Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਤਰਾਖੰਡ ਦੇ ਹਰਸ਼ਿਲ ਵਿੱਚ ਸਰਦੀਆਂ ਦੇ ਟੂਰਿਜ਼ਮ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਤਰਾਖੰਡ ਦੇ ਹਰਸ਼ਿਲ ਵਿੱਚ ਸਰਦੀਆਂ ਦੇ ਟੂਰਿਜ਼ਮ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਹਰਸ਼ਿਲ ਵਿੱਚ ਟ੍ਰੈਕ ਅਤੇ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਸਰਦੀ ਰੁੱਤ ਟੂਰਿਜ਼ਮ ਪ੍ਰੋਗਰਾਮ  ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਮੁਖਵਾ ਵਿੱਚ ਮਾਂ ਗੰਗਾ ਦੇ ਸ਼ੀਤਕਾਲੀਨ ਗੱਦੀ ਸਥਲ ‘ਤੇ ਪੂਜਾ ਅਰਚਨਾ ਅਤੇ ਦਰਸ਼ਨ ਵੀ ਕੀਤੇ। ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਮਾਣਾ ਪਿੰਡ ਵਿੱਚ ਹੋਈ ਦੁਖਦਾਈ ਘਟਨਾ ‘ਤੇ ਗਹਿਰਾ ਦੁਖ ਵਿਅਕਤ ਕੀਤਾ ਅਤੇ ਦੁਰਘਟਨਾ  ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਦੇਸ਼ ਦੇ ਲੋਕ ਇਕਜੁੱਟਤਾ ਦੇ ਨਾਲ ਖੜ੍ਹੇ ਹਨ, ਜਿਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਕਾਫੀ ਤਾਕਤ ਮਿਲੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ,  “ਉੱਤਰਾਖੰਡ ਦੀ ਭੂਮੀ, ਜਿਸ ਨੂੰ ਦੇਵਭੂਮੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਅਧਿਆਤਮਿਕ ਊਰਜਾ ਨਾਲ ਭਰਪੂਰ ਹੈ ਅਤੇ ਚਾਰ ਧਾਮ ਅਤੇ ਅਣਗਿਣਤ ਹੋਰ ਪਵਿੱਤਰ ਸਥਾਨਾਂ ਨਾਲ ਧੰਨ ਹੈ।” ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਖੇਤਰ ਜੀਵਨਦਾਤਾ ਮਾਂ ਗੰਗਾ ਦੀ ਸ਼ੀਤਕਾਲੀਨ ਨਿਵਾਸ ਸਥਾਨ ਹੈ। ਉਨ੍ਹਾਂ ਨੇ ਦੁਬਾਰਾ ਆਉਣ ਅਤੇ ਲੋਕਾਂ ਅਤੇ ਉਨ੍ਹਾਂ  ਦੇ ਪਰਿਵਾਰਾਂ ਨੂੰ ਮਿਲਣ ਦੇ ਅਵਸਰ ਲਈ ਆਭਾਰ ਵਿਅਕਤ ਕੀਤਾ ਅਤੇ ਇਸ ਨੂੰ ਇੱਕ ਅਸ਼ੀਰਵਾਦ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਾਂ ਗੰਗਾ ਦੀ ਕ੍ਰਿਪਾ ਨਾਲ ਹੀ ਉਨ੍ਹਾਂ ਨੂੰ ਦਹਾਕਿਆਂ ਤੱਕ ਉੱਤਰਾਖੰਡ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ਼੍ਰੀ ਮੋਦੀ ਨੇ ਕਿਹਾ, “ਮਾਂ ਗੰਗਾ ਦੇ ਅਸ਼ੀਰਵਾਦ ਨੇ ਮੈਨੂੰ ਕਾਸ਼ੀ ਤੱਕ ਪਹੁੰਚਾਇਆ, ਜਿੱਥੇ ਮੈਂ ਹੁਣ ਸਾਂਸਦ ਦੇ ਰੂਪ ਵਿੱਚ ਕੰਮ ਕਰਦਾ ਹਾਂ।” ਉਨ੍ਹਾਂ ਨੇ ਕਾਸ਼ੀ ਵਿੱਚ ਦਿੱਤੇ ਆਪਣੇ ਭਾਸ਼ਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਾਂ ਗੰਗਾ ਨੇ ਉਨ੍ਹਾਂ ਨੂੰ ਬੁਲਾਇਆ ਹੈ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਮਹਿਸੂਸ ਕੀਤਾ ਕਿ ਮਾਂ ਗੰਗਾ ਨੇ ਹੁਣ ਉਨ੍ਹਾਂ ਨੂੰ ਆਪਣੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਮਾਂ ਗੰਗਾ ਦਾ ਆਪਣੇ ਬੱਚੇ ਦੇ ਪ੍ਰਤੀ ਸਨੇਹ ਅਤੇ ਪ੍ਰੇਮ ਦੱਸਿਆ, ਜੋ ਉਨ੍ਹਾਂ ਨੂੰ  ਮੁਖਵਾ ਪਿੰਡ ਵਿੱਚ ਉਨ੍ਹਾਂ ਦੇ ਮਾਇਕੇ ਲੈ ਆਇਆ ਅਤੇ ਉਨ੍ਹਾਂ ਨੂੰ ਮੁਖੀਮੱਠ-ਮੁਖਵਾ ਵਿੱਚ ਦਰਸ਼ਨ, ਅਤੇ ਪੂਜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹਰਸ਼ਿਲ ਦੀ ਧਰਤੀ ‘ਤੇ ਆਪਣੀ ਯਾਤਰਾ ਬਾਰੇ ਚਰਚਾ ਕਰਦੇ ਹੋਏ, ਸਥਾਨਕ ਮਹਿਲਾਵਾਂ ਯਾਨੀ “ਦੀਦੀ ਭੁਲੀਆ” ਦੁਆਰਾ ਦਿਖਾਏ ਗਏ ਸਨੇਹ ਦੀਆਂ ਆਪਣੀਆਂ ਪਿਆਰੀਆਂ ਯਾਦਾਂ ਨੂੰ ਅਭਿਵਿਅਕਤੀ ਦਿੰਦੇ ਹੋਏ, ਸ਼੍ਰੀ ਮੋਦੀ ਨੇ ਹਰਸ਼ਿਲ ਦੀ ਰਾਜਮਾ ਅਤੇ ਹੋਰ ਸਥਾਨਕ ਉਤਪਾਦ ਭੇਜਣ ਦੇ ਉਨ੍ਹਾਂ ਦੇ ਵਿਚਾਰਸ਼ੀਲ ਭਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਉਨ੍ਹਾਂ ਦੀ ਗਰਮਜੋਸ਼ੀ, ਜੁੜਾਅ ਅਤੇ ਤੋਹਫ਼ਿਆਂ ਲਈ ਆਪਣਾ ਆਭਾਰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਬਾਬਾ ਕੇਦਾਰਨਾਥ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ, “ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ”। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸ਼ਬਦਾਂ ਦੇ ਪਿੱਛੇ ਦੀ ਸ਼ਕਤੀ ਖੁਦ ਬਾਬਾ ਕੇਦਾਰਨਾਥ ਤੋਂ ਆਈ ਸੀ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਬਾਬਾ ਕੇਦਾਰਨਾਥ ਦੇ ਅਸ਼ੀਰਵਾਦ ਨਾਲ, ਇਹ ਵਿਜ਼ਨ ਹੌਲੀ-ਹੌਲੀ ਵਾਸਤਵਿਕਤਾ ਬਣ ਰਹੀ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਉੱਤਰਾਖੰਡ ਦੀ ਪ੍ਰਗਤੀ ਦੇ ਲਈ ਨਵੇਂ ਰਾਹ ਖੁੱਲ੍ਹ ਰਹੇ ਹਨ, ਜੋ ਰਾਜ ਦੇ ਗਠਨ ਦੀ ਅਕਾਂਖਿਆਵਾਂ ਨੂੰ ਪੂਰਾ ਕਰ ਰਹੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰਾਖੰਡ ਦੇ ਵਿਕਾਸ ਦੇ ਲਈ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਨਿਰੰਤਰ ਉਪਲਬਧੀਆਂ ਅਤੇ ਨਵੇਂ ਮੀਲ ਪੱਥਰਾਂ ਰਾਹੀਂ ਸਾਕਾਰ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਸ਼ੀਤਕਾਲੀਨ ਟੂਰਿਜ਼ਮ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਉੱਤਰਾਖੰਡ ਦੀ ਆਰਥਿਕ ਸਮਰੱਥਾ ਦਾ ਦੋਹਨ ਕਰਨ ਵਿੱਚ ਸਹਾਇਤਾ ਕਰਦਾ ਹੈ” ਅਤੇ ਉਨ੍ਹਾਂ ਨੇ ਉੱਤਰਾਖੰਡ ਸਰਕਾਰ ਨੂੰ ਇਸ ਇਨੋਵੇਟਿਵ ਪ੍ਰਯਾਸ  ਦੇ ਲਈ ਵਧਾਈ ਦਿੱਤੀ ਅਤੇ ਰਾਜ ਦੀ ਪ੍ਰਗਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ, “ਟੂਰਿਜ਼ਮ ਸੈਕਟਰ ਵਿੱਚ ਵਿਭਿੰਨਤਾ ਲਿਆਉਣਾ ਅਤੇ ਇਸ ਨੂੰ ਸਾਲ ਭਰ ਚਲਣ ਵਾਲੀ ਗਤੀਵਿਧੀ ਬਣਾਉਣਾ ਉੱਤਰਾਖੰਡ ਦੇ ਲਈ ਮਹੱਤਵਪੂਰਨ ਅਤੇ ਜ਼ਰੂਰੀ ਹੈ।” ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਵਿੱਚ ਕੋਈ ਔਫ ਸੀਜ਼ਨ ਨਹੀਂ ਹੋਣਾ ਚਾਹੀਦਾ ਅਤੇ ਟੂਰਿਜ਼ਮ ਨੂੰ ਹਰ ਮੌਸਮ ਵਿੱਚ ਵਧਣਾ-ਫੁਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ, ਪਹਾੜਾਂ ਵਿੱਚ ਟੂਰਿਜ਼ਮ ਮੌਸਮੀ ਹੈ, ਜਿਸ ਵਿੱਚ ਮਾਰਚ, ਅਪ੍ਰੈਲ, ਮਈ, ਜੂਨ ਦੇ ਦੌਰਾਨ ਟੂਰਿਸਟਾਂ ਦੀ ਚੰਗੀ-ਖਾਸੀ ਆਮਦ ਹੁੰਦੀ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਟੂਰਿਸਟਾਂ ਦੀ ਸੰਖਿਆ ਵਿੱਚ ਭਾਰੀ ਗਿਰਾਵਟ ਆਉਂਦੀ ਹੈ, ਜਿਸ ਨਾਲ ਸਰਦੀਆਂ ਦੌਰਾਨ ਵਧੇਰੇ ਹੋਟਲ, ਰਿਸੋਰਟ ਅਤੇ ਹੋਮ ਸਟੇਅ ਖਾਲੀ ਹੋ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਅਸੰਤੁਲਨ ਦੇ ਕਾਰਨ ਉੱਤਰਾਖੰਡ ਵਿੱਚ ਸਾਲ ਦੇ ਇੱਕ ਵੱਡੇ ਹਿੱਸੇ ਵਿੱਚ ਆਰਥਿਕ ਖੜੋਤ (ਠਹਿਰਾਅ) ਬਣਿਆ ਰਹਿੰਦਾ ਹੈ ਅਤੇ ਵਾਤਾਵਰਣ ਦੇ ਲਈ ਵੀ ਚੁਣੌਤੀਆਂ ਪੈਦਾ ਹੁੰਦੀਆਂ ਹਨ।

