Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਪਲੇਨਰੀ ਸਮਿਟ 2025 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਪਲੇਨਰੀ ਸਮਿਟ 2025 ਨੂੰ ਸੰਬੋਧਨ ਕੀਤਾ


ਪ੍ਰਧਾਨ  ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਿਪਬਲਿਕ ਪਲੇਨਰੀ ਸਮਿਟ 2025 ਵਿੱਚ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਅਤੇ ਇੱਕ ਮਹੱਤਵਪੂਰਨ ਹੈਕਾਥੌਨ ਪ੍ਰਤੀਯੋਗਿਤਾ ਆਯੋਜਿਤ ਕਰਨ ਲਈ ਰਿਪਬਲਿਕ ਟੀਵੀ ਨੂੰ ਇਸ ਦੇ ਨਵੀਨਤਾਕਾਰੀ ਦ੍ਰਿਸ਼ਟੀਕੋਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਦੇ ਯੁਵਾ ਰਾਸ਼ਟਰੀ ਚਰਚਾ ਵਿੱਚ ਸ਼ਾਮਲ ਹੁੰਦੇ ਹਨ, ਤਾਂ ਇਸ ਨਾਲ ਵਿਚਾਰਾਂ ਵਿੱਚ ਨਵੀਨਤਾ ਆਉਂਦੀ ਹੈ ਅਤੇ ਪੂਰਾ ਵਾਤਾਵਰਣ ਉਨ੍ਹਾਂ ਦੀ ਊਰਜਾ ਨਾਲ ਭਰ ਜਾਂਦਾ ਹੈ।ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਊਰਜਾ ਇਸ ਸਮਿਟ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਅਤੇ ਸਰਹੱਦਾਂ ਤੋਂ ਪਰ੍ਹੇ ਜਾਣ ਵਿੱਚ ਸਹਾਇਤਾ ਕਰਦੀ ਹੈ, ਜਿਸ ਨਾਲ ਹਰ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਹਰ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਸਮਿਟ ਲਈ ਇੱਕ ਨਵੀਂ ਧਾਰਨਾ ‘ਤੇ ਕੰਮ ਕਰਨ ਲਈ ਰਿਪਬਲਿਕ ਟੀਵੀ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਭਾਰਤ ਦੀ ਰਾਜਨੀਤੀ ਵਿੱਚ ਬਿਨਾ ਕਿਸੇ ਰਾਜਨੀਤਕ ਪਿਛੋਕੜ ਦੇ ਇੱਕ ਲੱਖ ਨੌਜਵਾਨਾਂ ਨੂੰ ਲਿਆਉਣ ਦੇ ਆਪਣੇ ਵਿਚਾਰ ਨੂੰ ਦੁਹਰਾਇਆ।

ਸ਼੍ਰੀ ਮੋਦੀ ਨੇ ਕਿਹਾ, “ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ ਭਾਰਤ ਦੀ ਸਦੀ ਹੈ। ਭਾਰਤ ਦੀਆਂ ਉਪਲਬਧੀਆਂ, ਭਾਰਤ ਦੀਆਂ ਸਫ਼ਲਤਾਵਾਂ ਨੇ ਪੂਰੇ ਵਿਸ਼ਵ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਜਿਸ ਨੂੰ ਕਦੇ ਖੁਦ ਨੂੰ ਅਤੇ ਦੂਸਰਿਆਂ ਨੂੰ ਡੁਬਾਉਣ ਵਾਲਾ ਦੇਸ਼ ਮੰਨਿਆ ਜਾਂਦਾ ਸੀ, ਲੇਕਿਨ ਭਾਰਤ ਅੱਜ ਦੁਨੀਆ ਦੀ ਗ੍ਰੋਥ ਨੂੰ ਡ੍ਰਾਈਵ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਭਵਿੱਖ ਦੀ ਦਿਸ਼ਾ ਅੱਜ ਦੇ ਕੰਮ ਅਤ ਉਪਲਬਧੀਆਂ ਤੋਂ ਸਪਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 