Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਕਾਰਜਾਂ ਨੂੰ ਲਾਂਚ ਅਤੇ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਕਾਰਜਾਂ ਨੂੰ ਲਾਂਚ ਅਤੇ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਕਾਰਜਾਂ ਨੂੰ ਲਾਂਚ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਤੋਂ ਪਹਿਲਾਂ ਸਿਲਵਾਸਾ ਵਿੱਚ ਨਮੋ ਹਸਪਤਾਲ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਸਮਰਪਿਤ ਵਰਕਰਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਖੇਤਰ ਨਾਲ ਮਿਲਣ ਅਤੇ ਜੁੜਨ ਦਾ ਅਵਸਰ ਦਿੱਤਾ। ਉਨ੍ਹਾਂ ਨੇ ਲੋਕਾਂ ਦੇ ਨਾਲ ਆਪਣੀ ਗਰਮਜੋਸ਼ੀ ਅਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਜੁੜਾਅ ਨੂੰ ਸਵੀਕਾਰ ਕੀਤਾ ਅਤੇ ਦੱਸਿਆ ਕਿ ਇਸ ਖੇਤਰ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ। ਉਨ੍ਹਾਂ ਨੇ ਵਰ੍ਹੇ 2014 ਵਿੱਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਇਸ ਖੇਤਰ ਵਿੱਚ ਹੋਈ ਪ੍ਰਗਤੀ ‘ਤੇ ਚਾਨਣਾ ਪਾਇਆ, ਜਿਸ ਨੇ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੀ ਸਮਰੱਥਾ ਨੂੰ ਇੱਕ ਆਧੁਨਿਕ ਅਤੇ ਪ੍ਰਗਤੀਸ਼ੀਲ ਪਹਿਚਾਣ ਵਿੱਚ ਬਦਲ ਦਿੱਤਾ ਹੈ।

ਸ਼੍ਰੀ ਮੋਦੀ ਨੇ ਕਿਹਾ, “ਸਿਲਵਾਸਾ ਦੀ ਕੁਦਰਤੀ ਸੁੰਦਰਤਾ ਅਤੇ ਇੱਥੇ ਦੇ ਲੋਕਾਂ ਦੇ ਪਿਆਰ, ਨਾਲ ਹੀ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ, ਮੇਰਾ ਤੁਹਾਡੇ ਸਾਰਿਆਂ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ। ਇਹ ਦਹਾਕਿਆਂ ਪੁਰਾਣਾ ਰਿਸ਼ਤਾ ਹੈ। ਇੱਥੇ ਆ ਕੇ ਮੈਨੂੰ ਜੋ ਖੁਸ਼ੀ ਮਿਲਦੀ ਹੈ, ਉਹ ਸਿਰਫ਼ ਤੁਸੀਂ ਅਤੇ ਮੈਂ ਹੀ ਸਮਝ ਸਕਦੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਇੱਥੇ ਆਏ ਸੀ, ਤਾਂ ਇਹ ਇਲਾਕਾ ਬਿਲਕੁਲ ਵੱਖਰਾ ਸੀ, ਲੋਕ ਸਵਾਲ ਪੁੱਛ ਰਹੇ ਸੀ ਕਿ ਇੱਕ ਛੋਟੇ ਤੱਟਵਰਤੀ ਖੇਤਰ ਵਿੱਚ ਕੀ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੂੰ ਹਮੇਸ਼ਾ ਇੱਥੋਂ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਵਿੱਚ ਵਿਸ਼ਵਾਸ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਅਗਵਾਈ ਵਿੱਚ ਇਹ ਵਿਸ਼ਵਾਸ ਪ੍ਰਗਤੀ ਵਿੱਚ ਬਦਲਿਆ ਹੈ, ਜਿਸ ਨਾਲ ਸਿਲਵਾਸਾ ਇੱਕ ਵਿਸ਼ਵਵਿਆਪੀ ਸ਼ਹਿਰ ਬਣ ਗਿਆ ਹੈ, ਜੋ ਆਪਣੇ ਸਾਰੇ ਨਿਵਾਸੀਆਂ ਲਈ ਨਵੇਂ ਅਵਸਰਾਂ ਦੇ ਨਾਲ ਸੰਪੰਨ ਹੋ ਰਿਹਾ ਹੈ।

ਸ਼੍ਰੀ ਮੋਦੀ ਨੇ ਸਿੰਗਾਪੁਰ ਦੀ ਉਦਾਹਰਣ ਵੀ ਸਾਂਝੀ ਕੀਤੀ, ਜੋ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਛੋਟਾ ਜਿਹਾ ਮੱਛੀਆਂ ਫੜਨ ਵਾਲਾ ਪਿੰਡ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਸਿੰਗਾਪੁਰ ਦਾ ਪਰਿਵਰਤਨ ਉਸ ਦੇ ਲੋਕਾਂ ਦੀ ਮਜ਼ਬੂਤ ​​ਇੱਛਾ ਸ਼ਕਤੀ ਕਾਰਨ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਗਰਿਕਾਂ ਨੂੰ ਵਿਕਾਸ ਲਈ ਅਜਿਹਾ ਹੀ ਸੰਕਲਪ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਿੱਥੇ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ, ਲੇਕਿਨ ਉਨ੍ਹਾਂ ਨੂੰ ਵੀ ਅੱਗੇ ਵਧਣ ਲਈ ਪਹਿਲ ਕਰਨੀ ਹੋਵੇਗੀ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਸਿਰਫ਼ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ, ਸਗੋਂ ਇਹ ਮਾਣ ਅਤੇ ਵਿਰਾਸਤ ਦਾ ਸਰੋਤ ਹੈ। ਇਹੀ ਕਾਰਨ ਹੈ ਕਿ ਅਸੀਂ ਇਸ ਖੇਤਰ ਨੂੰ ਇੱਕ ਮਾਡਲ ਰਾਜ ਵਿੱਚ ਬਦਲ ਰਹੇ ਹਾਂ ਜੋ ਆਪਣੇ ਸੰਪੂਰਨ ਵਿਕਾਸ ਲਈ ਜਾਣਿਆ ਜਾਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਇਹ ਖੇਤਰ ਆਪਣੇ ਉੱਚ-ਟੈਕਨੋਲੋਜੀ ਵਾਲੇ ਬੁਨਿਆਦੀ ਢਾਂਚੇ, ਆਧੁਨਿਕ ਸਿਹਤ ਸੇਵਾਵਾਂ, ਵਿਸ਼ਵ ਪੱਧਰੀ ਅਕਾਦਮਿਕ ਸੰਸਥਾਵਾਂ, ਟੂਰਿਜ਼ਮ, ਸਮੁੰਦਰੀ ਅਰਥਵਿਵਸਥਾ, ਉਦਯੋਗਿਕ ਪ੍ਰਗਤੀ, ਨੌਜਵਾਨਾਂ ਲਈ ਨਵੇਂ ਅਵਸਰਾਂ ਅਤੇ ਵਿਕਾਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਈ ਪਹਿਚਾਣਿਆ ਜਾਵੇ।

ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਪ੍ਰਫੁਲ ਪਟੇਲ ਦੀ ਅਗਵਾਈ ਵਿੱਚ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਹ ਖੇਤਰ ਇਨ੍ਹਾਂ ਟੀਚਿਆਂ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਵਿਕਾਸ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਹੁਣ ਵਿਕਾਸ ਦੇ ਮਾਮਲੇ ਵਿੱਚ ਇੱਕ ਵੱਖਰੀ ਪਛਾਣ ਦੇ ਨਾਲ ਨੈਸ਼ਨਲ ਮੈਪ ‘ਤੇ ਉਭਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ, ਜਲ ਜੀਵਨ ਮਿਸ਼ਨ, ਭਾਰਤਨੈੱਟ, ਪੀਐੱਮ ਜਨ ਧਨ ਯੋਜਨਾ, ਪੀਐੱਮ ਜੀਵਨ ਜਯੋਤੀ ਬੀਮਾ ਅਤੇ ਪੀਐੱਮ ਸੁਰਕਸ਼ਾ ਬੀਮਾ ਜਿਹੀਆਂ ਵੱਖ-ਵੱਖ ਸਰਕਾਰੀ ਯੋਜਨਾਵਾਂ ਨੇ ਲੋਕਾਂ, ਖਾਸ ਕਰਕੇ ਗ਼ਰੀਬ ਅਤੇ ਆਦਿਵਾਸੀ ਭਾਈਚਾਰਿਆਂ ਨੂੰ ਬਹੁਤ ਲਾਭ ਪਹੁੰਚਾਇਆ ਹੈ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅਗਲਾ ਟੀਚਾ ਸਮਾਰਟ ਸਿਟੀਜ਼ ਮਿਸ਼ਨ, ਸਮਗ੍ਰ ਸ਼ਿਕਸ਼ਾ ਅਤੇ ਪੀਐੱਮ ਮੁਦਰਾ ਯੋਜਨਾ ਜਿਹੀਆਂ ਪਹਿਲਕਦਮੀਆਂ ਵਿੱਚ 100 ਪ੍ਰਤੀਸ਼ਤ ਸੰਤ੍ਰਿਪਤੀ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਹਿਲੀ ਵਾਰ, ਸਰਕਾਰ ਇਨ੍ਹਾਂ ਭਲਾਈ ਸਕੀਮਾਂ ਨਾਲ ਸਿੱਧਾ ਲੋਕਾਂ ਤੱਕ ਪਹੁੰਚ ਰਹੀ ਹੈ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਹਰੇਕ ਨਾਗਰਿਕ ਨੂੰ ਸਰਕਾਰਾਂ ਦੀਆਂ ਸਕੀਮਾਂ ਦਾ ਲਾਭ ਮਿਲੇ।

ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ, ਸਿੱਖਿਆ, ਰੋਜ਼ਗਾਰ ਅਤੇ ਉਦਯੋਗਿਕ ਵਿਕਾਸ ਵਿੱਚ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਬਦਲਾਅ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਸ ਖੇਤਰ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਲਈ ਬਾਹਰ ਜਾਣਾ ਪੈਂਦਾ ਸੀ, ਪਰ ਅੱਜ ਇਸ ਖੇਤਰ ਵਿੱਚ ਛੇ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਹਨ। ਇਨ੍ਹਾਂ ਵਿੱਚ ਨਮੋ ਮੈਡੀਕਲ ਕਾਲਜ, ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ, ਆਈਆਈਆਈਟੀ ਦਿਉ, ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ, ਇੰਸਟੀਟਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ ਅਤੇ ਦਮਨ ਇੰਜੀਨੀਅਰਿੰਗ ਕਾਲਜ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਨੇ ਸਿਲਵਾਸਾ ਅਤੇ ਇਸ ਖੇਤਰ ਨੂੰ ਇੱਕ ਨਵਾਂ ਅਕਾਦਮਿਕ ਕੇਂਦਰ ਬਣਾਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਨੌਜਵਾਨਾਂ ਨੂੰ ਹੋਰ ਲਾਭ ਪਹੁੰਚਾਉਣ ਲਈ, ਇਨ੍ਹਾਂ ਸੰਸਥਾਵਾਂ ਵਿੱਚ ਉਨ੍ਹਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਪਹਿਲਾਂ ਮੈਨੂੰ ਇਹ ਦੇਖ ਕੇ ਖੁਸ਼ੀ ਹੁੰਦੀ ਸੀ ਕਿ ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਸਿੱਖਿਆ ਚਾਰ ਵੱਖ-ਵੱਖ ਮਾਧਿਅਮਾਂ ਵਿੱਚ ਦਿੱਤੀ ਜਾਂਦੀ ਹੈ: ਹਿੰਦੀ, ਅੰਗ੍ਰੇਜੀ, ਗੁਜਰਾਤੀ ਅਤੇ ਮਰਾਠੀ। ਹੁਣ, ਮੈਨੂੰ ਇਹ ਕਹਿੰਦੇ ਹੋਏ ਵੀ ਮਾਣ ਹੋ ਰਿਹਾ ਹੈ ਕਿ ਇੱਥੇ ਪ੍ਰਾਇਮਰੀ ਅਤੇ ਜੂਨੀਅਰ ਸਕੂਲਾਂ ਦੇ ਬੱਚੇ ਸਮਾਰਟ ਕਲਾਸਰੂਮਾਂ ਵਿੱਚ ਪੜ੍ਹ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਇਸ ਖੇਤਰ ਵਿੱਚ ਆਧੁਨਿਕ ਸਿਹਤ ਸੇਵਾਵਾਂ ਦਾ ਬਹੁਤ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਕਿਹਾ, “ਸਾਲ 2023 ਵਿੱਚ, ਮੈਨੂੰ ਇੱਥੇ ਨਮੋ ਮੈਡੀਕਲ ਕਾਲਜ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ। ਇਸ ਦੇ ਨਾਲ ਹੀ, 450 ਬੈੱਡਾਂ ਦੀ ਸਮਰੱਥਾ ਵਾਲਾ ਇੱਕ ਨਵਾਂ ਹਸਪਤਾਲ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਅੱਜ ਉਦਘਾਟਨ ਵੀ ਕੀਤਾ ਗਿਆ ਹੈ। ਸਿਲਵਾਸਾ ਵਿੱਚ ਸਿਹਤ ਸੁਵਿਧਾਵਾਂ ਨਾਲ ਇਸ ਖੇਤਰ ਦੇ ਆਦਿਵਾਸੀ ਭਾਈਚਾਰੇ ਨੂੰ ਤੋਂ ਬਹੁਤ ਲਾਭ ਹੋਵੇਗਾ।”

ਪ੍ਰਧਾਨ ਮੰਤਰੀ ਨੇ ਅੱਜ ਦੇ ਸਿਹਤ ਸੰਭਾਲ ਪ੍ਰੋਜੈਕਟਾਂ ਦੇ ਮਹੱਤਵ ‘ਤੇ ਚਾਨਣਾ ਪਾਇਆ, ਕਿਉਂਕਿ ਇਹ ਜਨ ਔਸ਼ਧੀ ਦਿਵਸ ਦੇ ਨਾਲ ਮੇਲ ਖਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਨ ਔਸ਼ਧੀ ਕਿਫਾਇਤੀ ਇਲਾਜ ਯਕੀਨੀ ਬਣਾਉਂਦੀ ਹੈ। ਇਸ ਪਹਿਲਕਦਮੀ ਦੇ ਤਹਿਤ ਸਰਕਾਰ ਗੁਣਵੱਤਾਪੂਰਨ ਹਸਪਤਾਲ, ਆਯੁਸ਼ਮਾਨ ਭਾਰਤ ਤਹਿਤ ਮੁਫ਼ਤ ਇਲਾਜ ਅਤੇ ਜਨ ਔਸ਼ਧੀ ਕੇੰਦਰਾਂ ਦੇ ਮਾਧਿਅਮ ਨਾਲ ਕਿਫਾਇਤੀ ਦਵਾਈਆਂ ਉਪਲਬਧ ਕਰਵਾ ਰਹੀ ਹੈ। ਦੇਸ਼ ਭਰ ਵਿੱਚ 15,000 ਤੋਂ ਵੱਧ ਜਨ ਔਸ਼ਧੀ ਕੇਂਦਰ 80 ਪ੍ਰਤੀਸ਼ਤ ਤੱਕ ਘੱਟ ਕੀਮਤਾਂ ‘ਤੇ ਦਵਾਈਆਂ ਪ੍ਰਦਾਨ ਕਰਦੇ ਹਨ। ਲਗਭਗ 40 ਜਨ ਔਸ਼ਧੀ ਕੇਂਦਰ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਲੋਕਾਂ ਨੂੰ ਲਾਭ ਪਹੁੰਚਾ ਰਹੇ ਹਨ। ਸਰਕਾਰ ਦਾ ਟੀਚਾ ਭਵਿੱਖ ਵਿੱਚ ਦੇਸ਼ ਭਰ ਵਿੱਚ 25,000 ਜਨ ਔਸ਼ਧੀ ਕੇਂਦਰ ਖੋਲ੍ਹਣਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇਸ ਪਹਿਲਕਦਮੀ ਦੀ ਸ਼ੁਰੂਆਤ ਤੋਂ ਬਾਅਦ, ਲਗਭਗ 6,500 ਕਰੋੜ ਰੁਪਏ ਦੀਆਂ ਕਿਫਾਇਤੀ ਦਵਾਈਆਂ ਲੋੜਵੰਦਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਗਰੀਬਾਂ ਅਤੇ ਮੱਧ ਵਰਗ ਲਈ 30,000 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਈ ਹੈ।”

