Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕੀਤੀ, ਬਿਹਾਰ ਦੇ ਭਾਗਲਪੁਰ ਤੋਂ ਵਿਕਾਸ ਪ੍ਰੋਜੈਕਟ ਲਾਂਚ ਕੀਤੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕੀਤੀ, ਬਿਹਾਰ ਦੇ ਭਾਗਲਪੁਰ ਤੋਂ ਵਿਕਾਸ ਪ੍ਰੋਜੈਕਟ ਲਾਂਚ ਕੀਤੇ


ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਭਾਗਲਪੁਰ ਤੋਂ ਪੀਐੱਮ ਕਿਸਾਨ ਦੀ 19ਵੀਂ ਕਿਸ਼ਤ ਜਾਰੀ ਕੀਤੀ। ਉਨ੍ਹਾਂ ਇਸ ਮੌਕੇ ‘ਤੇ ਕਈ ਵਿਕਾਸ ਪ੍ਰੋਜੈਕਟਸ ਵੀ ਲਾਂਚ ਕੀਤੇ। ਸ਼੍ਰੀ ਮੋਦੀ ਨੇ ਸਾਰੇ ਪਤਵੰਤਿਆਂ ਅਤੇ ਪ੍ਰੋਗਰਾਮ ਵਿੱਚ ਵਰਚੁਅਲ ਤੌਰ ‘ਤੇ ਸ਼ਾਮਲ ਲੋਕਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਮਹਾਕੁੰਭ ਦੇ ਪਵਿੱਤਰ ਕਾਲ ਵਿੱਚ ਮੰਦਰਾਚਲ ਦੀ ਧਰਤੀ ‘ਤੇ ਪੈਰ ਰੱਖਣਾ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਵਿੱਚ ਅਧਿਆਤਮਿਕਤਾ, ਵਿਰਾਸਤ ਦੇ ਨਾਲ-ਨਾਲ ਵਿਕਸਿਤ ਭਾਰਤ ਦੀ ਸਮਰੱਥਾ ਵੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸ਼ਹੀਦ ਤਿਲਕਾ ਮਾਂਝੀ ਦੀ ਭੂਮੀ ਹੋਣ ਦੇ ਨਾਲ-ਨਾਲ ਸਿਲਕ ਸਿਟੀ ਵਜੋਂ ਵੀ ਪ੍ਰਸਿੱਧ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਅਜਗੈਬੀਨਾਥ ਦੀ ਪਵਿੱਤਰ ਧਰਤੀ ‘ਤੇ ਆਗਾਮੀ ਮਹਾਸ਼ਿਵਰਾਤ੍ਰੀ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਮੌਕੇ ‘ਤੇ ਪੀਐੱਮ ਕਿਸਾਨ ਦੀ 19ਵੀਂ ਕਿਸ਼ਤ ਜਾਰੀ ਕਰਨਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ ਅਤੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਰਾਹੀਂ ਲਗਭਗ 22,000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੇ ਗਏ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲਗਭਗ 75 ਲੱਖ ਕਿਸਾਨ ਪਰਿਵਾਰ ਪੀਐੱਮ ਕਿਸਾਨ ਯੋਜਨਾ ਦੇ ਲਾਭਾਰਥੀ ਹਨ, ਜਿਨ੍ਹਾਂ ਦੀ 19ਵੀਂ ਕਿਸ਼ਤ ਅੱਜ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਬਿਹਾਰ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਰੀਬ 1,600 ਕਰੋੜ ਰੁਪਏ ਸਿੱਧੇ ਜਮ੍ਹਾਂ ਕੀਤੇ ਗਏ। ਉਨ੍ਹਾਂ ਨੇ ਬਿਹਾਰ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਸਾਰੇ ਕਿਸਾਨ ਪਰਿਵਾਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਲਾਲ ਕਿਲੇ ਤੋਂ ਆਪਣੇ ਭਾਸ਼ਣ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਵਿਕਸਿਤ ਭਾਰਤ ਦੇ ਚਾਰ ਮੁੱਖ ਥੰਮ੍ਹ ਹਨ: ਗਰੀਬ, ਕਿਸਾਨ, ਨੌਜਵਾਨ ਅਤੇ ਮਹਿਲਾਵਾਂ”। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਹ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ, ਕਿਸਾਨਾਂ ਦੀ ਭਲਾਈ ਇੱਕ ਤਰਜੀਹ ਬਣੀ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਪਿਛਲੇ ਇੱਕ ਦਹਾਕੇ ਵਿੱਚ ਕਿਸਾਨਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਆਪਣੀ ਪੂਰੀ ਤਾਕਤ ਨਾਲ ਕੰਮ ਕੀਤਾ”। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਚੰਗੇ ਬੀਜ, ਲੋੜੀਂਦੀ ਅਤੇ ਕਿਫਾਇਤੀ ਖਾਦਾਂ, ਸਿੰਚਾਈ ਸਹੂਲਤਾਂ, ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਆਫ਼ਤਾਂ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੀ ਜ਼ਰੂਰਤ ਹੈ। ਪਹਿਲਾਂ, ਕਿਸਾਨ ਇਨ੍ਹਾਂ ਮੁੱਦਿਆਂ ਨਾਲ ਜੂਝ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਸਥਿਤੀ ਨੂੰ ਬਦਲ ਦਿੱਤਾ ਹੈ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਕਿਸਾਨਾਂ ਨੂੰ ਸੈਂਕੜੇ ਆਧੁਨਿਕ ਬੀਜ ਕਿਸਮਾਂ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਯੂਰੀਆ ਲਈ ਸੰਘਰਸ਼ ਕਰਨਾ ਪੈਂਦਾ ਸੀ ਅਤੇ ਕਾਲਾਬਜ਼ਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਦਕਿ ਅੱਜ ਕਿਸਾਨਾਂ ਨੂੰ ਲੋੜੀਂਦੀ ਖਾਦ ਮਿਲ ਰਹੀ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਾਮਾਰੀ ਦੇ ਵੱਡੇ ਸੰਕਟ ਦੌਰਾਨ ਵੀ, ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਕਿਸਾਨਾਂ ਲਈ ਖਾਦਾਂ ਦੀ ਕੋਈ ਕਮੀ ਨਾ ਹੋਵੇ। 

