ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਦੁਆਰਾ 157 ਕਲਾਕ੍ਰਿਤੀਆਂ ਅਤੇ ਪੁਰਾਤਨ ਵਸਤਾਂ ਸੌਂਪੀਆਂ ਗਈਆਂ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੁਆਰਾ ਇਨ੍ਹਾਂ ਪੁਰਾਤਨ ਵਸਤਾਂ ਨੂੰ ਭਾਰਤ ਨੂੰ ਵਾਪਸ ਕਰਨ ਦੇ ਕਦਮ ਦੀ ਪੁਰਜ਼ੋਰ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਇਡਨ ਨੇ ਸੱਭਿਆਚਾਰਕ ਵਸਤਾਂ ਦੀ ਚੋਰੀ, ਅਵੈਧ ਵਪਾਰ ਅਤੇ ਤਸਕਰੀ ਨਾਲ ਨਜਿੱਠਣ ਦੇ ਯਤਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।
ਇਨ੍ਹਾਂ 157 ਕਲਾਕ੍ਰਿਤੀਆਂ ਦੀ ਸੂਚੀ ਵਿੱਚ 10ਵੀਂ ਸਦੀ ਦੀ ਸੈਂਡਸਟੋਨ ਨਾਲ ਬਣੀ ਰੇਵੰਤ ਦੀ ਡੇਢ ਮੀਟਰ ਲੰਬੀ ਨੱਕਾਸ਼ੀਦਾਰ ਪੈਨਲ ਤੋਂ ਲੈ ਕੇ 12ਵੀਂ ਸਦੀ ਦੀ ਕਾਂਸੀ ਦੀ 8.5 ਸੈਂਟੀਮੀਟਰ ਉੱਚੀ ਨਟਰਾਜ ਦੀ ਸ਼ਾਨਦਾਰ ਮੂਰਤੀ ਵਰਗੀਆਂ ਵਸਤਾਂ ਦਾ ਵਿਭਿੰਨ ਸੈੱਟ ਸ਼ਾਮਲ ਹੈ। ਜ਼ਿਆਦਾਤਰ ਵਸਤਾਂ 11ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਦੇ ਕਾਲ ਦੀਆਂ ਹਨ। ਇਸ ਦੇ ਨਾਲ-ਨਾਲ ਇਨ੍ਹਾਂ ਵਿੱਚ 2000 ਈਸਾ ਪੂਰਵ ਦੀ ਤਾਂਬੇ ਨਾਲ ਬਣਾਈ ਮਾਨਵ ਰੂਪੀ ਵਸਤੂ ਜਾਂ ਦੂਜੀ ਸਦੀ ਦੇ ਟੈਰਾਕੋਟਾ ਨਾਲ ਬਣਾਏ ਫੁੱਲਦਾਨ ਜਿਹੀਆਂ ਇਤਿਹਾਸਿਕ ਵਸਤਾਂ ਵੀ ਸ਼ਾਮਲ ਹਨ। ਕੋਈ 45 ਪੁਰਾਤਨ ਵਸਤਾਂ ਈਸਾ ਪੂਰਵ ਕਾਲ ਦੀਆਂ ਹਨ।
ਇਨ੍ਹਾਂ ਵਿੱਚੋਂ ਅੱਧੀਆਂ ਕਲਾਕ੍ਰਿਤੀਆਂ (71) ਜਿੱਥੇ ਸੱਭਿਆਚਾਰਕ ਹਨ, ਉੱਥੇ ਬਾਕੀ ਅੱਧੀਆਂ ਕਲਾਕ੍ਰਿਤੀਆਂ ਵਿੱਚ ਹਿੰਦੂ ਧਰਮ (60), ਬੁੱਧ ਧਰਮ (16) ਅਤੇ ਜੈਨ ਧਰਮ (9) ਨਾਲ ਜੁੜੀਆਂ ਮੂਰਤੀਆਂ ਹਨ।
