ਦੇਸ਼ ਦੇ ਬੁਨਿਆਦੀ ਢਾਂਚਾ ਦ੍ਰਿਸ਼ ਨਾਲ ਜੁੜੀ ਇੱਕ ਇਤਿਹਾਸਿਕ ਘਟਨਾ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਕਤੂਬਰ, 2021 ਨੂੰ ਸਵੇਰੇ 11 ਵਜੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ‘ਚ ‘ਪੀਐੱਮ ਗਤੀਸ਼ਕਤੀ- ਮਲਟੀ ਮੋਡਲ ਕਨੈਕਟੀਵਿਟੀ ਲਈ ਰਾਸ਼ਟਰੀ ਮਾਸਟਰ–ਪਲੈਨ’ ਦੀ ਸ਼ੁਰੂਆਤ ਕਰਨਗੇ।
ਭਾਰਤ ‘ਚ ਬੁਨਿਆਦੀ ਢਾਂਚੇ ਜਾਂ ਬੁਨਿਆਦੀ ਢਾਂਚਾ ਸੁਵਿਧਾਵਾਂ ਦੇ ਨਿਰਮਾਣ ‘ਚ ਪਿਛਲੇ ਕਈ ਦਹਾਕਿਆਂ ਤੋਂ ਅਣਗਿਣਤ ਸਮੱਸਿਆਵਾਂ ਰਾਹ ‘ਚ ਆਉਂਦੀਆਂ ਰਹੀਆਂ ਹਨ। ਵਿਭਿੰਨ ਵਿਭਾਗਾਂ ਵਿਚਾਲੇ ਤਾਲਮੇਲ ਦੀ ਵੱਡਾ ਕਮੀ ਵੇਖੀ ਜਾਂਦੀ ਸੀ। ਉਦਾਹਰਣ ਵਜੋਂ ਇੱਕ ਵਾਰ ਕੋਈ ਸੜਕ ਬਣ ਜਾਣ ਤੋਂ ਬਾਅਦ ਹੋਰ ਏਜੰਸੀਆਂ ਜ਼ਮੀਨਦੋਜ਼ ਕੇਬਲ, ਗੈਸ ਪਾਈਪਲਾਈਨ ਆਦਿ ਵਿਛਾਉਣ ਜਿਹੀਆਂ ਗਤੀਵਿਧੀਆਂ ਲਈ ਬਣੀ ਸੜਕ ਨੂੰ ਮੁੜ ਪੁੱਟ ਦਿੰਦੀਆਂ ਸਨ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਭਾਰੀ ਅਸੁਵਿਧਾ ਹੁੰਦੀ ਸੀ, ਸਗੋਂ ਇਹ ਇੱਕ ਫ਼ਿਜ਼ੂਲਖ਼ਰਚੀ ਵੀ ਹੁੰਦੀ ਸੀ। ਇਸ ਸਮੱਸਿਆ ਦੇ ਹੱਲ ਲਈ ਆਪਸ ਵਿੱਚ ਤਾਲਮੇਲ ਵਧਾਉਣ ਦੇ ਠੋਸ ਕੋਸ਼ਿਸ਼ਾਂ ਕੀਤੀਆਂ ਗਈਆਂ, ਤਾਂ ਜੋ ਸਾਰੇ ਕੇਬਲ, ਪਾਈਪਲਾਈਨ ਆਦਿ ਇੱਕ ਵੇਲੇ ਵਿਛਾਈਆਂ ਜਾ ਸਕਣ। ਪ੍ਰਵਾਨਗੀ ਪ੍ਰਕਿਰਿਆ ‘ਚ ਕਾਫ਼ੀ ਸਮਾਂ ਲਗਣ, ਕਈ ਕਿਸਮ ਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਲੈਣ ਆਦਿ ਸਮੱਸਿਆਵਾਂ ਦੇ ਹੱਲ ਲਈ ਵੀ ਅਨੇਕ ਠੋਸ ਕਦਮ ਉਠਾਏ ਗਏ ਹਨ। ਪਿਛਲੇ ਸੱਤ ਸਾਲਾਂ ‘ਚ ਸਰਕਾਰ ਨੇ ਸਮੁੱਚੇ ਦ੍ਰਿਸ਼ਟੀਕੋਣ ਰਾਹੀਂ ਬੁਨਿਆਦੀ ਢਾਂਚਾ ਸੁਵਿਧਾਵਾਂ ਜਾਂ ਬੁਨਿਆਦੀ ਢਾਂਚੇ ਉੱਤੇ ਬੇਮਿਸਾਲ ਤਰੀਕੇ ਧਿਆਨ ਦੇਣਾ ਯਕੀਨੀ ਬਣਾਇਆ ਹੈ।