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਨਾ ਚੁਣੀ ਗਈ ਹੁੰਦੀ, ਤਾਂ ਕਿਸਾਨ ਅਜੇ ਵੀ ਖਾਦਾਂ ਲਈ ਸੰਘਰਸ਼ ਕਰ ਰਹੇ ਹੁੰਦੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਰੌਨੀ ਖਾਦ ਪਲਾਂਟ ਅਜੇ ਵੀ ਬੰਦ ਹੁੰਦਾ ਅਤੇ ਭਾਰਤੀ ਕਿਸਾਨਾਂ ਨੂੰ 300 ਰੁਪਏ ਪ੍ਰਤੀ ਬੈਗ ਤੋਂ ਘੱਟ ਕੀਮਤ ‘ਤੇ ਮਿਲਣ ਵਾਲੀਆਂ ਖਾਦਾਂ ਕਈ ਦੇਸ਼ਾਂ ਵਿੱਚ 3,000 ਰੁਪਏ ਪ੍ਰਤੀ ਬੈਗ ‘ਤੇ ਵੇਚੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਯੂਰੀਆ ਦਾ ਇੱਕ ਥੈਲਾ, ਜਿਸ ਦੀ ਕੀਮਤ 3,000 ਰੁਪਏ ਹੁੰਦੀ, ਅੱਜ ਸਸਤੀ ਕੀਮਤ ‘ਤੇ ਉਪਲਬਧ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਹਿਤ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਅਤੇ ਡੀਏਪੀ ਦੀ ਲਾਗਤ, ਜੋ ਕਿ ਕਿਸਾਨਾਂ ਦੁਆਰਾ ਸਹਿਣ ਕੀਤੀ ਜਾਣੀ ਸੀ, ਕੇਂਦਰ ਸਰਕਾਰ ਦੁਆਰਾ ਖਰਚ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ, ਕੇਂਦਰ ਸਰਕਾਰ ਨੇ ਲਗਭਗ 12 ਲੱਖ ਕਰੋੜ ਰੁਪਏ ਪ੍ਰਦਾਨ ਕੀਤੇ ਹਨ, ਜੋ ਕਿ ਕਿਸਾਨਾਂ ਦੀਆਂ ਜੇਬਾਂ ਵਿੱਚੋਂ ਖਰਚ ਕਰਨੇ ਹੁੰਦੇ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਮਹੱਤਵਪੂਰਨ ਧਨਰਾਸ਼ੀ ਦੀ ਬੱਚਤ ਹੋਈ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਨਹੀਂ ਚੁਣੀ ਜਾਂਦੀ ਤਾਂ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਨਹੀਂ ਮਿਲਦਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਯੋਜਨਾ ਦੀ ਸ਼ੁਰੂਆਤ ਦੇ ਬਾਅਦ ਤੋਂ ਛੇ ਵਰ੍ਹਿਆਂ ਵਿੱਚ ਲਗਭਗ 3.7 ਲੱਖ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਛੋਟੇ ਕਿਸਾਨ, ਜਿਨ੍ਹਾਂ ਨੂੰ ਪਹਿਲਾਂ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਸੀ, ਹੁਣ ਉਹ ਆਪਣਾ ਹੱਕ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਚੌਲੇ ਛੋਟੇ ਕਿਸਾਨਾਂ ਦੇ ਹੱਕਾਂ ਦਾ ਸੋਸ਼ਣ ਕਰਦੇ ਸਨ, ਪਰ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਅਤੇ ਸ਼੍ਰੀ ਨਿਤਿਸ਼  ਕੁਮਾਰ ਦੀ ਅਗਵਾਈ ਵਿੱਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕੀਤੀ ਅਤੇ ਇਸ ਗੱਲ ਉੱਪਰ ਰੌਸ਼ਨੀ ਪਾਈ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਡਾਇਰੈਕਟ ਟ੍ਰਾਂਸਫਰ ਕੀਤੀ ਗਈ ਰਾਸ਼ੀ ਪਿਛਲੀਆਂ ਸਰਕਾਰਾਂ ਦੁਆਰਾ ਵੰਡੇ ਗਏ ਐਗਰੀਕਲਚਰਲ ਬਜਟ ਤੋਂ ਕਿਤੇ ਵੱਧ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਿਰਫ ਕਿਸਾਨਾਂ ਦੀ ਭਲਾਈ ਲਈ ਸਮਰਪਿਤ ਸਰਕਾਰ ਦੁਆਰਾ ਹੀ ਕੀਤੀਆਂ ਜਾ ਸਕਦੀਆਂ ਹਨ ਨਾ ਕਿ ਭ੍ਰਿਸ਼ਟ ਵਿਵਸਥਾਵਾਂ ਰਾਹੀਂ।

