ਪ੍ਰਧਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ 2.0 ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਸਮਿਟ 2025 ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪੂਰਬੀ ਭਾਰਤ ਅਤੇ ਉੱਤਰ-ਪੂਰਬ ਭਾਰਤ ਅੱਜ ਭਵਿੱਖ ਦੀ ਇੱਕ ਨਵੀਂ ਯਾਤਰਾ ‘ਤੇ ਨਿਕਲ ਰਹੇ ਹਨ ਅਤੇ ਐਡਵਾਂਟੇਜ ਅਸਾਮ, ਅਸਾਮ ਦੀ ਅਵਿਸ਼ਵਾਸਯੋਗ ਸਮਰੱਥਾ ਅਤੇ ਪ੍ਰਗਤੀ ਨੂੰ ਦੁਨੀਆ ਦੇ ਨਾਲ ਜੋੜਨ ਦੀ ਇੱਕ ਵੱਡੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਭਾਰਤ ਦੀ ਸਮ੍ਰਿੱਧੀ ਵਿੱਚ ਪੂਰਬੀ ਭਾਰਤ ਦੀ ਪ੍ਰਮੁੱਖ ਭੂਮਿਕਾ ਦਾ ਗਵਾਹ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੇ ਵੱਲ ਵਧ ਰਹੇ ਹਾਂ ਤਾਂ ਇਸ ਦਿਸ਼ਾ ਵਿੱਚ ਪੂਰਬੀ ਭਾਰਤ ਅਤੇ ਉੱਤਰ-ਪੂਰਬ ਆਪਣੀ ਵਾਸਤਵਿਕ ਸਮਰੱਥਾ ਪ੍ਰਦਰਸ਼ਿਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਐਡਵਾਂਟੇਜ ਅਸਾਮ ਉਸੇ ਭਾਵਨਾ ਦਾ ਪ੍ਰਤੀਨਿਧੀਤਵ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਪ੍ਰੋਗਰਾਮ ਦੇ ਆਯੋਜਨ ਦੇ ਲਈ ਅਸਾਮ ਸਰਕਾਰ ਅਤੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ 2013 ਦੇ ਆਪਣੇ ਸ਼ਬਦਾਂ ਨੂੰ ਵੀ ਯਾਦ ਕੀਤਾ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਮਾਂ ਦੂਰ ਨਹੀਂ ਜਦੋਂ ‘ਏ ਫੌਰ ਅਸਾਮ’ ਆਦਰਸ਼ ਬਣ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ, ਮਾਹਿਰ ਇੱਕ ਗੱਲ ‘ਤੇ ਇਕਮਤ ਹਨ: ਭਾਰਤ ਦਾ ਤੇਜ਼ ਵਿਕਾਸ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਭਾਰਤ ਇਸ ਸਦੀ ਦੇ ਅਗਲੇ 25 ਵਰ੍ਹਿਆਂ ਦੇ ਲਈ ਇੱਕ ਦੀਰਘਕਾਲੀ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੂੰ ਭਾਰਤ ਦੀ ਤੇਜ਼ੀ ਨਾਲ ਸਕਿੱਲਡ ਅਤੇ ਇਨੋਵੇਟਿਵ ਬਣਦੀ ਯੁਵਾ ਆਬਾਦੀ ‘ਤੇ ਬਹੁਤ ਭਰੋਸਾ ਹੈ। ਉਨ੍ਹਾਂ ਨੇ ਭਾਰਤ ਦੇ ਨਵ-ਮੱਧ ਵਰਗ ਵਿੱਚ ਵਧਦੇ ਆਤਮਵਿਸ਼ਵਾਸ ਦਾ ਵੀ ਜ਼ਿਕਰ ਕੀਤਾ, ਜੋ ਨਵੀਆਂ ਇੱਛਾਵਾਂ ਦੇ ਨਾਲ ਗਰੀਬੀ ਤੋਂ ਉੱਭਰ ਰਿਹਾ ਹੈ। ਰਾਜਨੀਤਿਕ ਸਥਿਰਤਾ ਅਤੇ ਨੀਤੀਗਤ ਨਿਰੰਤਰਤਾ ਦਾ ਸਮਰਥਨ ਕਰਨ ਵਾਲੇ ਭਾਰਤ ਦੇ 140 ਕਰੋੜ ਲੋਕਾਂ ‘ਤੇ ਦੁਨੀਆ ਦੇ ਭਰੋਸੇ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਦੇ ਸ਼ਾਸਨ ਦਾ ਜ਼ਿਕਰ ਕੀਤਾ, ਜਿਸ ਨੇ ਸੁਧਾਰਾਂ ਨੂੰ ਲਾਗੂ ਕਰਨਾ ਜਾਰੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀਆਂ ਸਥਾਨਕ ਸਪਲਾਈ ਚੇਨਾਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਵੱਖ-ਵੱਖ ਆਲਮੀ ਖੇਤਰਾਂ ਦੇ ਨਾਲ ਮੁਕਤ ਵਪਾਰ ਸਮਝੌਤੇ ਕਰ ਰਿਹਾ ਹੈ। ਉਨ੍ਹਾਂ ਨੇ ਪੂਰਬੀ ਏਸ਼ੀਆ ਨਾਲ ਮਜ਼ਬੂਤ ਸੰਪਰਕ ਅਤੇ ਨਵੇਂ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ ਦਾ ਵੀ ਜ਼ਿਕਰ ਕੀਤਾ, ਇਹ ਨਵੇਂ ਅਵਸਰਾਂ ਨੂੰ ਲੈ ਕੇ ਆ ਰਿਹਾ ਹੈ।
