Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਖੁਰਾਕ ਸੁਰੱਖਿਆ ਸੰਤ੍ਰਿਪਤਾ ਅਭਿਯਾਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਖੁਰਾਕ ਸੁਰੱਖਿਆ ਸੰਤ੍ਰਿਪਤਾ ਅਭਿਯਾਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਰਤ ਦੇ ਲਿੰਬਾਯਤ ਵਿੱਚ ਸੂਰਤ ਖੁਰਾਕ ਸੁਰੱਖਿਆ ਸੰਤ੍ਰਿਪਤਾ ਅਭਿਯਾਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ 2.3 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਲਾਭ ਵੀ ਵੰਡੇ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੂਰਤ ਸ਼ਹਿਰ ਦੀ ਵਿਲੱਖਣ ਭਾਵਨਾ ‘ਤੇ ਜ਼ੋਰ ਦਿੱਤਾ,ਅਤੇ ਕੰਮ ਅਤੇ ਦਾਨ ਦੀ ਇਸ ਦੀ ਮਜ਼ਬੂਤ ਨੀਂਹ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਸਾਰ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਇਸ ਦੀ ਪਹਿਚਾਣ ਸਮੂਹਿਕ ਸਮਰਥਨ ਅਤੇ ਸਾਰਿਆਂ ਦੇ ਵਿਕਾਸ ਦਾ ਉਤਸਵ ਮਨਾਉਣ ਨਾਲ ਹੁੰਦੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਸੂਰਤ ਆਪਸੀ ਸਹਿਯੋਗ ਅਤੇ ਪ੍ਰਗਤੀ ਦੇ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ, ਜਿੱਥੇ ਲੋਕ ਸਭ ਦੇ ਲਾਭ ਲਈ ਮਿਲ ਕੇ ਕੰਮ ਕਰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਭਾਵਨਾ ਸੂਰਤ ਦੇ ਹਰ ਕੋਨੇ ਵਿੱਚ ਦਿਖਾਈ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦਾ ਉਦੇਸ਼ ਇਸ ਭਾਵਨਾ ਨੂੰ ਹੋਰ ਹੁਲਾਰਾ ਦੇਣਾ ਅਤੇ ਮਜ਼ਬੂਤ ਕਰਨਾ ਹੈ, ਜਿਸ ਨਾਲ ਸ਼ਹਿਰ ਵਿੱਚ ਸਾਰਿਆਂ ਲਈ ਏਕਤਾ ਅਤੇ ਵਿਕਾਸ ਨੂੰ ਹੁਲਾਰਾ ਮਿਲੇ। ਸ਼੍ਰੀ ਮੋਦੀ ਨੇ ਕਿਹਾ, “ਗੁਜਰਾਤ ਦਾ ਸੂਰਤ ਅਤੇ ਭਾਰਤ ਦਾ ਮੋਹਰੀ ਸ਼ਹਿਰ ਹੈ ਅਤੇ ਹੁਣ ਗ਼ਰੀਬਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ਲਈ ਖੁਰਾਕ ਅਤੇ ਪੋਸ਼ਣ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਸ਼ਹਿਰ ਦਾ ਖੁਰਾਕ ਸੁਰੱਖਿਆ ਸੰਤ੍ਰਿਪਤਾ ਅਭਿਯਾਨ ਦੇਸ਼ ਭਰ ਦੇ ਹੋਰ ਜ਼ਿਲ੍ਹਿਆਂ ਲਈ ਪ੍ਰੇਰਣਾ ਦਾ ਕੰਮ ਕਰੇਗਾ।”