ਪ੍ਰਧਾਨ ਮੰਤਰੀ ਨੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ, ਖਾਸ ਕਰਕੇ ਮੋਟਾਪੇ ਦੀ ਵਧ ਰਹੀ ਚਿੰਤਾ ਨੂੰ ਸੰਬੋਧਨ ਕੀਤਾ, ਜੋ ਕਿ ਇੱਕ ਵੱਡਾ ਸਿਹਤ ਖ਼ਤਰਾ ਬਣ ਗਿਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਆਈ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਾਲ 2050 ਤੱਕ 440 ਮਿਲੀਅਨ ਤੋਂ ਵੱਧ ਭਾਰਤੀ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਹੋਣਗੇ। ਸ਼੍ਰੀ ਮੋਦੀ ਨੇ ਕਿਹਾ, “ਇਹ ਚਿੰਤਾਜਨਕ ਅੰਕੜਾ ਦਰਸਾਉਂਦਾ ਹੈ ਕਿ ਤਿੰਨ ਵਿੱਚੋਂ ਇੱਕ ਵਿਅਕਤੀ ਨੂੰ ਮੋਟਾਪੇ ਕਾਰਨ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਸੰਭਾਵੀ ਤੌਰ ‘ਤੇ ਜੀਵਨ ਦੇ ਲਈ ਖਤਰਾ ਬਣ ਸਕਦਾ ਹੈ।”

ਪ੍ਰਧਾਨ ਮੰਤਰੀ ਨੇ ਇਸ ਨਾਲ ਨਿਪਟਣ ਦੇ ਲਈ ਸਾਰਿਆਂ ਨੂੰ ਮੋਟਾਪਾ ਘੱਟ ਕਰਨ ਦੇ ਲਈ ਸਰਗਰਮ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹਰ ਮਹੀਨੇ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10 ਪ੍ਰਤੀਸ਼ਤ ਘਟਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਆਪਣੀ ਰੋਜ਼ਾਨਾ ਖਾਣਾ ਪਕਾਉਣ ਵਿੱਚ 10 ਪ੍ਰਤੀਸ਼ਤ ਘੱਟ ਤੇਲ ਦੀ ਵਰਤੋਂ ਕਰਨ ਲਈ ਵਚਨਬੱਧ ਹੋਣ ਲਈ ਕਿਹਾ। ਉਨ੍ਹਾਂ ਨੇ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਅਤੇ ਮੋਟਾਪੇ ਨੂੰ ਰੋਕਣ ਲਈ ਨਿਯਮਿਤ ਸਰੀਰਕ ਗਤੀਵਿਧੀਆਂ, ਜਿਵੇਂ ਕਿ ਰੋਜ਼ਾਨਾ ਕੁਝ ਕਿਲੋਮੀਟਰ ਪੈਦਲ ਚਲਣ ਨੂੰ ਸ਼ਾਮਲ ਕਰਨ ਲਈ ਵੀ ਉਤਸ਼ਾਹਿਤ ਕੀਤਾ। “ਭਾਰਤ ਇੱਕ ਵਿਕਸਿਤ ਰਾਸ਼ਟਰ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ,” ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ। ਸਿਰਫ਼ ਇੱਕ ਸਿਹਤਮੰਦ ਰਾਸ਼ਟਰ ਹੀ ਅਜਿਹਾ ਟੀਚਾ ਪ੍ਰਾਪਤ ਕਰ ਸਕਦਾ ਹੈ।”

ਸ਼੍ਰੀ ਮੋਦੀ ਨੇ ਪਿਛਲੇ ਦਹਾਕੇ ਵਿੱਚ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਵਿੱਚ ਤੇਜ਼ ਉਦਯੋਗਿਕ ਵਿਕਾਸ ਨੂੰ ਉਜਾਗਰ ਕੀਤਾ। ਹਾਲੀਆ ਬਜਟ ਵਿੱਚ ਮਿਸ਼ਨ ਮੈਨੂਫੈਕਚਰਿੰਗ ਪਹਿਲਕਦਮੀ ਦੀ ਸ਼ੁਰੂਆਤ ਨਾਲ, ਇਸ ਖੇਤਰ ਨੂੰ ਬਹੁਤ ਲਾਭ ਹੋਣ ਵਾਲਾ ਹੈ। ਸੈਂਕੜੇ ਨਵੇਂ ਉਦਯੋਗ ਸ਼ੁਰੂ ਹੋਏ ਹਨ ਅਤੇ ਕਈ ਮੌਜੂਦਾ ਉਦਯੋਗਾਂ ਦਾ ਵਿਸਤਾਰ ਹੋਇਆ ਹੈ, ਜਿਸ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਏ ਹਨ। ਇਹ ਉਦਯੋਗ ਵੱਡੇ ਪੱਧਰ ‘ਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰ ਰਹੇ ਹਨ, ਖਾਸ ਕਰਕੇ ਕਬਾਇਲੀ ਭਾਈਚਾਰੇ, ਮਹਿਲਾਵਾਂ ਅਤੇ ਕਮਜ਼ੋਰ ਵਰਗ ਦੇ ਸਮੂਹਾਂ ਲਈ। ਸ਼੍ਰੀ ਮੋਦੀ ਨੇ ਕਿਹਾ, “ਗਿਰ ਆਦਰਸ਼ ਆਜੀਵਿਕਾ ਯੋਜਨਾ ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ), ਹੋਰ ਪਛੜੇ ਵਰਗਾਂ (ਓਬੀਸੀ) ਅਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਲਾਗੂ ਕੀਤੀ ਗਈ ਹੈ, ਜਦੋਂ ਕਿ ਛੋਟੇ ਡੇਅਰੀ ਫਾਰਮਾਂ ਦੀ ਸਥਾਪਨਾ ਨੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਹਨ।”