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਕੋਈ ਪਰਵਾਹ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਹੜ੍ਹ, ਸੋਕਾ ਜਾਂ ਗੜੇਮਾਰੀ ਹੁੰਦੀ ਸੀ, ਤਾਂ ਕਿਸਾਨਾਂ ਨੂੰ ਆਪਣੇ ਆਪ ਨੂੰ ਸੰਭਾਲਣ ਲਈ ਛੱਡ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ 2014 ਵਿੱਚ ਉਨ੍ਹਾਂ ਦੀ ਸਰਕਾਰ ਨੂੰ ਲੋਕਾਂ ਦਾ ਆਸ਼ੀਰਵਾਦ ਮਿਲਣ ਤੋਂ ਬਾਅਦ, ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਰਵੱਈਆ ਜਾਰੀ ਨਹੀਂ ਰਹੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ, ਜਿਸ ਦੇ ਤਹਿਤ ਕਿਸਾਨਾਂ ਨੂੰ ਆਫ਼ਤਾਂ ਦੌਰਾਨ ₹1.75 ਲੱਖ ਕਰੋੜ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੇਜ਼ਮੀਨੇ /ਭੂਮੀਹੀਣ ਅਤੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਸ਼ੂ ਪਾਲਣ ਪਿੰਡਾਂ ਵਿੱਚ “ਲਖਪਤੀ ਦੀਦੀ” ਬਣਾਉਣ ਵਿੱਚ ਮਦਦ ਕਰ ਰਿਹਾ ਹੈ ਅਤੇ ਹੁਣ ਤੱਕ, ਦੇਸ਼ ਭਰ ਵਿੱਚ ਲਗਭਗ 1.25 ਕਰੋੜ ਲਖਪਤੀ ਦੀਦੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਬਿਹਾਰ ਵਿੱਚ ਹਜ਼ਾਰਾਂ ਜੀਵਿਕਾ ਦੀਦੀਆਂ ਵੀ ਸ਼ਾਮਲ ਹਨ। ਸ਼੍ਰੀ ਮੋਦੀ ਨੇ ਇਸ ਉਪਲਬਧੀ ਵਿੱਚ ਬਿਹਾਰ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਪਿਛਲੇ ਦਹਾਕੇ ਵਿੱਚ ਭਾਰਤ ਦਾ ਦੁੱਧ ਉਤਪਾਦਨ 14 ਕਰੋੜ ਟਨ ਤੋਂ ਵਧ ਕੇ 24 ਕਰੋੜ ਟਨ ਹੋ ਗਿਆ ਹੈ, ਜਿਸ ਨਾਲ ਦੁਨੀਆ ਦੇ ਪਹਿਲੇ ਨੰਬਰ ਦੇ ਦੁੱਧ ਉਤਪਾਦਕ ਵਜੋਂ ਭਾਰਤ ਦੀ ਸਥਿਤੀ ਮਜ਼ਬੂਤ ​​ਹੋਈ ਹੈ।” ਉਨ੍ਹਾਂ ਇਸ ਗੱਲ ‘ਤੇ ਚਾਨਣਆ ਪਾਇਆ ਕਿ ਬਿਹਾਰ ਵਿੱਚ ਸਹਿਕਾਰੀ ਦੁੱਧ ਯੂਨੀਅਨਾਂ ਪ੍ਰਤੀ ਦਿਨ 30 ਲੱਖ ਲੀਟਰ ਦੁੱਧ ਖਰੀਦ ਦੀਆਂ ਹਨ, ਜਿਸ ਦੇ ਨਤੀਜੇ ਵਜੋਂ ਬਿਹਾਰ ਵਿੱਚ ਪਸ਼ੂ ਪਾਲਕਾਂ, ਮਾਵਾਂ ਅਤੇ ਭੈਣਾਂ ਦੇ ਖਾਤਿਆਂ ਵਿੱਚ ਸਲਾਨਾ ₹3,000 ਕਰੋੜ ਤੋਂ ਵੱਧ ਟ੍ਰਾਂਸਫਰ ਕੀਤੇ ਜਾਂਦੇ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼੍ਰੀ ਰਾਜੀਵ ਰੰਜਨ ਦੁਆਰਾ ਡੇਅਰੀ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਕੁਸ਼ਲਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਉਨ੍ਹਾਂ ਦੇ ਯਤਨਾਂ ਕਾਰਨ ਬਿਹਾਰ ਵਿੱਚ ਦੋ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮੋਤੀਹਾਰੀ ਵਿੱਚ ਸੈਂਟਰ ਆਫ਼ ਐਕਸੀਲੈਂਸ ਦੇਸੀ ਪਸ਼ੂਆਂ ਦੀਆਂ ਬਿਹਤਰ ਨਸਲਾਂ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਬਰੌਨੀ ਵਿੱਚ ਮਿਲਕ ਪਲਾਂਟ ਖੇਤਰ ਦੇ ਤਿੰਨ ਲੱਖ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਉਪਲਬਧ ਹੋਣਗੇ।