ਸ਼੍ਰੀ ਮੋਦੀ ਨੇ ਕਿਹਾ, “ਸਰਦੀਆਂ ਦੌਰਾਨ ਉੱਤਰਾਖੰਡ ਦੀ ਯਾਤਰਾ ਕਰਨ ਨਾਲ ਦੇਵਭੂਮੀ ਦੀ ਦਿਵਯ ਆਭਾ ਦੀ ਸੱਚੀ ਝਲਕ ਮਿਲਦੀ ਹੈ।” ਉਨ੍ਹਾਂ ਨੇ ਇਸ ਖੇਤਰ ਵਿੱਚ ਸਰਦੀਆਂ ਵਿੱਚ ਟ੍ਰੈਕਿੰਗ ਅਤੇ ਸਕੀਇੰਗ ਦੇ ਰੋਮਾਂਚ ਜਿਹੇ ਟੂਰਿਜ਼ਮ ਨਾਲ ਜੁੜੀਆਂ ਗਤੀਵਿਧੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉੱਤਰਾਖੰਡ ਵਿੱਚ ਧਾਰਮਿਕ ਯਾਤਰਾਵਾਂ ਲਈ ਸਰਦੀਆਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ, ਕਿਉਂਕਿ ਇਸ ਦੌਰਾਨ ਕਈ ਪਵਿੱਤਰ ਸਥਾਨਾਂ ‘ਤੇ ਵਿਲੱਖਣ ਅਨੁਸ਼ਠਾਨ ਕੀਤੇ ਜਾਂਦੇ ਹਨ। ਉਨ੍ਹਾਂ ਨੇ ਮੁਖਵਾ ਪਿੰਡ ਵਿੱਚ ਹੋਣ ਵਾਲੇ ਧਾਰਮਿਕ ਸਮਾਰੋਹਾਂ ਨੂੰ ਖੇਤਰ ਦੀ ਪ੍ਰਾਚੀਨ ਅਤੇ ਮਹੱਤਵਪੂਰਨ ਪਰੰਪਰਾਵਾਂ ਦਾ ਅਨਿਖੱੜਵਾਂ ਅੰਗ ਦੱਸਿਆ। ਪ੍ਰਧਾਨ  ਮੰਤਰੀ ਨੇ ਕਿਹਾ ਕਿ ਉੱਤਰਾਖੰਡ ਸਰਕਾਰ ਦਾ ਸਾਲ ਭਰ ਟੂਰਿਜ਼ਮ ਦਾ ਵਿਜ਼ਨ ਲੋਕਾਂ ਨੂੰ ਦਿਵਯ ਅਨੁਭਵਾਂ ਨਾਲ ਜੁੜਨ ਦੇ ਅਵਸਰ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਪਹਿਲ ਨਾਲ ਸਾਲ ਭਰ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ, ਜਿਸ ਨਾਲ ਸਥਾਨਕ ਆਬਾਦੀ ਅਤੇ ਉੱਤਰਾਖੰਡ ਦੇ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ।