‘ਪ੍ਰਧਾਨ ਮੰਤਰੀ ਗਤੀਸ਼ਕਤੀ’ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਲਈ ਸਾਰੇ ਹਿੱਸੇਦਾਰਾਂ ਵਾਸਤੇ ਇੱਕ ਸੰਪੂਰਨ ਯੋਜਨਾ ਨੂੰ ਸੰਸਥਾਗਤ ਬਣਾ ਕੇ ਪਿਛਲੇ ਸਾਰੇ ਮੁੱਦਿਆਂ ਨੂੰ ਸੁਲਝਾਏਗੀ। ਇੱਕ ਦੂਸਰੇ ਤੋਂ ਅਲੱਗ ਥਲੱਗ ਹੋਣ ਦੀ ਯੋਜਨਾਬੰਦੀ ਅਤੇ ਡਿਜ਼ਾਈਨਿੰਗ ਦੀ ਬਜਾਏ, ਪ੍ਰੋਜੈਕਟਾਂ ਨੂੰ ਸਾਂਝੇ ਦ੍ਰਿਸ਼ਟੀਕੋਣ ਵਿੱਚ ਡਿਜ਼ਾਈਨ ਅਤੇ ਲਾਗੂ ਕੀਤਾ ਜਾਵੇਗਾ। ਇਹ ਵੱਖ-ਵੱਖ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੀਆਂ ਬੁਨਿਆਦੀ ਢਾਂਚਾ ਯੋਜਨਾਵਾਂ ਜਿਵੇਂ ਕਿ ਭਾਰਤਮਾਲਾ, ਸਾਗਰਮਾਲਾ, ਅੰਦਰੂਨੀ ਜਲ ਮਾਰਗਾਂ, ਖ਼ੁਸ਼ਕ/ਜ਼ਮੀਨੀ ਬੰਦਰਗਾਹਾਂ, ਉਡਾਣ, ਆਦਿ ਨੂੰ ਕਵਰ ਕਰੇਗਾ। ਟੈਕਸਟਾਈਲ ਕਲਸਟਰ, ਫਾਰਮਾਸਿਊਟੀਕਲ ਕਲਸਟਰ, ਡਿਫੈਂਸ ਕੌਰੀਡੋਰ, ਇਲੈਕਟ੍ਰੌਨਿਕ ਪਾਰਕ, ਇੰਡਸਟ੍ਰੀਅਲ ਕੌਰੀਡੋਰ, ਫਿਸ਼ਿੰਗ ਕਲਸਟਰ, ਐਗ੍ਰੀ ਜ਼ੋਨ ਵਰਗੇ ਆਰਥਿਕ ਖੇਤਰਾਂ ਨੂੰ ਕਨੈਕਟੀਵਿਟੀ ਵਿੱਚ ਸੁਧਾਰ ਲਿਆਉਣ ਅਤੇ ਭਾਰਤੀ ਕਾਰੋਬਾਰਾਂ ਨੂੰ ਹੋਰ ਪ੍ਰਤੀਯੋਗੀ ਬਣਾਉਣ ਲਈ ਕਵਰ ਕੀਤਾ ਜਾਵੇਗਾ। BISAG-N (ਭਾਸਕਰਾਚਾਰੀਆ ਨੈਸ਼ਨਲ ਇੰਸਟੀਟਿਊਟ ਆਵ੍ ਸਪੇਸ ਐਪਲੀਕੇਸ਼ਨਸ ਅਤੇ ਜੀਓ-ਇਨਫਾਰਮੈਟਿਕਸ) ਦੁਆਰਾ ਵਿਕਸਿਤ ਕੀਤੇ ਗਏ ਇਸਰੋ ਇਮੇਜਰੀ ਨਾਲ ਵੱਖ-ਵੱਖ ਤਕਨੀਕਾਂ ਦੀ ਵਿਆਪਕ ਵਰਤੋਂ ਵੀ ਹੋਵੇਗੀ।
ਪ੍ਰਧਾਨ ਮੰਤਰੀ ਗਤੀ–ਸ਼ਕਤੀ ਛੇ ਥੰਮ੍ਹਾਂ ‘ਤੇ ਅਧਾਰਿਤ ਹੈ:
ਵਿਆਪਕਤਾ: ਇਸ ਵਿੱਚ ਇੱਕ ਕੇਂਦਰੀ ਪੋਰਟਲ ਵਿੱਚ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਸਾਰੀਆਂ ਮੌਜੂਦਾ ਅਤੇ ਯੋਜਨਾਬੱਧ ਪਹਿਲਾਂ ਦੇ ਵੇਰਵੇ ਸ਼ਾਮਲ ਹੋਣਗੇ। ਹੁਣ ਹਰੇਕ ਵਿਭਾਗ ਕੋਲ ਵਿਆਪਕ ਯੋਜਨਾਬੰਦੀ ਅਤੇ ਪ੍ਰੋਜੈਕਟਾਂ ਦੇ ਅਮਲ ਦੇ ਦੌਰਾਨ ਮਹੱਤਵਪੂਰਨ ਡਾਟਾ ਦਾ ਆਦਾਨ–ਪ੍ਰਦਾਨ ਕਰਦਿਆਂ ਇੱਕ ਦੂਜੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਰੱਖਣ ਦੀ ਸੁਵਿਧਾ ਹੋਵੇਗੀ।
ਪ੍ਰਾਥਮਿਕਤਾ: ਇਸ ਦੁਆਰਾ, ਵੱਖ-ਵੱਖ ਵਿਭਾਗ ਵੱਖ-ਵੱਖ ਸੈਕਟਰਾਂ ਨਾਲ ਗੱਲਬਾਤ ਦੁਆਰਾ ਆਪਣੇ ਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ ਦੇਣ ਦੇ ਯੋਗ ਹੋਣਗੇ।
ਵੱਧ ਤੋਂ ਵੱਧ ਉਪਯੋਗਤਾ: ਇਹ ਰਾਸ਼ਟਰੀ ਮਾਸਟਰ ਪਲੈਨ ਵੱਖ-ਵੱਖ ਮੰਤਰਾਲਿਆਂ ਨੂੰ ਅਹਿਮ ਘਾਟਾਂ ਦੀ ਪਛਾਣ ਕਰਨ ਤੋਂ ਬਾਅਦ ਵੱਖ-ਵੱਖ ਪ੍ਰੋਜੈਕਟਾਂ ਦੀ ਯੋਜਨਾਬੰਦੀ ਵਿੱਚ ਸਹਾਇਤਾ ਕਰੇਗਾ। ਇਹ ਮਾਸਟਰ ਪਲੈਨ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਸਮੇਂ ਅਤੇ ਕੀਮਤ ਦੇ ਹਿਸਾਬ ਨਾਲ ਸਭ ਤੋਂ ਪ੍ਰਭਾਵਸ਼ਾਲੀ ਰਸਤਾ ਚੁਣਨ ਵਿੱਚ ਸਹਾਇਤਾ ਕਰੇਗਾ।
ਇਕਸੁਰਤਾ: ਵੱਖ-ਵੱਖ ਮੰਤਰਾਲੇ ਅਤੇ ਵਿਭਾਗ ਅਕਸਰ ਇੱਕ ਦੂਸਰੇ ਤੋਂ ਅਲੱਗ-ਥਲੱਗ ਹੋ ਕੇ ਕੰਮ ਕਰਦੇ ਹਨ। ਉਨ੍ਹਾਂ ਪ੍ਰੋਜੈਕਟਾਂ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਦੇ ਸਬੰਧ ਵਿੱਚ ਉਨ੍ਹਾਂ ਵਿੱਚ ਤਾਲਮੇਲ ਦੀ ਘਾਟ ਹੈ ਜਿਸ ਦੇ ਨਤੀਜੇ ਵਜੋਂ ਦੇਰੀ ਹੁੰਦੀ ਹੈ। ‘ਪ੍ਰਧਾਨ ਮੰਤਰੀ ਗਤੀ-ਸ਼ਕਤੀ’ ਹਰੇਕ ਵਿਭਾਗ ਦੀਆਂ ਗਤੀਵਿਧੀਆਂ ਦੇ ਵਿੱਚ ਸਮੁੱਚੀ ਸਦਭਾਵਨਾ ਲਿਆਉਣ ਦੇ ਨਾਲ-ਨਾਲ ਸ਼ਾਸਨ ਪ੍ਰਣਾਲੀ ਦੀਆਂ ਵੱਖ-ਵੱਖ ਪਰਤਾਂ ਵਿੱਚ ਕੰਮ ਦਾ ਤਾਲਮੇਲ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗੀ।