ਮਛੇਰਿਆਂ ਅਤੇ ਕਿਸ਼ਤੀਆਂ ਚਲਾਉਣ ਵਾਲਿਆਂ ਦੀ ਮਦਦ ਨਾ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ, ਪਹਿਲੀ ਵਾਰ, ਉਨ੍ਹਾਂ ਦੀ ਸਰਕਾਰ ਨੇ ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਯਤਨਾਂ ਦੇ ਕਾਰਨ, ਬਿਹਾਰ ਨੇ ਮੱਛੀ ਉਤਪਾਦਨ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ, ਬਿਹਾਰ ਦੇਸ਼ ਦੇ ਚੋਟੀ ਦੇ 10 ਮੱਛੀ ਉਤਪਾਦਕ ਰਾਜਾਂ ਵਿੱਚੋਂ ਇੱਕ ਸੀ, ਪਰ ਅੱਜ, ਬਿਹਾਰ ਭਾਰਤ ਦੇ ਚੋਟੀ ਦੇ ਪੰਜ ਮੱਛੀ ਉਤਪਾਦਕ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੱਛੀ ਪਾਲਣ ਖੇਤਰ ‘ਤੇ ਧਿਆਨ ਕੇਂਦਰਿਤ ਕਰਨ ਨਾਲ ਛੋਟੇ ਕਿਸਾਨਾਂ ਅਤੇ ਮਛੇਰਿਆਂ ਨੂੰ ਕਾਫ਼ੀ ਲਾਭ ਹੋਇਆ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਗਲਪੁਰ ਗੰਗਾ ਡੌਲਫਿਨ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਨਮਾਮਿ ਗੰਗੇ ਮੁਹਿੰਮ ਦੀ ਇੱਕ ਮਹੱਤਵਪੂਰਨ ਸਫਲਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਹਾਲ ਦੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਦੇ ਯਤਨਾਂ ਨਾਲ ਭਾਰਤ ਦੇ ਖੇਤੀਬਾੜੀ ਨਿਰਯਾਤ ਵਿੱਚ ਕਾਫ਼ੀ ਵਾਧਾ ਹੋਇਆ ਹੈ।” ਉਨ੍ਹਾਂ ਕਿਹਾ ਕਿ ਨਤੀਜੇ ਵਜੋਂ, ਕਿਸਾਨਾਂ ਨੂੰ ਹੁਣ ਉਨ੍ਹਾਂ ਦੀ ਫਸਲ ਲਈ ਬਿਹਤਰ ਕੀਮਤਾਂ ਮਿਲ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕਈ ਖੇਤੀਬਾੜੀ ਉਤਪਾਦ, ਜੋ ਪਹਿਲਾਂ ਕਦੇ ਨਿਰਯਾਤ ਨਹੀਂ ਕੀਤੇ ਜਾਂਦੇ ਸਨ, ਹੁਣ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਪਹੁੰਚ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਣ ਬਿਹਾਰ ਦੇ ਮਖਾਨੇ ਲਈ ਵਿਸ਼ਵ ਬਜ਼ਾਰ ਵਿੱਚ ਦਾਖਲ ਹੋਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਖਾਨਾ ਭਾਰਤੀ ਸ਼ਹਿਰਾਂ ਵਿੱਚ ਨਾਸ਼ਤੇ ਦਾ ਇੱਕ ਪ੍ਰਸਿੱਧ ਹਿੱਸਾ ਬਣ ਗਿਆ ਹੈ ਅਤੇ ਇਸ ਨੂੰ ਇੱਕ ਸੁਪਰਫੂਡ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਮਖਾਨਾ ਕਿਸਾਨਾਂ ਲਈ ਮਖਾਨਾ ਬੋਰਡ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਮਖਾਨਾ ਕਿਸਾਨਾਂ ਨੂੰ ਮਖਾਨਾ ਪ੍ਰੋਡਕਸ਼ਨ, ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਸਮੇਤ ਹਰ ਪਹਿਲੂ ਵਿੱਚ ਮਦਦ ਮਿਲੇਗੀ।

ਬਜਟ ਵਿੱਚ ਬਿਹਾਰ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਇੱਕ ਹੋਰ ਮਹੱਤਵਪੂਰਨ ਪਹਿਲਕਦਮੀ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਹਾਰ ਪੂਰਬੀ ਭਾਰਤ ਵਿੱਚ ਫੂਡ ਪ੍ਰੋਸੈੱਸਿੰਗ ਇੰਡਸਟਰੀ ਦਾ ਇੱਕ ਪ੍ਰਮੁੱਖ ਕੇਂਦਰ ਬਣਨ ਲਈ ਤਿਆਰ ਹੈ। ਉਨ੍ਹਾਂ ਨੇ ਬਿਹਾਰ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ ਐਂਡ ਐਂਟਰਪ੍ਰਨਿਓਰਸ਼ਿਪ ਦੀ ਸਥਾਪਨਾ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਰਾਜ ਵਿੱਚ ਖੇਤੀਬਾੜੀ ਵਿੱਚ ਤਿੰਨ ਨਵੇਂ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਸੈਂਟਰ ਭਾਗਲਪੁਰ ਵਿੱਚ ਸਥਾਪਿਤ ਕੀਤਾ ਜਾਵੇਗਾ, ਜੋ ਅੰਬਾਂ ਦੀ ਜਰਦਾਲੂ ਕਿਸਮ ‘ਤੇ ਕੇਂਦ੍ਰਿਤ ਹੋਵੇਗਾ, ਦੂਜੇ ਦੋ ਸੈਂਟਰ ਮੁੰਗੇਰ ਅਤੇ ਬਕਸਰ ਵਿੱਚ ਸਥਾਪਿਤ ਕੀਤੇ ਜਾਣਗੇ, ਜੋ ਟਮਾਟਰ, ਪਿਆਜ਼ ਅਤੇ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਲੇ ਫੈਸਲੇ ਲੈਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ “ਭਾਰਤ ਕੱਪੜਿਆਂ ਦਾ ਇੱਕ ਵੱਡਾ ਨਿਰਯਾਤਕ ਬਣ ਰਿਹਾ ਹੈ”, ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਕੱਪੜਾ ਉਦਯੋਗ ਨੂੰ ਮਜ਼ਬੂਤ ​​ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਗਲਪੁਰ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਰੁੱਖ ਵੀ ਸੋਨਾ ਪੈਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਗਲਪੁਰੀ ਰੇਸ਼ਮ ਅਤੇ ਟਸਰ ਰੇਸ਼ਮ ਪੂਰੇ ਭਾਰਤ ਵਿੱਚ ਮਸ਼ਹੂਰ ਹਨ, ਅਤੇ ਟਸਰ ਰੇਸ਼ਮ ਦੀ ਮੰਗ ਹੋਰਨਾਂ ਦੇਸ਼ਾਂ ਵਿੱਚ ਵੀ ਲਗਾਤਾਰ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਰੇਸ਼ਮ ਉਦਯੋਗ ਲਈ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਵਿੱਚ ਫੈਬਰਿਕ ਅਤੇ ਧਾਗੇ ਦੀ ਰੰਗਾਈ ਯੂਨਿਟਾਂ, ਫੈਬਰਿਕ ਪ੍ਰਿੰਟਿੰਗ ਯੂਨਿਟਾਂ ਅਤੇ ਫੈਬਰਿਕ ਪ੍ਰੋਸੈੱਸਿੰਗ ਯੂਨਿਟਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਭਾਗਲਪੁਰ ਦੇ ਬੁਣਕਰਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਗੀਆਂ, ਜਿਸ ਨਾਲ ਉਨ੍ਹਾਂ ਦੇ ਉਤਪਾਦ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕਣਗੇ।

