ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਗਸਤ, 2021 ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਈ–ਰੂਪੀ’ ਲਾਂਚ ਕਰਨਗੇ, ਜੋ ਸਹੀ ਅਰਥਾਂ ’ਚ ਵਿਅਕਤੀ–ਵਿਸ਼ੇਸ਼ ਤੇ ਉਦੇਸ਼–ਵਿਸ਼ੇਸ਼ ਡਿਜੀਟਲ ਪੇਮੈਂਟ ਸੌਲਿਊਸ਼ਨ ਹੈ।
ਪ੍ਰਧਾਨ ਮੰਤਰੀ ਨੇ ਸਦਾ ਹੀ ਡਿਜੀਟਲ ਪਹਿਲਾਂ ਨੂੰ ਵਿਆਪਕ ਪ੍ਰੋਤਸਾਹਨ ਦਿੱਤਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਹ ਯਕੀਨੀ ਬਣਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਕਿ ਜਿਸ ਵੀ ਲਾਭ ਨੂੰ ਦੱਸੇ ਗਏ ਲਾਭਾਰਥੀਆਂ ਤੱਕ ਪਹੁੰਚਾਉਣਾ ਹੈ, ਉਹ ਟੀਚਾਗਤ ਤੇ ਬਿਨਾ ਕਿਸੇ ਲੀਕੇਜ ਵਾਲੇ ਤਰੀਕੇ ਹੀ ਉਨ੍ਹਾਂ ਤੱਕ ਪੁੱਜੇ। ਇਸ ਤਰ੍ਹਾ ਦੀ ਵਿਲੱਖਣ ਸੁਵਿਧਾ ਅਧੀਨ ਸਰਕਾਰ ਅਤੇ ਲਾਭਾਰਥੀ ਵਿਚਾਲੇ ਸਿਰਫ਼ ਕੁਝ ਹੀ ‘ਟਚ–ਪੁਆਇੰਟ’ ਹੁੰਦੇ ਹਨ। ਇਸ ਦੇ ਤਹਿਤ ਇਲੈਕਟ੍ਰੌਨਿਕ ਵਾਊਚਰ ਦੀ ਧਾਰਨਾ ਸੁਸ਼ਾਸਨ ਦੀ ਇਸ ਦੂਰ–ਦ੍ਰਿਸ਼ਟੀ ਨੂੰ ਅੱਗੇ ਵਧਾਉਂਦੀ ਹੈ।
ਈ–ਰੂਪੀ ਬਾਰੇ
ਈ–ਰੂਪੀ ਡਿਜੀਟਲ ਭੁਗਤਾਨ ਲਈ ਇੱਕ ਕੈਸ਼ਲੈੱਸ ਤੇ ਸੰਪਰਕ–ਰਹਿਤ ਮਾਧਿਅਮ ਹੈ। ਇਹ ਇੱਕ ਕਿਊਆਰ ਕੋਡ ਜਾਂ ਐੱਸਐੱਮਐੱਸ ਸਟਿੰਗ–ਅਧਾਰਿਤ ਈ–ਵਾਊਚਰ ਹੈ, ਜਿਸ ਨੂੰ ਲਾਭਾਰਥੀਆਂ ਦੇ ਮੋਬਾਇਲ ਉੱਤੇ ਪਹੁੰਚਾਇਆ ਜਾਂਦਾ ਹੈ। ਇਸ ਬੇਰੋਕ ਇੱਕਮੁਸ਼ਤ ਭੁਗਤਾਨ ਵਿਵਸਥਾ ਦੇ ਵਰਤੋਂਕਾਰ ਆਪਣੇ ਸੇਵਾ ਪ੍ਰਦਾਤਾ ਦੇ ਕੇਂਦਰ ਉੱਤੇ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਅਕਸੈੱਸ ਤੋਂ ਬਗ਼ੈਰ ਹੀ ਵਾਊਚਰ ਦੀ ਰਾਸ਼ੀ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ। ਇਸ ਨੂੰ ‘ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਵ੍ ਇੰਡੀਆ’ ਨੇ ਆਪਣੇ ਯੂਪੀਆਈ ਪਲੈਟਫਾਰਮ ਉੱਤੇ ਵਿੱਤੀ ਸੇਵਾ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਤੇ ਰਾਸ਼ਟਰੀ ਸਿਹਤ ਅਥਾਰਿਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।