ਅਸਾਮ ਵਿੱਚ ਮੌਜੂਦ ਲੋਕਾਂ ਦੁਆਰਾ ਭਾਰਤ ਵਿੱਚ ਵਧ ਰਹੇ ਆਲਮੀ ਵਿਸ਼ਵਾਸ ਦੀ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਵਿੱਚ ਅਸਾਮ ਦਾ ਯੋਗਦਾਨ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਡਵਾਂਟੇਜ ਅਸਾਮ ਸਮਿਟ ਦਾ ਪਹਿਲਾ ਐਡੀਸ਼ਨ 2018 ਵਿੱਚ ਆਯੋਜਿਤ ਕੀਤਾ ਗਿਆ ਸੀ, ਉਸ ਸਮੇਂ ਅਸਾਮ ਦੀ ਆਰਥਿਕਤਾ ਦਾ ਮੁੱਲ 2.75 ਲੱਖ ਕਰੋੜ ਰੁਪਏ ਸੀ। ਅੱਜ, ਅਸਾਮ ਲਗਭਗ 6 ਲੱਖ ਕਰੋੜ ਰੁਪਏ ਦੀ ਅਰਥਵਿਵਸਥਾ ਵਾਲਾ ਰਾਜ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਅਗਵਾਈ ਵਿੱਚ ਅਸਾਮ ਦੀ ਅਰਥਵਿਵਸਥਾ ਸਿਰਫ਼ ਛੇ ਵਰ੍ਹਿਆਂ ਵਿੱਚ ਦੁੱਗਣੀ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਦਾ ਦੋਹਰਾ ਪ੍ਰਭਾਵ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਵਿੱਚ ਕਈ ਨਿਵੇਸ਼ਾਂ ਨੇ ਇਸ ਨੂੰ ਅਸੀਮਿਤ ਸੰਭਾਵਨਾਵਾਂ ਵਾਲੇ ਰਾਜ ਵਿੱਚ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਅਸਾਮ ਸਰਕਾਰ ਸਿੱਖਿਆ, ਹੁਨਰ ਵਿਕਾਸ ਅਤੇ ਬਿਹਤਰ ਨਿਵੇਸ਼ ਵਾਤਾਵਰਣ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਕਨੈਕਟੀਵਿਟੀ ਨਾਲ ਸਬੰਧਿਤ ਬੁਨਿਆਦੀ ਢਾਂਚੇ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਹੈ।
ਉਨ੍ਹਾਂ ਨੇ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ 2014 ਤੋਂ ਪਹਿਲਾਂ, ਬ੍ਰਹਮਪੁਤਰ ਨਦੀ ‘ਤੇ ਸਿਰਫ਼ ਤਿੰਨ ਪੁਲ ਸੀ, ਜਿਨ੍ਹਾਂ ਦਾ ਨਿਰਮਾਣ 70 ਵਰ੍ਹਿਆਂ ਵਿੱਚ ਕੀਤਾ ਗਿਆ ਸੀ। ਹਾਲਾਂਕਿ, ਪਿਛਲੇ 10 ਵਰ੍ਹਿਆਂ ਵਿੱਚ ਚਾਰ ਨਵੇਂ ਪੁਲਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਪੁਲ ਦਾ ਨਾਮ ਭਾਰਤ ਰਤਨ ਭੂਪੇਨ ਹਜ਼ਾਰਿਕਾ ਦੇ ਨਾਮ ‘ਤੇ ਰੱਖਿਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 2009 ਤੋਂ 2014 ਦਰਮਿਆਨ, ਅਸਾਮ ਨੂੰ ਔਸਤਨ 2,100 ਕਰੋੜ ਰੁਪਏ ਦਾ ਰੇਲ ਬਜਟ ਮਿਲਿਆ ਸੀ, ਲੇਕਿਨ ਉਨ੍ਹਾਂ ਦੀ ਸਰਕਾਰ ਨੇ ਅਸਾਮ ਦੇ ਰੇਲ ਬਜਟ ਨੂੰ ਚਾਰ ਗੁਣਾ ਤੋਂ ਅਧਿਕ ਵਧਾ ਕੇ 10,000 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸਾਮ ਵਿੱਚ 60 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਉੱਤਰ-ਪੂਰਬ ਵਿੱਚ ਪਹਿਲੀ ਸੈਮੀ ਹਾਈ-ਸਪੀਡ ਟ੍ਰੇਨ ਹੁਣ ਗੁਵਾਹਾਟੀ ਅਤੇ ਨਿਊ ਜਲਪਾਈਗੁੜੀ ਦਰਮਿਆਨ ਸ਼ੁਰੂ ਹੋ ਗਈ ਹੈ।
