ਜਲਵਾਯੂ ਅਨੁਕੂਲ ਟੈਕਨੋਲੋਜੀਆਂ ਅਪਣਾਉਣ ਲਈ ਜਨ–ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ’ਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਸਤੰਬਰ ਨੂੰ ਸਮੁੱਚੇ ਭਾਰਤ ਦੇ ਸਾਰੇ ਆਈਸੀਏਆਰ (ICAR) ਸੰਸਥਾਨਾਂ, ਰਾਜ ਤੇ ਕੇਂਦਰੀ ਖੇਤੀਬਾੜੀ ਯੂਨੀਵਰਸਿਟੀਜ਼ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs) ’ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਦੌਰਾਨ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਫ਼ਸਲਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਵਾਲੀਆਂ 35 ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ‘ਨੈਸ਼ਨਲ ਇੰਸਟੀਟਿਊਟ ਆਵ੍ ਬਾਇਓਟਿਕ ਸਟ੍ਰੈੱਸ ਟੌਲਰੈਂਸ ਰਾਏਪੁਰ’ ਦੇ ਨਵਾਂ ਉਸਾਰਿਆ ਕੈਂਪਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਇਸ ਮੌਕੇ ਪ੍ਰਧਾਨ ਮੰਤਰੀ ਜਿੱਥੇ ਖੇਤੀਬਾੜੀ ਯੂਨੀਵਰਸਿਟੀਜ਼ ‘ਗ੍ਰੀਨ ਕੈਂਪਸ ਅਵਾਰਡ’ ਵੰਡਣਗੇ, ਉੱਥੇ ਉਹ ਨਵੀਆਂ ਵਿਧੀਆਂ ਵਰਤਣ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਨਗੇ ਤੇ ਇਕੱਠ ਨੂੰ ਸੰਬੋਧਨ ਕਰਨਗੇ।
ਕੇਂਦਰੀ ਖੇਤੀਬਾੜੀ ਮੰਤਰੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਇਸ ਮੌਕੇ ਮੌਜੂਦ ਰਹਿਣਗੇ।
ਫ਼ਸਲਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਵਾਲੀਆਂ ਕਿਸਮਾਂ ਬਾਰੇ
ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਵੱਲੋਂ ਜਲਵਾਯੂ ਪਰਿਵਰਤਨ ਅਤੇ ਕੁਪੋਸ਼ਣ ਦੀਆਂ ਦੋਹਰੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਗੁਣਾਂ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਸਾਲ 2021 ਵਿੱਚ 35 ਅਜਿਹੀਆਂ ਫ਼ਸਲੀ ਕਿਸਮਾਂ ਜਿਨ੍ਹਾਂ ਵਿੱਚ ਖ਼ਾਸ ਵਿਸ਼ੇਸ਼ਤਾਵਾਂ ਜਿਵੇਂ ਜਲਵਾਯੂ ਲਚਕੀਲਾਪਣ ਅਤੇ ਉੱਚ ਪੌਸ਼ਟਿਕ ਤੱਤ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਸੋਕਾ ਝੱਲਣ ਵਾਲੀਆਂ ਛੋਲਿਆਂ ਦੀ ਕਿਸਮ, ਵਿਲਟ ਅਤੇ ਸਟੀਰਿਲਟੀ ਮੋਜ਼ੇਕ ਰੋਧਕ ਅਰਹਰ, ਛੇਤੀ ਪੱਕਣ ਵਾਲੀ ਸੋਇਆਬੀਨ ਦੀ ਕਿਸਮ, ਚਾਵਲ ਦੀਆਂ ਰੋਗ ਪ੍ਰਤੀਰੋਧੀ ਕਿਸਮਾਂ ਅਤੇ ਕਣਕ, ਬਾਜਰਾ, ਮੱਕੀ, ਛੋਲਿਆਂ, ਕੁਈਨੋਆ, ਕੁਟੂ, ਵਿੰਗਡ ਬੀਨ ਅਤੇ ਫਾਬਾ ਬੀਨ (wheat, pearl millet, maize and chickpea, quinoa, buckwheat, winged bean and faba bean) ਦੀਆਂ ਬਾਇਓਫੋਰਟਿਫਾਈਡ ਕਿਸਮਾਂ ਸ਼ਾਮਲ ਹਨ।