ਇਨ੍ਹਾਂ ਕਲਾਕ੍ਰਿਤੀਆਂ ਦੀ ਨਿਰਮਾਣ ਸਮੱਗਰੀ ਵਿੱਚ ਧਾਤ, ਪੱਥਰ ਅਤੇ ਟੈਰਾਕੋਟਾ ਸ਼ਾਮਲ ਹੈ। ਕਾਂਸੀ ਦੇ ਸੰਗ੍ਰਹਿ ਵਿੱਚ ਮੁੱਖ ਰੂਪ ਨਾਲ ਲਕਸ਼ਮੀ ਨਰਾਇਣ, ਬੁੱਧ, ਵਿਸ਼ਣੂ, ਸ਼ਿਵ ਪਾਰਵਤੀ ਅਤੇ 24 ਜੈਨ ਤੀਰਥੰਕਰਾਂ ਦੀਆਂ ਪ੍ਰਸਿੱਧ ਮੁਦਰਾਵਾਂ ਦੀਆਂ ਵਿਲੱਖਣ ਮੂਰਤੀਆਂ ਹਨ ਅਤੇ ਹੋਰ ਬੇਨਾਮ ਦੇਵਤਿਆਂ ਅਤੇ ਦਿਵਿਆ ਆਕ੍ਰਿਤੀਆਂ ਦੇ ਇਲਾਵਾ ਕੰਕਲਮੂਰਤੀ, ਬ੍ਰਾਹਮੀ ਅਤੇ ਨੰਦੀਕੇਸ਼ ਹਨ, ਜਿਨ੍ਹਾਂ ਬਾਰੇ ਘੱਟ ਲੋਕ ਜਾਣਦੇ ਹਨ।
ਰੂਪਾਂਤਰਾਂ (motifs) ਵਿੱਚ ਹਿੰਦੂ ਧਰਮ ਨਾਲ ਸਬੰਧਿਤ ਧਾਰਮਿਕ ਮੂਰਤੀਆਂ (ਤਿੰਨ ਸਿਰ ਵਾਲੇ ਬ੍ਰਹਮਾ, ਰੱਥ ਚਲਾਉਂਦੇ ਹੋਏ ਸੂਰਯ, ਵਿਸ਼ਣੂ ਅਤੇ ਉਨ੍ਹਾਂ ਦੀ ਪਤਨੀ, ਦੱਕਸ਼ਿਣਾਮੂਰਤੀ ਦੇ ਰੂਪ ਵਿੱਚ ਸ਼ਿਵ, ਨ੍ਰਿਤ ਕਰਦੇ ਹੋਏ ਗਣੇਸ਼ ਆਦਿ), ਬੁੱਧ ਧਰਮ ਨਾਲ ਸਬੰਧਿਤ (ਖੜ੍ਹੀ ਮੁਦਰਾ ਵਿੱਚ ਬੁੱਧ, ਬੋਧਿਸਤਵ ਮਜੂਸ਼੍ਰੀ, ਤਾਰਾ) ਅਤੇ ਜੈਨ ਧਰਮ ਨਾਲ ਸਬੰਧਿਤ (ਜੈਨ ਤੀਰਥੰਕਰ, ਪਦਮਾਸਨ ਤੀਰਥਾਂਕਰ, ਜੈਨ ਚੌਬੀਸੀ) ਦੇ ਨਾਲ-ਨਾਲ ਧਰਮ ਨਿਰਪੱਖ ਰੂਪਾਂਤਰਾਂ (ਸਮਭੰਗ ਵਿੱਚ ਆਕ੍ਰਿਤੀਹੀਣ ਜੋੜਾ, ਚੌਰੀ ਵਾਹਕ, ਢੋਲ ਵਜਾਉਂਦੀ ਹੋਈ ਔਰਤ ਆਦਿ) ਸ਼ਾਮਲ ਹਨ।
ਕੁੱਲ 56 ਟੈਰਾਕੋਟਾ ਟੁਕੜਿਆਂ ਵਿੱਚ (ਫੁੱਲਦਾਨ ਦੂਸਰੀ ਸਦੀ, ਹਿਰਨ ਦੀ ਜੋੜੀ 12ਵੀਂ ਸਦੀ, ਮਹਿਲਾ ਦੀ ਮੂਰਤੀ (14ਵੀਂ ਸਦੀ) ਅਤੇ 18ਵੀਂ ਸਦੀ ਦੀ ਤਲਵਾਰ ਹੈ ਜਿਸ ’ਤੇ ਫ਼ਾਰਸੀ ਵਿੱਚ ਲਿਖੇ ਆਲੇਖ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜ਼ਿਕਰ ਹੈ।
ਇਹ ਮੋਦੀ ਸਰਕਾਰ ਦੁਆਰਾ ਦੁਨੀਆ ਭਰ ਤੋਂ ਸਾਡੀਆਂ ਪੁਰਾਤਨ ਵਸਤਾਂ ਅਤੇ ਕਲਾਕ੍ਰਿਤੀਆਂ ਨੂੰ ਵਾਪਸ ਲਿਆਉਣ ਦੇ ਯਤਨਾਂ ਦਾ ਪ੍ਰਤੀਫਲ ਹੈ।
*********
ਡੀਐੱਸ/ਏਕੇਜੇ/ਏਕੇ