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਟੂਰਿਜ਼ਮ ਰੋਜ਼ਗਾਰ ਦੇ ਇੱਕ ਵੱਡੇ ਸਰੋਤ ਵਜੋਂ ਵੀ ਉੱਭਰਿਆ ਹੈ। ਇਸ ਖੇਤਰ ਦੇ ਸਮੁੰਦਰੀ ਕੰਢੇ ਅਤੇ ਸਮ੍ਰਿੱਧ ਵਿਰਾਸਤ ਭਾਰਤ ਅਤੇ ਵਿਦੇਸ਼ਾਂ ਦੋਨਾਂ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਰਾਮ ਸੇਤੂ, ਨਮੋ ਪਥ, ਦਮਨ ਵਿੱਚ ਟੈਂਟ ਸਿਟੀ ਅਤੇ ਪ੍ਰਸਿੱਧ ਨਾਈਟ ਮਾਰਕੀਟ ਜਿਹੇ ਵਿਕਾਸ ਇਸ ਖੇਤਰ ਦੇ ਆਕਰਸ਼ਣ ਨੂੰ ਵਧਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਵੱਡਾ ਬਰਡ ਸੈਂਚੁਰੀ (bird sanctuary)  ਸਥਾਪਿਤ ਕੀਤਾ ਗਿਆ ਹੈ, ਅਤੇ ਦੁਧਾਨੀ (Dudhani) ਵਿਖੇ ਇੱਕ ਈਕੋ-ਰਿਜ਼ੋਰਟ ਦੀ ਯੋਜਨਾ ਬਣਾਈ ਜਾ ਰਹੀ ਹੈ। ਦਿਉ ਵਿੱਚ ਤੱਟਵਰਤੀ ਰਿਜ਼ੋਰਟ ਅਤੇ ਬੀਚ (beach) ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਸਾਲ 2024 ਵਿੱਚ ਹੋਣ ਵਾਲੀਆਂ ਦਿਉ ਬੀਚ ਗੇਮਸ (Diu Beach Games) ਨੇ ਬੀਚ ਖੇਡਾਂ ਵਿੱਚ ਦਿਲਚਸਪੀ ਵਧਾ ਦਿੱਤੀ ਹੈ, ਅਤੇ ਬਲੂ ਫਲੈਗ ਸਰਟੀਫਿਕੇਸ਼ਨ ਨੇ ਦਿਉ ਵਿੱਚ ਘੋਘਲਾ ਬੀਚ ਨੂੰ ਇੱਕ ਪ੍ਰਸਿੱਧ ਟੂਰਿਜ਼ਮ ਸਥਾਨ ਬਣਾ ਦਿੱਤਾ ਹੈ। ਇਸ ਤੋਂ ਇਲਾਵਾ, ਦਿਉ ਵਿੱਚ ਇੱਕ ਕੇਬਲ ਕਾਰ ਪ੍ਰੋਜੈਕਟ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਅਰਬ ਸਾਗਰ ਦੇ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ, ਜਿਸ ਨਾਲ ਇਹ ਖੇਤਰ ਭਾਰਤ ਦੇ ਚੋਟੀ ਦੇ ਟੂਰਿਜ਼ਮ ਸਥਾਨਾਂ ਵਿੱਚੋਂ ਇੱਕ ਬਣ ਗਿਆ ਹੈ।”

