ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ’ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ–ਪੱਥਰ ਰੱਖਣਗੇ। ਇਨ੍ਹਾਂ ਵਿੱਚੋਂ ਜਿਹੜੇ ਪ੍ਰੋਜੈਕਟਾਂ ਦਾ ਉਦਘਾਟਨ ਹੋਣਾ ਹੈ, ਉਨ੍ਹਾਂ ਵਿੱਚ ਸੋਮਨਾਥ ਸੈਰਗਾਹ, ਸੋਮਨਾਥ ਪ੍ਰਦਰਸ਼ਨੀ ਕੇਂਦਰ ਅਤੇ ਪੁਰਾਣੇ (ਜੂਨਾ) ਸੋਮਨਾਥ ਖੇਤਰ ਵਿੱਚ ਮੁੜ–ਉਸਾਰਿਆ ਗਿਆ ਮੰਦਿਰ ਸ਼ਾਮਲ ਹਨ। ਪ੍ਰਧਾਨ ਮੰਤਰੀ ਇਸ ਸਮਾਰੋਹ ਦੌਰਾਨ ਸ਼੍ਰੀ ਪਾਰਵਤੀ ਮੰਦਿਰ ਦਾ ਨੀਂਹ ਪੱਥਰ ਵੀ ਰੱਖਣਗੇ।
ਸੋਮਨਾਥ ਸੈਰਗਾਹ ਨੂੰ ‘ਪ੍ਰਸ਼ਾਦ’ (PRASHAD) (ਪਿਲਗ੍ਰਿਮੇਜ ਰੀਜੁਵੇਨੇਸ਼ਨ ਐਂਡ ਸਪਿਰਿਚੁਅਲ, ਹੈਰਿਟੇਜ ਔਗਮੈਂਟੇਸ਼ਨ ਡ੍ਰਾਈਵ) ਯੋਜਨਾ ਦੇ ਤਹਿਤ ਕੁੱਲ 47 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਸੋਮਨਾਥ ਪ੍ਰਦਰਸ਼ਨੀ ਕੇਂਦਰ ਨੂੰ ‘ਟੂਰਿਸਟ ਫ਼ੈਸਿਲੀਟੇਸ਼ਨ ਸੈਂਟਰ’ ਦੇ ਵਿਹੜੇ ਵਿੱਚ ਵਿਕਸਿਤ ਕੀਤਾ ਗਿਆ ਹੈ, ਜੋ ਪੁਰਾਣੇ ਸੋਮਨਾਥ ਮੰਦਿਰ ਦੇ ਵਿਖੰਡਿਤ ਹੋਏ ਹਿੱਸੇ ਤੇ ਉਸ ਦੀ ਮੂਰਤੀ–ਕਲਾ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਨ੍ਹਾਂ ਦੀ ਵਾਸਤੂ–ਕਲਾ ਪੁਰਾਣੇ ਸੋਮਨਾਥ ਦੀ ਨਾਗਰ ਸ਼ੈਲੀ ਵਾਲੀ ਹੈ।
ਪੁਰਾਣੇ (ਜੂਨਾ) ਸੋਮਨਾਥ ਦੇ ਪੁਨਰ ਨਿਰਮਾਣ ਵਾਲੇ ਮੰਦਿਰ ਦੇ ਖੇਤਰ ਨੂੰ ਸ਼੍ਰੀ ਸੋਮਨਾਥ ਟਰੱਸਟ ਦੁਆਰਾ 3.5 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਪੂਰਾ ਕੀਤਾ ਗਿਆ ਹੈ। ਇਸ ਮੰਦਿਰ ਨੂੰ ਅਹਿੱਲਿਆਬਾਈ ਮੰਦਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਇੰਦੌਰ ਦੀ ਰਾਣੀ ਅਹਿੱਲਿਆਬਾਈ ਨੇ ਤਦ ਬਣਾਇਆ ਸੀ, ਜਦੋਂ ਉਸ ਨੇ ਦੇਖਿਆ ਕਿ ਪੁਰਾਣਾ ਮੰਦਿਰ ਖੰਡਰ ਬਣ ਚੁੱਕਾ ਸੀ। ਸਮੁੱਚੇ ਪੁਰਾਣੇ ਮੰਦਿਰ ਕੰਪਲੈਕਸ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਵਧਾਈ ਗਈ ਸਮਰੱਥਾ ਲਈ ਸੰਪੂਰਨ ਰੂਪ ਵਿੱਚ ਮੁੜ ਵਿਕਸਿਤ ਕੀਤਾ ਗਿਆ ਹੈ।
ਸ਼੍ਰੀ ਪਾਰਵਤੀ ਮੰਦਿਰ ਦਾ ਨਿਰਮਾਣ 30 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਕਰਨ ਦਾ ਪ੍ਰਸਤਾਵ ਹੈ। ਇਸ ਵਿੱਚ ਸੋਮਪੁਰਾ ਸਲਾਟ ਸ਼ੈਲੀ ਵਿੱਚ ਮੰਦਿਰ ਨਿਰਮਾਣ, ਗਰਭ ਗ੍ਰਹਿ ਅਤੇ ਨ੍ਰਿਤਯ ਮੰਡਪ ਦਾ ਵਿਕਾਸ ਸ਼ਾਮਲ ਹੋਵੇਗਾ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਟੂਰਿਜ਼ਮ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
****
ਡੀਐੱਸ/ਐੱਸਐੱਚ