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਸਰਕਾਰ ਟ੍ਰਾਂਸਪੋਰਟ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਨਦੀਆਂ ‘ਤੇ ਕਈ ਪੁਲ ਬਣਾ ਕੇ ਬਿਹਾਰ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਨਾਕਾਫ਼ੀ ਪੁਲਾਂ ਨੇ ਰਾਜ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੰਗਾ ਨਦੀ ‘ਤੇ ਚਾਰ-ਲੇਨ ਪੁਲ ਬਣਾਉਣ ਵਿੱਚ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ, ਇਸ ਪ੍ਰੋਜੈਕਟ ‘ਤੇ ₹1,100 ਕਰੋੜ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ।

ਹੜ੍ਹਾਂ ਕਾਰਨ ਬਿਹਾਰ ਵਿੱਚ ਕਾਫ਼ੀ ਨੁਕਸਾਨ ਹੋਣ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਸਾਲ ਦੇ ਬਜਟ ਵਿੱਚ ਪੱਛਮੀ ਕੋਸੀ ਨਹਿਰ ਈਆਰਐੱਮ ਪ੍ਰੋਜੈਕਟ ਲਈ ਸਮਰਥਨ ਦਿੱਤਾ ਗਿਆ ਹੈ, ਜਿਸ ਵਿੱਚ ਮਿਥਿਲਾਂਚਲ ਖੇਤਰ ਵਿੱਚ 50,000 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ, ਅਤੇ ਇਸ ਨਾਲ ਲੱਖਾਂ ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ।

 ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਪੱਧਰਾਂ ‘ਤੇ ਕੰਮ ਕਰ ਰਹੀ ਹੈ।” ਉਨ੍ਹਾਂ ਨੇ ਉਤਪਾਦਨ ਵਧਾਉਣ, ਦਾਲਾਂ ਅਤੇ ਤੇਲ ਬੀਜਾਂ ਵਿੱਚ ਆਤਮਨਿਰਭਰਤਾ ਹਾਸਲ ਕਰਨ, ਹੋਰ ਫੂਡ ਪ੍ਰੋਸੈੱਸਿੰਗ ਉਦਯੋਗ ਸਥਾਪਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਯਤਨਾਂ ਨੂੰ ਉਜਾਗਰ ਕੀਤਾ ਕਿ ਭਾਰਤੀ ਕਿਸਾਨਾਂ ਦੇ ਉਤਪਾਦ ਵਿਸ਼ਵ ਬਜ਼ਾਰਾਂ ਤੱਕ ਪਹੁੰਚੇ। ਉਨ੍ਹਾਂ ਨੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦੇ ਹੋਏ ਕਿਹਾ ਕਿ ਦੁਨੀਆ ਦੀ ਹਰ ਰਸੋਈ ਵਿੱਚ ਭਾਰਤੀ ਕਿਸਾਨਾਂ ਦੁਆਰਾ ਉਗਾਇਆ ਗਿਆ ਘੱਟੋ-ਘੱਟ ਇੱਕ ਉਤਪਾਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਾ ਬਜਟ ਪੀਐੱਮ ਧਨ ਧਾਨਯ ਯੋਜਨਾ ਦੇ ਐਲਾਨ ਰਾਹੀਂ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਤਹਿਤ, ਸਭ ਤੋਂ ਘੱਟ ਫਸਲ ਉਤਪਾਦਨ ਵਾਲੇ 100 ਜ਼ਿਲ੍ਹਿਆਂ ਦੀ ਪਛਾਣ ਕੀਤੀ ਜਾਵੇਗੀ, ਅਤੇ ਇਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਦਾਲਾਂ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਮਿਸ਼ਨ-ਮੋਡ ਕੰਮ ਕੀਤਾ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਵਧੇਰੇ ਦਾਲਾਂ ਉਗਾਉਣ ਲਈ ਪ੍ਰੋਤਸਾਹਨ ਦਿੱਤਾ ਜਾਵੇਗਾ ਅਤੇ MSP ਖਰੀਦ ਵਧਾਈ ਜਾਵੇਗੀ।