ਅਸਾਮ ਵਿੱਚ ਹਵਾਈ ਸੰਪਰਕ ਦੇ ਤੇਜ਼ੀ ਨਾਲ ਵਿਸਤਾਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੱਕ, ਸਿਰਫ਼ ਸੱਤ ਰੂਟਾਂ ‘ਤੇ ਉਡਾਣਾਂ ਸੰਚਾਲਿਤ ਹੁੰਦੀਆਂ ਸੀ, ਲੇਕਿਨ ਹੁਣ ਲਗਭਗ 30 ਰੂਟਾਂ ‘ਤੇ ਉਡਾਣਾਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿਸਤਾਰ ਨੇ ਸਥਾਨਕ ਅਰਥਵਿਵਸਥਾ ਨੂੰ ਮਹੱਤਵਪੂਰਨ ਹੁਲਾਰਾ ਦਿੱਤਾ ਹੈ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਬਦਲਾਅ ਸਿਰਫ਼ ਬੁਨਿਆਦੀ ਢਾਂਚੇ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਕਾਨੂੰਨ ਵਿਵਸਥਾ ਵਿੱਚ ਵੀ ਬੇਮਿਸਾਲ ਸੁਧਾਰ ਹੋਏ ਹਨ, ਪਿਛਲੇ ਦਹਾਕੇ ਵਿੱਚ ਕਈ ਸ਼ਾਂਤੀ ਸਮਝੌਤੇ ਹੋਏ ਹਨ ਅਤੇ ਕਈ ਲੰਬਿਤ ਸਰਹੱਦੀ ਮੁੱਦਿਆਂ ਦਾ ਸਮਾਧਾਨ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਅਸਾਮ ਦਾ ਹਰ ਖੇਤਰ, ਹਰ ਨਾਗਰਿਕ ਅਤੇ ਹਰ ਨੌਜਵਾਨ ਰਾਜ ਦੇ ਵਿਕਾਸ ਲਈ ਅਣਥੱਕ ਮਿਹਨਤ ਕਰ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਰਥਵਿਵਸਥਾ ਦੇ ਸਾਰੇ ਖੇਤਰਾਂ ਅਤੇ ਪੱਧਰਾਂ ਵਿੱਚ ਮਹੱਤਵਪੂਰਨ ਸੁਧਾਰਾਂ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਕਾਰੋਬਾਰ ਕਰਨ ਵਿੱਚ ਸੁਗਮਤਾ ਨੂੰ ਵਧਾਉਣ ਲਈ ਨਿਰੰਤਰ ਯਤਨਾਂ ਦੇ ਨਾਲ-ਨਾਲ ਉਦਯੋਗ ਅਤੇ ਇਨੋਵੇਸ਼ਨ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਲਈ ਇੱਕ ਵਿਆਪਕ ਈਕੋਸਿਸਟਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟਅੱਪਸ, ਪੀਐੱਲਆਈ ਸਕੀਮਾਂ ਰਾਹੀਂ ਨਿਰਮਾਣ ਅਤੇ ਨਵੀਆਂ ਨਿਰਮਾਣ ਕੰਪਨੀਆਂ ਅਤੇ ਐੱਮਐੱਸਐੱਮਈ ਦੇ ਟੈਕਸ ਛੂਟ ਲਈ ਸ਼ਾਨਦਾਰ ਨੀਤੀਆਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਨਿਵੇਸ਼ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਸੰਸਥਾਗਤ ਸੁਧਾਰ, ਉਦਯੋਗ, ਇਨਫ੍ਰਾਸਟ੍ਰਕਚਰ ਅਤੇ ਇਨੋਵੇਸ਼ਨ ਦਾ ਸੁਮੇਲ ਭਾਰਤ ਦੀ ਤਰੱਕੀ ਦਾ ਅਧਾਰ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਗਤੀ ਅਸਾਮ ਵਿੱਚ ਵੀ ਦੇਖੀ ਜਾ ਰਹੀ ਹੈ, ਜੋ ਕਿ ਡਬਲ ਇੰਜਣ ਦੀ ਗਤੀ ਨਾਲ ਅੱਗੇ ਵਧ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਨੇ 2030 ਤੱਕ 150 ਬਿਲੀਅਨ ਡਾਲਰ ਦੀ ਅਰਥਵਿਵਸਥਾ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਸਾਮ ਇਸ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ, ਇਸ ਦਾ ਕ੍ਰੈਡਿਟ ਅਸਾਮ ਦੇ ਸਮਰੱਥ ਅਤੇ ਪ੍ਰਤਿਭਾਸ਼ਾਲੀ ਲੋਕਾਂ ਅਤੇ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦਿੱਤਾ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸਾਮ ਦੱਖਣ ਪੂਰਬ ਏਸ਼ੀਆ ਅਤੇ ਭਾਰਤ ਦਰਮਿਆਨ ਇੱਕ ਪ੍ਰਵੇਸ਼ ਦੁਆਰ ਦੇ ਰੂਪ ਵਿੱਚ ਉੱਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮਰੱਥਾ ਨੂੰ ਹੋਰ ਵਧਾਉਣ ਲਈ ਸਰਕਾਰ ਨੇ ਉੱਤਰ-ਪੂਰਬ ਪਰਿਵਰਤਨਸ਼ੀਲ ਉਦਯੋਗੀਕਰਨ ਯੋਜਨਾ ‘ਉੱਨਤੀ’ (‘Unnati) ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਉੱਨਤੀ’ ਯੋਜਨਾ ਅਸਾਮ ਸਮੇਤ ਪੂਰੇ ਉੱਤਰ-ਪੂਰਬ ਖੇਤਰ ਵਿੱਚ ਉਦਯੋਗ, ਨਿਵੇਸ਼ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ। ਪ੍ਰਧਾਨ ਮੰਤਰੀ ਨੇ ਉਦਯੋਗ ਭਾਗੀਦਾਰਾਂ ਨੂੰ ਇਸ ਯੋਜਨਾ ਅਤੇ ਅਸਾਮ ਦੀ ਅਸੀਮਿਤ ਸਮਰੱਥਾ ਦਾ ਪੂਰਾ ਲਾਭ ਉਠਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੇ ਕੁਦਰਤੀ ਸਰੋਤ ਅਤੇ ਰਣਨੀਤਕ ਸਥਾਨ ਇਸ ਨੂੰ ਨਿਵੇਸ਼ ਲਈ ਇੱਕ ਪਸੰਦੀਦਾ ਡੈਸਟੀਨੇਸ਼ਨ ਬਣਾਉਂਦੇ ਹਨ। ਉਨ੍ਹਾਂ ਨੇ ਅਸਾਮ ਦੀ ਸਮਰੱਥਾ ਦੇ ਉਦਾਹਰਣ ਦੇ ਰੂਪ ਵਿੱਚ ਅਸਾਮ ਦੀ ਚਾਹ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਪਿਛਲੇ 200 ਵਰ੍ਹਿਆਂ ਵਿੱਚ ਇੱਕ ਗਲੋਬਲ ਬ੍ਰਾਂਡ ਬਣ ਗਈ ਹੈ, ਜਿਸ ਨਾਲ ਹੋਰ ਖੇਤਰਾਂ ਵਿੱਚ ਵੀ ਪ੍ਰਗਤੀ ਨੂੰ ਪ੍ਰੇਰਿਤ ਕੀਤਾ ਹੈ।
ਵਿਸ਼ਵ ਅਰਥਵਿਵਸਥਾ ਵਿੱਚ ਹੋ ਰਹੇ ਮਹੱਤਵਪੂਰਨ ਬਦਲਾਅ ਦਾ ਜ਼ਿਕਰ ਕਰਦੇ ਹੋਏ, ਦੁਨੀਆ ਭਰ ਵਿੱਚ ਉਦਾਰ ਸਪਲਾਈ ਚੇਨਾਂ ਦੀ ਵਧਦੀ ਮੰਗ ਦੇ ਨਾਲ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪਣੇ ਮੈਨੂਫੈਕਚਰਿੰਗ ਖੇਤਰ ਨੂੰ ਅੱਗੇ ਵਧਾਉਣ ਲਈ ਮਿਸ਼ਨ-ਮੋਡ ਯਤਨ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੇਕ ਇਨ ਇੰਡੀਆ ਪਹਿਲਕਦਮੀ ਦੇ ਤਹਿਤ, ਫਾਰਮਾਸਿਊਟੀਕਲ, ਇਲੈਕਟ੍ਰੌਨਿਕਸ ਅਤੇ ਆਟੋਮੋਬਾਈਲ ਜਿਹੇ ਖੇਤਰਾਂ ਵਿੱਚ ਘੱਟ ਲਾਗਤ ਵਾਲੇ ਨਿਰਮਾਣ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਉਦਯੋਗ ਨਾ ਸਿਰਫ਼ ਘਰੇਲੂ ਮੰਗਾਂ ਨੂੰ ਪੂਰਾ ਕਰ ਰਿਹਾ ਹੈ, ਸਗੋਂ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਨਿਰਮਾਣ ਉੱਤਮਤਾ ਲਈ ਨਵੇਂ ਮਾਪਦੰਡ ਵੀ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਇਸ ਨਿਰਮਾਣ ਕ੍ਰਾਂਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਆਲਮੀ ਵਪਾਰ ਵਿੱਚ ਹਮੇਸ਼ਾ ਤੋਂ ਅਸਾਮ ਦੀ ਹਿੱਸੇਦਾਰੀ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੇ ਸਮੁੰਦਰੀ ਕੰਢੇ ਕੁਦਰਤੀ ਗੈਸ ਉਤਪਾਦਨ ਦਾ 50 ਪ੍ਰਤੀਸ਼ਤ ਤੋਂ ਵੱਧ ਅਸਾਮ ਤੋਂ ਆਉਂਦਾ ਹੈ ਅਤੇ ਹਾਲ ਹੀ ਦੇ ਵਰ੍ਹਿਆਂ ਵਿੱਚ ਅਸਾਮ ਦੀਆਂ ਰਿਫਾਇਨਰੀਆਂ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਇਲੈਕਟ੍ਰੌਨਿਕਸ, ਸੈਮੀਕੰਡਕਟਰ ਅਤੇ ਹਰਿਤ ਊਰਜਾ ਜਿਹੇ ਖੇਤਰਾਂ ਵਿੱਚ ਤੇਜ਼ੀ ਨਾਲ ਉਭਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰੀ ਨੀਤੀਆਂ ਦੇ ਕਾਰਨ ਅਸਾਮ ਉੱਚ-ਤਕਨੀਕੀ ਉਦਯੋਗਾਂ ਦੇ ਨਾਲ-ਨਾਲ ਸਟਾਰਟਅੱਪਸ ਦਾ ਕੇਂਦਰ ਬਣ ਰਿਹਾ ਹੈ।
ਹਾਲ ਹੀ ਦੇ ਬਜਟ ਵਿੱਚ ਕੇਂਦਰ ਸਰਕਾਰ ਵੱਲੋਂ ਨਾਮਰੂਪ-4 ਪਲਾਂਟ (Namrup-4 plant) ਨੂੰ ਪ੍ਰਵਾਨਗੀ ਦੇਣ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੂਰੀਆ ਉਤਪਾਦਨ ਪਲਾਂਟ ਭਵਿੱਖ ਵਿੱਚ ਪੂਰੇ ਉੱਤਰ-ਪੂਰਬ ਅਤੇ ਦੇਸ਼ ਦੀ ਮੰਗ ਨੂੰ ਪੂਰਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਅਸਾਮ ਪੂਰਬੀ ਭਾਰਤ ਦਾ ਇੱਕ ਪ੍ਰਮੁੱਖ ਮੈਨੂਫੈਕਚਰਿੰਗ ਹੱਬ ਬਣ ਜਾਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਾਮ ਰਾਜ ਸਰਕਾਰ ਦਾ ਪੂਰਾ ਸਮਰਥਨ ਕਰ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀ ਦੁਨੀਆ ਦੀ ਤਰੱਕੀ ਡਿਜੀਟਲ ਕ੍ਰਾਂਤੀ, ਇਨੋਵੇਸ਼ਨ ਅਤੇ ਤਕਨੀਕੀ ਤਰੱਕੀ ‘ਤੇ ਨਿਰਭਰ ਕਰਦੀ ਹੈ। ਸ਼੍ਰੀ ਮੋਦੀ ਨੇ ਕਿਹਾ, ਅਸੀਂ ਜਿੰਨੇ ਬਿਹਤਰ ਢੰਗ ਨਾਲ ਤਿਆਰ ਹੋਵਾਂਗੇ, ਅਸੀਂ ਵਿਸ਼ਵ ਪੱਧਰ ‘ਤੇ ਓਨੇ ਹੀ ਮਜ਼ਬੂਤ ਹੋਵਾਂਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ 21ਵੀਂ ਸਦੀ ਦੀਆਂ ਨੀਤੀਆਂ ਅਤੇ ਰਣਨੀਤੀਆਂ ਦੇ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਇਲੈਕਟ੍ਰੌਨਿਕਸ ਅਤੇ ਮੋਬਾਈਲ ਨਿਰਮਾਣ ਵਿੱਚ ਭਾਰਤ ਦੀਆਂ ਮਹੱਤਵਪੂਰਨ ਉਪਲਬਧੀ ਦੀ ਜਾਣਕਾਰੀ ਦਿੰਦੇ ਹੋਏ ਸੈਮੀਕੰਡਕਟਰ ਉਤਪਾਦਨ ਵਿੱਚ ਇਸ ਸਫਲਤਾ ਦੀ ਕਹਾਣੀ ਨੂੰ ਦੁਹਰਾਉਣ ਦੀ ਇੱਛਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਮਾਣ ਨਾਲ ਕਿਹਾ ਕਿ ਅਸਾਮ ਭਾਰਤ ਵਿੱਚ ਸੈਮੀਕੰਡਕਟਰ ਨਿਰਮਾਣ ਲਈ ਇੱਕ ਮਹੱਤਵਪੂਰਨ ਹੱਬ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ ਅਤੇ ਹਾਲ ਹੀ ਵਿੱਚ ਅਸਾਮ ਦੇ ਜਗੀਰੋਡ ਵਿਖੇ ਟਾਟਾ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਦੇ ਉਦਘਾਟਨ ਦਾ ਜ਼ਿਕਰ ਕੀਤਾ, ਜੋ ਉੱਤਰ-ਪੂਰਬ ਵਿੱਚ ਤਕਨੀਕੀ ਵਿਕਾਸ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਸੈਮੀਕੰਡਕਟਰ ਖੇਤਰ ਵਿੱਚ ਇਨੋਵੇਸ਼ਨ ਦੇ ਲਈ ਆਈਆਈਟੀ ਦੇ ਨਾਲ ਸਹਿਯੋਗ ਅਤੇ ਦੇਸ਼ ਵਿੱਚ ਸੈਮੀਕੰਡਕਟਰ ਰਿਸਰਚ ਕੇਂਦਰਾਂ ‘ਤੇ ਚੱਲ ਰਹੇ ਕੰਮ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਅੰਦਾਜ਼ਾ ਲਗਾਇਆ ਕਿ ਇਸ ਦਹਾਕੇ ਦੇ ਅੰਤ ਤੱਕ ਇਲੈਕਟ੍ਰੌਨਿਕਸ ਸੈਕਟਰ ਦਾ ਮੁੱਲ 500 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਨਾਲ ਕਿਹਾ ਕਿ ਭਾਰਤ ਦੀ ਗਤੀ ਅਤੇ ਪੈਮਾਨੇ ਦੇ ਨਾਲ, ਦੇਸ਼ ਸੈਮੀਕੰਡਕਟਰ ਉਤਪਾਦਨ ਵਿੱਚ ਇੱਕ ਪ੍ਰਮੁੱਖ ਸ਼ਕਤੀ ਵਜੋਂ ਉਭਰੇਗਾ, ਜਿਸ ਨਾਲ ਲੱਖਾਂ ਲੋਕਾਂ ਲਈ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ ਅਤੇ ਅਸਾਮ ਦੀ ਅਰਥਵਿਵਸਥਾ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਇੱਕ ਦਹਾਕੇ ਵਿੱਚ ਆਪਣੀਆਂ ਵਾਤਾਵਰਣੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਨੀਤੀਗਤ ਫੈਸਲੇ ਲਏ ਹਨ ਅਤੇ ਦੁਨੀਆ ਭਾਰਤ ਦੇ ਨਵਿਆਉਣਯੋਗ ਊਰਜਾ ਮਿਸ਼ਨ ਨੂੰ ਇੱਕ ਮਾਡਲ ਅਭਿਆਸ ਦੇ ਰੂਪ ਵਿੱਚ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਸੋਲਰ, ਪਵਨ (ਵਿੰਡ) ਅਤੇ ਟਿਕਾਊ ਊਰਜਾ ਸਰੋਤਾਂ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਈਕੋਲੋਜੀਕਲ ਵਚਨਬੱਧਤਾਵਾਂ ਪੂਰੀਆਂ ਹੋਈਆਂ ਹਨ ਸਗੋਂ ਦੇਸ਼ ਦੀ ਨਵਿਆਉਣਯੋਗ ਊਰਜਾ ਉਤਪਾਦਨ ਸਮਰੱਥਾ ਵਿੱਚ ਵੀ ਕਈ ਗੁਣਾ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੇ 2030 ਤੱਕ 500 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਜੋੜਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ 2030 ਤੱਕ 5 ਮਿਲੀਅਨ ਮੀਟ੍ਰਿਕ ਟਨ ਸਲਾਨਾ ਹਰਿਤ ਹਾਈਡ੍ਰੋਜਨ ਉਤਪਾਦਨ ਨੂੰ ਹਾਸਲ ਕਰਨ ਦੇ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਦੇਸ਼ ਵਿੱਚ ਵਧ ਰਹੇ ਗੈਸ ਬੁਨਿਆਦੀ ਢਾਂਚੇ ਤੋਂ ਮੰਗ ਵਿੱਚ ਵਾਧਾ ਅਤੇ ਸੰਪੂਰਨ ਗੈਸ-ਅਧਾਰਿਤ ਅਰਥਵਿਵਸਥਾ ਖੇਤਰ ਦੇ ਤੇਜ਼ੀ ਨਾਲ ਵਿਸਤਾਰ ‘ਤੇ ਗੱਲ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਯਾਤਰਾ ਵਿੱਚ ਅਸਾਮ ਨੂੰ ਮਹੱਤਵਪੂਰਨ ਲਾਭ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਦਯੋਗਾਂ ਲਈ ਕਈ ਮਾਰਗ ਉਪਲਬਧ ਕਰਵਾਏ ਹਨ, ਜਿਨ੍ਹਾਂ ਵਿੱਚ ਪੀਐੱਲਆਈ ਯੋਜਨਾਵਾਂ ਅਤੇ ਹਰਿਤ ਪਹਿਲਕਦਮੀਆਂ ਲਈ ਨੀਤੀਆਂ ਸ਼ਾਮਲ ਹਨ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਅਸਾਮ ਨਵਿਆਉਣਯੋਗ ਊਰਜਾ ਖੇਤਰ ਵਿੱਚ ਇੱਕ ਮੋਹਰੀ ਰਾਜ ਵਜੋਂ ਉਭਰੇ ਅਤੇ ਉਦਯੋਗ ਦੇ ਆਗੂਆਂ ਨੂੰ ਅਸਾਮ ਦੀ ਸਮਰੱਥਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਤਾਕੀਦ ਕੀਤੀ।