ਈ–ਰੂਪੀ ਬਿਨਾ ਕਿਸੇ ਫ਼ਿਜ਼ੀਕਲ ਇੰਟਰਫ਼ੇਸ ਦੇ ਡਿਜੀਟਲ ਤਰੀਕੇ ਨਾਲ ਲਾਭਾਰਥੀਆਂ ਤੇ ਸੇਵਾ–ਪ੍ਰਦਾਤਿਆਂ ਨਾਲ ਸੇਵਾਵਾਂ ਦੇ ਸਪਾਂਸਰਾਂ ਨੂੰ ਜੋੜਦਾ ਹੈ। ਇਸ ਦੇ ਤਹਿਤ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਲੈਣ–ਦੇਣ ਮੁਕੰਮਲ ਹੋਣ ਤੋਂ ਬਾਅਦ ਹੀ ਸੇਵਾ–ਪ੍ਰਦਾਤਾ ਨੂੰ ਭੁਗਤਾਨ ਕੀਤਾ ਜਾਵੇ। ਪ੍ਰੀ–ਪੇਡ ਹੋਣ ਕਾਰਣ ਸੇਵਾ–ਪ੍ਰਦਾਤਾ ਨੂੰ ਕਿਸੇ ਵਿਚੋਲੇ ਦੇ ਦਖ਼ਲ ਤੋਂ ਬਗ਼ੈਰ ਹੀ ਸਹੀ ਸਮੇਂ ’ਤੇ ਭੁਗਤਾਨ ਸੰਭਵ ਹੋ ਜਾਂਦਾ ਹੈ।
ਆਸ ਹੈ ਕਿ ਇਹ ਡਿਜੀਟਲ ਪੇਮੈਂਟ ਸੌਲਿਊਸ਼ਨ ਕਲਿਆਣਕਾਰੀ ਸੇਵਾਵਾਂ ਦੀ ਭ੍ਰਿਸ਼ਟਾਚਾਰ–ਮੁਕਤ ਸਪਲਾਈ ਯਕੀਨੀ ਬਣਾਉਣ ਦੀ ਦਿਸ਼ਾ ’ਚ ਇੱਕ ਕ੍ਰਾਂਤੀਕਾਰੀ ਪਹਿਲ ਸਿੱਧ ਹੋਵੇਗਾ। ਇਸ ਦਾ ਉਪਯੋਗ ਜੱਚਾ ਅਤੇ ਬੱਚਾ ਭਲਾਈ ਯੋਜਨਾਵਾਂ ਅਧੀਨ ਦਵਾਈਆਂ ਤੇ ਪੋਸ਼ਣ ਸਬੰਧੀ ਸਹਾਇਤਾ, ਟੀਬੀ (ਤਪੇਦਿਕ) ਦੇ ਖ਼ਾਤਮੇ ਨਾਲ ਸਬੰਧਿਤ ਪ੍ਰੋਗਰਾਮਾਂ, ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਜਿਹੀਆਂ ਸਕੀਮਾਂ ਅਧੀਨ ਦਵਾਈਆਂ ਤੇ ਡਾਇਓਗਨੌਸਿਸ, ਖਾਦਾਂ ਲਈ ਸਬਸਿਡੀ ਆਦਿ ਦੇਣ ਦੀਆਂ ਯੋਜਨਾਵਾਂ ਅਧੀਨ ਸੇਵਾਵਾਂ ਉਪਲਬਧ ਕਰਵਾਉਣ ’ਚ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਨਿਜੀ ਖੇਤਰ ਵੀ ਆਪਣੇ ਕਰਮਚਾਰੀਆਂ ਦੀ ਭਲਾਈ ਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੇ ਪ੍ਰੋਗਰਾਮਾਂ ਅਧੀਨ ਇਨ੍ਹਾਂ ਡਿਜੀਟਲ ਵਾਊਚਰਸ ਦਾ ਉਪਯੋਗ ਕਰ ਸਕਦਾ ਹੈ।
************
ਡੀਐੱਸ/ਵੀਜੇ/ਏਕੇ