ਇਹ ਟਿੱਪਣੀ ਕਰਦੇ ਹੋਏ ਕਿ ਅੱਜ ਇੱਕ ਬਹੁਤ ਹੀ ਖਾਸ ਦਿਨ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿੱਚ 10,000 ਕਿਸਾਨ ਉਤਪਾਦਕ ਸੰਗਠਨ (FPOs) ਸਥਾਪਿਤ ਕਰਨ ਦਾ ਟੀਚਾ ਰੱਖਿਆ ਸੀ, ਅਤੇ ਹੁਣ ਇਹ ਟੀਚਾ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਕਿ ਬਿਹਾਰ ਵਿੱਚ 10,000ਵੇਂ FPO ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖਗੜੀਆ ਜ਼ਿਲ੍ਹੇ ਵਿੱਚ ਰਜਿਸਟਰਡ ਇਹ FPO ਮੱਕੀ, ਕੇਲਾ ਅਤੇ ਝੋਨੇ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ FPOs ਸਿਰਫ਼ ਸੰਗਠਨ ਨਹੀਂ ਹਨ ਸਗੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਬੇਮਿਸਾਲ ਸ਼ਕਤੀ ਹਨ। ਸ਼੍ਰੀ ਮੋਦੀ ਨੇ ਕਿਹਾ ਕਿ FPOs ਛੋਟੇ ਕਿਸਾਨਾਂ ਨੂੰ ਬਜ਼ਾਰ ਦੇ ਮਹੱਤਵਪੂਰਨ ਲਾਭਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਦੇ ਹਨ। ਜੋ ਮੌਕੇ ਜੋ ਪਹਿਲਾਂ ਉਪਲਬਧ ਨਹੀਂ ਸਨ, ਉਹ ਹੁਣ FPOs ਰਾਹੀਂ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਲਈ ਪਹੁੰਚਯੋਗ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਲਗਭਗ 30 ਲੱਖ ਕਿਸਾਨ FPOs ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ ਲਗਭਗ 40 ਪ੍ਰਤੀਸ਼ਤ ਮਹਿਲਾਵਾਂ ਹਨ। ਉਨ੍ਹਾਂ ਕਿਹਾ ਕਿ ਇਹ FPOs ਹੁਣ ਖੇਤੀਬਾੜੀ ਖੇਤਰ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ 10,000 FPOs ਦੇ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਬਿਹਾਰ ਦੇ ਉਦਯੋਗਿਕ ਵਿਕਾਸ ‘ਤੇ ਸਰਕਾਰ ਦੇ ਫੋਕਸ ਦਾ ਜ਼ਿਰ ਕਰਦੇ ਹੋਏ ਕਿਹਾ ਕਿ ਬਿਹਾਰ ਸਰਕਾਰ ਭਾਗਲਪੁਰ ਵਿੱਚ ਇੱਕ ਵੱਡਾ ਪਾਵਰ ਪਲਾਂਟ ਸਥਾਪਿਤ ਕਰ ਰਹੀ ਹੈ, ਜਿਸ ਨੂੰ ਲੋੜੀਂਦੀ ਮਾਤਰਾ ਵਿੱਚ ਕੋਲਾ ਮਿਲੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਉਦੇਸ਼ ਲਈ ਕੋਲਾ ਲਿੰਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇੱਥੇ ਉਤਪਾਦਿਤ ਬਿਜਲੀ ਬਿਹਾਰ ਦੇ ਵਿਕਾਸ ਨੂੰ ਨਵੀਂ ਊਰਜਾ ਪ੍ਰਦਾਨ ਕਰੇਗੀ ਅਤੇ ਬਿਹਾਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ।