 

ਪ੍ਰਧਾਨ  ਮੰਤਰੀ ਨੇ ਕਿਹਾ, “ਕੇਂਦਰ ਅਤੇ ਰਾਜ ਦੀਆਂ ਸਾਡੀਆਂ ਸਰਕਾਰਾਂ ਉੱਤਰਾਖੰਡ ਨੂੰ ਵਿਕਸਿਤ ਰਾਜ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।” ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਚਾਰ ਧਾਮ ਆਲ ਵੈਦਰ ਰੋਡ, ਆਧੁਨਿਕ ਐਕਸਪ੍ਰੈੱਸਵੇਅ ਅਤੇ ਰਾਜ ਵਿੱਚ ਰੇਲਵੇ, ਹਵਾਈ ਅਤੇ ਹੈਲੀਕੌਪਟਰ ਸੇਵਾਵਾਂ ਦੇ ਵਿਸਤਾਰ ਸਮੇਤ ਮਹੱਤਵਪੂਰਨ ਪ੍ਰਗਤੀ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਹਾਲ ਹੀ ਵਿੱਚ ਕੇਦਾਰਨਾਥ ਰੋਪਵੇਅ ਪ੍ਰੋਜੈਕਟ ਅਤੇ ਹੇਮਕੁੰਡ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਦਾਰਨਾਥ ਰੋਪਵੇਅ ਯਾਤਰਾ ਦੇ ਸਮੇਂ ਨੂੰ 8-9 ਘੰਟੇ ਤੋਂ ਘਟਾ ਕੇ ਲਗਭਗ 30 ਮਿੰਟ ਕਰ ਦੇਵੇਗਾ, ਜਿਸ ਨਾਲ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਯਾਤਰਾ ਵਧੇਰੇ ਪਹੁੰਚਯੋਗ ਹੋ ਜਾਵੇਗੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਰੋਪਵੇਅ ਪ੍ਰੋਜੈਕਟਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਇਨ੍ਹਾਂ ਪਰਿਵਰਤਨਕਾਰੀ ਪਹਿਲਕਦਮੀਆਂ ਲਈ ਉੱਤਰਾਖੰਡ ਅਤੇ ਪੂਰੇ ਦੇਸ਼ ਨੂੰ ਵਧਾਈ ਦਿੱਤੀ।