65 ਵਰ੍ਹਿਆਂ ਬਾਅਦ ਵੀ ਭਾਰਤ ਦੁਨੀਆ ਦੀ ਗਿਆਰ੍ਹਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ। ਹਾਲਾਂਕਿ, ਪਿਛਲੇ ਇੱਕ ਦਹਾਕੇ ਵਿੱਚ ਭਾਰਤ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਹੁਣ ਤੇਜ਼ੀ ਨਾਲ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ।

18 ਸਾਲ ਪਹਿਲਾਂ ਦੀ ਸਥਿਤੀ ਨੂੰ ਯਾਦ ਕਰਦੇ ਹੋਏ, ਵਰ੍ਹੇ 2007 ਵਿੱਚ, ਜਦੋਂ ਭਾਰਤ ਦੀ ਸਲਾਨਾ ਜੀਡੀਪੀ 1 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ ਸੀ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਉਸ ਸਮੇਂ, ਪੂਰੇ ਇੱਕ ਸਾਲ ਦੇ ਲਈ ਭਾਰਤ ਵਿੱਚ ਆਰਥਿਕ ਗਤੀਵਿਧੀ 1 ਟ੍ਰਿਲੀਅਨ ਅਮਰੀਕੀ ਡਾਲਰ ਸੀ। ਉਨ੍ਹਾਂ ਨੇ ਕਿਹਾ ਕਿ ਅੱਜ, ਕੇਵਲ ਇੱਕ ਤਿਮਾਹੀ ਵਿੱਚ ਓਨੀ ਹੀ ਆਰਥਿਕ ਗਤੀਵਿਧੀ ਹੋ ਰਹੀ ਹੈ, ਜੋ ਭਾਰਤ ਦੀ ਪ੍ਰਗਤੀ ਦੀ ਤੇਜ਼ ਗਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਹਾਸਲ ਕੀਤੇ ਗਏ ਮਹੱਤਵਪੂਰਨ ਪਰਿਵਰਤਨਾਂ ਅਤੇ ਨਤੀਜਿਆਂ ਨੂੰ ਦਿਖਾਉਣ ਲਈ ਉਦਾਹਰਣ ਦਿੱਤੀ।ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ, ਭਾਰਤ ਨੇ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਸਫ਼ਲਤਾਪੂਰਵਕ ਬਾਹਰ ਕੱਢਿਆ ਹੈ, ਜੋ ਕਈ ਦੇਸ਼ਾਂ ਦੀ ਆਬਾਦੀ ਤੋਂ ਵੀ ਵੱਧ ਹੈ। ਪ੍ਰਧਾਨ ਮੰਤਰੀ ਨੇ ਦਰਸ਼ਕਾਂ ਨੂੰ ਉਹ ਸਮਾਂ ਵੀ ਯਾਦ ਦਿਵਾਇਆ ਜਦੋਂ ਸਰਕਾਰ ਦੁਆਰਾ ਭੇਜੇ ਗਏ ਇੱਕ ਰੁਪਏ ਵਿੱਚੋਂ ਕੇਵਲ 15 ਪੈਸੇ ਗ਼ਰੀਬਾਂ ਤੱਕ ਪਹੁੰਚਦੇ ਸਨ ਅਤੇ 85 ਪੈਸੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦੇ ਸਨ। ਇਸ ਦੇ ਉਲਟ, ਪਿਛਲੇ ਇੱਕ ਦਹਾਕੇ ਵਿੱਚ ਇਹ ਸੁਨਿਸ਼ਚਿਤ ਕਰਦੇ ਹੋਏ ਕਿ ਪੂਰੀ ਰਾਸ਼ੀ ਲਾਭਾਰਥੀਆਂ ਤੱਕ ਪਹੁੰਚੇ, ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਗ਼ਰੀਬਾਂ ਦੇ ਖਾਤਿਆਂ ਵਿੱਚ ਸਿੱਧੇ 42 ਲੱਖ ਕਰੋੜ ਰੁਪਏ ਤੋਂ ਵੱਧ ਭੇਜੇ ਗਏ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ 10 ਵਰ੍ਹੇ ਪਹਿਲਾਂ ਭਾਰਤ ਸੌਰ ਊਰਜਾ ਦੇ ਮਾਮਲੇ ਵਿੱਚ ਪਿਛੜ ਗਿਆ ਸੀ। ਉਨ੍ਹਾਂ ਨੇ ਕਿਹਾ, “ਅੱਜ ਭਾਰਤ ਸੌਰ ਊਰਜਾ ਸਮਰੱਥਾ ਵਿੱਚ ਟੌਪ 5 ਦੇਸ਼ਾਂ ਵਿੱਚ ਸ਼ਾਮਲ ਹੈ, ਜਿਸ ਨੇ ਇਸ ਨੂੰ 30 ਗੁਣਾ ਵਧਾ ਦਿੱਤਾ ਹੈ, ਜਦਕਿ ਸੌਰ ਮਾਡਿਊਲ ਨਿਰਮਾਣ ਵਿੱਚ ਵੀ 30 ਗੁਣਾ ਵਾਧਾ ਦੇਖਿਆ ਗਿਆ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ 10 ਵਰ੍ਹੇ ਪਹਿਲਾਂ ਹੋਲੀ ਦੀ ਵਾਟਰ ਗਨ ਜਿਹੇ ਬੱਚਿਆਂ ਦੇ ਖਿਡੌਣੇ ਵੀ ਆਯਾਤ ਕੀਤੇ ਜਾਂਦੇ ਸਨ, ਜਦਕਿ ਅੱਜ ਭਾਰਤ ਦਾ ਖਿਡੌਣਾ ਨਿਰਯਾਤ ਤਿੰਨ ਗੁਣਾ ਵਧ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 10 ਵਰ੍ਹੇ ਪਹਿਲਾਂ ਭਾਰਤ ਆਪਣੀ ਸੈਨਾ ਲਈ ਰਾਈਫਲਾਂ ਆਯਾਤ ਕਰਦਾ ਸੀ, ਲੇਕਿਨ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦਾ ਰੱਖਿਆ ਨਿਰਯਾਤ 20 ਗੁਣਾ ਵਧ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਟੀਲ ਉਤਪਾਦਕ, ਦੂਸਰਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਅਤੇ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਿਆਦ ਵਿੱਚ ਭਾਰਤ ਦੇ ਬੁਨਿਆਦੀ ਢਾਂਚੇ ‘ਤੇ ਪੂੰਜੀਗਤ ਖਰਚੇ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ ਅਤੇ ਦੇਸ਼ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਕਿਹ ਕਿ ਦੇਸ਼ ਵਿੱਚ ਕਾਰਜਸ਼ੀਲ ਏਮਸ ਦੀ ਸੰਖਿਆ ਤਿੰਨ ਗੁਣਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਮੈਡੀਕਲ ਕਾਲਜਾਂ ਅਤੇ ਮੈਡੀਕਲ ਸੀਟਾਂ ਦੀ ਸੰਖਿਆ ਲਗਭਗ ਦੁੱਗਣੀ ਹੋ ਗਈ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ, “ਅੱਜ ਦਾ ਭਾਰਤ ਵੱਡਾ ਸੋਚਦਾ ਹੈ, ਮਹੱਤਵਾਕਾਂਖੀ ਟੀਚਾ ਨਿਰਧਾਰਿਤ ਕਰਦਾ ਹੈ ਅਤੇ ਮਹੱਤਵਪੂਰਨ ਨਤੀਜੇ ਪ੍ਰਾਪਤ ਕਰਦਾ ਹੈ।” ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਦੇਸ਼ ਦੀ ਮਾਨਸਿਕਤਾ ਬਦਲ ਗਈ ਹੈ ਅਤੇ ਭਾਰਤ ਵੱਡੀਆਂ ਅਕਾਂਖਿਆਵਾਂ ਦੇ ਨਾਲ ਅੱਗੇ ਵਧ  ਰਿਹਾ ਹੈ। ਉਨ੍ਹਾਂ ਨੇ ਕਿਹ ਕਿ ਪਹਿਲਾਂ ਮਾਨਸਿਕਤਾ ਯਥਾਸਥਿਤੀ ਨੂੰ ਸਵੀਕਾਰ ਕਰਨ ਦੀ ਸੀ, ਲੇਕਿਨ ਹੁਣ ਲੋਕ ਜਾਣਦੇ ਹਨ ਕਿ ਕੌਣ ਨਤੀਜਾ ਦੇ ਸਕਦਾ ਹੈ। ਉਨ੍ਹਾਂ ਨੇ ਉਦਹਾਰਣ ਦਿੱਤੀ ਕਿ ਕਿਵੇਂ ਲੋਕਾਂ ਦੀਆਂ ਅਕਾਂਖਿਆਵਾਂ, ਸੋਕਾ ਰਾਹਤ ਕਾਰਜ ਦਾ ਅਨੁਰੋਧ ਕਰਨ ਤੋਂ ਲੈ ਕੇ ਵੰਦੇ ਭਾਰਤ ਕਨੈਕਟੀਵਿਟੀ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਮੰਗ ਤੱਕ ਵਿਕਸਿਤ ਹੋਈਆਂ ਹਨ। ਉਨ੍ਹਾਂ ਨੇ  ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਅਕਾਂਖਿਆਵਾਂ ਨੂੰ ਕੁਚਲ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦੀਆਂ ਉਮੀਦਾਂ ਘੱਟ ਹੋ ਗਈਆਂ ਸਨ। ਹਾਲਾਂਕਿ, ਅੱਜ ਸਥਿਤੀ ਅਤੇ ਮਾਨਸਿਕਤਾ ਤੇਜ਼ੀ ਨਾਲ ਬਦਲ ਗਈ ਹੈ, ਅਤੇ ਲੋਕ ਹੁਣ ਵਿਕਸਿਤ ਭਾਰਤ ਦੇ ਟੀਚੇ ਤੋਂ ਪ੍ਰੇਰਿਤ ਹਨ।

ਕਿਸੇ ਵੀ ਸਮਾਜ ਦਾਂ ਰਾਸ਼ਟਰ ਦੀ ਤਾਕਤ ਤਦ ਵਧਦੀ ਹੈ ਜਦੋਂ ਉਸ ਦੇ ਨਾਗਰਿਕਾਂ ਦੇ ਲਈ ਵਾਧਾਵਾਂ ਅਤੇ ਰੁਕਾਵਟਾਂ ਹਟਾ ਦਿੱਤੀਆਂ ਜਾਂਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਨਾਗਰਿਕਾਂ ਦੀਆਂ ਸਮਰੱਥਾਵਾਂ ਵਧਦੀਆਂ ਹਨ ਅਤੇ ਅਸਮਾਨ ਵੀ ਛੋਟਾ ਲਗਣ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਿਛਲੇ ਪ੍ਰਸ਼ਾਸਨਾਂ ਦੁਆਰਾ ਲਗਾਈਆਂ ਗਈਆਂ ਰੁਕਾਵਟਾਂ ਨੂੰ ਲਗਾਤਾਰ ਸਮਾਪਤ ਕਰ ਰਹੀ ਹੈ ਅਤੇ ਪੁਲਾੜ ਖੇਤਰ ਦੀ ਉਦਾਹਰਣ ਦਿੱਤੀ, ਜਿੱਥੇ ਪਹਿਲਾਂ ਸਭ ਕੁਝ ਇਸਰੋ ਦੇ ਅਧਿਕਾਰ ਖੇਤਰ ਵਿੱਚ ਸੀ। ਇਸਰੋ ਨੇ ਸ਼ਲਾਘਾਯੋਗ ਕੰਮ ਕੀਤਾ, ਲੇਕਿਨ ਦੇਸ਼ ਵਿੱਚ ਪੁਲਾੜ ਵਿਗਿਆਨ ਅਤੇ ਉੱਦਮਤਾ ਦੀ ਸਮਰੱਥਾ ਦਾ ਪੂਰਾ ਉਪਯੋਗ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਾੜ ਖੇਤਰ ਹੁਣ ਯੁਵਾ ਇਨੋਵੇਟਰਸ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ 250 ਤੋਂ ਵੱਧ ਪੁਲਾੜ ਸਟਾਰਟਅੱਪਸ ਤਿਆਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਟਾਰਟਅੱਪ ਹੁਣ ਵਿਕਰਮ-ਐੱਸ ਅਤੇ ਅਗਨੀਬਾਣ ਜਿਹੇ ਰਾਕੇਟ ਵਿਕਸਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਮੈਪਿੰਗ ਸੈਕਟਰ ਦਾ ਵੀ ਜ਼ਿਕਰ ਕੀਤਾ, ਜਿੱਥੇ ਪਹਿਲਾਂ ਭਾਰਤ ਵਿੱਚ ਮੈਪ ਬਣਾਉਣ ਲਈ ਸਰਕਾਰ ਦੀ ਇਜਾਜ਼ਤ ਦੀ ਜ਼ਰੂਰਤ ਹੁੰਦੀ ਸੀ। ਇਹ ਪ੍ਰਤੀਬੱਧ ਹਟਾ ਦਿੱਤਾ ਗਿਆ ਹੈ ਅਤੇ ਅੱਜ ਭੂ-ਸਥਾਨਕ ਮੈਪਿੰਗ ਡੇਟਾ ਨਵੇਂ ਸਟਾਰਟਅੱਪਸ ਲਈ ਮਾਰਗ ਪੱਧਰਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਮਾਣੂ ਊਰਜਾ ਖੇਤਰ ਪਹਿਲਾਂ ਵਿਭਿੰਨ ਪਾਬੰਦੀਆਂ ਦੇ ਨਾਲ ਸਰਕਾਰੀ ਕੰਟਰੋਲ ਵਿੱਚ ਸੀ, ਲੇਕਿਨ ਇਸ ਵਰ੍ਹੇ ਦੇ ਬਜਟ ਵਿੱਚ ਇਸ ਖੇਤਰ ਨੂੰ ਨਿਜੀ ਖੇਤਰ ਦੇ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਵਰ੍ਹੇ 