ਵਿਸ਼ਲੇਸ਼ਣਾਤਮਕ: ਇਹ ਮਾਸਟਰ ਪਲੈਨ ਜੀਆਈਐੱਸ ਅਧਾਰਿਤ ਸਥਾਨਕ ਯੋਜਨਾਬੰਦੀ ਅਤੇ ਵਿਸ਼ਲੇਸ਼ਣਾਤਮਕ ਸਾਧਨਾਂ ਦੁਆਰਾ 200 ਤੋਂ ਵੱਧ ਪਰਤਾਂ ਨਾਲ ਇੱਕ ਥਾਂ ਤੇ ਪੂਰਾ ਡਾਟਾ ਪ੍ਰਦਾਨ ਕਰੇਗਾ, ਜੋ ਲਾਗੂ ਕਰਨ ਵਾਲੀ ਏਜੰਸੀ ਨੂੰ ਇਸ ਦੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।
ਗਤੀਸ਼ੀਲਤਾ: ਸਾਰੇ ਮੰਤਰਾਲੇ ਅਤੇ ਵਿਭਾਗ ਹੁਣ ਜੀਆਈਐੱਸ ਪਲੈਟਫਾਰਮ ਰਾਹੀਂ ਵਿਭਿੰਨ ਖੇਤਰਾਂ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਕਲਪਨਾ, ਸਮੀਖਿਆ ਅਤੇ ਨਿਗਰਾਨੀ ਕਰਨ ਦੇ ਯੋਗ ਹੋਣਗੇ, ਕਿਉਂਕਿ ਉਪਗ੍ਰਹਿ ਚਿੱਤਰਣ ਜ਼ਮੀਨੀ ਤਰੱਕੀ ਅਤੇ ਇਸ ਅਨੁਸਾਰ ਪ੍ਰੋਜੈਕਟਾਂ ਬਾਰੇ ਸਮੇਂ-ਸਮੇਂ ‘ਤੇ ਜਾਣਕਾਰੀ ਪ੍ਰਦਾਨ ਕਰੇਗਾ। ਪੋਰਟਲ ‘ਤੇ ਨਿਯਮਤ ਤੌਰ ‘ਤੇ ਅੱਪਡੇਟ ਕੀਤਾ ਜਾਂਦਾ ਹੈ। ਇਹ ਕਦਮ ਇਸ ਮਾਸਟਰ ਪਲੈਨ ਨੂੰ ਅੱਗੇ ਵਧਾਉਣ ਅਤੇ ਅੱਪਡੇਟ ਕਰਨ ਦੇ ਮਹੱਤਵਪੂਰਨ ਉਪਾਵਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ।
‘ਪ੍ਰਧਾਨ ਮੰਤਰੀ ਗਤੀਸ਼ਕਤੀ’ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ, ਜੋ ਜੀਵਨ ਨੂੰ ਸੌਖਾ ਅਤੇ ਵਪਾਰ ਕਰਨਾ ਸੌਖਾ ਬਣਾਉਂਦਾ ਹੈ। ਮਲਟੀ-ਮੋਡਲ ਕਨੈਕਟੀਵਿਟੀ ਲੋਕਾਂ, ਸਮਾਨ ਅਤੇ ਸੇਵਾਵਾਂ ਦੀ ਆਵਾਜਾਈ ਦੇ ਇੱਕ ਢੰਗ ਤੋਂ ਦੂਸਰੇ ਢੰਗ ਲਈ ਆਵਾਜਾਈ ਹਿਤ ਏਕੀਕ੍ਰਿਤ ਅਤੇ ਬੇਰੋਕ ਸੰਪਰਕ ਪ੍ਰਦਾਨ ਕਰੇਗੀ। ਇਹ ਕਦਮ ਬੁਨਿਆਦੀ ਢਾਂਚੇ ਨਾਲ ਆਖ਼ਰੀ ਮੀਲ ਤੱਕ ਸੰਪਰਕ ਨੂੰ ਸੌਖਾ ਬਣਾਏਗਾ ਅਤੇ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ।