ਪਹਾੜੀਆਂ ਵਿੱਚ ਈਕੋ-ਲੌਗ ਹੱਟਸ, ਕਨਵੈਂਸ਼ਨ ਸੈਂਟਰ ਅਤੇ ਹੈਲੀਪੈਡ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਟਿਮਰ-ਸੈਨ ਮਹਾਦੇਵ, ਮਾਣਾ ਪਿੰਡ ਅਤੇ ਜਾਦੁੰਗ ਪਿੰਡ ਜਿਹੇ ਸਥਾਨਾਂ ‘ਤੇ ਟੂਰਿਜ਼ਮ ਇਨਫ੍ਰਾਸਟ੍ਰਕਚਰ ਦਾ ਨਵੇਂ ਸਿਰੇ ਤੋਂ ਵਿਕਾਸ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ 1962 ਵਿੱਚ ਖਾਲੀ ਕੀਤੇ ਗਏ ਮਾਣਾ ਅਤੇ ਜਾਦੁੰਗ ਪਿੰਡਾਂ ਨੂੰ ਫਿਰ ਤੋਂ  ਵਸਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦੇ  ਨਤੀਜੇ ਵਜੋਂ, ਪਿਛਲੇ ਇੱਕ ਦਹਾਕੇ ਵਿੱਚ ਉਤਰਾਖੰਡ ਆਉਣ ਵਾਲੇ ਟੂਰਿਸਟਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ 2014 ਤੋਂ ਪਹਿਲਾਂ, ਔਸਤਨ 18 ਲੱਖ ਸ਼ਰਧਾਲੂ ਸਲਾਨਾ ਚਾਰ ਧਾਮ ਯਾਤਰਾ ‘ਤੇ ਆਉਂਦੇ ਸਨ, ਜੋ ਹੁਣ ਵੱਧ ਕੇ ਲਗਭਗ 50 ਲੱਖ ਸ਼ਰਧਾਲੂ ਪ੍ਰਤੀ ਵਰ੍ਹੇ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ 50 ਟੂਰਿਸਟ ਸਥਾਨਾਂ ਨੂੰ ਵਿਕਸਿਤ ਕਰਨ ਅਤੇ ਇਨ੍ਹਾਂ ਸਥਾਨਾਂ ‘ਤੇ ਹੋਟਲਾਂ ਨੂੰ ਬੁਨਿਆਦੀ ਢਾਂਚੇ ਦਾ ਦਰਜਾ ਦੇਣ ਦਾ ਪ੍ਰਾਵਧਾਨ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲ ਨਾਲ ਟੂਰਿਸਟਾਂ ਲਈ ਸੁਵਿਧਾਵਾਂ ਵਧਣਗੀਆਂ ਅਤੇ ਸਥਾਨਕ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਮਿਲੇਗਾ।

ਉੱਤਰਾਖੰਡ ਦੇ ਸਰਹੱਦੀ ਖੇਤਰਾਂ ਨੂੰ ਵੀ ਟੂਰਿਜ਼ਮ ਦਾ ਲਾਭ ਪਹੁੰਚਾਉਣ ਲਈ ਸਰਕਾਰ ਦੇ ਯਤਨਾਂ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜਿੰਨਾ ਪਿੰਡਾਂ ਨੂੰ ਕਦੇ ਆਖਰੀ ਪਿੰਡ” ਕਿਹਾ ਜਾਂਦਾ ਸੀ ,   ਉਨ੍ਹਾਂ ਨੂੰ ਦੇਸ਼ ਦੇ “ਪਹਿਲੇ ਪਿੰਡ” ਕਿਹਾ ਜਾ ਰਿਹਾ ਹੈ।” ਉਨ੍ਹਾਂ ਨੇ ਉਨ੍ਹਾਂ ਦੇ ਵਿਕਾਸ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸ਼ੁਰੂਆਤ ‘ਤੇ ਚਾਨਣਾ ਪਾਇਆ, ਜਿਸ ਦੇ ਤਹਿਤ ਇਸ ਖੇਤਰ ਦੇ 10 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੇਲੋਂਗ ਅਤੇ ਜਾਦੁੰਗ ਪਿੰਡਾਂ ਨੂੰ ਮੁੜ ਤੋਂ ਵਸਾਉਣ ਲਈ ਯਤਨ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੇ ਪਹਿਲੇ ਪ੍ਰੋਗਰਾਮ ਤੋਂ ਜਾਦੁੰਗ ਤੱਕ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਬਾਰੇ ਵੀ ਦੱਸਿਆ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਹੋਮਸਟੇਅ ਬਣਾਉਣ ਵਾਲਿਆਂ ਨੂੰ ਮੁਦਰਾ ਯੋਜਨਾ ਦੇ ਤਹਿਤ ਲਾਭ ਪ੍ਰਦਾਨ ਕੀਤੇ ਜਾਣਗੇ। ਸ਼੍ਰੀ ਮੋਦੀ ਨੇ ਰਾਜ ਵਿੱਚ ਹੋਮਸਟੇਅ ਨੂੰ ਉਤਸ਼ਾਹਿਤ ਕਰਨ ‘ਤੇ ਉੱਤਰਾਖੰਡ ਸਰਕਾਰ ਦੇ ਧਿਆਨ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦਹਾਕਿਆਂ ਤੋਂ ਇਨਫ੍ਰਾਸਟ੍ਰਕਚਰ ਤੋਂ ਵੰਚਿਤ ਪਿੰਡਾਂ ਵਿੱਚ ਹੁਣ ਨਵੇਂ ਹੋਮਸਟੇਅ ਖੁੱਲ੍ਹ ਰਹੇ ਹਨ, ਜਿਸ ਨਾਲ ਟੂਰਿਜ਼ਮ  ਨੂੰ ਹੁਲਾਰਾ ਮਿਲ ਰਿਹਾ ਹੈ ਅਤੇ ਸਥਾਨਕ ਨਿਵਾਸੀਆਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ।  