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਅਭਿਯਾਨ ਸੁਨਿਸ਼ਚਿਤ ਕਰਦਾ ਹੈ ਕਿ ਕੋਈ ਵੀ ਛੁੱਟ ਨਾ ਜਾਵੇ, ਕਿਸੇ ਦੇ ਨਾਲ ਧੋਖਾ ਨਾ ਹੋਵੇ ਤੇ ਕੋਈ ਭੇਦਭਾਵ ਨਾ ਹੋਵੇ। ਇਹ ਤੁਸ਼ਟੀਕਰਣ ਤੋਂ ਅੱਗੇ ਵਧ ਕੇ ਸਾਰਿਆਂ ਲਈ ਸੰਤੁਸ਼ਟੀ ਦੀ ਮਹਾਨ ਭਾਵਨਾ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਸਰਕਾਰ ਲਾਭਾਰਥੀ ਦੇ ਦਰਵਾਜ਼ੇ ‘ਤੇ ਪਹੁੰਚਦੀ ਹੈ, ਤਾਂ ਕੋਈ ਵੀ ਵੰਚਿਤ ਨਹੀਂ ਰਹਿ ਜਾਂਦਾ। ਸਾਰਿਆਂ ਨੂੰ ਲਾਭ ਪਹੁੰਚਾਉਣ ਦੀ ਪ੍ਰਤੀਬੱਧਤਾ ਦੇ ਨਾਲ, ਸਿਸਟਮ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਦੂਰ ਰੱਖਿਆ ਜਾਂਦਾ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਖੁਰਾਕ ਸੁਰੱਖਿਆ ਸੰਤ੍ਰਿਪਤਾ ਦ੍ਰਿਸ਼ਟੀਕੋਣ ਦੇ ਤਹਿਤ, ਸੂਰਤ ਪ੍ਰਸ਼ਾਸਨ ਨੇ 2.5 ਲੱਖ ਤੋਂ ਵੱਧ ਨਵੇਂ ਲਾਭਾਰਥੀਆਂ ਦੀ ਪਹਿਚਾਣ ਕੀਤੀ ਹੈ। ਇਨ੍ਹਾਂ ਵਿੱਚ ਕਈ ਬਜ਼ੁਰਗ ਮਹਿਲਾਵਾਂ, ਬਜ਼ੁਰਗ ਪੁਰਸ਼, ਵਿਧਵਾ ਮਹਿਲਾਵਾਂ ਅਤੇ ਦਿਵਯਾਂਗ ਵਿਅਕਤੀ ਸ਼ਾਮਲ ਹਨ। ਪਰਿਵਾਰ ਦੇ ਇਨ੍ਹਾਂ ਨਵੇਂ ਮੈਂਬਰਾਂ ਨੂੰ ਹੁਣ ਮੁਫ਼ਤ ਰਾਸ਼ਨ ਅਤੇ ਪੌਸ਼ਟਿਕ ਭੋਜਨ ਮਿਲੇਗਾ। ਪ੍ਰਧਾਨ ਮੰਤਰੀ ਨੇ ਸਾਰੇ ਨਵੇਂ ਲਾਭਾਰਥੀਆਂ ਨੂੰ ਇਸ ਮਹੱਤਵਪੂਰਨ ਪਹਿਲ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭੋਜਨ ਲਈ ਪਰੇਸ਼ਾਨ ਗ਼ਰੀਬਾਂ ਦਾ ਦਰਦ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਉਨ੍ਹਾਂ ਨੂੰ ਕਿਤਾਬਾਂ ਤੋਂ ਸਿੱਖਣ ਦੀ ਜ਼ਰੂਰਤ ਹੈ, ਸਗੋਂ ਅਜਿਹਾ ਕੁਝ ਹੈ ਜਿਸ ਨੂੰ ਉਹ ਅਨੁਭਵ ਕਰ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਅਤੇ ਇਹੀ ਕਾਰਨ ਹੈ ਕਿ ਪਿਛਲੇ ਵਰ੍ਹਿਆਂ ਵਿੱਚ, ਸਰਕਾਰ ਨੇ ਜ਼ਰੂਰਤਮੰਦ ਲੋਕਾਂ ਲਈ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਕੇ ਇਸ ਚਿੰਤਾ ਨੂੰ ਦੂਰ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਸਰਕਾਰ ਗ਼ਰੀਬਾਂ ਦੇ ਨਾਲ ਸੱਚੇ ਸਾਥੀ ਅਤੇ ਸੇਵਕ ਦੇ ਰੂਪ ਵਿੱਚ ਖੜ੍ਹੀ ਹੈ।” ਕੋਵਿਡ-19 ਮਹਾਮਾਰੀ ਦੌਰਾਨ, ਜਦੋਂ ਦੇਸ਼ ਨੂੰ ਸਹਾਇਤਾ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਗ਼ਰੀਬਾਂ ਦੀ ਰਸੋਈ ਨੂੰ ਚਾਲੂ ਰੱਖਣ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਸ਼ੁਰੂ ਕੀਤੀ ਗਈ ਸੀ। ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਲੱਖਣ ਯੋਜਨਾਵਾਂ ਵਿੱਚੋਂ ਇੱਕ ਇਹ ਯੋਜਨਾ ਹੁਣ ਵੀ ਜਾਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਗੁਜਰਾਤ ਸਰਕਾਰ ਨੇ ਅਧਿਕ ਲਾਭਾਰਥੀਆਂ ਨੂੰ ਲਾਭਵੰਦ ਕਰਨ ਲਈ ਆਮਦਨ ਸੀਮਾ ਵਧਾ ਕੇ ਯੋਜਨਾ ਦਾ ਵਿਸਤਾਰ ਕੀਤਾ। ਗ਼ਰੀਬਾਂ ਦੀ ਰਸੋਈ ਰੌਸ਼ਨ ਰਹੇ, ਇਹ ਸੁਨਿਸ਼ਚਿਤ ਕਰਨ ਲਈ ਸਰਕਾਰ ਸਲਾਨਾ ਲਗਭਗ 2.25 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ।

