Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 3 ਜਨਵਰੀ ਨੂੰ 108ਵੀਂ ਇੰਡੀਅਨ ਸਾਇੰਸ ਕਾਂਗਰਸ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਜਨਵਰੀ, 2023 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 108ਵੀਂ ਇੰਡੀਅਨ ਸਾਇੰਸ ਕਾਂਗਰਸ (ISC) ਨੂੰ ਸੰਬੋਧਨ ਕਰਨਗੇ।

ਇਸ ਸਾਲ ਦੀ ਇੰਡੀਅਨ ਸਾਇੰਸ ਕਾਂਗਰਸ ਦਾ ਫੋਕਲ ਥੀਮ “ਮਹਿਲਾ ਸਸ਼ਕਤੀਕਰਣ ਦੇ ਜ਼ਰੀਏ ਟਿਕਾਊ ਵਿਕਾਸ ਲਈ ਵਿਗਿਆਨ ਅਤੇ ਟੈਕਨੋਲੋਜੀ” ਹੈ। ਇਹ ਟਿਕਾਊ ਵਿਕਾਸ, ਮਹਿਲਾ ਸਸ਼ਕਤੀਕਰਣ ਅਤੇ ਇਸ ਨੂੰ ਪ੍ਰਾਪਤ ਕਰਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਦੇ ਮੁੱਦਿਆਂ ‘ਤੇ ਚਰਚਾ ਦਾ ਗਵਾਹ ਬਣੇਗਾ। ਭਾਗੀਦਾਰ ਅਧਿਆਪਨ, ਖੋਜ ਅਤੇ ਉਦਯੋਗ ਦੇ ਉੱਚ ਪੱਧਰਾਂ ਵਿੱਚ ਮਹਿਲਾਵਾਂ ਦੀ ਗਿਣਤੀ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕਰਨਗੇ ਅਤੇ ਵਿਚਾਰ-ਵਟਾਂਦਰੇ ਦੇ ਨਾਲ-ਨਾਲ ਮਹਿਲਾਵਾਂ ਨੂੰ STEM (ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਗਣਿਤ) ਸਿੱਖਿਆ, ਖੋਜ ਦੇ ਮੌਕਿਆਂ ਅਤੇ ਆਰਥਿਕ ਭਾਗੀਦਾਰੀ ਦੀ ਬਰਾਬਰ ਪਹੁੰਚ ਪ੍ਰਦਾਨ ਕਰਨ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰਨਗੇ। ਵਿਗਿਆਨ ਅਤੇ ਟੈਕਨੋਲੋਜੀ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸਿੱਧ ਮਹਿਲਾ ਵਿਗਿਆਨੀਆਂ ਦੇ ਭਾਸ਼ਣ ਵੀ ਹੋਣਗੇ।

ਇਸ ਭਾਰਤੀ ਵਿਗਿਆਨ ਕਾਂਗਰਸ ਨਾਲ ਕਈ ਹੋਰ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਬੱਚਿਆਂ ਵਿੱਚ ਵਿਗਿਆਨਕ ਰੁਚੀ ਅਤੇ ਸੁਭਾਅ ਨੂੰ ਹੁਲਾਰਾ ਦੇਣ ਵਿੱਚ ਮਦਦ ਲਈ ਚਿਲਡਰਨ ਸਾਇੰਸ ਕਾਂਗਰਸ ਦਾ ਆਯੋਜਨ ਵੀ ਕੀਤਾ ਜਾਵੇਗਾ। ਕਿਸਾਨ ਵਿਗਿਆਨ ਕਾਂਗਰਸ ਬਾਇਓ-ਆਰਥਿਕਤਾ ਨੂੰ ਸੁਧਾਰਨ ਅਤੇ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਆਕਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗੀ। ਆਦਿਵਾਸੀ ਵਿਗਿਆਨ ਕਾਂਗਰਸ ਵੀ ਆਯੋਜਿਤ ਕੀਤੀ ਜਾਵੇਗੀ, ਜੋ ਕਿ ਆਦਿਵਾਸੀ ਮਹਿਲਾਵਾਂ ਦੇ ਸਸ਼ਕਤੀਕਰਣ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਸਵਦੇਸ਼ੀ ਪੁਰਾਤਨ ਗਿਆਨ ਪ੍ਰਣਾਲੀ ਅਤੇ ਅਭਿਆਸ ਦੇ ਵਿਗਿਆਨਕ ਪ੍ਰਦਰਸ਼ਨ ਲਈ ਇੱਕ ਪਲੈਟਫਾਰਮ ਵੀ ਹੋਵੇਗਾ।

ਇਸ ਕਾਂਗਰਸ ਦਾ ਪਹਿਲਾ ਸੈਸ਼ਨ 1914 ਵਿੱਚ ਆਯੋਜਿਤ ਕੀਤਾ ਗਿਆ ਸੀ। ਇੰਡੀਅਨ ਸਾਇੰਸ ਕਾਂਗਰਸ ਦਾ 108ਵਾਂ ਸਲਾਨਾ ਸੈਸ਼ਨ ਰਾਸ਼ਟਰਸੰਤ ਤੁਕਾਦੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ ਵਿੱਚ ਹੋਵੇਗਾ, ਜੋ ਇਸ ਸਾਲ ਆਪਣੀ ਸ਼ਤਾਬਦੀ ਵੀ ਮਨਾ ਰਹੀ ਹੈ।

 

***

 

ਡੀਐੱਸ/ਐੱਲਪੀ/ਏਕੇ