2047 ਤੱਕ 100 ਗੀਗਾਵਾਟ ਪਰਮਾਣੂ ਊਰਜਾ ਸਮਰੱਥਾ ਜੋੜਨ ਦਾ ਰਾਹ ਸਾਫ਼ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਦੇ ਪਿੰਡਾਂ ਵਿੱਚ 100 ਲੱਖ ਕਰੋੜ ਰੁਪਏ ਤੋਂ ਵੱਧ ਦੀ ਅਸੀਮਿਤ ਆਰਥਿਕ ਸਮਰੱਥਾ ਹੈ ਅਤੇ ਇਹ ਸਮਰੱਥਾ ਪਿੰਡਾਂ ਵਿੱਚ ਘਰਾਂ ਦੇ ਰੂਪ ਵਿੱਚ ਮੌਜੂਦ ਹੈ, ਜਿਨ੍ਹਾਂ ਦੇ ਕੋਲ ਕਾਨੂੰਨੀ ਦਸਤਾਵੇਜ਼ਾਂ ਅਤੇ ਉਚਿਤ ਮੈਪਿੰਗ ਦਾ ਅਭਾਵ ਹੈ, ਜਿਸ ਨਾਲ ਗ੍ਰਾਮੀਣ ਲੋਕ ਬੈਂਕ ਤੋਂ ਲੋਨ ਲੈਣ ਤੋਂ ਵੰਚਿਤ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਮੁੱਦਾ ਕੇਵਲ ਭਾਰਤ ਤੱਕ ਹੀ ਸੀਮਿਤ ਨਹੀਂ ਹੈ, ਕਿਉਂਕਿ ਕਈ ਵੱਡੇ ਦੇਸ਼ਾਂ ਵਿੱਚ ਵੀ ਆਪਣੇ ਨਾਗਰਿਕਾਂ ਲਈ ਸੰਪਤੀ ਦੇ ਅਧਿਕਾਰ ਦਾ ਅਭਾਵ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸੰਗਠਨਾਂ ਦਾ ਕਹਿਣਾ ਹੈ ਕਿ ਆਪਣੇ ਨਾਗਰਿਕਾਂ ਨੂੰ ਸੰਪਤੀ ਦੇ ਅਧਿਕਾਰ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਜੀਡੀਪੀ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਪਿੰਡ ਦੇ ਘਰਾਂ ਦੇ ਲਈ ਸੰਪਤੀ ਦੇ ਅਧਿਕਾਰ ਪ੍ਰਦਾਨ ਕਰਨ ਲਈ ਸਵਾਮਿਤਵ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਪਿੰਡਾਂ ਵਿੱਚ ਹਰੇਕ ਘਰ ਦਾ ਸਰਵੇਖਣ ਅਤੇ ਮੈਂਪਿੰਗ ਕਰਨ ਲਈ ਡ੍ਰੋਨ ਦਾ ਉਪਯੋਗ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੇਸ਼ ਭਰ ਵਿੱਚ ਸੰਪਤੀ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 2 ਕਰੋੜ ਤੋਂ ਵੱਧ ਸੰਪਤੀ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੰਪਤੀ ਕਾਰਡ ਦੀ ਕਮੀ ਦੇ ਕਾਰਨ ਪਹਿਲਾਂ ਪਿੰਡਾਂ ਵਿੱਚ ਕਈ ਵਿਵਾਦ ਅਤੇ ਅਦਾਲਤੀ ਮਾਮਲੇ ਹੁੰਦੇ ਸਨ, ਜਿਨ੍ਹਾਂ ਨੂੰ ਹੁਣ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਹੁਣ ਇਨ੍ਹਾਂ ਸੰਪਤੀ ਕਾਰਡਾਂ ਦਾ ਉਪਯੋਗ ਕਰਕੇ ਬੈਂਕ ਲੋਨ ਪ੍ਰਾਪਤ ਕਰਨ ਵਿੱਚ ਸਮਰੱਥ ਹਨ, ਜਿਸ ਨਾਲ ਉਹ ਕਾਰੋਬਾਰ ਸ਼ੁਰੂ ਕਰਨ ਅਤੇ ਸਵੈ-ਰੋਜ਼ਗਾਰ ਕਰਨ ਵਿੱਚ ਸਮਰੱਥ ਹੋ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਦੁਆਰਾ ਦਿੱਤੀਆਂ ਗਈਆਂ ਉਦਾਹਰਣਾਂ ਨਾਲ ਸਭ ਤੋਂ ਵੱਧ ਲਾਭ ਦੇਸ਼ ਦੇ ਨੌਜਵਾਨਾਂ ਨੂੰ ਹੋਇਆ ਹੈ। ਉਨ੍ਹਾਂ ਨੇ ਕਿਹਾ, “ਯੁਵਾ, ਵਿਕਸਿਤ ਭਾਰਤ ਦੇ ਸਭ ਤੋਂ ਵੱਡੇ ਹਿਤਧਾਰਕ ਹਨ ਅਤੇ ਅੱਜ ਦੇ ਭਾਰਤ ਦੇ ਐਕਸ-ਫੈਕਟਰ ਹਨ, ਜਿੱਥੇ ਐਕਸ ਦਾ ਮਤਲਬ ਹੈ ਪ੍ਰਯੋਗ, ਉੱਤਮਤਾ ਅਤੇ ਵਿਸਤਾਰ।” ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੇ ਪੁਰਾਣੇ ਤਰੀਕਿਆਂ ਤੋਂ ਅੱਗੇ ਵਧ ਕੇ ਨਵੇਂ ਰਸਤੇ ਬਣਾਏ ਹਨ, ਗਲੋਬਲ ਮਾਪਦੰਡ ਸਥਾਪਿਤ ਕੀਤੇ ਹਨ ਅਤੇ 140 ਕਰੋੜ ਭਾਰਤੀਆਂ ਲਈ ਇਨੋਵੇਸ਼ਨਸ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਦਾ ਸਮਾਧਾਨ ਪ੍ਰਦਾਨ ਕਰ ਸਕਦੇ ਹਨ, ਲੇਕਿਨ ਪਹਿਲਾਂ ਇਸ ਸਮਰੱਥਾ ਦਾ ਉਪੋਯਗ ਨਹੀਂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸਰਕਾਰ ਹੁਣ ਹਰ ਵਰ੍ਹੇ ਸਮਾਰਟ ਇੰਡੀਆ ਹੈਕਾਥੌਨ ਦਾ ਆਯੋਜਨ ਕਰਦੀ ਹੈ, ਜਿਸ ਵਿੱਚ ਹੁਣ ਤੱਕ 10 ਲੱਖ ਯੁਵਾ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਨੇ ਇਨ੍ਹਾਂ ਯੁਵਾ ਪ੍ਰਤੀਭਾਗੀਆਂ ਦੇ ਸਾਹਮਣੇ ਸ਼ਾਸਨ ਨਾਲ ਸਬੰਧਿਤ ਕਈ ਸਮੱਸਿਆਵਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਨੇ ਲਗਭਗ 2,500 ਸਮਾਧਾਨ ਵਿਕਸਿਤ ਕੀਤੇ ਹਨ। ਉਨ੍ਹਾਂ ਨੇ ਖੁਸ਼ੀ ਵਿਅਕਤ ਕਰਦੇ ਹੋਏ ਕਿਹਾ ਕਿ ਰਿਪਬਲਿਕ ਟੀਵੀ ਦੁਆਰਾ ਵੀ ਹੈਕਾਥੌਨ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪ੍ਰਧਾਨ  ਮੰਤਰੀ ਨੇ ਕਿਹਾ, “ਪਿਛਲੇ ਦਹਾਕੇ ਵਿੱਚ ਦੇਸ਼ ਨੇ ਨਵੇਂ ਜ਼ਮਾਨੇ ਦੀ ਸ਼ਾਸਨ ਵਿਵਸਥਾ ਦੇਖੀ ਹੈ, ਜਿਸ ਨੇ ਪ੍ਰਭਾਵ ਰਹਿਤ ਪ੍ਰਸ਼ਾਸਨ ਨੂੰ ਪ੍ਰਭਾਵਪੂਰਨ ਸ਼ਾਸਨ ਵਿੱਚ ਬਦਲ ਦਿੱਤਾ ਹੈ।” ਉਨ੍ਹਾਂ ਨੇ ਕਿਹਾ ਕਿ ਲੋਕ ਅਕਸਰ ਕਹਿੰਦੇ ਹਨ ਕਿ ਉਹ ਪਹਿਲੀ ਵਾਰ ਸਰਕਾਰੀ ਯੋਜਨਾਵਾਂ ਤੋਂ ਲਾਭਵੰਦ ਹੋ ਰਹੇ ਹਨ, ਭਲੇ ਹੀ ਇਹ ਯੋਜਨਾਵਾਂ ਪਹਿਲਾਂ ਤੋਂ ਹੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਅੰਤਰ ਇਹ ਹੈ ਕਿ ਅੰਤਿਮ ਸਿਰੇ ਤੱਕ ਸੁਨਿਸ਼ਚਿਤ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਪਹਿਲਾਂ ਗ਼ਰੀਬਾਂ ਲਈ ਘਰ, ਕਾਗਜ਼ਾਂ ‘ਤੇ ਸਵੀਕ੍ਰਿਤ ਕੀਤੇ ਜਾਂਦੇ ਸਨ, ਲੇਕਿਨ ਹੁਣ ਜ਼ਮੀਨ ‘ਤੇ ਘਰ ਬਣਾਏ ਜਾ ਰਹੇ ਹਨ, ਸ਼੍ਰੀ  ਮੋਦੀ ਨੇ ਕਿਹਾ ਕਿ ਘਰ ਨਿਰਮਾਣ ਦੀ ਪੂਰੀ ਪ੍ਰਕਿਰਿਆ ਸਰਕਾਰ ਦੁਆਰਾ ਸੰਚਾਲਿਤ ਸੀ, ਜਿਸ ਵਿੱਚ ਡਿਜ਼ਾਈਨ ਅਤੇ ਸਮੱਗਰੀ ਤੈਅ ਕੀਤੀ ਜਾਂਦੀ ਸੀ। ਹਾਲਾਂਕਿ, ਸਰਕਾਰ ਨੇ ਹੁਣ ਇਸ ਨੂੰ ਮਾਲਕ ਦੁਆਰਾ ਸੰਚਾਲਿਤ ਬਣਾ ਦਿੱਤਾ ਹੈ, ਲਾਭਾਰਥੀ ਦੇ ਖਾਤੇ ਵਿੱਚ ਪੈਸਾ ਭੇਜਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਘਰ ਦਾ ਡਿਜ਼ਾਈਨ ਤੈਅ ਕਰਨ ਦੀ ਇਜਾਜ਼ਤ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘਰ ਦੇ ਡਿਜ਼ਾਈਨ ਦੇ ਲਈ ਦੇਸ਼ ਭਰ ਵਿੱਚ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀਆਂ ਗਈਆਂ, ਜਿਸ ਵਿੱਚ ਜਨ ਭਾਗੀਦਾਰੀ ਸ਼ਾਮਲ ਸੀ, ਜਿਸ ਨਾਲ ਘਰ ਨਿਰਮਾਣ ਦੀ ਗੁਣਵੱਤਾ ਅਤੇ ਗਤੀ ਵਿੱਚ ਸੁਧਾਰ ਹੋਇਆ।  ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਹਿਲਾਂ ਅਧੂਰੇ ਘਰ ਸੌਂਪੇ ਜਾਂਦੇ ਸਨ, ਲੇਕਿਨ ਹੁਣ ਸਰਕਾਰ ਗ਼ਰੀਬਾਂ ਨੂੰ ਸੁਪਨਿਆਂ ਦਾ ਘਰ ਦੇ ਰਹੀ ਹੈ, ਜਿਸ ਵਿੱਚ ਪਾਣੀ ਦੇ ਕਨੈਕਸ਼ਨ, ਉੱਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਅਤੇ ਸੌਭਾਗਯ ਯੋਜਨਾ ਦੇ ਤਹਿਤ ਬਿਜਲੀ ਕਨੈਕਸ਼ਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ, “ਅਸੀਂ ਸਿਰਫ਼ ਚਾਰ ਦੀਵਾਰਾਂ ਹੀ ਨਹੀਂ ਬਣਾਈਆਂ ਹਨ, ਬਲਕਿ ਇਨ੍ਹਾਂ ਘਰਾਂ ਵਿੱਚ ਜਾਨ ਪਾ ਦਿੱਤੀ ਹੈ।”

ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਲਈ ਰਾਸ਼ਟਰੀ ਸੁਰੱਖਿਆ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਪਿਛਲੇ ਦਹਾਕੇ ਵਿੱਚ ਸੁਰੱਖਿਆ ਵਧਾਉਣ ਲਈ ਕੀਤੇ ਗਏ ਮਹੱਤਵਪੂਰਨ ਕਾਰਜਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਪਹਿਲਾਂ, ਸੀਰੀਅਲ ਬਮ ਵਿਸਫੋਟ ਦੀ ਬ੍ਰੇਕਿੰਗ ਨਿਊਜ਼ ਅਤੇ ਸਲੀਪਰ ਸੈੱਲ ਨੈੱਟਵਰਕ ‘ਤੇ ਵਿਸ਼ੇਸ਼ ਪ੍ਰੋਗਰਾਮ ਟੀਵੀ ‘ਤੇ ਆਮ ਸਨ, ਲੇਕਿਨ ਅੱਜ, ਅਜਿਹੀਆਂ ਘਟਨਾਵਾਂ ਟੀਵੀ ਸਕ੍ਰੀਨ ਅਤੇ ਭਾਰਤੀ ਧਰਤੀ ਦੋਵਾਂ ਤੋਂ ਗਾਇਬ ਹਨ। ਉਨ੍ਹਾਂ ਨੇ ਕਿਹਾ ਕਿ ਨਕਸਲਵਾਦ ਹੁਣ ਆਪਣਾ ਆਖਰੀ ਸਾਹ ਗਿਣ ਰਿਹਾ ਹੈ।ਨਕਸਲਵਾਦ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੰਖਿਆ ਸੌ ਤੋਂ ਘੱਟ ਕੇ ਦੋ ਦਰਜਨ ਤੋਂ ਵੀ ਘੱਟ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ “ਨੇਸ਼ਨ ਫਸਟ” ਭਾਵਨਾ ਦੇ ਨਾਲ ਕੰਮ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਜ਼ਮੀਨੀ ਪੱਧਰ ‘ਤੇ ਸ਼ਾਸਨ ਲਿਆਉਣ ਨਾਲ ਹਾਸਲ ਹੋਇਆ ਹੈ।