ਇਨ੍ਹਾਂ ਵਿਸ਼ੇਸ਼ਤਾਵਾਂ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਵਿੱਚ ਉਹ ਫ਼ਸਲਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਕੁਝ ਫ਼ਸਲਾਂ ਵਿੱਚ ਪਾਏ ਜਾਣ ਵਾਲੇ ਪੌਸ਼ਣ ਵਿਰੋਧੀ ਕਾਰਕਾਂ ਨੂੰ ਹੱਲ ਕਰਦੀਆਂ ਹਨ, ਜੋ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਅਜਿਹੀਆਂ ਕਿਸਮਾਂ ਦੀਆਂ ਉਦਾਹਰਣਾਂ ਵਿੱਚ ਸ਼ਾਮਲ ਹਨ ਪੂਸਾ ਡਬਲ ਜ਼ੀਰੋ ਸਰ੍ਹੋਂ 33, ਪਹਿਲਾ ਕੈਨੋਲਾ ਕੁਆਲਿਟੀ ਹਾਈਬ੍ਰਿਡ ਆਰਸੀਐੱਚ 1, ਜਿਸ ਵਿੱਚ <2% ਇਰੂਸਿਕ ਐਸਿਡ (erucic acid) ਅਤੇ <30 ਪੀਪੀਐੱਮ ਗਲੂਕੋਸਿਨੋਲੇਟਸ (glucosinolates) ਸ਼ਾਮਲ ਹਨ, ਅਤੇ ਸੋਇਆਬੀਨ ਦੀ ਇੱਕ ਕਿਸਮ ਜੋ ਕਿ ਦੋ ਪੋਸ਼ਣ-ਵਿਰੋਧੀ ਕਾਰਕਾਂ ਤੋਂ ਮੁਕਤ ਹੈ; ਜਿਨ੍ਹਾਂ ਨੂੰ ਕੁਨਿਟਜ਼ ਟ੍ਰਿਪਸਿਨ ਇਨਿਹਿਬਟਰ ਅਤੇ ਲਿਪੋਕਸੀਜਨੇਸ (Kunitz trypsin inhibitor and lipoxygenase) ਕਹਿੰਦੇ ਹਨ। ਖ਼ਾਸ ਗੁਣਾਂ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸੋਇਆਬੀਨ, ਜੁਆਰ ਅਤੇ ਬੇਬੀ ਕੌਰਨ ਸ਼ਾਮਲ ਹਨ।
ਨੈਸ਼ਨਲ ਇੰਸਟੀਟਿਊਟ ਫਾਰ ਬਾਇਓਲੌਜੀਕਲ ਸਟ੍ਰੈਸ ਮੈਨੇਜਮੈਂਟ ਬਾਰੇ
ਰਾਸ਼ਟਰੀ ਜੀਵ -ਵਿਗਿਆਨਕ ਤਣਾਅ ਪ੍ਰਬੰਧ ਸੰਸਥਾਨ ਦੀ ਸਥਾਪਨਾ ਰਾਏਪੁਰ ਵਿਖੇ ਜੈਵਿਕ ਤਣਾਅ ਵਿੱਚ ਬੁਨਿਆਦੀ ਅਤੇ ਰਣਨੀਤਕ ਖੋਜ ਕਰਨ, ਮਨੁੱਖੀ ਸਰੋਤਾਂ ਦੇ ਵਿਕਾਸ ਅਤੇ ਨੀਤੀਗਤ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਇਸ ਸੰਸਥਾ ਨੇ ਅਕਾਦਮਿਕ ਸੈਸ਼ਨ 2020-21 ਤੋਂ ਪੀਜੀ ਕੋਰਸ ਸ਼ੁਰੂ ਕੀਤੇ ਹਨ।
ਗ੍ਰੀਨ ਕੈਂਪਸ ਅਵਾਰਡਾਂ ਬਾਰੇ
ਗ੍ਰੀਨ ਕੈਂਪਸ ਅਵਾਰਡ ਰਾਜ ਅਤੇ ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਅਜਿਹੀਆਂ ਆਦਤਾਂ ਵਿਕਸਿਤ ਕਰਨ ਜਾਂ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਸਥਾਪਿਤ ਕੀਤੇ ਗਏ ਹਨ, ਜੋ ਉਨ੍ਹਾਂ ਦੇ ਕੈਂਪਸ ਨੂੰ ਵਧੇਰੇ ਹਰਾ ਅਤੇ ਸਾਫ਼ ਬਣਾਉਂਦੀਆਂ ਹਨ, ਅਤੇ ਵਿਦਿਆਰਥੀਆਂ ਨੂੰ ‘ਸਵੱਛ ਭਾਰਤ ਮਿਸ਼ਨ‘, ‘ਵੇਸਟ ਟੂ ਵੈਲਥ ਮਿਸ਼ਨ’ ਵਿੱਚ ਸ਼ਾਮਲ ਹੋਣ ਅਤੇ ਰਾਸ਼ਟਰੀ ਸਿੱਖਿਆ ਨੀਤੀ-2020 ਅਨੁਸਾਰ ਆਮ ਲੋਕਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ।
**********
ਡੀਐੱਸ/ਏਕੇਜੇ