ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਮਾਰਚ, 2023 ਨੂੰ ਕਰਨਾਟਕ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 10:45 ਵਜੇ ਚਿੱਕਬੱਲਾਪੁਰ ਵਿੱਚ ਸ਼੍ਰੀ ਮਧੁਸੂਦਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 1 ਵਜੇ ਬੰਗਲੁਰੂ ਮੈਟਰੋ ਦੀ ਵ੍ਹਾਈਟਫੀਲਡ (ਕਾਦੁਗੋਡੀ) ਤੋਂ ਕ੍ਰਿਸ਼ਣਰਾਜਪੁਰਾ ਮੈਟਰੋ ਲਾਈਨ ਦਾ ਉਦਘਾਟਨ ਕਰਨਗੇ ਅਤੇ ਮੈਟਰੋ ਵਿੱਚ ਸਵਾਰੀ ਵੀ ਕਰਨਗੇ।
ਪ੍ਰਧਾਨ ਮੰਤਰੀ ਚਿੱਕਾਬੱਲਾਪੁਰ ਵਿੱਚ
ਵਿਦਿਆਰਥੀਆਂ ਨੂੰ ਨਵੇਂ ਅਵਸਰਾਂ ਦਾ ਲਾਭ ਉਠਾਉਣ ਅਤੇ ਇਸ ਖੇਤਰ ਵਿੱਚ ਸੁਲਭ ਅਤੇ ਸਸਤੀ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਣ ਵਾਲੀ ਇੱਕ ਪਹਿਲ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਮਧੁਸੂਦਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (ਐੱਸਐੱਮਐੱਸਆਈਐੱਮਐੱਸਆਰ) ਦਾ ਉਦਘਾਟਨ ਕਰਨਗੇ। ਇਹ ਸੰਸਥਾਨ ਸ਼੍ਰੀ ਸਤਥਯ ਸਾਈ ਯੂਨੀਵਰਸਿਟੀ ਫਾਰ ਹਿਊਮਨ ਐਕਸੀਲੈਂਸ ਦੁਆਰਾ ਚਿੱਕਬੱਲਾਪੁਰ ਦੇ ਮੁੱਦੇਨਹੱਲੀ ਵਿੱਚ ਸਤਥਯ ਸਾਈ ਗ੍ਰਾਮ ਵਿੱਚ ਸਥਾਪਿਤ ਕੀਤਾ ਗਿਆ ਹੈ। ਇੱਕ ਗ੍ਰਾਮੀਣ ਖੇਤਰ ਵਿੱਚ ਸਥਿਤ ਅਤੇ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾ ਦੇ ਗ਼ੈਰ-ਵਪਾਰੀਕਰਨ ਦੀ ਦ੍ਰਿਸ਼ਟੀ ਨਾਲ ਸਥਾਪਿਤ, ਐੱਸਐੱਮਐੱਸਆਈਐੱਮਐੱਸਆਰ ਸਾਰਿਆਂ ਨੂੰ ਪੂਰੀ ਤਰ੍ਹਾਂ ਨਾਲ ਮੁਫ਼ਤ ਮੈਡੀਕਲ ਸਿੱਖਿਆ ਅਤੇ ਗੁਣਵੱਤਾਪੂਰਣ ਮੈਡੀਕਲ ਦੇਖਭਾਲ਼ ਦੀ ਸੁਵਿਧਾ ਪ੍ਰਦਾਨ ਕਰੇਗਾ। ਇਹ ਸੰਸਥਾਨ ਵਿੱਦਿਅਕ ਸਾਲ 2023 ਤੋਂ ਆਪਣਾ ਕੰਮਕਾਜ ਸ਼ੁਰੂ ਕਰ ਦੇਵੇਗਾ।
ਪ੍ਰਧਾਨ ਮੰਤਰੀ ਬੰਗਲੁਰੂ ਵਿੱਚ
ਪ੍ਰਧਾਨ ਮੰਤਰੀ ਦਾ ਦੇਸ਼ ਭਰ ਵਿੱਚ ਸ਼ਹਿਰੀ ਆਵਾਗਮਨ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਰਿਹਾ ਹੈ। ਇਸ ਦੇ ਅਨੁਰੂਪ, ਪ੍ਰਧਾਨ ਮੰਤਰੀ ਦੁਆਰਾ ਬੰਗਲੁਰੂ ਮੈਟਰੋ ਫੇਜ਼-2 ਦੇ ਤਹਿਤ ਰੀਚ-1 ਵਿਸਤਾਰ ਪ੍ਰੋਜੈਕਟ ਦੀ 13.71 ਕਿਲੋਮੀਟਰ ਲੰਮੀ ਵ੍ਹਾਈਟਫੀਲਡ (ਕਾਦੁਗੋਡੀ) ਮੈਟਰੋ ਤੋਂ ਕ੍ਰਿਸ਼ਣਰਾਜਪੁਰਾ ਮੈਟਰੋ ਲਾਈਨ ਦਾ ਉਦਘਾਟਨ ਵ੍ਹਾਈਟਫੀਲਡ (ਕਾਦੁਗੋਡੀ) ਮੈਟਰੋ ਸਟੇਸ਼ਨ ‘ਤੇ ਕੀਤਾ ਜਾਵੇਗਾ। ਲਗਭਗ 4250 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ, ਇਸ ਮੈਟਰੋ ਲਾਈਨ ਦੇ ਉਦਘਾਟਨ ਨਾਲ ਬੰਗਲੁਰੂ ਵਿੱਚ ਯਾਤਰੀਆਂ ਨੂੰ ਇੱਕ ਸਵੱਛ, ਸੁਰੱਖਿਅਤ, ਤੇਜ਼ ਅਤੇ ਆਰਾਮਦਾਇਕ ਯਾਤਰਾ ਦੀ ਸੁਵਿਧਾ ਮਿਲੇਗੀ। ਇਸ ਨਾਲ ਆਵਾਗਮਨ ਵਿੱਚ ਹੋਰ ਅਸਾਨੀ ਹੋਵੇਗੀ ਅਤੇ ਸ਼ਹਿਰ ਵਿੱਚ ਟ੍ਰੈਫਿਕ ਦੀ ਭੀੜ ਘੱਟ ਹੋਵੇਗੀ।
*****
ਡੀਐੱਸ/ਐੱਸਟੀ