ਪ੍ਰਧਾਨ ਮੰਤਰੀ ਗਤੀਸ਼ਕਤੀ ਜਨਤਾ ਅਤੇ ਕਾਰੋਬਾਰੀ ਭਾਈਚਾਰੇ ਨੂੰ ਕਨੈਕਟੀਵਿਟੀ, ਹੋਰ ਵਪਾਰਕ ਕੇਂਦਰਾਂ, ਉਦਯੋਗਿਕ ਖੇਤਰਾਂ ਅਤੇ ਆਲੇ ਦੁਆਲੇ ਦੇ ਵਾਤਾਵਰਣ ਨਾਲ ਜੁੜੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਇਹ ਨਿਵੇਸ਼ਕਾਂ ਨੂੰ ਢੁਕਵੇਂ ਸਥਾਨਾਂ ‘ਤੇ ਆਪਣੇ ਕਾਰੋਬਾਰ ਦੀ ਯੋਜਨਾ ਬਣਾਉਣ ਦੇ ਯੋਗ ਬਣਾਏਗਾ, ਜਿਸ ਨਾਲ ਆਪਸੀ ਤਾਲਮੇਲ ਵਧੇਗਾ। ਇਹ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰੇਗਾ ਅਤੇ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ। ਇਹ ਲੌਜਿਸਟਿਕਸ ਦੇ ਖਰਚਿਆਂ ਨੂੰ ਘਟਾ ਕੇ ਅਤੇ ਸਪਲਾਈ ਲੜੀ ਨੂੰ ਬਿਹਤਰ ਬਣਾ ਕੇ ਅਤੇ ਸਥਾਨਕ ਉਦਯੋਗਾਂ ਤੇ ਖਪਤਕਾਰਾਂ ਦੇ ਵਿਚਕਾਰ ਅਨੁਕੂਲ ਸਬੰਧਾਂ ਨੂੰ ਯਕੀਨੀ ਬਣਾ ਕੇ ਸਥਾਨਕ ਉਤਪਾਦਾਂ ਦੀ ਵਿਸ਼ਵਵਿਆਪੀ ਪ੍ਰਤੀਯੋਗਤਾ ਵਿੱਚ ਸੁਧਾਰ ਕਰੇਗਾ।
ਸਮਾਗਮ ਦੌਰਾਨ ਪ੍ਰਧਾਨ ਮੰਤਰੀ ਪ੍ਰਗਤੀ ਮੈਦਾਨ ਵਿਖੇ ਨਵੇਂ ਪ੍ਰਦਰਸ਼ਨੀ ਕੰਪਲੈਕਸ (ਪ੍ਰਦਰਸ਼ਨੀ ਹਾਲ 2 ਤੋਂ 5) ਦਾ ਉਦਘਾਟਨ ਵੀ ਕਰਨਗੇ। ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਦਾ ਪ੍ਰਮੁੱਖ ਸਮਾਗਮ, ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ) 2021 ਵੀ 14-27 ਨਵੰਬਰ, 2021 ਦੌਰਾਨ ਇਨ੍ਹਾਂ ਨਵੇਂ ਪ੍ਰਦਰਸ਼ਨੀ ਹਾਲਾਂ ਵਿੱਚ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ ਕੇਂਦਰੀ ਵਣਜ ਮੰਤਰੀ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਰੇਲਵੇ ਮੰਤਰੀ, ਸ਼ਹਿਰੀ ਹਵਾਬਾਜ਼ੀ ਮੰਤਰੀ, ਸਮੁੰਦਰੀ ਜਹਾਜ਼ਾਂ (ਜਹਾਜ਼ਰਾਨੀ), ਬਿਜਲੀ ਮੰਤਰੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਵੀ ਮੌਜੂਦ ਰਹਿਣਗੇ।
**********
ਡੀਐੱਸ/ਏਕੇਜੇ