Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 22 ਜਨਵਰੀ, 2019 ਨੂੰ ਵਾਰਾਣਸੀ ਵਿਖੇ 15ਵੀਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੱਲ੍ਹ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀ 15ਵੀਂ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਕਨਵੈਨਸ਼ਨ ਦਾ ਉਦਘਾਟਨ ਕਰਨਗੇ।

ਪਹਿਲੀ ਵਾਰੀ ਇਹ ਤਿੰਨ ਦਿਨਾ ਕਨਵੈਸ਼ਨ ਵਾਰਾਣਸੀ ਵਿੱਚ 21ਤੋਂ 23 ਜਨਵਰੀ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪੀਬੀਡੀ ਕਨਵੈਨਸ਼ਨ 2019 ਦਾ ਵਿਸ਼ਾ ”ਨਿਊ ਇੰਡੀਆ ਦੇ ਨਿਰਮਾਣ ਵਿੱਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ” ਹੋਵੇਗਾ।

ਕੁੰਭ ਮੇਲੇ ਅਤੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਪ੍ਰਵਾਸੀ ਭਾਰਤੀਆਂ ਦੀ ਇੱਛਾ ਦਾ ਸਨਮਾਨ ਕਰਦਿਆਂ, 15ਵੀਂ ਪੀਬੀਡੀ ਕਨਵੈਨਸ਼ਨ 9 ਜਨਵਰੀ ਦੀ ਥਾਂ 21 ਤੋਂ 23 ਜਨਵਰੀ 2019 ਨੂੰ ਕੀਤੀ ਜਾ ਰਹੀ ਹੈ। ਕਨਵੈਨਸ਼ਨ ਤੋਂ ਬਾਅਦ ਪ੍ਰਤੀਭਾਗੀ 24 ਜਨਵਰੀ ਨੂੰ ਪ੍ਰਯਾਗਰਾਜ ਵਿਖੇ ਕੁੰਭ ਮੇਲਾ ਦੇਖਣ ਜਾਣਗੇ। ਉਸ ਤੋਂ ਬਾਅਦ ਉਹ 25 ਜਨਵਰੀ ਨੂੰ ਦਿੱਲੀ ਪਹੁੰਚ ਕੇ ਉਥੇ 26 ਜਨਵਰੀ 2019 ਨੂੰ ਗਣਤੰਤਰ ਦਿਵਸ ਦੀ ਪਰੇਡ ਦੇਖਣਗੇ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਵਿੰਦ ਜਗਨਾਥ ਇਸ ਪੀਬੀਡੀ ਕਨਵੈਨਸ਼ਨ ਦੇ ਮੁੱਖ ਮਹਿਮਾਨ ਹੋਣਗੇ। ਨਾਰਵੇ ਦੀ ਸੰਸਦ ਦੇ ਮੈਂਬਰ ਸ੍ਰੀ ਹਿਮਾਂਸ਼ੂ ਗੁਲਾਟੀ ਇਸ ਕਨਵੈਨਸ਼ਨ ਦੇ ਵਿਸ਼ੇਸ਼ ਮਹਿਮਾਨ ਹੋਣਗੇ ਜਦਕਿ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਸ੍ਰੀ ਕੰਵਲਜੀਤ ਸਿੰਘ ਬਖਸ਼ੀ ਪੀਬੀਡੀ ਦੇ 15ਵੇਂ ਐਡੀਸ਼ਨ ਦੇ ਸਨਮਾਨਤ ਮਹਿਮਾਨ ਹੋਣਗੇ।

ਇਸ ਐਡੀਸ਼ਨ ਦੇ ਮੁੱਖ ਪ੍ਰੋਗਰਾਮ-

21 ਜਨਵਰੀ 2019—ਯੂਥ ਪ੍ਰਵਾਸੀ ਭਾਰਤੀਯ ਦਿਵਸ-ਇਸ ਪ੍ਰੋਗਰਾਮ ਵਿੱਚ ਵਿਦੇਸ਼ਾਂ ਵਿੱਚ ਵਸੇ ਨੌਜਵਾਨ ਪ੍ਰਵਾਸੀ ਭਾਰਤੀਆਂ ਨੂੰ ਨਵੇਂ ਭਾਰਤ ‘ਤੇ ਧਿਆਨ ਦੇਣ ਦਾ ਮੌਕਾ ਮਿਲੇਗਾ।

22 ਜਨਵਰੀ 2019—ਪ੍ਰਧਾਨ ਮੰਤਰੀ ਵਲੋਂ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਦੀ ਹਾਜ਼ਰੀ ਵਿੱਚ ਪੀਬੀਡੀ ਕਨਵੈਨਸ਼ਨ ਦਾ ਉਦਘਾਟਨ ਕੀਤਾ ਜਾਵੇਗਾ।