ਦੇਸ਼ ਦੇ ਕੋਨੇ-ਕੋਨੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਵਿਸ਼ੇਸ਼ ਤਾਕੀਦ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਦੀਆਂ ਦੌਰਾਨ ਦੇਸ਼ ਦਾ ਬਹੁਤ ਸਾਰਾ ਹਿੱਸਾ ਧੁੰਦ ਵਿੱਚ ਛਾਇਆ ਰਹਿੰਦਾ ਹੈ, ਪਰ ਪਹਾੜੀਆਂ ਧੂਪ ਵਿੱਚ ਨਹਾਉਣ ਦਾ ਅਨੰਦ ਦਿੰਦੀਆਂ ਹਨ, ਜਿਸ ਨੂੰ ਇੱਕ ਵਿਲੱਖਣ ਪ੍ਰੋਗਰਾਮ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਗੜ੍ਹਵਾਲੀ ਵਿੱਚ “ਘਮ ਤਪੋ ਟੂਰਿਜ਼ਮ” ਦੀ ਧਾਰਨਾ ਦਾ ਸੁਝਾਅ ਦਿੱਤਾ, ਜਿਸ ਨਾਲ ਦੇਸ਼ ਭਰ ਦੇ ਲੋਕਾਂ ਨੂੰ ਸਰਦੀਆਂ ਦੌਰਾਨ ਉਤਰਾਖੰਡ ਆਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਖਾਸ ਤੌਰ ‘ਤੇ ਕਾਰਪੋਰੇਟ ਜਗਤ ਨੂੰ ਇਸ ਖੇਤਰ ਵਿੱਚ ਮੀਟਿੰਗਾਂ, ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਰਕੇ ਸਰਦੀਆਂ ਦੇ ਟੂਰਿਜ਼ਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ, ਜਿਸ ਵਿੱਚ ਦੇਵਭੂਮੀ ਉੱਤਰਾਖੰਡ ਵਿੱਚ ਐੱਮਆਈਸੀਈ ਖੇਤਰ ਦੀਆਂ ਵਿਸ਼ਾਲ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਵਿਜ਼ਿਟਰਾਂ ਨੂੰ ਯੋਗ ਅਤੇ ਆਯੁਰਵੇਦ ਰਾਹੀਂ ਰਿਚਾਰਜ ਅਤੇ ਊਰਜਾ ਨਾਲ ਭਰਨ ਦੇ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਯੂਨੀਵਰਸਿਟੀਆਂ, ਪ੍ਰਾਇਵੇਟ ਸਕੂਲਾਂ ਅਤੇ ਕਾਲਜਾਂ ਤੋਂ ਵਿਦਿਆਰਥੀਆਂ ਦੀ ਸ਼ੀਤਕਾਲੀਨ ਯਾਤਰਾਵਾਂ ਲਈ ਉੱਤਰਾਖੰਡ ‘ਤੇ ਵਿਚਾਰ ਕਰਨ ਦੀ ਵੀ ਅਪੀਲ ਕੀਤੀ। 

