ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਰਾਸ਼ਟਰੀ ਸਿੱਖਿਆ ਨੀਤੀ 2020’ ਦੇ ਤਹਿਤ ਲਾਗੂ ਕੀਤੇ ਸੁਧਾਰਾਂ ਦਾ ਇੱਕ ਵਰ੍ਹਾ ਪੂਰਾ ਹੋਣ ਦੇ ਸਬੰਧ ਵਿੱਚ 29 ਜੁਲਾਈ, 2021 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਸਿੱਖਿਆ ਤੇ ਕੌਸ਼ਲ ਵਿਕਾਸ ਖੇਤਰ ਦੇ ਨੀਤੀ–ਘਾੜਿਆਂ, ਵਿਦਿਆਰਥੀਆਂ, ਅਧਿਆਪਕਾਂ ਨੂੰ ਸੰਬੋਧਨ ਕਰਨਗੇ। ਉਹ ਇਸ ਦੌਰਾਨ ਸਿੱਖਿਆ ਖੇਤਰ ’ਚ ਕਈ ਪਹਿਲਾਂ ਦੀ ਸ਼ੁਰੂਆਤ ਵੀ ਕਰਨਗੇ।
ਪ੍ਰਧਾਨ ਮੰਤਰੀ ‘ਅਕੈਡਮਿਕ ਬੈਂਕ ਆਵ੍ ਕ੍ਰੈਡਿਟ’ ਲਾਂਚ ਕਰਨਗੇ, ਜਿਸ ਨਾਲ ਵਿਦਿਆਰਥੀਆਂ ਲਈ ਉਚੇਰੀ–ਸਿੱਖਿਆ ’ਚ ਕਈ ਵਾਰ ਦਾਖ਼ਲ ਹੋਣ ਤੇ ਬਾਹਰ ਜਾਣ ਦੇ ਵਿਕਲਪ ਮੁਹੱਈਆ ਹੋਣਗੇ; ਖੇਤਰੀ ਭਾਸ਼ਾਵਾਂ ’ਚ ਪਹਿਲੇ ਵਰ੍ਹੇ ਦੇ ਇੰਜੀਨੀਅਰਿੰਗ ਪ੍ਰੋਗਰਾਮ, ਉਚੇਰੀ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਲਈ ਦਿਸ਼ਾ–ਨਿਰਦੇਸ਼ ਜਾਰੀ ਕਰਨਗੇ।
ਸ਼ੁਰੂ ਹੋਣ ਵਾਲੀਆਂ ਪਹਿਲਾਂ ’ਚ ਗ੍ਰੇਡ 1 ਦੇ ਵਿਦਿਆਰਥੀਆਂ ਲਈ 3–ਮਹੀਨਿਆਂ ਦੇ ਨਾਟਕ ਉੱਤੇ ਅਧਾਰਿਤ ਸਕੂਲ ਤਿਆਰੀ ਮੌਡਿਊਲ ‘ਵਿਦਯਾ ਪ੍ਰਵੇਸ਼’; ਸੈਕੰਡਰੀ ਪੱਧਰ ਉੱਤੇ ਇੱਕ ਵਿਸ਼ੇ ਵਜੋਂ ਭਾਰਤੀ ਚਿੰਨ੍ਹ ਭਾਸ਼ਾ (ਇੰਡੀਅਨ ਸਾਈਨ ਲੈਂਗੁਏਜ); ਐੱਨਸੀਈਆਰਟੀ (NCERT) ਦੁਆਰਾ ਟੀਚਰ ਟ੍ਰੇਨਿੰਗ ਲਈ ਤਿਆਰ ਕੀਤਾ ਇੱਕ ਸੰਗਠਿਤ ਪ੍ਰੋਗਰਾਮ; ਸੀਬੀਐੱਸਈ (CBSE) ਸਕੂਲਾਂ ’ਚ ਗ੍ਰੇਡਸ 3, 5 ਅਤੇ 8 ਲਈ ਸਮਰੱਥਾ–ਅਧਾਰਿਤ ਮੁੱਲਾਂਕਣ ਢਾਂਚਾ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਨੂੰ ਸਮਰਪਿਤ ਇੱਕ ਵੈੱਬਸਾਈਟ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਇਸ ਸਮਾਰੋਹ ’ਚ ‘ਨੈਸ਼ਨਲ ਡਿਜੀਟਲ ਐਜੂਕੇਸ਼ਨ ਆਰਕੀਟੈਕਚਰ’ (NDEAR) ਅਤੇ ‘ਨੈਸ਼ਨਲ ਐਜੂਕੇਸ਼ਨ ਟੈਕਨੋਲੋਜੀ ਫ਼ੋਰਮ’ (NETF) ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