23 ਜਨਵਰੀ 2019—ਸਮਾਪਤੀ ਸੈਸ਼ਨ ਹੋਵੇਗਾ ਅਤੇ ਭਾਰਤ ਦੇ ਰਾਸ਼ਟਰਪਤੀ ਵਲੋਂ ਪ੍ਰਵਾਸੀ ਭਾਰਤੀ ਅਵਾਰਡ ਦਿੱਤੇ ਜਾਣਗੇ।

ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸੈਸ਼ਨ ਸੰਪੂਰਨ ਹੋਣਗੇ। ਸ਼ਾਮ ਵੇਲੇ ਸਭਿਆਚਾਰਕ ਪ੍ਰੋਗਰਾਮ ਹੋਣਗੇ।

ਪ੍ਰਵਾਸੀ ਭਾਰਤੀਯ ਦਿਵਸ ਬਾਰੇ-

ਪ੍ਰਵਾਸੀ ਭਾਰਤੀ ਦਿਵਸ (ਪੀਬੀਡੀ) ਮਨਾਉਣ ਦਾ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਲਿਆ ਗਿਆ ਸੀ।

ਪਹਿਲਾ ਪੀਬੀਡੀ 9 ਜਨਵਰੀ 2003 ਨੂੰ ਨਵੀਂ ਦਿੱਲੀ ਵਿੱਚ ਮਨਾਇਆ ਗਿਆ ਸੀ। ਪੀਬੀਡੀ ਮਨਾਉਣ ਲਈ ਜਨਵਰੀ 9 ਦੀ ਚੋਣ ਇਸ ਲਈ ਕੀਤੀ ਗਈ ਸੀ ਕਿ ਮਹਾਤਮਾ ਗਾਂਧੀ ਇਸ ਦਿਨ 1915 ਨੂੰ ਦੱਖਣੀ ਅਫਰੀਕਾ ਤੋਂ ਭਾਰਤ ਪਰਤੇ ਸਨ।

ਪੀਬੀਡੀ ਹੁਣ ਦੋ ਸਾਲ ਵਿੱਚ ਇਕ ਵਾਰੀ ਮਨਾਇਆ ਜਾਂਦਾ ਹੈ ਅਤੇ ਇਸ ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਅਜਿਹਾ ਮੰਚ ਮੁਹੱਈਆ ਹੁੰਦਾ ਹੈ ਜਿੱਥੋਂ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜ ਸਕਦੇ ਹਨ। ਕਨਵੈਨਸ਼ਨ ਦੌਰਾਨ, ਪ੍ਰਵਾਸੀ ਭਾਰਤੀ ਪੁਰਸਕਾਰ ਵਿਦੇਸ਼ਾਂ ਵਿੱਚ ਵਸੇ ਚੋਣਵੇਂ ਭਾਰਤੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਪ੍ਰਦਾਨ ਕੀਤਾ ਜਾਂਦਾ ਹੈ।

14ਵਾਂ ਪੀਬੀਡੀ 7-9 ਜਨਵਰੀ 2017 ਨੂੰ ਕਰਨਾਟਕ ਦੇ ਬੰਗਲੁਰੂ ਵਿਖੇ ਹੋਇਆ ਸੀ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤਾ ਗਿਆ ਸੀ। ਉਸ ਦਾ ਵਿਸ਼ਾ ”ਪ੍ਰਵਾਸੀ ਭਾਰਤੀਆਂ ਨਾਲ ਸਬੰਧਾਂ ਨੂੰ ਮੁੜ ਪ੍ਰੀਭਾਸ਼ਿਤ ਕਰਨਾ” ਸੀ। ਉਸ ਵੇਲੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਕਿਹਾ ਸੀ ਕਿ ਪ੍ਰਵਾਸੀ ਭਾਰਤੀ, ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਆਪਣੇ ਯੋਗਦਾਨ ਕਾਰਨ ਹੀ ਸਨਮਾਨੇ ਜਾਂਦੇ ਹਨ। ਉਨ੍ਹਾਂ ਪ੍ਰਵਾਸੀ ਭਾਰਤੀਆਂ ਨਾਲ ਲਗਾਤਾਰ ਸਬੰਧਾਂ ਦੀ ਮਹੱਤਤਾ ਨੂੰ ਸਰਕਾਰ ਲਈ ਪ੍ਰਾਥਮਿਕਤਾ ਦੇ ਮੁੱਖ ਖੇਤਰ ਵਜੋਂ ਉਜਾਗਰ ਕੀਤਾ।

ਏਕੇਟੀ/ਕੇਪੀ