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਵਿੱਚ ਮਹੱਤਵਪੂਰਨ ਸੰਪਰਕ ਸੁਧਾਰਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦਾਦਰਾ ਦੇ ਨੇੜੇ ਇੱਕ ਬੁਲੇਟ ਟ੍ਰੇਨ ਸਟੇਸ਼ਨ ਬਣਾਇਆ ਜਾ ਰਿਹਾ ਹੈ, ਅਤੇ ਮੁੰਬਈ-ਦਿੱਲੀ ਐਕਸਪ੍ਰੈੱਸਵੇਅ ਸਿਲਵਾਸਾ ਵਿੱਚੋਂ ਲੰਘਦਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ, ਕਈ ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 500 ਕਿਲੋਮੀਟਰ ਤੋਂ ਵੱਧ ਸੜਕਾਂ ਦਾ ਕੰਮ ਇਸ ਸਮੇਂ ਚੱਲ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਖੇਤਰ ਨੂੰ ਉਡਾਣ ਯੋਜਨਾ ਤੋਂ ਵੀ ਲਾਭ ਹੋ ਰਿਹਾ ਹੈ ਅਤੇ ਸੰਪਰਕ ਵਧਾਉਣ ਲਈ ਸਥਾਨਕ ਹਵਾਈ ਅੱਡੇ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਸਰਕਾਰ ਖੇਤਰ ਵਿੱਚ ਵਿਆਪਕ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਵਿਕਾਸ, ਸੁਸ਼ਾਸਨ ਅਤੇ ਜੀਵਨ ਨੂੰ ਅਸਾਨ ਬਣਾਉਣ ਦੇ ਮੌਡਲ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਪਰ ਹੁਣ ਸਰਕਾਰ ਨਾਲ ਸਬੰਧਿਤ ਜ਼ਿਆਦਾਤਰ ਕੰਮ ਮੋਬਾਈਲ ਫੋਨ ‘ਤੇ ਸਿਰਫ਼ ਇੱਕ ਕਲਿੱਕ ਨਾਲ ਪੂਰੇ ਹੋ ਜਾਂਦੇ ਹਨ। ਇਸ ਨਵੀਂ ਪਹੁੰਚ ਨੇ ਦਹਾਕਿਆਂ ਤੋਂ ਅਣਗੌਲਿਆ ਕੀਤੇ ਗਏ ਕਬਾਇਲੀ ਖੇਤਰਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ। ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਮੌਕੇ ‘ਤੇ ਸਮਾਧਾਨ ਕਰਨ ਲਈ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਸ਼੍ਰੀ ਪ੍ਰਫੁਲ ਪਟੇਲ ਅਤੇ ਉਨ੍ਹਾਂ ਦੀ ਟੀਮ ਨੂੰ ਇਨ੍ਹਾਂ ਯਤਨਾਂ ਲਈ ਵਧਾਈ ਦਿੱਤੀ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਖੇਤਰ ਦੇ ਵਿਕਾਸ ਲਈ ਕੰਮ ਕਰਨਾ ਜਾਰੀ ਰੱਖੇਗੀ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਲੋਕਾਂ ਨੂੰ ਅੱਜ ਸ਼ੁਰੂ ਕੀਤੇ ਗਏ ਸਫਲ ਵਿਕਾਸ ਪ੍ਰੋਜੈਕਟਾਂ ਲਈ ਵਧਾਈ ਦਿੰਦਾ ਹਾਂ। ਮੈਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਗਰਿਕਾਂ ਦਾ ਉਨ੍ਹਾਂ ਦੇ ਨਿੱਘੇ ਸੁਆਗਤ, ਪਿਆਰ ਅਤੇ ਸਤਿਕਾਰ ਲਈ ਦਿਲੋਂ ਧੰਨਵਾਦ ਕਰਦਾ ਹਾਂ।”

