ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜੁਲਾਈ ਨੂੰ ਸਵੇਰੇ ਸਾਢੇ 10 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ, ਪੋਰਟ ਬਲੇਅਰ ਦੀ ਨਵੀਂ ਇੰਟੀਗ੍ਰੇਟਿਡ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨਗੇ।
ਸਰਕਾਰ ਦਾ ਮੁੱਖ ਫੋਕਸ ਕਨੈਕਟੀਵਿਟੀ ਬੁਨਿਆਦੀ ਢਾਂਚੇ ਨੂੰ ਵਧਾਉਣ ‘ਤੇ ਰਿਹਾ ਹੈ। ਲਗਭਗ 710 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਦਾ ਉਦਘਾਟਨ ਟਾਪੂ ਯੂਟੀ ਦੀ ਕਨੈਕਟੀਵਿਟੀ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਲਗਭਗ 40,800 ਵਰਗ ਮੀਟਰ ਦੇ ਕੁੱਲ ਬਿਲਟ-ਅੱਪ ਖੇਤਰ ਦੇ ਨਾਲ, ਨਵੀਂ ਟਰਮੀਨਲ ਇਮਾਰਤ ਸਾਲਾਨਾ ਲਗਭਗ 50 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੋਵੇਗੀ। ਪੋਰਟ ਬਲੇਅਰ ਹਵਾਈ ਅੱਡੇ ‘ਤੇ 80 ਕਰੋੜ ਰੁਪਏ ਦੀ ਲਾਗਤ ਨਾਲ ਦੋ ਬੋਇੰਗ-767-400 ਅਤੇ ਦੋ ਏਅਰਬੱਸ-321 ਕਿਸਮ ਦੇ ਜਹਾਜ਼ਾਂ ਲਈ ਢੁਕਵਾਂ ਇੱਕ ਏਪਰਨ ਵੀ ਬਣਾਇਆ ਗਿਆ ਹੈ, ਜਿਸ ਨਾਲ ਹਵਾਈ ਅੱਡਾ ਹੁਣ ਇੱਕੋ ਸਮੇਂ ਵਿੱਚ 10 ਹਵਾਈ ਜਹਾਜ਼ਾਂ ਦੀ ਪਾਰਕਿੰਗ ਲਈ ਢੁਕਵਾਂ ਬਣ ਗਿਆ ਹੈ।
ਕੁਦਰਤ ਤੋਂ ਪ੍ਰੇਰਿਤ, ਹਵਾਈ ਅੱਡੇ ਦੇ ਟਰਮੀਨਲ ਦਾ ਆਰਕੀਟੈਕਚਰਲ ਡਿਜ਼ਾਇਨ ਸਮੁੰਦਰ ਅਤੇ ਟਾਪੂਆਂ ਨੂੰ ਦਰਸਾਉਂਦੀ ਸ਼ੰਖ ਦੇ ਆਕਾਰ ਦੀ ਬਣਤਰ ਜਿਹਾ ਹੈ। ਨਵੀਂ ਏਅਰਪੋਰਟ ਟਰਮੀਨਲ ਇਮਾਰਤ ਵਿੱਚ, ਗਰਮੀ ਦੇ ਵਾਧੇ ਨੂੰ ਘਟਾਉਣ ਲਈ ਡਬਲ ਇੰਸੂਲੇਟਿਡ ਰੂਫਿੰਗ ਸਿਸਟਮ, ਇਮਾਰਤ ਦੇ ਅੰਦਰ ਨਕਲੀ ਰੋਸ਼ਨੀ ਦੀ ਵਰਤੋਂ ਨੂੰ ਘਟਾਉਣ ਲਈ ਦਿਨ ਦੇ ਸਮੇਂ ਦੌਰਾਨ ਕੁਦਰਤੀ ਸੂਰਜ ਦੀ ਭਰਪੂਰ ਰੌਸ਼ਨੀ ਦਾ ਵੱਧ ਤੋਂ ਵੱਧ ਪ੍ਰਵੇਸ਼ ਪ੍ਰਦਾਨ ਕਰਨ ਲਈ ਸਕਾਈਲਾਈਟਾਂ, ਐੱਲਈਡੀ ਰੋਸ਼ਨੀ, ਘੱਟ ਗਰਮੀ ਵਾਲੀ ਗਲੇਜ਼ਿੰਗ ਸਮੇਤ ਕਈ ਸਥਿਰਤਾ ਵਿਸ਼ੇਸ਼ਤਾਵਾਂ ਹਨ। ਜ਼ਮੀਨਦੋਜ਼ ਪਾਣੀ ਦੀ ਟੈਂਕੀ ਵਿੱਚ ਰੇਨ ਵਾਟਰ ਹਾਰਵੈਸਟਿੰਗ, ਲੈਂਡਸਕੇਪਿੰਗ ਲਈ 100% ਟ੍ਰੀਟਡ ਗੰਦੇ ਪਾਣੀ ਦੀ ਦੁਬਾਰਾ ਵਰਤੋਂ ਲਈ ਔਨ-ਸਾਈਟ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ 500 ਕਿਲੋਵਾਟ ਸਮਰੱਥਾ ਵਾਲਾ ਸੋਲਰ ਪਾਵਰ ਪਲਾਂਟ ਟਰਮੀਨਲ ਬਿਲਡਿੰਗ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਹਨ ਜੋ ਟਾਪੂਆਂ ਦੇ ਵਾਤਾਵਰਣ ‘ਤੇ ਘੱਟੋ-ਘੱਟ ਨਕਾਰਾਤਮਕ ਪ੍ਰਭਾਵ ਨੂੰ ਯਕੀਨੀ ਬਣਾਉਂਦੀਆਂ ਹਨ।
ਅੰਡੇਮਾਨ ਅਤੇ ਨਿਕੋਬਾਰ ਦੇ ਪ੍ਰਾਚੀਨ ਟਾਪੂਆਂ ਦੇ ਗੇਟਵੇਅ ਵਜੋਂ, ਪੋਰਟ ਬਲੇਅਰ ਸੈਲਾਨੀਆਂ ਲਈ ਇੱਕ ਲੋਕਪ੍ਰਿਅ ਸਥਾਨ ਹੈ। ਵਿਸ਼ਾਲ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਹਵਾਈ ਆਵਾਜਾਈ ਨੂੰ ਹੁਲਾਰਾ ਦੇਵੇਗੀ ਅਤੇ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗੀ। ਇਸ ਨਾਲ ਸਥਾਨਕ ਭਾਈਚਾਰੇ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਖੇਤਰ ਦੀ ਅਰਥਵਿਵਸਥਾ ਨੂੰ ਗਤੀ ਦੇਣ ਵਿੱਚ ਵੀ ਮਦਦ ਮਿਲੇਗੀ।
*******
ਡੀਐੱਸ/ਐੱਲਪੀ