ਭਾਰਤ ਦੀ ਵਿਕਾਸ ਯਾਤਰਾ ਵਿੱਚ ਪੌਸ਼ਟਿਕ ਭੋਜਨ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਦੇਸ਼ ਦੇ ਹਰੇਕ ਪਰਿਵਾਰ ਨੂੰ ਢੁਕਵਾਂ ਪੋਸ਼ਣ ਪ੍ਰਦਾਨ ਕਰਨਾ ਹੈ ਤਾਕਿ ਕੁਪੋਸ਼ਣ ਅਤੇ ਅਨੀਮਿਆ ਜਿਹੀਆਂ ਸਮੱਸਿਆਵਾਂ ਨੂੰ ਖ਼ਤਮ ਕੀਤਾ ਜਾ ਸਕੇ। ਸ਼੍ਰੀ ਮੋਦੀ ਨੇ ਕਿਹਾ, “ਪੀਐੱਮ ਪੋਸ਼ਣ ਯੋਜਨਾ ਦੇ ਤਹਿਤ, ਲਗਭਗ 12 ਕਰੋੜ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਇਆ ਜਾ ਰਿਹਾ ਹੈ। ਸਕਸ਼ਮ ਆਂਗਣਵਾੜੀ ਪ੍ਰੋਗਰਾਮ ਛੋਟੇ ਬੱਚਿਆਂ, ਮਾਤਾਵਾਂ ਅਤੇ ਗਰਭਵਤੀ ਮਹਿਲਾਵਾਂ ਦੇ ਪੋਸ਼ਣ ‘ਤੇ ਕੇਂਦ੍ਰਿਤ ਹੈ।  ਇਸ ਤੋਂ ਇਲਾਵਾ, ਪੀਐੱਮ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ, ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੋਸ਼ਣ ਸਿਰਫ਼ ਭੋਜਨ ਤੋਂ ਕਿਤੇ ਵੱਧ ਹੈ, ਜਿਸ ਵਿੱਚ ਸਵੱਛਤਾ ਜ਼ਰੂਰੀ ਪਹਿਲੂ ਹੈ। ਉਨ੍ਹਾਂ ਨੇ ਸਵੱਛਤਾ ਬਣਾਏ ਰੱਖਣ ਦੇ ਪ੍ਰਯਾਸਾਂ ਲਈ ਸੂਰਤ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਸਰਕਾਰ ਦਾ ਨਿਰੰਤਰ ਪ੍ਰਯਾਸ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੇਸ਼ ਦਾ ਹਰ ਇੱਕ ਸ਼ਹਿਰ ਅਤੇ ਪਿੰਡ ਗੰਦਗੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰੇ। ਆਲਮੀ ਸੰਗਠਨਾਂ ਨੇ ਸਵੀਕਾਰ ਕੀਤਾ ਹੈ ਕਿ ਸਵੱਛ ਭਾਰਤ ਅਭਿਯਾਨ ਨੇ ਗ੍ਰਾਮੀਣ ਖੇਤਰਾਂ ਵਿੱਚ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਹੈ।” ਉਨ੍ਹਾਂ ਨੇ ਸ਼੍ਰੀ ਸੀ.ਆਰ.ਪਾਟਿਲ ਦੀ ਅਗਵਾਈ ਵਿੱਚ ਚਲਾਏ ਜਾ ਰਹੇ “ਹਰ ਘਰ ਜਲ” ਅਭਿਯਾਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ, ਜਿਸ ਦਾ ਉਦੇਸ਼ ਹਰ ਘਰ ਤੱਕ ਸਵੱਛ ਜਲ ਪਹੁੰਚਾਉਣਾ ਹੈ। ਇਸ ਨਾਲ ਵਿਭਿੰਨ ਬਿਮਾਰੀਆਂ ਵਿੱਚ ਕਮੀ ਆਵੇਗੀ।

ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੀ ਮੁਫ਼ਤ ਰਾਸ਼ਨ ਯੋਜਨਾ ਦੇ ਮਹੱਤਵਪੂਰਨ ਪ੍ਰਭਾਵ ਨੂੰ ਸਵੀਕਾਰ ਕੀਤਾ, ਜਿਸ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਅਸਾਨ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ, ਸਹੀ ਲਾਭਾਰਥੀਆਂ ਨੂੰ ਉਨ੍ਹਾਂ ਦੇ ਹਿੱਸੇ ਦਾ ਪੂਰਾ ਰਾਸ਼ਨ ਮਿਲ ਰਿਹਾ ਹੈ, ਜੋ 10 ਸਾਲ ਪਹਿਲਾਂ ਉਪਲਬਧ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ 5 ਕਰੋੜ ਤੋਂ ਵੱਧ ਜਾਅਲੀ ਰਾਸ਼ਡ ਕਾਰਡ ਧਾਰਕਾਂ ਨੂੰ ਹਟਾ ਦਿੱਤਾ ਹੈ ਅਤੇ ਪੂਰੀ ਰਾਸ਼ਨ ਵੰਡ ਪ੍ਰਣਾਲੀ ਨੂੰ ਆਧਾਰ ਕਾਰਡ ਨਾਲ ਜੋੜ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਸਾਹਮਣੇ ਆਉਣ ਵਾਲੀ ਸਮੱਸਿਆ ਦਾ ਸਮਾਧਾਨ ਕੀਤਾ, ਜੋ ਪਹਿਲਾਂ ਦੂਸਰੇ ਰਾਜਾਂ ਵਿੱਚ ਆਪਣੇ ਰਾਸ਼ਨ ਕਾਰਡ ਦਾ ਉਪਯੋਗ ਨਹੀਂ ਕਰ ਸਕਦੇ ਸਨ। ਸ਼੍ਰੀ ਮੋਦੀ ਨੇ ਕਿਹਾ, “ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ” ਯੋਜਨਾ ਇਹ ਸੁਨਿਸ਼ਚਿਤ ਕਰਨ ਲਈ ਸ਼ੁਰੂ ਕੀਤੀ ਗਈ ਕਿ ਕੋਈ ਵੀ ਵਿਅਕਤੀ ਚਾਹੇ ਕਿਸੇ ਵੀ ਸ਼ਹਿਰ ਦਾ ਰਾਸ਼ਨ ਕਾਰਡ ਕਿਉਂ ਨਾ ਰੱਖਦਾ ਹੋਵੇ, ਉਹ ਦੇਸ਼ ਭਰ ਦੇ ਕਿਸੇ ਵੀ ਸ਼ਹਿਰ ਵਿੱਚ ਇਸ ਦਾ ਲਾਭ ਉਠਾ ਸਕਦਾ ਹੈ। ਸੂਰਤ ਵਿੱਚ ਕਈ ਸ਼੍ਰਮਿਕ ਹੁਣ ਇਸ ਯੋਜਨਾ ਤੋਂ ਲਾਭਵੰਦ ਹੋ ਰਹੇ ਹਨ। ਇਹ ਦਰਸਾਉਂਦਾ ਹੈ ਕਿ ਜਦੋਂ ਨੀਤੀਆਂ ਸੱਚੇ ਇਰਾਦੇ ਨਾਲ ਬਣਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦਾ ਲਾਭ ਗ਼ਰੀਬਾਂ ਨੂੰ ਮਿਲਦਾ ਹੈ।”

ਪ੍ਰਧਾਨ ਮੰਤਰੀ ਨੇ ਮਿਸ਼ਨ-ਮੋਡ ਦ੍ਰਿਸ਼ਟੀਕੋਣ ਰਾਹੀਂ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਲਈ ਪਿਛਲੇ ਇੱਕ ਦਹਾਕੇ ਦੌਰਾਨ ਸਰਕਾਰ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਗ਼ਰੀਬਾਂ ਦੇ ਚਾਰੇ ਪਾਸੇ ਇੱਕ ਸੁਰੱਖਿਆ ਜਾਲ ਬਣਾਉਣ ‘ਤੇ ਜ਼ੋਰ ਦਿੱਤਾ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਉਨ੍ਹਾਂ ਨੂੰ ਕਦੇ ਵੀ ਮਦਦ ਲਈ ਭੀਖ ਨਾ ਮੰਗਣੀ ਪਵੇ। ਪੱਕੇ ਘਰ, ਸ਼ੌਚਾਲਯ, ਗੈਸ ਕਨੈਕਸ਼ਨ ਅਤੇ ਨਲ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕਰਨ ਨਾਲ ਗ਼ਰੀਬਾਂ ਵਿੱਚ ਨਵਾਂ ਆਤਮਵਿਸ਼ਵਾਸ ਪੈਦਾ ਹੋਇਆ ਹੈ। ਸਰਕਾਰ ਨੇ ਗ਼ਰੀਬ ਪਰਿਵਾਰਾਂ ਲਈ ਬੀਮਾ ਯੋਜਨਾਵਾਂ ਵੀ ਸ਼ੁਰੂ ਕੀਤੀਆਂ, ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਕਿ ਲਗਭਗ 60 ਕਰੋੜ ਭਾਰਤੀਆਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਮੈਡੀਕਲ ਇਲਾਜ ਦੀ ਸੁਵਿਧਾ ਮਿਲੇ। ਸ਼੍ਰੀ ਮੋਦੀ ਨੇ ਕਿਹਾ, “ਜੀਵਨ ਅਤੇ ਦੁਰਘਟਨਾ ਬੀਮਾ, ਜੋ ਪਹਿਲਾਂ ਗ਼ਰੀਬ ਪਰਿਵਾਰ ਦੀ ਪਹੁੰਚ ਤੋਂ ਬਾਹਰ ਸਨ, ਹੁਣ ਹਕੀਕਤ ਹਨ। ਅੱਜ, 36 ਕਰੋੜ ਤੋਂ ਵੱਧ ਲੋਕ ਸਰਕਾਰੀ ਬੀਮਾ ਯੋਜਨਾਵਾਂ ਵਿੱਚ ਨਾਮਜ਼ਦ ਹਨ। ਗ਼ਰੀਬ ਪਰਿਵਾਰਾਂ ਨੂੰ 16,000 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਮੁਸ਼ਕਲ ਸਮੇਂ ਵਿੱਚ ਮਦਦ ਮਿਲੀ ਹੈ।”

ਸ਼੍ਰੀ ਨਰੇਂਦਰ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਅਤੀਤ ਵਿੱਚ ਗ਼ਰੀਬਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਬੈਂਕ ਬਿਨਾ ਗਰੰਟੀ ਦੇ ਲੋਨਸ ਦੇਣ ਤੋਂ ਇਨਕਾਰ ਕਰ ਦਿੰਦੇ ਸਨ। ਸ਼੍ਰੀ ਮੋਦੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਨਿਜੀ ਤੌਰ ‘ਤੇ ਗ਼ਰੀਬਾਂ ਲਈ ਲੋਨ ਦੀ ਗਰੰਟੀ ਦੇਣ ਦੀ ਜ਼ਿੰਮੇਵਾਰੀ ਲਈ ਅਤੇ ਮੁਦਰਾ ਯੋਜਨਾ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਮੁਦਰਾ ਯੋਜਨਾ ਦੇ ਤਹਿਤ ਬਿਨਾ ਕਿਸੇ ਗਰੰਟੀ ਦੇ ਲਗਭਗ 32 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਗਿਆ ਹੈ, ਜਿਸ ਦਾ ਸਿੱਧਾ ਲਾਭ ਗ਼ਰੀਬਾਂ ਨੂੰ ਮਿਲ ਰਿਹਾ ਹੈ। ਇਸ ਪਹਿਲ ਨਾਲ ਲੱਖਾਂ ਲੋਕਾਂ ਨੂੰ ਮਦਦ ਮਿਲੀ ਹੈ, ਜਦ ਕਿ ਵਿਰੋਧੀ ਧਿਰ ਨੂੰ ਇਸ ਰਾਸ਼ੀ ਦੀ ਅਹਿਮੀਅਤ ਬਾਰੇ ਸਮਝ ਨਹੀਂ ਸੀ।”

ਸ਼੍ਰੀ ਨਰੇਂਦਰ ਮੋਦੀ ਨੇ ਸਟ੍ਰੀਟ ਵੈਂਡਰਸ ਅਤੇ ਵਰਕਰਾਂ ਦੇ ਸੰਘਰਸ਼ਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਕੋਲ ਪਹਿਲਾਂ ਕੋਈ ਵਿੱਤੀ ਸਹਾਇਤਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਅਕਸਰ ਸਾਹੂਕਾਰਾਂ ਤੋਂ ਪੈਸੇ ਉਧਾਰ ਲੈਣੇ ਪੈਂਦੇ ਸਨ, ਕੇਵਲ ਉਧਾਰ ਦੀ ਤੁਲਨਾ ਵਿੱਚ ਵੱਧ ਚੁਕਾਉਣੇ ਪੈਂਦੇ ਸਨ। ਸਰਕਾਰ ਦੀ ਪੀਐੱਮ ਸਵਨਿਧੀ ਯੋਜਨਾ ਨੇ ਇਨ੍ਹਾਂ ਵਿਕਰੇਤਾਵਾਂ ਨੂੰ ਬੈਂਕ ਲੋਨ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਦੀ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਅਜਿਹੇ ਵਰਕਰਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ। ਸ਼੍ਰੀ ਮੋਦੀ ਨੇ ਕਿਹਾ, “ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਜੋ ਪਰੰਪਰਾਗਤ ਕਾਰੀਗਰਾਂ ਨੂੰ ਟ੍ਰੇਨਿੰਗ, ਆਧੁਨਿਕ ਉਪਕਰਣ ਅਤੇ ਉਨ੍ਹਾਂ ਦੇ ਕੌਸ਼ਲ ਨੂੰ ਸੁਧਾਰਣ ਅਤੇ ਵਿਸਤਾਰ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦਾ ਸਮਰਥਨ ਕਰਦੀ ਹੈ। ਇਹ ਪ੍ਰਯਾਸ ਸਮਾਵੇਸ਼ੀ ਵਿਕਾਸ ਰਾਹੀਂ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਕਰਦੇ ਹਨ, ਪਿਛਲੇ ਇੱਕ ਦਹਾਕੇ ਵਿੱਚ 25 ਕਰੋੜ ਤੋਂ ਵੱਧ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ।”

ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਵਿੱਚ ਮੱਧ ਵਰਗ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ, ਖਾਸ ਕਰਕੇ ਸੂਰਤ ਵਿੱਚ, ਜਿੱਥੇ ਵੱਡੀ ਸੰਖਿਆ ਵਿੱਚ ਮੱਧ ਵਰਗ ਦੇ ਪਰਿਵਾਰ ਰਹਿੰਦੇ ਹਨ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਇਸ ਵਰ੍ਹੇ ਦੇ ਬਜਟ ਵਿੱਚ ਪ੍ਰਦਾਨ ਕੀਤੀ ਗਈ ਰਾਹਤ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ ਟੈਕਸ ਰਾਹਤ ਦਿੱਤੀ ਗਈ, ਖਾਸ ਤੌਰ ‘ਤੇ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਜ਼ੀਰੋ ਟੈਕਸ, ਅਜਿਹਾ ਕਦਮ ਹੈ ਜਿਸ ਦੀ ਕਈ ਲੋਕਾਂ ਨੇ ਕਦੇ ਉਮੀਦ ਨਹੀਂ ਕੀਤੀ ਸੀ। ਇਸ ਤੋਂ ਇਲਾਵਾ, ਕਰਮਚਾਰੀਆਂ ਨੂੰ ਹੁਣ 12.87 ਲੱਖ ਰੁਪਏ ਦੀ ਆਮਦਨ ‘ਤੇ ਟੈਕਸਾਂ ਵਿੱਚ ਛੁੱਟ ਮਿਲੇਗੀ। ਸਾਰੇ ਟੈਕਸਪੇਅਰਸ ਨੂੰ ਲਾਭ ਪਹੁੰਚਾਉਣ ਲਈ ਨਵੇਂ ਟੈਕਸ ਸਲੈਬ ਵੀ ਪੇਸ਼ ਕੀਤੇ ਗਏ ਹਨ। ਇਸ ਨਾਲ ਸੂਰਤ, ਗੁਜਰਾਤ ਅਤੇ ਪੂਰੇ ਦੇਸ਼ ਵਿੱਚ ਮੱਧ ਵਰਗ ਦੇ ਪਰਿਵਾਰਾਂ ਨੂੰ ਆਪਣੀ ਕਮਾਈ ਦਾ ਜ਼ਿਆਦਾ ਹਿੱਸਾ ਰੱਖਣ ਦੀ ਇਜਾਜ਼ਤ ਮਿਲੇਗੀ, ਜਿਸ ਨੂੰ ਉਹ ਆਪਣੀਆਂ ਜ਼ਰੂਰਤਾਂ ਅਤੇ ਆਪਣੇ ਬੱਚਿਆਂ ਦੇ ਭਵਿੱਖ ਵਿੱਚ ਨਿਵੇਸ਼ ਕਰ ਸਕਦੇ ਹਨ।”