ਪੂਰਬੀ ਭਾਰਤ ਦੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ, ਉੱਤਰ-ਪੂਰਬ ਅਤੇ ਪੂਰਬੀ ਭਾਰਤ ਬੁਨਿਆਦੀ ਢਾਂਚੇ, ਲੌਜਿਸਟਿਕਸ, ਖੇਤੀਬਾੜੀ, ਟੂਰਿਜ਼ਮ ਅਤੇ ਉਦਯੋਗ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਇਸ ਖੇਤਰ ਨੂੰ ਭਾਰਤ ਦੀ ਵਿਕਾਸ ਯਾਤਰਾ ਦੀ ਅਗਵਾਈ ਕਰਦਾ ਹੋਏ ਦੇਖੇਗੀ। ਉਨ੍ਹਾਂ ਨੇ ਸਾਰਿਆਂ ਨੂੰ ਅਸਾਮ ਦੇ ਨਾਲ ਇਸ ਯਾਤਰਾ ਵਿੱਚ ਭਾਗੀਦਾਰ ਅਤੇ ਸਹਿਯੋਗੀ ਬਣਨ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਅਸਾਮ ਨੂੰ ਇੱਕ ਅਜਿਹਾ ਰਾਜ ਬਣਾਉਣ ਲਈ ਸਮੂਹਿਕ ਯਤਨ ਕਰਨ ਦਾ ਸੱਦਾ ਦਿੱਤਾ ਜੋ ਗਲੋਬਲ ਸਾਉਥ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਅਤੇ ਉਦਯੋਗ ਦੇ ਮੋਹਰੀਆਂ ਦੇ ਵਿਸ਼ਵਾਸ ਨੂੰ ਵਧਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਯੋਗਦਾਨ ਦਾ ਪੂਰਾ ਸਮਰਥਨ ਕਰਕੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਇਸ ਪ੍ਰੋਗਰਾਮ ਵਿੱਚ ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰਿਆ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਡਾ. ਐੱਸ ਜੈਸ਼ੰਕਰ, ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ, ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਣਿਕ ਸਾਹਾ, ਕੇਂਦਰੀ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗੇਰਿਟਾ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਐਡਵਾਂਟੇਜ ਅਸਾਮ 2.0 ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਸਮਿਟ 2025, 25 ਤੋਂ 26 ਫਰਵਰੀ ਤੱਕ ਗੁਵਾਹਾਟੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਉਦਘਾਟਨੀ ਸੈਸ਼ਨ, ਸੱਤ ਮੰਤਰੀ ਪੱਧਰੀ ਸੈਸ਼ਨ ਅਤੇ 14 ਥੀਮੈਟਿਕ ਸੈਸ਼ਨ ਸ਼ਾਮਲ ਹਨ। ਸਮਿਟ ਵਿੱਚ ਰਾਜ ਦੇ ਆਰਥਿਕ ਦ੍ਰਿਸ਼ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਵਿਆਪਕ ਪ੍ਰਦਰਸ਼ਨੀ ਵੀ ਸ਼ਾਮਲ ਹੈ, ਜਿਸ ਵਿੱਚ ਇਸ ਦੇ ਉਦਯੋਗਿਕ ਵਿਕਾਸ, ਵਿਸ਼ਵ ਵਪਾਰ ਸਾਂਝੇਦਾਰੀ, ਤੇਜ਼ੀ ਨਾਲ ਵਧ ਰਹੇ ਉਦਯੋਗ ਅਤੇ ਜੀਵੰਤ ਐੱਮਐੱਸਐੱਮਈ ਖੇਤਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿਸ ਵਿੱਚ 240 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹਨ।