ਇਹ ਪਹਿਲਾਂ ‘ਰਾਸ਼ਟਰੀ ਸਿੱਖਿਆ ਨੀਤੀ 2020’ ਦੇ ਟੀਚਿਆਂ ਦੀ ਪ੍ਰਾਪਤੀ ਵੱਲ ਇੱਕ ਅਹਿਮ ਕਦਮ ਹੋਵੇਗਾ ਅਤੇ ਇਹ ਸਿੱਖਿਆ ਖੇਤਰ ਨੂੰ ਹੋਰ ਵਧੇਰੇ ਜੀਵੰਤ ਤੇ ਪਹੁੰਚਯੋਗ ਬਣਾਏਗਾ।
‘ਰਾਸ਼ਟਰੀ ਸਿੱਖਿਆ ਨੀਤੀ, 2020’ ਇੱਕ ਅਜਿਹਾ ਮਾਰਗ–ਦਰਸ਼ਕ ਫ਼ਲਸਫ਼ਾ ਹੈ, ਜੋ ਸਿੱਖਣ ਦੇ ਦ੍ਰਿਸ਼ ਨੂੰ ਤਬਦੀਲ ਕਰੇਗਾ, ਸਿੱਖਿਆ ਨੂੰ ਸੰਪੂਰਨ ਬਣਾਏਗਾ ਅਤੇ ‘ਆਤਮਨਿਰਭਰ ਭਾਰਤ’ ਲਈ ਮਜ਼ਬੂਤ ਨੀਂਹਾਂ ਦੀ ਉਸਾਰੀ ਕਰੇਗਾ।
ਇਹ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ ਅਤੇ ਇਹ 34 ਵਰ੍ਹੇ ਪੁਰਾਣੀ ‘ਰਾਸ਼ਟਰੀ ਸਿੱਖਿਆ ਨੀਤੀ’ (NPE), 1986 ਦਾ ਸਥਾਨ ਲਵੇਗੀ। ਇਹ ਪਹੁੰਚ, ਸਮਾਨਤਾ, ਗੁਣਵੱਤਾ, ਕਿਫ਼ਾਇਤਯੋਗਤਾ ਤੇ ਜਵਾਬਦੇਹੀ ਦੇ ਬੁਨਿਆਦੀ ਥੰਮ੍ਹਾਂ ਉੱਤੇ ਅਧਾਰਿਤ ਇਹ ਨੀਤੀ ਟਿਕਾਊ ਵਿਕਾਸ ਲਈ 2030 ਏਜੰਡੇ ਲਈ ਕਾਰਗਰ ਹੈ ਤੇ ਇਸ ਦਾ ਮੰਤਵ ਭਾਰਤ ਦੀ ਕਾਇਆਕਲਪ ਕਰਕੇ ਇਸ ਨੂੰ ਇੱਕ ਇੱਕ ਜੀਵੰਤ ਗਿਆਨ–ਭਰਪੂਰ ਸਮਾਜ ਅਤੇ ਵਿਸ਼ਵ ਭਰ ਦੇ ਗਿਆਨ ਨਾਲ ਭਰਪੂਰ ਸੁਪਰ–ਪਾਵਰ ਬਣਾਉਣਾ ਹੈ ਤੇ ਇਸ ਲਈ ਸਕੂਲ ਤੇ ਕਾਲਜ ਦੋਵੇਂ ਪੱਧਰਾਂ ਦੀ ਸਿੱਖਿਆ ਨੂੰ ਵਧੇਰੇ ਸੰਪੂਰਨ, ਲਚਕਦਾਰ, ਬਹੁ–ਅਨੁਸ਼ਾਸਨੀ, 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਇਆ ਜਾਵੇਗਾ ਅਤੇ ਇਸ ਦਾ ਮੰਤਵ ਹਰੇਕ ਵਿਦਿਆਰਥੀ ਦੀਆਂ ਵਿਲੱਖਣ ਸਮਰੱਥਾਵਾਂ ਬਾਹਰ ਲਿਆਉਣਾ ਹੈ।
ਕੇਂਦਰੀ ਸਿੱਖਿਆ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।
************
ਡੀਐੱਸ/ਏਕੇਜੇ/ਏਕੇ