ਪਿਛੋਕੜ

ਦੇਸ਼ ਦੇ ਹਰ ਕੋਨੇ ਵਿੱਚ ਸਿਹਤ ਸੁਵਿਧਾਵਾਂ ਨੂੰ ਉਤਸ਼ਾਹਿਤ ਕਰਨਾ ਪ੍ਰਧਾਨ ਮੰਤਰੀ ਦਾ ਮੁੱਖ ਟੀਚਾ ਰਿਹਾ ਹੈ। ਇਸ ਦੇ ਤਹਿਤ, ਉਨ੍ਹਾਂ ਨੇ ਸਿਲਵਾਸਾ ਵਿੱਚ ਨਮੋ ਹਸਪਤਾਲ (ਫੇਜ਼ I) ਦਾ ਉਦਘਾਟਨ ਕੀਤਾ। 460 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ, ਇਹ 450 ਬੈੱਡਾਂ ਵਾਲਾ ਹਸਪਤਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਿਹਤ ਸੰਭਾਲ ਸੇਵਾਵਾਂ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ​​ਕਰੇਗਾ। ਇਹ ਇਲਾਕੇ ਦੇ ਲੋਕਾਂ, ਖਾਸ ਕਰਕੇ ਕਬਾਇਲੀ ਭਾਈਚਾਰਿਆਂ ਨੂੰ ਅਤਿ-ਆਧੁਨਿਕ  ਮੈਡੀਕਲ ਦੇਖਭਾਲ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਸਿਲਵਾਸਾ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 2580 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਵੱਖ-ਵੱਖ ਗ੍ਰਾਮੀਣ ਸੜਕਾਂ ਅਤੇ ਹੋਰ ਰੋਡ ਇਨਫ੍ਰਾਸਟ੍ਰਕਚਰ, ਸਕੂਲ, ਸਿਹਤ ਅਤੇ ਤੰਦਰੁਸਤੀ ਕੇਂਦਰ, ਪੰਚਾਇਤ ਅਤੇ ਪ੍ਰਸ਼ਾਸਨਿਕ ਇਮਾਰਤਾਂ, ਆਂਗਣਵਾੜੀ ਕੇਂਦਰ, ਜਲ ਸਪਲਾਈ ਅਤੇ ਸੀਵੇਜ ਇਨਫ੍ਰਾਸਟ੍ਰਕਚਰ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਖੇਤਰ ਵਿੱਚ ਸੰਪਰਕ ਨੂੰ ਬਿਹਤਰ ਬਣਾਉਣਾ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਜਨਤਕ ਭਲਾਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ।

ਗਿਰ ਆਦਰਸ਼ ਆਜੀਵਿਕਾ ਯੋਜਨਾ ਦਾ ਉਦੇਸ਼ ਅਨੁਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਜਨਜਾਤੀ (ਐੱਸਟੀ), ਹੋਰ ਪੱਛੜੇ ਵਰਗ (ਓਬੀਸੀ), ਘੱਟ ਗਿਣਤੀਆਂ ਅਤੇ ਦਿਵਯਾਂਗਜਨਾਂ ਨਾਲ ਸਬੰਧਿਤ ਮਹਿਲਾਵਾਂ ਨੂੰ ਛੋਟੇ ਡੇਅਰੀ ਫਾਰਮ ਸਥਾਪਿਤ ਕਰਕੇ ਅਤੇ ਉਨ੍ਹਾਂ ਦੇ ਜੀਵਨ ਵਿੱਚ ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਕੇ ਆਰਥਿਕ ਸਸ਼ਕਤੀਕਰਣ ਨੂੰ ਹੁਲਾਰਾ ਦੇਣਾ ਹੈ। ਸਿਲਵਨ ਦੀਦੀ ਯੋਜਨਾ, ਮਹਿਲਾ ਸਟ੍ਰੀਟ ਵੇਂਡਰਸ ਨੂੰ ਸ਼ਾਨਦਾਰ ਢੰਗ ਨਾਲ ਡਿਜ਼ਾਈਨ ਕੀਤੀਆਂ ਗੱਡੀਆਂ ਪ੍ਰਦਾਨ ਕਰਕੇ ਉਨ੍ਹਾਂ ਦੇ ਉਥਾਨ ਦੀ ਇੱਕ ਪਹਿਲ ਹੈ, ਜਿਸ ਦਾ ਸਹਿ-ਵਿੱਤਪੋਸ਼ਣ ਪੀਐੱਮ ਸਵਨਿਧੀ ਯੋਜਨਾ ਨਾਲ ਕੀਤਾ ਜਾਂਦਾ ਹੈ।

***************

ਐੱਮਜੇਪੀਐੱਸ/ਵੀਜੇ