ਬਿਹਾਰ ਨੂੰ ਪੂਰਬੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਥੰਮ੍ਹ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਵਿਕਸਿਤ ਭਾਰਤ ਦਾ ਉਦੈ ਪੂਰਵੋਦਯ ਨਾਲ ਸ਼ੁਰੂ ਹੋਵੇਗਾ।” ਉਨ੍ਹਾਂ ਨੇ ਪਿਛਲੀ ਸਰਕਾਰ ਦੇ ਲੰਬੇ ਕੁਸ਼ਾਸਨ ਦੀ ਅਲੋਚਨਾ ਕਰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਨੇ ਬਿਹਾਰ ਨੂੰ ਬਰਬਾਦ ਅਤੇ ਬਦਨਾਮ  ਕਰ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇੱਕ ਵਿਕਸਿਤ ਭਾਰਤ ਵਿੱਚ, ਬਿਹਾਰ ਪ੍ਰਾਚੀਨ ਸਮ੍ਰਿੱਧ ਪਾਟਲੀਪੁੱਤਰ ਵਰਗਾ ਆਪਣਾ ਸਥਾਨ ਮੁੜ ਤੋਂ ਪ੍ਰਾਪਤ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਟੀਚੇ ਵੱਲ ਕੀਤੇ ਜਾ ਰਹੇ ਨਿਰੰਤਰ ਯਤਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਹਾਰ ਵਿੱਚ ਆਧੁਨਿਕ ਕਨੈਕਟੀਵਿਟੀ, ਰੋਡ ਨੈੱਟਵਰਕ ਅਤੇ ਲੋਕ ਭਲਾਈ ਯੋਜਨਾਵਾਂ ਲਈ ਵਚਨਬੱਧ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਮੁੰਗੇਰ ਤੋਂ ਭਾਗਲਪੁਰ ਹੁੰਦੇ ਹੋਏ ਮਿਰਜ਼ਾ ਚੌਕੀ ਤੱਕ ਲਗਭਗ 5000 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਹਾਈਵੇਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਭਾਗਲਪੁਰ ਤੋਂ ਹੰਸਡੀਹਾ ਤੱਕ ਚਾਰ-ਲੇਨ ਦੀ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਨੇ ਵਿਕਰਮਸ਼ੀਲਾ ਤੋਂ ਕਟਾਰੀਆ ਤੱਕ ਇੱਕ ਨਵੀਂ ਰੇਲ ਲਾਈਨ ਅਤੇ ਰੇਲ ਪੁਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਗਲਪੁਰ ਸੱਭਿਆਚਾਰਕ ਅਤੇ ਇਤਿਹਾਸਕ ਤੌਰ ‘ਤੇ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਕਰਮਸ਼ਿਲਾ ਯੂਨੀਵਰਸਿਟੀ ਦੇ ਸਮੇਂ ਦੌਰਾਨ, ਇਹ ਗਿਆਨ ਦਾ ਇੱਕ ਵਿਸ਼ਵਵਿਆਪੀ ਕੇਂਦਰ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਾਲੰਦਾ ਯੂਨੀਵਰਸਿਟੀ ਦੀ ਪ੍ਰਾਚੀਨ ਗੌਰਵ ਨੂੰ ਆਧੁਨਿਕ ਭਾਰਤ ਨਾਲ ਜੋੜਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਨਾਲੰਦਾ ਤੋਂ ਬਾਅਦ, ਵਿਕਰਮਸ਼ਿਲਾ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਜਲਦੀ ਹੀ ਇਸ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰੇਗੀ। ਉਨ੍ਹਾਂ ਨੇ ਇਸ ਪ੍ਰੋਜੈਕਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤੇਜ਼ੀ ਨਾਲ ਕੋਸ਼ਿਸ਼ ਕਰਨ ਲਈ ਸ਼੍ਰੀ ਨਿਤੀਸ਼ ਕੁਮਾਰ ਅਤੇ ਬਿਹਾਰ ਸਰਕਾਰ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ ਕਿ “ਸਾਡੀ ਸਰਕਾਰ ਭਾਰਤ ਦੀ ਸ਼ਾਨਦਾਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇੱਕ ਖੁਸ਼ਹਾਲ ਭਵਿੱਖ ਦੇ ਨਿਰਮਾਣ ਲਈ ਮਿਲ ਕੇ ਕੰਮ ਕਰ ਰਹੀ ਹੈ।”  ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪ੍ਰਯਾਗਰਾਜ ਵਿੱਚ ਵਰਤਮਾਨ ਵਿੱਚ ਮਹਾਕੁੰਭ ਚਲ ਰਿਹਾ ਹੈ, ਜੋ ਕਿ ਭਾਰਤ ਦੀ ਆਸਥਾ, ਏਕਤਾ ਅਤੇ ਸਦਭਾਵਨਾ ਦਾ ਸਭ ਤੋਂ ਵੱਡਾ ਪਰਵ ਹੈ। ਉਨ੍ਹਾਂ ਨੇ ਕਿਹਾ ਕਿ ਏਕਤਾ ਦੇ ਮਹਾਕੁੰਭ ​​ਵਿੱਚ ਯੂਰੋਪ ਦੀ ਪੂਰੀ ਆਬਾਦੀ ਤੋਂ ਵੀ ਵੱਧ ਲੋਕਾਂ ਨੇ ਇਸ਼ਨਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਕੁੰਭ ​​ਵਿੱਚ ਬਿਹਾਰ ਦੇ ਪਿੰਡਾਂ ਤੋਂ ਸ਼ਰਧਾਲੂ ਆ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਪਾਰਟੀਆਂ ਦੀ ਆਲੋਚਨਾ ਕੀਤੀ ਜੋ ਮਹਾਕੁੰਭ ​​ਦਾ ਅਪਮਾਨ ਕਰ ਰਹੀਆਂ ਸਨ ਅਤੇ ਅਪਮਾਨਜਨਕ ਟਿੱਪਣੀਆਂ ਕਰ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਦਾ ਵਿਰੋਧ ਕਰਨ ਵਾਲੇ ਉਹ ਲੋਕ ਹੁਣ ਮਹਾਕੁੰਭ ​​ਦੀ ਆਲੋਚਨਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬਿਹਾਰ ਮਹਾਕੁੰਭ ​​ਦਾ ਅਪਮਾਨ ਕਰਨ ਵਾਲਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਹਾਰ ਨੂੰ ਖੁਸ਼ਹਾਲੀ ਦੇ ਇੱਕ ਨਵੇਂ ਰਸਤੇ ‘ਤੇ ਲੈ ਜਾਣ ਲਈ ਅਣਥੱਕ ਪ੍ਰਯਾਸ ਕਰਦੀ ਰਹੇਗੀ। ਉਨ੍ਹਾਂ ਨੇ ਦੇਸ਼ ਦੇ ਕਿਸਾਨਾਂ ਅਤੇ ਬਿਹਾਰ ਦੇ ਨਿਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।

ਇਸ ਪ੍ਰੋਗਰਾਮ ਵਿੱਚ ਬਿਹਾਰ ਦੇ ਰਾਜਪਾਲ ਸ਼੍ਰੀ ਅਰਿਫ ਮੋਹੰਮਦ ਖਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਸ਼੍ਰੀ ਜੀਤਨ ਰਾਮ ਮਾਂਝੀ, ਸ਼੍ਰੀ ਗਿਰੀਰਾਜ ਸਿੰਘ, ਸ਼੍ਰੀ ਲਲਨ ਸਿੰਘ, ਸ਼੍ਰੀ ਚਿਰਾਗ ਪਾਸਵਾਨ, ਕੇਂਦਰੀ ਰਾਜ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਸਮੇਤ ਹੋਰ ਪਤਵੰਤੇ ਮੌਜੂਦ ਸਨ। 

