ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਭੋਪਾਲ (ਰਾਣੀ ਕਮਲਾਪਤੀ)-ਇੰਦੌਰ, ਭੋਪਾਲ (ਰਾਣੀ ਕਮਲਾਪਤੀ)-ਜਬਲਪੁਰ, ਰਾਂਚੀ-ਪਟਨਾ, ਧਾਰਵਾੜ-ਬੰਗਲੁਰੂ ਅਤੇ ਗੋਆ (ਮਡਗਾਓਂ)-ਮੁੰਬਈ ਵਿਚਾਲੇ ਸ਼ੁਰੂ ਕੀਤੀ ਜਾਵੇਗੀ ਗੋਆ, ਬਿਹਾਰ ਅਤੇ ਝਾਰਖੰਡ ਨੂੰ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਕਨੈਕਟੀਵਿਟੀ ਮਿਲੇਗੀ ਇਹ ਟ੍ਰੇਨਾਂ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਅਤੇ ਟੂਰਿਜ਼ਮ ਨੂੰ ਹੁਲਾਰਾ ਪ੍ਰਦਾਨ ਕਰਨਗੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜੂਨ, 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਸਵੇਰੇ ਤਕਰੀਬਨ 10.30 ਵਜੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਪਹੁੰਚਣਗੇ ਅਤੇ ਪੰਜ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਹ ਪੰਜ ਵੰਦੇ ਭਾਰਤ ਟ੍ਰੇਨਾਂ ਹਨ:ਭੋਪਾਲ( ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ; ਭੋਪਾਲ(ਰਾਣੀ ਕਮਲਾਪਤੀ)- ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ; ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ; ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ; ਅਤੇ ਗੋਆ(ਮਡਗਾਓਂ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ।
ਭੋਪਾਲ (ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ ਮੱਧ ਪ੍ਰਦੇਸ਼ ਦੇ ਦੋ ਮਹੱਤਵਪੂਰਨ ਸ਼ਹਿਰਾਂ ਵਿਚਾਲੇ ਅਸਾਨ ਅਤੇ ਤੇਜ਼ ਯਾਤਰਾ ਦੀ ਸੁਵਿਧਾ ਪ੍ਰਦਾਨ ਕਰੇਗੀ ਅਤੇ ਇਸ ਖੇਤਰ ਦੇ ਸੱਭਿਆਚਾਰਕ, ਟੂਰਿਜ਼ਮ ਅਤੇ ਧਾਰਮਿਕ ਸਥਾਨਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ। ਭੋਪਾਲ (ਰਾਣੀ ਕਮਲਾਪਤੀ)- ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ ਮਹਾਕੌਸ਼ਲ ਖੇਤਰ (ਜਬਲਪੁਰ) ਨੂੰ ਮੱਧ ਪ੍ਰਦੇਸ਼ ਦੇ ਕੇਂਦਰੀ ਖੇਤਰ (ਭੋਪਾਲ) ਨਾਲ ਜੋੜੇਗੀ। ਨਾਲ ਹੀ, ਖੇਤਰ ਦੇ ਟੂਰਿਸਟ ਸਥਾਨਾਂ ਨੂੰ ਵੀ ਬਿਹਤਰ ਕਨੈਕਟੀਵਿਟੀ ਨਾਲ ਲਾਭ ਮਿਲੇਗਾ।
ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ ਝਾਰਖੰਡ ਅਤੇ ਬਿਹਾਰ ਲਈ ਪਹਿਲੀ ਵੰਦੇ ਭਾਰਤ ਟ੍ਰੇਨ ਹੋਵੇਗੀ। ਪਟਨਾ ਅਤੇ ਰਾਂਚੀ ਦੇ ਦਰਮਿਆਨ ਕਨੈਕਟੀਵਿਟੀ ਵਧਾਉਣ ਵਾਲੀ ਇਹ ਟ੍ਰੇਨ ਸੈਲਾਨੀਆਂ, ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਵਰਦਾਨ ਸਾਬਤ ਹੋਵੇਗੀ। ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਕਰਨਾਟਕ ਦੇ ਮਹੱਤਵਪੂਰਨ ਸ਼ਹਿਰਾਂ – ਧਾਰਵਾੜ ਅਤੇ ਹੁਬਲੀ ਨੂੰ ਰਾਜ ਦੀ ਰਾਜਧਾਨੀ ਬੰਗਲੁਰੂ ਨਾਲ ਜੋੜੇਗੀ। ਇਸ ਨਾਲ ਖੇਤਰ ਦੇ ਸੈਲਾਨੀਆਂ, ਵਿਦਿਆਰਥੀਆਂ, ਉਦਯੋਗਪਤੀਆਂ ਆਦਿ ਨੂੰ ਬਹੁਤ ਫਾਇਦਾ ਹੋਵੇਗਾ।
ਗੋਆ (ਮਡਗਾਓਂ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਗੋਆ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਹੋਵੇਗੀ। ਇਹ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਅਤੇ ਗੋਆ ਦੇ ਮਡਗਾਓਂ ਸਟੇਸ਼ਨ ਦੇ ਵਿਚਕਾਰ ਚਲੇਗੀ ਅਤੇ ਇਸ ਨਾਲ ਗੋਆ ਅਤੇ ਮਹਾਰਾਸ਼ਟਰ ਦੋਹਾਂ ਦੇ ਹੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।
*****
ਡੀਐੱਸ/ਐੱਸਟੀ