ਹਜ਼ਾਰਾਂ ਕਰੋੜ ਰੁਪਏ ਦੇ ਵਿਆਹ ਦੇ ਅਰਥਵਿਵਸਥਾ ਦੇ ਮਹੱਤਵਪੂਰਨ ਯੋਗਦਾਨ ਵੱਲ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ “ਭਾਰਤ ਵਿੱਚ ਵਿਆਹ” ਕਰਨ ਦੀ ਆਪਣੀ ਅਪੀਲ ਦੁਹਰਾਈ ਅਤੇ ਸਰਦੀਆਂ ਵਿੱਚ ਹੋਣ ਵਾਲੇ ਵਿਆਹਾਂ ਲਈ ਉੱਤਰਾਖੰਡ ਨੂੰ ਪ੍ਰਾਥਮਿਕਤਾ ਦੇਣ ਲਈ  ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਭਾਰਤੀ ਫਿਲਮ ਉਦਯੋਗ ਤੋਂ ਆਪਣੀਆਂ ਉਮੀਦਾਂ ਵੀ ਪ੍ਰਗਟ ਕੀਤੀਆਂ, ਇਹ ਦੇਖਦੇ ਹੋਏ ਕਿ ਉੱਤਰਾਖੰਡ ਨੂੰ “ਸਭ ਤੋਂ ਵੱਧ ਫਿਲਮ-ਅਨੁਕੂਲ ਰਾਜ” ਦਾ ਖਿਤਾਬ ਦਿੱਤਾ ਗਿਆ ਹੈ। ਉਨ੍ਹਾਂ ਨੇ ਖੇਤਰ ਵਿੱਚ ਆਧੁਨਿਕ ਸੁਵਿਧਾਵਾਂ ਦੇ ਤੇਜ਼ੀ ਨਾਲ ਵਿਕਾਸ ‘ਤੇ ਜ਼ੋਰ ਦਿੱਤਾ, ਜਿਸ ਨਾਲ ਉੱਤਰਾਖੰਡ ਸਰਦੀਆਂ ਦੌਰਾਨ ਫਿਲਮ ਸ਼ੂਟਿੰਗ ਲਈ ਇੱਕ ਆਦਰਸ਼ ਸਥਾਨ ਬਣ ਸਕੇ। 