ਪਿਛੋਕੜ

ਪ੍ਰਧਾਨ ਮੰਤਰੀ ਕਿਸਾਨ ਭਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸੇ ਦੇ ਤਹਿਤ ਭਾਗਲਪੁਰ ਵਿੱਚ ਉਨ੍ਹਾਂ ਦੇ ਰਾਹੀਂ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਦੇਸ਼ ਭਰ ਦੇ 9.7 ਕਰੋੜ ਤੋਂ ਵੱਧ ਕਿਸਾਨਾਂ ਨੂੰ 21,500 ਕਰੋੜ ਰੁਪਏ ਤੋਂ ਵੱਧ ਦੀ ਪ੍ਰਤੱਖ ਵਿੱਤੀ ਸਹਾਇਤਾ ਮਿਲੇਗੀ।

ਪ੍ਰਧਾਨ ਮੰਤਰੀ ਦਾ ਮੁੱਖ ਧਿਆਨ ਇਹ ਯਕੀਨੀ ਬਣਾਉਣ ‘ਤੇ ਰਿਹਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਵਧੀਆ ਕੀਮਤ ਮਿਲ ਸਕੇ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ 29 ਫਰਵਰੀ, 2020 ਨੂੰ, ਉਨ੍ਹਾਂ ਨੇ 10,000 ਕਿਸਾਨ ਉਤਪਾਦਕ ਸੰਗਠਨਾਂ (FPOs) ਦੇ ਗਠਨ ਅਤੇ ਪ੍ਰਮੋਸ਼ਨ ਲਈ ਇੱਕ ਕੇਂਦਰੀ ਖੇਤਰ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਜੋ ਕਿਸਾਨਾਂ ਨੂੰ ਸਮੂਹਿਕ ਤੌਰ ‘ਤੇ ਆਪਣੇ ਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਅਤੇ ਉਤਪਾਦਨ ਕਰਨ ਵਿੱਚ ਮਦਦ ਕਰਦੀ ਹੈ। ਪੰਜ ਵਰ੍ਹਿਆਂ ਦੇ ਅੰਦਰ ਹੀ ਕਿਸਾਨਾਂ ਪ੍ਰਤੀ ਪ੍ਰਧਾਨ ਮੰਤਰੀ ਦੀ ਇਹ ਵਚਨਬੱਧਤਾ ਪੂਰੀ ਹੋ ਗਈ ਹੈ। ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਦੇਸ਼ ਵਿੱਚ 10,000ਵੇਂ ਐੱਫਪੀਓ ਦੇ ਨਿਰਮਾਣ ਦਾ ਮੀਲ ਪੱਥਰ ਸਥਾਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਮੋਤੀਹਾਰੀ ਵਿੱਚ ਰਾਸ਼ਟਰੀ ਗੋਕੁਲ ਮਿਸ਼ਨ ਦੇ ਤਹਿਤ ਤਿਆਰ ਸਵਦੇਸ਼ੀ ਨਸਲਾਂ ਲਈ ਸੈਂਟਰ ਆਫ ਐਕਸੀਲੈਂਸ  ਦਾ ਵੀ ਉਤਘਾਟਨ ਕੀਤਾ। ਇਸ ਦੇ ਪ੍ਰਮੁੱਖ ਉਦੇਸ਼ਾਂ ਵਿੱਚ ਅਤਿਆਧੁਨਿਕ ਆਈਵੀਐੱਫ ਟੈਕਨੋਲੋਜੀ ਦੀ ਸ਼ੁਰੂਆਤ, ਅੱਗੇ ਦੇ ਪ੍ਰਜਨਨ ਦੇ ਲਈ ਸਵਦੇਸ਼ੀ ਨਸਲਾਂ ਦੇ ਉਤਕ੍ਰਿਸ਼ਟ ਪਸ਼ੂਆਂ ਦਾ ਉਤਪਾਦਨ ਅਤੇ ਆਧੁਨਿਕ ਪ੍ਰਜਨਨ ਟੈਕਨੀਕ ਵਿੱਚ ਕਿਸਾਨਾਂ ਅਤੇ ਪੇਸ਼ੇਵਰਾਂ ਨੂੰ ਟ੍ਰੇਨਿੰਗ ਦੇਣਾ ਸ਼ਾਮਲ ਹੈ। ਉਹ ਬਰੌਨੀ ਵਿੱਚ ਮਿਲਕ ਪ੍ਰੋਡਕਸ਼ਨ ਪਲਾਂਟ ਦਾ ਵੀ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ 3 ਲੱਖ ਦੁੱਧ ਉਤਪਾਦਕਾਂ ਲਈ ਇੱਕ ਸੰਗਠਿਤ ਮਾਰਕਿਟ ਬਣਾਉਣਾ ਹੈ।

 ਕਨੈਕਟੀਵਿਟੀ ਅਤੇ ਇਨਫ੍ਰਾਸਟ੍ਰਕਚਰ ਨੂੰ ਪ੍ਰੋਤਸਾਹਨ ਦੇਣ ਦੀ ਆਪਣੀ ਵਚਨਬੱਧਤਾ ਅਨੁਸਾਰ, ਪ੍ਰਧਾਨ ਮੰਤਰੀ ਨੇ 526 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਵਾਰਿਸਲੀਗੰਜ-ਨਵਾਦਾ-ਤਿਲਾਇਆ ਰੇਲ ਸੈਕਸ਼ਨ ਦੇ ਡਬਲਿੰਗ ਅਤੇ ਇਸਮਾਇਲਪੁਰ-ਰਫੀਗੰਜ ਰੋਡ ਓਵਰ ਬ੍ਰਿਜ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ।

 

 

***************

ਐੱਮਜੇਪੀਐੱਸ/ਐੱਸਆਰ