ਸ਼੍ਰੀ ਮੋਦੀ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਕਿਲੋਮੀਟਰ ਸੜਕਾਂ, ਸਕੂਲਾਂ, ਹਸਪਤਾਲਾਂ ਦੇ ਨਿਰਮਾਣ ਅਤੇ 4-ਜੀ ਮੋਬਾਈਲ ਨੈੱਟਵਰਕ ਦੀ ਪਹੁੰਚ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਨਤੀਜੇ ਸਾਰਿਆਂ ਦੇ ਸਾਹਮਣੇ ਹਨ।

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਨਿਰਣਾਇਕ ਸਰਕਾਰੀ ਕਾਰਵਾਈਆਂ ਨੇ ਜੰਗਲਾਂ ਤੋਂ ਨਕਸਲਵਾਦ ਨੂੰ ਖ਼ਤਮ ਕਰ ਦਿੱਤਾ ਹੈ, ਲੇਕਿਨ ਹੁਣ ਇਹ ਸ਼ਹਿਰੀ ਕੇਂਦਰਾਂ ਵਿੱਚ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਨਕਸਲੀਆਂ ਨੇ ਉਨ੍ਹਾਂ ਰਾਜਨੀਤਕ ਪਾਰਟੀਆਂ ਵਿੱਚ ਤੇਜ਼ੀ ਨਾਲ ਘੁਸਪੈਠ ਕੀਤੀ ਹੈ ਜੋ ਕਦੇ ਉਨ੍ਹਾਂ ਦੇ ਵਿਰੋਧੀ ਸਨ ਅਤੇ ਗਾਂਧੀਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਸਨ, ਜੋ ਭਾਰਤ ਦੀ ਵਿਰਾਸਤ ਵਿੱਚ ਨਿਹਿਤ ਹੈ। ਉਨ੍ਹਾਂ  ਨੇ ਕਿਹਾ ਕਿ ਸ਼ਹਿਰੀ ਨਕਸਲੀਆਂ ਦੀ ਆਵਾਜ਼ ਅਤੇ ਭਾਸ਼ਾ ਹੁਣ ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਅੰਦਰ ਸੁਣੀ ਜਾਂਦੀ ਹੈ, ਜੋ ਉਨ੍ਹਾਂ ਦੀ ਗਹਿਰੀ ਮੌਜੂਦਗੀ ਦਾ ਸੰਕੇਤ ਹੈ। ਸ਼੍ਰੀ ਮੋਦੀ ਨੇ ਚੇਤਾਵਨੀ ਦਿੱਤੀ ਕਿ ਸ਼ਹਿਰੀ ਨਕਸਲੀ ਭਾਰਤ ਦੇ ਵਿਕਾਸ ਅਤੇ ਵਿਰਾਸਤ ਦੇ ਕੱਟੜ ਵਿਰੋਧੀ ਹਨ। ਉਨ੍ਹਾਂ ਨੇ ਸ਼ਹਿਰੀ ਨਕਸਲੀਆਂ ਨੂੰ ਬੇਨਕਾਬ ਕਰਨ ਵਿੱਚ ਸ਼੍ਰੀ ਅਰਨਬ ਗੋਸਵਾਮੀ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਵਿਕਸਿਤ ਭਾਰਤ ਲਈ ਵਿਕਾਸ ਅਤੇ ਵਿਰਾਸਤ ਨੂੰ ਮਜ਼ਬੂਤ ਕਰਨਾ ਦੋਵੇਂ ਹੀ ਜ਼ਰੂਰੀ ਹਨ। ਉਨ੍ਹਾਂ ਨੇ ਸ਼ਹਿਰੀ ਨਕਸਲੀਆਂ ਦੇ ਵਿਰੁੱਧ ਸਾਵਧਾਨੀ ਵਰਤਣ ਦੀ ਵੀ ਤਾਕੀਦ ਕੀਤੀ।

ਸ਼੍ਰੀ ਮੋਦੀ ਨੇ ਕਿਹਾ, “ਅੱਜ ਦਾ ਭਾਰਤ ਹਰ ਚੁਣੌਤੀ ਦਾ ਸਾਹਮਣਾ ਕਰ ਕੇ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਿਪਬਲਿਕ ਟੀਵੀ ਨੈੱਟਵਰਕ “ਨੇਸ਼ਨ ਫਸਟ’ ਦੀ ਭਾਵਨਾ ਦੇ ਨਾਲ ਪੱਤਰਕਾਰੀ ਨੂੰ ਅੱਗੇ ਵਧਾਉਂਦਾ ਰਹੇਗਾ। ਉਨ੍ਹਾਂ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਰਿਪਬਲਿਕ ਟੀਵੀ ਦੀ ਪੱਤਰਕਾਰੀ ਵਿਕਸਿਤ ਭਾਰਤ ਦੀਆਂ ਅਕਾਂਖਿਆਵਾਂ ਨੂੰ ਪ੍ਰੇਰਿਤ ਕਰਦੀ ਰਹੇਗੀ।

 

*********

ਐੱਮਜੇਪੀਐੱਸ/ਐੱਸਆਰ