ਇਸ ਸਮਿਟ ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨ, ਗਲੋਬਲ ਲੀਡਰਸ ਅਤੇ ਨਿਵੇਸ਼ਕ, ਨੀਤੀ ਨਿਰਮਾਤਾ, ਉਦਯੋਗ ਮਾਹਿਰ, ਸਟਾਰਟਅੱਪ ਅਤੇ ਵਿਦਿਆਰਥੀ ਆਦਿ ਹਿੱਸਾ ਲੈਣਗੇ।
https://twitter.com/narendramodi/status/1894274983213633697
https://twitter.com/PMOIndia/status/1894277173059751996
https://twitter.com/PMOIndia/status/1894279394522534190
https://twitter.com/PMOIndia/status/1894279966617210993
https://twitter.com/PMOIndia/status/1894280311187652888
https://twitter.com/PMOIndia/status/1894280565253443993
https://twitter.com/PMOIndia/status/1894280945873654106
***
ਐੱਮਜੇਪੀਐੱਸ/ਐੱਸਆਰ
Speaking at the Advantage Assam Summit. The state's dynamic workforce and rapid growth are driving its transformation into a leading investment destination. https://t.co/RM23eXAvY4
— Narendra Modi (@narendramodi) February 25, 2025
Even in global uncertainty, one thing is certain - India's rapid growth. pic.twitter.com/pafoyECFUa
— PMO India (@PMOIndia) February 25, 2025
We have built a complete ecosystem to promote industry and an innovation-driven culture. pic.twitter.com/yV5yM2WpvK
— PMO India (@PMOIndia) February 25, 2025
India is driving its manufacturing sector in Mission Mode. pic.twitter.com/2e4X1ZRH3Z
— PMO India (@PMOIndia) February 25, 2025
The global progress depends on the digital revolution, innovation and tech-driven progress. pic.twitter.com/X2dnjZkSDs
— PMO India (@PMOIndia) February 25, 2025
Assam is becoming a crucial hub for semiconductor manufacturing in India. pic.twitter.com/5gkLE5ql1J
— PMO India (@PMOIndia) February 25, 2025
The world sees our Renewable Energy Mission as a model practice. pic.twitter.com/nV17gBJdHN
— PMO India (@PMOIndia) February 25, 2025