਨ। ਹਫ਼ਤੇ ਦੇ ਆਖਰੀ ਦਿਨ ਯਾਨੀ 9 ਅਕਤੂਬਰ, 2023 ਨੂੰ ਪੂਰੇ ਹਫ਼ਤੇ ਦੌਰਾਨ ਕੀਤੇ ਗਏ ਕਾਰਜਾਂ ਦਾ ਜਸ਼ਨ ‘ਸੰਕਲਪ ਸਪਤਾਹ – ਸਮਾਵੇਸ਼ ਸਮਾਰੋਹ’ ਵਜੋਂ ਮਨਾਇਆ ਜਾਵੇਗਾ।
ਭਾਰਤ ਮੰਡਪਮ ਵਿੱਚ ਉਦਘਾਟਨੀ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਲਗਭਗ 3,000 ਪੰਚਾਇਤ ਅਤੇ ਬਲਾਕ ਪੱਧਰ ਦੇ ਲੋਕ ਨੁਮਾਇੰਦੇ ਅਤੇ ਕਾਰਜਕਰਤਾਵਾਂ ਦੀ ਭਾਗੀਦਾਰੀ ਹੋਵੇਗੀ। ਇਸ ਤੋਂ ਇਲਾਵਾ, ਬਲਾਕ ਅਤੇ ਪੰਚਾਇਤ ਪੱਧਰ ਦੇ ਅਹੁਦੇਦਾਰਾਂ, ਕਿਸਾਨਾਂ ਅਤੇ ਜੀਵਨ ਦੇ ਹੋਰ ਖੇਤਰਾਂ ਦੇ ਵਿਅਕਤੀਆਂ ਸਮੇਤ ਲਗਭਗ ਦੋ ਲੱਖ ਲੋਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
***
ਡੀਐੱਸ/ਐੱਲਪੀ