ਪ੍ਰਧਾਨ ਮੰਤਰੀ ਨੇ ਸੂਰਤ ਨੂੰ ਉੱਦਮਤਾ ਦਾ ਕੇਂਦਰ ਦੱਸਿਆ, ਜਿੱਥੇ ਵੱਡੀ ਸੰਖਿਆ ਵਿੱਚ ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਹਨ, ਜੋ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ। ਉਨ੍ਹਾਂ ਨੇ ਐੱਮਐੱਸਐੱਮਈ ਨੂੰ ਲੋੜੀਂਦੀ ਸਹਾਇਤਾ ਦੇ ਕੇ ਸਥਾਨਕ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਪ੍ਰਯਾਸਾਂ ਦੀ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਬਜਟ ਵਿੱਚ ਐੱਸਸੀ/ਐੱਸਟੀ, ਦਲਿਤ, ਆਦਿਵਾਸੀ ਅਤੇ ਮਹਿਲਾ ਉੱਦਮੀਆਂ ਲਈ 2 ਕਰੋੜ ਰੁਪਏ ਤੱਕ ਦੇ ਲੋਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਐੱਮਐੱਸਐੱਮਈ ਖੇਤਰ ਵਿੱਚ ਅੱਗੇ ਵਧਣ ਵਿੱਚ ਸਹਾਇਤਾ ਮਿਲੇਗੀ। ਸੂਰਤ ਅਤੇ ਗੁਜਰਾਤ ਦੇ ਨੌਜਵਾਨਾਂ ਨੂੰ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਸਰਕਾਰ ਉਨ੍ਹਾਂ ਦਾ ਸਮਰਥਨ ਕਰਨ ਲਈ ਤਿਆਰ ਹੈ।”

ਸ਼੍ਰੀ ਮੋਦੀ ਨੇ  ਭਾਰਤ ਦੇ ਵਿਕਾਸ ਵਿੱਚ ਖਾਸ ਕਰਕੇ ਕੱਪੜਾ, ਰਸਾਇਣ ਅਤੇ ਇੰਜੀਨੀਅਰਿੰਗ ਖੇਤਰਾਂ ਵਿੱਚ ਸੂਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਸ਼ਹਿਰ ਵਿੱਚ ਇਨ੍ਹਾਂ ਉਦੋਯਗਾਂ ਦੇ ਵਿਸਤਾਰ ਲਈ ਸਰਕਾਰ ਦੇ ਪ੍ਰਯਾਸਾਂ ਦੀ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸੂਰਤ ਹਵਾਈ ਅੱਡੇ ‘ਤੇ ਨਵੀਂ ਏਕੀਕ੍ਰਿਤ ਟਰਮੀਨਲ ਬਿਲਡਿੰਗ, ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ, ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ ਅਗਲੀ ਬੁਲੇਟ ਟ੍ਰੇਨ, ਸੂਰਤ ਮੈਟਰੋ ਪ੍ਰੋਜੈਕਟ, ਸ਼ਹਿਰ ਦੀ ਕਨੈਕਟੀਵਿਟੀ ਨੂੰ ਹੋਰ  ਵਧਾਏਗੀ ਜਿਸ ਨਾਲ ਇਸ ਦੇਸ਼ ਦੇ ਸਭ ਤੋਂ ਚੰਗੀ ਤਰ੍ਹਾਂ ਨਾਲ ਜੁੜੇ ਸ਼ਹਿਰਾਂ ਵਿੱਚੋਂ ਇੱਕ ਬਣ ਜਾਵੇਗਾ। ਇਹ ਪਹਿਲ ਸੂਰਤ ਦੇ ਨਿਵਾਸੀਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆ ਰਹੀਆਂ ਹਨ ਅਤੇ ਉਨ੍ਹਾਂ ਦਾ ਜੀਵਨ ਅਸਾਨ ਬਣਾ ਰਹੀਆਂ ਹਨ।”

ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਨਮੋ ਐਪ ‘ਤੇ ਆਪਣੀਆਂ ਪ੍ਰੇਰਕ ਕਹਾਣੀਆਂ ਸਾਂਝੀਆਂ ਕਰਨ ਦੀ ਤਾਕੀਦ ਕੀਤੀ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਉਹ ਇਨ੍ਹਾਂ ਵਿੱਚੋਂ ਕੁਝ ਪ੍ਰੇਰਣਾਦਾਇਕ ਮਹਿਲਾਵਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਸੌਂਪਣਗੇ ਜਿਨ੍ਹਾਂ ਨੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਵਿਭਿੰਨ ਖੇਤਰਾਂ, ਵਿਸ਼ੇਸ਼ ਤੌਰ ‘ਤੇ ਗੁਜਰਾਤ ਵਿੱਚ ਮਹਿਲਾਵਾਂ ਦੀ ਭੂਮਿਕਾ ਦੀ ਜਾਣਕਾਰੀ ਦਿੱਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਦਿਨ ਮਹਿਲਾਵਾਂ ਦੀਆਂ ਉਪਲਬਧੀਆਂ ਦਾ ਉਤਸਵ ਮਨਾਉਣ ਦਾ ਅਵਸਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਵਸਾਰੀ ਵਿੱਚ ਮਹਿਲਾ ਸਸ਼ਕਤੀਕਣ ਨੂੰ ਸਮਰਪਿਤ ਪ੍ਰਮੁੱਖ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਪ੍ਰੋਗਰਾਮ ਵਿੱਚ ਵੱਡੀ ਸੰਖਿਆ ਵਿੱਚ ਮਹਿਲਾਵਾਂ ਦੇ ਸ਼ਾਮਲ ਹੋਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਵਰਤਮਾਨ ਪ੍ਰੋਗਰਾਮ ਤੋਂ ਬਹੁਤ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਸੂਰਤ ਨੂੰ ਲਘੂ ਭਾਰਤ ਅਤੇ ਗਲੋਬਲ ਪਲੈਟਫਾਰਮ ‘ਤੇ ਜ਼ਿਕਰਯੋਗ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਪ੍ਰਤੀਬੱਧਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਕਿਹਾ,“ ਸੂਰਤ ਵਿੱਚ ਰਹਿਣ ਵਾਲੇ ਜੀਵੰਤ ਅਤੇ ਗਤੀਸ਼ੀਲ ਲੋਕਾਂ ਲਈ, ਸਭ ਕੁਝ ਅਸਾਧਾਰਣ ਹੋਣਾ ਚਾਹੀਦਾ ਹੈ। ਮੈਂ ਵਰਤਮਾਨ ਵਿੱਚ ਜਾਰੀ ਪਹਿਲਕਦਮੀਆਂ ਦੇ ਸਾਰੇ ਲਾਭਾਰਥੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੀ ਨਿਰੰਤਰ ਸਫ਼ਲਤਾ ਅਤੇ ਪ੍ਰਗਤੀ ਦੀ ਕਾਮਨਾ ਕਰਦਾ ਹਾਂ।” 

ਪਿਛੋਕੜ

ਪ੍ਰਧਾਨ ਮੰਤਰੀ ਨੇ ਸੂਰਤ ਦੇ ਲਿੰਬਾਯਤ ਵਿੱਚ ਸੂਰਤ ਖੁਰਾਕ ਸੁਰੱਖਿਆ ਸੰਤ੍ਰਿਪਤਾ ਅਭਿਯਾਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ 2.3 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਲਾਭ ਵੰਡੇ। 

 ਮਹਿਲਾ ਸਸ਼ਕਤੀਕਰਣ ਸਰਕਾਰ ਦੁਆਰਾ ਕੀਤੇ ਗਏ ਕਾਰਜਾਂ ਦਾ ਅਧਾਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਨਿਰਦੇਸ਼ਿਤ, ਸਰਕਾਰ ਉਨ੍ਹਾਂ ਦੇ ਸਰਵਪੱਖੀ ਵਿਕਾਸ ਦੀ ਦਿਸ਼ਾ ਵਿੱਚ ਕਦਮ ਚੁੱਕਣ ਲਈ ਪ੍ਰਤੀਬੱਧ ਹੈ।

ਸੂਰਤ ਖੁਰਾਕ ਸੁਰੱਖਿਆ ਸੰਤ੍ਰਿਪਤਾ ਅਭਿਯਾਨ ਪ੍ਰੋਗਰਾਮ ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਭਾਰਤ ਦੇ ਮਿਸ਼ਨ ਵਿੱਚ ਜ਼ਿਕਰਯੋਗ ਕਦਮ ਹੈ।

 

************

ਐੱਮਜੇਪੀਐੱਸ/ਵੀਜੇ