ਸ਼੍ਰੀ ਮੋਦੀ ਨੇ ਕਈ ਦੇਸ਼ਾਂ ਵਿੱਚ ਸਰਦੀਆਂ ਦੇ ਟੂਰਿਜ਼ਮ ਦੀ ਲੋਕਪ੍ਰਿਅਤਾ ਦੀ ਉਦਾਹਰਣ ਦਿੱਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਤਰਾਖੰਡ ਆਪਣੇ ਸਰਦ ਰੁੱਤ ਦੇ ਟੁਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਅਨੁਭਵਾਂ ਤੋਂ ਸਿੱਖ ਸਕਦਾ ਹੈ। ਉਨ੍ਹਾਂ ਨੇ ਉੱਤਰਾਖੰਡ ਦੇ ਟੂਰਿਜ਼ਮ ਸੈਕਟਰ ਦੇ ਸਾਰੇ ਹਿਤਧਾਰਕਾਂ ਨੂੰ ਇਨ੍ਹਾਂ ਦੇਸ਼ਾਂ ਦੇ ਮਾਡਲਾਂ ਦਾ ਅਧਿਐਨ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਵਿੱਚ  ਰਿਸੋਰਟ ਅਤੇ ਹੋਟਲ ਸ਼ਾਮਲ ਹਨ। ਉਨ੍ਹਾਂ ਨੇ ਉੱਤਰਾਖੰਡ ਸਰਕਾਰ ਨੂੰ ਅਜਿਹੇ ਅਧਿਐਨਾਂ ਤੋਂ ਪ੍ਰਾਪਤ ਕਾਰਵਾਈ ਯੋਗ ਬਿੰਦੂਆਂ ਨੂੰ ਸਰਗਰਮੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਥਾਨਕ ਪਰੰਪਰਾਵਾਂ, ਸੰਗੀਤ, ਨਾਚ ਅਤੇ ਪਕਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਉਤਰਾਖੰਡ ਦੇ ਗਰਮ ਝਰਨਿਆਂ ਨੂੰ ਵੈਲਨੈੱਸ ਸਪਾ ਵਿੱਚ ਵਿਕਸਿਤ ਕੀਤਾ ਜਾ ਸਕਦਾ ਹੈ, ਅਤੇ ਸ਼ਾਂਤ, ਬਰਫ਼ ਨਾਲ ਢਕੇ ਖੇਤਰ ਵਿੱਚ ਸਰਦੀਆਂ ਦੇ ਯੋਗਾ ਰਿਟਰੀਟ ਦਾ ਆਯੋਜਨ ਕੀਤਾ ਜਾ ਸਕਦਾ ਹੈ, ਉਨ੍ਹਾਂ ਨੇ  ਯੋਗ ਗੁਰੂਆਂ ਨੂੰ ਉੱਤਰਾਖੰਡ ਵਿੱਚ ਸਲਾਨਾ ਇੱਕ ਯੋਗ ਕੈਂਪ ਦਾ ਆਯੋਜਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਉਤਰਾਖੰਡ ਲਈ ਇੱਕ ਵਿਲੱਖਣ ਪਛਾਣ ਸਥਾਪਿਤ ਕਰਨ ਲਈ ਸਰਦੀਆਂ ਦੇ ਮੌਸਮ ਦੌਰਾਨ ਵਿਸ਼ੇਸ਼ ਜੰਗਲੀ ਜੀਵ ਸਫਾਰੀ ਦਾ ਆਯੋਜਨ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ 360-ਡਿਗਰੀ ਪਹੁੰਚ ਅਪਣਾਉਣ ਅਤੇ ਹਰ ਪੱਧਰ ‘ਤੇ ਕੰਮ ਕਰਨ ‘ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੁਵਿਧਾਵਾਂ ਦੇ ਵਿਕਾਸ ਦੇ  ਨਾਲ-ਨਾਲ ਜਾਗਰੂਕਤਾ ਫੈਲਾਉਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੇ ਦੇਸ਼ ਦੇ ਯੁਵਾ ਕੰਟੈਂਟ ਕ੍ਰਿਏਟਰਸ ਨੂੰ ਉੱਤਰਾਖੰਡ ਦੀ ਸ਼ੀਤਕਾਲੀਨ ਟੂਰਿਜ਼ਮ ਪਹਿਲ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਟੂਰਿਜ਼ਮ ਸੈਕਟਰ ਨੂੰ ਹੁਲਾਰਾ ਦੇਣ ਵਿੱਚ ਕੰਟੈਂਟ ਕ੍ਰਿਏਟਰਸ ਦੇ ਮਹੱਤਵਪੂਰਨ ਯੋਗਦਾਨ ਬਾਰੇ ਦੱਸਦੇ ਹੋਏ, ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਉੱਤਰਾਖੰਡ ਵਿੱਚ ਨਵੇਂ ਸਥਾਨਾਂ ਦੀ ਖੋਜ ਕਰਨ ਅਤੇ ਆਪਣੇ ਅਨੁਭਵਾਂ ਨੂੰ ਜਨਤਾ ਨਾਲ ਸਾਂਝੇ ਕਰਨ ਦੀ ਅਪੀਲ ਕੀਤੀ।   ਉਨ੍ਹਾਂ ਨੇ ਰਾਜ ਸਰਕਾਰ ਨੂੰ ਉੱਤਰਾਖੰਡ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੰਟੈਂਟ ਕ੍ਰਿਏਟਰਸ ਦੁਆਰਾ ਲਘੂ ਫਿਲਮਾਂ ਬਣਾਉਣ ਦਾ ਇੱਕ ਮੁਕਾਬਲਾ ਆਯੋਜਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇਹ ਵਿਸ਼ਵਾਸ ਪ੍ਰਗਟ ਕਰਦੇ ਹੋਏ ਅੰਤ ਵਿੱਚ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਖੇਤਰ ਤੇਜ਼ੀ ਨਾਲ ਵਿਕਾਸ ਕਰੇਗਾ ਅਤੇ ਉੱਤਰਾਖੰਡ ਨੂੰ ਸਾਲ ਭਰ ਚਲਣ ਵਾਲੇ ਟੂਰਿਜ਼ਮ ਅਭਿਯਾਨ ਲਈ ਵਧਾਈ ਦਿੱਤੀ। 

ਇਸ ਸਮਾਗਮ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਰਾਜ ਮੰਤਰੀ, ਸ਼੍ਰੀ ਅਜੈ ਟਮਟਾ ਸਮੇਤ ਹੋਰ ਪਤਵੰਤੇ ਮੌਜੂਦ ਸਨ। 

 

ਪਿਛੋਕੜ

ਉੱਤਰਾਖੰਡ ਸਰਕਾਰ ਨੇ ਇਸ ਸਾਲ ਸਰਦ ਰੁੱਤ ਟੂਰਿਜ਼ਮ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹਜ਼ਾਰਾਂ ਸ਼ਰਧਾਲੂ ਪਹਿਲਾਂ ਹੀ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੇ ਸਰਦ ਰੁੱਤ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਧਾਰਮਿਕ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਅਤੇ ਸਥਾਨਕ ਅਰਥਵਿਵਸਥਾ, ਹੋਮਸਟੇਅ, ਟੂਰਿਜ਼ਮ ਕਾਰੋਬਾਰਾਂ, ਆਦਿ ਨੂੰ ਹੁਲਾਰਾ ਦੇਣਾ ਹੈ। 

  

************

ਐੱਮਜੇਪੀਐੱਸ/ਐੱਸਆਰ